Granth 05 Likhat 027: 17 Harh 2012 Bikarmi Har Bhagat Dwar Jethuwal

੧੭ ਹਾੜ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਦਇਆਵਾਨ ਦਇਆਧਾਰ, ਦਇਆਧਾਰ ਦਇਆ ਕਮਾਇੰਦਾ। ਪੂਰਨ ਜੋਤ ਹਰਿ ਭਗਵਾਨ, ਮਾਤ ਜਗਾਇੰਦਾ। ਇਕ ਝੁਲਾਏ ਧਰਮ ਨਿਸ਼ਾਨ, ਸਾਚੀ ਰੰਗਣ ਰੰਗ ਰੰਗਾਇੰਦਾ। ਸੱਤਾਂ ਦੀਪਾਂ ਏਕਾ ਆਣ, ਸਾਚੇ ਸੰਤ ਹਰਿ ਬਣਾਇੰਦਾ। ਗੁਰ ਸੰਗਤ ਮੰਗਣ ਆਇਆ ਦਾਨ, ਬਾਲ ਨਿਧਾਨੇ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਾਰਾਂ ਹਾੜੀ ਗੁਰ ਸੰਗਤ ਮਾਤ ਫੁਲ ਫੁਲਵਾੜੀ ਆਪਣੀ ਹੱਥੀਂ ਮਾਤ ਲਗਾਇੰਦਾ। ਗੁਰ ਸੰਗਤ ਫੁਲ ਫੁਲਵਾੜੀ, ਮਾਤ ਉਪਾਈਆ। ਸ਼ਬਦ ਕਰੇ ਵਾੜੀ, ਚਾਰੇ ਕੁੰਟਾਂ ਵਿਆਹਵਣ ਆਇਆ ਮੌਤ ਲਾੜੀ, ਗੁਰ ਸੰਗਤ ਲਾੜਾ ਇਕ ਰਖਾਈਆ। ਸ਼ਬਦ ਘੋੜੇ ਰਿਹਾ ਚਾੜ੍ਹੀ, ਡੋਰ ਆਪਣੇ ਹੱਥ ਰਿਹਾ ਉਠਾਈਆ। ਦਰਗਾਹ ਸਾਚੀ ਰਿਹਾ ਵਾੜੀ, ਲੱਖ ਚੁਰਾਸੀ ਫੰਦ ਕਟਾਈਆ। ਕਲਜੁਗ ਤੇਰੀ ਅੰਤਮ ਵਾਰੀ, ਦਰ ਦਰਵੇਸ਼ਾ ਹਰਿ ਰਘੁਰਾਈਆ। ਲੱਖ ਚੁਰਾਸੀ ਮਾਤ ਖੁਆਰੀ, ਪੁਰੀਆਂ ਲੋਆਂ ਖੇਲ ਰਚਾਈਆ। ਬ੍ਰਹਮਾ ਚਾਰੇ ਮੁਖ ਰਿਹਾ ਉਘਾੜੀ, ਵੇਖ ਵਖਾਣੇ ਜੰਗਲ ਜੂਹ ਪਹਾੜੀ, ਲੋਕਮਾਤ ਕਿਹੜੀ ਕੂਟ ਹੋਏ ਰੁਸ਼ਨਾਈਆ। ਸਿੰਘ ਪਾਲ ਪਕੜ ਉਠਾਏ ਫੜ ਕੇ ਦਾਹੜੀ, ਨਿਹਕਲੰਕ ਕਲ ਜੋਤ ਜਗਾਈਆ। ਗੁਰ ਸੰਗਤ ਦੇਣ ਆਇਆ ਵਰ, ਸਾਚੀ ਬਣਤ ਆਪ ਬਣਾਈਆ। ਧਰਮ ਰਾਏ ਤੇਰਾ ਚੁੱਕੇ ਡਰ, ਪ੍ਰਭ ਆਪਣੇ ਲੜ ਬੰਧਾਈਆ। ਸ਼ਬਦ ਸਿੰਘਾਸਣ ਊਪਰ ਖੜ, ਸਚਖੰਡ ਦਰਵਾਜਾ ਰਿਹਾ ਖੁਲ੍ਹਾਈਆ। ਨੌਂ ਦਵਾਰੇ ਕਰੇ ਬੰਦ, ਗੁਰਮੁਖਾਂ ਦਸਵੇਂ ਬੂਝ ਬੁਝਾਈਆ। ਇਕ ਨੁਹਾਉਣਾ ਪ੍ਰਭ ਆਤਮ ਸਾਚੇ ਸਰ, ਅੰਦਰ ਮੰਦਰ ਮੈਲ ਗਵਾਈਆ। ਸਿੰਘ ਮਨਜੀਤਾ ਗਿਆ ਤਰ, ਸਾਚਾ ਦਰ ਆਪ ਸੁਹਾਈਆ। ਜਗਤ ਜਗਦੀਸੇ ਮਿਲੇ ਵਰ, ਸ਼ਬਦ ਨਿਸ਼ਾਨਾ ਰਿਹਾ ਝੁਲਾਈਆ। ਗੁਰ ਸੰਗਤ ਨਾ ਜਨਮੇ ਨਾ ਜਾਏ ਮਰ, ਸਤਾਰਾਂ ਹਾੜੀ ਮਿਲੀ ਵਡਿਆਈਆ। ਆਤਮ ਝੋਲੀ ਸਭ ਦੀ ਰਿਹਾ ਭਰ, ਆਤਮ ਜੋਤ ਇਕ ਜਗਾਈਆ। ਸਾਚੀ ਕਰਨੀ ਰਿਹਾ ਕਰ, ਦੂਸਰ ਬਣੇ ਨਾ ਕੋਈ ਸਹਾਈਆ। ਸਾਧ ਸੰਗਤ ਜਾਏ ਤਰ, ਜੋ ਸਰਨੀ ਆਏ ਸੀਸ ਝੁਕਾਈਆ। ਜਗਤ ਵਿਕਾਰੀ ਸ਼ਬਦ ਡੰਡਾ ਰਿਹਾ ਛੜ, ਪੁਰਖ ਅਬਿਨਾਸ਼ੀ ਆਪਣੇ ਹੱਥ ਉਠਾਈਆ। ਅੰਦਰੇ ਅੰਦਰ ਪੰਜਾਂ ਤੱਤਾਂ ਨਾਲ ਰਿਹਾ ਲੜ, ਆਪੇ ਬੂਝ ਬੁਝਾਈਆ। ਤੋੜਨ ਆਇਆ ਕਿਲ੍ਹਾ ਹੰਕਾਰੀ ਗੜ੍ਹ, ਸਚ ਮਹੱਲ ਉਪਰ ਚੜ੍ਹ, ਆਪੇ ਕੁੰਡਾ ਲਾਹੀਆ। ਦਰ ਦਰਵੇਸ਼ ਅੱਗੇ ਖੜ, ਨਰ ਨਰੇਸ਼ਾ ਬਾਂਹੋਂ ਫੜ, ਬ੍ਰਹਮਾ ਵਿਸ਼ਨ ਮਹੇਸ਼ਾ ਰਹੇ ਸੀਸ ਝੁਕਾਈਆ। ਸੋਹੰ ਅੱਖਰ ਜਾਣਾ ਪੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਦਸਮ ਦਵਾਰੀ ਬਾਹਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤਨ ਚਾੜ੍ਹੇ ਰੰਗਤ, ਹਰਿ ਬਨਵਾਰੀ ਵਣਜ ਵਪਾਰੀ ਭੇਖ ਭਿਖਾਰੀ ਭੇਖ ਵਟਾਈਆ। ਕਾਇਆ ਚੋਲੀ ਰੰਗ ਚਲੂਲ ਹਰਿ ਚੜ੍ਹਾਇਆ। ਲੇਖਾ ਚੁਕਾਏ ਅਗਲਾ ਪਿਛਲਾ ਮੂਲ, ਸਾਚਾ ਸੰਗ ਆਪ ਨਿਭਾਇੰਦਾ। ਆਪੇ ਕੰਤ ਹਰਿ ਕੰਤੂਹਲ, ਸੋਹੰ ਫੁਲ ਭੇਟ ਚੜ੍ਹਾਇੰਦਾ। ਸ਼ਬਦ ਪੰਘੂੜਾ ਲੈਣਾ ਝੂਲ, ਹਰਿ ਸਾਚਾ ਆਪ ਝੁਲਾਇੰਦਾ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨਿਸ਼ਾਨਾ ਧੁਰ ਦਰਗਾਹੀ ਇਕ ਬਿਬਾਣਾ ਲੋਕਮਾਤ ਆਪ ਚੜ੍ਹਾਇੰਦਾ। ਸ਼ਬਦ ਬਿਬਾਣਾ ਕਰ ਤਿਆਰ। ਪੁਰਖ ਅਬਿਨਾਸ਼ੀ ਬੰਨ੍ਹੇ ਧਾਰ। ਕਲਜੁਗ ਤੇਰੀ ਅੰਤਮ ਵਾਰ। ਸਤਿਜੁਗ ਸਾਚਾ ਖ਼ਬਰਦਾਰ। ਦਰ ਦਵਾਰੇ ਆਏ ਸਾਚੇ, ਜੋਤ ਸਰੂਪੀ ਜਾਮਾ ਧਾਰ। ਵੇਖ ਵਖਾਣੇ ਭਾਂਡਾ ਕਾਚਾ, ਲੱਖ ਚੁਰਾਸੀ ਹਰਿ ਠਠਿਆਰ। ਹਰਿਜਨ ਸਾਚਾ ਸਾਜਣ ਸਾਜਾ, ਮੰਗਣ ਆਇਆ ਦਰ ਭਿਖਾਰ। ਏਕਾ ਅੱਖਰ ਹਿਰਦੇ ਵਾਚਾ, ਮਿਲਿਆ ਮੇਲ ਹਰਿ ਨਿਰੰਕਾਰ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਚੁਕਾਏ ਬੈਠ ਸਚ ਸੱਚੇ ਦਰਬਾਰ।

Leave a Reply

This site uses Akismet to reduce spam. Learn how your comment data is processed.