੫ ਫੱਗਣ ੨੦੧੪ ਬਿਕ੍ਰਮੀ ਸੁਰਜਨ ਸਿੰਘ ਦੇ ਘਰ ਪਿੰਡ ਭੁੱਚਰ ਅੰਮ੍ਰਿਤਸਰ
ਆਦਿ ਪੁਰਖ ਅਬਿਨਾਸ਼, ਬ੍ਰਹਿਮਾਦ ਸਮਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਦਿਸ ਕਿਸੇ ਨਾ ਆਇਆ। ਜੁਗ ਜੁਗ ਪਾਏ ਆਪਣੀ ਰਾਸ, ਮੰਡਲ ਮੰਡਪ ਦਏ ਸੁਹਾਇਆ। ਸ੍ਰਿਸ਼ਟ ਸਬਾਈ ਆਪ ਉਪਾਏ ਆਪ ਕਰਾਏ ਨਾਸ, ਕਰਤਾ ਪੁਰਖ ਆਪ ਅਖਵਾਇਆ। ਜਨ ਭਗਤਾਂ ਹੋਏ ਦਾਸੀ ਦਾਸ, ਸੇਵਕ ਸੇਵਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਵਟਾਇਆ। ਆਦਿ ਪੁਰਖ ਹਰਿ ਕਰਤਾਰਾ, ਅਕਲ ਕਲਾ ਅਖਵਾਇੰਦਾ। ਆਪ ਆਪਣੀ ਬੰਨੇ ਧਾਰਾ, ਆਪਣੀ ਬਣਤ ਬਣਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਆਦਿ ਪੁਰਖ ਆਦਿ ਨਿਰੰਜਣ, ਏਕਾ ਏਕ ਅਖਵਾਇਆ । ਆਪ ਆਪਣਾ ਹੋਇਆ ਸੱਜਣ, ਆਪ ਆਪਣੀ ਮੰਗ ਮੰਗਾਇਆ। ਆਪ ਆਪਣਾ ਕਰਿਆ ਮਜਨ, ਆਪ ਆਪਣਾ ਤੀਰਥ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਇਆ। ਭੇਖਾਧਾਰੀ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਆਪੇ ਜਾਣੇ ਆਪਣਾ ਗਾਣਾ, ਆਪ ਆਪਣਾ ਨਾਦ ਵਜਾਇੰਦਾ। ਸ਼ਬਦ ਜਣਾਏ ਸਚ ਤਰਾਨਾ, ਧੁਨੀ ਧੁਨ ਸਮਾਇੰਦਾ। ਬੋਧ ਅਗਾਧ ਆਪ ਅਖਵਾਨਾ, ਭੇਵ ਕੋਇ ਨਾ ਪਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਸ਼ਾਹ ਸੁਲਤਾਨ ਆਪ ਹੋ ਜਾਇੰਦਾ। ਆਦਿ ਜੁਗਾਦੀ ਸਦ ਮਿਹਰਵਾਨਾ, ਬ੍ਰਹਿਮਾਦੀ ਖੋਜ ਖੋਜਾਇੰਦਾ। ਜਨ ਭਗਤਾਂ ਮੇਲਾ ਦੋ ਜਹਾਨਾਂ, ਦੋ ਜਹਾਨਾਂ ਆਪ ਮਿਲਾਇੰਦਾ। ਸ਼ਬਦ ਮਾਰੇ ਤੀਰ ਨਿਸ਼ਾਨਾ, ਏਕਾ ਚਿੱਲਾ ਆਪ ਚੜ੍ਹਾਇੰਦਾ। ਆਪੇ ਗੋਪੀ ਆਪੇ ਕਾਹਨਾ, ਸੀਤਾ ਰਾਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਰੰਗ ਰੰਗਾਏ, ਪਾਰਬ੍ਰਹਮ ਬੇਅੰਤਾ। ਆਪ ਆਪਣਾ ਮਰਦੰਗ ਵਜਾਏ, ਉਠਾਏ ਸਾਜਨ ਸਾਚੇ ਸੰਤਾ। ਲੋਆਂ ਪੁਰੀਆਂ ਲੰਘ ਵਖਾਏ, ਖੇਲੇ ਖੇਲ ਜੁਗਾ ਜੁਗੰਤਾ। ਸ਼ਬਦ ਸਿੰਘਾਸਣ ਸਾਚਾ ਪਲੰਘ ਵਿਛਾਏ, ਸਾਚਾ ਧਾਮ ਹਰਿ ਸੁਹੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਭੇਖ ਵਟੰਤਾ। ਭੇਖ ਵਟਾਏ ਭੇਖ ਕਰ, ਭੇਖੀ ਭੇਖ ਅਵੱਲਾ। ਲੋਕਮਾਤੀ ਵੇਸ ਹਰਿ, ਕਰਿਆ ਇਕ ਅਕੱਲਾ। ਭਰਮੇ ਭੁੱਲੇ ਨਰ ਨਰੇਸ਼ ਦਰ, ਦੂਈ ਦਵੈਤੀ ਲੱਗਾ ਸੱਲਾ। ਬ੍ਰਹਮਾ ਵਿਸ਼ਨ ਮਹੇਸ਼ ਰਹੇ ਖੜ, ਗਲ ਪਾਈ ਬੈਠੇ ਪੱਲਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਾ ਕੋਈ ਸੀਸ ਨਾ ਕੋਈ ਧੜ, ਵਸਿਆ ਨਿਹਚਲ ਧਾਮ ਅਟੱਲਾ। ਹਰਿ ਭਗਤ ਦਵਾਰੇ ਅੱਗੇ ਖੜ, ਆਪ ਫੜਾਏ ਆਪਣਾ ਪੱਲਾ। ਲੱਖ ਚੁਰਾਸੀ ਨਾਲ ਰਿਹਾ ਲੜ, ਆਪ ਕਰਾਏ ਆਪਣਾ ਹੱਲਾ। ਤੋੜ ਤੁੜਾਏ ਕਿਲਾ ਹੰਕਾਰੀ ਗੜ੍ਹ, ਫੋਲ ਫਲਾਏ ਜਲ ਥਲਾ। ਤ੍ਰੈਗੁਣ ਮਾਇਆ ਜਾਏ ਸੜ, ਪੰਜ ਤਤ ਵਿਕਾਰਾ ਰਲਾ। ਆਪਣਾ ਅੱਖਰ ਆਪੇ ਪੜ੍ਹ, ਸ਼ਬਦ ਸਨੇਹੁੜਾ ਏਕਾ ਘੱਲਾ। ਚਾਰ ਵਰਨ ਸਰਨ ਜਾਏ ਪੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰਾਏ ਵਲ ਛਲਾ। ਅਛਲ ਅੱਛਲ ਅਛਲ ਅਛੇਦਾ, ਆਦਿ ਪੁਰਖ ਨਿਰੰਕਾਰਾ। ਭੇਵ ਨਾ ਪਾਇਨ ਚਾਰੇ ਵੇਦਾ, ਲੇਖਾ ਲੱਖ ਨਾ ਸਕੇ ਕੋਈ ਵਿਚਾਰਾ। ਆਪੇ ਹੋਇਆ ਅਭੇਦ ਅਭੇਦਾ, ਲਿਖਣ ਪੜ੍ਹਣ ਤੋਂ ਹੋਇਆ ਬਾਹਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਅਵਤਾਰਾ। ਆਦਿ ਅੰਤ ਇਕ ਅਵਤਾਰਾ, ਸਤਿ ਪੁਰਖ ਕਰਾਇਆ। ਸਤਿਜੁਗ ਤ੍ਰੇਤਾ ਪਾਰ ਕਿਨਾਰਾ, ਦੁਆਪਰ ਵੇਖ ਵਖਾਇਆ। ਕਲਜੁਗ ਮੇਟੇ ਕੂੜ ਪਸਾਰਾ, ਵੇਲਾ ਅੰਤਮ ਆਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਖੰਡਾ ਹੱਥ ਤੇਜ਼ ਕਟਾਰਾ, ਸੰਬਲ ਨਗਰੀ ਡੇਰਾ ਲਾਇਆ। ਉਚ ਮਹੱਲ ਅਟੱਲ ਮੁਨਾਰਾ, ਹਰਿ ਸਾਚਾ ਰਿਹਾ ਸੁਹਾਇਆ। ਬੈਠਾ ਚੜ੍ਹ ਪੁਰਖ ਨਿਰੰਜਣ ਅਲੱਖ ਅਗੰਮ ਅਪਾਰਾ, ਦਿਸ ਕਿਸੇ ਨਾ ਆਇਆ। ਲੋਆਂ ਪੁਰੀਆਂ ਖੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਇਕ ਸੁਣਾਏ ਸਾਚਾ ਨਾਅਰਾ, ਸੋਹੰ ਸ਼ਬਦ ਲਗਾਇਆ। ਸਤਿਜੁਗ ਤੇਰਾ ਭਰੇ ਭੰਡਾਰਾ, ਪ੍ਰਭ ਪੂਰਾ ਦਇਆ ਕਮਾਇਆ। ਜਨ ਭਗਤ ਦਵਾਰੇ ਹੋਏ ਵਰਤਾਰਾ, ਧੁਰ ਦੀ ਬਾਣ ਰਖਾਇਆ। ਆਵਣ ਜਾਵਣ ਖੇਲ ਨਿਆਰਾ, ਖੇਲਣਹਾਰ ਸ੍ਰਿਸ਼ਟ ਸਬਾਇਆ। ਆਪ ਆਪਣੀ ਬੰਨੇ ਧਾਰਾ, ਆਪ ਆਪਣਾ ਨਾਮ ਜਪਾਇਆ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਸ਼ਬਦੀ ਡੰਕਾ ਇਕ ਵਜਾ, ਨੌਂ ਖੰਡ ਰਿਹਾ ਉਠਾਈਆ। ਸੱਤਾਂ ਦੀਪਾਂ ਫੇਰਾ ਪਾ, ਬ੍ਰਹਿਮੰਡਾਂ ਰਿਹਾ ਹਿਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਰਲਾ, ਸੋਇਆ ਕੋਇ ਰਹਿਣ ਨਾ ਪਾਈਆ। ਇਕ ਹੁਲਾਰਾ ਰਿਹਾ ਦਵਾ, ਗਗਨ ਪਤਾਲਾਂ ਰਿਹਾ ਹਿਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਜਣਾ, ਕਲਜੁਗ ਕੂਕੇ ਦਏ ਦੁਹਾਈਆ। ਮਨ ਮਤ ਬੁਧ ਰਹੀ ਕੁਰਲਾ, ਪੰਜ ਤਤ ਕਰੇ ਲੜਾਈਆ। ਵੇਲੇ ਅੰਤਮ ਕੋਈ ਨਾ ਪਕੜੇ ਕਿਸੇ ਬਾਂਹ, ਵਰਨ ਬਰਨ ਨਾ ਕੋਈ ਸਹਾਈਆ। ਨਾਤਾ ਤੁਟੇ ਪੁੱਤਰਾਂ ਮਾਂ, ਭਾਈ ਭੈਣ ਨਾ ਕੋਈ ਦਸਾਈਆ। ਬਿਨ ਗੁਰ ਪੂਰੇ ਕੋਈ ਨਾ ਦੇਵੇ ਠੰਡੀ ਛਾਂ, ਨਾ ਦੀਸੇ ਕੋਈ ਸਹਾਈਆ। ਜੂਠੇ ਝੂਠੇ ਘਰ ਘਰ ਉਡਣੇ ਕਾਂ, ਕਲਜੁਗ ਜੀਵ ਰਹੇ ਕੁਰਲਾਈਆ। ਪਾਰਬ੍ਰਹਮ ਤੇਰਾ ਭੁੱਲਿਆ ਨਾਂ, ਨਾਮ ਨਾਮਾ ਕੋਈ ਨਾ ਪਾਈਆ। ਮਦਿਰਾ ਜਾਮ ਇਕ ਪਿਆ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਵੇਲੇ ਅੰਤਮ ਮਾਰੇ ਧਾਂ, ਨੇਤਰ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਜੋਤੀ ਜਾਮਾ ਭੇਖ ਨਿਆਰਾ, ਹਰਿ ਸਾਚਾ ਭੇਖ ਵਟਾਇੰਦਾ। ਪਰਗਟ ਹੋ ਹੋ ਵਿਚ ਸੰਸਾਰਾ, ਰਾਓ ਰੰਕਾਂ ਆਪ ਉਠਾਇੰਦਾ। ਵਾਸੀ ਪੁਰੀ ਘਨਕਾ ਮਾਰੇ ਇਕ ਨਗਾਰਾ, ਸੋਹੰ ਡੰਕਾ ਹੱਥ ਉਠਾਇੰਦਾ। ਸਾਧਾਂ ਸੰਤਾਂ ਪਾਵੇ ਸਾਰਾ, ਆਦਿਨ ਅੰਤਾ ਵੇਖ ਵਖਾਇੰਦਾ। ਨਾਰੀ ਕੰਤਾ ਮੇਲ ਭਤਾਰਾ, ਗੁਰਮੁਖ ਸਾਜਨ ਮੇਲ ਮਿਲਾਇੰਦਾ। ਨਿਰਮਲ ਦੀਪਕ ਜੋਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਅਨਾਦੀ ਧੁਨ ਸੁਣਾਏ ਅਪਰ ਅਪਾਰਾ, ਅਨਹਦ ਧੁਨ ਆਤਮਕ ਆਪ ਸੁਣਾਇੰਦਾ। ਪੰਚਮ ਸਖੀਆਂ ਮੇਲ ਮਿਲਾਏ ਗੀਤ ਸੁਹਾਗੀ ਗਾਏ ਵਾਰੋ ਵਾਰਾ, ਹਰਿ ਸਾਚਾ ਸਗਨ ਮਨਾਇੰਦਾ। ਆਤਮ ਸੇਜਾ ਕਰ ਪਿਆਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਏਕਾ ਦੂਜਾ ਭੌ ਨਿਵਾਰਾ, ਤੀਜਾ ਲੋਇਣ ਆਪ ਖੁਲ੍ਹਾਇੰਦਾ। ਚੌਥਾ ਘਰ ਸੱਚਾ ਦਰਬਾਰਾ, ਚੌਥੇ ਪਦ ਸਮਾਇੰਦਾ। ਪੰਚਮ ਮੇਲਾ ਮੀਤ ਮੁਰਾਰਾ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਅੰਤਮ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਧਰਮ ਕਰਾਏ ਇਕ ਜੈਕਾਰਾ, ਚਾਰ ਵਰਨਾਂ ਆਪ ਜਣਾਇੰਦਾ। ਲਿਖਿਆ ਲੇਖ ਅਪਰ ਅਪਾਰਾ, ਨਾ ਕੋਈ ਮੇਟ ਮਿਟਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਚਵੀਆਂ ਅਵਤਾਰਾ, ਹਰਿ ਜੋਤੀ ਜੋਤ ਜਗਾਇੰਦਾ। ਬਸਤਰ ਸ਼ਸਤਰ ਤਨ ਸ਼ੰਗਾਰਾ, ਆਸਣ ਸਿੰਘਾਸਣ ਏਕਾ ਲਾਇੰਦਾ। ਚਿੱਟਾ ਅਸਵ ਕਰ ਤਿਆਰਾ, ਸੋਲਾਂ ਕਲੀਆਂ ਆਸਣ ਲਾਇੰਦਾ। ਪੁਰਖ ਅਗੰਮੜਾ ਹੋ ਅਸਵਾਰਾ, ਦਹਿ ਦਿਸ਼ਾ ਫੇਰੀ ਪਾਇੰਦਾ। ਜ਼ਿਮੀ ਅਸਮਾਨਾ ਪਾਰ ਕਿਨਾਰਾ, ਗਗਨ ਪਤਾਲਾ ਫੋਲ ਫੋਲਾਇੰਦਾ। ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਦਏ ਹੁਲਾਰਾ, ਏਕਾ ਝੂਲਾ ਆਪ ਝੁਲਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ, ਬੀਸ ਬੀਸਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਖਾਇੰਦਾ। ਭੇਖਾਧਾਰੀ ਭੇਖ ਬਲ ਬਾਵਨ, ਆਪਣਾ ਆਪ ਕਰਾਇਆ। ਤੋੜੇ ਗੜ੍ਹ ਲੰਕਾ ਜਨ ਰਾਵਣ, ਰਾਮ ਰਾਮਾ ਆਪ ਅਖਵਾਇਆ। ਖੇਲੇ ਖੇਲ ਕ੍ਰਿਸ਼ਨਾ ਸ਼ਾਮਨ, ਦੂਤ ਦੁਸ਼ਟ ਰਹਿਣ ਨਾ ਪਾਇਆ। ਨਾਨਕ ਗੁਰ ਨਾਮ ਸਤਿ ਬਣਾਇਆ ਸਾਚਾ ਜ਼ਾਮਨ, ਗੁਰਮੁਖ ਸਾਚੇ ਲਏ ਤਰਾਇਆ । ਗੁਰ ਗੋਬਿੰਦ ਫੜਾਇਆ ਆਪਣਾ ਦਾਮਨ, ਪੂਤ ਸਪੂਤਾ ਦਇਆ ਕਮਾਇਆ। ਨੇੜ ਨਾ ਆਏ ਕਾਮਨੀ ਕਾਮਨ, ਜਿਸ ਜਨ ਰਸਨਾ ਗਾਇਆ। ਮੇਟ ਮਿਟਾਏ ਅੰਧੇਰੀ ਸ਼ਾਮਨ, ਅਕਾਸ਼ ਪਰਕਾਸ਼ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਗੁਰ ਗੋਬਿੰਦਾ ਲੇਖ ਲਿਖਾ, ਕਲਜੁਗ ਕਰਮ ਵਿਚਾਰਿਆ। ਸਤਿਗੁਰ ਨਾਨਕ ਗਿਆ ਲਿਖਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਿਆ। ਵੇਦ ਵਿਆਸਾ ਰਿਹਾ ਜਣਾ, ਪੂਤ ਸਪੂਤਾ ਫੇਰੀ ਪਾ ਰਿਹਾ। ਪੁਰਖ ਅਬਿਨਾਸ਼ੀ ਦਇਆ ਕਮਾ, ਆਪ ਆਪਣਾ ਭੇਖ ਵਟਾ ਲਿਆ। ਆਪਣੀ ਜੋਤ ਆਪ ਗਿਆ ਸਮਾ, ਆਪਣਾ ਆਪ ਆਪ ਉਪਾ ਲਿਆ। ਆਪਣਾ ਸ਼ਬਦ ਆਪ ਜਣਾ, ਆਪ ਆਪਣੀ ਰਸਨਾ ਗਾ ਲਿਆ। ਕਲਜੁਗ ਲੇਖਾ ਆਪ ਲਿਖਾ, ਅੰਤਮ ਮੇਟ ਮਿਟਾ ਲਿਆ। ਲੱਖ ਚਾਰ ਹਜ਼ਾਰ ਬੱਤੀ ਦਏ ਸਜਾ, ਪਿਛਲਾ ਮੂਲ ਚੁਕਾ ਲਿਆ। ਸੰਗ ਮੁਹੰਮਦ ਚਾਰ ਯਾਰ ਫਿਰਨ ਗਰਗਦਾ, ਭਿਖਿਆ ਮੰਗਣ ਮੰਗ ਮੰਗਾ ਲਿਆ। ਐਨਲਹੱਕ ਨਾਅਰਾ ਲਿਆ ਲਾ, ਵੇਲਾ ਅੰਤਮ ਆ ਰਿਹਾ। ਚਾਰ ਵਰਨ ਰਾਹ ਵਖਾਏ ਏਕਾ ਸਿਧਾ, ਸੋਹੰ ਸਾਚਾ ਜਾਪ ਜਪਾ ਲਿਆ। ਦੋ ਜਹਾਨਾਂ ਬ੍ਰਹਮਾ ਸ਼ਿਵ ਵਿਸ਼ਨ ਦੇਵਤ ਸੁਰ ਕਰੋੜ ਤੇਤੀਸਾ ਚਰਨ ਹੇਠ ਦਬਾ, ਮਾਣ ਤਾਣ ਨਾ ਕੋਈ ਰਖਾ ਰਿਹਾ। ਜਨ ਭਗਤਾਂ ਮਿਲਣ ਦੀ ਆਪੇ ਜਾਣੇ ਬਿਧਾ, ਜੁਗ ਜੁਗ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾ ਲਿਆ। ਪੰਜ ਤਤ ਦੇਹ ਤਜ, ਹਰਿ ਸਾਚੇ ਕਰਮ ਕਮਾਇਆ। ਅਗੰਮ ਅਗੰਮੜੇ ਧਾਮ ਚੜ੍ਹਿਆ ਭੱਜ, ਥਿਰ ਘਰ ਇਕ ਸੁਹਾਇਆ। ਆਪਣਾ ਪੜਦਾ ਆਪੇ ਕਜ, ਆਪ ਆਪਣਾ ਲਏ ਛੁਪਾਇਆ। ਆਪਣੀ ਅਗਨੀ ਆਪੇ ਗਿਆ ਦਝ, ਆਪ ਆਪਣੀ ਖ਼ਾਕ ਉਡਾਇਆ। ਆਪਣੇ ਨਗਾਰੇ ਆਪ ਗਿਆ ਵੱਜ, ਆਪਣਾ ਢੋਲਾ ਆਪੇ ਗਾਇਆ। ਆਪਣੀ ਰੱਖੀ ਆਪੇ ਲਜ, ਲਾਜਾਵੰਤ ਆਪ ਹੋ ਜਾਇਆ। ਆਪਣੀ ਜੋਤ ਆਪ ਜਗਾਈ ਦੇਸ ਮਾਝ, ਸੰਬਲ ਨਗਰੀ ਦਏ ਸੁਹਾਇਆ। ਕਲਜੁਗ ਤੇਰਾ ਰਚਿਆ ਕਾਜ, ਵੇਲਾ ਅੰਤਮ ਆਇਆ। ਕਲਜੁਗ ਜੀਵਾਂ ਦੇਵੇ ਦਾਜ, ਪੰਚ ਵਿਕਾਰਾ ਗੰਢ ਬੰਧਾਇਆ। ਭਗਤ ਜਨਾਂ ਹਰਿ ਮਾਰੇ ਵਾਜ, ਸ਼ਬਦੀ ਸ਼ਬਦ ਉਪਾਇਆ। ਮੇਟ ਮਿਟਾਏ ਰਾਜਨ ਰਾਜ, ਸ਼ਾਹ ਸੁਲਤਾਨ ਨਾ ਕੋਈ ਰਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਮ ਧਰਾ, ਨਿਹਕਲੰਕ ਰਖਾਇਆ। ਪੰਜ ਤਤ ਕੋਈ ਦਿਸੇ ਨਾ, ਨਾ ਕੋਈ ਵੇਖ ਵਖਾਇਆ । ਲੋਕਮਾਤ ਕਰੇ ਕੋਈ ਰੀਸੇ ਨਾ, ਨਾ ਕੋਈ ਸੰਗ ਨਿਭਾਇਆ। ਭੇਵ ਪਾਏ ਰਾਗ ਛਤੀਸੇ ਨਾ, ਅੰਜੀਲ ਕੁਰਾਨ ਦਿਸ ਨਾ ਆਇਆ। ਬਸਤਰ ਸ਼ਸਤਰ ਕੋਈ ਦੀਸੇ ਨਾ, ਕਲਗੀ ਤੋੜਾ ਨਾ ਕੋਈ ਵਖਾਇਆ। ਪਰਗਟ ਹੋਏ ਬੀਸ ਬੀਸੇ ਸਾਚੇ ਥਾਂ, ਦਿਲੀ ਦਵਾਰਾ ਦਏ ਸੁਹਾਇਆ। ਰਾਜ ਰਾਜਾਨਾ ਖਾਲੀ ਖੀਸੇ ਸੰਗ ਸਹੇਲਾ ਕੋਈ ਰੱਖੇ ਨਾ, ਚਾਰੋਂ ਕੁੰਟ ਫਿਰੇ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇਆ। ਨਿਹਕਲੰਕ ਹਰਿ ਅਲਖ ਜਗਾ, ਆਪਣਾ ਨਾਅਰਾ ਲਾਇਆ। ਏਕਾ ਸ਼ਬਦ ਰਿਹਾ ਸੁਣਾ, ਸ੍ਰਿਸ਼ਟ ਸਬਾਈ ਆਪ ਜਗਾਇਆ। ਵਰਨ ਬਰਨ ਮੇਟ ਮਿਟਾ, ਊਚਾਂ ਨੀਚਾਂ ਮੇਲ ਮਿਲਾਇਆ। ਰਾਜ ਰਾਜਾਨਾ ਖ਼ਾਕ ਮਿਲਾ, ਸੀਸ ਤਾਜ ਰਹਿਣ ਨਾ ਪਾਇਆ। ਸੰਮਤ ਚੌਦਾਂ ਲੇਖਾ ਰਿਹਾ ਲਿਖਾ, ਭੁੱਲ ਰਹੇ ਨਾ ਰਾਇਆ। ਸੰਮਤ ਪੰਦਰਾਂ ਚੜ੍ਹਨਾ ਚਾਂ, ਸੰਮਤ ਸੌਲਾ ਉਚੇ ਮੰਦਰ ਦੇਵੇ ਢਾਹ, ਆਪ ਆਪਣਾ ਹਲਾ ਕਰਾਇਆ। ਸੰਮਤ ਸਤਾਰਾਂ ਦਏ ਰੁਲਾ, ਨਾ ਦੀਸੇ ਕੋਈ ਸਹਾਇਆ। ਸੰਮਤ ਅਠਾਰਾਂ ਦਏ ਰੁੜਾ, ਜਲ ਧਾਰਾ ਇਕ ਵਹਾਇਆ। ਉਨੀ ਉਨੀਸਾ ਵੇਖ ਵਖਾ, ਮੁਸਲਮ ਸੁੰਨੀ ਦਏ ਮਿਟਾਇਆ। ਬੀਸ ਬੀਸਾ ਹਰਿ ਜੋਤ ਜਗਾ, ਸ੍ਰਿਸ਼ਟ ਸਬਾਈ ਹੋਏ ਸਹਾਇਆ। ਸਤ ਰੰਗ ਨਿਸ਼ਾਨਾ ਦਏ ਝੁਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਅਖਵਾਇਆ। ਏਕਾ ਸ਼ਬਦ ਇਕ ਜੈਕਾਰਾ, ਹਰਿ ਸਾਚੇ ਆਪ ਲਗਾਵਣਾ। ਏਕਾ ਜੋਤ ਇਕ ਪਿਆਰਾ, ਏਕਾ ਗੋਤ ਬਣਾਵਣਾ। ਭਰਮੇ ਭੁੱਲੇ ਕੋਟੀ ਕੋਟ, ਕੋਟੀ ਕੋਟ ਦੇ ਮਤ ਆਪ ਸਮਝਾਵਣਾ। ਤਨ ਨਗਾਰੇ ਲਾਏ ਸਾਚੀ ਚੋਟ, ਏਕਾ ਡੰਕਾ ਹੱਥ ਉਠਾਵਣਾ। ਪੰਜ ਤਤ ਵਿਕਾਰਾ ਕੱਢੇ ਖੋਟ, ਸਚ ਸੁੱਚ ਵਰਤਾਵਣਾ। ਨਾਮ ਭੰਡਾਰਾ ਦਏ ਅਤੋਟ, ਤੋਟ ਕਦੇ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਵਣਾ। ਗੁਰਸਿਖ ਹਰਿਜਨ ਮੀਤੜਾ, ਮੇਲਾ ਹਰਿ ਨਿਰੰਕਾਰ। ਕਾਇਆ ਰੰਗੇ ਸਾਚਾ ਚੀਥੜਾ, ਏਕਾ ਰੰਗ ਅਪਾਰ। ਮਿਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਕਾਇਆ ਮੰਦਰ ਸਚ ਦਵਾਰ। ਆਪੇ ਕਰੇ ਪੱਤਤ ਪੁਨੀਤੜਾ, ਪੱਤਤ ਪਾਵਣ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਲਏ ਉਬਾਰ। ਹਰਿ ਸਾਜਨ ਹਰਿਜਨ ਜਾਣਿਆ, ਹਰਿ ਹਰਿ ਬੂਝ ਬੁਝਾਏ। ਏਕਾ ਦੇਵੇ ਨਾਮ ਨਿਸ਼ਾਨਿਆ, ਏਕਾ ਦਰ ਸੁਹਾਏ। ਇਕ ਸੁਣਾਏ ਅਨਹਦ ਬਾਣੀਆ, ਅਨਹਦ ਰਾਗ ਅਲਾਏ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀਆ, ਤ੍ਰਿਸਨਾ ਭੁੱਖ ਗਵਾਏ। ਏਕਾ ਨਾਮ ਧੁਰ ਫ਼ਰਮਾਨਿਆ, ਏਕਾ ਰਿਹਾ ਜਣਾਏ। ਆਵਣ ਜਾਵਣ ਚੁੱਕੇ ਕਾਣੀਆ, ਰਾਏ ਧਰਮ ਨਾ ਦਏ ਸਜ਼ਾਏ। ਮਿਲੇ ਪਦ ਇਕ ਨਿਰਬਾਣੀਆ, ਸੁਖ ਸਹਿਜੇ ਸਚ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਅੰਦਰ ਆਪ ਸੁਹਾਏ। ਗੁਰਮੁਖ ਸਾਜਨ ਸਾਚਾ ਮੀਤਾ, ਸਤਿਗੁਰ ਪੁਰਖ ਮਨਾਇਆ। ਆਪ ਜਣਾਈ ਆਪਣੀ ਰੀਤਾ, ਆਪਣਾ ਮਾਰਗ ਲਾਇਆ। ਨਾ ਕੋਈ ਦੇਹੁਰਾ ਮੰਦਰ ਮਸੀਤਾ, ਕਾਇਆ ਮੰਦਰ ਇਕ ਸੁਹਾਇਆ। ਆਪੇ ਬੈਠਾ ਸਦਾ ਅਤੀਤਾ, ਨਿਰਮਲ ਜੋਤ ਜਗਾਇਆ। ਸਦਾ ਸੁਹੇਲਾ ਠਾਂਡਾ ਸੀਤਾ, ਸਤਿ ਸਰੂਪ ਅਖਵਾਇਆ। ਏਕਾ ਰਾਗ ਸੁਣਾਏ ਸਾਚੀ ਗੀਤਾ, ਆਪ ਆਪਣਾ ਰਿਹਾ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਜਨ ਲਏ ਤਰਾਇਆ। ਸਾਜਨ ਮੇਲਾ ਹਰਿ ਗੋਬਿੰਦ, ਸਗਲੀ ਚਿੰਤ ਮਿਟਾਈਆ। ਅੰਮ੍ਰਿਤ ਧਾਰ ਦੇਵੇ ਸਾਗਰ ਸਿੰਧ, ਨਿਝਰ ਮੁਖ ਚਵਾਈਆ। ਪਰਗਟ ਹੋਇਆ ਵਡ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਹਰਿਜਨ ਉਪਜਾਏ ਸਾਚੀ ਬਿੰਦ, ਨਾਦੀ ਸੁਤ ਰਖਾਈਆ। ਮਨਮੁਖ ਲਗਾਏ ਆਪਣੀ ਨਿੰਦ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਉਠਾਈਆ। ਗੁਰਮੁਖ ਸਾਚਾ ਸੱਜਣ, ਸੋਹੇ ਧਾਮ ਸੁਹੰਜਣਾ। ਚਰਨ ਧੂੜ ਕਰਾਏ ਸਾਚਾ ਮਜਨ, ਨੇਤਰ ਪਾਏ ਨਾਮ ਅੰਜਣਾ। ਧੁਰ ਦਰਗਾਹੀ ਬੇਪਰਵਾਹ ਬੇਐਬ ਪਰਵਰਦਿਗਾਰ ਆਇਆ ਪੜਦੇ ਕੱਜਣ, ਵੇਲੇ ਅੰਤਮ ਰੱਖੇ ਲੱਜਣਾ। ਲੱਖ ਚੁਰਾਸੀ ਭਾਂਡੇ ਭੱਜਣ, ਲੋਕਮਾਤ ਸਭ ਨੇ ਤਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਏਕਾ ਜਾਮ ਪਿਆਏ ਨਾਮ ਧੁਰ ਧਾਮ, ਹਰਿਜਨ ਸਾਚੇ ਪੀ ਪੀ ਰਜਣਾ। ਅੰਮ੍ਰਿਤ ਨਾਮ ਸਚ ਪਿਆਲਾ, ਗੁਰ ਪੂਰੇ ਹੱਥ ਵਡਿਆਈਆ। ਦੇਵਣਹਾਰਾ ਦੀਨ ਦਿਆਲਾ, ਦਇਆ ਨਿਧ ਅਖਵਾਈਆ। ਜੋਤੀ ਜੋਤ ਜਗਾਏ ਮਿਲਾਏ ਅਕਾਲਾ, ਅਕਲ ਕਲਾ ਅਖਵਾਈਆ। ਕਾਇਆ ਮੰਦਰ ਸੱਚੀ ਧਰਮਸਾਲਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਜੋਤ ਨਿਰੰਜਣ ਦੀਪਕ ਏਕਾ ਬਾਲਾ, ਦੀਵਾ ਬੱਤੀ ਨਾ ਕੋਈ ਰਖਾਈਆ। ਸੋਹੰ ਪਾਈ ਗਲ ਸਾਚੀ ਮਾਲਾ, ਆਪੇ ਰਿਹਾ ਚਲਾਈਆ। ਬਜਰ ਕਪਾਟੀ ਤੋੜੇ ਤਾਲਾ, ਅੰਧ ਅੰਧੇਰ ਮਿਟਾਈਆ। ਅਨਹਦ ਵੱਜੇ ਰਾਗ ਸੁਖਾਲਾ, ਪੰਚਮ ਸਖੀਆਂ ਮੰਗਲ ਗਾਈਆ। ਮਿਲਿਆ ਮੇਲ ਗੁਰ ਗੋਪਾਲਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਦੇਵੇ ਨਾਮ ਸੱਚਾ ਧਨ ਮਾਲਾ, ਆਤਮ ਖ਼ਜ਼ੀਨਾ ਰਿਹਾ ਭਰਾਈਆ। ਫਲ ਲਗਾਏ ਕਾਇਆ ਡਾਲਾ, ਫਲ ਫੁਲਵਾੜੀ ਵੇਖ ਵਖਾਈਆ। ਸੁਰਤੀ ਸ਼ਬਦ ਇਕ ਜਮਾਲਾ, ਨੂਰੋ ਨੂਰ ਦਸਾਈਆ। ਅਕਾਲ ਮੂਰਤੀ ਹੋਏ ਰਖਵਾਲਾ, ਅੱਠੇ ਪਹਿਰ ਸੇਵ ਕਮਾਈਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਕਲਜੁਗ ਅੰਤਮ ਵੇਖ ਵਖਾਈਆ। ਗੁਰਮੁਖ ਸਾਜਨ ਸਾਚਾ ਲਾਲਾ, ਆਪ ਆਪਣੀ ਗੋਦ ਉਠਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਸਚ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚਾ ਨੇਤਰ ਵੇਖ, ਲੋਚਣ ਆਪ ਖੁਲ੍ਹਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਬਣਤ ਬਣਾਇੰਦਾ। ਆਪੇ ਧਰਿਆ ਆਪਣਾ ਭੇਖ, ਆਪੇ ਰੂਪ ਵਟਾਇੰਦਾ। ਆਪੇ ਜਾਣੇ ਧਾਰੀ ਕੇਸ, ਮੂੰਡ ਮੁੰਡਾਏ ਆਪ ਉਠਾਇੰਦਾ। ਆਪੇ ਦਾਤਾ ਦਸ ਦਸਮੇਸ, ਗੋਬਿੰਦ ਨਾਉਂ ਰਖਾਇੰਦਾ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇੰਦਾ। ਆਪ ਉਪਜਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ ਸੇਵ ਕਮਾਇੰਦਾ। ਆਪ ਆਪਣੀ ਕਰੇ ਆਦੇਸ, ਆਪ ਆਪਣੀ ਅਲਖ ਜਗਾਇੰਦਾ। ਕਲਜੁਗ ਅੰਤਮ ਜੋਤੀ ਨੂਰ ਕਰ ਪਰਵੇਸ਼, ਗੁਰਮੁਖ ਸਾਚਾ ਆਪ ਉਠਾਇੰਦਾ। ਕੋਈ ਨਾ ਲਿਖੇ ਨਾ ਲਿਖੇ ਲੇਖ, ਲੇਖਾ ਲੇਖ ਵਿਚ ਨਾ ਆਇੰਦਾ। ਗੁਰਮੁਖ ਸਾਚੇ ਮਸਤਕ ਲਾਏ ਕੌਸਤਕ ਮਣੀਆ ਸਾਚੀ ਮੇਖ, ਜੋਤ ਲਲਾਟੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਔਖੀ ਘਾਟੀ ਪਾਰ ਕਰਾਇੰਦਾ। ਔਖਾ ਘਾਟ ਕਾਇਆ ਗੜ੍ਹ, ਗੁਰਮੁਖ ਵਿਰਲਾ ਪਾਇੰਦਾ। ਸ੍ਰਿਸ਼ਟ ਸਬਾਈ ਨੌਂ ਦਵਾਰੇ ਰਹੀ ਸੜ, ਜੋਤ ਨਿਰੰਜਣ ਨਾ ਕੋਇ ਜਗਾਇੰਦਾ। ਸਾਧ ਸੰਤ ਸੁਖਮਨ ਨਾੜੀ ਰਹੇ ਵੜ, ਡੂੰਘੀ ਭਵਰ ਨਾ ਪਾਰ ਕਰਾਇੰਦਾ। ਜਗਤ ਪੀਰ ਅਧਵਿਚਕਾਰੇ ਰਹੇ ਖੜ, ਗੁਰ ਸ਼ਬਦੀ ਦਿਸ ਨਾ ਆਇੰਦਾ। ਜਿਸ ਜਨ ਫੜਾਏ ਆਪਣਾ ਲੜ, ਸਾਚੇ ਮਾਰਗ ਲਾਇੰਦਾ। ਤੋੜ ਤੁੜਾਏ ਹੰਕਾਰੀ ਗੜ੍ਹ, ਏਕਾ ਖੰਡਾ ਵਾਹਿੰਦਾ। ਸਾਚੇ ਮੰਦਰ ਆਪੇ ਚੜ੍ਹ, ਆਪੇ ਕੁੰਡਾ ਲਾਇੰਦਾ । ਦਸਮ ਦਵਾਰੀ ਅੱਗੇ ਖੜ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਇਕ ਸੁਹਾਇੰਦਾ। ਸਚ ਮਹੱਲਾ ਏਕੰਕਾਰਾ, ਏਕਾ ਏਕ ਵਖਾਇਆ। ਆਪੇ ਖੋਲ੍ਹ ਦਸਮ ਦਵਾਰਾ, ਨਿਰਮਲ ਜੋਤੀ ਦੀਪ ਜਗਾਇਆ। ਸ਼ਬਦ ਸਿੰਘਾਸਣ ਅਪਰ ਅਪਾਰਾ, ਹਰਿ ਸਾਚੀ ਸੇਜ ਵਿਛਾਇਆ। ਅਗੰਮ ਅਗੰਮੜਾ ਦਏ ਹੁਲਾਰਾ, ਪਾਵਾ ਚੂਲ ਨਾ ਕੋਈ ਰਖਾਇਆ। ਗੁਰਮੁਖ ਨਾਰੀ ਮੇਲਾ ਕੰਤ ਭਤਾਰਾ, ਸਾਚਾ ਮੇਲ ਮਿਲਾਇਆ। ਅੱਠੇ ਪਹਿਰ ਇਕ ਪਿਆਰਾ, ਦਿਵਸ ਰੈਣ ਨਾ ਕੋਈ ਜਣਾਇਆ। ਸਾਚਾ ਆਸਣ ਸਚ ਸ਼ੰਗਾਰਾ, ਏਕਾ ਕੱਜਲ ਏਕਾ ਨੈਣ ਪਾਇਆ। ਏਕਾ ਵੇਖੇ ਵੇਖਣਹਾਰਾ, ਦੂਜਾ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਕਾਇਆ ਮੰਦਰ ਸੁਹਾਏ ਇਕ ਦਵਾਰਾ। ਬੰਕ ਦਵਾਰਾ ਸਾਚਾ ਘਰ, ਘਰ ਜੋਤ ਕਰੇ ਰੁਸ਼ਨਾਈਆ। ਘਰ ਘਰ ਅੰਦਰ ਦੇਵੇ ਵਰ, ਘਰ ਸ਼ਬਦ ਕਰੇ ਜਣਾਈਆ। ਘਰ ਘਰ ਨੁਹਾਏ ਸਾਚੇ ਸਰ, ਘਰ ਘਰ ਤਾਲ ਸੁਹਾਈਆ। ਘਰ ਵਿਚ ਘਰ ਖੋਜੇ ਵਰ, ਮਹੱਲ ਅਟੱਲ ਅਚਲ ਨਿਹਚਲ ਧਾਮ ਇਕ ਵਖਾਈਆ। ਦੀਪਕ ਜੋਤੀ ਰਿਹਾ ਬਲ, ਹਰਿ ਸਾਚੇ ਆਪ ਜਗਾਈਆ। ਆਪਣੀ ਜੋਤੀ ਆਪੇ ਗਿਆ ਰਲ, ਭੇਵ ਅਭੇਦਾ ਆਪ ਅਖਵਾਈਆ। ਸ੍ਰਿਸ਼ਟ ਸਬਾਈ ਕਰਾਏ ਵਲ ਛਲ, ਕਲਜੁਗ ਕੂਕੇ ਦਏ ਦੁਹਾਈਆ। ਸ੍ਰਿਸ਼ਟ ਸਬਾਈ ਜਗਤ ਵਕਾਰੇ ਰਹੀ ਜਲ, ਅਗਨੀ ਤਤ ਇਕ ਰਖਾਈਆ। ਦੂਈ ਦਵੈਤੀ ਲੱਗਾ ਸਲ, ਹਉਮੇ ਹੰਗਤਾ ਨਾਲ ਰਲਾਈਆ। ਮਨਮਤ ਕਰੇ ਬਲ ਬਲ, ਗੁਰਮਤ ਦਿਸ ਨਾ ਆਈਆ। ਕੂੜ ਕੁੜਿਆਰਾ ਚਲਿਆ ਹਲ, ਮੋਹ ਮਮਤਾ ਬੀਜ ਬਿਜਾਈਆ। ਅੰਤਮ ਵੇਲੇ ਲੱਗਿਆ ਫਲ, ਕੌੜਾ ਰੀਠਾ ਸ੍ਰਿਸ਼ਟ ਸਬਾਈਆ। ਪੁਰਖ ਅਬਿਨਾਸ਼ੀ ਆਪ ਹਿਲਾਵਣ ਆਇਆ ਡਾਲ੍ਹ, ਫਲ ਫੁਲਵਾੜੀ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਸਚ ਦਵਾਰਾ ਬੈਠਾ ਮੱਲ, ਜਿਸ ਜਨ ਆਪਣੀ ਦਇਆ ਕਮਾਈਆ। ਖੇਲੇ ਖੇਲ ਅੱਜ ਕੇ ਕਲ, ਕਲ ਆਪਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਵੇਖ ਦਰ ਬੰਕ ਦਵਾਰਾ ਇਕ ਸੁਹਾਈਆ। ਬੰਕ ਦਵਾਰਾ ਅਗੰਮ ਅਥਾਹ, ਬੇਪਰਵਾਹ ਸਮਾਇਆ। ਆਪੇ ਜਾਣੇ ਆਪਣਾ ਨਾ, ਆਪੇ ਰਿਹਾ ਉਪਾਇਆ। ਹਰਿਜਨ ਉਠਾਏ ਫੜ ਫੜ ਬਾਂਹ, ਸੋਇਆ ਕੋਈ ਰਹਿਣ ਨਾ ਪਾਇਆ। ਆਪੇ ਪਿਤਾ ਆਪੇ ਮਾਂ, ਆਪੇ ਸਖਾ ਸਖਾਇਆ। ਆਪੇ ਦੇਵੇ ਠੰਡੀ ਛਾਂ, ਕਲਜੁਗ ਅੰਤਮ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਅਖਵਾਇਆ। ਸ਼ੇਰ ਸਿੰਘ ਹਰਿ ਸ਼ਬਦ ਦਲੇਰਾ, ਜੋਤੀ ਜੋਤ ਜਗਾਇੰਦਾ। ਪਰਗਟ ਹੋਏ ਦੂਜੀ ਵੇਰਾ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਮੇਟੇ ਜਗਤ ਅੰਧੇਰਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਨੌਂ ਖੰਡ ਪ੍ਰਿਥਮੀ ਢਹਿ ਢਹਿ ਹੋਏ ਢੇਰਾ, ਉਚਾ ਮੰਦਰ ਦਿਸ ਨਾ ਆਇੰਦਾ। ਆਪ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਨਾ ਕੋਈ ਰਖਾਇੰਦਾ। ਸ਼ਬਦ ਸਰੂਪੀ ਪਾਏ ਘੇਰਾ, ਅਗੰਮੜੀ ਧਾਰ ਵਖਾਇੰਦਾ। ਮਨਮੁਖ ਜੀਵਾਂ ਚੁੱਕੇ ਡੇਰਾ, ਗੁਰਮੁਖ ਪਾਰ ਕਰਾਇੰਦਾ। ਸ੍ਰਿਸ਼ਟ ਸਬਾਈ ਆਪ ਭੁਲਾਈ ਕਰ ਕਰ ਹੇਰਾ ਫੇਰਾ, ਪੀ ਪੀ ਸ਼ਰਾਬਾ ਸੰਗ ਰਖਾਇੰਦਾ। ਅੰਤਮ ਵੇਲੇ ਹੱਕ ਨਿਬੇੜਾ, ਹਰਿਜਨ ਵੇਖੇ ਕਾਇਆ ਖੇੜਾ, ਸਾਚਾ ਨਗਰ ਸਚ ਗਿਰਾਂ ਸਾਚਾ ਧਾਮ ਸੁਹਾਇੰਦਾ । ਸਾਚਾ ਨਗਰ ਸਾਚਾ ਖੇੜਾ, ਸਾਚਾ ਘਰ ਗੁਰਮੁਖ ਆਪ ਵਸਾਇਆ। ਆਪੇ ਬੰਨਣਹਾਰਾ ਬੇੜਾ, ਇਕ ਵਖਾਏ ਸਾਚਾ ਦਰ, ਦੋ ਜਹਾਨਾਂ ਕੁੰਡਾ ਲਾਹਿਆ। ਜਗਤ ਵਿਕਾਰਾ ਮੇਟੇ ਝੇੜਾ ਅੰਮ੍ਰਿਤ ਨੁਹਾਏ ਸਾਚੇ ਸਰ, ਚਰਨ ਧੂੜ ਅਸ਼ਨਾਨ ਕਰਾਇਆ। ਆਵਣ ਜਾਵਣ ਚੁਕੇ ਡਰ, ਨਾ ਜਨਮੇ ਨਾ ਜਾਏ ਮਰ, ਹਰਿ ਜੋਤੀ ਮੇਲ ਮਿਲਾਇਆ। ਆਪਣੀ ਕਰਨੀ ਕਿਰਤ ਕਰਤਾ ਪੁਰਖ ਰਿਹਾ ਕਰ, ਕਰਨਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹੋਏ ਸਹਾਇਆ। ਗੁਰਸਿਖ ਸਾਚਾ ਛੋਟਾ ਬਾਲਾ, ਹਰਿ ਆਪਣੀ ਗੋਦ ਉਠਾਇੰਦਾ। ਦੇਵੇ ਨਾਮ ਸ਼ਬਦ ਦੋਸ਼ਾਲਾ, ਉਪਰ ਪੜਦਾ ਪਾਇੰਦਾ। ਆਪ ਆਪਣਾ ਰੱਖੇ ਨਾਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਵਰ ਪਾਇਆ ਹਰਿ ਪੁਰਖ ਅਗੰਮਾ, ਭਰਮ ਭੌ ਵਿਨਾਸਿਆ। ਲੇਖੇ ਲਾਏ ਕਾਇਆ ਚੰਮਾ, ਗਾਇਆ ਸਵਾਸ ਸਵਾਸਿਆ। ਬਿਰਥਾ ਕੋਈ ਨਾ ਜਾਏ ਦਮਾ, ਹਰਿ ਚਰਨ ਕਵਲ ਭਰਵਾਸਿਆ । ਨੇਤਰ ਨੀਰ ਵਹਾਏ ਛੰਮ ਛਮਾ, ਜਗਤ ਤ੍ਰਿਸਨਾ ਬੁਝੀ ਪਿਆਸਿਆ। ਆਪ ਸਵਾਰਿਆ ਆਪਣਾ ਕੰਮਾ, ਆਪੇ ਪਾਈ ਆਪਣੀ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼ਿਆ। ਖੇਲਣਹਾਰ ਜਗਤ ਖਲਾਰੀ, ਹਰਿ ਹਰਿ ਹਰਿ ਨਰਾਇਣਾ। ਗੁਰਮੁਖ ਸਾਜਨ ਰਿਹਾ ਉਭਾਰੀ, ਦਰਸ ਦਿਖਾਏ ਸਾਚੇ ਨੈਣਾਂ। ਏਕਾ ਬਖ਼ਸ਼ੇ ਨਾਮ ਖੁਮਾਰੀ, ਏਕਾ ਮਧ ਪੀਆਨਿਆ। ਇਕ ਵਖਾਏ ਮਹੱਲ ਅਟਾਰੀ, ਥਿਰ ਘਰ ਸਾਚੇ ਗੁਰਮੁਖ ਬਹਿਣਾ। ਤੀਜਾ ਨੇਤਰ ਰਿਹਾ ਉਘਾੜੀ, ਬੰਦ ਕਰਾਏ ਦੋਏ ਲੋਇਣਾ। ਸਾਚੇ ਮੰਡਲ ਰਿਹਾ ਚਾੜ੍ਹੀ, ਭੇਵ ਜਾਣੇ ਕੋਇ ਨਾ। ਆਪੇ ਹੋਏ ਪਿਛੇ ਅਗਾੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਸਾਚਾ ਥਾਇਨਾ। ਆਪੇ ਹੋਏ ਪਿਛੇ ਅਗਾੜੀ, ਆਪਣਾ ਲੜ ਫੜਾਇੰਦਾ। ਲੇਖੇ ਲਾਏ ਚਰਨ ਛੁਹਾਈ ਦਾੜ੍ਹੀ, ਲਹਿਣਾ ਮੂਲ ਚੁਕਾਇੰਦਾ। ਧਰਮ ਵਖਾਏ ਇਕ ਅਖਾੜੀ, ਸਾਚਾ ਮੰਗਲ ਗਾਇੰਦਾ। ਸ਼ਬਦ ਸਰੂਪੀ ਕਰੇ ਵਾੜੀ, ਚੌਗਿਰਦਾ ਫੇਰਾ ਪਾਇੰਦਾ। ਨੇੜ ਨਾ ਆਏ ਮੌਤ ਲਾੜੀ, ਰਾਏ ਧਰਮ ਨਾ ਵੇਖ ਵਖਾਇੰਦਾ। ਚਿਤਰ ਗੁਪਤ ਲੇਖਾ ਰਿਹਾ ਸਾੜੀ, ਗੁਰ ਪੂਰਾ ਦਇਆ ਕਮਾਇੰਦਾ। ਸ਼ਬਦ ਘੋੜੇ ਰਿਹਾ ਚਾੜ੍ਹੀ, ਵਾਗ ਆਪਣੇ ਹੱਥ ਰਖਾਇੰਦਾ। ਸਾਚੇ ਧਾਮ ਮਿਲੇ ਮੇਲ ਰਮਿਆ ਰਾਮ ਜਗੇ ਜੋਤ ਬਹੱਤਰ ਨਾੜੀ, ਆਕਾਸ਼ ਪਰਕਾਸ਼ ਸਮਾਇੰਦਾ। ਥਿਰ ਘਰ ਸਾਚੇ ਰਿਹਾ ਵਾੜੀ, ਏਕਾ ਦੂਜਾ ਭੌ ਚੁਕਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਵੇਖ ਵਖਾਇੰਦਾ। ਮਨਮੁਖ ਜੀਵਾਂ ਕਿਸਮਤ ਮਾੜੀ, ਹਰਿ ਸਾਚਾ ਦਿਸ ਨਾ ਆਇੰਦਾ। ਮਗਰ ਲੱਗੀ ਪੰਚਮ ਧਾੜੀ, ਨਾ ਕੋਈ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸੱਜਣ ਸੁਹੇਲੇ ਮੇਲ ਮਿਲਾਏ ਗੁਰੂ ਗੁਰ ਚੇਲੇ, ਗੁਰ ਚੇਲਾ ਆਪ ਅਖਵਾਇੰਦਾ। ਚੇਲਾ ਗੁਰ ਪੁਰਖ ਅਬਿਨਾਸ਼ੀ ਕਰਤਾ ਨਿਹਕਰਮ ਸਵਾਮੀ, ਹਰਿਜਨ ਸਾਚੇ ਆਪੇ ਵਰਦਾ। ਸ਼ਬਦ ਫੜਾਏ ਸਾਚਾ ਦਾਮੀ, ਆਪ ਆਪਣੇ ਜੇਹਾ ਕਰਦਾ। ਹਰ ਘਟ ਅੰਤਰਜਾਮੀ, ਹਰਿਜਨ ਆਸਾ ਜਗਤ ਪਿਆਸਾ ਦਰਸ ਦਿਖਾਏ ਥਿਰ ਘਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਏਕਾ ਦਰ ਦਾ। ਹਰਿ ਸਾਜਨ ਘਰ ਵਸਿਆ, ਪਰਮ ਪੁਰਖ ਕਰਤਾਰ। ਮੇਟੇ ਰੈਣ ਅੰਧੇਰੀ ਮੱਸਿਆ, ਦੇਵੇ ਦਰਸ ਅਗੰਮ ਅਪਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਸੱਸਿਆ, ਜੋਤੀ ਨੂਰ ਕਰੇ ਚਮਤਕਾਰ। ਰਾਹ ਸਾਚਾ ਸਤਿਗੁਰ ਦੱਸਿਆ, ਸਤਿਜੁਗ ਸਾਚੀ ਧਾਰ। ਸਚ ਮੰਦਰ ਹਰਿ ਹਰਿ ਹੱਸਿਆ, ਹਰਿ ਸਾਜਨ ਮੀਤ ਮੁਰਾਰ। ਧੁਰਦਰਗਾਹੀ ਆਇਆ ਨੱਸਿਆ, ਲੋਕਮਾਤ ਲਏ ਅਵਤਾਰ। ਤੀਰ ਨਿਰਾਲਾ ਏਕਾ ਕਸਿਆ, ਸ਼ਬਦ ਖੰਡਾ ਤੇਜ਼ ਕਟਾਰ। ਸ੍ਰਿਸ਼ਟ ਸਬਾਈ ਤ੍ਰੈਗੁਣ ਮਾਇਆ ਡੱਸਿਆ, ਪੰਚ ਤਤ ਹੋਇਆ ਵਿਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਉਜਿਆਰ। ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਕਰੇ ਰੁਸ਼ਨਾਈਆ। ਆਪਣੀ ਚਲੇ ਅਵੱਲੜੀ ਚਾਲਾ, ਆਪਣੀ ਬਣਤ ਬਣਾਈਆ। ਗਗਨ ਮੰਡਲ ਵੇਖੇ ਸਾਚਾ ਥਾਲਾ, ਦੀਪਕ ਦੀਪ ਦਖਾਈਆ। ਜਨ ਭਗਤ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੋਗ ਜੁਗਤ ਆਪਣੇ ਹੱਥ ਰਖਾਈਆ। ਕਲਜੁਗ ਜੋਗ ਜੁਗਤ ਕੁੜਿਆਰਾ, ਕੂੜੇ ਰੂਪ ਸਮਾਇਆ। ਕੂੜਾ ਧੰਦਾ ਕੂੜ ਪਸਾਰਾ, ਕੂੜੋ ਕੂੜ ਕਰੇ ਹਲਕਾਇਆ। ਕੂੜਾ ਮੀਤ ਕੂੜ ਮੁਰਾਰਾ, ਕੂੜਾ ਸੰਗ ਨਿਭਾਇਆ। ਕੂੜ ਕੁੜਿਆਰਾ ਵਸਿਆ ਚੀਤ, ਕੂੜ ਕੂੜਾ ਬੰਧਨ ਪਾਇਆ। ਕੂੜ ਕੂੜੀ ਰੱਖੀ ਪ੍ਰੀਤ, ਕੂੜ ਕੂੜਾ ਮੋਹ ਵਧਾਇਆ। ਕੂੜ ਕੂੜਾ ਗਾਇਆ ਗੀਤ, ਹਰਿ ਗੋਬਿੰਦ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜ ਕੂੜਾ ਦਏ ਮਿਟਾਇਆ। ਕੂੜ ਕੁੜਿਆਰਾ ਮੇਟਣਹਾਰਾ, ਆਦਿ ਪੁਰਖ ਅਖਵਾਇੰਦਾ। ਕਲਜੁਗ ਵੇਖੇ ਅੰਤ ਕਿਨਾਰਾ, ਮੰਜਧਾਰਾ ਫੇਰਾ ਪਾਇੰਦਾ। ਜੀਵ ਜੰਤ ਕਰੇ ਵਿਚਾਰਾ, ਕਿਰਿਆ ਕਰਮ ਨਾ ਕੋਇ ਜਣਾਇੰਦਾ। ਭਰਮੇ ਭੁਲਾ ਸਰਬ ਸੰਸਾਰਾ, ਭਰਮ ਗੜ੍ਹ ਨਾ ਕੋਇ ਤੁੜਾਇੰਦਾ। ਕੂੜਾ ਰੰਗ ਕੂੜ ਖੁਮਾਰਾ, ਕੂੜਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਵਟਾਇੰਦਾ। ਕੂੜ ਕੂੜਾ ਖ਼ਾਕੀ ਖ਼ਾਕ, ਖ਼ਾਕੀ ਖ਼ਾਕ ਸਮਾਇਆ ਨਾ ਕੋਈ ਦੀਸੇ ਪਾਕੀ ਪਾਕ, ਪੱਤਤ ਪਵਿਤ ਨਾ ਕੋਇ ਕਰਾਇਆ। ਸਾਧਾਂ ਸੰਤਾਂ ਬੰਦ ਤਾਕ, ਬਜਰ ਕਪਾਟ ਨਾ ਕੋਇ ਤੁੜਾਇਆ। ਮਾਇਆ ਮਮਤਾ ਰਹੇ ਝਾਕ, ਤ੍ਰਿਸਨਾ ਮੋਹ ਵਧਾਇਆ। ਕੂੜ ਕੂੜਾ ਬੰਧਪ ਸਾਕ, ਕੂੜਾ ਸੰਗ ਰਖਾਇਆ। ਕੋਇ ਨਾ ਜਾਣੇ ਭਵਿਖਤ ਵਾਕ, ਭਰਮ ਭੌ ਨਾ ਕੋਇ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੂੜ ਕੁੜਿਆਰਾ ਦਏ ਮਿਟਾਇਆ। ਕਲਜੁਗ ਕੂੜਾ ਜਾਏ ਉਠ, ਮਿਟੇ ਝੂਠ ਪਸਾਰਾ। ਪੁਰਖ ਅਬਿਨਾਸ਼ੀ ਗਿਆ ਤੁਠ, ਨਿਹਕਲੰਕ ਲਏ ਅਵਤਾਰਾ। ਮਨਮੁਖ ਜੀਵਾਂ ਹੱਥ ਫੜਾਏ ਖਾਲੀ ਠੁੱਠ, ਨੌਂ ਖੰਡ ਪ੍ਰਿਥਮੀ ਪਏ ਲੁੱਟ, ਚਾਰੋਂ ਕੁੰਟ ਹਾਹਾਕਾਰਾ। ਜੂਠੀ ਝੂਠੀ ਜੜ ਦੇਵੇ ਪੁੱਟ, ਮਾਰੇ ਇਕ ਹੁਲਾਰਾ। ਕੂੜੀ ਕਾਇਆ ਭਾਗ ਗਏ ਨਿਖੁੱਟ, ਨਾ ਪਾਵੇ ਕੋਈ ਸਾਰਾ। ਗੁਰਮੁਖ ਵਿਰਲਾ ਲਾਹਾ ਰਿਹਾ ਲੁੱਟ, ਜਿਸ ਮਿਲਿਆ ਕੰਤ ਭਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਠਾਏ ਸਾਚਾ ਸੁਤ ਦੁਲਾਰਾ। ਸਤਿਜੁਗ ਸਾਚਾ ਸਾਚਾ ਸੁੱਤ, ਹਰਿ ਸਾਚਾ ਆਪ ਉਠਾਇੰਦਾ। ਆਪ ਸੁਹਾਏ ਸਾਚੀ ਰੁੱਤ, ਸਚ ਸੁੱਚ ਵਰਤਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਆਪਣੀ ਦਇਆ ਕਮਾਇੰਦਾ। ਬਿਨ ਹਰਿ ਨਾਮੇ ਖ਼ਾਲੀ ਦਿਸੇ ਨਾ ਕੋਈ ਬੁੱਤ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਸ਼ਬਦ ਖੰਡਾ ਇਕ ਵਖਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਏਕਾ ਰੰਗ ਰੰਗਾਇੰਦਾ। ਆਵਣ ਜਾਵਣ ਜਾਏ ਛੁੱਟ, ਜੋ ਜਨ ਦਰਸ਼ਨ ਪਾਇੰਦਾ। ਮਾਤ ਗਰਭ ਨਾ ਲਟਕੇ ਪੁੱਠ, ਦਸ ਦਸ ਮਾਸ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਆਪ ਉਠਾਇੰਦਾ। ਸਤਿਜੁਗ ਸਾਚੇ ਉਠ ਬਲ ਧਾਰ, ਪ੍ਰਭ ਸਾਚਾ ਆਪ ਜਗਾਈਆ। ਸਚ ਸੁੱਚ ਕਰ ਵਰਤਾਰ, ਚਾਰ ਕੁੰਟ ਰਹੀ ਕੁਰਲਾਈਆ। ਬੀਸ ਬੀਸਾ ਹੋਏ ਪਹਿਰੇਦਾਰ, ਏਕਾ ਬਖ਼ਸ਼ੇ ਸੱਚੀ ਸਰਨਾਈਆ। ਨਾਤਾ ਤੁਟੇ ਚਾਰ ਯਾਰ, ਸੰਗ ਮੁਹੰਮਦ ਨਾ ਕੋਈ ਨਿਭਾਈਆ। ਅੱਲਾ ਰਾਣੀ ਕਰੇ ਪੁਕਾਰ, ਨੇਤਰ ਨੈਣਾਂ ਨੀਰ ਰਹੀ ਵਹਾਈਆ। ਰੋ ਰੋ ਕਰੇ ਗਿਰਿਆਜ਼ਾਰ, ਖੁਲੜੇ ਕੇਸ ਰਹੀ ਵਖਾਈਆ। ਹੂ ਹੂ ਨਾਅਰਾ ਕਰੇ ਪੁਕਾਰ, ਅੱਲਾ ਹੂ ਹੂ ਦਏ ਦੁਹਾਈਆ। ਤੂੰ ਬੇਐਬ ਪਰਵਰਦਿਗਾਰ, ਦੋ ਜਹਾਨਾਂ ਸਚ ਮਲਾਹੀਆ। ਚੌਦਾਂ ਤਬਕ ਰਹੇ ਲਲਕਾਰ, ਸੰਮਤ ਚੌਦਾਂ ਦਏ ਦੁਹਾਈਆ। ਈਸਾ ਮੂਸਾ ਰਹਿਣਾ ਖ਼ਬਰਦਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਿਟੇ ਅਸਵ ਹੋ ਅਸਵਾਰ, ਸ਼ਬਦ ਘੋੜਾ ਰਿਹਾ ਦੌੜਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਮੱਕਾ ਮਦੀਨਾ ਵੇਖ ਵਖਾਈਆ। ਰੂਸਾ ਚੀਨਾ ਕਰ ਪਿਆਰ, ਆਪ ਆਪਣਾ ਸੰਗ ਰਖਾਈਆ। ਲੋਕ ਤੀਨਾਂ ਬੰਨ੍ਹੇ ਧਾਰ, ਚੌਦਾਂ ਲੋਕ ਦਏ ਹਲਾਈਆ। ਦਾਨਾ ਬੀਨਾ ਆਪ ਕਰਤਾਰ, ਕਰਤਾ ਪੁਰਖ ਨਾਉਂ ਰਖਾਈਆ। ਜਨ ਭਗਤਾਂ ਦੇਵੇ ਨਾਮ ਰਸ ਭੀਨਾ, ਸਾਂਤਕ ਸਤਿ ਵਰਤਾਈਆ। ਲੱਖ ਚੁਰਾਸੀ ਵਿਚੋਂ ਵਖ ਕੀਨਾ, ਆਪਣੇ ਹੱਥ ਰੱਖੇ ਵਡਿਆਈਆ । ਪਾਏ ਸਾਰ ਗੁਰਸਿਖ ਜਿਉਂ ਜਲ ਮੀਨਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਡੇਰਾ ਢਾਹੀਆ। ਕਲਜੁਗ ਉਠੇ ਸਫਾ ਮਲੇਸ਼, ਕੂੜੋ ਕੂੜ ਮਿਟਾਇੰਦਾ। ਨਾ ਕੋਈ ਪੂਜੇ ਸ਼ਿਵ ਸ਼ੰਕਰ ਗਣੇਸ਼, ਨਾ ਕੋਈ ਦੀਸੇ ਬ੍ਰਹਮਾ ਮਹੇਸ਼, ਨਾ ਕੋਈ ਵਿਸ਼ਨੂੰ ਰੂਪ ਵਟਾਇੰਦਾ। ਨਾ ਕੋਈ ਪੂਜਾ ਬਾਸ਼ਕ ਸ਼ੇਸ, ਨਾ ਕੋਈ ਲਛਮੀ ਰੂਪ ਬਣਾਇੰਦਾ। ਆਪ ਕਰਾਏ ਆਪਣੀ ਹਰਿ ਆਦੇਸ, ਆਪਣੀ ਅਲਖ ਜਗਾਇੰਦਾ। ਏਕਾ ਸ਼ਬਦ ਦਰ ਦਰਵੇਸ਼, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਵੇਖ ਵਖਾਣੇ ਧਾਰੀ ਕੇਸ, ਮੂੰਡ ਮੁਡਾਏ ਸੰਗ ਰਲਾਇੰਦਾ। ਆਪੇ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਕੂੜਾ ਭੇਖ, ਥਿਰ ਰਹਿਣ ਨਾ ਪਾਇੰਦਾ। ਸਤਿਜੁਗ ਸਾਚਾ ਰਿਹਾ ਵੇਖ, ਨੇਤਰ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰੇ ਆਪ ਸੁਹਾਇੰਦਾ। ਕਲਜੁਗ ਕਾਲੇ ਸਿਫ਼ਤ ਸਲਾਹ, ਏਕਾ ਏਕ ਰਖਾਈਆ। ਇਕ ਮੁਹੰਮਦ ਨਾਲ ਮਿਲਾ, ਦੂਜਾ ਸੰਗ ਰਲਾਈਆ। ਅੱਲਾ ਰਾਣੀ ਕਰੇ ਨਾਹ, ਮੁਖ ਬੈਠੀ ਘੁੰਗਟ ਪਾਈਆ। ਸੰਮਤ ਪੰਦਰਾਂ ਮਾਰੇ ਧਾ, ਨਾ ਦੀਸੇ ਕੋਈ ਸਹਾਈਆ। ਅਮਾਮ ਮਹਿੰਦੀ ਹਰਿ ਭੇਖ ਵਟਾ, ਜੋਤੀ ਨੂਰ ਕਰੇ ਰੁਸ਼ਨਾਈਆ। ਮੁਖ ਨਕ਼ਾਬ ਇਕ ਰਖਾ, ਸੰਮਤ ਸੋਲਾਂ ਦਏ ਸੁਹਾਈਆ। ਪਹਿਲੀ ਚੇਤਰ ਸ਼ਾਹੀ ਕਿਲੇ ਚਰਨ ਟਿਕਾ, ਲਾਹੌਰ ਸ਼ਹਿਰ ਫੇਰਾ ਪਾਈਆ। ਗੜ੍ਹ ਹੰਕਾਰੀ ਦਏ ਤੁੜਾ, ਜਗੇ ਜੋਤੀ ਨੂਰ ਅਲਾਹੀਆ। ਵਾਹਿਦ ਖ਼ੁਦਾ ਇਕ ਅਖਵਾ, ਖ਼ੁਦੀ ਖ਼ੁਦਾਈ ਦਏ ਮਿਟਾਈਆ। ਐਨਲਹੱਕ ਤੇਰਾ ਨਾਅਰਾ ਪੂਰਾ ਦਏ ਕਰਾ, ਹੱਕ ਹਕੀਕਤ ਫੋਲ ਫੋਲਾਈਆ। ਲਾਸ਼ਰੀਕ ਆਪ ਹੋ ਜਾ, ਸ਼ਰੀਕਤ ਹੋਰ ਨਾ ਕੋਇ ਜਣਾਈਆ। ਕਲਜੁਗ ਤੇਰੀ ਤਾਰੀਕ ਏਕਾ ਵਾਰ ਪਵਾ, ਉਮਤ ਨਬੀ ਰਸੂਲ ਦਏ ਖਪਾਈਆ। ਕਲਜੁਗ ਤੇਰੀ ਮੇਟੇ ਲੱਗੀ ਕਾਲੀ ਸ਼ਾਹ, ਦੁਰਮਤ ਮੈਲ ਧਵਾਈਆ। ਗੁਰਮੁਖ ਉਠਾਏ ਥਾਉਂ ਥਾਂ, ਚਾਰ ਵਰਨ ਇਕ ਸਰਨਾਈਆ। ਮੁਸਲਮ ਹਿੰਦੂ ਸਿਖ ਈਸਾਈ ਪਕੜੇ ਬਾਂਹ, ਜੋ ਬੈਠੇ ਧਿਆਨ ਲਗਾਈਆ। ਪੰਡਤ ਕਾਸ਼ੀ ਕੋਈ ਜਾਣੇ ਨਾ, ਮੁੱਲਾ ਮਸਾਇਕ ਸ਼ੇਖ਼ ਪੀਰ ਦਸਤਗੀਰ ਕੁਤਬ ਗੌਂਸ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਖੇ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਸਾਚਾ ਨਾਅਰਾ, ਪੁਰਖ ਅਕਾਲ ਲਗਾਇਆ। ਨੌਂ ਖੰਡ ਪ੍ਰਿਥਮੀ ਇਕ ਦਵਾਰਾ, ਏਕਾ ਧਾਰ ਬੰਧਾਇਆ। ਏਕਾ ਮੰਦਰ ਇਕ ਗੁਰਦਵਾਰਾ, ਏਕਾ ਮੰਦਰ ਮਸਜਿਦ ਮੱਠ ਸ਼ਿਵਦਵਾਲਾ ਇਕ ਕਰਾਇਆ। ਏਕਾ ਚਰਨ ਇਕ ਪਿਆਰਾ, ਏਕਾ ਤੀਰਥ ਏਕਾ ਤਟ ਇਕ ਕਿਨਾਰਾ ਰਿਹਾ ਜਣਾਇਆ। ਏਕਾ ਪੂਜਾ ਏਕਾ ਪਾਠ, ਏਕਾ ਹਵਨ ਇਕ ਸਮਗਰੀ ਰਿਹਾ ਵਖਾਇਆ। ਏਕਾ ਅੰਮ੍ਰਿਤ ਮਾਰੇ ਠਾਠ, ਸਰ ਸਰੋਵਰ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਕਰ, ਕਰਨਹਾਰ ਆਪ ਅਖਵਾਇਆ। ਕਰੇ ਕਰਾਏ ਕਰਨੇਹਾਰਾ, ਆਦਿ ਪੁਰਖ ਅਬਿਨਾਸ਼ੀ। ਸ੍ਰਿਸ਼ਟ ਸਬਾਈ ਵਰਨੇਹਾਰਾ, ਸ਼ਾਹੋ ਭੂਪ ਘਨਕ ਪੁਰ ਵਾਸੀ। ਜਨ ਭਗਤਾਂ ਨਾਮ ਭੰਡਾਰੇ ਭਰਨੇਹਾਰਾ, ਖੇਲੇ ਖੇਲ ਪ੍ਰਿਥਮੀ ਆਕਾਸ਼ੀ। ਵਰਨ ਗੋਤ ਊਚ ਨੀਚ ਰਾਓ ਰੰਕ ਏਕਾ ਘਰ ਧਰਨੇਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣੀ ਰਾਸੀ। ਹਰਿ ਕਰਤਾ ਸ੍ਰਿਸ਼ਟ ਸਾਜ, ਸਰਬ ਸਮਾਇਆ। ਨਾਮ ਚਲਾਏ ਸਤਿ ਜਹਾਜ਼, ਸਤਿ ਪੁਰਖ ਦਇਆ ਕਮਾਇਆ। ਅਨਹਦ ਮਾਰੇ ਸਾਚੀ ਆਵਾਜ਼, ਸਾਚੀ ਸੇਵਾ ਲਾਇਆ। ਮੇਲ ਮਿਲਾਏ ਗ਼ਰੀਬ ਨਿਵਾਜ, ਗ਼ਰੀਬ ਨਿਮਾਣੇ ਗਲੇ ਲਗਾਇਆ। ਸੀਸ ਵਖਾਏ ਸਾਚਾ ਤਾਜ, ਸਾਚਾ ਨਾਮ ਵਖਾਇਆ। ਚਰਨ ਦਵਾਰੇ ਬਖ਼ਸ਼ੇ ਸਾਚਾ ਰਾਜ, ਰਾਜ ਜੋਗ ਇਕ ਜਣਾਇਆ। ਆਪੇ ਰਚਣਹਾਰਾ ਕਾਜ, ਆਪ ਆਪਣਾ ਕਾਜ ਕਰਾਇਆ। ਕਲਜੁਗ ਅੰਤਮ ਪਰਗਟ ਹੋਏ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾਇਆ। ਚਾਰ ਵਰਨ ਬੰਧਾਏ ਨਾਤਾ ਸਾਂਝ, ਸਾਚਾ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕਾ ਨਾਉਂ ਰਖਾਇਆ। ਸ੍ਰਿਸ਼ਟ ਸਬਾਈ ਸਾਜਨ ਮੀਤਾ, ਸਗਲਾ ਸੰਗ ਨਿਭਾਇੰਦਾ। ਆਪੇ ਠਾਂਡਾ ਆਪੇ ਸੀਤਾ, ਆਪੇ ਅਗਨੀ ਤਤ ਰਖਾਇੰਦਾ। ਆਪੇ ਮਾਰੇ ਆਪੇ ਜੀਤਾ, ਆਪੇ ਯੁਧ ਕਰਾਇੰਦਾ। ਆਪੇ ਮੰਦਰ ਆਪ ਮਸੀਤਾ, ਗੁਰਦਵਾਰਾ ਆਪ ਅਖਵਾਇੰਦਾ। ਆਪੇ ਬੈਠਾ ਰਹੇ ਅਤੀਤਾ, ਤ੍ਰੈਗੁਣ ਵਿਚ ਨਾ ਆਇੰਦਾ। ਆਪੇ ਹਸਤ ਆਪੇ ਕੀਟਾ, ਊਚ ਨੀਚ ਆਪ ਅਖਵਾਇੰਦਾ। ਆਪੇ ਕੌੜਾ ਆਪੇ ਫੀਕਾ, ਰਸ ਮੀਠਾ ਆਪ ਅਖਵਾਇੰਦਾ। ਆਪੇ ਭੇਵ ਜਾਣੇ ਜਨ ਜੀਅ ਕਾ, ਜੀ ਦਾਤਾ ਆਪ ਅਖਵਾਇੰਦਾ। ਆਪੇ ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਹੱਥ ਸੀਂਅ ਕਾ, ਆਪੇ ਕਲਜੁਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੋਤੀ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਸਗਲਾ ਸੰਗਾ, ਸਤਿਗੁਰ ਦੀਨ ਦਿਆਲਾ। ਆਪ ਵਜਾਏ ਆਪਣਾ ਮਰਦੰਗਾ, ਆਪੇ ਕਾਲ ਹੋਏ ਮਹਾਂਕਾਲਾ। ਆਪਣਾ ਦਰ ਆਪੇ ਮੰਗਾ, ਆਪੇ ਭਰੇ ਆਪਣਾ ਪਿਆਲਾ। ਆਪੇ ਭੁੱਖਾ ਆਪੇ ਨੰਗਾ, ਆਪੇ ਹੋਏ ਦੀਨ ਦਿਆਲਾ। ਆਪ ਆਪਣਾ ਲਾਇਆ ਅੰਗਾ, ਆਪਣਾ ਆਪ ਹੋਏ ਰਖਵਾਲਾ। ਆਪੇ ਧਾਰਾ ਹੋਏ ਗੰਗਾ, ਆਪੇ ਅਗਨੀ ਜੋਤ ਜਵਾਲਾ। ਆਪ ਆਪਣੇ ਘੋੜੇ ਕੱਸਿਆ ਤੰਗਾ, ਆਪੇ ਬੈਠਾ ਗੁਰ ਗੋਪਾਲਾ। ਆਪ ਆਪਣਾ ਕਰਿਆ ਜੰਗਾ, ਆਪ ਆਪਣਾ ਸ਼ਸਤਰ ਸੰਭਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਅਵੱਲੜੀ ਚਾਲਾ। ਸ੍ਰਿਸ਼ਟ ਸਬਾਈ ਨਾਤਾ ਜੋੜ, ਜੋੜਨਹਾਰ ਅਖਵਾਇਆ। ਸ਼ਬਦ ਸਰੂਪੀ ਚੜ੍ਹਿਆ ਘੋੜ, ਲੋਆਂ ਪੁਰੀਆਂ ਫੇਰਾ ਪਾਇਆ। ਲੱਖ ਚੁਰਾਸੀ ਵੇਖੇ ਪਰਖੇ ਮਿਠਾ ਕੌੜ, ਰਸ ਫੀਕਾ ਰਹਿਣ ਨਾ ਪਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਉਚਾ ਟਿਲਾ ਸਾਚਾ ਪਰਬਤ ਬਜਰ ਕਪਾਟੀ ਕਿਲਾ ਰਿਹਾ ਤੁੜਾਇਆ। ਕਲਜੁਗ ਅੰਤਮ ਜਾਏ ਬੌਹੜ, ਸੰਬਲ ਨਗਰੀ ਵੇਖ ਵਖਾਇਆ। ਗੁਰ ਗੋਬਿੰਦੇ ਲੱਗੀ ਔੜ, ਅੰਮ੍ਰਿਤ ਆਤਮ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕਾ ਨਾਉਂ ਧਰਾਇਆ। ਸ੍ਰਿਸ਼ਟ ਸਬਾਈ ਕੂੜ ਪਸਾਰਾ, ਕੂੜਾ ਡੰਕ ਵਜਾਇਆ। ਪੰਜ ਤਤ ਹੋਏ ਖਵਾਰਾ, ਮਨਮਤ ਰਹੀ ਕੁਰਲਾਇਆ। ਸਾਧ ਸੰਤ ਨਾ ਦੇਵੇ ਕੋਈ ਸਹਾਰਾ, ਧੀਰਜ ਯਤ ਨਾ ਕੋਈ ਧਰਾਇਆ। ਪਰਗਟ ਹੋਏ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸਰਗੁਣ ਬੰਨੇ ਸਾਚੀ ਧਾਰਾ, ਸਤਿ ਸਤਿਵਾਦ ਸਮਾਇਆ। ਅਗੰਮ ਅਗੰਮੜੀ ਕਰੇ ਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਕਾਇਆ ਚੋਲੀ ਅੰਤਮ ਦਏ ਰੰਗਾਇਆ। ਕਾਇਆ ਚੋਲੀ ਕਾਲੀ ਧਾਰ, ਕਲਜੁਗ ਰੰਗ ਰੰਗਾਇੰਦਾ। ਜੂਠਾ ਝੂਠਾ ਤਨ ਸੰਗਾਰ, ਮਾਇਆ ਮਮਤਾ ਬਸਤਰ ਪਾਇੰਦਾ। ਹਉਮੇ ਹੰਗਤਾ ਕਰ ਅਹਾਰ, ਤ੍ਰਿਸਨਾ ਭੁੱਖ ਮਿਟਾਇੰਦਾ। ਮੰਗਤਾ ਫਿਰੇ ਦਰ ਦਵਾਰ, ਦਰ ਦਰ ਅਲਖ ਜਗਾਇੰਦਾ। ਚਾਰੋਂ ਕੁੰਟ ਦਿਸੇ ਹਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਅੰਤਮ ਰੋਵੇ ਨੀਰ ਵਹਾਏ ਧਾਹਾਂ ਮਾਰ, ਦਰ ਸਾਚੇ ਆਪ ਕੁਰਲਾਇੰਦਾ। ਪੁਰਖ ਅਬਿਨਾਸ਼ੀ ਸੁਣ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਆਪ ਅਖਵਾਇੰਦਾ। ਕਲਜੁਗ ਕਾਲੇ ਕਾਲਾ ਚੀਰਾ, ਸਾਜਨ ਸੀਸ ਬੰਧਾਇਆ। ਹਉਮੇ ਲੱਗੀ ਸਾਚੀ ਪੀੜਾ, ਬਿਰਹੋਂ ਰੋਗ ਸਤਾਇਆ। ਟੁੱਟੀ ਜਾਏ ਹੱਡੀ ਰੀੜ੍ਹਾ, ਜੂਠਾ ਝੂਠਾ ਭਾਰ ਉਠਾਇਆ। ਨਾ ਕੋਈ ਉਠਾਏ ਸਾਥੀ ਬੀੜਾ, ਬੈਠੇ ਮੁਖ ਸ਼ਰਮਾਇਆ। ਅੱਲਾ ਰਾਣੀ ਮੰਗਦੀ ਪੀੜ੍ਹਾ, ਹੱਥੀਂ ਮਹਿੰਦੀ ਲਾਲ ਰੰਗਾਇਆ। ਸੂਹੀ ਚੁਨੀ ਸਾਚਾ ਲੀੜਾ, ਮੁਖ ਕਾਲਾ ਘੁੰਗਟ ਪਾਇਆ। ਨਾਲ ਰਲਾਏ ਸੂਰਬੀਰਾ, ਜੋਧੇ ਬੀਰ ਰਿਹਾ ਉਠਾਇਆ। ਰਸਨ ਚਲਾਏ ਸਾਚਾ ਤੀਰਾ, ਏਕਾ ਚਿੱਲਾ ਰਿਹਾ ਵਖਾਇਆ। ਪਕੜ ਉਠਾਏ ਸ਼ਾਹ ਫਕੀਰਾ, ਜਗਤ ਜ਼ੰਜੀਰਾ ਰਿਹਾ ਤੁੜਾਇਆ। ਵੇਖ ਵਖਾਣੇ ਅਠਸਠ ਨੀਰਾ, ਅਠਸਠ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਕਾਲਾ ਮੁਖੜਾ, ਮੁਖ ਕਾਲੀ ਸ਼ਾਹੀ ਲਾਇਆ। ਕਲਜੁਗ ਕੂੜਾ ਰਿਹਾ ਕੁਰਲਾ, ਚੌਦਾਂ ਤਬਕਾਂ ਰਿਹਾ ਸੁਣਾਈਆ। ਗਲ ਵਿਚ ਪੱਲਾ ਬੈਠਾ ਪਾ, ਹਰਿ ਬਖ਼ਸ਼ੀਂ ਬੇਪਰਵਾਹੀਆ। ਚਾਰ ਯਾਰੀ ਸੰਗ ਰਲਾ, ਸਗਲਾ ਸੰਗ ਵਖਾਈਆ। ਮੁਹੰਮਦ ਨਾਅਰਾ ਏਕਾ ਲਾ, ਐਨਲਹੱਕ ਰਿਹਾ ਜਗਾਈਆ। ਪਰਗਟ ਹੋਏ ਬੇਪਰਵਾਹ, ਪਾਰਬ੍ਰਹਮ ਵੱਡੀ ਵਡਿਆਈਆ। ਸਚ ਨਗਾਰਾ ਰਿਹਾ ਵਜਾ, ਡੌਰੂ ਡੰਕਾ ਇਕ ਵਖਾਈਆ। ਨੌਂ ਖੰਡ ਪ੍ਰਿਥਮੀ ਦਏ ਉਠਾ, ਸ਼ਬਦ ਸਰੂਪੀ ਫੇਰਾ ਪਾਈਆ। ਜੋਤੀ ਅਗਨੀ ਦਏ ਲਗਾ, ਘਰ ਘਰ ਲੰਬੂ ਲਾਈਆ। ਸਾਚਾ ਸਗਨ ਲਏ ਮਨਾ, ਸੰਮਤ ਪੰਦਰਾਂ ਵੇਖ ਵਖਾਈਆ। ਤਨ ਸ਼ਸਤਰ ਸਾਚਾ ਲਏ ਸਜਾ, ਨੀਲੇ ਵਾਲਾ ਬੇਪਰਵਾਹੀਆ। ਸੋਲਾਂ ਕਲੀਆਂ ਆਸਣ ਲਏ ਵਛਾ, ਆਪ ਆਪਣਾ ਧਾਮ ਸੁਹਾਈਆ। ਵਲੀਆ ਛਲੀਆ ਆਪ ਅਖਵਾ, ਹਰਿ ਜੋਤੀ ਖੇਲ ਖਿਲਾਈਆ। ਉਚ ਅਟੱਲ ਨਿਹਚਲ ਧਾਮ ਬੈਠਾ ਡੇਰਾ ਲਾ, ਦਿਸ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਤੇਰਾ ਸਚ ਮਲਾਹ, ਹੱਕ ਜਨਾਬ ਆਪ ਅਖਵਾਈਆ। ਉਮਤ ਉਮਤੀ ਦਏ ਸਲਾਹ, ਏਕਾ ਮਤਾ ਪਕਾਈਆ। ਅਗ਼ੈਬ ਅਗ਼ੈਬੀ ਹੋਏ ਹਰਿ ਖ਼ੁਦਾ, ਖ਼ੁਦੀ ਖ਼ੁਦਾਈ ਦਏ ਮਿਟਾਈਆ। ਨੂਰ ਇਲਾਹੀ ਨਾ ਹੋਏ ਜੁਦਾ, ਰਫ਼ੀਕ ਤੌਫ਼ੀਕ ਇਕ ਰਖਾਈਆ। ਹੱਕ ਹਕੀਕਤ ਦਏ ਵਖਾ, ਹੱਕ ਹਲਾਲ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਸਗਲਾ ਸੰਗ ਵੇਖ ਵਖਾਈਆ। ਸਗਲਾ ਸੰਗ ਉਮਤੀ ਨਾਤਾ, ਚਾਰ ਯਾਰੀ ਵੇਖ ਵਖਾਇਆ। ਵੇਖੇ ਖੇਲ ਹਰਿ ਪੁਰਖ ਬਿਧਾਤਾ, ਵੇਖਣਹਾਰ ਸ੍ਰਿਸ਼ਟ ਸਬਾਇਆ। ਕਲਜੁਗ ਤੇਰਾ ਕੂੜ ਚਲਾਏ ਰਾਥਾ, ਰਥ ਰਥਵਾਹੀ ਆਪੇ ਲਾਇਆ। ਪਰਗਟ ਹੋ ਤ੍ਰਿਲੋਕੀ ਨਾਥਾ, ਤੀਨਾਂ ਲੋਕਾਂ ਵੇਖ ਵਖਾਇਆ। ਮੇਟ ਮਿਟਾਏ ਕੂੜੀ ਸ਼ਾਹੀ ਮਸਤਕ ਮਾਥਾ, ਸਾਚਾ ਤਿਲਕ ਇਕ ਚੜ੍ਹਾਇਆ। ਸਰਬ ਕਲਾ ਆਪੇ ਸਮਰਾਥਾ, ਸਮਰਥ ਪੁਰਖ ਅਖਵਾਇਆ। ਅੰਤਮ ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥਾ, ਰਵਦਾਸ ਚੁਮਾਰੇ ਲੇਖਾ ਲਿਖਾਇਆ। ਰਾਮ ਰਾਮਾ ਹਰਿ ਦਸਰਾਥਾ, ਪੂਤ ਸਪੂਤਾ ਨਾਉਂ ਰਖਾਇਆ। ਵੇਖ ਵਖਾਏ ਨੌਂ ਨੌਂ ਨਾਥਾ, ਸਿਧ ਚੁਰਾਸੀ ਰਹਿਣ ਨਾ ਪਾਇਆ। ਕਲਜੁਗ ਤੇਰੀ ਅੰਤਮ ਵਾਰਾ ਸਗਲ ਵਿਸੂਰਾ ਹਰਿ ਜੀ ਲਾਥਾ, ਨੇਤਰ ਲੋਚਣ ਦਰਸ਼ਨ ਪਾਇਆ। ਮੂਲ ਚੁਕਾਏ ਤਤ ਆਠਾ, ਨੌ ਦਰ ਪਾਰ ਕਰਾਇਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠਾ, ਅਠਸਠ ਨਾ ਵੇਖ ਵਖਾਇਆ। ਆਪੇ ਗੇੜਨਹਾਰਾ ਉਲਟੀ ਲਾਠਾ, ਗੇੜਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਮੰਦਰ ਮਸਜਿਦ ਮਾਠਾ ਸ਼ਿਵਦਵਾਲਾ ਫੇਰੀ ਪਾਇਆ। ਕਲਜੁਗ ਤੇਰਾ ਕਾਲਾ ਰੂਪ, ਏਕਾ ਰੰਗ ਰੰਗਾਇੰਦਾ। ਧੂੰਆਂਧਾਰ ਚਾਰੋਂ ਕੂਟ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਜਗਤ ਪਸਾਰਾ ਜੂਠ ਝੂਠ, ਨਾਤਾ ਬਿਧਾਤਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਸ ਵਟਾਇੰਦਾ। ਭੇਖ ਵਟਾਏ ਜੋਤ ਅਕਾਲੀ, ਅਕਲ ਕਲਾ ਕਲਧਾਰੀ। ਗੁਰਮੁਖ ਸਾਜਨ ਸ਼ਬਦ ਸਵਾਮੀ, ਦੇਵੇ ਨਾਮ ਖੁਮਾਰੀ। ਫਲ ਲਗਾਏ ਸਾਚੀ ਡਾਲ੍ਹੀ, ਸਿੰਚੇ ਸਚ ਕਿਆਰੀ। ਜੋਤ ਨਿਰੰਜਣ ਚਾੜ੍ਹੇ ਲਾਲੀ, ਆਤਮਕ ਧੁਨ ਸੁਣਾਏ ਸੱਚੀ ਧੁਨਕਾਰੀ। ਪਰਮ ਪੁਰਖ ਹੋਏ ਪ੍ਰਿਤਪਾਲੀ, ਹਰਿ ਸੇਵਕ ਸੇਵਾਦਾਰੀ। ਜੁਗ ਜੁਗ ਚਲੇ ਅਵੱਲੜੀ ਚਾਲੀ, ਖੇਲੇ ਖੇਲ ਨਿਰਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਦੇਵੇ ਨਾਮ ਦਲਾਲੀ। ਨਾਮ ਦਲਾਲ ਜਗਤ ਵਿਚੋਲਾ, ਹਰਿ ਹਰਿ ਆਪ ਰਖਾਇਆ। ਗੁਰਮੁਖ ਵਿਰਲੇ ਗਾਇਆ ਢੋਲਾ, ਸੋ ਪੁਰਖ ਨਿਰੰਜਣ ਪਾਇਆ। ਕਾਇਆ ਮੰਦਰ ਅੰਦਰ ਆਪੇ ਬੋਲਾ, ਆਪਣਾ ਰਾਗ ਅਲਾਇਆ। ਆਪਣੇ ਕੰਡੇ ਆਪੇ ਤੋਲਾ, ਤੋਲਣਹਾਰ ਆਪ ਅਖਵਾਇਆ। ਆਪਣਾ ਦਰ ਆਪੇ ਖੋਲ੍ਹਾ, ਆਪ ਆਪਣਾ ਮੁਖ ਵਖਾਇਆ । ਗੁਰਮੁਖ ਕਾਇਆ ਅੰਦਰ ਮੌਲਾ, ਮੌਲਾ ਰੂਪ ਸਮਾਇਆ। ਉਲਟੀ ਕਰੇ ਨਾਭ ਕਵਲਾ, ਕਵਲਾ ਮੁਖ ਭਵਾਇਆ। ਦੇਵੇ ਵਡਿਆਈ ਉਪਰ ਧਵਲਾ, ਧਰਨੀ ਧਰਤ ਸੁਹਾਇਆ। ਮੇਲ ਮਿਲਾਏ ਸਾਵਲ ਸਵਲਾ, ਸਾਰੰਗ ਧਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਧਾਰੀ ਕਲ ਆਪ ਅਖਵਾਇਆ।
