Granth 03 Likhat 025: 4 Hadh 2010 Bikarmi Dharambir de Greh Pind Jalalabad Zila Amritsar

੪ ਹਾੜ ੨੦੧੦ ਬਿਕ੍ਰਮੀ ਧਰਮਬੀਰ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਨਰਾਇਣ ਨਰ ਨਰ ਹਰੀ। ਲੋਕਮਾਤ ਜੋਤ ਧਰੀ। ਅਚਰਜ ਖੇਲ ਪ੍ਰਭ ਆਪ ਕਰੀ। ਦਰ ਘਰ ਸਾਚੇ ਦੇਵੇ ਦਰਸ ਮਿਟਾਏ ਹਰਸ ਕਰ ਤਰਸ ਕਰ ਪੂਰਨ ਆਸ ਪ੍ਰਭ ਆਪ ਕਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਵਡ ਬ੍ਰਹਿਮਾਦੀ ਬੋਧ ਅਗਾਧੀ ਸ਼ਬਦ ਅਨਾਦੀ ਦੇਵੇ ਮਾਣ ਜਗਤ ਤਾਨ ਜਨ ਭਗਤਾਂ ਕਿਰਪਾ ਆਪ ਕਰੀ। ਕਿਰਪਾ ਕਰੇ ਗੁਣਾਂ ਗੁਣਵੰਤ। ਪ੍ਰਭ ਅਬਿਨਾਸ਼ੀ ਪੂਰਨ ਭਗਵੰਤ। ਗੁਰਮੁਖ ਸਾਚੇ ਆਪ ਜਗਾਏ ਦੇਵੇ ਮਾਣ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚਾ ਦਰਗਹਿ ਸਾਚੀ ਸਾਚਾ ਕੰਤ। ਸਾਚਾ ਕੰਤ ਸਚ ਸੁਹੇਲੜਾ। ਗੁਰਮੁਖਾਂ ਕਰਾਏ ਕਲਜੁਗ ਮੇਲੜਾ। ਆਪ ਸੁਹਾਏ ਸਾਚਾ ਵੇਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਨਾ ਦਿਸੇ ਇਕ ਇਕੇਲੜਾ। ਇਕ ਇਕੱਲੜਾ ਆਪੇ ਵਸਿਆ। ਗੁਰਮੁਖਾਂ ਰਾਹ ਸਾਚਾ ਦੱਸਿਆ। ਆਤਮ ਜੋਤ ਕਰੇ ਪ੍ਰਕਾਸ਼ ਕੋਟ ਰਵ ਸੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਜਨ ਭਗਤਾਂ ਸਦ ਹਿਰਦੇ ਵਸਿਆ। ਹਿਰਦੇ ਵਸਿਆ ਹਰਿ ਹਰਿ ਰੰਗਾ। ਦੇਵੇ ਦਰਸ ਜੋਤ ਸਰੂਪੀ ਸਾਚਾ ਸਚ ਸਚ ਅਣਮੰਗਾ। ਗੁਰਮੁਖਾਂ ਦੇਵੇ ਦਰਸ ਨਾਮ ਵਡਿਆਈ ਹੋਏ ਸਹਾਈ ਜੋਤ ਜਗਾਈ ਦੇਵੇ ਦਾਨ ਭਗਤ, ਭਗਤ ਭਗਵਾਨ ਕਿਰਪਾ ਕਰ ਮਹਾਨ ਵਡ ਦਾਨੀ ਦਾਨ ਨਿਹਕਲੰਕ ਬਲੀ ਬਲਵਾਨ ਸੋਹੰ ਸ਼ਬਦ ਅਨਰੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸੰਗ ਸੰਗਾ। ਸੰਗੀ ਸਾਥੀ ਪ੍ਰਭ ਰਘੁਨਾਥੀ। ਤ੍ਰਲੋਕੀ ਨਾਥੀ ਗੁਰਮੁਖ ਸਾਚੇ ਲੇਖ ਲਿਖਾਏ ਪ੍ਰਭ ਅਬਿਨਾਸ਼ੀ ਵਿਚ ਮਸਤਕ ਮਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੇ ਰਾਥੀ। ਸੋਹੰ ਸਾਚਾ ਰਥ ਚਲਾਇਆ। ਗੁਰਮੁਖ ਸਾਚਾ ਆਪ ਚੜ੍ਹਾਈਆ। ਕਲਜੁਗ ਬੇੜਾ ਬੰਨ੍ਹੇ ਲਾਇਆ। ਲੱਖ ਚੁਰਾਸੀ ਗੇੜਾ ਆਪ ਚੁਕਾਇਆ। ਆਵਣ ਜਾਵਣ ਝੂਠਾ ਝੇੜਾ ਆਪ ਚੁਕਾਇਆ। ਪਤਤ ਪਾਵਣ ਗੁਰਸਿਖਾਂ ਪਕੜੇ ਦਾਮਨ ਗੁਰਸਿਖਾਂ ਹੋਏ ਜਾਮਣ ਵੇਲੇ ਅੰਤ ਲਏ ਛੁਡਾਇਆ। ਬੇਮੁਖ ਸੰਘਾਰੇ ਜਿਉਂ ਰਾਮਾ ਰਾਵਣ, ਸ਼ਬਦ ਬਾਣ ਹਰਿ ਆਪ ਚਲਾਇਆ। ਗੁਰਮੁਖ ਸਾਚੇ ਆਪ ਤਰਾਏ ਅੰਮ੍ਰਿਤ ਮੇਘ ਬਰਸਾਏ ਜਿਉਂ ਬਰਸੇ ਸਾਵਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਲੰਘਾਇਆ। ਕਰ ਕਿਰਪਾ ਪਾਰ ਉਤਾਰਿਆ। ਜਨ ਭਗਤ ਭਗਤ ਜਨ ਚਰਨ ਨਿਮਸਕਾਰਿਆ। ਧੰਨ ਧੰਨ ਧੰਨ ਗੁਰਮੁਖ ਸਾਚਾ ਧੰਨ ਪ੍ਰਭ ਸਾਚਾ ਮਾਣ ਦਵਾ ਰਿਹਾ। ਆਤਮ ਜਾਏ ਮਨ ਝੂਠਾ ਚੁਕਾਏ ਜਨ, ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਸੋਹੰ ਸਾਚਾ ਸ਼ਬਦ ਸੁਣਾ ਰਿਹਾ। ਗੁਰਸਿਖ ਸੁਣੇ ਲਾਏ ਕੰਨ, ਹਰਿਆ ਹੋਵੇ ਮਨ ਤਨ, ਝੂਠਾ ਭਾਂਡਾ ਦੇਵੇ ਭੰਨ, ਸੋਹੰ ਦੇਵੇ ਸਚ ਵਸਤ ਨਾ ਲੱਗੇ ਸੰਨ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਰਾਹ ਦਿਖਾ ਰਿਹਾ। ਸਤਿਜੁਗ ਸਾਚੇ ਮਾਰਗ ਪਾਉਣਾ। ਸੋਹੰ ਸਾਚਾ ਨਾਮ ਜਪਾਉਣਾ। ਕਲਜੁਗ ਭੇਖ ਸਰਬ ਮਿਟਾਉਣਾ। ਸ੍ਰਿਸ਼ਟ ਸਬਾਈ ਏਕਾ ਰੰਗ ਹਰਿ ਸਾਚੇ ਆਪ ਰੰਗਾਉਣਾ। ਸਾਚਾ ਵਰਨ ਚਰਨ ਪ੍ਰੀਤੀ ਸਾਚਾ ਸੰਗ ਪ੍ਰਭ ਵਿਚ ਮਾਤ ਦਿਸਉਣਾ। ਆਪੇ ਪਰਖੇ ਸਾਚੀ ਨੀਤੀ, ਗੁਰਮੁਖ ਸੋਇਆ ਆਪ ਜਗਾਉਣਾ। ਕਲਜੁਗ ਅਵਧ ਅੰਤਕਾਲ ਕਲ ਬੀਤੀ, ਸਤਿਜੁਗ ਸਾਚਾ ਬੀਜ ਬਿਜਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਆਪ ਚਲਾਏ ਸਾਚੀ ਰੀਤੀ, ਨਿਹਕਲੰਕ ਨਰਾਇਣ ਨਰ ਅਵਤਾਰ ਆਪ ਅਖਵਾਉਣਾ। ਸਤਿਜੁਗ ਸਾਚਾ ਮਾਤ ਧਰ। ਪ੍ਰਭ ਅਬਿਨਾਸ਼ੀ ਦੇਵੇ ਵਰ। ਚਾਰ ਵਰਨ ਖੁਲ੍ਹਾਏ ਏਕਾ ਦਰ। ਗੁਰ ਚਰਨ ਬਣਾਏ ਸਾਚਾ ਸਰ। ਊਚ ਨੀਚ ਸਭ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਰੰਕ ਰਾਓ ਆਪ ਬਹਾਏ ਏਕਾ ਘਰ। ਏਕਾ ਘਰ ਇਕ ਵਿਹਾਰਾ। ਏਕਾ ਦਰ ਇਕ ਦਵਾਰਾ। ਪ੍ਰਭ ਸਾਚੇ ਦੀ ਸਾਚੀ ਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਨ ਭਗਤਾਂ ਹੋਏ ਆਪ ਸਹਾਰਾ। ਭਗਤ ਉਧਾਰੀ ਜੋਤ ਨਿਰੰਕਾਰੀ। ਆਵੇ ਜਾਵੇ ਵਾਰੋ ਵਾਰੀ। ਕਰੇ ਖੇਲ ਅਪਰ ਅਪਾਰੀ। ਗੁਰਮੁਖ ਸਾਚੇ ਜਾਏ ਤਾਰੀ। ਸ੍ਰਿਸ਼ਟ ਸਬਾਈ ਰਹੀ ਝੱਖ ਮਾਰੀ। ਮਦਿਰਾ ਮਾਸੀ ਹੋਏ ਖਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਕਰੇ ਕਾਰੀ। ਆਤਮ ਅਕਾਰੀ ਸ਼ਬਦ ਅਧਾਰੀ ਜੋਤ ਨਿਰੰਕਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਵਰ ਹਰਿ ਨਰ ਸਾਚਾ ਜਨ ਭਗਤਾਂ ਜਾਏ ਪੈਜ ਸਵਾਰੀ। ਧਰਮਬੀਰ ਧਰਮ ਦੀ ਦਾਤ। ਸੋਹੰ ਸ਼ਬਦ ਸਚ ਕਰਾਮਾਤ। ਚਰਨ ਪ੍ਰੀਤੀ ਸਾਚਾ ਨਾਤ। ਝੂਠੇ ਦਿਸਣ ਭੈਣ ਭਰਾਤ। ਵੇਲੇ ਅੰਤ ਕੋਇ ਨਾ ਸਾਥ। ਹੋਏ ਸਹਾਈ ਆਪ ਰਘੁਨਾਥ। ਦੇਵੇ ਵਡਿਆਈ ਤ੍ਰੈਲੋਕੀ ਨਾਥ। ਵਿਚ ਜੋਤੀ ਜੋਤ ਮਿਲਾਨੀ ਆਵਣ ਜਾਵਣ ਗੇੜ ਚੁਕਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਭਾਏ ਸਗਲਾ ਸਾਥ। ਝੂਠਾ ਧੰਦਾ ਜਗਤ ਵਿਹਾਰਾ। ਲੱਖ ਚੁਰਾਸੀ ਖੇਲ ਅਪਾਰਾ। ਵਰਤੇ ਵਰਤਾਵੇ ਪ੍ਰਭ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਕਰੇ ਖੇਲ ਅਪਰ ਅਪਾਰਾ। ਕਰੇ ਕਰਾਏ ਆਪ ਗਿਰਧਾਰ। ਪੂਰਬ ਕਰਮ ਲਏ ਵਿਚਾਰ। ਆਪੇ ਪਾਏ ਗੁਰਮੁਖਾਂ ਸਾਰ। ਕਲਜੁਗ ਸੋਏ ਆਪ ਜਗਾਏ ਖਿਚ ਲਿਆਏ ਚਰਨ ਦਵਾਰ। ਦੁਰਮਤ ਮੈਲ ਪਾਪਾਂ ਧੋਏ ਸੋਹੰ ਚਾੜ੍ਹੇ ਰੰਗ ਅਪਾਰ। ਆਤਮ ਬੀਜ ਸਾਚਾ ਬੋਏ, ਅੰਤਮ ਖਿੜੇ ਸੱਚੀ ਗੁਲਜ਼ਾਰ। ਪ੍ਰਭ ਬਿਨ ਅਵਰ ਨਾ ਦੀਸੇ ਕੋਇ, ਵੇਲੇ ਅੰਤ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਸਾਚੀ ਦੇਵੇ ਘਰ ਸਾਚੇ ਸੀਖਿਆ। ਗੁਰਮੁਖ ਮੰਗੇ ਸਾਚੀ ਭੀਖਿਆ। ਧੁਰ ਦਰਗਾਹੋਂ ਸਾਚਾ ਲੇਖ ਪ੍ਰਭ ਸਾਚੇ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਦਇਆ ਕਮਾਏ ਬਿਧਨਾ ਲਿਖੀ ਜੋ ਰੇਖਿਆ। ਰੇਖ ਰੇਖ ਹਰਿ ਰੇਖ ਮਿਟਾਏ। ਲੇਖ ਲੇਖ ਹਰਿ ਸਾਚੇ ਲੇਖ ਲਿਖਾਏ। ਭੇਖ ਭੇਖ ਭੇਖ ਕਰ ਹਰਿ ਜਗਤ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੋਏ ਆਪ ਜਗਾਏ। ਗੁਰਮੁਖ ਸੋਇਆ ਆਪ ਜਗਾਇਆ। ਆਪ ਆਪਣੀ ਸਰਨੀ ਲਾਇਆ। ਸੋਹੰ ਸਾਚਾ ਨਾਮ ਜਪਾਇਆ। ਸਵਾਸ ਸਵਾਸ ਸਵਾਸ ਹੋ ਦਾਸ ਦਾਸ ਦਾਸ ਹਿਰਦੇ ਰੱਖ ਵਾਸ ਵਾਸ ਵਾਸ ਆਤਮ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸੰਗ ਨਿਭਾਇਆ। ਸੰਗ ਸੁਹੇਲਾ ਜੁਗਾਂ ਜੁਗਾਂ ਵਿਛੜਿਆਂ ਪ੍ਰਭ ਸਾਚੇ ਕਲ ਕਰਾਇਆ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸੱਜਣ ਸਾਕ ਸੈਣ ਸੁਹੇਲਾ। ਸੱਜਣ ਸਾਕ ਸੈਣ ਸਾਚਾ ਮਿੱਤ। ਆਪੇ ਬਣੇ ਮਾਤ ਪਿਤ। ਗੁਰਮੁਖਾਂ ਕਰੇ ਸਾਚਾ ਹਿੱਤ। ਜੋਤ ਪ੍ਰਗਟਾਏ ਨਿਤ ਨਵਿਤ। ਹੋਏ ਸਹਾਏ ਜੋ ਰਾਖੇ ਚਿੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਰੀਤ। ਮੀਤ ਮੀਤਲਾ ਸਾਚਾ ਸੀਤਲਾ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਰੀਤਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਰਖੇ ਆਪੇ ਵੇਖੇ ਕੱਢੇ ਭਰਮ ਭੁਲੇਖੇ, ਸਾਚੀ ਦਰਗਹਿ ਲਾਏ ਲੇਖੇ, ਗੁਰਮੁਖ ਵਿਰਲਾ ਦਰ ਘਰ ਸਾਚਾ ਪੇਖੇ, ਜਿਥੇ ਵਸੇ ਹਰਿ ਹਰਿ ਸਾਚਾ ਬੀਠਲਾ। ਹਰਿ ਹਰਿ ਸਾਚਾ ਵੇਖ ਵਿਚਾਰੋ। ਜੂਏ ਜਨਮ ਨਾ ਆਪਣਾ ਹਾਰੋ। ਮਾਨਸ ਜਨਮ ਨਾ ਆਏ ਦੂਜੀ ਵਾਰੋ। ਝੂਠਾ ਦਿਸੇ ਸਭ ਪਰਿਵਾਰੋ। ਵੇਲੇ ਅੰਤ ਹੋਏ ਸਹਾਈ ਏਕਾ ਇਕ ਕਰਤਾਰੋ। ਜੋਤ ਸਰੂਪੀ ਦਰਸ ਦਿਖਾਈ ਹਰਸ ਮਿਟਾਈ ਦੇਵੇ ਨਾਮ ਅਧਾਰੋ। ਪ੍ਰਭ ਅਬਿਨਾਸ਼ੀ ਦਇਆ ਕਮਾਈ ਦੇਵੇ ਵਡਿਆਈ, ਆਪਣੀ ਗੋਦ ਸਵਰਨ ਉਠਾਈ ਪਾਰਬ੍ਰਹਮ ਰੂਪ ਅਪਾਰੋ। ਮਾਤ ਪਿਤਾ ਦੇਵੇ ਵਧਾਈ। ਮਾਤ ਕੁੱਖ ਸੁਫਲ ਕਰਾਈ। ਆਤਮ ਦੁੱਖ ਰਹੇ ਨਾ ਰਾਈ। ਚਿੰਤਾ ਭੁੱਖ ਪ੍ਰਭ ਦੇ ਮਿਟਾਈ। ਏਕਾ ਸੁਖ ਹਰਿ ਦੇ ਉਪਜਾਈ। ਉਜਲ ਮੁਖ ਜਗਤ ਰਹਿ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦਾ ਸਦਾ ਨਿਮਸਕਾਰੋ। ਸਾਚੇ ਧਾਮ ਸਵਰਨ ਬਹਾਈ। ਏਕਾ ਜੋਤ ਜਗੇ ਰਘੁਰਾਈ। ਦੂਸਰ ਕੋਈ ਦਿਸੇ ਨਾਹੀ। ਆਪ ਅਪਰੰਪਰ ਅਪਰ ਅਪਾਰ ਇਹ ਬਣਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਬੈਕੁੰਠ ਨਿਵਾਸੀ, ਆਪ ਬਣਾਏ ਚਰਨ ਦਾਸੀ , ਸੋਹੰ ਸ਼ਬਦ ਚਲਾਏ ਸਵਾਸ ਸਵਾਸੀ, ਮਾਨਸ ਜਨਮ ਕਰਾਇਆ ਰਾਸੀ, ਅੰਤਮ ਜੋਤੀ ਜੋਤ ਮਿਲਾਈ। ਜੋਤੀ ਜੋਤ ਮਿਲਈਆ ਮੇਲ। ਜਗਿਆ ਦੀਪਕ ਬਿਨ ਬਾਤੀ ਬਿਨ ਤੇਲ। ਆਪ ਵਸਾਏ ਘਰ ਸਾਚੇ ਦਿਸੇ ਰੰਗ ਨਵੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਵਰਤਾਵੇ ਕਰੇ ਕਰਾਵੇ ਆਪੇ ਜਾਣੇ ਆਪਣਾ ਖੇਲ। ਆਪਣਾ ਖੇਲ ਹਰਿ ਕਰੰਤਾ। ਜੁਗੋ ਜੁਗ ਭਗਤ ਭਗਵੰਤਾ। ਮਾਣ ਦਵਾਏ ਸਾਚੇ ਸੰਤਾਂ। ਖੇਲ ਰਚਾਏ ਆਦਿਨ ਅੰਤਾ। ਬੇਮੁਖਾਂ ਮਾਇਆ ਪਾਏ ਬੇਅੰਤਾ। ਧੰਨ ਧੰਨ ਧੰਨ ਗੁਰਸਿਖ ਜਿਨ ਮਿਲਿਆ ਹਰਿ ਸਾਜਨ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤਾ। ਸਾਚੀ ਬਣਤ ਜਾਏ ਬਣ। ਦੁੱਖ ਰੋਗ ਨਾ ਲੱਗੇ ਤਨ। ਸਹਿੰਸਾ ਰੋਗ ਚੁੱਕੇ ਮਨ। ਭਾਂਡਾ ਭਰਮ ਦੇਣਾ ਭੰਨ। ਝੂਠਿਆਂ ਜੂਠਿਆਂ ਸ਼ਬਦ ਨਾ ਸੁਣਨਾ ਕੰਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਧਰਮ ਰਾਏ ਨ ਲਾਵੇ ਡੰਨ। ਗੁਰਸਿਖ ਉਠਾਏ ਆਪਣੇ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਢਾਏ ਭਰਮ ਭੁਲੇਖਾ ਝੂਠਾ ਕਲਜੁਗ ਜਨ।

Leave a Reply

This site uses Akismet to reduce spam. Learn how your comment data is processed.