੧੭ ਹਾੜ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਆਪ ਗੁਰ ਆਪੇ ਚੇਲਾ, ਆਪੇ ਆਪ ਲਿਖਾਇਆ। ਆਪ ਕਰਾਇਆ ਆਪਣਾ ਮੇਲਾ, ਵੀਹ ਸਦ ਤੇਰਾਂ ਰੁੱਤ ਸੁਹਾਇਆ। ਅਚਰਜ ਖੇਲ ਹਰਿ ਹਰਿ ਖੇਲਾ, ਦਿਸ ਕਿਸੇ ਨਾ ਆਇਆ। ਸਵਾ ਪਹਿਰ ਰੰਗ ਨਵੇਲਾ, ਗੁਰ ਗੋਬਿੰਦਾ ਸੇਵਾ ਲਾਇਆ। ਆਪੇ ਵਸੇ ਇਕ ਅਕੇਲਾ, ਸੱਜਣ ਸੁਹੇਲਾ ਸਰਬ ਅਖਵਾਇਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਹਰਿ ਸ਼ਬਦੀ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਵਕਤ ਸੁਹਾਇਆ। ਚੇਲਾ ਗੁਰ ਗੋਬਿੰਦ ਕਾਰ, ਪ੍ਰਭ ਸਾਚੇ ਆਪ ਕਰਾਈਆ। ਲਿਖਿਆ ਲੇਖ ਧੁਰ ਸੱਚੀ ਸਰਕਾਰ, ਸਾਚੇ ਨੇਤਰ ਵੇਖ ਵਖਾਈਆ। ਗੁਣਵੰਤਾ ਗੁਣ ਕਲ ਵਿਚਾਰ, ਵੇਲੇ ਅੰਤਮ ਬਣਤ ਬਣਾਈਆ। ਜੋਤੀ ਜਾਮਾ ਭੇਖ ਅਪਾਰ, ਗੋਬਿੰਦ ਧਾਰਾ ਸ਼ਬਦ ਚਲਾਈਆ। ਆਪੇ ਵਸਿਆ ਹਰਿ ਹਰਿ ਬਾਹਰ, ਰੂਪ ਰੰਗ ਭੇਖ ਵਟਾਈਆ। ਮਿਲਿਆ ਮੇਲ ਗੁਰ ਮੀਤ ਮੁਰਾਰ, ਘਾਲਨ ਘਾਲ ਸੇਵ ਕਮਾਈਆ। ਪੂਤ ਸਪੂਤਾ ਚਰਨ ਦਵਾਰ, ਚਰਨ ਕਵਲ ਰਘੁਰਾਈਆ। ਵੇਖੇ ਪਰਖੇ ਪਰਖਣਹਾਰ, ਜੁਗ ਜੁਗ ਬਣਤ ਬਣਾਈਆ। ਪਰਗਟ ਹੋਏ ਵਿਚ ਸੰਸਾਰ, ਆਪਣਾ ਰੰਗ ਚੜ੍ਹਾਈਆ। ਸ਼ਬਦ ਖੰਡਾ ਸਚ ਕਟਾਰ, ਗੁਰ ਗੋਬਿੰਦੇ ਆਤਮ ਤਨ ਪਹਿਨਾਈਆ। ਦਿਸ ਨਾ ਆਏ ਲੱਖ ਚੁਰਾਸੀ ਵਿਚ ਸੰਸਾਰ, ਹੱਥ ਆਪਣੇ ਮੁੱਠ ਰਖਾਈਆ। ਤਿੱਖੀ ਰਖੇ ਦੋਵੇਂ ਧਾਰ, ਸ੍ਰਿਸ਼ਟ ਸਬਾਈ ਕੁੱਠ ਵਖਾਈਆ। ਬ੍ਰਹਿਮੰਡ ਖੰਡ ਪ੍ਰਭ ਪਾਵੇ ਸਾਰ, ਨੌਂ ਖੰਡ ਵੰਡ ਵੰਡਾਈਆ। ਕਲਗੀ ਤੋੜਾ ਸ਼ਬਦ ਅਪਾਰ, ਸਾਚਾ ਸੀਸ ਟਿਕਾਈਆ। ਨੀਲੇ ਘੋੜੇ ਹੋ ਅਸਵਾਰ, ਨੀਲੀ ਛੱਤੋਂ ਪਾਰ ਕਰਾਈਆ। ਦਾਮਨ ਦਮਕੇ ਅਪਰ ਅਪਾਰ, ਰੂਪ ਰੰਗ ਰੰਗ ਅਨੂਪ ਸਮਾਈਆ। ਕਰੇ ਖੇਲ ਵਾਰ ਅਨਕੇ, ਵਾਸੀ ਪੁਰੀ ਹਰਿ ਘਨਕੇ, ਨਿਹਕਲੰਕੀ ਨਾਉਂ ਰਖਾਈਆ। ਇਕ ਸੁਹਾਏ ਦਵਾਰ ਬੰਕੇ, ਸੰਬਲ ਨਗਰੀ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਸਾਚਾ ਗੁਰ, ਗੁਰ ਗੋਬਿੰਦ ਜਗ ਚੇਲਾ। ਮਸਤਕ ਲਹਿਣਾ ਮਿਲਿਆ ਧੁਰ, ਪ੍ਰਭ ਪਾਇਆ ਸੱਜਣ ਸੁਹੇਲਾ। ਜੋਤੀ ਸ਼ਬਦੀ ਜੋੜੀ ਗਈ ਜੁੜ, ਨਾ ਹੋਏ ਵਕਤ ਦੁਹੇਲਾ। ਕਲਜੁਗ ਬੇੜੀ ਰਹੀ ਰੁੜ੍ਹ, ਗੁਰ ਸੰਗਤ ਗੁਰ ਮਿਲਣ ਦਾ ਵੇਲਾ। ਸ਼ਬਦ ਸਰੂਪੀ ਆਪੇ ਆਏ ਚੜ੍ਹ ਘੋੜ, ਵੇਖੇ ਖੇਲ ਇਕ ਅਕੇਲਾ। ਸਤਾਰਾਂ ਹਾੜੀ ਸ਼ਬਦੀ ਔੜ, ਵੇਖੇ ਪਰਖੇ ਮਿੱਠੇ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਗੁਰ ਗੁਰ ਚੇਲਾ। ਚੇਲਾ ਗੁਰ ਗੋਬਿੰਦ, ਦਰ ਪੂਰੇ ਨਿਮਸਕਾਰਿਆ। ਤੁਧ ਬਿਨ ਅਵਰ ਨਾ ਦੀਸੇ ਕੋਈ ਹੋਰ, ਮਾਤ ਪਿਤ ਜਗਤ ਜਗਦੀਸ ਆਦਿ ਅੰਤ ਨਾ ਪਾਰਾਵਾਰਿਆ। ਲੱਖ ਚੁਰਾਸੀ ਲੜੀ ਗੁੰਦ, ਨਾਤਾ ਤੋੜੇ ਪੰਚਮ ਚੋਰ, ਸ਼ਬਦ ਫੜ ਤੇਜ ਕਟਾਰਿਆ। ਲੇਖਾ ਚੁਕੇ ਮੋਰ ਤੋਰ, ਕਲਜੁਗ ਮਿਟੇ ਅੰਧਘੋਰ, ਪਰਗਟ ਹੋਏ ਨਿਹਕਲੰਕ ਬਲੀ ਬਲਕਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਵੇਖ ਘਰ, ਗੁਰ ਚੇਲਾ ਏਕਾ ਧਾਮ ਸੁਹਾ ਰਿਹਾ। ਗੁਰ ਚੇਲਾ ਧਾਮ ਸੁਹਾਏ, ਪ੍ਰਭ ਸਾਚੇ ਬਣਤ ਬਣਾਈਆ। ਆਪਣਾ ਮੇਲਾ ਆਪ ਕਰਾਏ, ਮਹਿੰਮਾ ਅਗਣਤ ਗਣੀ ਨਾ ਜਾਈਆ। ਲੱਖ ਚੁਰਾਸੀ ਦਏ ਸਜਾਏ, ਨਾ ਸਕੇ ਕੋਇ ਛੁਡਾਈਆ। ਜੋੜਾ ਘੋੜਾ ਇਕ ਰਖਾਏ, ਦਿਸ ਕਿਸੇ ਨਾ ਆਈਆ। ਸ਼ਬਦ ਹਥੌੜਾ ਹੱਥ ਉਠਾਏ, ਮਿੱਠਾ ਕੌੜਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠਾ, ਸੱਤਾਂ ਦੀਪਾਂ ਵੇਖ ਵਖਾਈਆ। ਲੱਖਣ ਕਰੋਚ ਜੰਬੂ ਪੁਸ਼ਕਰ ਨੇਤਰ ਵੇਖੇ ਤੀਜੇ ਸਾਨ ਸਲਮਲ ਕੁਸ਼ਾ ਪ੍ਰਭ ਚਰਨੀ ਦਰ ਦਹਿਲੀਜ਼ੇ। ਜੋਤੀ ਨੂਰ ਹਰਿ ਹਜ਼ੂਰ ਏਕਾ ਝਿਲਮਿਲ ਗੁਰਮੁਖ ਵਿਰਲੇ ਆਤਮ ਤਨ ਪਤੀਜ਼ੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਬਹਾਏ ਇਕ ਘਰ, ਕਲਜੁਗ ਆਪਣੀ ਹੱਥੀਂ ਕਰੇ ਰੀਝੇ। ਗੁਰ ਗੋਬਿੰਦ ਜਗ ਸਾਚਾ ਮੇਲਾ, ਪ੍ਰਭ ਸਾਚੇ ਮਾਤ ਸਵਾਰਨਾ। ਇਕ ਨੌਂ ਦੋ ਅੱਠ ਗੁਰਮੁਖ ਲੈਣਾ ਵਿਚਾਰ। ਪ੍ਰਭ ਦਰਸ ਯਾਤਰਾ ਅਠਸਠ, ਗੰਗਾ ਗੋਦਾਵਰੀ ਹੋਏ ਪਨਿਹਾਰ। ਹੰਕਾਰ ਵਿਕਾਰਾ ਜਾਏ ਢੱਠ, ਸ਼ਬਦ ਮੇਲਾ ਅਪਰ ਅਪਾਰ। ਹਰਿ ਦਰਸ਼ਨ ਮੇਲਾ ਨੱਠ ਨੱਠ, ਲੋਕਮਾਤੀ ਵਣਜ ਵਾਪਾਰ। ਕਲਜੁਗ ਗੇੜ ਉਲਟੀ ਲੱਠ, ਨਰ ਨਾਰੀ ਹੋਏ ਖੁਆਰ। ਸ੍ਰਿਸ਼ਟ ਸਬਾਈ ਹੋਏ ਭੱਠ, ਗੁਰਮੁਖ ਵਿਰਲਾ ਉਤਰੇ ਪਾਰ। ਨਾ ਕੋਈ ਦੀਸੇ ਮੰਦਰ ਸ਼ਿਵਦਵਾਲਾ ਮੱਠ, ਮਸਜਿਦ ਅੰਦਰ ਧੁੰਦੂਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਸੰਤ ਦੁਲਾਰਾ ਇਕ ਕਰੇ ਤਿਆਰ। ਇਕ ਇਕੀ ਪ੍ਰਭ ਸਾਚੇ ਪਾਉਣੀ, ਕਲਜੁਗ ਅੰਤ ਕੁੜਮਾਈਆ। ਨਿੱਕੀ ਸਿਖੀ ਸੰਗ ਰਲਾਉਣੀ, ਲੱਖ ਚੁਰਾਸੀ ਨਾਤਾ ਆਪ ਤੁੜਾਈਆ। ਤਿੱਖੀ ਧਾਰਾ ਇਕ ਵਖਾਉਣੀ, ਹੋਏ ਪਰਤਖ ਦਰਸ ਦਿਖਾਈਆ। ਪੂਰ ਕਰਾਏ ਆਤਮ ਭਾਉਣੀ, ਪਾਰਬ੍ਰਹਮ ਬ੍ਰਹਮ ਮੇਲ ਮਿਲਾਈਆ। ਲੇਖਾ ਚੁੱਕੇ ਹਾੜੀ ਸਾਉਣੀ, ਇਕ ਬਹਾਰ ਬਸੰਤ ਰਖਾਈਆ। ਆਤਮ ਸਰ ਨੁਹਾਏ ਸਾਚੀ ਨਹਾTਣੀ, ਦੁਰਮਤ ਮੈਲ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸਤਾਰਾਂ ਹਾੜੀ ਫ਼ਲ ਫੁਲਵਾੜੀ ਕਾਇਆ ਤਨ ਸਚ ਕਿਆਰੀ ਆਪਣੀ ਹੱਥੀਂ ਬੂਟਾ ਲਾਈਆ। ਆਪਣੇ ਹੱਥ ਰੱਖ ਵਡਿਆਈ, ਸਮਰਥ ਕਲ ਵਰਤਾਇੰਦਾ। ਜੋਗ ਜੁਗਤ ਜਗਤ ਨਾ ਜਾਣੇ ਰਾਈ, ਭਾਓ ਭਗਤ ਪ੍ਰੇਮ ਨਾ ਕੋਇ ਕਮਾਇੰਦਾ। ਪੜ੍ਹ ਪੜ੍ਹ ਥੱਕੀ ਮਾਤ ਲੋਕਾਈ, ਗੁਰ ਗੋਬਿੰਦ ਗੋਬਿੰਦ ਗੁਰ ਦਿਸ ਕਿਸੇ ਨਾ ਆਇੰਦਾ। ਗੁਰ ਬਾਣੀ ਨਾਤਾ ਧੀ ਜਵਾਈਂ, ਲਹਿਣਾ ਦੇਣਾ ਮੂਲ ਚੁਕਾਇੰਦਾ। ਕਲਜੁਗ ਅੰਤਮ ਦਏ ਦੁਹਾਈ, ਸਾਧ ਸੰਤ ਨਾ ਕੋਈ ਛੁਡਾਇੰਦਾ। ਲੱਖ ਚੁਰਾਸੀ ਪੈਣੀ ਫਾਹੀ, ਪ੍ਰਭ ਸਾਚੀ ਬਣਤ ਬਣਾਇੰਦਾ। ਵਰਨ ਅਵਰਨੀ ਭੁੱਲੇ ਜਗਤ ਰਾਹੀ, ਸਾਚਾ ਮਾਹੀ ਦਿਸ ਨਾ ਆਇੰਦਾ। ਵੇਖ ਵਖਾਣੇ ਥਾਉਂ ਥਾਈਂ, ਨੌਂ ਸਤ ਫੋਲ ਫੁਲਾਇੰਦਾ। ਪੁਰੀਆਂ ਲੋਆਂ ਅਗੰਮ ਅਥਾਹੀ, ਬ੍ਰਹਮਾ ਸ਼ਿਵ ਇੰਦ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਵ ਸੱਸ ਚਰਨ ਕਵਲ ਦੇਵੇ ਝੱਸ, ਨੱਸ ਨੱਸ ਨਾ ਕੋਇ ਪੰਧ ਮੁਕਾਇੰਦਾ। ਰਵ ਸਸ ਮਾਤ ਪਰਕਾਸ਼, ਆਕਾਸ਼ ਦਿਸ ਨਾ ਆਈਆ। ਪੁਰਖ ਅਬਿਨਾਸ਼ੀ ਉਪਰ ਦਾਸੀ ਦਾਸ, ਦਾਸਨ ਦਾਸੀ ਜੀਵ ਲਗਾਈਆ। ਆਪੇ ਜਾਣੇ ਆਪਣੇ ਮੰਡਲ ਸਾਚੀ ਰਾਸ, ਆਪਣੀ ਬਣਤ ਬਣਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਵਿਚ ਸਮਾਈਆ। ਲੱਖ ਚੁਰਾਸੀ ਬਣਤ ਬਣਾਏ ਹੱਡ ਨਾੜੀ ਮਾਸ, ਆਪ ਆਪਣਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਇਕ ਅਬਿਨਾਸ਼, ਅਬਿਨਾਸ਼ੀ ਪੁਰਖ ਹਰਿ ਹਰ ਥਾਈਂਆ। ਹਰਿ ਰੰਗ ਪ੍ਰਭ ਸਾਚੇ ਆਪ ਰੰਗਾਇਆ। ਕਲਜੁਗ ਅੰਤਮ ਮੰਗੀ ਮੰਗ, ਲੱਖ ਚੁਰਾਸੀ ਹੋਈ ਨੰਗ, ਪ੍ਰਭ ਸਾਚਾ ਦਏ ਸਜਾਇਆ। ਬਾਲ ਜਵਾਨੀ ਗਈ ਹੰਢ, ਬੁੜੇਪਾ ਸੁੱਤਾ ਦੇ ਕਰ ਕੰਡ, ਲੇਖਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਨਾ ਹੋਏ ਕੋਈ ਸਹਾਇਆ। ਸਤਾਰਾਂ ਹਾੜੀ ਵੰਡੀ ਵੰਡ, ਸਾਲ ਬਾਰ੍ਹਵੇਂ ਹਰਿ ਬ੍ਰਹਿਮੰਡ, ਨੌਂ ਦਰ ਮਾਤੀ ਵੇਖ ਵਖਾਇਆ। ਪਹਿਲਾ ਸਾਲ ਪਹਿਲਾ ਘਰ ਪੁਰਖ ਅਬਿਨਾਸ਼ੀ ਖੋਲ੍ਹੇ ਦਰ, ਸੰਮਤ ਤੇਰਾਂ ਨੇਰਨ ਨੇਰਾ ਗੁਰ ਸੰਗਤ ਮਾਤੀ, ਪੁਰਖ ਬਿਧਾਤੀ ਉਤਮ ਜ਼ਾਤੀ, ਗੁਰ ਸੰਗਤ ਜਨਮ ਦਵਾਇਆ। ਲੇਖ ਚੁਕਾਏ ਸਤਾਰਾਂ ਹਾੜੀ ਲੱਖ ਚੁਰਾਸੀ ਸੁੱਤੀ ਰਾਤੀ, ਗੁਰਮੁਖ ਸਾਚੇ ਚਰਨ ਬਹਾਇਆ। ਆਪੇ ਪਿਤਾ ਆਪੇ ਮਾਤੀ, ਆਪਣੀ ਗੋਦ ਲਏ ਬਿਠਾਇਆ। ਨਾ ਕੋਈ ਪੁੱਛੇ ਜ਼ਾਤ ਪਾਤੀ, ਊਚਾਂ ਨੀਚਾਂ ਵਿਚ ਸਮਾਇਆ। ਸਰਬ ਜੀਆਂ ਪ੍ਰਭ ਕਮਲਾਪਾਤੀ, ਕਵਲ ਨਾਭੀ ਅੰਮ੍ਰਿਤ ਮੁਖ ਚੁਆਇਆ। ਆਪੇ ਦੀਵਾ ਆਪੇ ਬਾਤੀ, ਮੇਟ ਮਿਟਾਏ ਅੰਧੇਰੀ ਰਾਤੀ, ਗੁਰਮੁਖ ਸਾਚੇ ਦੀਪਕ ਜੋਤ ਜਗਾਇਆ। ਚਰਨ ਬੰਧਾਏ ਸਾਚਾ ਨਾਤੀ, ਦੇਵੇ ਸ਼ਬਦ ਹਰਿ ਧੁਰ ਸੁਗਾਤੀ, ਲੋਕਮਾਤੀ ਕਿਸੇ ਹੱਥ ਨਾ ਆਇਆ। ਇਕ ਵਖਾਏ ਸਾਚੀ ਹਾਟੀ, ਆਪ ਚੜ੍ਹਾਏ ਔਖੀ ਘਾਟੀ, ਦੁਰਮਤ ਮੈਲ ਹਰਿਜਨ ਕਾਟੀ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਨੌਂ ਦੋ ਅੱਠ ਗੁਰਮੁਖਾਂ ਸਾਚਾ ਲੇਖ ਲਿਖਾਇਆ। ਲੇਖ ਲਿਖਾਇਆ ਇਕ ਨੌਂ, ਪੀਆ ਪਰਮ ਸੁਜਾਨ। ਦੂਈ ਦਵੈਤੀ ਜਾਏ ਨੱਠ, ਗੁਰ ਬਖ਼ਸ਼ੇ ਚਰਨ ਧਿਆਨ। ਨੌਂ ਦਵਾਰੇ ਹੋਇਣ ਭੱਠ, ਉਪਜੇ ਬ੍ਰਹਮ ਗਿਆਨ। ਦੂਜੇ ਘਰ ਵੇਖੇ ਨੱਠ, ਹਰਿ ਸ਼ਬਦ ਝੁਲਾਏ ਸਚ ਨਿਸ਼ਾਨ। ਅੱਠਾਂ ਤੱਤਾਂ ਏਕਾ ਮੱਠ, ਕਾਇਆ ਜਗਤ ਮਕਾਨ। ਗੁਰ ਚਰਨ ਸਰਨ ਸਰਨ ਗੁਰ ਚਰਨ ਜੋ ਜਨ ਪਏ ਢੱਠ, ਹਰਿ ਜੋਤੀ ਮੇਲ ਮਿਲਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਨੌਂ ਦੋ ਅੱਠ ਗੁਰਮੁਖ ਬਣਾਏ ਜਗਤ ਨਿਸ਼ਾਨ। ਨੌਂ ਦਰ ਤੇਰੀ ਧਾਰ, ਸਾਢੇ ਤਿੰਨ ਹੱਥ ਰਖਾਈਆ। ਆਪੇ ਅੰਦਰ ਆਪੇ ਬਾਹਰ, ਭੇਵ ਆਪਣਾ ਬੈਠਾ ਛੁਪਾਈਆ। ਮਾਰੇ ਸ਼ਬਦ ਇਕ ਲਕਾਰ, ਦੂਸਰ ਕੋਇ ਨੇੜ ਨਾ ਆਈਆ। ਕਲ ਸੋਲਾਂ ਕਲ ਕਲ ਵਿਚਾਰ, ਜਗਤ ਝੇੜੇ ਰਿਹਾ ਚੁਕਾਈਆ। ਵਲ ਛਲ ਅਪਰ ਅਪਾਰ, ਨਗਰ ਖੇੜੇ ਦਿਸ ਨਾ ਆਈਆ। ਬਲ ਬਲ ਹਰਿ ਕਰਤਾਰ, ਖੁਲ੍ਹੇ ਵਿਹੜੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਾਚਾ ਰਿਹਾ ਹੁਕਮ ਸੁਣਾਈਆ। ਸਾਢੇ ਤਿੰਨ ਹੱਥ ਨੌਂ ਦਰ, ਮਾਨਸ ਦੇਹੀ ਖ਼ਾਕ। ਪੁਰਖ ਅਬਿਨਾਸ਼ੀ ਸਾਚਾ ਘਰ, ਦੋ ਜਹਾਨੀ ਪਾਕੀ ਪਾਕ। ਪੰਜ ਤੱਤ ਕਲ ਦੇਵੇ ਵਰ, ਸ਼ਬਦ ਘੋੜੇ ਚੜ੍ਹ ਰਾਕ। ਧੂੜ ਚਰਨ ਸਾਚਾ ਸਰ, ਮਸਤਕ ਟਿੱਕਾ ਮਾਥੇ ਨਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦਵਾਰੇ ਖੋਲ੍ਹੇ ਤਾਕ। ਸਾਢੇ ਤਿੰਨ ਹੱਥ ਨੌਂ ਦਰ, ਸ਼ਬਦ ਸਿੰਘਾਸਣ ਹਰਿ ਸੁਹਾਈਆ। ਇਕ ਬਣਾਏ ਸਾਚਾ ਘਰ, ਗੁਰਮੁਖਾਂ ਮਾਤ ਵਖਾਈਆ। ਕੋਈ ਨਾ ਸਕੇ ਅੰਦਰ ਵੜ, ਸੀਸ ਧੜ ਦਏ ਦੁਹਾਈਆ। ਗੁਰਸਿਖ ਦੂਰ ਕਿਨਾਰਾ ਉਪਰ ਵੇਖੇ ਚੜ੍ਹ, ਦੂਸਰ ਕਿਸੇ ਨਾ ਦੀਸੇ ਜੜ੍ਹ, ਨਾ ਕੋਈ ਚੋਟੀ ਵੇਖ ਵਖਾਈਆ। ਤੁੱਟੇ ਕਿਲ੍ਹਾ ਹੰਕਾਰੀ ਗੜ੍ਹ, ਪ੍ਰਭ ਸਾਚਾ ਤੋੜ ਤੁੜਾਈਆ। ਏਕਾ ਅੱਖਰ ਕਲ ਜਾਣਾ ਪੜ੍ਹ, ਗੁਰ ਬਚਨ ਤਨ ਵਸਾਈਆ। ਮਨ ਤਨ ਧਨ ਵਹਿਣਾ ਜੂਠੇ ਝੂਠੇ ਹੜ, ਲਜ ਪਤ ਨਾ ਕੋਇ ਰਖਾਈਆ। ਗੁਰ ਸਤਿਗੁਰ ਸਾਚਾ ਗੁਰਮੁਖਾਂ ਆਪੇ ਲਏ ਫੜ, ਜੀਉ ਪਿੰਡ ਕਾਚਾ ਗੜ੍ਹ, ਕੰਚਨ ਸੋਨਾ ਆਪ ਬਣਾਈਆ। ਮਾਇਆ ਮਮਤਾ ਨਾ ਜਾਣਾ ਸੜ, ਗੁਰ ਪਰਸਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਤਮ ਬ੍ਰਹਮ ਜਣਾਈਆ। ਸਚ ਵਸਤ ਘਰ ਸਾਚੇ ਲਾਧੀ, ਮਿਲਿਆ ਮੇਲ ਪ੍ਰਭ ਮਾਧਵ ਮਾਧੀ, ਕਾਇਆ ਨੂਰੋ ਨੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੇਲਾ ਸਚ ਘਰ, ਗੁਰਮੁਖਾਂ ਮੇਲ ਮਿਲਾਈਆ।