Granth 07 Likhat 035: 20 Chet 2015 Bikarmi Karam Singh de Ghar Pippli Jila Bathinda Nirgun Jot Anak roop wich

੨੦ ਚੇਤ ੨੦੧੫ ਕਰਮ ਸਿੰਘ ਦੇ ਘਰ ਪਿੰਡ ਪਿਪਲੀ ਜ਼ਿਲਾ ਬਠਿੰਡਾ ਨਿਰਗੁਣ ਜੋਤ ਅਨਕ ਰੂਪ ਵਿਚ

ਹਰਿ ਜੋਤੀ ਨੂਰ ਅਪਾਰ, ਹਰਿ ਨਿਰੰਕਾਰਿਆ। ਆਪ ਆਪਣੀ ਕਿਰਪਾ ਧਾਰ, ਆਪਣਾ ਆਪ ਕਰੇ ਉਜਿਆਰਿਆ। ਆਪ ਆਪਣੀ ਪਾਵੇ ਸਾਰ, ਆਪ ਆਪਣਾ ਲੈ ਅਵਤਾਰਿਆ। ਆਪ ਆਪਣਾ ਵੇਖਣਹਾਰ, ਆਪ ਆਪਣਾ ਖੇਲ ਖਿਲਾ ਰਿਹਾ। ਨਿਰਗੁਣ ਅਪਰ ਅਪਾਰ, ਆਪ ਆਪਣਾ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਲਗਾ ਲਿਆ। ਆਪ ਆਪਣਾ ਅੰਗ ਲਗਾ, ਆਪਣੀ ਕਲ ਵਰਤਾਈਆ। ਆਪ ਆਪਣਾ ਸੰਗ ਰਖਾ, ਆਪਣੇ ਹੱਥ ਰੱਖੀ ਵਡਿਆਈਆ। ਆਪ ਆਪਣਾ ਮਰਦੰਗ ਵਜਾ, ਆਪ ਆਪਣਾ ਲਿਆ ਉਠਾਈਆ। ਆਪ ਆਪਣਾ ਪਲੰਘ ਵਿਛਾ, ਆਪੇ ਬੈਠਾ ਆਸਣ ਲਾਈਆ। ਆਪ ਆਪਣੀ ਮੰਗ ਮੰਗਾ, ਆਪਣੀ ਝੋਲੀ ਆਪ ਭਰਾਈਆ। ਆਪ ਆਪਣਾ ਦਰ ਸੁਹਾ, ਦਾਤਾ ਦਾਨੀ ਆਪ ਹੋ ਜਾਈਆ। ਆਪ ਆਪਣਾ ਘਰ ਵਸਾ, ਨਾਰੀ ਕੰਤਾ ਰੂਪ ਅਖਵਾਈਆ। ਆਪ ਆਪਣਾ ਬੰਸ ਚਲਾ, ਪੂਤ ਸਪੂਤਾ ਏਕਾ ਜਾਈਆ। ਸ਼ਬਦ ਸੁਤ ਨਾਉਂ ਧਰਾ, ਦੇਵੇ ਵਡ ਵਡਿਆਈਆ। ਭੇਵ ਅਭੇਦਾ ਭੇਵ ਛੁਪਾ, ਲੇਖਾ ਲੇਖ ਨਾ ਕੋਈ ਜਣਾਈਆ। ਅਗੰਮ ਅਗੰਮੜੇ ਧਾਮ ਟਿਕਾ, ਦਿਸ ਕਿਸੇ ਨਾ ਆਈਆ। ਅਲਖ ਅਲਖਨਾ ਆਪ ਅਖਵਾ, ਏਕਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਈਆ। ਜੋਤੀ ਨੂਰ ਹਰਿ ਉਜਾਲਾ, ਆਪਣਾ ਆਪ ਕਰਾਇਆ। ਪਰਗਟ ਹੋ ਹਰਿ ਗੋਪਾਲਾ, ਏਕਾ ਬਾਲਾ ਗੋਦ ਉਠਾਇਆ। ਆਪ ਬਣਾਏ ਸਚ ਦਲਾਲਾ, ਨਾ ਕੋਈ ਦੂਸਰ ਸੰਗ ਰਖਾਇਆ। ਆਪੇ ਚਲੇ ਆਪਣੀ ਚਾਲਾ, ਚੱਲਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਇਆ। ਆਪ ਆਪਣੀ ਦਇਆ ਕਮਾ, ਆਪਣੀ ਬਣਤ ਬਣਾਈਆ। ਆਪ ਆਪਣਾ ਲਏ ਉਪਾ, ਆਪ ਆਪਣਾ ਨਾਉਂ ਧਰਾਈਆ। ਆਪ ਆਪਣਾ ਨਾਅਰਾ ਲਾ, ਆਪ ਆਪਣਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਵਡਿਆਈਆ। ਆਪ ਆਪਣਾ ਕਰ ਅਕਾਰਾ, ਆਪਣਾ ਕਰਮ ਕਮਾਇਆ। ਆਪ ਆਪਣਾ ਦਏ ਸਹਾਰਾ, ਆਪ ਆਪਣਾ ਧਰਮ ਧਰਾਇਆ। ਆਪ ਆਪਣਾ ਪਾਰਾਵਾਰਾ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖ ਕਿਨਾਰਾ, ਆਪ ਆਪਣਾ ਬੰਨੇ ਲਾਇਆ। ਆਪ ਆਪਣੀ ਬੰਨੇ ਧਾਰਾ, ਆਪ ਆਪਣਾ ਮਾਰਗ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦੇਵੇ ਵਰ, ਸੇਵਕ ਸੇਵਾ ਰਿਹਾ ਕਮਾਇਆ। ਸਾਚੇ ਸੁਤ ਕਰ ਤਿਆਰ, ਹਰਿ ਆਪਣੀ ਕਲ ਵਰਤਾਈਆ। ਕਰੇ ਕਰਾਏ ਖ਼ਬਰਦਾਰ, ਨਿਰਗੁਣ ਇਕ ਜਣਾਈਆ। ਖੇਲੇ ਖੇਲ ਖੇਲਣਹਾਰ, ਕਰਤਾ ਪੁਰਖ ਖੇਲ ਖਿਲਾਈਆ। ਪੁਰਖ ਅਗੰਮਾ ਕਰੇ ਅਗੰਮੜੀ ਕਾਰ, ਅਗੰਮ ਅਗੰਮੜਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਸ਼ਬਦ ਸੁਤ ਹਰਿ ਬਲਵਾਨਾ, ਏਕਾ ਏਕ ਉਪਾਇਆ। ਧੁਰ ਦਰਬਾਰ ਧੁਰ ਫ਼ਰਮਾਨਾ, ਏਕਾ ਏਕ ਸੁਣਾਇਆ। ਏਕਾ ਬੰਨੇ ਸਾਚਾ ਗਾਨਾ, ਨਾ ਕੋਈ ਦੂਸਰ ਤੰਦ ਬੰਧਾਇਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨਾ, ਖੇਲੇ ਖੇਲ ਆਪ ਮਹਾਨਾ, ਖੇਲਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਏਕਾ ਵਰ, ਏਕਾ ਝੋਲੀ ਪਾਇਆ। ਏਕਾ ਵਰ ਝੋਲੀ ਪਾ, ਹਰਿ ਸਾਚੇ ਸਚ ਜਣਾਈਆ। ਲੋਆਂ ਪੁਰੀਆਂ ਬਣਤ ਬਣਾ, ਗਗਨ ਪਤਾਲਾ ਲਏ ਉਪਾਈਆ। ਅਕਾਸ਼ ਪਰਕਾਸ਼ ਇਕ ਵਖਾ, ਧਰਤ ਧਵਲ ਸੁਹਾਈਆ। ਬ੍ਰਹਿਮੰਡ ਖੰਡ ਵੰਡ ਵੰਡਾ, ਵੰਡਣਹਾਰ ਆਪ ਹੋ ਜਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਆਪ ਆਪਣਾ ਕਰਮ ਕਮਾਈਆ। ਤ੍ਰੈਗੁਣ ਮਾਇਆ ਤਤ ਜਣਾ, ਏਕਾ ਝੋਲੀ ਪਾਈਆ। ਪੰਜ ਪੰਜ ਮੇਲ ਮਿਲਾ, ਪੰਜ ਪੰਜੀ ਹੋਏ ਸਹਾਈਆ। ਲੋਕ ਪਰਲੋਕ ਦਏ ਵਸਾ, ਆਪ ਆਪਣਾ ਥਾਨ ਸੁਹਾਈਆ। ਸਰਬ ਨਿਰੰਤਰ ਆਪ ਅਖਵਾ, ਗਗਨ ਗਗਨੰਤਰ ਫੇਰਾ ਪਾਈਆ। ਥਿਰ ਘਰ ਸਾਚੇ ਡੇਰਾ ਲਾ, ਅਚਲ ਅਟੱਲ ਮਹੱਲ ਇਕ ਸੁਹਾਈਆ। ਨਿਹਚਲ ਧਾਮ ਦਏ ਵਖਾ, ਨਿਰਗੁਣ ਵੱਡੀ ਵਡਿਆਈਆ। ਪੂਤ ਸਪੂਤਾ ਆਪ ਉਪਾ, ਆਪਣੀ ਕਾਰ ਕਰਾਈਆ। ਏਕਾ ਬਸਤਰ ਤਨ ਛੁਹਾ, ਸਾਚਾ ਦਰ ਸੁਹਾਈਆ। ਏਕਾ ਮਾਰਗ ਰਿਹਾ ਪਾ, ਦੂਜਾ ਭੇਵ ਨਾ ਕੋਈ ਜਣਾਈਆ। ਏਕਾ ਰੰਗਣ ਰਿਹਾ ਰੰਗਾ, ਰੰਗ ਰੰਗੀਲਾ ਆਪ ਅਖਵਾਈਆ। ਸਰਬ ਵਸੀਲਾ ਰਿਹਾ ਬਣਾ, ਹਰਿ ਸ਼ਬਦ ਗੁਰ ਉਪਾਈਆ। ਆਪਣਾ ਕਬੀਲਾ ਰਿਹਾ ਬਣਾ, ਲੋਕਮਾਤ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਦਇਆ ਕਮਾ, ਆਪਣੀ ਰਕਤ ਆਪੇ ਰਿਹਾ ਟਿਕਾਈਆ। ਕਵਲ ਕਵਲਾ ਲਿਆ ਸਮਾ, ਆਪਣੀ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਵੱਖ ਕਰਾ, ਬ੍ਰਹਮ ਬ੍ਰਹਮ ਜਣਾਈਆ। ਬ੍ਰਹਮ ਬ੍ਰਹਮ ਪਏ ਸਰਨਾ, ਸਤਿ ਪੁਰਖ ਵੱਡੀ ਵਡਿਆਈਆ। ਆਦਿ ਨਿਰੰਜਣ ਦਇਆ ਕਮਾ, ਆਪ ਆਪਣੀ ਕਰੇ ਕੁੜਮਾਈਆ। ਏਕਾ ਭੂਸ਼ਨ ਬਸਤਰ ਪਾ, ਨਿਰਾਕਾਰ ਅਕਾਰ ਵਖਾਈਆ। ਨਿਰਗੁਣ ਵੇਸ ਲਏ ਵਟਾ, ਸਰਗੁਣ ਕਰ ਰੁਸ਼ਨਾਈਆ । ਸਰਗੁਣ ਸਹਿਜੇ ਗਿਆ ਸਮਾ, ਆਪ ਆਪਣਾ ਮੁਖ ਛੁਪਾਈਆ। ਪੰਚਮ ਮੇਲਾ ਸਹਿਜ ਸੁਭਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਵਖਾਈਆ। ਤ੍ਰੈਗੁਣ ਮਾਇਆ ਤੇਰਾ ਰੰਗ ਰੰਗਾ, ਤ੍ਰੈਧਾਤੀ ਬਣਤ ਬਣਾਈਆ। ਮਨ ਮਤ ਬੁਧ ਦਏ ਟਿਕਾ, ਧਾਮ ਅਵੱਲੜਾ ਇਕ ਸੁਹਾਈਆ। ਨੌਂ ਦਵਾਰੇ ਜਗਤ ਵਖਾ, ਜਾਗਰਤ ਜੋਤ ਟਿਕਾਈਆ। ਦਸਮ ਦਵਾਰੀ ਡੇਰਾ ਲਾ, ਆਪ ਆਪਣਾ ਧਾਮ ਸੁਹਾਈਆ। ਜੋਤ ਨਿਰੰਜਣ ਸੇਵਾ ਲਾ, ਸਾਚੀ ਵੰਡ ਵੰਡਾਈਆ। ਭੈ ਭੰਜਨ ਹਰਿ ਆਪ ਅਖਵਾ, ਭਵ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਆਪ ਆਪਣੀ ਰਚਨ ਰਚਾਈਆ। ਸ਼ਬਦ ਸੁਤ ਕਰ ਉਜਾਗਰ, ਹਰਿ ਆਪਣਾ ਕਰਮ ਕਮਾਇਆ। ਪੰਜ ਤਤ ਵਸਿਆ ਕਾਇਆ ਗਾਗਰ, ਦਿਸ ਕਿਸੇ ਨਾ ਆਇਆ। ਬ੍ਰਹਮਾ ਬਣਿਆ ਹਰਿ ਸੌਦਾਗਰ, ਹਰਿ ਸਾਚਾ ਝੋਲੀ ਪਾਇਆ। ਦੇਵੇ ਨਾਮ ਰੱਤੀ ਰਤਨਾਗਰ, ਏਕਾ ਨੇਤਰ ਗਿਆਨ ਦ੍ਰਿੜਾਇਆ। ਨਿਰਮਲ ਕਰਮ ਕਰੇ ਉਜਾਗਰ, ਆਪ ਆਪਣੀ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਦਰ ਦਵਾਰਾ ਇਕ ਸੁਹਾਇਆ। ਸਾਚੇ ਸੁਤ ਸਚ ਦਵਾਰ, ਏਕਾ ਅਲਖ ਜਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਭਿਛਿਆ ਪਾਈਆ। ਪਾਰਬ੍ਰਹਮ ਗੁਰ ਲੈ ਅਵਤਾਰ, ਬ੍ਰਹਮ ਕਰੇ ਜਣਾਈਆ। ਆਦਿ ਨਿਰੰਜਣ ਇਕ ਏਕੰਕਾਰ, ਸਮਰਥ ਪੁਰਖ ਅਖਵਾਈਆ। ਅਲਖ ਅਲਖਨਾ ਪਾਵੇ ਸਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰ, ਰਕਤ ਬੂੰਦ ਨਾ ਕੋਈ ਰਖਾਈਆ। ਮਾਤ ਪਿਤ ਨਾ ਕੋਈ ਪਿਆਰ, ਨਾ ਕੋਈ ਬਾਲਕ ਗੋਦ ਜਣਾਈਆ। ਭੈਣ ਭਰਾਤਾ ਨਾ ਕੋਈ ਸੰਸਾਰ, ਨਾ ਕੋਈ ਕੁਟੰਬ ਰਖਾਈਆ। ਨਾਰੀ ਕੰਤਾ ਨਾ ਕਰ ਪਿਆਰ, ਨਾ ਕੋਈ ਸੇਜ ਹੰਢਾਈਆ। ਸਾਧ ਸੰਤ ਨਾ ਕੋਈ ਦਵਾਰ, ਇਕ ਅਕੱਲਾ ਵਸਿਆ ਸਚ ਮਹੱਲਾ, ਨਾ ਕੋਈ ਦੂਸਰ ਸੰਗ ਰਖਾਈਆ। ਆਪੇ ਵਸਿਆ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਗੀ ਕੰਦਰ ਡੇਰਾ ਲਾਈਆ। ਰਵ ਸਸ ਦੀਪਕ ਜੋਤੀ ਆਪੇ ਬਲਾ, ਮੰਡਲ ਮੰਡਪ ਦਏ ਸੁਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਆਪੇ ਰਲਾ, ਆਪ ਆਪਣਾ ਰੂਪ ਵਟਾਈਆ। ਲੱਖ ਚੁਰਾਸੀ ਹਰ ਘਟ ਦੀਪਕ ਆਪੇ ਬਲਾ, ਨਿਰਗੁਣ ਰੂਪ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਆਪ ਆਪਣਾ ਨਾਉਂ ਧਰਾਈਆ। ਆਪ ਆਪਣਾ ਨਾਉਂ ਧਰਾ, ਆਪਣੀ ਖੇਲ ਖਿਲਾਇਆ। ਆਪ ਆਪਣੀ ਰਚਨ ਰਚਾ, ਰਚਨਹਾਰ ਆਪ ਅਖਵਾਇਆ। ਆਪ ਆਪਣਾ ਬਚਨ ਅਲ੍ਹਾ, ਆਪ ਆਪਣਾ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਦਰ, ਇਕ ਗਿਆਨ ਦ੍ਰਿੜਾਇਆ। ਸ਼ਬਦ ਸੁਤ ਵਡ ਮਿਹਰਵਾਨਾ, ਹਰਿ ਹਰਿ ਆਪ ਉਪਾਇਆ। ਆਪੇ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਰਾਹ ਤਕਾਇਆ। ਲੋਕਮਾਤ ਪਹਿਰੇ ਬਾਣਾ, ਸ਼ਬਦ ਸਰੂਪੀ ਇਕ ਨਿਸ਼ਾਨਾ, ਜੋਧਾ ਸੂਰਬੀਰ ਬਲੀ ਬਲਵਾਨਾ, ਗੁਣ ਨਿਧਾਨਾ ਆਪ ਅਖਵਾਇਆ। ਆਪ ਚੁਕਾਏ ਆਪਣੀ ਕਾਨਾ, ਆਪ ਆਪਣੀ ਵੰਡ ਵੰਡਾਇਆ। ਲਿਖਿਆ ਲੇਖ ਸ੍ਰਿਸ਼ਟ ਮਹਾਨਾ, ਬ੍ਰਹਮਾ ਵੇਤਾ ਸੇਵਾ ਲਾਇਆ। ਲਿਖਿਆ ਲੇਖ ਅੰਤਰ ਧਿਆਨਾ, ਆਤਮ ਬ੍ਰਹਮ ਜਣਾਇਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਵੇਖੇ ਖੇਲ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇਆ। ਆਪ ਆਪਣਾ ਭੇਵ ਖੁਲਾਏ, ਦੇਵੇ ਧੁਰ ਫ਼ਰਮਾਣ। ਸ਼ਬਦ ਸੁਤ ਆਪ ਜਗਾਏ, ਬ੍ਰਹਮੇ ਬ੍ਰਹਮ ਗਿਆਨ। ਆਦਿ ਅਨਾਦੀ ਇਕ ਅਖਵਾਏ, ਨਾਦੀ ਧੁਨ ਮਹਾਨ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਏ, ਏਕਾ ਦਰ ਪਰਵਾਨ। ਬੋਧ ਅਗਾਧੀ ਸ਼ਬਦ ਜਣਾਏ, ਆਪੇ ਜਾਣੀ ਜਾਣ। ਵਿਸਮਾਦੀ ਵਿਸਮਾਦ ਸਮਾਏ, ਆਦਿ ਜੁਗਾਦੀ ਨਾ ਕੋਈ ਕਰੇ ਪਛਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਕਰੇ ਦਰ ਪਰਵਾਨ। ਦੇਵਣਹਾਰਾ ਹਰਿ ਭੰਡਾਰਾ, ਏਕ ਏਕ ਅਖਵਾਇਆ। ਸ਼ਬਦ ਸੁਤ ਕਰ ਵਰਤਾਰਾ, ਬ੍ਰਹਮਾ ਝੋਲੀ ਪਾਇਆ। ਬ੍ਰਹਮਾ ਸੇਵਕ ਸੇਵਾਦਾਰਾ, ਵੇਦ ਕਤੇਬਾ ਰਿਹਾ ਲਿਖਾਇਆ। ਪਾਇਆ ਭੇਵ ਨਾ ਅਗੰਮ ਅਪਾਰਾ, ਗਿਆਨ ਧਿਆਨ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ, ਲੱਖ ਚੁਰਾਸੀ ਜਗਤ ਵੰਡ ਵੰਡਾਇਆ। ਲੋਕਮਾਤੀ ਵੰਡ ਵੰਡਾ, ਆਪਣੀ ਰਚਨ ਰਚਾਈਆ। ਬ੍ਰਹਿਮੰਡ ਖੰਡ ਹਰਿ ਡੇਰਾ ਲਾ, ਜੇਰਜ ਅੰਡ ਸਮਾਈਆ। ਉਤਭੁਜ ਸੇਤਜ ਲਏ ਉਪਾ, ਪੰਚਮ ਮੋਹ ਬੰਧਾਈਆ। ਆਪ ਆਪਣਾ ਸੰਗ ਰਖਾ, ਸਗਲਾ ਸੰਗ ਵੇਖ ਵਖਾਈਆ। ਆਪ ਆਪਣੀ ਜੋਤ ਟਿਕਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਲਿਖਾਈਆ। ਆਪੇ ਲੇਖਾ ਲੇਖ ਲਿਖਾਰਾ, ਲਿਖਣਹਾਰ ਅਖਵਾਇਆ। ਆਪੇ ਬਣੇ ਜਗਤ ਵਣਜਾਰਾ, ਏਕਾ ਵਣਜ ਕਰਾਇਆ। ਆਪੇ ਭਰੇ ਨਾਮ ਭੰਡਾਰਾ, ਹਰਿਜਨ ਭਗਤੀ ਝੋਲੀ ਪਾਇਆ। ਆਪ ਸੁਹਾਏ ਬੰਕ ਦਵਾਰਾ, ਬੰਕ ਦਵਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਿਹਾ ਉਪਾਇਆ। ਲੋਕਮਾਤ ਹਰਿ ਆਪਣਾ ਆਪ, ਏਕਾ ਏਕ ਉਪਾਇੰਦਾ। ਏਕਾ ਜਾਪ ਜਪਾਏ ਜਾਪ, ਆਪਣੀ ਬਣਤ ਬਣਾਇੰਦਾ। ਆਪੇ ਪੁੰਨ ਆਪੇ ਪਾਪ, ਵਡ ਪਰਤਾਪ ਆਪ ਕਰਾਇੰਦਾ। ਆਪ ਉਪਾਏ ਦਇਆ ਕਮਾਏ ਸੰਤ ਸਾਧ, ਸਾਚੀ ਸਿਖਿਆ ਆਪ ਜਣਾਇੰਦਾ। ਆਪ ਆਪਣਾ ਲਏ ਅਰਾਧ, ਆਪ ਆਪਣਾ ਧਿਆਨ ਲਗਾਇੰਦਾ । ਆਪ ਆਪਣਾ ਵਜਾਏ ਨਾਦ, ਧੁਨ ਆਤਮਕ ਆਪ ਸੁਣਾਇੰਦਾ। ਆਪ ਆਪਣਾ ਵਜਾਏ ਸਾਜ, ਤਾਲ ਤਲਵਾੜਾ ਇਕ ਰਖਾਇੰਦਾ। ਆਪ ਆਪਣੀ ਮਾਰੇ ਠਾਠ, ਸਰ ਸਰੋਵਰ ਇਕ ਭਰਾਇੰਦਾ। ਆਪ ਆਪਣੀ ਗੇੜੇ ਲਾਠ, ਗੇੜਾ ਆਪਣੇ ਹੱਥ ਰਖਾਇੰਦਾ। ਆਪ ਆਪਣਾ ਜਾਣੇ ਪੂਜਾ ਪਾਠ, ਆਪ ਆਪਣਾ ਨਾਉਂ ਧਿਆਇੰਦਾ। ਆਪ ਆਪਣੀ ਜਾਣੇ ਵਾਟ, ਆਪ ਆਪਣਾ ਪੰਧ ਮੁਕਾਇੰਦਾ। ਆਪ ਆਪਣੇ ਚੜ੍ਹਿਆ ਘਾਟ, ਆਪ ਆਪਣਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਏਕਾ ਕਰ, ਸਰਗੁਣ ਦਰ ਸੁਹਾਇੰਦਾ। ਨਿਰਗੁਣ ਮੇਲਾ ਸਰਗੁਣ ਧਾਰ, ਹਰਿ ਸਾਚੀ ਬਣਤ ਬਣਾਈਆ। ਖੇਲੇ ਖੇਲ ਵਿਚ ਸੰਸਾਰ, ਲੱਖ ਚੁਰਾਸੀ ਡੇਰਾ ਲਾਈਆ। ਜੋਤੀ ਦੀਪਕ ਕਰ ਉਜਿਆਰ, ਵੇਖਣਹਾਰ ਆਪ ਹੋ ਜਾਈਆ। ਕਰਤਾ ਪੁਰਖ ਕਰਨੇਹਾਰਾ ਕਰੇ ਖੇਲ ਅਪਰ ਅਪਾਰ, ਨਿਰਵੈਰ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੁਗਤੀ ਆਪਣੀ ਆਪ ਜਣਾਈਆ। ਜਗ ਜੁਗਤੀ ਜਗ ਜੋਗ ਬਣਾ, ਆਪਣਾ ਕਰਮ ਕਮਾਇਆ। ਆਪੇ ਰਸੀਆ ਭੋਗ ਅਖਵਾ, ਆਪੇ ਰਸਨਾ ਜਿਹਵਾ ਲਾਇਆ। ਆਪੇ ਦਰਸ ਅਮੋਘ ਕਰਾ, ਏਕਾ ਦੂਜਾ ਭੌ ਚੁਕਾਇਆ। ਆਪੇ ਆਤਮ ਸਾਚੀ ਚੋਗ ਚੁਗਾ, ਤ੍ਰਿਸਨਾ ਭੁੱਖ ਮਿਟਾਇਆ। ਆਪੇ ਹਉਮੇ ਰੋਗ ਗਵਾ, ਹੰ ਹੰਗਤਾ ਰਹਿਣ ਨਾ ਪਾਇਆ। ਸੋ ਪੁਰਖ ਨਿਰੰਜਣ ਆਪ ਅਖਵਾ, ਸੋਹੰ ਮੰਤਰ ਦ੍ਰਿੜਾਇਆ। ਸੋਹੰ ਸ਼ਬਦ ਜਾਪ ਜਪਾ, ਨਿਰਗੁਣ ਸਰਗੁਣ ਵਿਚ ਸਮਾਇਆ। ਨਿਰਗੁਣ ਸਰਗੁਣ ਏਕਾ ਥਾਂ, ਮਹੱਲ ਅਟੱਲ ਇਕ ਉਪਾਇਆ। ਪੰਜ ਤਤ ਰਚਨ ਰਚਾ, ਆਪ ਆਪਣਾ ਮੁਖ ਛੁਪਾਇਆ। ਕੰਚਨ ਗੜ੍ਹ ਦਏ ਸੁਹਾ, ਥਿਰ ਘਰ ਵਾਸੀ ਡੇਰਾ ਲਾਇਆ। ਸੀਸ ਧੜ ਕੋਈ ਦੀਸੇ ਨਾ, ਚੋਟੀ ਜੜ੍ਹ ਨਾ ਕੋਈ ਦਿਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਲਿਆ ਘੜ, ਘੜਨਹਾਰ ਸਮਰਥ ਪੁਰਖ ਇਕ ਅਖਵਾਇਆ। ਸ੍ਰਿਸ਼ਟ ਸਬਾਈ ਘਾੜਨ ਘੜ, ਪੰਜ ਤਤ ਸਮਾਇਆ। ਨਿਰਗੁਣ ਰੂਪ ਅੰਦਰ ਵੜ, ਸਰਗੁਣ ਲਏ ਜਗਾਇਆ। ਉਚ ਮਹੱਲੇ ਆਪੇ ਚੜ੍ਹ, ਸਚ ਸਿੰਘਾਸਣ ਡੇਰਾ ਲਾਇਆ। ਆਪ ਬਣਾਇਆ ਸਾਚਾ ਗੜ੍ਹ, ਕਿਲਾ ਕੋਟ ਦਏ ਸੁਹਾਇਆ। ਵੇਖ ਵਖਾਏ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇਆ। ਮੜੀ ਗੋਰ ਨਾ ਜਾਏ ਸੜ, ਅਗਨ ਹਵਨ ਨਾ ਕੋਈ ਕਰਾਇਆ। ਆਪਣਾ ਅੱਖਰ ਆਪੇ ਪੜ੍ਹ, ਆਪ ਆਪਣਾ ਨਾਮ ਅਲਾਇਆ। ਸੋ ਪੁਰਖ ਨਿਰੰਜਣ ਦਇਆ ਕਰ, ਹੰ ਹੰਗਤਾ ਵਿਚ ਸਮਾਇਆ। ਆਪੇ ਦੇਵਣਹਾਰਾ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਦਰ, ਦਰ ਦਰਵਾਜਾ ਇਕ ਖੁਲ੍ਹਾਇਆ। ਦਰ ਦਰਵਾਜ਼ਾ ਖੋਲ੍ਹ ਨਿਰੰਜਣ, ਆਪਣੀ ਦਇਆ ਕਮਾਈਆ। ਆਪਣੇ ਨੇਤਰ ਆਪੇ ਪਾਇਆ ਅੰਜਨ, ਆਪੇ ਵੇਖ ਵਖਾਈਆ। ਆਪਣਾ ਆਪ ਕਰਾਇਆ ਮਜਨ, ਦੁਰਮਤ ਮੈਲ ਗਵਾਈਆ। ਆਪਣਾ ਬਣਿਆ ਆਪੇ ਸੱਜਣ, ਆਪਣਾ ਦਰ ਸੁਹਾਈਆ। ਆਪ ਆਪਣਾ ਆਏ ਪੜਦਾ ਕੱਜਣ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਘਰ, ਏਕਾ ਘਰ ਵੱਜੇ ਵਧਾਈਆ। ਨਿਰਗੁਣ ਸਰਗੁਣ ਸਾਚਾ ਮੇਲਾ, ਹਰਿ ਸਾਚੇ ਆਪ ਕਰਾਇਆ। ਵੇਖ ਵਖਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਇਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਸਾਚਾ ਸਗਨ ਮਨਾਇਆ। ਪੰਚਮ ਸਖੀਆਂ ਪਾਇਣ ਵੇਲਾ, ਅਨਹਦ ਮੰਗਲ ਗਾਇਆ। ਪੁਰਖ ਅਬਿਨਾਸ਼ੀ ਇਕ ਅਕੇਲਾ, ਲੱਖ ਚੁਰਾਸੀ ਲੋਕਮਾਤ ਪਰਨਾਵਣ ਆਇਆ। ਆਪੇ ਜਾਣੇ ਆਪਣਾ ਵੇਲਾ, ਵੇਦ ਕਤੇਬ ਨਾ ਕੋਇ ਜਣਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਖੇਲਣਹਾਰ ਸ੍ਰਿਸ਼ਟ ਸਬਾਇਆ। ਜੋਤੀ ਸ਼ਬਦੀ ਵਸਿਆ ਰੰਗ ਨਵੇਲਾ, ਨਿਰਗੁਣ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਦਰ, ਲੋਕਮਾਤ ਵੇਖ ਵਖਾਇਆ। ਲੋਕਮਾਤ ਜੋਤ ਜਗਾ, ਜੀਵ ਜੰਤ ਉਪਾਇਆ। ਆਪਣੇ ਮਾਰਗ ਆਪੇ ਲਾ, ਆਪਣਾ ਧੰਦਾ ਰਿਹਾ ਕਰਾਇਆ। ਆਪ ਆਪਣੇ ਭਰਮ ਭੁਲਾ, ਮੂਰਖ ਮੂੜ੍ਹੇ ਗੰਦੇ ਰਹੇ ਕੁਰਲਾਇਆ। ਆਪ ਆਪਣਾ ਛੰਦ ਸੁਣਾ, ਨਾਦ ਅਨਾਦੀ ਧੁਨ ਉਪਜਾਇਆ। ਆਪ ਆਪਣੇ ਅੰਗ ਲਗਾ, ਸੰਤ ਸੁਹੇਲੇ ਲਏ ਤਰਾਇਆ। ਢੋਲ ਮਰਦੰਗ ਇਕ ਵਜਾ, ਏਕਾ ਥਾਨ ਸੁਹਾਇਆ। ਬਜਰ ਕਿਵਾੜਾ ਦਏ ਤੁੜਾ, ਨਾਮ ਖੰਡਾ ਏਕਾ ਵਾਹਿਆ। ਪੂਤ ਸਪੂਤਾ ਲਏ ਮਿਲਾ, ਆਪ ਆਪਣੀ ਝੋਲੀ ਡਾਹਿਆ। ਸਾਚਾ ਦਰ ਦਏ ਦਿਖਾ, ਸਚ ਸਿੰਘਾਸਣ ਆਸਣ ਲਾਇਆ। ਪਾਰਬ੍ਰਹਮ ਬ੍ਰਹਮ ਲਏ ਮਿਲਾ, ਆਪਣੇ ਹੱਥ ਰੱਖੇ ਵਡਿਆਇਆ। ਸਾਚਾ ਮੰਦਰ ਦਏ ਸੁਹਾ, ਸਚ ਸਮਗਰੀ ਇਕ ਵਖਾਇਆ। ਕਾਗੋ ਹੰਸ ਦਏ ਬਣਾ, ਸਰ ਸਰੋਵਰ ਇਕ ਨੁਹਾਇਆ। ਦਰਸ ਅਮੋਘ ਦਏ ਕਰਾ, ਹਉਮੇ ਰੋਗ ਜਲਾਇਆ। ਧੁਰ ਸੰਜੋਗੀ ਮੇਲਾ ਦਏ ਮਿਲਾ, ਵਿਛੜ ਕਦੇ ਨਾ ਜਾਇਆ। ਸਾਚਾ ਜੋਗੀ ਏਕਾ ਜੋਗ ਰਿਹਾ ਕਮਾ, ਨਿਰਗੁਣ ਸਹਿਜ ਸਮਾਇਆ। ਰਸਨਾ ਭੋਗੀ ਆਤਮ ਰਸ ਰਿਹਾ ਭੁਗਾ, ਤ੍ਰਿਸਨਾ ਭੁੱਖ ਮਿਟਾਇਆ। ਜਗਤ ਵਿਜੋਗੀ ਜਗਤ ਵਿਛੋੜਾ ਰਿਹਾ ਕਟਾ ਆਪ ਆਪਣਾ ਰਾਹ ਵਖਾਇਆ। ਸਾਚੇ ਪੌੜੇ ਰਿਹਾ ਚੜ੍ਹਾ, ਜੁਗ ਜੁਗ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਦਰ, ਦਰ ਦਰਵੇਸ਼ ਆਪ ਅਖਵਾਇਆ। ਦਰ ਦਰਵੇਸ਼ ਆਦਿ ਨਿਰੰਜਣ ਪਾਰਬ੍ਰਹਮ ਅਬਿਨਾਸ਼ਾ। ਪਰਗਟ ਹੋਏ ਸਾਚਾ ਸੱਜਣ, ਵੇਖੇ ਖੇਲ ਜਗਤ ਤਮਾਸ਼ਾ। ਆਦਿ ਜੁਗਾਦੀ ਆਏ ਪੜਦੇ ਕੱਜਣ, ਮੰਡਲ ਮੰਡਪ ਪਾਏ ਰਾਸਾ। ਜੋ ਘੜੇ ਸੋ ਅੰਤਮ ਭਜਨ, ਲੇਖੇ ਲਾਏ ਸਵਾਸ ਸਵਾਸਾ। ਬ੍ਰਹਮਾ ਸ਼ਿਵ ਦੇਵਤ ਸੁਰ ਆਪਣਾ ਆਪ ਅੰਤਮ ਤਜਣ, ਨਾ ਦੇਵੇ ਕੋਈ ਭਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਘਰ, ਸਰਗੁਣ ਸ਼ਬਦ ਧਰਵਾਸਾ। ਸਰਗੁਣ ਸ਼ਬਦ ਧੁਰ ਧਰਵਾਸ, ਏਕਾ ਏਕ ਰਖਾਇੰਦਾ। ਕਰਨਹਾਰਾ ਪ੍ਰਭ ਪੂਰਨ ਆਸ, ਪੂਰਬ ਭਿਛਿਆ ਪਾਇੰਦਾ। ਵੇਖ ਵਖਾਏ ਪ੍ਰਿਥਮੀ ਅਕਾਸ਼, ਪਰਮ ਪੁਰਖ ਦਇਆ ਕਮਾਇੰਦਾ। ਹਰਿਜਨ ਵਸੇ ਸਦਾ ਪਾਸ, ਸਗਲਾ ਸੰਗ ਨਿਭਾਇੰਦਾ। ਜੁਗ ਜੁਗ ਜਗਤ ਬੁਝਾਏ ਪਿਆਸ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਸਰਗੁਣ ਗਹਿਣਾ ਦਰਸ਼ਨ ਨੇਤਰ ਲੋਚਣ ਆਪ ਵਖਾਇੰਦਾ। ਜੁਗ ਜੁਗ ਲਹਿਣਾ ਲਹਿਣੇਹਾਰਾ, ਏਕਾ ਏਕ ਅਖਵਾਇਆ। ਆਪਣਾ ਭਾਣਾ ਆਪੇ ਸਹਿਣੇਹਾਰਾ, ਦਰ ਦਰਵੇਸ਼ਾ ਫੇਰੀ ਪਾਇਆ। ਆਪਣੇ ਧਾਮ ਆਪੇ ਬਹਿਣੇਹਾਰਾ, ਘਰ ਘਰ ਵੇਖ ਵਖਾਇਆ। ਆਪਣਾ ਸ਼ਬਦ ਆਪੇ ਕਹਿਣੇਹਾਰਾ, ਜਗਤ ਜੈਕਾਰਾ ਨਾਅਰਾ ਏਕਾ ਲਾਇਆ। ਲੱਖ ਚੁਰਾਸੀ ਬੁਰਜ ਢਹਿਣੇਹਾਰਾ, ਖ਼ਾਕੀ ਖ਼ਾਕ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਾਚੀ ਵੰਡ ਵੰਡਾਇਆ। ਵੰਡੇ ਵੰਡ ਹਰਿ ਨਿਰੰਕਾਰ, ਚਾਰੇ ਜੁਗ ਵੰਡਾਈਆ। ਸਤਿਜੁਗ ਤੇਰਾ ਸਤਿ ਵਰਤਾਰ, ਵਾਰ ਅਠਾਰਾਂ ਰੂਪ ਵਟਾਈਆ। ਤ੍ਰੇਤਾ ਤੇਰੀ ਪਾਵੇ ਸਾਰਾ, ਦਾਤੇ ਧਾਰਾ ਆਪ ਚਲਾਈਆ। ਦੁਆਪਰ ਤੇਰਾ ਪਾਰ ਕਿਨਾਰਾ, ਕ੍ਰਿਸ਼ਨ ਮੁਰਾਰਾ ਲਏ ਕਰਾਈਆ। ਵੇਦ ਵਿਆਸਾ ਬਣ ਲਿਖਾਰਾ, ਇਕ ਲੱਖ ਹਜ਼ਾਰ ਸਤਾਰਾਂ ਸਲੋਕ ਪੁਰਾਨ ਅਠਾਰਾਂ ਗਿਆ ਲਿਖਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਵੇਖੇ ਜਗਤ ਪਸਾਰਾ, ਬੋਧ ਗਿਆਨ ਜਣਾਈਆ। ਈਸਾ ਮੂਸਾ ਕਰ ਤਿਆਰਾ, ਏਕਾ ਨਾਅਰਾ ਲਾਈਆ। ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਪਰਨਾਈਆ। ਹੱਕ ਹਕੀਕਤ ਵੇਖ ਪਸਾਰਾ, ਲਾਸ਼ਰੀਕ ਆਪ ਹੋ ਜਾਈਆ। ਐਨਲਹੱਕ ਦਏ ਹੁਲਾਰਾ, ਮੁਕਾਮੇ ਹੱਕ ਖ਼ੁਦਾਈਆ। ਬੇਐਬ ਹੋਏ ਪਰਵਰਦਿਗਾਰਾ, ਨੂਰੋ ਨੂਰ ਅਲਾਹੀਆ। ਖੇਲੇ ਖੇਲ ਵਿਚ ਸੰਸਾਰਾ, ਉਮਤ ਉਮਤੀ ਦਏ ਸੁਹਾਈਆ। ਚੌਦਾਂ ਲੋਕਾਂ ਪਾਵੇ ਸਾਰਾਂ, ਚੌਦਾਂ ਤਬਕਾਂ ਵੇਖ ਵਖਾਈਆ। ਮੰਗੇ ਮੰਗ ਮੁਹੰਮਦ ਦਵਾਰਾ, ਦੋਏ ਜੋੜ ਸੀਸ ਝੁਕਾਈਆ। ਆਪੇ ਬੈਠਾ ਅਧਵਿਚਕਾਰਾ, ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਦੇਵੇ ਮਾਣ ਵਡਿਆਈਆ। ਚੌਦਾਂ ਸਦ ਤੇਰਾ ਦਵਾਰਾ, ਲੋਕਮਾਤ ਦਏ ਸੁਹਾਈਆ। ਅੰਤਮ ਕਰੇ ਪਾਰ ਕਿਨਾਰਾ, ਨਬੀ ਰਸੂਲਾਂ ਖ਼ਾਕ ਮਿਲਾਈਆ। ਮੁੱਲਾ ਸ਼ੇਖ਼ ਮੁਸਾਇਕ ਕਾਜ਼ੀ ਹਕੀਰ, ਫਕੀਰ ਸ਼ਾਹ ਨਾ ਲਾਏ ਕੋਈ ਨਾਅਰਾ, ਪੀਰ ਦਸਤਗੀਰ ਨਾ ਕੋਈ ਸਹਾਈਆ। ਪਰਗਟ ਹੋਏ ਅਮਾਮ ਮਹਿੰਦੀ ਨੂਰ ਅਲਾਹੀ ਕਰ ਉਜਿਆਰਾ, ਮੁਖ ਨਕਾਬ ਇਕ ਟਿਕਾਈਆ। ਚੌਦਾਂ ਤਬਕਾਂ ਮਾਰੇ ਮਾਰਾਂ, ਉਨੀ ਉਨੀਸਾ ਦਏ ਸਜ਼ਾਈਆ। ਈਸਾ ਮੂਸਾ ਕਰ ਖਵਾਰਾ, ਏਕਾ ਧੱਕਾ ਲਾਈਆ। ਅੰਜੀਲ ਕੁਰਾਨਾ ਹਾਹਾਕਾਰਾ, ਘਰ ਘਰ ਪਈ ਦੁਹਾਈਆ। ਕਲਜੁਗ ਮਿਟੇ ਕੂੜ ਪਸਾਰਾ, ਜੂਠ ਝੂਠ ਰਹਿਣ ਨਾ ਪਾਈਆ। ਮਾਇਆ ਮਮਤਾ ਮੋਹ ਵਿਕਾਰਾ, ਦੁਸ਼ਟ ਦੁਰਾਚਾਰਾਂ ਦਏ ਖਪਾਈਆ। ਨਾ ਕੋਈ ਦੀਸੇ ਜੀਵ ਹੰਕਾਰਾ, ਗੜ੍ਹ ਹੰਕਾਰੀ ਤੋੜ ਤੁੜਾਈਆ। ਅੱਲਾ ਹੂ ਅੰਨਾ ਹੂ ਨਾ ਲਾਏ ਕੋਈ ਨਾਅਰਾ, ਬਗਲ ਕੁਰਾਨ ਨਾ ਕੋਈ ਉਠਾਈਆ। ਗਲ ਤਸਬੀ ਨਾ ਦਿਸੇ ਕੋਈ ਸਪਾਰਾ, ਤੀਸ ਬਤੀਸ ਨਾ ਕੋਈ ਗਣਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰਾ, ਗੁਰ ਸ਼ਬਦ ਕਰੇ ਜਣਾਈਆ। ਸ਼ਬਦ ਖੰਡਾ ਫੜ ਦੋ ਧਾਰਾ, ਲੋਕਮਾਤ ਆਵੇ ਵਾਹੋ ਦਾਹੀਆ। ਮੱਕਾ ਮਦੀਨਾ ਪਾਵੇ ਸਾਰਾ, ਜਲ ਥਲ ਵੇਖ ਵਖਾਈਆ। ਫੋਲ ਫੋਲਾਏ ਡੂੰਘੀ ਗਾਰਾ, ਉਚੇ ਟਿੱਲੇ ਪਰਬਤ ਲਏ ਹਿਲਾਈਆ। ਇਕ ਵਖਾਏ ਸਚ ਦਵਾਰਾ, ਨਾ ਕੋਈ ਦੂਸਰ ਦਰ ਸੁਹਾਈਆ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਵਰਤਾਈਆ। ਜੋਤੀ ਸ਼ਬਦੀ ਖੇਲ ਅਪਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਧਾ ਸੂਰਬਲੀ ਬਲਕਾਰਾ, ਸੂਰਬੀਰ ਆਪ ਹੋ ਜਾਈਆ । ਚਾਰ ਕੁੰਟ ਦਹਿ ਦਿਸ਼ਾ ਏਕਾ ਲਾਏ ਸਾਚਾ ਨਾਅਰਾ, ਸੋ ਪੁਰਖ ਵੱਡੀ ਵਡਿਆਈਆ। ਹੰ ਹੰਗਤਾ ਕਰ ਖਵਾਰਾ, ਏਕਾ ਰੰਗਣ ਰੰਗ ਰੰਗਾਈਆ। ਦਰ ਦਰ ਮੰਗਣ ਬਣ ਭਿਖਾਰਾ, ਅਲਖ ਨਿਰੰਜਣ ਅਲਖ ਜਗਾਈਆ। ਰੂਪ ਅਨੂਪ ਸ਼ਾਹੋ ਭੂਪ ਵਡ ਸਿਕਦਾਰਾ, ਸ਼ਾਹ ਸੁਲਤਾਨ ਆਪ ਹੋ ਜਾਈਆ। ਨਾ ਕੋਈ ਦੀਸੇ ਰਾਜ ਰਾਜਾਨ ਜਗਤ ਵਣਜਾਰਾ, ਸੀਸ ਤਾਜ ਨਾ ਕੋਈ ਟਿਕਾਈਆ। ਪਾਕੀ ਪਾਕ ਬੇਐਬ ਪਰਵਰਦਿਗਾਰਾ, ਪਾਰਬ੍ਰਹਮ ਆਪ ਅਖਵਾਈਆ। ਨਿਰਗੁਣ ਰੂਪ ਸ੍ਰਿਸ਼ਟ ਸਬਾਈ ਕਰੇ ਨਿਮਸਕਾਰਾ, ਪੰਜ ਤਤ ਨਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਮੇਟ ਮਿਟਾਈਆ। ਜਗ ਮੁਹੰਮਦ ਚੜ੍ਹਿਆ ਚਾ, ਮਿਲਿਆ ਧੁਰ ਫ਼ਰਮਾਨਾ। ਮਿਲੇ ਮੇਲ ਸਚ ਖ਼ੁਦਾ, ਸੁਣਾਏ ਸਚ ਤਰਾਨਾ। ਵੇਲੇ ਅੰਤ ਨਾ ਹੋਏ ਜੁਦਾ, ਸਦੀ ਚੌਧਵੀਂ ਖੇਲ ਮਹਾਨਾ। ਉØਚੀ ਕੂਕ ਦਏ ਸੁਣਾ, ਬਾਂਗ ਸਦਾ ਇਕ ਵਖਾਨਾ। ਅੱਲਾ ਰਾਣੀ ਲਏ ਪਰਨਾ, ਉਮਤ ਨਬੀ ਰਸੂਲ ਬੰਨੇ ਗਾਨਾ। ਸੰਮਤ ਸੰਮਤੀ ਵੇਖ ਵਖਾ, ਖੇਲੇ ਖੇਲ ਦੋ ਜਹਾਨਾ। ਸੰਮਤ ਵੀਹ ਸਦ ਪੰਦਰਾਂ ਲੇਖ ਲਿਖਾ, ਕਿਰਪਾ ਕਰੇ ਸ੍ਰੀ ਭਗਵਾਨਾ। ਸੰਮਤ ਸੋਲਾਂ ਦਏ ਹਿਲਾ, ਘਰ ਦਰ ਹੋਏ ਵੈਰਾਨਾ। ਸੰਮਤ ਸਤਰਾਂ ਖ਼ਾਕ ਮਿਲਾ, ਖ਼ਾਕੀ ਖ਼ਾਕ ਕਰੇ ਕੁਰਬਾਨਾ। ਦਸ ਅਠ ਅਠਾਰਾਂ ਦਏ ਰੁੜਾ, ਜਲ ਧਾਰਾ ਇਕ ਵਖਾਨਾ। ਉਨੀ ਉਨੀਸਾ ਦਏ ਮਿਟਾ, ਮੁਸਲਮ ਸੁੰਨੀ ਨਾ ਕੋਈ ਟਿਕਾਨਾ। ਬੀਸ ਬੀਸਾ ਹਰਿ ਜੋਤ ਜਗਾ, ਜਗਤ ਜਗਦੀਸਾ ਆਪ ਅਖਵਾਨਾ। ਆਪੇ ਜਾਣੇ ਆਪਣਾ ਭਾਣਾ ਨੌਂ ਖੰਡ ਪ੍ਰਿਥਮੀ ਦਏ ਸਮਝਾ, ਸੱਤਾਂ ਦੀਪਾਂ ਏਕਾ ਗਾਣਾ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾ, ਲੱਖਣ ਦੀਪ ਖੇਲ ਮਹਾਨਾ। ਪੁਸ਼ਕਰ ਆਏ ਫੇਰੀ ਪਾ, ਸਲਮਲ ਮੇਲ ਮਿਲਾਨਾ। ਜੰਬੂ ਤੇਰਾ ਰੰਗ ਰੰਗਾ, ਕਰੋਚ ਜੋਗ ਕਮਾਨਾ। ਸਾਨ ਤੇਰੀ ਧੀਰ ਧਰਾ, ਕੁਸ਼ਾ ਕਰੇ ਪਰਵਾਨਾ। ਆਦਿ ਸ਼ਕਤ ਰੂਪ ਵਟਾ, ਭੂਸ਼ਨ ਲਾਲ ਟਿਕਾਨਾ। ਕੰਚਨ ਕਾਇਆ ਵੇਖ ਵਖਾ, ਅਗੰਮ ਅਗੰਮੜੇ ਧਾਮ ਸੁਹਾਨਾ। ਸੂਹਾ ਵੇਸ ਵੇਸ ਵਟਾ, ਸਚਖੰਡ ਕਰੇ ਪਰਵਾਨਾ। ਚਿੱਟੀ ਧਾਰ ਧਾਰ ਬੰਧਾ, ਗੁਰਮੁਖ ਸਾਜਨ ਦਸਮ ਦਵਾਰੀ ਮੇਲ ਮਿਲਾਨਾ। ਪੀਲਾ ਬਸਤਰ ਤਨ ਛੁਹਾ, ਤ੍ਰੈਦੇਸ਼ਾ ਹੋਏ ਸੁਹਾਨਾ। ਨੀਲਾ ਨੀਲੀ ਧਾਰੋਂ ਪਾਰ ਕਰਾ, ਪਰਗਟ ਹੋਏ ਵਿਚ ਮੈਦਾਨਾ। ਕਾਲਾ ਸੂਸਾ ਈਸਾ ਮੂਸਾ ਤਨ ਦਏ ਪੁਆ, ਵੇਖ ਵਖਾਏ ਸ਼ਾਹ ਸੁਲਤਾਨਾ। ਚੀਨਾ ਰੂਸਾ ਸੰਗ ਰਲਾ, ਰਸਨਾ ਚਿਲਾ ਚਾੜ੍ਹੇ ਤੀਰ ਕਮਾਨਾ। ਸ਼ਬਦ ਖੰਡਾ ਹੱਥ ਉਠਾ, ਮੇਟ ਮਿਟਾਏ ਬਲੀ ਬਲਵਾਨਾ। ਮਨਮੁਖ ਆਤਮ ਰੰਡਾ ਦਏ ਕਰਾ, ਨਾ ਦੀਸੇ ਕੋਈ ਟਿਕਾਨਾ। ਭੇਖ ਪਖੰਡਾ ਦਏ ਮੁਕਾ ਮਾਰੇ ਇਕ ਨਿਸ਼ਾਨਾ। ਸਾਚੀ ਵੰਡਾ ਦਏ ਵੰਡਾ, ਸਤਿ ਸਤਿ ਕਰੇ ਪਰਵਾਨਾ। ਸਚ ਸੁੱਚ ਜਗ ਝੋਲੀ ਪਾ, ਜੋਗ ਜੁਗਤ ਇਕ ਵਖਾਨਾ। ਆਤਮ ਸ਼ਕਤੀ ਇਕ ਟਿਕਾ, ਪੂਰਨ ਭਗਤੀ ਬ੍ਰਹਮ ਗਿਆਨਾ। ਬੂੰਦ ਰਕਤੀ ਲੇਖੇੇ ਦਏ ਲਗਾ, ਆਵਣ ਜਾਵਣ ਫੰਦ ਕਟਾਨਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਤੇਰੀ ਗਿਣਤੀ ਲਏ ਗਿਣਾ, ਲੋਆਂ ਪੁਰੀਆਂ ਫੋਲ ਫੁਲਾਨਾ। ਹਰਿਜਨ ਰੋਵੇ ਨੇਤਰ ਰੱਖੇ ਮਾਰੇ ਧਾਹ, ਆਇਆ ਧੁਰ ਫ਼ਰਮਾਣਾ। ਪਰਗਟ ਹੋਇਆ ਬੇਪਰਵਾਹ, ਨਾ ਦਿਸੇ ਕੋਈ ਨਿਸ਼ਾਨਾ। ਕਲਜੁਗ ਸਤਿਜੁਗ ਬਣ ਮਲਾਹ, ਦੋਹਾਂ ਦੇਵੇ ਇਕ ਪਰਵਾਨਾ। ਕਲਜੁਗ ਝੂਠਾ ਛੱਡਣਾ ਥਾਂ, ਧਰਤ ਮਾਤ ਵੇਖ ਵਖਾਨਾ। ਸਤਿਜੁਗ ਸਾਚੇ ਚੜ੍ਹਨੇ ਚਾ, ਜਨ ਭਗਤਾਂ ਮੇਲ ਮਿਲਾਨਾ। ਧਰਤ ਮਾਤ ਬਣਾਏ ਸਾਚੀ ਮਾਂ, ਵੀਹ ਸੌ ਇਕੀ ਬਿਕ੍ਰਮੀ ਰੁੱਤ ਸੁਹਾਨਾ। ਪੰਦਰਾਂ ਕੱਤਕ ਲੇਖ ਦਏ ਲਿਖਾ, ਆਪ ਵਰਤਾਏ ਆਪਣਾ ਭਾਣਾ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਚਰਨ ਲਏ ਲਗਾ, ਇਕ ਜਣਾਈ ਧੁਰ ਫ਼ਰਮਾਨਾ। ਸ਼ਬਦ ਡੰਕਾ ਦਏ ਵਜਾ, ਊਚਾਂ ਨੀਚਾਂ ਇਕ ਕਰਾਨਾ। ਜ਼ਾਤ ਪਾਤ ਕੋਈ ਦੀਸੇ ਨਾ, ਵਰਨ ਗੋਤ ਨਾ ਕੋਈ ਰਖਾਨਾ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਦਏ ਬਹਾ, ਏਕਾ ਦਰ ਸੁਹਾਨਾ। ਕਾਮ ਕਰੋਧ ਲੋਭ ਮੋਹ ਹੰਕਾਰ ਦਏ ਗਵਾ, ਧੀਰਜ ਧਰੇ ਧਰਮ ਧਿਆਨਾ। ਮੋਖ ਮੁਕਤ ਏਕਾ ਰਿਹਾ ਵਖਾ, ਸਰਨਗਤ ਆਪ ਭਗਵਾਨਾ। ਘਟ ਘਟ ਵੇਖਣਹਾਰਾ ਵੇਖ ਰਿਹਾ ਵਖਾ, ਆਪੇ ਹੋਇਆ ਜਾਣੀ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਪਰਵਾਨਾ। ਆਪ ਆਪਣਾ ਕਰ ਪਰਵਾਨ, ਆਪਣੀ ਜੋਤ ਜਗਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਚਾਰੋਂ ਕੁੰਟ ਰਹੀ ਕੁਰਲਾਈਆ। ਨਾਨਕ ਮੇਲਾ ਹਰਿ ਮਿਹਰਵਾਨ, ਹਰਿ ਸਾਚੀ ਕਰੇ ਰੁਸ਼ਨਾਈਆ। ਸਚ ਦਵਾਰੇ ਦੇਵੇ ਧੁਰ ਫ਼ਰਮਾਣ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਨੇਤਰ ਨੈਣ ਦਰਸ਼ਨ ਕਰ ਹਰਿ ਭਗਵਾਨ, ਨਾਨਕ ਨਿਰਗੁਣ ਰੂਪ ਸਮਾਈਆ। ਪਾਰਬ੍ਰਹਮ ਹਰਿ ਗੁਣ ਨਿਧਾਨ, ਦੇਵੇ ਵੱਡ ਵੱਡੀ ਵਡਿਆਈਆ। ਨਾਮ ਸਤਿ ਜਗਤ ਨਿਸ਼ਾਨ, ਕਲਜੁਗ ਜੀਵਾਂ ਲਏ ਤਰਾਈਆ। ਤੇਰਾ ਮੇਰਾ ਇਕ ਮਕਾਨ, ਏਕਾ ਦਰ ਸੁਹਾਈਆ। ਹਉਂ ਸੇਵਕ ਤੂੰ ਸ਼ਾਹ ਸੁਲਤਾਨ, ਸ਼ਾਹੋ ਭੂਪ ਅਖਵਾਈਆ। ਹਰਿ ਦਾਤਾ ਦੇਵੇੇ ਦਾਨੀ ਦਾਨ, ਨਾਨਕ ਭੰਡਾਰ ਭਰਾਈਆ। ਸਤਿਗੁਰ ਨਾਨਕ ਕਰ ਪਰਵਾਨ, ਦੋਏ ਜੋੜ ਸੀਸ ਝੁਕਾਈਆ। ਹਉਂ ਹਉਂ ਗਈ ਜਗਤ ਜਹਾਨ, ਤੂੰ ਤੂੰ ਦਿਸ ਆਈਆ। ਮੇਰਾ ਤੇਰਾ ਤੇਰਾ ਮੇਰਾ ਰੂਪ ਭਗਵਾਨ, ਤੇਰੀ ਭਗਤੀ ਮੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦੇਵੇ ਸਾਚਾ ਵਰ, ਏਕਾ ਵਰ ਏਕਾ ਦਰ ਵੱਡੀ ਵਡਿਆਈਆ। ਨਾਨਕ ਵਰ ਘਰ ਸਾਚਾ ਪੌਣਾ, ਨਿਰਗੁਣ ਆਪ ਅਲਾਇਆ। ਏਕਾ ਇਸ਼ਟ ਏਕ ਰਖੌਣਾ, ਏਕਾ ਮੰਤਰ ਗਿਆਨ ਦ੍ਰਿੜਾਇਆ। ਸੋਹੰ ਸ਼ਬਦ ਰਸਨਾ ਗੌਣਾ, ਤੇਰਾ ਮੇਰਾ ਭੇਵ ਨਾ ਰਾਇਆ। ਸ੍ਰਿਸ਼ਟ ਸਬਾਈ ਜੀਵ ਜੰਤ ਸਾਧ ਸੰਤ ਸਤਿ ਨਾਮ ਜਪੌਣਾ, ਸਾਚਾ ਮਾਰਗ ਲਾਇਆ। ਜੂਠਾ ਝੂਠਾ ਪੰਧ ਮਕੌਣਾ, ਵਰਨ ਗੋਤ ਇਕ ਕਰਾਇਆ। ਨਾਨਕ ਗੁਰ ਕਹੇ ਸੁਨੌਣਾ, ਪੁਰਖ ਅਬਿਨਾਸ਼ੀ ਤੇਰਾ ਭਾਣਾ ਮੇਰੇ ਸੀਸ ਸੁਹਾਇਆ। ਕਰੇ ਕਰਾਏ ਜੋ ਤੁਧ ਭੌਣਾ, ਤੇਰਾ ਤੇਰੀ ਝੋਲੀ ਪਾਇਆ। ਕਵਣ ਦਵਾਰੇ ਪੁਰਖ ਅਬਿਨਾਸ਼ੀ ਤੂੰ ਲੋਕਮਾਤ ਔਣਾ, ਆਪ ਆਪਣਾ ਦਏ ਸਮਝਾਇਆ। ਪੁਰਖ ਅਬਿਨਾਸ਼ੀ ਕਰਮ ਕਮੌਣਾ, ਦਸ ਜਾਮੇ ਵੇਖ ਵਖਾਇਆ। ਗੁਰ ਗੋਬਿੰਦੇ ਲੇਖ ਲਿਖੌਣਾ, ਮਾਛੂਵਾੜੇ ਧਿਆਨ ਲਗਾਇਆ। ਸੂਲਾ ਸਥਰ ਇਕ ਵਿਛੋਣਾ ਜਗਤ ਨਾਤਾ ਤੋੜ ਤੁੜਾਇਆ। ਸ਼ਬਦ ਸੁਨੇਹੜਾ ਇਕ ਘਲੌਣਾ, ਤੇਰਾ ਤੇਰੇ ਲੇਖੇ ਲਾਇਆ। ਅਕਾਲ ਮੂਰਤ ਤੇਰਾ ਰੂਪ ਸਜੌਣਾ, ਏਕਾ ਪੰਥ ਸਜਾਇਆ। ਪੰਚਮ ਜੋਤੀ ਜੋਤ ਜਗੌਣਾ, ਏਕਾ ਜੋਤ ਜਗਾਇਆ। ਸਾਚਾ ਖੰਡਾ ਤਨ ਪਹਿਨੌਣਾ, ਏਕਾ ਗਾਤਰੇ ਰਿਹਾ ਲਟਕਾਇਆ। ਅੰਮ੍ਰਿਤ ਆਤਮ ਜਾਮ ਪਿਔਣਾ, ਅੱਠੇ ਪਹਿਰ ਖੁਮਾਰ ਰਖਾਇਆ। ਊਚਾਂ ਨੀਚਾਂ ਏਕਾ ਧਾਮ ਬਹੌਣਾ, ਏਕਾ ਦਰ ਸੁਹਾਇਆ। ਕਲਜੁਗ ਕੂੜਾ ਜਗਤ ਕੁਰਲੌਣਾ, ਰੋ ਰੋ ਦਏ ਦੁਹਾਇਆ। ਗੁਰ ਗੋਬਿੰਦ ਲੇਖਾ ਇਕ ਲਿਖੌਣਾ, ਪਾਰਬ੍ਰਹਮ ਇਹ ਸਮਝਾਇਆ। ਮੇਰਾ ਤੇਰਾ ਰੂਪ ਸਮੌਣਾ, ਤੇਰਾ ਮੇਰਾ ਰੰਗ ਰੰਗਾਇਆ। ਪੂਤ ਸਪੂਤਾ ਲੇਖੇ ਲੌਣਾ, ਦੁਸ਼ਟ ਦਮਨ ਆਪ ਅਖਵਾਇਆ। ਜਮਨ ਕਿਨਾਰਾ ਅੰਤ ਸੁਹੌਣਾ, ਸ਼ਾਹ ਬਹਾਦਰ ਵੇਖ ਵਖਾਇਆ। ਕਿਲਾ ਸ਼ਾਹੀ ਚਰਨ ਟਿਕੌਣਾ, ਆਪ ਆਪਣਾ ਕਰੇ ਰੁਸ਼ਨਾਇਆ। ਸਚਖੰਡ ਹਰਿ ਜੋਤ ਮਲੌਣਾ, ਇਕ ਨਦੇੜ ਸੁਹਾਇਆ। ਗੁਰਮੁਖ ਸਾਚੇ ਇਹ ਸਮਝੌਣਾ, ਗੁਰ ਪੂਰਾ ਨਾ ਮਰੇ ਨਾ ਜਾਇਆ। ਜਗਤ ਅੰਗੀਠਾ ਨਾ ਫੋਲ ਫਲੌਣਾ, ਏਕਾ ਕਿਰਿਆ ਕਿਰਤ ਕਮਾਇਆ। ਗੁਰੂ ਗ੍ਰੰਥ ਗੁਰ ਇਕ ਮਨੌਣਾ, ਸਾਚਾ ਪੰਥ ਮਨਾਇਆ। ਕਲਜੁਗ ਵੇਲਾ ਅੰਤਮ ਔਣਾ, ਵੇਦ ਪੁਰਾਨ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਦਏ ਵਹਾਇਆ। ਸਾਧ ਸੰਤ ਨਾ ਕਿਸੇ ਬਚੌਣਾ, ਔਲੀਆ ਪੀਰ ਸ਼ੇਖ਼ ਕੋਈ ਕੰਮ ਨਾ ਔਣਾ, ਪੰਡਤ ਪਾਧਾਂ ਨਾ ਕੋਈ ਸੰਗ ਰਲੌਣਾ, ਨਾ ਕੋਈ ਧੀਰ ਧਰੌਣਾ, ਵੇਦ ਵਿਆਸਾ ਵੇਖ ਵਖੌਣਾ, ਪੂਤ ਸਪੂਤਾ ਜੋਤ ਜਗੌਣਾ, ਗੌੜ ਬ੍ਰਹਿਮਣ ਨਾਉਂ ਧਰੌਣਾ, ਬਜਰ ਕਪਾਟੀ ਉਚੇ ਟਿੱਲੇ ਡੇਰਾ ਲੌਣਾ, ਜਗਤ ਪਹਾੜ ਦਿਸ ਨਾ ਆਈਆ। ਗੋਬਿੰਦ ਪੂਰੀ ਆਸ ਕਰੌਣਾ, ਸੰਬਲ ਨਗਰੀ ਧਾਮ ਸੁਹੌਣਾ, ਸਾਢੇ ਤਿੰਨ ਹੱਥ ਏਕਾ ਬੁਰਜ ਬਣੌਣਾ, ਦਰ ਦਰਵਾਜ਼ਾ ਨਾ ਕੋਈ ਵਖੌਣਾ, ਜੀਵਾਂ ਜੰਤਾਂ ਦਿਸ ਨਾ ਔਣਾ, ਹਰਿ ਸਾਚਾ ਕਰਮ ਕਮਾਈਆ। ਗੁਰ ਗੋਬਿੰਦ ਬਲੀ ਬਲਵਾਨਾ ਮੇਲ ਮਿਲੌਣਾ, ਜਗਤ ਚਿੰਦ ਰਹਿਣ ਨਾ ਪੌਣਾ, ਸਰਬ ਬਖ਼ਸ਼ਿੰਦ ਆਪ ਅਖਵੌਣਾ, ਗੁਣੀ ਗਹਿੰਦ ਦਇਆ ਕਮੌਣਾ, ਸਾਗਰ ਸਿੰਧ ਧਾਰ ਵਹੌਣਾ, ਮਨਮੁਖ ਜੀਵ ਕਰਨ ਜੋ ਨਿੰਦ ਏਕਾ ਬੇੜੇ ਅੰਤਮ ਚੜ੍ਹੌਣਾ, ਏਕਾ ਚੱਪੂ ਲਾਈਆ। ਨਿਹਕਲੰਕ ਕਲ ਜਾਮਾ ਪੌਣਾ, ਜੋਤੀ ਜੋਤ ਜੋਤ ਜਗੌਣਾ, ਵਰਨ ਗੋਤ ਨਾ ਕੋਈ ਰਖੌਣਾ, ਆਲਸ ਨਿੰਦਰਾ ਵਿਚ ਨਾ ਔਣਾ, ਪੀਣ ਖਾਣ ਜਗਤ ਤਜੌਣਾ, ਮਾਤ ਪਿਤ ਨਾ ਕੋਈ ਬਣੌਣਾ, ਭਾਈ ਭੈਣ ਸਾਕ ਸੈਣ ਨਾ ਕੋਈ ਸਦੌਣਾ, ਜਗਤ ਕੁਟੰਬ ਨਾ ਕੋਈ ਰਖਾਈਆ। ਗੁਰਮੁਖਾਂ ਨਾਤਾ ਜੋੜ ਜੁੜੌਣਾ, ਪੁਰਖ ਬਿਧਾਤਾ ਮੇਲ ਮਿਲੌਣਾ, ਤਤ ਅਠ ਲੇਖੇ ਲੌਣਾ, ਨੌਂ ਦਵਾਰੇ ਪਾਰ ਕਰੌਣਾ, ਦਸਮ ਦਵਾਰੀ ਮੇਲ ਮਿਲੌਣਾ, ਸੁਰਤੀ ਸ਼ਬਦੀ ਘਰ ਸੁਹੌਣਾ, ਨਾਰੀ ਕੰਤਾ ਖੇਲ ਖਿਲੌਣਾ, ਆਤਮ ਸੇਜਾ ਦਏ ਸੁਹਾਈਆ। ਸ੍ਰਿਸ਼ਟ ਸਬਾਈ ਆਪ ਉਠੌਣਾ, ਰਾਜ ਰਾਜਾਨਾਂ ਹੁਕਮ ਜਣੌਣਾ, ਸਾਧਾਂ ਸੰਤਾਂ ਫੜ ਹਲੌਣਾ, ਮਨਮੁਖ ਜੀਵਾਂ ਖਾਕ ਰਲੌਣਾ, ਗੁਰਮੁਖ ਸਾਚੇ ਮਾਰਗ ਲੌਣਾ, ਮੇਟ ਮਿਟਾਏ ਅਵਣ ਗਵਨਾ, ਅੰਮ੍ਰਿਤ ਮੇਘ ਬਰਸੇ ਸਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵੇਖੇ ਖੇਲ ਘਰ ਘਰ ਵਿਚ ਵੇਖ ਵਖਾਈਆ।