Granth 06 Likhat 056: Pahili Chet 2014 Bikarmi Har Bhagat Dwar Jethuwal to Dera Baba Jaimal Singh Sant Charan Singh nu Shabad Likhia gia

ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਡੇਰਾ ਬਾਬਾ ਜੈਮਲ ਸਿੰਘ, ਸੰਤ ਚਰਨ ਸਿੰਘ ਨੂੰ ਸ਼ਬਦ ਲਿਖਿਆ ਗਿਆ

ਜੈਮਲ ਸਾਵਣ ਸ਼ਬਦ ਮਿਲਾਵਾ, ਸੁਰਤ ਕਰੀ ਕੁੜਮਾਈਆ। ਸਿੰਘ ਚਰਨ ਕਿਉਂ ਦਿਤਾ ਬੇਦਾਵਾ, ਪ੍ਰਭ ਸਾਚੇ ਸਾਰ ਨਾ ਪਾਈਆ। ਮਾਇਆ ਮਮਤਾ ਤਨ ਮਾਟੀ ਕਾਚਾ ਆਵਾ, ਆਦਿ ਅੰਤ ਰਹਿਣ ਨਾ ਪਾਈਆ। ਜਗਤ ਜਵਾਨੀ ਨਾਦਾਨੀ ਢਲੇ ਪਰਛਾਵਾਂ, ਨਾ ਕੋਈ ਹੋਏ ਸਹਾਈਆ। ਸੰਤ ਸੁਹੇਲੇ ਸਤਿਗੁਰ ਪੂਰੇ ਦੀਆਂ ਸਾਚੀਆਂ ਬਾਹਵਾਂ, ਦੋਵੇਂ ਭੁਜਾਂ ਉਠਾਈਆ। ਸਾਵਣ ਸਿੰਘਾਸਣ ਸਾਚਾ ਪਾਵਾ, ਮੂਲ ਚੂਲ ਨਾ ਕੋਈ ਰਖਾਈਆ। ਕਾਗ ਹੰਸ ਮਾਨਣ ਛਾਂਵਾ, ਮੋਤੀ ਚੋਗ ਚੁਗਾਈਆ। ਪੰਜ ਸ਼ਬਦ ਸਾਚਾ ਨਾਮਾ, ਨਾਮ ਨਾਮਾ ਰਿਹਾ ਜਣਾਈਆ। ਪੰਜ ਤਤ ਨਾ ਬਣਿਆ ਤਾਮਾ, ਨਾ ਆਪਣੀ ਭੇਟ ਚੜ੍ਹਾਈਆ। ਪੁਰਖ ਅਬਿਨਾਸ਼ੀ ਅੰਤਰ ਜਾਮਾ, ਘਟ ਅੰਤਰ ਵੇਖ ਵਖਾਈਆ। ਸਾਚਾ ਨਾਮ ਨਾ ਪੱਲੇ ਦਾਮਾ, ਦਮ ਵਿਦਿਆ ਜਗਤ ਗਾਈਆ। ਲੇਖਾ ਲਿਖੇ ਨਾ ਕਾਇਆ ਚਾਮਾ, ਕਾਇਆ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਵੇਖੇ ਚੜ੍ਹ, ਦੂਰ ਦੁਰਾਡੇ ਥਾਉਂ ਥਾਈਂਆ। ਸ਼ਬਦ ਵਰ ਜਗਤ ਨਿਧਾਨ, ਹਰਿਜਨ ਵਿਰਲੇ ਪਾਇਆ। ਪੰਚਮ ਮੇਲਾ ਪੰਚ ਸ਼ੈਤਾਨ, ਲੇਖਾ ਮੂਲ ਗਵਾਇਆ। ਨਾਮ ਨਿਧਾਨਾ ਸਚ ਬਿਬਾਣ, ਕੰਤ ਕੰਤੂਹਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ਾ ਸ਼ਬਦ ਭਿਖਾਰੀ, ਦਰ ਦਵਾਰੇ ਫੇਰਾ ਪਾਇਆ। ਸ਼ਬਦ ਭਿਖਾਰੀ ਦਰ ਦਰਬਾਨ, ਆਏ ਬੰਕ ਦਵਾਰਿਆ। ਅੱਠ ਚੇਤਰ ਵੇਖਣਾ ਮਾਰ ਧਿਆਨ, ਸਚ ਮੰਦਰ ਹੋਇਆ ਬਾਹਰਿਆ। ਨੌ ਚੇਤਰ ਆਇਆ ਇਕ ਗਿਆਨ, ਮਿਲਿਆ ਮੇਲ ਦਰ ਦਵਾਰਿਆ। ਪੁੱਛ ਗਿਛ ਦੁੱਖ ਸੁੱਖ ਮਹਾਨ, ਕਾਇਆ ਖੇਲ ਖਿਲਾ ਰਿਹਾ। ਭੇਵ ਨਾ ਪਾਇਆ ਹਰਿ ਭਗਵਾਨ, ਸ਼ਬਦੀ ਸ਼ਬਦ ਨਾ ਕੋਇ ਜਣਾ ਰਿਹਾ। ਗੁਣਵੰਤਾ ਹਰਿ ਗੁਣ ਨਿਧਾਨ, ਭੇਵ ਅਭੇਦਾ ਆਪ ਅਖਵਾ ਰਿਹਾ। ਸਾਵਣ ਧਰਤੀ ਧਰਮ ਨਿਸ਼ਾਨ, ਸੰਮਤ ਸੋਲਾਂ ਆਪ ਝੁਲਾ ਰਿਹਾ। ਆਪੇ ਹੋਇਆ ਬੇਪਛਾਣ, ਲਾੜੀ ਮੌਤ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਦਰਾਂ ਕੱਤਕ ਪਾਰ ਕਰਾ ਰਿਹਾ। ਪੰਦਰਾਂ ਕੱਤਕ ਸਰ ਅੰਮ੍ਰਿਤ ਸਾਚਾ ਮੇਲ ਮਿਲੰਨਿਆ। ਕੌਲ ਇਕਰਾਰ ਹੋਇਆ ਦਰ, ਭਰਮ ਭੁਲੇਖਾ ਕਿਉਂ ਭੁਲੰਨਿਆ। ਸਵਾ ਪੰਜ ਲੱਖ ਇਕੱਠਾ ਕਰ, ਸਾਵਣ ਰੂਪ ਵਟਾਏ ਦਰਸ ਦਿਖਾਏ ਹਰਿ ਭਗਵੰਨਿਆ। ਸਾਧਾਂ ਸੰਤਾਂ ਜੀਵਾਂ ਜੰਤਾਂ ਨੂੰ ਕਿਉਂ ਰਿਹਾ ਡਰ, ਖਾਲੀ ਖਾਲੀ ਸਭ ਦੀ ਛੱਪਰ ਛੰਨਿਆ। ਸਾਵਣ ਚੁਬਾਰੇ ਬੈਠਾ ਚੜ੍ਹ, ਜੋ ਅੜਿਆ ਸੋ ਭੰਨਿਆ। ਪੁਰਖ ਅਬਿਨਾਸ਼ੀ ਫੜਿਆ ਲੜ, ਆਪ ਚੜ੍ਹਾਏ ਸਾਚਾ ਚੰਨਿਆ। ਸੰਤ ਜੰਤ ਨਾ ਕੋਈ ਸਕੇ ਅੜ, ਕਰੇ ਕਰਾਏ ਖੰਨ ਖੰਨਿਆ। ਮਾਇਆ ਮਮਤਾ ਕਲਜੁਗ ਗੜ੍ਹ ਜਗਤ ਕਰਾਇਆ ਅੰਨ੍ਹਿਆ। ਤ੍ਰਿਸ਼ਨਾ ਅਗਨੀ ਗਏ ਸੜ, ਭਾਣਾ ਸਤਿਗੁਰ ਕਿਸੇ ਨਾ ਮੰਨਿਆ। ਸਾਵਣ ਅੱਖਰ ਏਕਾ ਪੜ੍ਹ, ਘਰ ਘਰ ਬਣਾਈ ਬੈਠੇ ਬੰਨਿਆ। ਪੁਰਖ ਅਬਿਨਾਸ਼ੀ ਆਪ ਉਖੇੜੇ ਸਭ ਦੀ ਜੜ੍ਹ, ਅੰਤਮ ਦੇਵੇ ਡੰਨਿਆ। ਸਾਵਣ ਮੇਲਾ ਨਾ ਕੋਈ ਸੀਸ ਨਾ ਕੋਈ ਧੜ, ਜਨਣੀ ਜਨ ਨਾ ਕਿਸੇ ਜਣਿਆ। ਸਰਨ ਸਰਨਾਈ ਸਾਚੀ ਪੜ੍ਹ, ਸਤਿ ਪੁਰਖ ਨਿਰੰਜਣ ਏਕਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਬਣਿਆ।

(੨੧ ਚੇਤ ੨੦੧੪ ਬਿਕ੍ਰਮੀ ਨੂੰ ਇਹ ਸ਼ਬਦ ਭੇਜਿਆ ਗਿਆ)