੧੧ ਚੇਤ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਵਿਚ ਟੂਰ ਤੋਂ ਵਾਪਿਸ ਆ ਕੇ ਪੰਜ ਰਤੀ ਕੇਸਰ, ਦਸ ਰਤੀ ਕਾਕਾ ਜਗਦੀਸ ਸਿੰਘ ਦੀ ਖ਼ਾਕ, ਗਿਆਰਾਂ ਮਿਸਰੀ ਕੂਜੇ ਅਤੇ ਇਕ ਨਰੇਲ ਸੰਗਤ ਨੂੰ ਭੇਟ ਕੀਤਾ, ਕਿਸੇ ਸੰਤ ਮਹਾਤਮਾ ਆਦਿ ਨੂੰ ਨਹੀਂ ਦਿਤਾ ਹਰਿ ਸੰਗਤ ਨੂੰ ਵਧਾਈ ਹੋਵੇ
ਜੁਗੋ ਜੁਗ ਪ੍ਰਭ ਯਾਤਰਾ, ਕਰੇ ਕਰਾਏ ਆਪ। ਤਨ ਪਹਿਨੇ ਸ਼ਬਦ ਗਾਤਰਾ, ਵੇਖੇ ਵਡ ਪਰਤਾਪ। ਕਿਸੇ ਹੱਥ ਨਾ ਆਏ ਵੇਦ ਸ਼ਾਸਤਰਾ, ਕਰ ਕਰ ਥੱਕੇ ਜੀਵ ਜਾਪ। ਹਰਿ ਜੋਤ ਨਾ ਕੋਈ ਲੱਗ ਨਾ ਕੋਈ ਮਾਤਰਾ, ਨਾ ਕੋਈ ਪਿਤਾ ਨਾ ਕੋਈ ਬਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਆਪ। ਆਪ ਆਪਣਾ ਆਪੇ ਜਾਣੇ, ਆਪ ਆਪਣੀ ਬਣਤ ਬਣਾਈਆ। ਵਾਰ ਥਿਤ ਆਪ ਆਪਣੀ ਵੇਖ ਵਖਾਣੇ, ਸੰਮਤ ਸੰਮਤੀ ਥਿਤ ਸੁਹਾਈਆ। ਨਿਤ ਨਵਿਤ ਖੇਲ ਜਹਾਨੇ, ਅਗੰਮ ਅਗੰਮੀ ਕਾਰ ਕਮਾਈਆ। ਜਗਤ ਜਗਾਏ ਰਾਜੇ ਰਾਣੇ, ਸੀਸੇ ਦਸਤਾਰ ਬੰਨ੍ਹਾਈਆ। ਆਪ ਕਰਾਏ ਚਰਨ ਧਿਆਨੇ, ਜਗ ਜਗਦੀਸਾ ਦਇਆ ਕਮਾਈਆ। ਤੁਟੇ ਮਾਤ ਜਗਤ ਅਭਿਮਾਨੇ, ਅੰਤ ਨਿਮਾਣੇ ਲਏ ਬਚਾਈਆ। ਕਰੇ ਖੇਲ ਵਾਲੀ ਦੋ ਜਹਾਨੇ, ਚਰਨ ਕਵਲ ਬਖ਼ਸ਼ੇ ਸਚ ਸੱਚੀ ਸਰਨਾਈਆ। ਸਚ ਦਸਤਾਰ ਪ੍ਰਭ ਸੀਸ ਟਿਕਾਏ। ਜਗਤ ਵਿਹਾਰ ਆਪਣੇ ਹੱਥ ਰਖਾਏ। ਕਰੇ ਕਰਾਏ ਅਵੱਲੜੀ ਚਾਲ, ਛਤਰ ਤਾਜ ਕਿਸੇ ਰਹਿਣ ਨਾ ਪਾਏ। ਸ਼ਬਦ ਖੰਡਾ ਫੜ ਦੋ ਧਾਰ, ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਰਾਜ ਰਾਜਾਨ ਸ਼ਾਹ ਸੁਲਤਾਨ ਮਿਟਾਏ। ਪੰਚਮ ਰਤੀ ਪੰਚਮ ਕੇਸਰ, ਕਰੇ ਖੇਲ ਪ੍ਰਭ ਵਿਚ ਥਨੇਸਰ, ਮਸਤਕ ਟਿੱਕਾ ਤਿਲਕ ਲਗਾਏ। ਜੋਤੀ ਜੋਤ ਸਰੂਪ ਹਰਿ, ਭੇਦ ਅਭੇਦਾ ਅਛਲ ਅਛੇਦਾ ਵਲ ਛਲ ਧਾਰੀ ਜੋਤ ਨਿਰੰਕਾਰੀ, ਸ੍ਰਿਸ਼ਟ ਸਬਾਈ ਪਸਰ ਪਸਾਰੀ, ਦਿਸ ਕਿਸੇ ਨਾ ਆਏ। ਰਤੀ ਦਸ ਪ੍ਰਭ ਰੱਖੀ ਖ਼ਾਕ, ਗੁਰਮੁਖ ਸਾਚੇ ਹੱਥ ਫੜਾਈਆ। ਲੇਖਾ ਲਿਖੇ ਇਕ ਇਕ ਟਾਂਕ, ਲਿਖਣਹਾਰ ਆਪ ਅਖਵਾਈਆ। ਅੰਤ ਕੰਤ ਸਿਰ ਪਾਏ ਖ਼ਾਕ, ਬੰਕ ਦਵਾਰ ਨਾ ਕੋਈ ਸੁਹਾਈਆ। ਕੋਈ ਨਾ ਦਿਸੇ ਆਕੀ ਆਕ, ਪਾਕੀ ਪਾਕ ਸਰਬ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਅੰਦਰ ਮਾਰੇ ਝਾਤ, ਵੇਖਣਹਾਰ ਦਿਸ ਨਾ ਆਈਆ। ਇਕ ਨਰੇਲ ਹੱਥ ਸਿੰਘ ਸ਼ੇਰ ਦਲੇਰ, ਆਪੇ ਆਪ ਉਠਾਈਆ। ਸਾਧਾਂ ਸੰਤਾਂ ਰਿਹਾ ਘੇਰ, ਕਲ ਸਮਰਥ ਬਣਤ ਬਣਾਈਆ। ਕਵਣ ਚੁਕਾਏ ਮੇਰ ਤੇਰ, ਜੀਵ ਜੰਤ ਹੋਏ ਸਹਾਈਆ। ਮਾਇਆ ਰਾਣੀ ਘਰ ਘਰ ਦਰ ਦਰ ਲੱਗੇ ਢੇਰ, ਸਾਚਾ ਕੰਤ ਨਾ ਕੋਈ ਹੰਢਾਈਆ। ਕਰੇ ਖੇਲ ਪ੍ਰਭ ਪਹਿਲੀ ਵੇਰ, ਵੇਸ ਅਵੇਸਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸ ਦਸਮੇਸਾ ਬਣਤ ਬਣਾਈਆ। ਦਿਵਸ ਦਸ ਦਸ ਦਸ ਬੀਸ, ਹੱਸ ਹੱਸ ਨੱਸ ਨੱਸ ਮਾਤ ਲੰਘਾਈਆ। ਸਾਧ ਸੰਤ ਜੂਠੇ ਝੂਠੇ ਮਾਇਆ ਵਹਿਣ ਰਹੇ ਫਸ, ਨਾ ਸਕੇ ਕੋਈ ਛੁਡਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕਾ ਏਕ ਰਾਹ ਸਾਚਾ ਰਿਹਾ ਦੱਸ, ਸਤਿਜੁਗ ਮਾਰਗ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਅੰਤ ਪਰਤਖ, ਗੁਰਮੁਖ ਸਾਚੇ ਲਏ ਰਖ, ਜੂਠ ਝੂਠ ਦਏ ਖਪਾਈਆ। ਦਿਵਸ ਦਸ ਕਰ ਵਿਹਾਰਾ। ਪਹਿਲੀ ਚੇਤਰ ਪਰਉਪਕਾਰਾ। ਦਸਵੇਂ ਚੇਤ ਡੰਕ ਨਗਾਰਾ। ਕਰੇ ਖੇਲ ਪੁਰਖ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰਾ। ਮਿਸ਼ਰੀ ਕਾਲਖ ਮਿੱਠਾ ਰਸ, ਪ੍ਰਭ ਸਾਚੇ ਹੱਥ ਉਠਾਇਆ। ਸੰਤ ਸੁਹੇਲੇ ਵੇਖੇ ਨੱਸ ਨੱਸ, ਸਾਚਾ ਮੀਤ ਕੋਈ ਦਿਸ ਨਾ ਆਇਆ। ਕਲਜੁਗ ਤੇਰੀ ਅੰਤਮ ਹੋਈ ਬਸ, ਝੂਠੀ ਰੀਤ ਜਗਤ ਚਲਾਇਆ। ਲੱਖ ਚੁਰਾਸੀ ਹੋਈ ਭਸ, ਆਤਮ ਰਸ ਸਰਬ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਸਮਾਇਆ। ਦਸ ਇਕ ਗਿਆਰਾਂ, ਚੇਤਰ ਚਿੰਤ ਮਿਟਾਈਆ। ਦਰ ਦਵਾਰੇ ਸ਼ਬਦ ਬਹਾਰਾਂ, ਪ੍ਰਭ ਸਾਚੀ ਬਣਤ ਬਣਾਈਆ। ਕਰੇ ਕਰਾਏ ਮਾਤ ਵਿਹਾਰਾ, ਸਾਧ ਸੰਤ ਨਾ ਕੋਇ ਭੇਵ ਜਣਾਈਆ। ਆਪ ਜਾਣੇ ਆਪਣੀ ਕਾਰਾ, ਮਾਇਆ ਪਾਏ ਬੇਅੰਤ ਏਕਾ ਏਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਮਿਸਰੀ ਕਾਲਬ ਕੂਜਾ ਗਿਆਰਾਂ, ਅੰਮ੍ਰਿਤ ਕਰੇ ਸਾਚੀ ਧਾਰਾ, ਮਿੱਠਾ ਸੀਰ ਹਰਿ ਗੁਣੀ ਗਹੀਰ ਸਾਚੀ ਵੰਡਣ ਵੰਡ ਵੰਡਾਈਆ। ਦਸਮ ਦਵਾਰੀ ਦਸ ਘਰ, ਦਿਸ ਕੋਈ ਨਾ ਆਇਆ। ਨੌਂ ਦਵਾਰੇ ਵੇਖ ਦਰ, ਮਾਇਆ ਪੀਸਣ ਪੀਸ ਪਿਸਾਇਆ। ਕਿਸ ਦੇਵੇ ਪ੍ਰਭ ਸਾਚਾ ਵਰ, ਮੁਖ ਸਗਨ ਦਏ ਲਗਾਇਆ। ਚਾਰੋ ਕੁੰਟ ਆਵੇ ਡਰ, ਨਾਮ ਨਗਨ ਜਗਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦੇਵੇ ਸ਼ਬਦ ਵਰ, ਲੋਕਮਾਤੀ ਮਾਣ ਦਵਾਇਆ। ਗੁਰ ਸੰਗਤ ਪ੍ਰਭ ਮਾਣ ਦਵਾਏ, ਸਾਚਾ ਰਾਗ ਸੁਣਾਈਆ। ਇਕ ਦਸ ਪ੍ਰਭ ਬਣਤ ਬਣਾਏ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਗਿਆਰਾਂ ਦਸ ਇਕ ਇਕ ਦਸ ਕਰੇ ਸੱਚੀ ਕੁੜਮਾਈਆ। ਗੁਰ ਸੰਗਤ ਕਰੇ ਮਾਤ ਸੱਚੀ ਕੁੜਮਾਈ, ਸਾਚਾ ਸਗਨ ਮੁਖ ਲਗਾਇਆ। ਸਤਿਜੁਗ ਤੇਰੀ ਸਾਚੀ ਵੱਜੀ ਵਧਾਈ, ਗੁਰ ਪੀਰ ਸਾਧ ਸੰਤ ਕੋਈ ਰਹਿਣ ਨਾ ਪਾਇਆ। ਏਕਾ ਏਕ ਨਿਹਕਲੰਕ ਸੱਚੀ ਸਰਨਾਈ, ਆਤਮ ਸੀਰ ਅੰਮ੍ਰਿਤ ਨੀਰ ਦੇਵੇ ਮੁਖ ਚੁਆਇਆ। ਚਾਰੋਂ ਕੁੰਟ ਏਕਾ ਡੰਕ ਵਜਾਈ, ਰਾਓ ਰੰਕ ਰਿਹਾ ਜਗਾਈ, ਸ਼ਬਦ ਧੀਰ ਇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਸਰੀ ਕੂਜਾ ਭਉ ਚੁਕਾਏ ਦੂਜਾ, ਰਹਿਣ ਨਾ ਪਾਏ ਕੋਈ ਤੀਜਾ, ਚੌਥਾ ਘਰ ਏਕ ਦਰ ਮਿਲੇ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਏ ਮੁਖ ਚੁਆਇਆ। ਗੁਰ ਸੰਗਤ ਦਏ ਮੁਖ ਲਗਾਏ, ਥਿਤ ਵਾਰ ਅਪਾਰੀ। ਅੱਠੇ ਪਹਿਰ ਮਗਨ ਰਖਾਏ, ਦੇਵੇ ਨਾਮ ਖੁਮਾਰੀ। ਜਗਤ ਤ੍ਰਿਸ਼ਨਾ ਅਗਨ ਬੁਝਾਏ, ਸ਼ਬਦ ਭਰੇ ਭੰਡਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਆਪੇ ਬੈਠਾ ਇਕ ਇਕੱਲਾ, ਜੋਤੀ ਨੂਰ ਕਰ ਉਜਿਆਰੀ। ਗੁਰ ਸੰਗਤ ਕਲ ਵੰਡੀ ਵੰਡ, ਪ੍ਰਭ ਸਾਚਾ ਆਪ ਵੰਡਾਇੰਦਾ। ਦਿਵਸ ਦਸ ਪ੍ਰਭ ਪੱਲੇ ਬੰਨ੍ਹੀ ਗੰਢ, ਸਾਧ ਸੰਤ ਨਾ ਕੋਈ ਖੁਲ੍ਹਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਦਿਵਸ ਗਿਆਰਾਂ ਜੇਰਜ ਅੰਡ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਵਸਤ ਨਾਮ ਦਾਤ ਆਤਮ ਝੋਲੀ ਆਪਣੀ ਭਿਛਿਆ ਪਾਇੰਦਾ।