੨ ਅਸੂ ੨੦੧੩ ਬਿਕ੍ਰਮੀ ਦਿੱਲੀ ਸੰਤ ਕ੍ਰਿਪਾਲ ਸਿੰਘ ਨੇ ਡੇਰੇ ਸੱਦਿਆ ਤੇ ਫਿਰ ਆਪ ਡੇਰਾ ਛੱਡ ਕੇ ਬਾਹਰ ਚਲਾ ਗਿਆ ਤੇ ਸੰਗਤ ਤੋਂ ਮੁਖ ਭਵਾ ਗਿਆ
ਸਤਿ ਪੁਰਖ ਨਿਰੰਜਣ ਏਕ ਹੈ, ਸ੍ਰਿਸ਼ਟ ਸਬਾਈ ਟੇਕ। ਸ੍ਰਿਸ਼ਟ ਸਬਾਈ ਰਿਹਾ ਵੇਖ ਹੈ, ਕਵਣ ਘਰ ਮਾਤ ਬਿਬੇਕ। ਆਪੇ ਲਿਖਣਹਾਰਾ ਲੇਖ ਹੈ, ਨੌ ਖੰਡ ਪ੍ਰਿਥਮੀ ਨੇਤਰ ਪੇਖ। ਕਲਜੁਗ ਤੇਰਾ ਕਾਲਾ ਭੇਖ ਹੈ, ਜੂਠੀ ਝੂਠੀ ਲੱਗੀ ਮੇਖ। ਅੰਤਮ ਨਾ ਕੋਈ ਰਹਿਣਾ ਔਲੀਆ ਪੀਰ ਸ਼ੇਖ਼ ਹੈ, ਜੀਵ ਜੰਤ ਸਾਧ ਸੰਤ ਪ੍ਰਭ ਰੱਖੇ ਚਰਨਾਂ ਹੇਠ। ਕਲਜੁਗ ਮਾਇਆ ਮਮਤਾ ਭਰਮੇ ਭੁੱਲੇ ਵਡ ਵਡ ਸੇਠ। ਦਰ ਮੇਲਾ ਨਾ ਸਾਚੇ ਕੰਤ ਹੈ, ਹੋਏ ਝੂਠੇ ਕੌੜੇ ਰੇਠ। ਮਮਤਾ ਅਗਨੀ ਮਹੀਨਾ ਜੇਠ ਹੈ, ਹਉਮੇ ਤਤੀ ਸੀਸ ਰੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਲੇਖ। ਆਪ ਆਪਣਾ ਲੇਖ ਲਿਖਾਇਆ, ਲੇਖਾ ਧੁਰ ਦਰਗਾਹੀ ਦਾ। ਸੰਤ ਕਿਰਪਾਲ ਪ੍ਰਭ ਹੁਕਮ ਜਣਾਇਆ, ਅੱਸੂ ਦੋ ਵੇਲਾ ਸਾਚੇ ਮਾਹੀ ਦਾ। ਅੱਸੂ ਤਿੰਨ ਵੇਖ ਵਖਾਇਆ, ਦਰ ਘਰ ਟਿਕਾਣਾ ਸਾਚੇ ਸ਼ਾਹੀ ਦਾ। ਆਪ ਆਪਣਾ ਭੇਖ ਵਟਾਇਆ, ਖੇਲੇ ਖੇਲ ਬੇਪਰਵਾਹੀ ਦਾ। ਸਾਧਾਂ ਸੰਤਾਂ ਬਹਿ ਬਹਿ ਆਸਣ ਲਾਇਆ, ਪੁਰਖ ਅਬਿਨਾਸ਼ੀ ਦਿਸ ਨਾ ਆਇਆ, ਕਵਣ ਦਵਾਰੇ ਬਹਿ ਬਹਿ ਗਾਈ ਦਾ। ਰਸਨਾ ਢੋਲ ਮਰਦੰਗ ਵਜਾਇਆ, ਨੌ ਦਵਾਰੇ ਨਾ ਲੰਘ ਵਖਾਇਆ, ਲੇਖਾ ਚੁੱਕੇ ਆਵਣ ਜਾਵਣ ਝੂਠੀ ਫਾਹੀ ਦਾ। ਮਾਨਸ ਜਨਮ ਭੰਗ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਜਗਤ ਮੂਲ ਆਪਣੀ ਹੱਥੀਂ ਰਿਹਾ ਚੁਕਾਇਆ। ਸੰਤ ਕਿਰਪਾਲ ਤੇਰਾ ਕੌਲ ਇਕਰਾਰ, ਘਰ ਸਾਚੇ ਇਕ ਨਿਭਾਇੰਦਾ। ਆਪਣਾ ਛੱਡਿਆ ਦਰ ਦਰਬਾਰ, ਪੰਚਮ ਸਾਵਣ ਵਕਤ ਭੁਲਾਇੰਦਾ। ਸਾਚਾ ਮੀਤਾ ਮੀਤ ਮੁਰਾਰ, ਸਾਵਣ ਸਾਵਣ ਸਾਵਣ ਰਸਨਾ ਗਾਇੰਦਾ। ਅਚਰਜ ਰੀਤਾ ਵੇਖ ਵਿਚ ਸੰਸਾਰ, ਸਾਧ ਸੰਤ ਨਾ ਕੋਈ ਬਚਨ ਨਿਭਾਇੰਦਾ। ਅੰਮ੍ਰਿਤ ਨਾਮ ਨਿਧਾਨ ਮਾਤ ਕਿਸੇ ਨਾ ਪੀਤਾ, ਸਾਚਾ ਧਾਮ ਨਾ ਕੋਈ ਵਸਾਇੰਦਾ। ਕਲ ਕੋਇ ਨਾ ਪਤਤ ਪੁਨੀਤਾ, ਪੱਲੇ ਦਾਮ ਨਾ ਨਾਮ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਦੋ ਆਏ ਦਰ, ਵੇਖ ਵਖਾਣੇ ਘਰ ਘਰ ਸਾਚਾ ਸਾਜਣ ਦਿਸ ਨਾ ਆਇੰਦਾ। ਸਾਚੇ ਸਾਜਣ ਛੱਡਿਆ ਘਰ, ਉਲਟੀ ਰੀਤ ਚਲਾਇੰਦਾ। ਆਪਣੀ ਰਸਨਾ ਮੰਗਿਆ ਵਰ, ਸਾਚੀ ਲੱਗੀ ਤੋੜ ਨਿਭਾਇੰਦਾ। ਆਪਣੀ ਕਰਨੀ ਰਿਹਾ ਕਰ, ਭਰਮ ਭੁਲੇਖਾ ਬੇਪਰਵਾਹੀ ਦਾ। ਅੰਤਮ ਬੰਦ ਕਰਾਏ ਸਾਰੇ ਦਰ, ਚਾਰ ਵਰਨਾਂ ਏਕਾ ਸਰਨਾਂ ਏਕਾ ਰਾਹ ਜਣਾਈ ਦਾ। ਸੰਮਤ ਸੋਲਾਂ ਚੁੱਕੇ ਡਰ, ਦੋਏ ਦੋਏ ਜੋੜ ਨਾ ਸੀਸ ਕਿਸੇ ਝੁਕਾਈ ਦਾ। ਸੰਤ ਸੁਹੇਲੇ ਗੁਰ ਗੁਰ ਚੇਲੇ ਪ੍ਰਭ ਅਬਿਨਾਸ਼ੀ ਲਏ ਫੜ, ਜੋਤੀ ਸ਼ਬਦੀ ਮੇਲ ਮਿਲਾਈ ਦਾ। ਪੰਚਮ ਅੰਦਰ ਰਿਹਾ ਸੜ, ਪੰਚਮ ਜੋੜ ਜੁੜਾਈ ਦਾ। ਨਾ ਕੋਈ ਸੀਸ ਨਾ ਕੋਈ ਧੜ, ਸਾਚੇ ਮੰਦਰ ਬਹਿਣਾ ਵੜ, ਅੱਠੇ ਪਹਿਰ ਦਰਸ਼ਨ ਮਾਹੀ ਦਾ। ਕਦੇ ਨਾ ਕਰੇ ਬੰਦ ਦਰ, ਗੁਰ ਸੰਗਤ ਕੋਲੋਂ ਨਾ ਆਏ ਡਰ, ਸਤਿਗੁਰ ਸਾਚਾ ਵਸੇ ਸਾਚੇ ਘਰ, ਨਾ ਕੋਈ ਨਾਰੀ ਨਾ ਕੋਈ ਨਰ, ਏਕਾ ਅੰਕ ਸਮਾਈ ਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਆਪ ਆਪਣੀ ਕਿਰਪਾ ਕਰ, ਦਰਸ ਕਰਾਏ ਦਇਆ ਕਮਾਏ, ਹਰਿਜਨ ਆਪਣੇ ਰੰਗ ਰੰਗਾਈ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਦੋ ਵੇਖੇ ਘਰ, ਮਸਤਕ ਲੇਖ ਲਿਖਿਆ ਕਿਹੜੀ ਸ਼ਾਹੀ ਦਾ। ਆਪਣੀ ਹੱਥੀਂ ਲਿਖਿਆ ਲੇਖ, ਕਵਣ ਦਿਵਸ ਸੁਹਾਵਣਾ। ਉਤਰ ਦਿਤਾ ਸਭ ਘਟ ਵੇਖ, ਵਾਰ ਥਿਤ ਆਪ ਸਮਝਾਵਣਾ। ਮਸਤਕ ਵੇਖੇ ਲੱਗੀ ਮੇਖ, ਬਜਰ ਕਪਾਟੀ ਖੋਲ੍ਹ ਖੁਲ੍ਹਾਵਣਾ। ਨਾ ਕੋਈ ਜਾਣੇ ਧਾਰੀ ਭੇਖ, ਜੋਤ ਸਰੂਪੀ ਹਰਿ ਭਗਵਾਨਣਾ। ਨਾ ਕੋਈ ਮੁੱਛ ਦਾਹੜੀ ਨਾ ਕੇਸ, ਨਾ ਕੋਈ ਦਿਸੇ ਮੂੰਡ ਮੁੰਡਾਵਣਾ। ਸਭ ਘਟ ਆਪੇ ਹੋਏ ਪਰਵੇਸ਼, ਸ਼ਬਦੀ ਆਪ ਫੜਾਏ ਦਾਮਨਾ। ਵੇਖ ਵਖਾਣੇ ਨਰ ਨਰੇਸ਼, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇ ਮਤ ਆਪ ਸਮਝਾਵਣਾ। ਅੱਸੂ ਤਿੰਨ ਪ੍ਰਭ ਸਾਚੇ ਵੇਸ, ਪ੍ਰਭ ਆਪਣਾ ਆਪ ਵਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਕਤ ਵਿਚਾਰੇ ਸਾਢੇ ਦਸ, ਵਾਲੀ ਹਿੰਦ ਆਪ ਉਠਾਵਣਾ। ਵਾਲੀ ਹਿੰਦ ਜਾਣਾ ਜਾਗ, ਪ੍ਰਭ ਦਿੱਲੀ ਚਰਨ ਛੁਹਾਇੰਦਾ। ਸੰਤ ਸੁਹੇਲੇ ਗਏ ਭਾਗ, ਇਕ ਇਕੱਲਾ ਜੋਤ ਪਰਗਟਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗ, ਸ਼ਬਦ ਵੈਰਾਗ ਇਕ ਉਪਜਾਇੰਦਾ। ਚਰਨ ਧੂੜੀ ਬਖ਼ਸ਼ੇ ਸਾਚਾ ਮਜਨ ਮਾਘ, ਗੁਰਮੁਖ ਦਿਵਸ ਰੈਣ ਨੁਹਾਇੰਦਾ। ਕਲਜੁਗ ਕਾਇਆ ਲੱਗੇ ਭਾਗ, ਲੱਖ ਚੁਰਾਸੀ ਫੰਦ ਕਟਾਇੰਦਾ। ਫੜ ਫੜ ਹੰਸ ਬਣਾਏ ਕਾਗ, ਕਾਗੋਂ ਹੰਸ ਬਣਾਇੰਦਾ। ਜਗਤ ਤ੍ਰਿਸ਼ਨਾ ਬੁਝਾਏ ਆਗ, ਏਕਾ ਅੰਮ੍ਰਿਤ ਜਾਮ ਪਿਆਇੰਦਾ। ਸ੍ਰਿਸ਼ਟ ਸਬਾਈ ਪਕੜੀ ਬੈਠਾ ਵਾਗ, ਨੌ ਖੰਡ ਸੱਤ ਦੀਪ ਆਪੇ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੇਖਣ ਆਇਆ ਦਰ, ਕਵਣ ਸੁਹੇਲਾ ਰਸਨਾ ਬੋਲੇ ਕਰੇ ਮੇਲਾ, ਗੁਰ ਪੂਰਾ ਬਚਨ ਨਿਭਾਇੰਦਾ। ਅੱਸੂ ਤਿੰਨ ਦਿਵਸ ਵਿਚਾਰ। ਦੋ ਦੋ ਪ੍ਰਭ ਮੇਟੇ ਧਾਰ। ਏਕਾ ਏਕ ਏਕੰਕਾਰ। ਸ੍ਰਿਸ਼ਟ ਸਬਾਈ ਏਕਾ ਬੰਨ੍ਹੇ ਧਾਰ। ਵਰਨ ਬਰਨ ਨਿਹਕਲੰਕ ਕਲ ਸਾਚੀ ਸਰਨ, ਕਲਜੁਗ ਤੇਰੀ ਅੰਤਮ ਵਾਰ। ਰਾਜ ਰਾਜਾਨ ਸ਼ਾਹ ਸੁਲਤਾਨ ਵਿਚ ਜਹਾਨ। ਸ੍ਰਿਸ਼ਟ ਸਬਾਈ ਸਾਚੀ ਕਰੇ ਪਛਾਨ। ਸੰਮਤ ਸੋਲਾਂ ਪੰਦਰਾਂ ਕੱਤਕ ਵੇਖ ਵਖਾਨ। ਇਕ ਹਦੀਸ ਊਚ ਨੀਚ ਸਾਰੇ ਪੜ੍ਹਨ, ਸੋਹੰ ਅੱਖਰ ਮਾਤ ਮਹਾਨ। ਗੁਰ ਪੀਰ ਸਾਧ ਸੰਤ ਦਰ ਦਰ ਘਰ ਘਰ ਬੈਠੇ ਲੜਨ, ਖਾਲੀ ਦਿਸਣ ਅੰਦਰ ਮੰਦਰ ਸੁੰਞ ਮਸਾਣ। ਜੂਠੇ ਝੂਠੇ ਮਾਤ ਸੜਨ, ਅੰਤਮ ਤੁੱਟੇ ਹੰਕਾਰੀ ਜੰਦਰ, ਮੇਟ ਮਿਟਾਏ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਖੇਲੇ ਖੇਲ ਸ੍ਰੀ ਭਗਵਾਨ। ਪੰਚਮ ਸਾਵਣ ਪੰਚਮ ਗਾਇਆ, ਪੰਚਮ ਰੁੱਤ ਸੁਹਾਈਆ। ਸਤਿਗੁਰ ਸਾਵਣ ਦਿਵਸ ਮਨਾਇਆ, ਸ਼ਬਦ ਹੋਈ ਕੁੜਮਾਈਆ। ਅੰਦਰ ਬੈਠ ਹਰਿ ਸੰਤ ਇਹ ਮਤਾ ਪਕਾਇਆ, ਅੱਸੂ ਦੋ ਰੁੱਤ ਸੁਹਾਈਆ। ਆਪ ਆਪਣਾ ਹੱਥ ਮਿਲਾਇਆ, ਭੁੱਲ ਭੁੱਲ ਰਹੀ ਨਾ ਰਾਈਆ। ਸ੍ਰਿਸ਼ਟ ਸਬਾਈ ਜਗਤ ਕਾਜ ਦਏ ਤਜਾਇਆ, ਏਕਾ ਮੇਲਾ ਮੇਲ ਮਿਲਾਈਆ। ਸ਼ਬਦ ਵਿਚੋਲਾ ਨਾਲ ਰਲਾਇਆ, ਵੇਖੇ ਖਾਨਾ ਦਫ਼ਤਰ ਸ਼ਾਹੀਆ। ਮਾਣ ਤਾਣ ਪ੍ਰਭ ਅਬਿਨਾਸ਼ੀ ਆਪਣੇ ਹੱਥ ਰਖਾਇਆ, ਨਾ ਕੋਈ ਜਾਣੇ ਜੀਵ ਵਡਿਆਈਆ। ਸੰਤ ਭਗਵਾਨ ਮੇਲ ਮਿਲਾਇਆ, ਲਹਿਣਾ ਦੇਣਾ ਮੂਲ ਚੁਕਾਈਆ। ਸੱਜਣ ਸੁਹੇਲ ਕਵਣ ਅਖਵਾਇਆ, ਇਕ ਨਰੇਲ ਸੰਗ ਲਿਆਈਆ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਚ ਘਰ, ਸੰਤ ਕਿਰਪਾਲ ਦਿਸ ਨਾ ਆਇਆ, ਹਰਿਦਵਾਰ ਜਾ ਡੇਰਾ ਲਾਇਆ, ਹਰਿ ਦਵਾਰ ਨਜ਼ਰ ਨਾ ਆਈਆ। ਹਰਿ ਦਵਾਰ ਜਿਸ ਜਨ ਜਾਣਿਆ, ਮਿਟਿਆ ਭਰਮ ਅੰਦੇਸਾ। ਸੋ ਜਨ ਹੋਏ ਪੁਰਖ ਸੁਜਾਨਿਆ, ਸਾਚਾ ਮੇਲਾ ਨਰ ਨਰੇਸ਼ਾ। ਏਕਾ ਏਕ ਘਰ ਪਛਾਣਿਆ, ਨਾ ਕੋਈ ਵੇਖੇ ਦੂਜਾ ਵੇਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਲਾਂ ਕਲ ਜਗਤ ਭੁਲਾਏ ਕਰ ਕਰ ਵਲ ਛਲ, ਆਪੇ ਵਸੇ ਨਿਹਚਲ ਧਾਮ ਅਟੱਲ, ਚਲੇ ਚਲਾਏ ਆਪਣੇ ਭਾਣਿਆ। ਹਰਿ ਰੂਪ ਮਹਾਨ, ਕਿਸੇ ਹੱਥ ਨਾ ਆਇਆ। ਭਰਮੇ ਭੁੱਲੇ ਜੀਵ ਨਾਦਾਨ, ਹਉਮੇ ਵਿਚ ਫਸਾਇਆ। ਗੋਬਿੰਦ ਗੀਤਾ ਸਾਰੇ ਗਾਣ, ਗੋਬਿੰਦ ਕਿਸੇ ਨਾ ਗਾਇਆ। ਜਿਸ ਜਨ ਕਿਰਪਾ ਕਰੇ ਆਪ ਭਗਵਾਨ, ਆਪਣੀ ਸਰਨੀ ਲਏ ਲਗਾਇਆ। ਆਤਮ ਦੇਵੇ ਸ਼ਬਦ ਸਾਚਾ ਦਾਨ, ਗੁਰਮੁਖਾਂ ਝੋਲੀ ਰਿਹਾ ਭਰਾਇਆ। ਜੁਗੋ ਜੁਗ ਹਰਿ ਸਾਚਾ ਮਿਹਰਵਾਨ, ਜਨ ਭਗਤਾਂ ਪੈਜ ਰੱਖਦਾ ਆਇਆ। ਝੂਠਾ ਘਰ ਝੂਠਾ ਦਰ ਝੂਠੇ ਸੰਤ ਸੁਹੇਲੇ ਲਏ ਸੱਦ, ਜਗਤ ਟਿੱਕਾ ਤਿਲਕ ਦਏ ਲਗਾਇਆ। ਨਾ ਕੋਈ ਵੇਖੇ ਵੱਡਾ ਨਿੱਕਾ, ਜਿਸ ਜਨ ਸਿਰ ਆਪਣਾ ਹੱਥ ਦਏ ਟਿਕਾਇਆ। ਜਗਤ ਰਸ ਰਸਨਾ ਸ੍ਰਿਸ਼ਟ ਸਬਾਈ ਜਾਣੋ ਫਿੱਕਾ, ਜਗ ਰਸ ਫਿਰੇ ਸਰਬ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਦੋ ਆਏ ਦਰ, ਆਪੇ ਆਇਆ ਗਿਆ ਫੇਰਾ ਪਾਇਆ। ਸੰਮਤ ਸੋਲਾਂ ਰੱਖਣਾ ਯਾਦ। ਜਮਨ ਕਿਨਾਰੇ ਪ੍ਰਭ ਸੁਣੇ ਫਰਿਆਦ। ਨਾ ਕੋਈ ਜਣਾਈ ਨਾ ਕੋਈ ਵਡਿਆਈ, ਨਾ ਹੋਵੇ ਸ਼ਬਦ ਬੋਧ ਅਗਾਧ। ਤਨ ਬਸਤਰ ਏਕਾ ਸ਼ਬਦ ਸ਼ਸਤਰ, ਸਾਚਾ ਮੇਲਾ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਵੇ ਜਾਵੇ ਆਦਿ ਜੁਗਾਦਿ। ਆਦਿ ਅੰਤ ਏਕਾ ਏਕੰਕਾਰਾ। ਜੁਗ ਜੁਗ ਵਰਤੇ ਆਪਣਾ ਵਰਤਾਰਾ। ਵੇਖੇ ਖੇਲ ਉਪਰ ਧਰਤੇ, ਪੁਰੀਆਂ ਲੋਆਂ ਪਾਵੇ ਸਾਰਾ। ਕਰਨੀ ਖੇਲ ਪ੍ਰਭ ਕਾਦਰ ਕਰਤੇ, ਕਲਜੁਗ ਅੰਤਮ ਕਰੇ ਵਿਹਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਚਰਨ ਛੁਹਾਏ ਜਾਏ ਦਿੱਲੀ ਦਰਬਾਰਾ। ਆਪੇ ਕਰਨ ਕਰਾਵਣਹਾਰ, ਆਪੇ ਸ੍ਰਿਸ਼ਟ ਉਪਾਇੰਦਾ। ਆਪੇ ਜਾਣੇ ਜਾਨਣਹਾਰ, ਆਪੇ ਭਰਮ ਭੁਲੇਖੇ ਵਿਚ ਰਖਾਇੰਦਾ। ਅਗਲਾ ਲੇਖਾ ਲਿਖਣਹਾਰ, ਪਿਛਲਾ ਲੇਖ ਮੂਲ ਚੁਕਾਇੰਦਾ। ਨੌ ਦਵਾਰਿਉਂ ਵਸਣਾ ਬਾਹਰ, ਸੁਖਮਨ ਨਾੜੀ ਪੈਂਡਾ ਡੂੰਘਾ ਕਵਣ ਮਲਾਹ ਬਣਾਇੰਦਾ। ਕਵਣ ਦੇਵੇ ਸਾਚਾ ਨਾਂ, ਸਚ ਸੁੱਚ ਰਸਨਾ ਬਹਿ ਬਹਿ ਗਾਇੰਦਾ। ਤਨ ਕੱਚਾ ਕਿਸੇ ਰਹਿਣਾ ਨਾ, ਨੌ ਦਵਾਰ ਲੇਖਾ ਆਵਣ ਜਾਵਣ ਝੂਠੀ ਫਾਹੀ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਗੇ ਸ਼ਬਦ ਵਰ, ਕਵਣ ਦਵਾਰੇ ਮੇਲਾ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਾਚੇ ਮਾਹੀ ਦਾ। ਗੁਰ ਸੰਗਤ ਧੰਨ ਕਮਾਈਆ। ਦਿਵਸ ਰੈਣ ਰਸਨਾ ਗਾਏ, ਗੁਰਮੁਖ ਵਿਰਲੇ ਸ਼ਬਦ ਜਣਾਈਆ। ਵਿਰਲੇ ਪੰਚ ਧਾਮ ਸੁਹਾਏ, ਗੁਰ ਪੂਰਾ ਹਾਜ਼ਰ ਹਜ਼ੂਰਾ ਅੰਦਰ ਬੈਠਾ ਸਦਾ ਸਦਾ ਪਕੜੇ ਬਾਹੀਂਆ। ਨਾ ਕੋਈ ਜਾਣੇ ਨਾ ਜਾਣੋ ਦੂਰਾ, ਦੋ ਜਹਾਨੀ ਦੇਵੇ ਠੰਢੀਆਂ ਛਾਈਂਆ। ਸਰਬ ਕਲ ਆਪੇ ਭਰਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਇਆ ਗਿਆ ਗਿਆ ਆਇਆ ਆਪਣਾ ਬਚਨ ਕਰਾਇਆ ਪੂਰਾ।
