Granth 05 Likhat 107: 11 Harh 2013 Bikarmi Har Bhagat Dwar Jethuwal Jila Amritsar

੧੧ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਨਾ ਦੀਸੇ ਤਾਜ ਜਗਤ ਸੀਸ ਸ਼ਾਹੀਆ। ਪ੍ਰਭ ਰਚਿਆ ਸਾਚਾ ਕਾਜ, ਬੇਪਰਵਾਹੀਆ। ਸੁਣਾਏ ਸ਼ਬਦ ਇਕ ਆਵਾਜ਼, ਧੁਰ ਦਰਗਾਹੀਆ। ਨਾ ਕੋਈ ਦੀਸੇ ਗਾਜ਼ੀ ਨਾਜ, ਕਲਜੁਗ ਅੰਤਮ ਵੇਖ ਵਖਾਈਆ। ਜਨ ਭਗਤਾਂ ਰੱਖੇ ਲਾਜ, ਆਪਣੀ ਬਣਤ ਬਣਾਈਆ। ਨਾਮ ਚੜ੍ਹਾਏ ਸ਼ਬਦ ਜ਼ਹਾਜ, ਸਤਾਰਾਂ ਹਾੜੀ ਭੇਵ ਖੁਲ੍ਹਾਈਆ। ਲੇਖਾ ਚੁੱਕੇ ਕਲ ਕਿ ਆਜ, ਅਜਮਤੋ ਕਸਮਤੋ ਅਜ਼ਿਬਵਹਾ ਅਤਿਲਹੇ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਗੁਰ ਗੋਬਿੰਦ ਲਗਾਈਆ। ਗੁਰ ਗੋਬਿੰਦ ਸੇਵ ਕਮਾਉਣੀ, ਸ਼ਬਦ ਧੁਰ ਫ਼ਰਮਾਣਾ। ਸਵਾ ਪਹਿਰ ਆਤਮ ਜੋਤ ਜਗਾਉਣੀ, ਚਰਨ ਧਿਆਨ ਰਖਾਣਾ। ਗੁਰ ਸੰਗਤ ਦੁਰਮਤ ਮੈਲ ਧੋ ਧੋ ਵਖਾਉਣੀ, ਪੂਤ ਸਪੂਤਾ ਕਰ ਕੁਰਬਾਣਾ। ਚਾਰੇ ਕੁੰਟਾਂ ਦਹਿ ਦਿਸ਼ਾ ਖੇਲ ਰਚਾਉਣੀ, ਫੜ ਫੜ ਤੀਰ ਕਮਾਨਾ। ਪੰਜ ਦਿਵਸ ਪ੍ਰਭ ਆਣ ਰਖਾਉਣੀ, ਏਕਾ ਰੰਗ ਸਮਾਨਾ। ਸ੍ਰਿਸ਼ਟੀ ਸੋਏ ਆਲਸ ਨਿੰਦਰਾ ਮਗਰੋਂ ਲਾਹੁਣੀ, ਬਾਰਾਂ ਬਾਰਾਂ ਇਕ ਗਿਆਨਾ। ਦਿਵਸ ਰੈਣ ਨਾ ਕੋਇ ਵਖਾਉਣੀ, ਅਧ ਮਧ ਪਰਮਪਦ ਏਕਾ ਏਕ ਬਿਬਾਣਾ। ਲੱਗੇ ਭਾਗ ਬਹਾਦਰ ਤੇਗ ਤੇਰੀ ਯੱਦ, ਹਰਿ ਏਕਾ ਰੰਗ ਚੜ੍ਹਾਨਾ। ਅੱਧੀ ਰਾਤਰ ਪੁਰਖ ਅਬਿਨਾਸ਼ੀ ਦਸਮ ਦਵਾਰੀ ਘਰ ਸਾਚੇ ਸਦ, ਦਰਸ ਦਿਖਾਏ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨੀ ਏਕਾ ਵਰ ਦੇਵੇ ਹਰਿ ਮਿਹਰਵਾਨਾ। ਮਿਹਰਵਾਨ ਰੰਗ ਸਾਚਾ ਲਾਏ, ਹੋਏ ਆਪ ਕਿਰਪਾਲ। ਅੰਮ੍ਰਿਤ ਆਤਮ ਗੰਗ ਵਹਾਏ, ਇਕ ਸੁਹਾਏ ਸਾਚਾ ਤਾਲ। ਦੋ ਜਹਾਨ ਪਤੰਗ ਉਡਾਏ, ਸਿੰਘ ਪਾਲ ਤੇਰਾ ਸਾਚਾ ਲਾਲ। ਗੁਰ ਗੋਬਿੰਦ ਮਰਦੰਗ ਵਜਾਏ, ਤੇਗ ਬਹਾਦਰ ਕਰ ਪ੍ਰਿਤਪਾਲ। ਚਿੱਟੀ ਚਾਦਰ ਅੰਗ ਲਗਾਏ, ਕਲਜੁਗ ਕਾਇਆ ਬਸਤਰ ਲਾਹੇ ਜਾਲ। ਗਊ ਗਰੀਬ ਨਿਮਾਣਿਆ ਭੁੱਖ ਨੰਗ ਕਟਾਏ, ਸ਼ਬਦ ਧਰ ਸਿਰ ਸਚ ਦੁਸ਼ਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਬਣਾਏ ਸਾਚਾ ਲਾਲ। ਗੁਰ ਗੋਬਿੰਦ ਲਾਲ ਉਪੰਨਾ, ਭੇਦੀ ਭੇਵ ਨਾ ਰਾਇਆ। ਸ਼ਬਦ ਸੁਤ ਪ੍ਰਭ ਏਕਾ ਜੰਮਾ, ਦਾਈ ਦਾਇਆ ਕੋਈ ਦਿਸ ਨਾ ਆਇਆ। ਆਪ ਜਾਣੇ ਆਪਣਾ ਕੰਮਾ, ਗਿਆਰਾਂ ਹਾੜੀ ਹੁਕਮ ਸੁਣਾਇਆ। ਲੇਖੇ ਲੱਗਾ ਕਾਇਆ ਚੰਮਾ, ਪੂਰਨ ਨਾਤਾ ਜਗਤ ਤੁੜਾਇਆ। ਅੱਠੇ ਪਹਿਰ ਵਸੇ ਪ੍ਰਭ ਦਮ ਦਮਾ, ਬਾਹਰ ਰਹੇ ਨਾ ਰਾਇਆ। ਅੰਮ੍ਰਿਤ ਆਤਮ ਦੇਵੇ ਸਾਚਾ ਮੰਮਾ, ਸਤਿ ਸੰਤੋਖੀ ਸੀਰ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਪਿਛਲਾ ਮੂਲ ਰਿਹਾ ਚੁਕਾਇਆ। ਪੂਰਨ ਦੇਹ ਗੋਬਿੰਦ ਗੁਰ, ਮੇਲਾ ਦੀਨ ਦਿਆਲਾ। ਮੇਲਾ ਮਿਲਿਆ ਲਿਖਿਆ ਧੁਰ, ਘਰ ਦਸਵੇਂ ਖੇਲ ਨਿਰਾਲਾ। ਜੋਤੀ ਸ਼ਬਦੀ ਏਕਾ ਸੁਰ, ਸੁਰਤ ਛੱਡੇ ਲੋਕ ਕਾਲਾ। ਨਾ ਕੋਈ ਦੀਸੇ ਰੈਣ ਅੰਧੇਰੀ ਘੋਰ, ਅੱਠੇ ਪਹਿਰ ਰਹੇ ਉਜਾਲਾ। ਹੱਥ ਫੜੇ ਪ੍ਰਭ ਸਾਚੀ ਡੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਲੇ ਅਵੱਲੜੀ ਚਾਲਾ। ਗੁਰ ਗੋਬਿੰਦ ਗੋਬਿੰਦ ਗੁਰ ਪਾਇਆ, ਭੇਦੀ ਭੇਦ ਅਵੱਲਾ। ਜਗਤ ਪੜਦਾ ਪ੍ਰਭ ਦਏ ਖੁਲ੍ਹਾਇਆ, ਫੜੇ ਸ਼ਬਦ ਹੱਥ ਭੱਲਾ। ਨਿਰਮਲ ਜੋਤੀ ਦਏ ਜਗਾਇਆ, ਨੂਰੀ ਨੂਰ ਕਰਾਏ ਇਕ ਮਹੱਲਾ। ਅਕਾਲ ਤਖ਼ਤ ਤਖ਼ਤ ਅਕਾਲ ਪ੍ਰਭ ਦਏ ਹਿਲਾਇਆ, ਸ਼ਬਦ ਪਾਇਆ ਤਰਥਲਾ। ਗੋਬਿੰਦ ਗੁਰ ਗੁਰ ਗੋਬਿੰਦ ਕਲ ਬੈਠ ਸਜਾਇਆ, ਮਾਇਆ ਮਮਤਾ ਹੋਏ ਛਲਾ। ਸਤਾਰਾਂ ਹਾੜੀ ਲੇਖਾ ਦਏ ਲਿਖਾਇਆ, ਸਰ ਅੰਮ੍ਰਿਤ ਨੀਰ ਚਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੰਦੇਸ਼ਾ ਦੇਵੇ ਵਰ, ਗੁਰ ਗੋਬਿੰਦਾ ਨਾਲ ਰਲਾਏ ਡੱਲਾ। ਪੰਚਮ ਦਿਵਸ ਜਾਗੇ ਮਿਤਿਆ। ਸਵਾ ਪਹਿਰ ਸਰਨਾਈ, ਅੱਠੇ ਪਹਿਰ ਨਿੱਤ ਨਵਿਤਿਆ। ਸੀਤਲ ਸੀਤਾ ਮੇਲ ਮਿਲਾਏ, ਆਪੇ ਜਾਣੇ ਆਪਣੀ ਰੀਤਿਆ। ਪੂਰਬ ਜਨਮ ਜਨਮ ਦਏ ਜਣਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਪੂਰਨ ਸਾਚੀ ਸੇਵਾ ਹਾੜ ਗਿਆਰਾਂ ਲਾਈ। ਕੰਚਨ ਰੂਪ ਰੰਗ ਅਪਾਰ, ਬਸਤਰ ਤਨ ਛੁਹਾਵਣਾ। ਸ਼ਬਦ ਫੜ ਤੇਜ ਕਟਾਰ, ਪ੍ਰਭ ਸਾਚੇ ਲੇਖ ਲਿਖਾਵਣਾ। ਨੰਗੀ ਪੈਰੀਂ ਹੋ ਖ਼ਬਰਦਾਰ, ਗੁਰਮੁਖਾਂ ਰਾਹ ਤਕਾਵਣਾ। ਕੇਸਰ ਟਿੱਕਾ ਸੀਸ ਦਸਤਾਰ, ਪੰਚਮ ਮੁਖੀ ਆਪ ਲਗਾਵਣਾ। ਸੋਹੰ ਜੋਤੀ ਤਿਖੀ ਧਾਰ, ਕੋਟਨ ਕੋਟੀ ਗੜ੍ਹ ਤੁੜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚਾ ਮਾਣ ਦਵਾਵਣਾ। ਮਾਣ ਦਵਾਏ ਜਗਤ ਜੁਗ, ਲਹਿਣਾ ਮੂਲ ਚੁਕਾਏ। ਕਲਜੁਗ ਔਧ ਗਈ ਪੁਗ, ਗੁਰਮੁਖ ਸਾਚੇ ਚਰਨ ਲਗਾਏ। ਜਗਤ ਚੋਗ ਜਨ ਲਈ ਚੁਗ, ਆਤਮ ਰੋਗ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚਾ ਮਾਣ ਦਵਾਵਣਾ, ਸਾਚੀ ਸੇਵਾ ਲਾਏ। ਸਾਚੀ ਸੇਵਾ ਸਵਾ ਪਹਿਰ, ਗੁਰਮੁਖਾਂ ਆਪ ਲਗਾਇੰਦਾ। ਰਸਨਾ ਹਰਿ ਗੁਣ ਏਕਾ ਲਹਿਰ, ਸਾਚਾ ਜਾਪ ਜਪਾਇੰਦਾ। ਆਪੇ ਵਰਤੇ ਹਰਿ ਨਿਰਵੈਰ, ਨਿਰਵੈਰੀ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਸਾਚਾ ਸੀਰ ਵਹਾਇੰਦਾ। ਕਾਇਆ ਨਗਰ ਵਸੇ ਖੇੜਾ, ਪ੍ਰਭ ਸਾਚਾ ਮਾਤ ਵਸਾਇੰਦਾ। ਜੂਠਾ ਝੂਠਾ ਚੁੱਕੇ ਝੇੜਾ, ਨੇਤਰ ਨੈਣ ਵਖਾਇੰਦਾ। ਹਰਿ ਬਿਨ ਪਾਰ ਲੰਘਾਵੇ ਕਿਹੜਾ, ਲੱਖ ਚੁਰਾਸੀ ਫੰਦ ਕਟਾਇੰਦਾ। ਆਪੇ ਕਟਣਹਾਰਾ ਗੇੜਾ, ਆਪੇ ਭਰਮ ਭੁਲਾਇੰਦਾ। ਸਤਾਰਾਂ ਹਾੜੀ ਖੁਲ੍ਹਾ ਵਿਹੜਾ, ਇਕੀ ਸਿੱਖਾਂ ਸ਼ਬਦ ਜਣਾਇੰਦਾ। ਇਕੀ ਸਿੱਖ ਸ਼ਬਦ ਜਣਾਈ, ਆਤਮ ਜੋਤ ਜਗਦੀਸ। ਧੁਨ ਨਾਦ ਇਕ ਸੁਣਾਈ, ਲੇਖਾ ਚੁਕਾਏ ਰਾਗ ਛਤੀਸ। ਦਰ ਘਰ ਸਾਚੇ ਵੱਜੇ ਵਧਾਈ, ਬੰਦ ਕਰਾਏ ਦੰਦ ਬਤੀਸ। ਗੁਰ ਪੂਰੇ ਸੰਗ ਹੋਏ ਕੁੜਮਾਈ, ਮਾਇਆ ਮਮਤਾ ਜਾਏ ਪੀਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਤਾਜ ਬੰਧਾਵੇ ਸੀਸ। ਸ਼ਬਦ ਤਾਜ ਸੀਸ ਬੰਧਾਉਣਾ, ਕਰੇ ਮਿਹਰ ਮਿਹਰਵਾਨਾ। ਧੁਰ ਦਰਗਾਹੀ ਰਾਜ ਦਵਾਉਣਾ, ਸਤਿ ਰਿਖੀ ਮਿਟੇ ਨਿਸ਼ਾਨਾ। ਚੰਦ ਸੂਰਜ ਪ੍ਰਭ ਵਕਤ ਚੁਕਾਉਣਾ, ਭੇਵ ਆਪਣੇ ਹੱਥ ਰਖਾਣਾ। ਨੌਂ ਨਾਥ ਕਲ ਰਹਿਣ ਨਾ ਪਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਮਹਾਨਾ।

Leave a Reply

This site uses Akismet to reduce spam. Learn how your comment data is processed.