Granth 07 Likhat 033: 18 Chet 2015 Bikarmi Jarnail Singh de Ghar Pind Shahwala Jila Ferozepur Nirgun Jot Anak Roop Wich

੧੮ ਚੇਤ ੨੦੧੫ ਬਿਕ੍ਰਮੀ ਜਰਨੈਲ ਸਿੰਘ ਦੇ ਘਰ ਪਿੰਡ ਸ਼ਾਹਵਾਲਾ ਜ਼ਿਲਾ ਫਿਰੋਜ਼ਪੁਰ ਨਿਰਗੁਣ ਜੋਤ ਅਨਕ ਰੂਪ ਵਿਚ

ਨਿਰਗੁਣ ਹਰਿ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਅਭੇਵ ਅਭੇਦ ਰਖਾਇੰਦਾ। ਸ਼ਬਦ ਅਨਾਦੀ ਹਰਿ ਜੈਕਾਰਾ, ਏਕਾ ਏਕ ਅਲਾਇੰਦਾ। ਆਪ ਆਪਣੀ ਪਾਵੇ ਸਾਰਾ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣਾ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਕਰ ਵਣਜਾਰਾ, ਆਪ ਆਪਣੀ ਮੰਗ ਮੰਗਾਇੰਦਾ। ਆਪ ਆਪਣਾ ਬਣ ਭਿਖਾਰਾ, ਆਪ ਆਪਣੀ ਝੋਲੀ ਡਾਹਿੰਦਾ। ਆਪ ਆਪਣਾ ਬਣ ਵਰਤਾਰਾ, ਆਪ ਆਪਣੀ ਭਿਛਿਆ ਪਾਇੰਦਾ। ਆਪ ਆਪਣਾ ਸੁਹਾਏ ਦਵਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਖੇਲੇ ਖੇਲ ਨਿਆਰਾ, ਖੇਲਣਹਾਰ ਆਪ ਅਖਵਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਵੇਸ ਵਟਾਇੰਦਾ। ਆਪ ਆਪਣਾ ਸਾਜਣ ਸਾਜਣਹਾਰਾ, ਸਾਜਣਹਾਰ ਆਪ ਅਖਵਾਇੰਦਾ। ਆਪ ਆਪਣਾ ਕਰੇ ਨਾਮ ਅਪਾਰਾ, ਆਪ ਆਪਣਾ ਆਧਾਰ ਰਖਾਇੰਦਾ। ਆਪ ਆਪਣਾ ਲਾਏ ਨਾਅਰਾ, ਆਪ ਆਪਣਾ ਰਾਗ ਸੁਣਾਇੰਦਾ। ਆਪ ਆਪਣੀ ਕਰੇ ਪੁਕਾਰਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਆਪ ਉਪਾਇੰਦਾ। ਆਪਣਾ ਆਪ ਹਰਿ ਉਪਾ, ਆਪਣੀ ਕਲ ਵਰਤਾਈਆ। ਨਾ ਕੋਈ ਦੂਸਰ ਲਿਆ ਸੰਗ ਰਲਾ, ਨਾ ਕੋਈ ਵੇਖ ਵਖਾਈਆ। ਆਪ ਆਪਣੀ ਮੰਗ ਮੰਗਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਅੰਗ ਲਗਾ, ਆਪ ਆਪਣੀ ਸੇਜ ਹੰਢਾਈਆ। ਆਪ ਆਪਣਾ ਪਲੰਘ ਵਿਛਾ, ਥਿਰ ਘਰ ਬੈਠਾ ਆਸਣ ਲਾਈਆ। ਆਪ ਆਪਣੇ ਰੰਗ ਰੰਗਾ, ਰੰਗਣਹਾਰ ਆਪ ਹੋ ਜਾਈਆ। ਆਪ ਆਪਣਾ ਦਰ ਦਏ ਸੁਹਾ, ਸੋਭਾਵੰਤ ਆਪ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪਣਾ ਹਰਿ ਉਪਾਇਆ, ਆਪਣਾ ਜੋਗ ਕਮਾਇੰਦਾ। ਸਚ ਮਹੱਲਾ ਰਿਹਾ ਵਖਾਇਆ, ਸਾਚੀ ਬਣਤ ਬਣਾਇੰਦਾ। ਚਾਰ ਦਿਵਾਰਾ ਨਾ ਕੋਈ ਰਖਾਇਆ, ਛੱਪਰ ਛੰਨ ਨਾ ਕੋਈ ਵਖਾਇੰਦਾ। ਨਾ ਕੋਈ ਬਾਢੀ ਸੰਗ ਰਲਾਇਆ, ਨਾ ਕੋਈ ਲੇਖਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਸੁਹਾਇੰਦਾ। ਆਪ ਆਪਣਾ ਦਰ ਸੁਹਾਏ, ਆਦਿ ਪੁਰਖ ਅਬਿਨਾਸ਼ਾ। ਮਹੱਲ ਅਟੱਲ ਇਕ ਬਣਾਏ, ਆਪੇ ਵੇਖੇ ਖੇਲ ਤਮਾਸ਼ਾ। ਵਲ ਛਲ ਆਪਣਾ ਆਪ ਕਰਾਏ, ਆਪ ਆਪਣੇ ਅੰਦਰ ਕਰੇ ਵਾਸਾ। ਆਪਣਾ ਦੀਪਕ ਜੋਤੀ ਆਪ ਜਗਾਏ, ਨਾ ਕੋਈ ਉਪਾਏ ਪ੍ਰਿਥਮੀ ਅਕਾਸ਼ਾ। ਜਲ ਥਲ ਨਾ ਕੋਈ ਦਿਸਾਏ, ਨਾ ਕੋਈ ਮੰਡਲ ਰਾਸਾ। ਸੂਰਜ ਚੰਨ ਨਾ ਕੋਈ ਉਪਾਏ, ਸਾਲ ਬਰਸ ਦਿਵਸ ਰੈਣ ਨਾ ਕੋਈ ਰੱਖੇ ਆਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਭਰਵਾਸਾ। ਆਪ ਆਪਣਾ ਨੂਰ ਉਪਾ, ਆਪੇ ਵੇਖ ਵਖਾਈਆ। ਆਪ ਆਪਣੀ ਤੂਰ ਵਜਾ, ਆਪ ਆਪਣਾ ਰਾਗ ਅਲਾਈਆ। ਆਪੇ ਹਾਜ਼ਰ ਹਜ਼ੂਰ ਅਖਵਾ, ਕਰਤਾ ਪੁਰਖ ਨਾਉਂ ਧਰਾਈਆ। ਪਾਰਬ੍ਰਹਮ ਵੇਸ ਵਟਾ, ਪਰਮ ਪੁਰਖ ਅਖਵਾਈਆ। ਅਗੰਮ ਅਗੰਮੜੇ ਧਾਮ ਸੁਹਾ, ਬੈਠਾ ਆਸਣ ਲਾਈਆ। ਅਲਖਣਾ ਅਲਖ ਏਕਾ ਅਲਖ ਰਿਹਾ ਜਗਾ, ਦਰ ਦਰਵੇਸ਼ ਆਪ ਅਖਵਾਈਆ। ਆਪਣੀ ਜੋਤ ਪਰਤੱਖ ਆਪ ਪਰਗਟਾ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਈਆ। ਆਪ ਆਪਣਾ ਹੋਏ ਸਹਾਇਆ, ਏਕਾ ਏਕ ਏਕੰਕਾਰਾ। ਆਪ ਆਪਣਾ ਵੇਖ ਵਖਾਇਆ, ਆਪੇ ਜਾਣੇ ਆਪਣੀ ਕਾਰਾ। ਲੇਖਾ ਲਿਖਤ ਲੇਖ ਨਾ ਕੋਈ ਲਿਖਾਇਆ, ਨਾ ਕੋਈ ਲੇਖ ਲਿਖਣਹਾਰਾ। ਅਭੇਵ ਅਭੇਦਾ ਭੇਵ ਛੁਪਾਇਆ, ਰੂਪ ਰੰਗ ਹਰਿ ਨਿਆਰਾ। ਅਛਲ ਅਛੇਦਾ ਆਪ ਅਖਵਾਇਆ, ਆਪ ਆਪਣਾ ਲਏ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਹਰਿ ਨਿਰੰਕਾਰਾ, ਏਕਾ ਏਕ ਸੁਹਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਇਕ ਪਰਕਾਸ਼ ਵਖਾਇੰਦਾ। ਸਤਿ ਸਰੂਪ ਹਰਿ ਸਿਰਜਣਹਾਰਾ, ਸਤਿ ਪੁਰਖ ਆਪ ਅਖਵਾਇੰਦਾ। ਆਪ ਆਪਣਾ ਕਰਮ ਰਿਹਾ ਵਿਚਾਰਾ, ਆਪ ਆਪਣਾ ਜਨਮ ਦਵਾਇੰਦਾ। ਆਪ ਆਪਣਾ ਭਰਮ ਨਿਵਾਰਾ, ਆਪ ਆਪਣਾ ਧਰਮ ਧਰਾਇੰਦਾ। ਆਪ ਆਪਣਾ ਵਰਨ ਲਿਆ ਵਿਚਾਰਾ, ਆਪ ਆਪਣੀ ਗੋਤ ਉਪਾਇੰਦਾ। ਆਪ ਆਪਣੀ ਸਰਨ ਹੋਏ ਕਰਤਾਰਾ, ਸਰਨਗਤ ਆਪ ਅਖਵਾਇੰਦਾ। ਆਪੇ ਹੋਇਆ ਕਰਨੀ ਕਰਨਹਾਰਾ, ਨਿਰੰਕਾਰ ਕਰਨਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਇੰਦਾ। ਆਪਣੀ ਧਾਰ ਆਪ ਚਲਾਏ, ਪਾਰਬ੍ਰਹਮ ਬੇਅੰਤਾ। ਨਿਰਗੁਣ ਨਿਰਗੁਣ ਰੂਪ ਵਟਾਏ, ਹਰਿ ਸਾਜਨ ਨਾਰੀ ਕੰਤਾ। ਆਪ ਆਪਣਾ ਲੇਖ ਲਿਖਾਏ, ਆਪ ਆਪਣਾ ਹੋਏ ਮੰਗਤਾ। ਆਪ ਆਪਣੀ ਅਲਖ ਜਗਾਏ, ਆਪਣੇ ਦਰ ਹੋਏ ਭੁੱਖਾ ਨੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਚੋਲੀ ਆਪੇ ਰੰਗਤਾ। ਨਿਰਗੁਣ ਹਰਿ ਉਪਾਇਆ, ਆਪਣੀ ਕਲ ਧਾਰੀਆ। ਨਾ ਕੋਈ ਦੂਸਰ ਵੇਖ ਵਖਾਇਆ, ਨਾ ਕੋਈ ਮਿਲਿਆ ਮੀਤ ਮੁਰਾਰੀਆ। ਨਾ ਕੋਈ ਚੇਲਾ ਗੁਰ ਬਣਾਇਆ, ਨਾ ਕੋਈ ਕਰੇ ਨਿਮਸਕਾਰੀਆ। ਸੱਜਣ ਸੁਹੇਲਾ ਨਾ ਕੋਈ ਅਖਵਾਇਆ, ਨਾ ਕੋਈ ਦੀਸੇ ਦਰ ਦਰਬਾਰੀਆ। ਇਕ ਅਕੇਲਾ ਡੇਰਾ ਲਾਇਆ, ਰੂਪ ਅਨੂਪ ਸੱਚੀ ਸਰਕਾਰੀਆ। ਸ਼ਾਹੋ ਭੂਪ ਆਪ ਅਖਵਾਇਆ, ਜੋਧਾ ਸੂਰ ਬਲੀ ਬਲਕਾਰੀਆ। ਆਪਣਾ ਸ਼ਸਤਰ ਆਪੇ ਰਿਹਾ ਉਪਾਇਆ, ਨਾਮ ਖੰਡਾ ਤੇਜ਼ ਕਟਾਰੀਆ। ਆਪਣਾ ਬਸਤਰ ਆਪਣੇ ਤਨ ਰਿਹਾ ਛੁਹਾਇਆ, ਆਪੇ ਸਚ ਸ਼ੰਗਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਹੋਏ ਉਜਿਆਰੀਆ। ਜੋਤੀ ਨੂਰ ਹਰਿ ਉਜਾਲਾ, ਹਰਿ ਘਰ ਆਪ ਸਮਾਇਆ। ਦੀਨਾ ਬੰਧਪ ਦੀਨ ਦਿਆਲਾ, ਦਇਆ ਨਿਧ ਅਖਵਾਇਆ। ਸ਼ਬਦ ਉਪਾਏ ਪੂਤ ਸਪੂਤਾ ਸਾਚਾ ਲਾਲਾ, ਜੋਤੀ ਮਾਤਾ ਝੋਲੀ ਪਾਇਆ। ਆਪੇ ਹੋਏ ਸਦਾ ਰਖਵਾਲਾ, ਆਪੇ ਵੇਖ ਵਖਾਇਆ। ਆਪਣਾ ਆਪ ਬਣਾਏ ਹਰਿ ਦਲਾਲਾ, ਆਪ ਆਪਣੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾਇਆ। ਨਿਰਗੁਣ ਰੂਪ ਹਰਿ ਅਗੰਮ, ਆਪਣਾ ਆਪ ਉਪਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਨਾ ਵੇਖ ਵਖਾਇਆ। ਨਾ ਕੋਈ ਪਵਣ ਸਵਾਸੀ ਲਏ ਦਮ, ਹੱਡ ਮਾਸ ਨਾੜੀ ਨਾ ਕੋਈ ਰਖਾਇਆ। ਰਕਤ ਬੂੰਦ ਨਾ ਕੋਈ ਚੰਮ, ਨਾ ਕੋਈ ਅਕਾਸ਼ ਪਰਕਾਸ਼ ਸਮਾਇਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਹਰਿ ਅਨਾਦੀ ਆਪੇ ਜਾਣੇ ਆਪਣਾ ਕੰਮ, ਆਪਣੀ ਰਾਸ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਜੋਤ ਧਰ, ਨਿਰਗੁਣ ਵੇਖ ਹਰਿ ਆਪ ਆਪਣੀ ਖ਼ੁਸ਼ੀ ਮਨਾਇਆ। ਨਿਰਗੁਣ ਰੂਪ ਹਰਿ ਸਲਾਹ, ਆਪਣਾ ਮਤਾ ਪਕਾਇਆ। ਆਪ ਆਪਣਾ ਬਣ ਮਲਾਹ, ਆਪਣਾ ਬੇੜਾ ਰਿਹਾ ਚਲਾਇਆ। ਆਪ ਆਪਣਾ ਨਾਉਂ ਧਰਾ, ਨਰ ਨਿਰੰਕਾਰ ਅਖਵਾਇਆ। ਆਪਣੀ ਪਕੜੇ ਆਪੇ ਬਾਂਹ, ਸਮਰਥ ਪੁਰਖ ਹਰਿ ਰਘੁਰਾਇਆ। ਆਪ ਆਪਣੀ ਰੱਖੇ ਛਾਂ, ਸਿਰ ਆਪਣਾ ਛਤਰ ਝੁਲਾਇਆ। ਆਪ ਆਪਣੀ ਬਣਿਆ ਪਿਤਾ ਮਾਂ, ਆਪ ਆਪਣਾ ਗੋਦ ਉਠਾਇਆ। ਆਪ ਆਪਣਾ ਵੇਖੇ ਥਾਂ, ਥਿਰ ਘਰ ਸਾਚਾ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਥਾਹ ਸਾਚਾ ਰਾਹ ਵੇਖ ਵਖਾਇਆ। ਨਿਰਗੁਣ ਰੂਪ ਅਗੰਮ ਅਥਾਹ, ਬੇਪਰਵਾਹ ਅਖਵਾਇੰਦਾ। ਆਪ ਸੁਹਾਏ ਆਪਣਾ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਆਪ ਜਪਾਏ ਆਪਣਾ ਨਾਂ, ਗਗਨ ਗਗਨੰਤਰ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦੇਵੇ ਵਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸ਼ਬਦ ਸੁਤ ਹਰਿ ਬਲਵਾਨਾ, ਏਕਾ ਏਕ ਉਪਾਇਆ। ਏਕਾ ਦੇਵੇ ਗੁਣ ਗੁਣ ਨਿਧਾਨਾ, ਗੁਣਵੰਤਾ ਝੋਲੀ ਪਾਇਆ। ਏਕਾ ਹੁਕਮ ਧੁਰ ਫ਼ਰਮਾਣਾ, ਸਚ ਸੰਦੇਸ਼ ਸੁਣਾਇਆ। ਏਕਾ ਰਾਗ ਇਕ ਤਰਾਨਾ, ਪੁਰਖ ਅਨਾਦੀ ਏਕਾ ਗਾਇਆ। ਏਕਾ ਘਰ ਇਕ ਮਕਾਨਾ, ਏਕਾ ਦਰ ਸੁਹਾਇਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਆਪ ਹਰਿ ਆਇਆ। ਆਪੇ ਦੇਵਣਹਾਰਾ ਮਾਣਾ, ਆਪ ਆਪਣੇ ਗਲੇ ਲਗਾਇਆ। ਆਪ ਆਪਣਾ ਵਰਤੇ ਭਾਣਾ, ਹਰਿ ਭਾਣੇ ਵਿਚ ਸਮਾਇਆ। ਸ਼ਬਦ ਸੁਤ ਦਰ ਕਰੇ ਪਰਵਾਨਾ, ਦੋਏ ਜੋੜ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਸਚ ਵਰ, ਵਰ ਦਾਤਾ ਆਪ ਅਖਵਾਇਆ। ਸਾਚਾ ਵਰ ਦੇਵਣਹਾਰਾ, ਆਦਿ ਪੁਰਖ ਅਬਿਨਾਸ਼ਾ। ਸ਼ਬਦ ਸੁਤ ਸੋਹੇ ਦਰ, ਰੱਖੇ ਚਰਨ ਕਵਲ ਭਰਵਾਸਾ। ਮੇਲ ਮਿਲਾਇਆ ਨਾਰੀ ਨਰ, ਆਪੇ ਰੱਖਿਆ ਅੰਦਰ ਵਾਸਾ। ਚਰਨ ਚਰਨੋਦਕ ਨੁਹਾਇਆ ਸਾਚੇ ਸਰ, ਦੇਵੇ ਨਾਮ ਦਲਾਸਾ। ਆਪਣਾ ਭੰਡਾਰਾ ਆਪੇ ਭਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਏ ਵਰ, ਏਕਾ ਮੰਡਲ ਏਕਾ ਰਾਸਾ। ਏਕਾ ਮੰਡਲ ਹਰਿ ਦਵਾਰਾ, ਆਪਣਾ ਆਪ ਸੁਹਾਇਆ। ਏਕਾ ਜੋਤੀ ਕਰ ਉਜਿਆਰਾ, ਏਕਾ ਦੀਪ ਜਗਾਇਆ। ਨਾ ਕੋਈ ਰਵ ਸਸ ਚੰਦ ਸਤਾਰਾ, ਮੰਡਲ ਮੰਡਪ ਨਾ ਕੋਈ ਰਖਾਇਆ। ਇਕ ਅਕੱਲਾ ਏਕੰਕਾਰਾ, ਏਕੰਕਾਰਾ ਰੂਪ ਵਟਾਇਆ। ਸਚ ਸਿੰਘਾਸਣ ਬੈਠਾ ਕਰੇ ਵਿਚਾਰਾ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਵਰ ਘਰ ਸਾਚਾ ਏਕਾ ਪਾਇਆ। ਵਰ ਘਰ ਸਾਚਾ ਹਰਿ ਹਰਿ ਪਾ, ਸ਼ਬਦ ਵੱਜੀ ਵਧਾਈਆ। ਧੁਰਦਰਗਾਹੀ ਲਹਿਣਾ ਰਿਹਾ ਦਵਾ, ਲਹਿਣੇਦਾਰ ਇਕ ਅਖਵਾਈਆ। ਲੋਆਂ ਪੁਰੀਆਂ ਗਗਨ ਪਤਾਲ ਅਕਾਸ਼ ਪਰਕਾਸ਼ ਗਿਆ ਸਮਾ, ਬ੍ਰਹਿਮੰਡ ਖੰਡ ਗਿਆ ਸਮਾਈਆ। ਪਾਰਬ੍ਰਹਮ ਪ੍ਰਭ ਵੰਡ ਵੰਡਾ, ਬੈਠਾ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਆਪਣਾ ਆਪ ਲਿਆ ਮਨਾ, ਆਪ ਆਪਣੀ ਕਰੇ ਵਡਿਆਈਆ। ਆਪ ਆਪਣੀ ਸੇਜਾ ਰਿਹਾ ਹੰਢਾ, ਆਪ ਆਪਣਾ ਬਲਾਸ ਕਰਾਈਆ। ਕਵਲ ਕਵਲਾ ਲਏ ਉਪਾ, ਕਵਲ ਮੁਖ ਹਰਿ ਰਘੁਰਾਈਆ। ਪਾਰਬ੍ਰਹਮ ਬ੍ਰਹਮ ਲਏ ਕਟਾ, ਆਪ ਆਪਣਾ ਵੱਖ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਆਪਣੀ ਰਚਨਾ ਰਿਹਾ ਰਚਾਈਆ। ਸ਼ਬਦ ਸੁਤ ਰਚਨਹਾਰਾ, ਆਪਣੀ ਰਚਨ ਰਚਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਨਿਆਰਾ, ਭੇਵ ਕੋਈ ਨਾ ਪਾਇੰਦਾ। ਆਪਣੀ ਜੋਤੀ ਆਪੇ ਪਏ ਜੰਮ, ਮਾਤ ਪਿਤ ਨਾ ਕੋਈ ਅਖਵਾਇੰਦਾ। ਆਪ ਸਵਾਰਨਹਾਰਾ ਆਪਣਾ ਕੰਮ, ਆਪੇ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਅਨੇਕ ਏਕ ਕਰਾਇੰਦਾ। ਨਿਰਪਖ ਨਿਰਲਜ, ਹਰਿ ਨਿਰੰਕਾਰਿਆ। ਜਨ ਭਗਤਾਂ ਪੜਦੇ ਲਏ ਕੱਜ, ਜੁਗ ਜੁਗ ਖੇਲ ਅਪਾਰਿਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਦੇਵੇ ਤਜ, ਹਰਿਜਨ ਸੁਹਾਏ ਬੰਕ ਦਵਾਰਿਆ। ਆਤਮ ਸੇਜਾ ਚੜ੍ਹੇ ਭਜ, ਮੇਲ ਮਿਲਾਏ ਦਸਮ ਦਵਾਰਿਆ। ਅਨਹਦ ਤਾਲ ਧੁਨ ਆਤਮਕ ਅਨਾਦੀ ਰਿਹਾ ਵੱਜ, ਵਜਾਵਣਹਾਰ ਸਿਰਜਣਹਾਰਿਆ। ਹਰਿਸੰਗਤ ਹਰਿ ਦਵਾਰ ਰਹੀ ਸਜ, ਜਿਨ ਮਿਲਿਆ ਹਰਿ ਮੀਤ ਮੁਰਾਰਿਆ। ਕਲਜੁਗ ਕਾਲ ਨਗਾਰਾ ਰਿਹਾ ਵੱਜ, ਚਾਰੋਂ ਕੁੰਟ ਅੰਧ ਅੰਧਿਆਰਿਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਈ ਰਹਿਣ ਨਾ ਪਾ ਰਿਹਾ। ਕਾਲ ਮਹਾਂਕਾਲ ਦੋਵੇਂ ਰਹੇ ਗੱਜ, ਗੁਰ ਗੋਬਿੰਦ ਵੇਖ ਵਖਾ ਰਿਹਾ। ਪਰਗਟ ਜੋਤ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾ ਰਿਹਾ। ਦੋ ਜਹਾਨੀ ਰਚਿਆ ਕਾਜ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾ ਰਿਹਾ। ਜੀਵ ਜੰਤ ਸਾਧ ਸੰਤ ਨਾਰ ਦੋਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਈ ਹੰਢਾ ਰਿਹਾ। ਪੰਚ ਵਿਕਾਰਾ ਚਾਰ ਕੁੰਟ ਦਹਿ ਦਿਸ਼ਾ ਪਾਏ ਡੰਡ, ਜੂਠ ਝੂਠ ਡੰਕ ਵਜਾ ਰਿਹਾ। ਮਾਇਆ ਮਮਤਾ ਭੇਖ ਪਖੰਡ, ਹਉਮੇ ਹੰਗਤਾ ਰੋਗ ਵਧਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਘਰ ਸੁਹੰਜਣਾ, ਜਗੇ ਜੋਤ ਨਿਰੰਜਣਾ, ਅਲਖ ਅਲਖਣਾ ਮੇਲ ਮਿਲਾ ਲਿਆ। ਅਲਖ ਅਲਖਣਾ ਹਰਿ ਪਰਤੱਖ, ਏਕਾ ਏਕ ਅਖਵਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਰੱਖ, ਆਦਿ ਜੁਗਾਦੀ ਭੇਖ ਵਟਾਇੰਦਾ। ਮਨਮੁਖ ਜੀਵ ਕਾਇਆ ਭਾਂਡੇ ਹੋਏ ਸਖ, ਨਾਮ ਵਸਤ ਨਾ ਕੋਈ ਟਿਕਾਇੰਦਾ। ਜਗਤ ਵਿਦਿਆ ਕਰੋੜੀ ਲੱਖ, ਨਾਮ ਧਨ ਨਾ ਕੋਈ ਜਣਾਇੰਦਾ। ਭਗਤ ਸੁਹੇਲੇ ਕਰੇ ਵਖ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਘਰ, ਦਰ ਦਵਾਰਾ ਇਕ ਸੁਹਾਇੰਦਾ। ਹਰਿਜਨ ਮੇਲਾ ਹਰਿ ਦਵਾਰ, ਹਰਿ ਹਰਿ ਆਪ ਕਰਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਅੰਦਰ ਮੰਦਰ ਕੁੰਡਾ ਲਾਹਿਆ। ਮੇਟ ਮਿਟਾਏ ਪੰਚਮ ਧਾੜ, ਪੰਚ ਵਿਕਾਰਾ ਨੇੜ ਨਾ ਆਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਸਤਿ ਸੰਤੋਖ ਸਮਾਇਆ। ਗੁਰਮੁਖ ਵੇਖੇ ਸਾਚੇ ਲਾੜ, ਵੇਖਣਹਾਰ ਦਿਸ ਨਾ ਆਇਆ। ਆਪੇ ਹੋਏ ਪਿੱਛੇ ਅਗਾੜ, ਸੁਖਮਨ ਬੰਕਾ ਪਾਰ ਕਰਾਇਆ। ਅਨਹਦ ਵੱਜੇ ਸਾਚਾ ਤਾੜ, ਤਾਲ ਤਲਵਾੜਾ ਇਕ ਵਖਾਇਆ। ਦੂਈ ਦਵੈਤੀ ਪੜਦਾ ਪਾੜ, ਏਕਾ ਧਾਮ ਸੁਹਾਇਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਇਆ। ਸਾਚੇ ਮੰਦਰ ਦੇਵੇ ਵਾੜ, ਨਿਰਮਲ ਜੋਤ ਕਰੇ ਰੁਸ਼ਨਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਆਤਮ ਸੇਜਾ ਦਏ ਸੁਹਾਇਆ। ਸਾਚੀ ਬਰਖਾ ਨਾਮ ਗੁਲਜ਼ਾਰ, ਫਲ ਫੁਲਵਾੜੀ ਵੇਖ ਵਖਾਇਆ। ਗੁਰਮੁਖ ਆਤਮ ਸੁਹਾਗਣ ਨਾਰ, ਘਰ ਸਾਚੇ ਮੇਲ ਮਿਲਾਇਆ। ਪੰਚਮ ਸਖੀਆਂ ਵੇਖਣ ਵਾਰੋ ਵਾਰ, ਸਾਚਾ ਮੰਗਲ ਏਕਾ ਗਾਇਆ। ਸਾਚੀ ਸੇਜਾ ਹਰਿ ਕੰਤ ਭਤਾਰ, ਆਪ ਆਪਣੀ ਰਿਹਾ ਸੁਹਾਇਆ। ਏਕਾ ਮੇਲਾ ਇਕ ਦਵਾਰ, ਏਕਾ ਰੂਪ ਵਟਾਇਆ। ਏਕਾ ਰੰਗ ਰੰਗੇ ਕਰਤਾਰ, ਰੰਗਣਹਾਰ ਸਰਬ ਸੁਖਦਾਇਆ। ਦਸਮ ਦਵਾਰੀ ਕਰ ਪਿਆਰ, ਹਰਿਜਨ ਹਰਿ ਮੰਦਰ ਦਏ ਸੁਹਾਇਆ। ਹਰਿ ਮੰਦਰ ਖੋਲ੍ਹੇ ਆਪ ਕਿਵਾੜ, ਸੁੰਨ ਅਗੰਮੋਂ ਪਾਰ ਕਰਾਇਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹੰ ਹੰਗਤਾ ਮੇਟ ਮਿਟਾਇਆ। ਆਪ ਆਪਣਾ ਕਰ ਪਿਆਰ, ਹਰਿਜਨ ਸਾਚੇ ਲਏ ਤਰਾਇਆ। ਸੋਹੰ ਦੇਸ਼ ਹਰਿ ਨਿਰੰਕਾਰ, ਏਕਾ ਦੂਜਾ ਭੌ ਚੁਕਾਇਆ। ਤੀਜੇ ਦਰ ਪਾਵੇ ਸਾਰ, ਸਰ ਸਰੋਵਰ ਇਕ ਨੁਹਾਇਆ। ਚੌਥਾ ਪਦ ਨਰ ਨਿਰਬਾਨ, ਸਾਚਾ ਧਾਮ ਸੁਹਾਇਆ। ਪੰਚਮ ਮੇਲਾ ਹਰਿ ਭਗਵਾਨ, ਸਚ ਸੁੱਚ ਗੁਣ ਗਾਇਆ। ਛੇਵੇਂ ਛੱਪਰ ਛੰਨ ਨਾ ਕੋਈ ਮਕਾਨ, ਨਿਰਮਲ ਜੋਤ ਕਰੇ ਰੁਸ਼ਨਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਵੇਖੇ ਮਾਰ ਧਿਆਨ, ਅਗੰਮ ਅਗੰਮੜੇ ਧਾਮ ਸੁਹਾਇਆ। ਅੱਠਵੇਂ ਅੱਠਾਂ ਤੱਤਾਂ ਕਰ ਪਰਵਾਨ, ਮਨ ਮਤ ਬੁਧ ਮੇਟ ਮਿਟਾਇਆ। ਨੌਂ ਦਰ ਵਖਾਏ ਜਗਤ ਮਕਾਨ, ਮਿਹਰਵਾਨ ਦਿਸ ਨਾ ਆਇਆ। ਦਸਵੇਂ ਮੇਲਾ ਦਰ ਦਰਬਾਨ, ਦਰ ਦਰਵੇਸਾ ਰਿਹਾ ਫੇਰੀ ਪਾਇਆ। ਇਕ ਅਕੱਲਾ ਖੇਲੇ ਖੇਲ ਮਹਾਨ, ਖੇਲਣਹਾਰ ਸ੍ਰਿਸ਼ਟ ਸਬਾਇਆ। ਲੱਖ ਚੁਰਾਸੀ ਜਾਣੀ ਜਾਣ, ਜਾਨਣਹਾਰ ਭੇਵ ਨਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੁਰਪਤ ਰਾਜਾ ਇੰਦ ਸਰਬ ਕੁਰਲਾਣ, ਨੇਤਰ ਲੋਚਣ ਨੈਣ ਦਰਸ ਦਰਸ ਤਰਸਾਇਆ। ਕਲਜੁਗ ਅੰਤਮ ਭਗਤ ਵਛਲ ਜਨ ਭਗਤ ਕਰ ਪਰਵਾਨ, ਦਰ ਦਵਾਰੇ ਆਇਆ ਫੇਰਾ ਪਾਇਆ। ਦੇਵੇ ਵਡਿਆਈ ਦੋ ਜਹਾਨ, ਸਿਰ ਆਪਣਾ ਹੱਥ ਟਿਕਾਇਆ। ਆਵਣ ਜਾਵਣ ਚੁੱਕੇ ਕਾਨ, ਜਿਸ ਜਨ ਦਰ ਆਏ ਦਰਸ਼ਨ ਪਾਇਆ। ਲੱਖ ਚੁਰਾਸੀ ਫੰਦ ਕਟਾਨ, ਰਾਏ ਧਰਮ ਨਾ ਦਏ ਸਜ਼ਾਇਆ। ਲਾੜੀ ਮੌਤ ਨੇਤਰ ਨੈਣ ਦੋਏ ਸ਼ਰਮਾਣ, ਰੋ ਰੋ ਰਹੀ ਨੀਰ ਵਹਾਇਆ। ਚਿਤਰ ਗੁਪਤ ਨਾ ਲੇਖ ਲਿਖਾਨ, ਬੈਠਾ ਮੁਖ ਭਵਾਇਆ। ਜਿਸ ਜਨ ਮਿਲਿਆ ਨਿਰਗੁਣ ਰੂਪ ਨਰ ਨਰਾਇਣ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਵੇਖ ਵਖਾਇਆ। ਰਸਨਾ ਗੁਣ ਸਕੇ ਨਾ ਕਿਸੇ ਕਹਿਣ, ਨਾਨਕ ਗੋਬਿੰਦ ਵੇਖ ਵਖਾਇਆ। ਆਪੇ ਆਇਆ ਲਹਿਣ ਦੇਣ ਚੁਕੌਣ, ਮੂਲ ਸਿਰ ਆਪਣਾ ਹੱਥ ਟਿਕਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਕਿਸੇ ਨਾ ਦੇਵੇ ਸਚ ਸਿੰਘਾਸਣ ਸੌਣ, ਸ਼ਬਦ ਖੰਡਾ ਰਿਹਾ ਉਠਾਇਆ। ਵੇਖ ਵਖਾਏ ਤ੍ਰੈਭਵਨ ਧਨੀ ਤ੍ਰਿਭੌਣ, ਬ੍ਰਹਿਮੰਡਾਂ ਖੋਜ ਖੋਜਾਇਆ। ਹਰਿ ਕਾ ਭੇਵ ਜਾਣੇ ਕੌਣ, ਵੇਦ ਪੁਰਾਨ ਕਤੇਬ ਅੰਜੀਲ ਕੁਰਾਨ ਰਸਨਾ ਰਹੇ ਗਾਇਆ। ਗੁਰ ਗੋਬਿੰਦੇ ਸ਼ਬਦ ਸੁਨੇਹੜਾ ਦਿਤਾ ਪਵਣ, ਧੁਰਦਰਗਾਹੀ ਆਪ ਪੁਚਾਇਆ। ਆਪ ਸੰਘਾਰੇ ਦੁਸ਼ਟ ਰਵਣ, ਰਾਮਾ ਰੂਪ ਵਟਾਇਆ। ਆਪੇ ਭੰਨੇ ਦਰਯੋਧਨ ਹੰਕਾਰੀ ਧੌਣ, ਮੁਕੰਦ ਮਨੋਹਰ ਲਖਮੀ ਨਰਾਇਣ ਰਥ ਰਥਵਾਹੀ ਹੋਏ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਿੰਘ ਜਰਨੈਲ ਕਾਇਆ ਅੰਦਰ ਕਰੇ ਸੈਲ, ਸਿੰਘ ਗੁਰਦਾਸ ਸੰਗ ਰਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਹਰਿਸੰਗਤ ਅੰਗ ਲਗਾਏ ਜਿਉਂ ਨਾਨਕ ਅੰਗਦ ਪੂਰਨ ਇਛਿਆ ਪਾਏ ਭਿਛਿਆ, ਰਸਨ ਸਵਾਸ ਲੇਖੇ ਲਾਇਆ।