Granth 07 Likhat 016: 5 Faggan 2014 Bikarmi Karam Singh de Ghar Pind Gaggobua Jila Amritsar

੫ ਫੱਗਣ ੨੦੧੪ ਬਿਕ੍ਰਮੀ ਕਰਮ ਸਿੰਘ ਦੇ ਘਰ ਪਿੰਡ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ

ਨਾਮ ਰੰਗਣ ਰੰਗ ਚਲੂਲ, ਰੱਤੀ ਰੰਗ ਰੰਗਾਇਣ। ਆਪੇ ਦੇਵਣਹਾਰਾ ਲਹਿਣਾ ਦੇਣਾ ਮੂਲ, ਆਤਮ ਇਛਿਆ ਪੂਰ ਕਰਾਇਣ। ਗੁਰਮੁਖ ਸਾਜਣ ਸਚ ਪੰਘੂੜਾ ਰਿਹਾ ਝੂਲ, ਦਰ ਘਰ ਸਾਚੇ ਆਪ ਝੁਲਾਇਣ। ਸ਼ਬਦੀ ਸ਼ਬਦ ਸ਼ਬਦ ਗੁਰ ਰੱਖੇ ਫੂਲ, ਆਪੇ ਹੋਏ ਮਾਲਣ ਨਾਇਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੇ ਨੈਣ। ਨੈਣ ਉਘਾੜ ਨੇਤਰ ਖੋਲ੍ਹ, ਨਿਜ ਘਰ ਵੇਖ ਵਖਾਇੰਦਾ। ਆਪਣੇ ਮੰਦਰ ਆਪੇ ਬੋਲ, ਆਪਣਾ ਰਾਗ ਅਲਾਇੰਦਾ। ਆਪਣੇ ਕੰਡੇ ਆਪੇ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਹਰਿਜਨ ਵਸੇ ਸਦਾ ਕੋਲ, ਦਿਸ ਕਿਸੇ ਨਾ ਆਇੰਦਾ। ਕਲਜੁਗ ਮਾਇਆ ਪਿਆ ਘੋਲ, ਪੰਜ ਤਤ ਅਖਾੜਾ ਇਕ ਵਖਾਇੰਦਾ। ਜੂਠ ਝੂਠ ਵੱਜੇ ਢੋਲ, ਮਨਮਤ ਨਗਾਰਾ ਇਕ ਵਖਾਇੰਦਾ। ਗੁਰਮੁਖ ਵਿਰਲਾ ਚਰਨ ਪ੍ਰੀਤੀ ਸਤਿਗੁਰ ਪੂਰੇ ਰਿਹਾ ਘੋਲ, ਅੱਠੇ ਪਹਿਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਇੰਦਾ। ਦਰਸ ਦਿਖਾਏ ਮੇਟੇ ਤਾਂਘ, ਹਉਮੇ ਰੋਗ ਜਲਾਇੰਦਾ। ਸਵਾਂਗੀ ਵਰਤੇ ਆਪਣਾ ਸਵਾਂਗ, ਭੇਖੀ ਭੇਖ ਕਰਾਇੰਦਾ। ਨਾਮ ਚੜ੍ਹਾਏ ਸਾਚੀ ਕਾਂਗ, ਗੁਰਮੁਖ ਸਾਜਣ ਆਪ ਤਰਾਇੰਦਾ। ਏਕਾ ਮੰਗਣੀ ਘਰ ਸਾਚੇ ਮਾਂਗ, ਚਰਨ ਕਵਲ ਧਿਆਨ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜੇ ਮੇਲ ਮਿਲਾਇੰਦਾ।