Granth 06 Likhat 053: Pahili Chet 2014 Bikarmi Savere sava Panj vaje vihar hoyea Har Bhagat Dwar Jethuwal

ਪਹਿਲੀ ਚੇਤ ੨੦੧੪ ਬਿਕ੍ਰਮੀ ਸਵੇਰੇ ਸਵਾ ਪੰਜ ਵਜੇ ਵਿਹਾਰ ਹੋਇਆ ਹਰਿ ਭਗਤ ਦਵਾਰ ਜੇਠੂਵਾਲ

ਸਵਾ ਪੰਜ ਪਹਿਲੀ ਚੇਤ, ਵੀਹ ਸੌ ਚੌਦਾਂ ਬਿਕ੍ਰਮੀ ਚੰਦ ਚੜ੍ਹਾਇਆ। ਗੁਰਮੁਖਾਂ ਵੇਖੇ ਕਾਇਆ ਖੇਤ, ਆਪ ਆਪਣਾ ਅੰਦਰ ਬੰਦ ਕਰਾਇਆ। ਪਰਗਟ ਹੋਏ ਨੇਤਨ ਨੇਤ, ਸੋਹੰ ਰਿਹਾ ਚੰਦ ਚੜ੍ਹਾਇਆ। ਭਾਗ ਲਗਾਏ ਮਹੀਨਾ ਜੇਠ, ਪੰਚਮ ਮੇਲ ਮਿਲਾਇਆ। ਰੱਖਣਹਾਰਾ ਸਾਇਆ ਹੇਠ, ਸੇਵਕ ਸੇਵਕ ਸੇਵਕ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਲਹਿਣਾ ਮੂਲ ਚੁਕਾਇਆ। ਸਵਾ ਪੰਜ ਚੇਤਰ ਚਿਤ, ਏਕਾ ਥਿਤ ਵਖਾਈਆ। ਜਨ ਭਗਤਾਂ ਮੇਲਾ ਨਿਤ ਨਵਿਤ, ਨਿਜ ਘਰ ਰੂਪ ਸਮਾਈਆ। ਕਰਨਹਾਰਾ ਸੱਚਾ ਹਿਤ, ਭੇਖਾਧਾਰੀ ਭੇਖ ਵਟਾਈਆ। ਆਪੇ ਹੋਇਆ ਮਾਤ ਪਿਤ, ਪਿਤਾ ਪੂਤ ਸੁਖਦਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਅਕਲ ਕਲਾ ਅਖਵਾਈਆ। ਆਪ ਆਪਣਾ ਲਿਆ ਜਿੱਤ, ਕਾਇਆ ਭੇਟ ਚੜ੍ਹਾਈਆ। ਚੌਦਾਂ ਵੇਖ ਵਖਾਈ ਥਿਤ, ਚੌਦਾਂ ਲੋਕਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਈਆ। ਠਾਕਰ ਸੇਵਕ ਅਬਿਨਾਸ਼, ਸੇਵਾ ਆਪ ਕਮਾਇੰਦਾ। ਗੁਰਮੁਖਾਂ ਹੋਇਆ ਦਾਸੀ ਦਾਸ, ਚਰਨ ਧੂੜੀ ਮਸਤਕ ਲਾਇੰਦਾ। ਮੇਲ ਮਿਲਾਏ ਪ੍ਰਿਥਮੀ ਆਕਾਸ਼, ਵਿਛੜ ਕਦੇ ਨਾ ਜਾਇੰਦਾ। ਪੰਚਮ ਪਾਵੇ ਸਾਚੀ ਰਾਸ, ਹਰਿ ਪੰਚਮ ਭੇਟ ਚੜ੍ਹਾਇੰਦਾ। ਨਿਜ ਘਰ ਸਾਚੇ ਕਰੇ ਵਾਸ, ਸਚ ਸੁਨੇਹੜਾ ਇਕ ਸੁਣਾਇੰਦਾ। ਖੇਲੇ ਖੇਲ ਘਨਕਪੁਰ ਵਾਸ, ਸੰਮਤ ਸੰਮਤੀ ਵੇਖ ਵਖਾਇੰਦਾ। ਲੱਖ ਚੁਰਾਸੀ ਹੋਣੀ ਨਾਸ, ਹਰਿ ਸੰਗਤ ਆਪ ਤਰਾਇੰਦਾ। ਲਹਿਣਾ ਦੇਣਾ ਦਸ ਦਸ ਮਾਸ, ਜੁਗ ਜੁਗ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਸੇਵਾ ਸਚ ਕਮਾਇੰਦਾ। ਸੇਵਕ ਸੇਵਾ ਕਰਨੇਹਾਰਾ, ਪਾਰਬ੍ਰਹਮ ਕਰਤਾਰਾ। ਨਾ ਜਨਮੇ ਨਾ ਮਰਨੇਹਾਰਾ, ਆਦਿ ਅੰਤ ਏਕਾ ਏਕੰਕਾਰਾ। ਆਪਣੀ ਕਰਨੀ ਕਰਨੇਹਾਰਾ, ਜੁਗ ਜੁਗ ਲਏ ਮਾਤ ਅਵਤਾਰਾ। ਜਨ ਭਗਤਾਂ ਲੜ ਫੜਨੇਹਾਰਾ, ਦੇਵੇ ਨਾਮ ਸਹਾਰਾ। ਕਾਇਆ ਮੰਦਰ ਅੰਦਰ ਸਾਚੇ ਪੌੜੇ ਚੜ੍ਹਨੇਹਾਰਾ, ਸੋਹੰ ਸ਼ਬਦ ਕਰਾਏ ਜੈ ਜੈਕਾਰਾ। ਕਲਜੁਗ ਮਾਇਆ ਸੜਨੇਹਾਰਾ, ਪੰਚਮ ਤਤ ਨਾ ਕੀਆ ਪਿਆਰਾ। ਆਪਣਾ ਘਾੜਨ ਆਪੇ ਘੜਨੇਹਾਰਾ, ਜੋਤੀ ਜੋਤ ਕੀਆ ਉਜਿਆਰਾ। ਸ਼ਬਦ ਖੰਡਾ ਹੱਥ ਫੜਨੇਹਾਰਾ, ਗੁਰਮੁਖਾਂ ਹੋਏ ਪਹਿਰੇਦਾਰਾ। ਪੁਰੀਆਂ ਲੋਆਂ ਲੜਨੇਹਾਰਾ, ਏਕਾ ਮਾਰ ਅਗੰਮੀ ਮਾਰਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਸੁਹਾਇਆ ਬੰਕ ਦਵਾਰਾ। ਹਰਿ ਸੇਵਕ ਕਰਤਾਰ, ਸੇਵ ਕਮਾਈਆ। ਆਪੇ ਬਣਿਆ ਭੇਖ ਭਿਖਾਰ, ਆਪੇ ਲੇਖ ਲਿਖਾਈਆ। ਮਾਤਲੋਕ ਪ੍ਰਭ ਕਰ ਵਿਚਾਰ, ਪਹਿਲੀ ਚੇਤਰ ਰੁੱਤ ਸੁਹਾਈਆ। ਸੰਮਤ ਚੌਦਾਂ ਖ਼ਬਰਦਾਰ, ਹਰਿ ਆਪੇ ਰਿਹਾ ਕਰਾਈਆ। ਗੁਰਮੁਖ ਮੇਲਾ ਏਕਾ ਵਾਰ, ਏਕਾ ਰੰਗ ਚੜ੍ਹਾਈਆ। ਆਪ ਆਪਣੀ ਪਾਵੇ ਸਾਰ, ਹਰਿ ਬੈਠਾ ਮੁਖ ਛੁਪਾਈਆ। ਜਨ ਭਗਤਾਂ ਦੁਰਮਤ ਮੈਲ ਦਏ ਉਤਾਰ, ਆਪਣਾ ਪਰਦਾ ਆਪੇ ਲਾਹੀਆ। ਤੇਰਾਂ ਸਾਲ ਨਾ ਪਾਈ ਸਾਰ, ਬੈਠਾ ਮੁਖ ਛੁਪਾਈਆ। ਨਾਨਕ ਤੇਰਾ ਲਹਿਣਾ ਦੇਣ ਕਰਜ਼ ਉਤਾਰ, ਸੰਮਤ ਤੇਰਾਂ ਪੂਰ ਕਰਾਈਆ। ਨਾਮ ਸਤਿ ਪਾਰ ਕਿਨਾਰ, ਸਚ ਪੁਰਖਾ ਆਪਣੀ ਝੋਲੀ ਪਾਈਆ। ਨਾ ਕੋਈ ਜਾਣੇ ਆਰ ਪਾਰ, ਵੰਞ ਮੁਹਾਣਾ ਰਿਹਾ ਚੜ੍ਹਾਈਆ। ਗੋਬਿੰਦ ਮੇਲਾ ਇਕ ਦਵਾਰ, ਦਰ ਦਵਾਰਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਅੰਕ ਲਗਾਈਆ। ਸੇਵਾ ਸਤਿਗੁਰ ਸਾਖਿਆਤ, ਕਰਨ ਕਰਾਵਣ ਆਇਆ। ਗੁਰਮੁਖ ਬਣਾਏ ਪਾਰਜ਼ਾਤ, ਧੂੜੀ ਮਸਤਕ ਲਾਇਆ। ਮੇਟ ਮਿਟਾਏ ਅੰਧੇਰੀ ਰਾਤ, ਚੌਦਸ ਚੌਦਾਂ ਚੰਨ ਚੜ੍ਹਾਇਆ। ਨਾ ਕੋਈ ਪੁੱਛੇ ਜ਼ਾਤ ਪਾਤ, ਊਚੋ ਨੀਚ ਨੀਚੋ ਊਚ ਕਰਾਇਆ। ਸਖਾ ਸਹਾਈ ਪਿਤਾ ਮਾਤ, ਨਾਮ ਘੋੜੀ ਰਿਹਾ ਬਿਠਾਇਆ। ਸਾਚਾ ਮੇਲਾ ਕਮਲਾਪਾਤ, ਆਪ ਆਪਣਾ ਰਿਹਾ ਕਰਾਇਆ। ਧੁਰਦਰਗਾਹੀ ਦੇਵੇ ਦਾਤ, ਕਲਜੁਗ ਅੰਤਮ ਲੈ ਕੇ ਆਇਆ। ਅੰਤਮ ਲਹਿਣਾ ਦੇਣ ਦਿਵਸ ਸਾਤ, ਸਤਿ ਪੁਰਖਾ ਰਿਹਾ ਜਣਾਇਆ। ਪੰਚਮ ਸਿੱਖਾਂ ਬਣੀ ਬਰਾਤ, ਹਰਿ ਸਾਚਾ ਵਿਚ ਸੁਹਾਇਆ। ਨਾਮ ਅਨਮੁਲੜਾ ਦੇਵੇ ਦਾਤ, ਸੁਰਤ ਸਵਾਣੀ ਨਾਲ ਪਰਨਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਸੇਵਕ ਸੇਵਾਦਾਰ ਅਖਵਾਇਆ। ਸੇਵਕ ਸੇਵਾ ਕਰਨ ਜੋਗ, ਜੁਗ ਜੁਗ ਕਰਦਾ ਆਇਆ। ਪੰਚਮ ਰਸ ਲੈਣਾ ਭੋਗ, ਪੰਚਮ ਰਿਹਾ ਸੁਣਾਇਆ। ਮਿਲਿਆ ਮੇਲ ਧੁਰ ਸੰਜੋਗ, ਜੁਗ ਜੁਗ ਲੇਖ ਲਿਖਦਾ ਆਇਆ। ਦੂਈ ਦਵੈਤੀ ਮਿਟੇ ਤ੍ਰਿਸ਼ਨਾ ਰੋਗ, ਮਸਤਕ ਮੇਖ ਰਿਹਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਸਾਲ ਬਵੰਜਾ ਕਾਇਆ ਕੂੜ, ਕੂੜੇ ਰੰਗ ਰੰਗਾਈਆ। ਭਰਮ ਭੁਲਾਏ ਮੂਰਖ ਮੂੜ੍ਹ, ਗੁਰਮੁਖ ਮੇਲ ਮਿਲਾਈਆ। ਸੰਮਤ ਤੇਰਾਂ ਬਖ਼ਸ਼ੇ ਚਰਨ ਧੂੜ, ਤੇਰਾਂ ਤੇਰਾਂ ਰਿਹਾ ਤੁਲਾਈਆ। ਸੰਮਤ ਚੌਦਾਂ ਚਾੜ੍ਹੇ ਰੰਗ ਗੂੜ੍ਹ, ਪਹਿਲੀ ਚੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਉਠ ਸ਼ੇਰ ਸਿੰਘ ਦਲੇਰ, ਲਈ ਮਾਤ ਅੰਗੜਾਈਆ। ਨੌ ਖੰਡ ਪ੍ਰਿਥਮੀ ਲੈਣੀ ਘੇਰ, ਸੋਹੰ ਖੰਡਾ ਹੱਥ ਉਠਾਈਆ। ਪੰਚਮ ਜੇਠ ਨਾ ਲਾਉਣੀ ਦੇਰ, ਹਾੜ ਸਤਾਰਾਂ ਰਾਹ ਤਕਾਈਆ। ਕਲਜੁਗ ਮੇਲਾ ਅੰਤਮ ਏਕਾ ਵੇਰ, ਲਖ ਚੁਰਾਸੀ ਦਏ ਦੁਹਾਈਆ। ਨੌ ਖੰਡ ਪ੍ਰਿਥਮੀ ਛੇੜਾਂ ਛੇੜ, ਸਾਚਾ ਛੇੜੂ ਆਪ ਅਖਵਾਈਆ। ਅੰਤਮ ਲਹਿਣਾ ਦੇਣ ਨਿਬੇੜ, ਲਹਿਣਾ ਦੇਣਾ ਮੂਲ ਚੁਕਾਈਆ। ਗੁਰਮੁਖਾਂ ਵਸੇ ਨਗਰ ਖੇੜ, ਕਾਇਆ ਇਕ ਸੁਹਾਈਆ। ਜੁਗ ਜੁਗ ਜਾਣੇ ਆਪਣਾ ਗੇੜ, ਥਿਤ ਰੁੱਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਦੂਰ ਨੇੜ, ਦਿਸ ਕਿਸੇ ਨਾ ਆਈਆ। ਸਿੰਘ ਸ਼ੇਰ ਸ਼ਬਦ ਬਹਾਦਰ, ਖੰਡਾ ਨਾਮ ਉਠਾਇੰਦਾ। ਸੋਹੰ ਕਰੇ ਜਗਤ ਉਜਾਗਰ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਗੁਰਮੁਖਾਂ ਮੇਲਾ ਕਾਇਆ ਗਾਗਰ, ਨਿਰਮਲ ਨੀਰ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਖ਼ੁਸ਼ੀ ਮਨਾਇੰਦਾ। ਪਹਿਲੀ ਚੇਤਰ ਧੰਨ ਸੁਭਾਗਾ, ਲੋਕਮਾਤ ਕਲ ਆਇਆ। ਸਤਿਗੁਰ ਪੂਰਾ ਆਪੇ ਜਾਗਾ, ਆਪਣੀ ਕਲ ਵਰਤਾਇਆ। ਗੁਰਮੁਖਾਂ ਮੇਲ ਚਰਨ ਧੂੜ ਸਾਚੇ ਮਾਘਾ, ਹਰਿ ਹਰਿ ਨਾਮ ਜਪਾਇਆ। ਫੜ ਫੜ ਬਣਾਏ ਹੰਸ ਕਾਗਾ, ਏਕਾ ਰੂਪ ਸਮਾਇਆ। ਜੁਗ ਜੁਗ ਧੋਵੇ ਕਾਲਾ ਦਾਗ਼ਾ, ਸਹਿੰਸਾ ਰੋਗ ਮਿਟਾਇਆ। ਜਗਤ ਬੁਝਾਏ ਤ੍ਰਿਸ਼ਨਾ ਆਗਾ, ਦਰ ਦਰ ਫੇਰਾ ਪਾਇਆ। ਧੰਨ ਧੰਨ ਗੁਰਸਿਖ ਸਰਨ ਸਰਨਾਈ ਲਾਗਾ, ਪ੍ਰਭ ਸੇਵਕ ਸੇਵਾਦਾਰ ਅਖਵਾਇਆ। ਦੀਪਕ ਜੋਤੀ ਜਗੇ ਚਿਰਾਗਾ, ਅੰਧ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਪਰਦਾ ਲਾਹਿਆ। ਆਪ ਆਪਣਾ ਮੁਖ ਵਖਾਏ, ਅਕਲ ਕਲਾ ਭਰਪੂਰਾ। ਜਨ ਭਗਤਾਂ ਤ੍ਰਿਸ਼ਨਾ ਭੁੱਖ ਮਿਟਾਏ, ਉਤਰੇ ਸਗਲ ਵਸੂਰਾ। ਆਤਮ ਏਕਾ ਸੁਖ ਉਪਜਾਏ, ਸੇਵਾ ਲਾਏ ਅਨਹਦ ਤੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਘੜ ਚਤੁਰ ਬਣਾਏ ਮੂਰਖ ਮੂੜ੍ਹਾ। ਗੁਰਮੁਖ ਪੰਜ ਪਿਆਰਿਆ, ਗੁਰ ਸਤਿਗੁਰ ਆਪ ਜਗਾਇਆ। ਕਲਜੁਗ ਮਾਇਆ ਪੜਦਾ ਉਤਾਰਿਆ, ਪਰਤੱਖ ਰੂਪ ਵਟਾਇਆ। ਲੇਖੇ ਲੱਗੇ ਚਰਨ ਛੁਹਾਇਆ ਦਾੜ੍ਹਿਆ, ਅਲਖ ਅਲਖ ਅਲਖ ਜਗਾਇਆ। ਧੰਨ ਧੰਨ ਧੰਨ ਸੁਭਾਗ ਸਤਾਰਾਂ ਹਾੜਿਆ, ਦੇਸ਼ ਦੇਸ਼ਾਂ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਦੇਸ ਪਰਦੇਸਾ ਸਤਿ ਉਪਦੇਸ, ਆਪਣਾ ਆਪ ਜਣਾਈਆ। ਦਾਤਾ ਜੋਧਾ ਨਰ ਨਰੇਸ਼, ਨਿਰਗੁਣ ਹਰਿ ਰਘੁਰਾਈਆ। ਸਰਗੁਣ ਸਾਜਣ ਵਿਚ ਪਰਵੇਸ਼, ਗੋਬਿੰਦ ਰਿਹਾ ਧਰਾਈਆ। ਦਰ ਦਵਾਰੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ਼ ਬੈਠੇ ਸੀਸ ਝੁਕਾਈਆ। ਆਪੇ ਜਾਣੇ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਈਆ। ਵੇਖਣਹਾਰਾ ਧਾਰੀ ਕੇਸ, ਮੂੰਡ ਮੁੰਡਾਇਆ ਫੋਲ ਫੁਲਾਈਆ। ਕਰੇ ਕਰਾਏ ਅਵੱਲੜਾ ਵੇਸ, ਬ੍ਰਾਹਮਣ ਸ਼ੂਦਰ ਵੈਸ਼ ਭੇਵ ਨਾ ਰਾਈਆ। ਵਰਨ ਬਰਨ ਨਾ ਚਲੇ ਪੇਸ਼, ਮੁੱਲਾ ਕਾਜੀ ਪਾਂਧੇ ਗ੍ਰੰਥੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਕਲ ਆਪਣੀ ਆਪ ਵਰਤਾਈਆ। ਆਪਣੀ ਕਲ ਆਪ ਵਰਤਾਏ, ਏਕਾ ਏਕੰਕਾਰਾ। ਜਲ ਥਲ ਮਈਅਲ ਆਪ ਸਮਾਏ, ਵੇਖ ਵਖਾਏ ਡੂੰਘੀ ਗਾਰਾ। ਊਚ ਨੀਚ ਨੀਚ ਊਚ ਏਕਾ ਰੰਗਣ ਰੰਗ ਰੰਗਾਏ, ਸੱਤ ਰੰਗ ਵੇਖੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕੁੰਟ ਚਾਰ ਕਰਾਏ ਜੈ ਜੈ ਜੈਕਾਰਾ। ਸੱਤ ਰੰਗ ਨਿਸ਼ਾਨ, ਪ੍ਰਭ ਆਪਣਾ ਆਪ ਚੜ੍ਹਾਇੰਦਾ। ਆਪੇ ਹੋਇਆ ਨਿਗਾਹਬਾਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਪਕੜ ਉਠਾਏ ਰਾਜ ਰਾਜਾਨ, ਸ਼ਾਹ ਸੁਲਤਾਨ ਆਪ ਹਿਲਾਇੰਦਾ। ਇਕ ਰਖਾਏ ਸਾਚੀ ਆਣ, ਸ਼ਬਦ ਜਣਾਈ ਆਪ ਜਣਾਇੰਦਾ। ਅੰਤਮ ਤੁੱਟੇ ਜਗਤ ਮਾਣ, ਹੰਕਾਰ ਵਿਕਾਰ ਮਿਟਾਇੰਦਾ। ਧਰਮੀ ਧਰਮ ਝੁਲਾਏ ਇਕ ਨਿਸ਼ਾਨ, ਨਿਹਕਰਮੀ ਕਰਮ ਕਮਾਇੰਦਾ। ਊਚ ਨੀਚ ਰਾਓ ਰੰਕ ਰੰਕ ਰਾਜਾਨ, ਚਰਨ ਧਾਮ ਇਕ ਵਖਾਇੰਦਾ। ਗੀਤ ਸੁਹਾਗੀ ਸੋਹੰ ਗਾਣ, ਸਾਚਾ ਮਾਰਗ ਲਾਇੰਦਾ। ਸੋ ਪੁਰਖ ਨਿਰੰਜਣ ਦੇਵੇ ਇਕ ਗਿਆਨ, ਹੰ ਹੰਗਤਾ ਮੇਟ ਮਿਟਾਇੰਦਾ। ਚਤਰਭੁਜ ਸ੍ਰੀ ਭਗਵਾਨ, ਦੇਵਤ ਸੁਰ ਸੁਣਾਇੰਦਾ। ਬ੍ਰਹਮਾ ਸ਼ਿਵ ਕਰੇ ਪਛਾਣ, ਦੂਰ ਨੇੜੇ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਇਕ ਗਿਆਨ, ਸਾਚੀ ਗੀਤਾ ਨਾਮ ਪੜ੍ਹਾਇੰਦਾ। ਖਾਣੀ ਬਾਣੀ ਵੇਦ ਪੁਰਾਨ, ਸੋਹੰ ਰੀਤਾ ਆਪ ਚਲਾਇੰਦਾ। ਅੰਜੀਲ ਕੁਰਾਨਾਂ ਤੁੱਟੇ ਮਾਣ, ਚੀਤਾ ਚਿਤ ਆਪ ਵਸਾਇੰਦਾ। ਆਪ ਝੁਲਾਏ ਸਚ ਨਿਸ਼ਾਨ, ਮੀਤਨ ਮੀਤਾ ਆਪ ਅਖਵਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਸਰਨ ਸਰਨਾਈ ਇਕ ਜਣਾਇੰਦਾ। ਆਪੇ ਗੋਪੀ ਆਪੇ ਕਾਹਨ, ਕ੍ਰਿਸ਼ਨਾ ਰੂਪ ਵਟਾਇੰਦਾ। ਰਾਮ ਰਾਮਾ ਕਰੇ ਪਛਾਣ, ਗੁਰਮੁਖ ਕਾਇਆ ਸੁਤਿਆਂ ਸੁਰਤੀ ਆਪੇ ਆਪ ਪਰਨਾਇੰਦਾ। ਕਲਜੁਗ ਅੰਤਮ ਅਕਾਲ ਮੂਰਤੀ, ਆਦਿ ਸ਼ਕਤ ਆਦਿ ਪੁਰਖ ਜੋਤ ਨਿਰੰਜਣ ਸੇਵਾ ਲਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਧੂੜਤੀ, ਸੋ ਸੇਵਕ ਸੇਵ ਕਮਾਇੰਦਾ। ਕਾਇਆ ਚੋਲੀ ਰੰਗ ਗੂੜ੍ਹਤੀ, ਰੰਗ ਗੁਲਾਲਾ ਆਪ ਚੜ੍ਹਾਇੰਦਾ। ਮੇਟ ਮਿਟਾਏ ਪਸਾਰਾ ਕੂੜ ਕੂੜਤੀ, ਸੋਹੰ ਢੋਲਾ ਇਕ ਸੁਣਾਇੰਦਾ। ਗੁਰਮੁਖਾਂ ਆਸਾ ਮਨਸਾ ਪੂਰਤੀ, ਅਨਹਦ ਬੋਲਾ ਇਕ ਜਣਾਇੰਦਾ। ਵਸਿਆ ਨੇੜੇ ਦੂਰ ਦੂਰਤੀ, ਆਪ ਆਪਣਾ ਪੜਦਾ ਲਹਿੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪ ਆਪਣੀ ਕਿਰਪਾ ਧਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਸੱਤ ਰੰਗ ਨਿਸ਼ਾਨਾ ਸਤਿ ਸਤਿਵਾਦ, ਪ੍ਰਭ ਚਰਨਾਂ ਹੇਠ ਰਖਾਇੰਦਾ। ਆਪੇ ਜਾਣੇ ਆਦਿ ਜੁਗਾਦਿ, ਬ੍ਰਹਿਮਾਦ ਵੇਖ ਵਖਾਇੰਦਾ। ਉਚਾ ਕੂਕ ਵਜਾਏ ਨਾਦ, ਰਾਗ ਰਾਗਣੀ ਭੇਵ ਨਾ ਪਾਇੰਦਾ। ਗੁਰਮੁਖ ਸਾਚੇ ਸੰਤ ਸੁਹੇਲੇ ਸਾਜਨ ਸਾਧ, ਸਤਿ ਪੁਰਖਾਂ ਮੇਲ ਮਿਲਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮੋਹਣੀ ਰੂਪ ਵਟਾਇੰਦਾ। ਸੁਣੇ ਸੁਣਾਏ ਹਰਿ ਫਰਿਆਦ, ਦਹਿ ਦਿਸ਼ਾ ਵੇਖ ਵਖਾਇੰਦਾ। ਸੰਮਤ ਚੌਦਾਂ ਰੱਖਣਾ ਯਾਦ, ਪਹਿਲੀ ਚੇਤਰ ਵਕਤ ਸੁਹਾਇੰਦਾ। ਧੁਨ ਆਤਮ ਵੱਜੇ ਸਾਚਾ ਨਾਦ, ਜੋ ਜਨ ਚਰਨ ਧਿਆਨ ਰਖਾਇੰਦਾ। ਸਤਿਗੁਰ ਪੂਰਾ ਲਿਆ ਲਾਧ, ਪੰਜ ਤਤ ਨਾ ਕੋਈ ਰਖਾਇੰਦਾ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਕਾਇਆ ਅਗਨੀ ਭੇਟ ਚੜ੍ਹਾਇੰਦਾ। ਗੁਰਮੁਖਾਂ ਧੂੜੀ ਮਸਤਕ ਮਾਥ, ਜੋਤੀ ਨੂਰ ਆਪ ਟਿਕਾਇੰਦਾ। ਸਰਬ ਕਲਾ ਆਪੇ ਸਰਬ ਰੂਪ, ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਆਪਣਾ ਭੇਖ ਵਟਾਇੰਦਾ। ਸ਼ਬਦ ਚਲਾਏ ਅਕਥਨਾ ਅਕਥ, ਲਿਖ ਲਿਖ ਲੇਖਾ ਨਾ ਕੋਈ ਸਮਝਾਇੰਦਾ। ਮੇਲ ਮਿਲਾਏ ਜਿਉਂ ਰਾਮਾ ਦਸਰਾਥ, ਰਾਵਣ ਦੁਸ਼ਟਾਂ ਮਾਰ ਮੁਕਾਇੰਦਾ। ਕਾਹਨਾ ਕੰਸਾ ਤ੍ਰੈਲੋਕੀ ਨਾਥ, ਨਾਥ ਅਨਾਥਾਂ ਆਪ ਬਚਾਇੰਦਾ। ਪਾਰਬ੍ਰਹਮ ਪ੍ਰਭ ਸਗਲਾ ਸਾਥ, ਕਲਜੁਗ ਅੰਤ ਨਿਭਾਇੰਦਾ। ਸਗਲ ਵਸੂਰੇ ਜਾਣੇ ਲਾਥ, ਜੋ ਜਨ ਦਰਸ਼ਨ ਪਾਇੰਦਾ। ਅੰਮ੍ਰਿਤ ਆਤਮ ਧਾਰ ਮਾਰੇ ਠਾਠ, ਇਕ ਉਛਾਲ ਲਗਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਮੂਲ ਚੁਕਾਇੰਦਾ। ਗੁਰਸਿਖ ਸਾਚੀ ਪੂਜਾ ਏਕਾ ਪਾਠ, ਸੋਹੰ ਨਾਮ ਰਖਾਇੰਦਾ। ਵੇਖ ਵਖਾਣੇ ਤਤ ਆਠ, ਬੁਧ ਸੁਰਤੀ ਮਨ ਰਲਾਇੰਦਾ। ਵਿਰਲੇ ਹਰਿਜਨ ਰਹੇ ਹੱਠ, ਮਨ ਮਤੀ ਤੋੜ ਤੁੜਾਇੰਦਾ। ਕਲਜੁਗ ਅੰਤਮ ਗਿੜਨੀ ਉਲਟੀ ਲੱਠ, ਚੌਦਾਂ ਚੌਦਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਸਾਚੀ ਸੇਵਾ ਆਪ ਕਮਾਇੰਦਾ। ਸੇਵਕ ਸੇਵਾ ਹਰਿ ਬਲਕਾਰਾ, ਆਪਣੇ ਰੰਗ ਰੰਗਾਈਆ। ਸੱਤਾਂ ਦੀਪਾਂ ਪਹਿਰੇਦਾਰਾ, ਮੁਖ ਆਪਣਾ ਰਿਹਾ ਵਖਾਈਆ। ਲੁਕਿਆ ਰਿਹਾ ਅੰਧ ਅੰਧਿਆਰਾ, ਉਪਰ ਪੜਦਾ ਪਾਈਆ। ਜੋਤੀ ਨੂਰ ਹੋਏ ਚਮਤਕਾਰਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰਾ, ਏਕਾ ਨਾਅਰਾ ਲਾਈਆ। ਕਲਜੁਗ ਤੇਰਾ ਪਾਰ ਕਿਨਾਰਾ, ਹਰਿ ਸਾਚੀ ਨੀਂਹ ਰਖਾਈਆ। ਗੁਰਮੁਖਾਂ ਮੇਲਾ ਇਕ ਦਵਾਰਾ, ਸੁਰਤ ਸ਼ਬਦ ਦਰਸਾਈਆ। ਭਰਿਆ ਰਹੇ ਸ਼ਬਦ ਭੰਡਾਰਾ, ਸਾਢੇ ਤਿੰਨ ਹੱਥ ਸੀਸ ਝੁਕਾਈਆ। ਦੋ ਜਹਾਨਾਂ ਮੀਤ ਮੁਰਾਰਾ, ਏਕਾ ਏਕ ਅਖਵਾਈਆ। ਜੁਗ ਜੁਗ ਪਾਵਣਹਾਰਾ  ਸਾਰਾ, ਜੀਵ ਜੰਤ ਭੇਵ ਨਾ ਰਾਈਆ। ਕਾਇਆ ਮੰਦਰ ਸਚ ਗੁਰੂਦਵਾਰਾ, ਚਾਰ ਦਵਾਰਾ ਨਾ ਕੋਈ ਬਣਾਈਆ। ਜੋਤੀ ਨੂਰ ਕਰ ਉਜਿਆਰਾ, ਪਲੰਘ ਰੰਗੀਲਾ ਹਰਿ ਬੈਠਾ ਆਸਣ ਲਾਈਆ। ਹਰਿ ਮਿਲਿਆ ਮੇਲ ਪੁਰਖ ਅਪਾਰਾ, ਉਚਾ ਮੰਦਰ ਇਕ ਚੁਬਾਰਾ, ਅਟੱਲ ਮਹੱਲ ਨਾਉਂ ਰਖਾਈਆ। ਸਤਿ ਪੁਰਖ ਨਿਰੰਜਣ ਤੇਰੀ ਧਾਰਾ, ਆਵੇ ਜਾਵੇ ਖੇਲ ਰਚਾਈਆ। ਕੂਕ ਪੁਕਾਰੇ ਵਾਰੋ ਵਾਰਾ, ਸ਼ਬਦ ਸ਼ਬਦੀ ਦਏ ਜਣਾਈਆ। ਜੋਤੀ ਨੂਰ ਹਰਿ ਨਿਰੰਕਾਰਾ, ਆਪ ਆਪਣੇ ਰੰਗ ਸਮਾਈਆ। ਸਤਿ ਪੁਰਖ ਚਰਨ ਬਲਿਹਾਰਾ, ਸਤਿ ਸਰੂਪ ਸਮਾਈਆ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਈਆ। ਜੁਗ ਜੁਗ ਮਾਤ ਲਏ ਅਵਤਾਰਾ, ਸਤਿਜੁਗ ਤ੍ਰੇਤਾ ਪਾਰ ਕਰਾਈਆ। ਜੁਗ ਤ੍ਰੇਤਾ ਪ੍ਰਭ ਪਾਵੇ ਸਾਰਾ, ਸੋਲਾਂ ਕਲ ਵਖਾਈਆ। ਕਲਜੁਗ ਅੰਤਮ ਵੇਖ ਵਿਚਾਰਾ, ਲੋਕਮਾਤ ਕਰੇ ਲੜਾਈਆ। ਨਾਉਂ ਰਖਾਇਆ ਹਰਿ ਗਿਰਧਾਰਾ, ਸਿੰਘ ਸ਼ੇਰ ਕਹੇ ਲੋਕਾਈਆ। ਮਨੀ ਸਿੰਘ ਦਰ ਬਣ ਭਿਖਾਰਾ, ਉਚਾ ਕੂਕੇ ਦਏ ਦੁਹਾਈਆ। ਨਿਹਕਲੰਕਾ ਲਏ ਅਵਤਾਰਾ, ਅਮਾਮ ਮਹਿੰਦੀ ਮੁਖ ਛੁਪਾਈਆ। ਰਾਮ ਕ੍ਰਿਸ਼ਨਾ ਹਰਿ ਅਵਤਾਰਾ, ਏਕਾ ਰੰਗ ਸਮਾਈਆ। ਨਾਨਕ ਬਣਿਆ ਦਰ ਭਿਖਾਰਾ, ਗੋਬਿੰਦ ਰਸਨਾ ਗਾਈਆ। ਸੰਗ ਮੁਹੰਮਦ ਚਾਰ ਯਾਰਾ, ਲੇਖਾ ਰਿਹਾ ਚੁਕਾਈਆ। ਈਸਾ ਮੂਸਾ ਮੀਤ ਮੁਰਾਰਾ, ਆਪਣਾ ਮੇਲ ਮਿਲਾਈਆ। ਧਰਤ ਮਾਤ ਦੀ ਸੁਣ ਪੁਕਾਰਾ, ਪਰਗਟ ਹੋਵੇ ਹਰਿ ਰਘੁਰਾਈਆ। ਗਊ ਗਰੀਬਾਂ ਪਾਵੇ ਸਾਰਾ, ਦਿਵਸ ਰੈਣ ਹੋਏ ਸਹਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਬਣਤ ਬਣਾਈਆ। ਸ਼ਬਦ ਖੰਡਾ ਤੇਜ ਕਟਾਰਾ, ਏਕਾ ਆਪਣੇ ਹੱਥ ਉਠਾਈਆ। ਦਿਸ ਨਾ ਆਏ ਵਿਚ ਸੰਸਾਰਾ, ਨਾ ਕੋਈ ਭੇਵ ਜਣਾਈਆ। ਮਾਇਆ ਪੜਦਾ ਪਾਇਆ ਭਾਰਾ, ਆਪ ਆਪਣਾ ਰਿਹਾ ਮੁਖ ਛੁਪਾਈਆ। ਪਰਗਟ ਹੋਏ ਨਰ ਅਵਤਾਰਾ, ਪੰਚਾਂ ਮੇਲ ਮਿਲਾਈਆ। ਪੰਚਾਂ ਮਿਲ ਮਿਲ ਕੀਆ ਖ਼ਬਰਦਾਰਾ, ਗੁਰ ਪੂਰੇ ਸੇਵਾ ਲਾਈਆ। ਉਠ ਸ਼ੇਰ ਸਿੰਘ ਸਰਦਾਰਾ, ਗੁਰਮੁਖ ਆਤਮ ਦਏ ਦੁਹਾਈਆ। ਚਾਰੋਂ ਕੁੰਟ ਹਾਹਾਕਾਰਾ, ਤਾਅਨੇ ਮਾਰੇ ਜਗਤ ਲੁਕਾਈਆ। ਢਹਿ ਢਹਿ ਪਏ ਚਰਨ ਦਵਾਰਾ, ਬਾਹੋਂ ਫੜ ਲਏ ਉਠਾਈਆ। ਪੰਜ ਪਿਆਰੇ ਕਰ ਤਿਆਰਾ, ਪ੍ਰਭ ਪੰਚਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਕ ਰਖਾਈਆ। ਪੰਚਾਂ ਏਕਾ ਮਤਾ ਪਕਾਇਆ, ਏਕਾ ਦਰ ਦਵਾਰਿਆ। ਰੰਗ ਸੱਤਾਂ ਹਰਿ ਨਿਸ਼ਾਨ ਵਖਾਇਆ, ਸੋਹੰ ਲੇਖ ਲਿਖਾ ਰਿਹਾ। ਦੇ ਮਤਾਂ ਆਪ ਸਮਝਾਇਆ, ਤੁੱਟਾ ਮਾਣ ਮੋਹ ਲੋਭ ਤਨ ਹੰਕਾਰਿਆ। ਧੀਰਜ ਯਤਾ ਆਪ ਰਖਾਇਆ, ਆਤਮ ਤ੍ਰਿਸ਼ਨਾ ਭੁੱਖ ਨਿਵਾਰਿਆ। ਚਰਨ ਪ੍ਰੀਤੀ ਨੱਤਾ ਆਪ ਬੰਧਾਇਆ, ਦੋ ਜਹਾਨਾਂ ਮੇਲ ਮਿਲਾ ਰਿਹਾ। ਆਤਮ ਵੱਤਾ ਬੀਜ ਬਿਜਾਇਆ, ਸੋਹੰ ਆਪ ਖਿਲਾਰਿਆ। ਕਮਲਾਪਤਾ ਆਪ ਅਖਵਾਇਆ, ਸੇਵਕ ਸੇਵਾ ਸਾਚੀ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਇਕ ਅਕਾਲਾ ਪੰਚਮ ਤੇਲ ਚੜ੍ਹਾ ਰਿਹਾ। ਪੰਚਮ ਸਿੱਖਾਂ ਪੰਚ ਪਰਧਾਨਾ, ਪੰਚਮ ਰੂਪ ਵਟਾਇਆ। ਪੰਚਮ ਬੰਨ੍ਹਿਆ ਗੁਰ ਪੂਰੇ ਹੱਥੀਂ ਗਾਨਾ, ਗੁਰ ਪੂਰਾ ਸੇਵਾ ਲਾਇਆ। ਉਠਿਆ ਸ਼ੇਰ ਸਿੰਘ ਨਿਧਾਨਾ, ਦਿਸ ਕਿਸੇ ਨਾ ਆਇਆ। ਫੜਿਆ ਤੀਰ ਇਕ ਨਿਸ਼ਾਨਾ, ਰਸਨਾ ਚਿੱਲੇ ਆਪ ਚੜ੍ਹਾਇਆ। ਆਪੇ ਮਾਰੇ ਮੁਗਲ ਪਠਾਣਾ, ਹਿੰਦ ਹਿੰਦਵਾਣੀ ਦਏ ਹਿਲਾਇਆ। ਖੇਲੇ ਖੇਲ ਦੋ ਜਹਾਨਾਂ, ਪੰਜ ਸ਼ੈਤਾਨਾ ਰਿਹਾ ਜਗਾਇਆ। ਸਰਬ ਜੀਆਂ ਪ੍ਰਭ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇਆ। ਗੁਰਮੁਖ ਵਿਰਲੇ ਮਾਤ ਪਛਾਣਾ, ਜਿਸ ਜਨ ਆਪਣੀ ਦਇਆ ਕਮਾਇਆ। ਦਰ ਦਵਾਰੇ ਦੇਵੇ ਮਾਣਾ, ਮਾਣ ਅਭਿਮਾਨ ਮਿਟਾਇਆ। ਆਵਣ ਜਾਵਣ ਚੁੱਕੇ ਕਾਣਾ, ਕਾਲ ਮਹਾਂਕਾਲ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣਾ ਰਿਹਾ ਜਣਾਇਆ। ਸੱਤ ਰੰਗ ਨਿਸ਼ਾਨਾ ਸਾਚੀ ਧਾਰ, ਆਪਣੀ ਆਪ ਚਲਾਇੰਦਾ। ਪਰਗਟ ਹੋਏ ਨਰ ਨਿਰੰਕਾਰ, ਨਰ ਨਿਰੰਕਾਰ ਰੂਪ ਵਟਾਇੰਦਾ। ਪੰਜ ਤਤ ਨਾ ਕੋਈ ਅਕਾਰ, ਮਨ ਮਤ ਬੁੱਧ ਨਾ ਕੋਈ ਰਖਾਇੰਦਾ। ਸ਼ਬਦ ਸ਼ਬਦੀ ਇਕ ਪਿਆਰ, ਏਕਾ ਧਾਰ ਵਹਾਇੰਦਾ। ਗੁਰ ਮੰਤਰ ਦਏ ਚਰਨ ਪਿਆਰ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਤਨ ਬੁਝਾਏ ਲੱਗੀ ਬਸੰਤਰ, ਮੋਹ ਮਾਇਆ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਤਨ ਵਿਕਾਰਾ ਮੇਟ ਮਿਟਾਇੰਦਾ। ਕਲਜੁਗ ਛਾਇਆ ਧੂੰਆਂਧਾਰ, ਚਾਰ ਕੁੰਟ ਰੈਣ ਅੰਧੇਰੀਆ। ਭਾਰਤ ਖੰਡੀ ਜਗਤ ਸਰਕਾਰ, ਹਰਿ ਪਾਵੇ ਸਾਚਾ ਫੇਰਿਆ। ਅੰਤਮ ਤੱਜਣਾ ਸਰਬ ਘਰ ਬਾਹਰ, ਬੀਸ ਬੀਸਾ ਨਾ ਲਾਏ ਦੇਰਿਆ। ਸਾਚਾ ਸੱਜਣ ਭਬੀਖਣ ਯਾਰ, ਲਹਿਣਾ ਦੇਣਾ ਮੇਰੀ ਤੇਰਿਆ। ਕਲਜੁਗ ਬੈਠਾ ਅੱਧ ਵਿਚਕਾਰ, ਤ੍ਰੈਗੁਣ ਮਾਇਆ ਘੁੰਮਣ ਘੇਰੀਆ। ਕਵਣ ਲੰਘਾਏ ਅੰਤਮ ਪਾਰ, ਉਲਟੇ ਚੱਕਰ ਦੇਵੇ ਗੇੜਿਆ। ਮੁਖ ਪ੍ਰਮੁਖ ਰਾਜ ਦਰਬਾਰ, ਸਚ ਸੁਲਤਾਨ ਨਾ ਦਿਸੇ ਖੇੜਿਆ। ਲਾੜੀ ਮੌਤ ਵਿਛੋੜੇ ਕੂੰਜਾ ਡਾਰ, ਲਹਿਣਾ ਦੇਣਾ ਜਗਤ ਨਿਬੇੜਿਆ। ਸ਼ਾਹ ਸੁਲਤਾਨਾਂ ਹੋਣਾ ਹੁਸ਼ਿਆਰ, ਸੰਮਤ ਚੌਦਾਂ ਛੇੜੇ ਛੇੜਿਆ। ਨੌ ਜੇਠ ਮਿਲਣਾ ਇਕ ਵਾਰ, ਅੰਤਮ ਢਹਿ ਢਹਿ ਹੋਏ ਢੇਰਿਆ। ਲਿਖਿਆ ਲੇਖ ਦਿੱਲੀ ਦਰਬਾਰ, ਆਪ ਲਿਖਾਵੇ ਸਿੰਘ ਸ਼ੇਰ ਦਲੇਰਿਆ। ਮੰਗੋ ਮੰਗ ਬਣ ਭਿਖਾਰ, ਗੁਰ ਚੇਲਾ ਚੇਲਾ ਗੁਰ ਏਕਾ ਵੇਰਿਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਕਰ ਕਰ ਆਪਣੀ ਮਿਹਰਿਆ। ਦੀਪ ਜੰਬੁ ਅੱਧ ਵਿਚਕਾਰ, ਪ੍ਰਭ ਚਰਨ ਛੁਹਾਏ ਨਾ ਲਾਏ ਦੇਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਕਲਜੁਗ ਅੰਤਮ ਵੇਰਿਆ।