੧੫ ਫੱਗਣ ੨੦੧੪ ਬਿਕ੍ਰਮੀ ਦਰਸ਼ਨ ਸਿੰਘ ਦੇ ਘਰ ਮਕਾਨ ਨੰ੦ ੯੭੮੯ ਗਲੀ ਨੰ੦ ੭ ਪਹਾੜ ਗੰਜ ਦਿਲੀ ਦਰਬਾਰ ਵਿਚ
ਕਰਨਹਾਰ ਸਮਰਥ, ਪੂਰਨ ਭਗਵੰਤਿਆ। ਜੁਗ ਜੁਗ ਚਲਾਏ ਆਪਣਾ ਰਥ, ਹਰਿਜਨ ਤਰਾਏ ਸਾਜਨ ਸੰਤਿਆ। ਸ਼ਬਦ ਜਣਾਈ ਨਾਮ ਅਕੱਥ, ਸੁਣੇ ਸੁਣਾਏ ਆਪ ਸੁਣੰਤਿਆ। ਜਗਤ ਵਿਕਾਰਾ ਦੇਵੇ ਮਥ, ਸਚ ਸੇਜ ਬਣਾਏ ਸਾਚੀ ਬਣਤਿਆ। ਹਰਿਜਨ ਰਾਖੇ ਦੇ ਕਰ ਹੱਥ, ਆਦਿ ਅੰਤ ਗੁਣਾ ਗੁਣਵੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲੰਤਿਆ। ਖੇਲਣਹਾਰ ਹਰਿ ਭਗਵਾਨਾ, ਅਕਲ ਕਲ ਅਖਵਾਇੰਦਾ। ਆਪੇ ਜਾਣੇ ਧੁਰ ਫ਼ਰਮਾਣਾ, ਆਪਣਾ ਆਪ ਸੁਣਾਇੰਦਾ। ਆਪੇ ਜਾਣੇ ਨਾਮ ਨਿਧਾਨਾ, ਆਪੇ ਵੇਖ ਵਖਾਇੰਦਾ। ਆਪ ਆਪਣੀ ਕਰੇ ਪਛਾਨਾ, ਆਪ ਆਪਣਾ ਵੇਖ ਵਖਾਇੰਦਾ। ਆਪ ਵਜਾਏ ਸ਼ਬਦ ਧੁਨ ਤਰਾਨਾ, ਆਪਣਾ ਆਪ ਸੁਣਾਇੰਦਾ। ਆਤਮ ਅੰਤਰ ਦੇਵੇ ਪੀਣਾ ਖਾਣਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਸਤਿ ਸੰਤੋਖੀ ਬੰਨੇ ਗਾਨਾ, ਧੀਰਜ ਧੀਰ ਧਰਾਇੰਦਾ। ਧਰਮ ਝੁਲਾਏ ਇਕ ਨਿਸ਼ਾਨਾ, ਸਤਿ ਪੁਰਖ ਆਪ ਝੁਲਾਇੰਦਾ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿ ਮੂਰਤ ਅਕਾਲ, ਹਰਿ ਹਰਿ ਸਮਾਇਆ। ਜੁਗ ਜੁਗ ਚਲੇ ਅਵੱਲੜੀ ਚਾਲ, ਜੁਗ ਜੁਗ ਆਪਣੇ ਹੱਥ ਰਖਾਇਆ। ਆਪ ਵਜਾਏ ਆਪਣਾ ਤਾਲ, ਅਨਾਦੀ ਧਾਰਾ ਇਕ ਵਖਾਇਆ। ਦੋ ਜਹਾਨੀ ਬਣ ਦਲਾਲ, ਧੁਰਦਰਗਾਹੀ ਵੇਸ ਵਟਾਇਆ। ਨਾਤਾ ਤੋੜ ਜਗਤ ਜੰਜਾਲ, ਜੋਤੀ ਜੋਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਰਾਮਾ ਨਾਮਾ ਭੇਖ ਵਟਾਇਆ। ਨਿਹਕਲੰਕ ਆਦਿ ਅਬਿਨਾਸ਼ਾ, ਪਰਮ ਪੁਰਖ ਸੁਲਤਾਨਾ। ਨਿਰਮਲ ਜੋਤੀ ਨੂਰ ਕਰੇ ਪਰਕਾਸ਼ਾ, ਖੇਲੇ ਖੇਲ ਦੋ ਜਹਾਨਾ। ਹਰ ਘਟ ਅੰਦਰ ਰੱਖੇ ਵਾਸਾ, ਭੇਵ ਅਭੇਦਾ ਭੇਵ ਛੁਪਾਨਾ। ਭਗਤ ਜਨਾਂ ਜਨ ਦਾਸੀ ਦਾਸਾ, ਸੇਵਕ ਸੇਵ ਕਮਾਨਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਲੋਆਂ ਪੁਰੀਆਂ ਵੇਖ ਵਖਾਨਾ। ਸਾਚੇ ਮੰਡਲ ਪਾਵੇ ਰਾਸਾ, ਸਤਿ ਸਰੂਪ ਸ੍ਰੀ ਭਗਵਾਨਾ। ਆਦਿ ਅੰਤ ਨਾ ਕਦੇ ਵਿਨਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣਾ ਭਾਣਾ। ਹਰਿ ਭਾਣਾ ਹਰਿ ਜਾਣਿਆ, ਹਰਿ ਹਰਿ ਰੂਪ ਸਮਾਏ। ਸ਼ਾਹੋ ਭੂਪ ਵਡ ਸੁਲਤਾਨਿਆ, ਰਾਜ ਰਾਜਾਨਾ ਆਪ ਅਖਵਾਏ। ਹੋਏ ਸਹਾਈ ਜਨ ਨਿਮਾਣਿਆ, ਗੜ੍ਹ ਹੰਕਾਰੀ ਦਏ ਤੁੜਾਏ। ਧਰਮ ਰਖਾਏ ਇਕ ਨਿਸ਼ਾਨਿਆ, ਸਤਿਜੁਗ ਸਾਚਾ ਰੰਗ ਚੜ੍ਹਾਏ। ਏਕਾ ਸ਼ਬਦ ਧੁਰ ਫ਼ਰਮਾਣਿਆ, ਰਾਗ ਰਾਗਨੀ ਰਹੇ ਗਾਏ। ਗੁਰਮੁਖ ਵੇਖੇ ਚਤੁਰ ਸੁਜਾਨਿਆ, ਆਤਮ ਅੰਤਰ ਖੋਜ ਖੁਜਾਏ। ਆਪੇ ਬਖ਼ਸ਼ਣਹਾਰ ਚਰਨ ਧਿਆਨਿਆ, ਹਉਮੇ ਹੰਗਤਾ ਰੋਗ ਜਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਸ਼ਬਦ ਵਜਾਏ। ਏਕਾ ਡੰਕਾ ਹਰਿ ਨਿਰੰਕਾਰ, ਹਰਿ ਆਪਣਾ ਆਪ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਮਾਤ ਪਤਾਲ ਅਕਾਸ਼ ਹਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਕਰੋੜ ਤੇਤੀਸਾ ਸੰਗ ਰਲਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਲੋਕਮਾਤ ਵੇਖ ਵਖਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਲਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਧਰਾਇੰਦਾ। ਨਿਹਕਲੰਕਾ ਹਰਿ ਬਨਵਾਰੀ, ਏਕਾ ਏਕ ਅਖਵਾਇੰਦਾ। ਨਿਰਮਲ ਜੋਤ ਕਰ ਉਜਿਆਰੀ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਖੰਡਾ ਤੇਜ਼ ਕਟਾਰੀ, ਆਪ ਆਪਣੇ ਹੱਥ ਉਠਾਇੰਦਾ। ਬਸਤਰ ਸ਼ਸਤਰ ਇਕ ਅਪਾਰੀ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਸਾਚੇ ਅਸਵ ਕਰ ਅਸਵਾਰੀ, ਸ਼ਬਦ ਸਿੰਘਾਸਣ ਆਸਣ ਲਾਇੰਦਾ। ਖੇਲੇ ਖੇਲ ਅਪਰ ਅਪਾਰੀ, ਖੇਲਣਹਾਰ ਦਿਸ ਨਾ ਆਇੰਦਾ। ਦਾਤਾ ਜੋਧਾ ਸੂਰ ਬਲੀ ਬਲਕਾਰੀ, ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਅਖਵਾਇੰਦਾ। ਨਿਹਕਲੰਕ ਨਰ ਨਰਾਇਣ ਦਰਦ ਦੁੱਖ ਭੈ ਭੰਜਨ, ਏਕਾ ਏਕੰਕਾਰਿਆ। ਜਨ ਭਗਤਾਂ ਮੇਲਾ ਸਾਚੇ ਸੱਜਣ, ਮਿਲੇ ਮੇਲ ਪੁਰਖ ਅਗੰਮ ਅਪਾਰਿਆ। ਇਕ ਚੜ੍ਹਾਏ ਨਾਮ ਜਹਾਜਨ, ਖੇਵਟ ਖੇਟ ਆਪ ਅਖਵਾ ਰਿਹਾ। ਜਨ ਹਰਿ ਰੱਖਣਹਾਰਾ ਲਾਜਨ, ਲਾਜਾਵੰਤ ਆਪ ਅਖਵਾ ਰਿਹਾ। ਕਲਜੁਗ ਅੰਤਮ ਰਚਿਆ ਕਾਜਨ, ਅਕਾਲ ਪੁਰਖ ਭੇਖ ਵਟਾ ਰਿਹਾ। ਪਰਗਟ ਜੋਤ ਦੇਸ ਮਾਝਨ, ਸੰਬਲ ਨਗਰੀ ਧਾਮ ਸੁਹਾ ਰਿਹਾ। ਸ਼ਬਦ ਅਗੰਮੀ ਮਾਰੇ ਵਾਜਨ, ਸੰਤ ਸੁਹੇਲੇ ਆਪ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਅਕਾਰ ਵਖਾ ਰਿਹਾ। ਇਕ ਅਕਾਰ ਏਕੰਕਾਰਾ, ਏਕਾ ਕਲ ਵਰਤਾਇੰਦਾ। ਏਕਾ ਰੂਪ ਅਗੰਮ ਅਪਾਰਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਵਰਨ ਗੋਤ ਹਰਿ ਵਸੇ ਬਾਹਰਾ, ਜ਼ਾਤ ਅਜ਼ਾਤ ਨਾ ਕੋਈ ਧਰਾਇੰਦਾ। ਬਸਤਰ ਸ਼ਸਤਰ ਨਾ ਤਨ ਸ਼ੰਗਾਰਾ, ਸੀਸ ਧੜ ਨਾ ਕੋਈ ਵਖਾਇੰਦਾ। ਚਤੁਰਭੁਜ ਖੇਲ ਅਪਾਰਾ, ਆਦਿ ਸ਼ਕਤ ਰੂਪ ਵਟਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰਾ, ਵਾਸ ਦੇਵ ਸਮਾਇੰਦਾ। ਓਅੰ ਸੋਹੰ ਮੇਲ ਅਪਾਰਾ, ਏਕਾ ਦੂਜਾ ਭੇਵ ਚੁਕਾਇੰਦਾ। ਤੀਜਾ ਲੋਇਣ ਇਕ ਉਘਾੜਾ, ਆਤਮ ਦਰਸੀ ਦਰਸ ਦਿਖਾਇੰਦਾ। ਧਰਮ ਵਖਾਏ ਸਚ ਅਖਾੜਾ, ਸਾਚੀ ਦਰਗਹਿ ਧਾਮ ਸੁਹਾਇੰਦਾ। ਜੋਤ ਜਗਾਏ ਬਹੱਤਰ ਨਾੜਾ, ਹਰਿਜਨ ਸਾਚੇ ਵੇਖ ਵਖਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਕੂੜੀ ਕਿਰਿਆ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਅਕੇਲਾ, ਆਪਣੀ ਕਲ ਵਰਤਾਈਆ। ਆਪੇ ਗੁਰੂ ਆਪੇ ਚੇਲਾ, ਜੋਤੀ ਸ਼ਬਦੀ ਮੇਲ ਮਿਲਾਈਆ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਜੁਗ ਜੁਗ ਵੱਡੀ ਵਡਿਆਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਪੰਚਮ ਸਖੀਆਂ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਮੀਤ, ਆਪ ਆਪਣੇ ਅੰਗ ਲਗਾਈਆ। ਆਪ ਆਪਣੇ ਅੰਗ ਲਗਾ, ਹਰਿਜਨ ਭੇਵ ਖੁਲ੍ਹਾਇੰਦਾ। ਅਨਹਦ ਸਚ ਮਰਦੰਗ ਵਜਾ, ਤਾਲ ਤਲਵਾੜਾ ਇਕ ਵਖਾਇੰਦਾ। ਬਜਰ ਕਪਾਟੀ ਸਿਲਾ ਤੁੜਾ, ਦੂਈ ਦਵੈਤੀ ਕੁੰਡਾ ਲਾਹਿੰਦਾ। ਗੜ੍ਹ ਹੰਕਾਰੀ ਦਏ ਮਿਟਾ, ਨਾਮ ਖੰਡਾ ਇਕ ਵਖਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਹਰਿ ਭਗਤਾਂ ਖੋਜ ਖੋਜਾਇੰਦਾ। ਬ੍ਰਹਿਮਣ ਗੌੜੇ ਰੂਪ ਸਮਾ, ਪੂਤ ਸਪੂਤਾ ਆਪ ਅਖਵਾਇੰਦਾ। ਮਿਠਾ ਕੌੜਾ ਵੇਖ ਵਖਾ, ਹਰਿਜਨ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਰੂਪ ਹਰਿ ਨਿਰੰਕਾਰਾ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਖੇਲ ਅਪਰ ਅਪਾਰਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਬੰਨੇ ਸਾਚੀ ਧਾਰਾ, ਸਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਨਿਰਗੁਣ ਰੂਪ ਹਰਿ ਅਬਿਨਾਸ਼, ਜੋਤੀ ਜੋਤ ਸਮਾਇੰਦਾ। ਸਰਗੁਣ ਵੇਖੇ ਖੇਲ ਤਮਾਸ਼, ਆਪ ਆਪਣੀ ਦਇਆ ਕਮਾਇੰਦਾ। ਨਿਰਗੁਣ ਥਿਰ ਘਰ ਪਾਏ ਰਾਸ, ਮੰਡਲ ਮੰਡਪ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪ ਸੁਹਾਏ ਸਾਚਾ ਦਰ, ਦਰ ਦਵਾਰਾ ਆਪ ਅਖਵਾਇੰਦਾ। ਹਰਿਜਨ ਸੋਹੇ ਬੰਕ ਦਵਾਰ, ਹਰਿ ਸਾਚੇ ਆਪ ਸੁਹਾਇਆ। ਮਨਮੁਖ ਭੁੱਲੇ ਜੀਵ ਗਵਾਰ, ਮਾਇਆ ਮਮਤਾ ਪੜਦਾ ਪਾਇਆ। ਕਲਜੁਗ ਕੂੜਾ ਕੂੜ ਪਸਾਰਾ, ਕੂੜਾ ਡੰਕਾ ਰਿਹਾ ਵਜਾਇਆ। ਚਾਰੋਂ ਕੁੰਟ ਅੰਧ ਅੰਧਿਆਰਾ, ਦੀਪਕ ਗਿਆਨ ਨਾ ਕੋਇ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਮੂਰਖ ਮੂੜੇ ਮਨਮੁਖ ਜੀਵ ਮਾਇਆ ਧੰਦੇ ਆਪੇ ਲਾਇਆ। ਮੂਰਖ ਮੂੜ ਮੁਗਧ ਅੰਞਾਣਾ, ਹਰਿ ਹਰਿ ਭੇਵ ਨਾ ਜਾਣਿਆ। ਭਰਮੇ ਭੁੱਲੇ ਜੀਵ ਨਿਧਾਨਾ, ਹਉਮੇ ਹੰਗਤਾ ਰੋਗ ਵਧਾਣਿਆ। ਜੂਠ ਝੂਠ ਲੜ ਬੱਧਾ ਗਾਨਾ, ਸੰਗ ਰਖਾਏ ਪੰਜ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹਰ ਘਟ ਆਪੇ ਜਾਣੀ ਜਾਣੀਆ। ਕਲਜੁਗ ਕੂੜਾ ਕੁੜਿਆਰਾ ਡੰਕ, ਚਾਰੋਂ ਕੁੰਟ ਵਜਾਇਆ। ਭਰਮ ਭੁਲਾਏ ਰਾਓ ਰੰਕ, ਰਾਜ ਰਾਜਾਨਾ ਭੇਵ ਨਾ ਰਾਇਆ। ਗੁਰਮੁਖ ਵਿਰਲਾ ਹਰਿਜਨ ਜਨਨੀ ਜਣਿਆ ਜਨਕ, ਹਰਿਜਨ ਸਾਚਾ ਵੇਖ ਵਖਾਇਆ। ਆਤਮ ਜੋਤੀ ਲਾਏ ਤਨਕ, ਆਪ ਆਪਣਾ ਮੇਲ ਮਿਲਾਇਆ। ਖੇਲੇ ਖੇਲ ਵਾਸੀ ਪੁਰੀ ਘਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਨਿਧਾਨ ਜੀਵ ਅਜਾਣ ਮਨਮਤ ਵੇਖ ਵਖਾਇਆ। ਮਨਮਤ ਜਗਤ ਜੁਗ ਰੀਤੀ, ਹਰਿ ਸਾਚੇ ਵੇਖ ਵਖਾਈਆ। ਵੇਖ ਵਖਾਏ ਦੇਹੁਰਾ ਮੰਦਰ ਮਸੀਤੀ, ਗੁਰਦਵਾਰਾ ਫੋਲ ਫੋਲਾਈਆ। ਗੁਰਮੁਖ ਵਿਰਲੇ ਮਾਨਸ ਦੇਹੀ ਜੀਤੀ, ਸਤਿ ਸੰਤੋਖ ਸਮਾਈਆ। ਸੁਰਤ ਸਵਾਣੀ ਰਹੇ ਅਤੀਤੀ, ਸ਼ਬਦ ਸੁਹਾਗੀ ਕੰਤ ਹੰਢਾਈਆ। ਅੰਮ੍ਰਿਤ ਆਤਮ ਮਦਿ ਸਾਚੀ ਪੀਤੀ, ਉਤਰ ਕਦੇ ਨਾ ਜਾਈਆ। ਏਕਾ ਰੰਗ ਰੰਗਾਏ ਹਸਤ ਕੀਟੀ, ਊਚ ਨੀਚ ਭੇਵ ਚੁਕਾਈਆ। ਕਾਇਆ ਚੋਲੀ ਰੰਗ ਚਾੜ੍ਹੇ ਮਜੀਠੀ, ਰੰਗਣਹਾਰ ਆਪ ਅਖਵਾਈਆ। ਕੂੜ ਕੁੜਿਆਰੀ ਕਾਇਆ ਕੌੜੀ ਰੀਠੀ, ਮਨਮੁਖ ਜੀਵਾਂ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖੇ ਥਾਉਂ ਥਾਈਂਆ। ਹਰਿਜਨ ਵਸਿਆ ਸਚ ਦਵਾਰਾ, ਹਰਿ ਹਰਿ ਸਾਚਾ ਪਾਇਆ। ਭਰਮ ਭੁੱਲੇ ਜੀਵ ਗਵਾਰ, ਸਾਚਾ ਸੰਗ ਨਾ ਕੋਈ ਰਖਾਇਆ। ਦੋਹਾਂ ਮੇਲਾ ਅੰਤਮ ਵਾਰ, ਹਰਿ ਸਾਚਾ ਰਿਹਾ ਕਰਾਇਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇਆ। ਸ੍ਰਿਸ਼ਟ ਸਬਾਈ ਗਈ ਹਾਰ, ਕਲਜੁਗ ਵੇਲਾ ਅੰਤਮ ਆਇਆ। ਸੰਮਤ ਸੰਮਤੀ ਹੋਏ ਖਵਾਰ, ਸਾਧ ਸੰਤ ਹੋਏ ਹਲਕਾਇਆ। ਦਰੋਹੀ ਖ਼ੁਦਾਏ ਚਾਰ ਯਾਰ, ਪੀਰ ਦਸਤਗੀਰ ਨਾ ਕੋਈ ਸੁਹਾਇਆ। ਪੰਡਤ ਪਾਂਧੇ ਰਹੇ ਵਿਚਾਰ, ਗਿਆਨ ਧਿਆਨ ਨਾ ਕੋਈ ਜਣਾਇਆ। ਗ੍ਰੰਥੀ ਪੰਥੀ ਵੇਖ ਵਿਚਾਰ, ਵੇਖਣਹਾਰ ਦਿਸ ਨਾ ਆਇਆ। ਅੰਤਮ ਕਲ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਵੇਦ ਵਿਆਸਾ ਵੇਖ ਵਖਾਇਆ। ਨਾਨਕ ਗੋਬਿੰਦ ਕਰ ਪਿਆਰ, ਸੰਬਲ ਨਗਰੀ ਰਾਹ ਤਕਾਇਆ। ਉਚ ਮਹੱਲ ਅਟੱਲ ਮਿਨਾਰ, ਅਗੰਮ ਅਥਾਹ ਬੇਪਰਵਾਹ ਆਪਣਾ ਧਾਮ ਸੁਹਾਇਆ। ਨਿਰਮਲ ਜੋਤੀ ਕਰ ਉਜਿਆਰ, ਜੋਤੀ ਜੋਤ ਡਗਮਗਾਇਆ। ਸ਼ਬਦੀ ਸ਼ਬਦ ਕਰ ਜੈਕਾਰ, ਏਕਾ ਨਾਅਰਾ ਲਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਸ੍ਰਿਸ਼ਟ ਸਬਾਈ ਰਿਹਾ ਜਗਾਇਆ। ਵੰਡੇ ਵੰਡ ਹਰਿ ਨਿਰੰਕਾਰ, ਆਪ ਆਪਣੀ ਵੰਡ ਵੰਡਾਇਆ। ਸੰਮਤ ਚੌਦਾਂ ਹਰਿਜਨ ਸਾਚੇ ਲਏ ਉਭਾਰ, ਨਾਤਾ ਬਿਧਾਤਾ ਇਕ ਬੰਧਾਇਆ। ਸੰਮਤ ਪੰਦਰਾਂ ਕਰੇ ਖਵਾਰ, ਮਨਮੁਖ ਜੀਵ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਇਆ। ਸਤਿਗੁਰ ਸਾਜਨ ਮੀਤ, ਏਕਾ ਏਕ ਅਖਵਾਇੰਦਾ। ਹਰਿ ਸ਼ਬਦ ਸੁਣਾਏ ਸੁਹਾਗੀ ਗੀਤ, ਏਕ ਨਾਮ ਦ੍ਰਿੜਾਇੰਦਾ। ਚਰਨ ਕਵਲ ਬਖ਼ਸ਼ੇ ਸਚ ਪ੍ਰੀਤ, ਵਿਛੜ ਕਦੇ ਨਾ ਜਾਇੰਦਾ। ਕਾਇਆ ਮੰਦਰ ਅੰਦਰ ਵਖਾਏ ਦੇਹੁਰਾ ਸਚ ਮਸੀਤ, ਅੱਠੇ ਪਹਿਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾਇੰਦਾ। ਹਰਿਜਨ ਸਾਚਾ ਮੀਤੜਾ, ਏਕਾ ਏਕੰਕਾਰ। ਕਾਇਆ ਚੋਲੀ ਰੰਗੇ ਚੀਥੜਾ, ਚਾੜ੍ਹੇ ਰੰਗ ਅਪਾਰ। ਮਿਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਧਾਰ। ਕਰੇ ਕਰਾਏ ਪੱਤਤ ਪੁਨੀਤੜਾ, ਦੇਵੇ ਨਾਮ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਸਤਿਗੁਰ ਪੂਰਾ ਸਚ ਘਰ, ਏਕਾ ਏਕ ਵਖਾਇੰਦਾ। ਆਪੇ ਖੋਲ੍ਹਣਹਾਰਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਆਪ ਚੁਕਾਏ ਪੰਚਮ ਡਰ, ਪੰਚਮ ਮੋਹ ਚੁਕਾਇੰਦਾ । ਗੁਰਮੁਖ ਸਾਚੇ ਲਏ ਵਰ, ਦਰ ਸਾਚੇ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਜਨ ਮੀਤਾ ਹਰਿ ਭਗਵਾਨ, ਪਾਰਬ੍ਰਹਮ ਅਖਵਾਇਆ। ਜਨ ਭਗਤਾਂ ਦੇਵੇ ਫ਼ਰਮਾਨ, ਆਪ ਆਪਣੀ ਸੇਵ ਕਮਾਇਆ। ਏਕਾ ਸ਼ਬਦ ਇਕ ਗਿਆਨ, ਇਕ ਧਿਆਨ ਰਖਾਇਆ। ਏਕਾ ਸ਼ਬਦ ਇਕ ਬਿਬਾਨ, ਏਕਾ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਸ਼ਬਦ ਸਲਾਹ, ਗੁਰ ਪੂਰੇ ਇਕ ਜਣਾਈਆ। ਸਤਿਗੁਰ ਪੂਰਾ ਬਣ ਮਲਾਹ, ਜਗ ਬੇੜਾ ਰਿਹਾ ਤਰਾਈਆ। ਏਕਾ ਵਸਤ ਝੋਲੀ ਪਾ, ਲਹਿਣਾ ਦੇਣਾ ਮੂਲ ਚੁਕਾਈਆ। ਨਾਮ ਗਹਿਣਾ ਤਨ ਸੁਹਾ, ਸੋਲਾਂ ਕਲੀਆਂ ਵੇਖ ਵਖਾਈਆ। ਸ਼ਬਦ ਸਿੰਘਾਸਣ ਸੇਜ ਵਿਛਾ, ਆਤਮ ਅੰਤਰ ਵੇਖ ਵਖਾਈਆ। ਨਿਰਮਲ ਜੋਤੀ ਜੋਤ ਜਗਾ, ਅੱਠੇ ਪਹਿਰ ਡਗਮਗਾਈਆ। ਧੁਨ ਅਨਾਦੀ ਇਕ ਸੁਣਾ, ਅਨਹਦ ਤਾਲ ਵਜਾਈਆ। ਅੰਮ੍ਰਿਤ ਆਤਮ ਜਾਮ ਪਿਆ, ਤ੍ਰਿਸਨਾ ਭੁੱਖ ਮਿਟਾਈਆ। ਸਾਂਤਕ ਸਤਿ ਦਏ ਵਰਤਾ, ਧੀਰਜ ਧੀਰ ਰਖਾਈਆ। ਕਾਗੋ ਹੰਸ ਦਏ ਬਣਾ, ਸੋਹੰ ਹੰਸਾ ਸਾਚੀ ਚੋਗ ਚੁਗਾਈਆ। ਏਕਾ ਧਾਮ ਰਿਹਾ ਸੁਹਾ, ਘਰ ਸਾਚਾ ਇਕ ਵਖਾਈਆ। ਥਿਰ ਘਰ ਬੈਠਾ ਬੇਪਰਵਾਹ, ਆਪ ਆਪਣੀ ਅਲਖ ਜਗਾਈਆ। ਗੁਰਮੁਖ ਸਾਜਨ ਮੇਲ ਮਿਲਾ, ਏਕਾ ਦੂਜਾ ਭੇਵ ਚੁਕਾਈਆ। ਤੀਜਾ ਲੋਇਣ ਦਏ ਖੁਲ੍ਹਾ, ਚੌਥੇ ਪਦ ਸਮਾਈਆ। ਪੰਚਮ ਮੇਲਾ ਸਹਿਜ ਸੁਭਾ, ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਜੁਗ ਵਿਛੜੇ ਜਗ ਮੇਲ ਮਿਲਾਈਆ। ਹਰਿ ਸੱਜਣ ਹਰਿ ਮੇਲਿਆ, ਕਿਰਪਾ ਕਰ ਨਿਰੰਕਾਰ। ਆਪੇ ਹੋਏ ਸੱਜਣ ਸੁਹੇਲਿਆ, ਕਲਜੁਗ ਅੰਤਮ ਵਾਰ। ਗੁਰ ਗੋਬਿੰਦ ਗੁਰੂ ਗੁਰ ਚੇਲਿਆ, ਗੁਰ ਸ਼ਬਦੀ ਲਏ ਅਵਤਾਰ। ਅਚਰਜ ਖੇਲ ਆਪੇ ਖੇਲਿਆ, ਖੇਲਣਹਾਰ ਵਿਚ ਸੰਸਾਰ। ਆਪ ਵਸੇ ਰੰਗ ਨਵੇਲਿਆ, ਰੇਖ ਭੇਖ ਨਾ ਕੋਈ ਵਿਚਾਰ। ਜਨ ਭਗਤਾਂ ਲੱਖ ਚੁਰਾਸੀ ਧਰਮ ਰਾਏ ਦੀ ਕਟੇ ਜੇਲਿਆ, ਆਵਣ ਜਾਵਣ ਗੇੜ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਪਾਵੇ ਸਾਰ। ਹਰਿਜਨ ਸਾਚੀ ਸਾਰ, ਹਰਿ ਹਰਿ ਪਾਈਆ। ਕਲਜੁਗ ਅੰਤਮ ਲਏ ਅਵਤਾਰ, ਆਪਣੀ ਬੂਝ ਬੁਝਾਈਆ। ਲਹਿਣਾ ਦੇਣਾ ਪੂਰਬ ਦਏ ਨਿਵਾਰ, ਮਾਨਸ ਜਨਮ ਝੋਲੀ ਪਾਈਆ। ਨੇਤਰ ਨੈਣਾਂ ਦਰਸ ਅਪਾਰ, ਜੋਗ ਤਪ ਹਠ ਅਭਿਆਸ ਪੂਜਾ ਪਾਠ ਨਾ ਕੋਈ ਰਖਾਈਆ। ਫੜ ਫੜ ਬਾਂਹੋਂ ਲਾਏ ਪਾਰ, ਅਧਵਿਚਕਾਰ ਨਾ ਕੋਈ ਰਖਾਈਆ। ਹਰਿਸੰਗਤ ਮੇਲਾ ਹਰਿ ਦਵਾਰ, ਹਰਿ ਏਕਾ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਲਾਇਆ ਆਪੇ ਗਾਇਆ, ਸੁਨਣਹਾਰ ਆਪ ਅਖਵਾਈਆ। ਗਾਵਤ ਗਾਏ ਗੁਰ ਗੋਬਿੰਦਾ, ਗਹਿਰ ਗੰਭੀਰ ਸਮਾਇੰਦਾ। ਆਪੇ ਹੋਏ ਸਦਾ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰ ਆਪ ਅਖਵਾਇੰਦਾ। ਹਰਿਜਨ ਉਪਜਾਏ ਸਾਚੀ ਬਿੰਦਾ, ਪੂਤ ਸਪੂਤਾ ਆਪ ਅਖਵਾਇੰਦਾ। ਦਾਤਾ ਦਾਨੀ ਵਡ ਗੁਣੀ ਗਹਿੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਜਨ ਜਨਨੀ ਵੇਖ ਵਖਾਇੰਦਾ।
