੧੯ ਚੇਤ ੨੦੧੫ ਬਿਕ੍ਰਮੀ ਸੂਬੇਦਾਰ ਰਾਮ ਸਿੰਘ ਦੇ ਘਰ ਮਕਾਨ ਨੰ੦ ੩੮੬ ਗਵਾਲ ਟੋਲੀ ਫਿਰੋਜ਼ਪੁਰ ਛਾਉਂਣੀ ਨਿਰਗੁਣ ਜੋਤ ਅਨੇਕ ਸਰੂਪ ਵਿਚ
ਹਰਿ ਸ਼ਬਦ ਵਡ ਬਲਕਾਰੀ, ਪਾਰਬ੍ਰਹਮ ਰਘੁਰਾਇਆ। ਆਪ ਆਪਣੀ ਜਾਣੇ ਧਾਰੀ, ਨਿਰਗੁਣ ਵੇਖ ਵਖਾਇਆ। ਆਪ ਆਪਣੀ ਰਿਹਾ ਪੈਜ ਸਵਾਰੀ, ਨਾ ਕੋਈ ਦੂਸਰ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦੀ ਸੁਤ ਵਡ ਬਲਵਾਨਾ, ਏਕਾ ਏਕ ਰਖਾਇੰਦਾ। ਪਰਗਟ ਹੋ ਸ੍ਰੀ ਭਗਵਾਨਾ, ਆਪਣਾ ਆਪ ਵੇਖ ਵਖਾਇੰਦਾ। ਏਕਾ ਚਿਲਾ ਤੀਰ ਕਮਾਨਾ, ਏਕਾ ਖੰਡਾ ਹੱਥ ਉਠਾਇੰਦਾ। ਖੇਲੇ ਖੇਲ ਦੋ ਜਹਾਨਾ, ਬ੍ਰਹਿਮੰਡਾਂ ਖੋਜ ਖੋਜਾਇੰਦਾ। ਮਾਰਨਹਾਰਾ ਇਕ ਨਿਸ਼ਾਨਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਵੇਖ ਵਖਾਏ ਜ਼ਿਮੀ ਅਸਮਾਨਾ, ਗਗਨ ਪਾਤਾਲਾਂ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇੰਦਾ। ਆਪ ਆਪਣਾ ਸਗਲਾ ਸਾਥ, ਹਰਿ ਹਰਿ ਆਪ ਰਖਾਇਆ। ਆਪੇ ਹੋ ਤ੍ਰਿਲੋਕੀ ਨਾਥ, ਤੀਨਾਂ ਲੋਕਾਂ ਵੇਖ ਵਖਾਇਆ। ਆਪ ਜਣਾਏ ਆਪਣੀ ਗਾਥ, ਅਕਥਨਾ ਅਕੱਥ ਆਪ ਅਖਵਾਇਆ। ਆਪ ਚਲਾਏ ਆਪਣਾ ਰਾਥ, ਜੁਗ ਜੁਗ ਰਥਵਾਹੀ ਆਪ ਹੋ ਆਇਆ। ਆਪੇ ਲਹਿਣਾ ਦੇਣ ਲਿਖਾਏ ਮਸਤਕ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਦੇਵੇ ਸਾਚਾ ਵਰ, ਹਰਿ ਸਾਜਨ ਵੇਖ ਵਖਾਇਆ। ਹਰਿ ਸ਼ਬਦ ਹਰਿ ਸਾਚਾ ਸੂਰਾ, ਏਕਾ ਏਕ ਉਪਾਇੰਦਾ। ਧੁਨ ਅਨਾਦੀ ਦੇਵੇ ਸਾਚੀ ਤੂਰਾ, ਏਕਾ ਰਾਗ ਅਲਾਇੰਦਾ। ਸਰਬ ਕਲਾ ਆਪੇ ਭਰਪੂਰਾ, ਪੁਰਖ ਅਬਿਨਾਸ਼ੀ ਅਖਵਾਇੰਦਾ। ਆਪੇ ਨੇੜੇ ਆਪੇ ਦੂਰਾ, ਹਾਜ਼ਰ ਹਜ਼ੂਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਵੇਖਣਹਾਰਾ, ਆਦਿ ਪੁਰਖ ਅਬਿਨਾਸ਼ਾ। ਨਿਰਮਲ ਜੋਤੀ ਕਰ ਉਜਿਆਰਾ, ਖੇਲੇ ਖੇਲ ਤਮਾਸ਼ਾ। ਸ਼ਬਦ ਸਰੂਪੀ ਸ਼ਬਦ ਜੈਕਾਰਾ, ਲੋਆਂ ਪੁਰੀਆਂ ਪਾਵੇ ਰਾਸਾ। ਇਕ ਅਕੱਲਾ ਏਕੰਕਾਰਾ, ਵੇਖ ਵਖਾਏ ਪ੍ਰਿਥਮੀ ਅਕਾਸ਼ਾ। ਜਲ ਥਲ ਜੰਗਲ ਜੂਹ ਉਜਾੜ ਪਹਾੜ ਪਾਏ ਸਾਰਾ, ਲੱਖ ਚੁਰਾਸੀ ਰੱਖੇ ਵਾਸਾ। ਆਪੇ ਜਾਣੇ ਜਾਨਣਹਾਰ ਆਰ ਪਾਰ ਕਿਨਾਰਾ, ਆਦਿ ਅੰਤ ਨਾ ਕਦੇ ਵਿਨਾਸਾ। ਜੁਗ ਜੁਗ ਲੋਕਮਾਤ ਲਏ ਅਵਤਾਰਾ, ਜਨ ਭਗਤਾਂ ਹੋਏ ਦਾਸੀ ਦਾਸਾ। ਖੇਲੇ ਖੇਲ ਅਪਰ ਅਪਾਰਾ, ਹਰਿ ਸਾਜਨ ਸ਼ਾਹੋ ਸ਼ਾਬਾਸਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣੇ ਰੱਖਿਆ ਵਾਸਾ। ਨਿਰਗੁਣ ਵਾਸ ਸਾਚੇ ਘਰ, ਥਿਰ ਘਰ ਆਪ ਸੁਹਾਇਆ। ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਰਿਹਾ ਵਸਾਇਆ। ਆਪ ਆਪਣੇ ਪੌੜੇ ਚੜ੍ਹ, ਉਚੇ ਟਿੱਲੇ ਰਿਹਾ ਵਸਾਇਆ। ਪੂਤ ਸਪੂਤੇ ਬ੍ਰਹਿਮਣ ਗੌੜੇ ਆਪੇ ਫੜ, ਜੋਤੀ ਜੋੜੇ ਜੋੜ ਜੁੜਾਇਆ। ਸ਼ਬਦ ਸਰੂਪੀ ਫੜਿਆ ਲੜ, ਆਪ ਆਪਣੇ ਅੰਗ ਬੰਧਾਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਰਖਾਇਆ। ਹੱਡ ਮਾਸ ਨਾ ਦੀਸੇ ਨੜ, ਰਕਤ ਬੂੰਦ ਨਾ ਕੋਇ ਉਪਾਇਆ। ਨਾ ਕੋਈ ਕਿਲਾ ਕੋਟ ਦੀਸੇ ਗੜ੍ਹ, ਮੰਦਰ ਮਸਜਿਦ ਗੁਰ ਦਵਾਰਾ ਨਾ ਕੋਈ ਸੁਹਾਇਆ। ਜਨ ਭਗਤਾਂ ਦਵਾਰੇ ਆਪੇ ਖੜ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੋਏ ਸਹਾਇਆ। ਆਪ ਆਪਣਾ ਹੋਏ ਸਹਾਇਕ, ਅਕਲ ਕਲਾ ਬਨਵਾਰੀ। ਸ੍ਰਿਸ਼ਟ ਸਬਾਈ ਏਕਾ ਨਾਇਕ, ਪਰਗਟ ਹੋਏ ਵਡ ਸੰਸਾਰੀ। ਜਨ ਭਗਤਾਂ ਭਗਵਨ ਸਦਾ ਸੁਖਦਾਇਕ, ਨਿਰਮਲ ਜੋਤੀ ਨੂਰ ਕਰੇ ਉਜਿਆਰੀ। ਏਕਾ ਸ਼ਬਦ ਬੋਧ ਅਗਾਧ ਸੁਣਾਏ ਸਾਚਾ ਗਾਇਕ, ਅਗੰਮ ਅਗੰਮੜੇ ਧਾਮ ਰਿਹਾ ਵਿਚਾਰੀ। ਪਰਵਰਦਿਗਾਰਾ ਪਾਕੀ ਪਾਇਕ, ਨੂਰ ਅਲਾਹੀ ਹਰਿ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰੀ। ਸਾਚੀ ਖੇਲ ਖੇਲਣਹਾਰਾ, ਏਕਾ ਏਕ ਏਕੰਕਾਰਿਆ। ਹਰਿਜਨ ਮੇਲਾ ਮੇਲਣਹਾਰਾ, ਜੁਗ ਜੁਗ ਲਏ ਅਵਤਾਰਿਆ। ਕਲਜੁਗ ਤੇਰੀ ਅੰਤਮ ਵਾਰਾ, ਚਾਰੋਂ ਕੁੰਟਾਂ ਵੇਖ ਵਖਾ ਰਿਹਾ। ਦਹਿ ਦਿਸ਼ਾ ਦਿਸੇ ਕੂੜ ਪਸਾਰਾ, ਮਾਇਆ ਮਮਤਾ ਮੋਹ ਵਧਾ ਰਿਹਾ। ਨੌਂ ਖੰਡ ਪ੍ਰਿਥਮੀ ਅੰਧ ਅੰਧਿਆਰਾ, ਸੱਤਾਂ ਦੀਪਾਂ ਮੁਖ ਛੁਪਾ ਰਿਹਾ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਸੁਹਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਮਾਰਨ ਨਾਅਰਾ, ਸੁਰਪਤ ਰਾਜਾ ਇੰਦ ਕੁਰਲਾ ਰਿਹਾ। ਧਰਤ ਮਾਤ ਕਰੇ ਪੁਕਾਰਾ, ਨੇਤਰ ਰੋ ਰੋ ਨੀਰ ਵਹਾ ਰਿਹਾ। ਕਲਜੁਗ ਵੇਖੇ ਇਕ ਦਵਾਰਾ, ਸੰਗ ਮੁਹੰਮਦ ਨਾਲ ਰਲਾ ਰਿਹਾ। ਚਾਰ ਯਾਰੀ ਮਾਰੇ ਧਾੜਾ, ਅੱਲਾ ਰਾਣੀ ਮੁਖ ਛੁੁਪਾ ਰਿਹਾ। ਲੱਖ ਚੁਰਾਸੀ ਅਗਨ ਲਗਾਈ ਬਹੱਤਰ ਨਾੜਾ, ਧੀਰਜ ਧੀਰ ਨਾ ਕੋਈ ਧਰਾ ਰਿਹਾ। ਰਾਏ ਧਰਮ ਵੇਖੇ ਇਕ ਅਖਾੜਾ, ਸਚ ਦਵਾਰਾ ਆਪ ਸੁਹਾ ਲਿਆ। ਮੌਤ ਲਾੜੀ ਜੀਵ ਜੰਤ ਮੰਗੇ ਇਕ ਲਾੜਾ, ਨੇਤਰ ਨੈਣ ਇਕ ਉਠਾ ਲਿਆ। ਪੁਰਖ ਅਗੰਮਾ ਆਪ ਉਠਾਏ ਅਗੰਮੀ ਧਾੜਾ, ਦਿਸ ਕਿਸੇ ਨਾ ਆ ਰਿਹਾ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਡੂੰਘੀ ਕੰਦਰ ਫੇਰਾ ਪਾ ਰਿਹਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾ ਰਿਹਾ। ਨਾਨਕ ਗੋਬਿੰਦ ਬਣ ਲਿਖਾਰਾ, ਵੇਦ ਵਿਆਸਾ ਸੰਗ ਰਲਾ ਰਿਹਾ। ਪੂਤ ਸਪੂਤਾ ਪਰਗਟ ਹੋਏ ਉਚੇ ਟਿੱਲੇ ਪਰਬਤ ਹੋਏ ਉਜਿਆਰਾ, ਨਾਮ ਡੰਕਾ ਇਕ ਵਜਾ ਰਿਹਾ। ਸਾਚਾ ਖੰਡਾ ਹੱਥ ਦੋ ਧਾਰਾ, ਨਿਰੰਕਾਰਾ ਆਪ ਉਠਾ ਰਿਹਾ। ਲੋਆਂ ਪੁਰੀਆਂ ਦਏ ਹੁਲਾਰਾ, ਕਲਜੁਗ ਅੰਤਮ ਰਾਹ ਤਕਾ ਰਿਹਾ। ਨੇਤਰ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਈ ਧਰਾ ਰਿਹਾ। ਸਤਿਜੁਗ ਸਾਚਾ ਕਰੇ ਵਿਚਾਰਾ, ਪ੍ਰਭ ਸਾਚਾ ਆਪ ਉਠਾ ਰਿਹਾ। ਇਕ ਵਖਾਏ ਧਰਮ ਦਵਾਰਾ, ਧਰਮ ਖੰਡ ਆਪ ਜਣਾ ਰਿਹਾ। ਚਾਰ ਵਰਨਾਂ ਪਾਏ ਸਾਰਾ, ਊਚਾਂ ਨੀਚਾਂ ਗਲੇ ਲਗਾ ਰਿਹਾ। ਵਰਨ ਬਰਨ ਹੋਏ ਪਾਰ ਕਿਨਾਰਾ, ਸ਼ੱਤਰੀ ਬ੍ਰਹਿਮਣ ਵੈਸ਼ ਸ਼ੂਦਰ ਨਾ ਕੋਈ ਜਣਾ ਰਿਹਾ। ਏਕਾ ਹੱਟ ਏਕਾ ਤੀਰਥ ਏਕਾ ਤਟ ਕਿਨਾਰਾ, ਏਕਾ ਮਾਰਗ ਲਾ ਰਿਹਾ। ਏਕਾ ਨਾਮ ਜਗਤ ਵਣਜਾਰਾ, ਹਰਿ ਸਾਚਾ ਆਪ ਕਰਾ ਰਿਹਾ। ਸੋਹੰ ਸ਼ਬਦ ਭਰੇ ਭੰਡਾਰਾ, ਲੱਖ ਚੁਰਾਸੀ ਝੋਲੀ ਪਾ ਰਿਹਾ। ਬ੍ਰਹਮਾ ਵੇਖੇ ਹਰਿ ਦਵਾਰਾ, ਅੱਠੇ ਨੇਤਰ ਖੋਲ੍ਹ ਖੁਲ੍ਹਾ ਰਿਹਾ। ਬਾਸ਼ਕ ਤਸ਼ਕਾ ਗਲ ਵਿਚ ਹਾਰਾ, ਸ਼ਿਵ ਸ਼ੰਕਰ ਮੁਖ ਭਵਾ ਰਿਹਾ। ਕਰੋੜ ਤੇਤੀਸਾ ਕਰੇ ਪੁਕਾਰਾ, ਨੇਤਰ ਨੀਰ ਵਹਾ ਰਿਹਾ। ਲੋਆਂ ਪੁਰੀਆਂ ਹਾਹਾਕਾਰਾ, ਕਲਜੁਗ ਵੇਲਾ ਅੰਤਮ ਆ ਰਿਹਾ । ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਕਲਜੁਗ ਕੂੜ ਕੁੜਿਆਰਾ ਜਗਤ ਡੁਲਾ ਰਿਹਾ। ਸਾਚਾ ਨਾਮ ਨਾ ਕਰੇ ਕੋਈ ਪਿਆਰਾ, ਅੰਤਰ ਮੰਤਰ ਨਾ ਜਣਾ ਰਿਹਾ। ਰਸਨਾ ਗਾ ਗਾ ਥੱਕੇ ਜੀਵ ਗਵਾਰਾ, ਜੀਵਤ ਮਰਨ ਨਾ ਕੋਈ ਸਿਖਾ ਰਿਹਾ। ਭਰਮੇ ਭੁੱਲੇ ਨਾਰੀ ਨਾਰਾ, ਨਰ ਨਰਾਇਣ ਦਿਸ ਨਾ ਆ ਰਿਹਾ। ਪਰਗਟ ਹੋਵੇ ਵਿਚ ਸੰਸਾਰਾ, ਆਪ ਆਪਣਾ ਵੇਸ ਵਟਾ ਰਿਹਾ। ਇਕ ਅਕੱਲਾ ਏਕੰਕਾਰਾ, ਅਲਖ ਨਿਰੰਜਣ ਆਪ ਅਖਵਾ ਰਿਹਾ। ਆਦਿ ਪੁਰਖ ਅਬਿਨਾਸ਼ੀ ਕਰਤਾ ਕਰੇ ਖੇਲ ਅਪਰ ਅਪਾਰਾ, ਅਗੰਮ ਅਗੋਚਰ ਭੇਵ ਨਾ ਪਾ ਰਿਹਾ। ਜਨ ਭਗਤ ਸੁਹਾਏ ਇਕ ਦਵਾਰਾ, ਦਰ ਦਰਵੇਸ਼ਾ ਫੇਰੀ ਪਾ ਰਿਹਾ। ਭੇਵ ਨਾ ਪਾਏ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਗਣੇਸ਼ ਨਾ ਕੋਈ ਮਨਾ ਰਿਹਾ। ਵੇਖ ਵਖਾਣੇ ਧਾਰੀ ਕੇਸਾ, ਮੂੰਡ ਮੁੰਡਾਏ ਆਪ ਉਠਾ ਰਿਹਾ। ਆਪੇ ਹੋਏ ਦਸ ਦਸਮੇਸਾ, ਕਾਹਨਾ ਕ੍ਰਿਸ਼ਨਾ ਰੂਪ ਵਟਾ ਰਿਹਾ। ਆਪੇ ਹੋਏ ਰਿਖੀ ਕੇਸ਼ਾ, ਗਵਰਧਨ ਹੱਥ ਉਠਾ ਲਿਆ। ਆਪੇ ਹੋਏ ਨਰ ਨਰੇਸ਼ਾ, ਥਿਰ ਘਰ ਆਸਣ ਲਾ ਲਿਆ। ਆਦਿ ਅੰਤ ਹਰਿ ਰਹੇ ਹਮੇਸ਼ਾ, ਆਵਣ ਜਾਵਣ ਖੇਲ ਖਿਲਾ ਲਿਆ। ਆਪ ਆਪਣੀ ਕਰੇ ਆਦੇਸ਼ਾ, ਆਪ ਆਪਣਾ ਸੀਸ ਝੁਕਾ ਲਿਆ। ਕਲਜੁਗ ਅੰਤਮ ਕਰਿਆ ਵੇਸਾ, ਜੋਤੀ ਜਾਮਾ ਭੇਖ ਵਟਾ ਲਿਆ। ਵੇਖ ਵਖਾਏ ਹਰਿ ਜਰਵਾਣੇ ਦੇਸ ਪਰਦੇਸ਼ਾ, ਦੇਸ ਦਸੰਤਰ ਫੇਰਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਲਿਆ। ਰੰਗ ਰੰਗਾਏ ਹਰਿ ਗੋਬਿੰਦਾ, ਹਰਿ ਹਰਿ ਵੇਖ ਵਖਾਇਆ। ਸ੍ਰਿਸ਼ਟ ਸਬਾਈ ਮਿਟੇ ਚਿੰਦਾ, ਲੋਕਮਾਤੀ ਫੇਰਾ ਪਾਇਆ। ਹਰਿਜਨ ਉਪਜਾਏ ਸਾਚੀ ਬਿੰਦਾ, ਤਿਲਕ ਲਿਲਾਟੀ ਇਕ ਲਗਾਇਆ। ਮਨਮੁਖ ਜੀਵ ਲਗਾਏ ਨਿੰਦਾ, ਨਿੰਦਕ ਨਿੰਦਿਆ ਮੁਖ ਰਖਾਇਆ। ਹਰਿਜਨ ਦੇਵੇ ਅੰਮ੍ਰਿਤ ਆਤਮ ਧਾਰ ਸਾਗਰ ਸਿੰਧਾ, ਸਰ ਸਰੋਵਰ ਇਕ ਨੁਹਾਇਆ। ਸ਼ਾਹੋ ਭੂਪ ਵਡ ਗੁਣੀ ਗਹਿੰਦਾ, ਗਹਿਰ ਗੰਭੀਰ ਸਮਾਇਆ। ਸੰਤ ਸੁਹੇਲਾ ਸਦਾ ਬਖ਼ਸ਼ਿੰਦਾ, ਸਤਿਗੁਰ ਪੁਰਖ ਅਖਵਾਇਆ। ਆਪਣਾ ਦਾਨ ਹਰਿ ਭਗਵਾਨ ਜੀਵ ਜੰਤ ਸਾਧ ਸੰਤ ਆਪੇ ਦੇਂਦਾ, ਦੇਵਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਏਕਾ ਡੰਕਾ ਆਦਿ ਨਿਰੰਜਣ, ਆਪਣਾ ਆਪ ਵਜਾਇਆ। ਪਰਗਟ ਹੋਇਆ ਦਰਦ ਦੁੱਖ ਭੈ ਭੰਜਣ, ਸਾਧਾਂ ਸੰਤਾਂ ਰਿਹਾ ਜਗਾਇਆ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਅਠਸਠ ਮੂਲ ਚੁਕਾਇਆ। ਦੋ ਜਹਾਨੀ ਆਇਆ ਪੜਦੇ ਕੱਜਣ, ਸ਼ਬਦ ਦੋਸ਼ਾਲਾ ਪਟ ਪਹਿਨਾਇਆ। ਗੁਰਮੁਖ ਵਿਰਲੇ ਹਰੀ ਦਰਬਾਰੇ ਬਹਿ ਬਹਿ ਸਜਣ, ਮਨਮੁਖ ਕੋਈ ਦਿਸ ਨਾ ਆਇਆ। ਜਨ ਭਗਤਾਂ ਰੱਖੇ ਜੁਗ ਜੁਗ ਲੱਜਣ, ਲਾਜਾਵੰਤ ਆਪ ਰਘੁਰਾਇਆ। ਮਦਿਰਾ ਮਾਸ ਜੋ ਜਨ ਤਜਣ, ਘਰ ਸਾਚੇ ਮੇਲ ਮਿਲਾਇਆ। ਘਰ ਸਾਚੇ ਬੈਠਾ ਹਰਿ ਹਰਿ ਸੱਜਣ, ਦਸਮ ਦਵਾਰੀ ਡੇਰਾ ਲਾਇਆ। ਅਨਹਦ ਤਾਲ ਤਲਵਾੜੇ ਵੱਜਣ, ਰਾਗ ਅਨਾਦੀ ਇਕ ਅਲਾਇਆ। ਆਤਮ ਸੇਜਾ ਬਹਿ ਬਹਿ ਸਜਣ, ਬੰਕ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਵੇਖਣਹਾਰਾ, ਪਾਰਬ੍ਰਹਮ ਅਬਿਨਾਸ਼ਾ। ਸ੍ਰਿਸ਼ਟ ਸਬਾਈ ਲੇਖਾ ਲਿਖਣਹਾਰਾ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਲੱਖ ਚੁਰਾਸੀ ਵੇਖੇ ਵੇਖਣਹਾਰਾ, ਅੰਤਮ ਆਇਆ ਹਾਰਾ ਪਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਪੂਰਨ ਕਰੇ ਆਸਾ। ਭਗਤ ਵਛਲ ਹਰਿ ਗਿਰਧਾਰਾ, ਆਦਿ ਅੰਤ ਅਖਵਾਇਆ। ਜੁਗ ਜੁਗ ਲਏ ਮਾਤ ਅਵਤਾਰਾ, ਮਨਮੁਖ ਦਏ ਖਪਾਇਆ। ਆਪੇ ਤੋੜੇ ਗੜ੍ਹ ਹੰਕਾਰਾ, ਗੜ੍ਹ ਹੰਕਾਰੀ ਰਹਿਣ ਨਾ ਪਾਇਆ। ਚਾੜ੍ਹੇ ਚਿਲਾ ਤੀਰ ਅਪਾਰਾ, ਇਕ ਨਿਸ਼ਾਨ ਵਖਾਇਆ। ਰਾਮ ਰਾਮਾ ਲਏ ਅਵਤਾਰਾ, ਰਾਵਣ ਰਾਮ ਖਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਸਗਲਾ ਸਾਥੀ, ਹਰਿ ਹਰਿ ਆਪ ਅਖਵਾਇੰਦਾ। ਆਪ ਆਪਣੀ ਦੇਵੇ ਬਾਕੀ, ਆਪਣਾ ਲਹਿਣਾ ਆਪ ਚੁਕਾਇੰਦਾ। ਆਪੇ ਹੋਏ ਬੰਦਾ ਖਾਕੀ, ਆਪੇ ਮੇਟ ਮਿਟਾਇੰਦਾ। ਆਪੇ ਬਣ ਬਣ ਸਾਚਾ ਸਾਕੀ, ਅੰਮ੍ਰਿਤ ਜਾਮ ਪਿਆਇੰਦਾ। ਆਪੇ ਖੋਲਣਹਾਰਾ ਤਾਕੀ, ਆਪੇ ਬ੍ਰਹਮ ਗਿਆਨ ਦ੍ਰਿੜਾਇੰਦਾ। ਆਪੇ ਮਾਰਨਹਾਰਾ ਝਾਕੀ, ਅੰਦਰ ਮੰਦਰ ਵੇਖ ਵਖਾਇੰਦਾ। ਆਪੇ ਚੜ੍ਹਿਆ ਸਾਚੇ ਰਾਕੀ, ਚਿੱਟਾ ਅਸਵ ਆਪ ਦੌੜਾਇੰਦਾ। ਆਪੇ ਹੋਏ ਪਾਕਨ ਪਾਕੀ, ਬੇਐਬ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹੱਕ ਦਵਾਰਾ ਵੇਖ ਵਖਾਇੰਦਾ। ਹੱਕ ਦਵਾਰਾ ਹੱਕ ਹਕੀਕਤ, ਹਰਿ ਸਾਚਾ ਵੇਖ ਵਖਾਈਆ। ਨਾ ਕੋਈ ਦੂਸਰ ਕਰੇ ਸ਼ਰੀਕਤ, ਸ਼ਰਅ ਸ਼ਰਾਇਤ ਨਾ ਕੋਈ ਜਣਾਈਆ। ਇਕ ਵਖਾਏ ਨਾਮ ਅਕੀਦਤ, ਸਚ ਦਵਾਰਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੱਡੀ ਵਡਿਆਈਆ। ਜੁਗ ਜੁਗ ਜੋਤੀ ਭੇਖ ਵਟਾ, ਹਰਿ ਆਪਣੀ ਕਲ ਧਾਰੀਆ। ਦੁਆਪਰ ਲੇਖਾ ਗਿਆ ਮਿਟਾ, ਕਾਹਨਾ ਕ੍ਰਿਸ਼ਨਾ ਰੂਪ ਮੁਰਾਰੀਆ। ਗੀਤਾ ਗਿਆਨ ਇਕ ਜਣਾ, ਅਰਜਨ ਦੇਵੇ ਨਾਮ ਖੁਮਾਰੀਆ। ਰਥ ਰਥਵਾਹੀ ਆਪ ਅਖਵਾ, ਮਾਰੇ ਦੁਸ਼ਟ ਹੰਕਾਰੀਆ। ਲਹਿਣਾ ਦੇਣਾ ਮੂਲ ਚੁਕਾ, ਵੇਖ ਵਖਾਏ ਸਰਬ ਸੰਸਾਰੀਆ। ਆਪ ਆਪਣਾ ਲਿਆ ਛੁਪਾ, ਪੰਜ ਤਤ ਨਾ ਕੋਈ ਪਿਆਰੀਆ। ਸਾਚੀ ਖੇਲ ਹਰਿ ਖਿਲੰਤਾ, ਖੇਲਣਹਾਰ ਨਿਹਕਾਮੀ। ਜੁਗ ਜੁਗ ਆਪਣਾ ਭੇਖ ਵਟੰਤਾ, ਪਾਰਬ੍ਰਹਮ ਸਵਾਮੀ। ਭਗਤ ਜਨਾਂ ਦਰ ਮੇਲ ਵਖੰਤਾ, ਦੇਵੇ ਸ਼ਬਦ ਅਨਾਮੀ। ਏਕਾ ਰਾਗ ਤਾਲ ਵਜੰਤਾ, ਸੁਣੇ ਸੁਣਾਏ ਸਾਚੀ ਕਾਨੀ। ਏਕਾ ਰਾਗ ਆਪ ਸੁਣੰਤਾ, ਮੇਟ ਮਿਟਾਏ ਅੰਧੇਰੀ ਸ਼ਾਮੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਇਆ ਜਾਣ ਜਾਣੀ। ਜਾਨਣਹਾਰ ਹਰਿ ਕਰਤਾਰਾ, ਅਕਲ ਕਲਾ ਅਖਵਾਇਆ। ਆਪ ਆਪਣਾ ਲੈ ਅਵਤਾਰਾ, ਆਪ ਆਪਣਾ ਵੇਸ ਵਟਾਇਆ। ਕਲਜੁਗ ਮੇਟੇ ਕੂੜ ਪਸਾਰਾ, ਜੂਠ ਝੂਠ ਰਹਿਣ ਨਾ ਪਾਇਆ। ਚਾਰੋਂ ਕੁੰਟ ਧੁੰਧੂਕਾਰਾ, ਅਕਾਸ਼ ਪਰਕਾਸ਼ ਨਾ ਕੋਈ ਸਹਾਇਆ। ਸ੍ਰਿਸ਼ਟ ਸਬਾਈ ਕਰੇ ਪੁਕਾਰਾ, ਹਾ ਹਾ ਕਰ ਰਹੀ ਕੁਰਲਾਇਆ। ਪੁਰਖ ਅਬਿਨਾਸ਼ੀ ਕਰੇ ਵਿਚਾਰਾ, ਦੂਰ ਦੁਰਾਡਾ ਵੇਖ ਵਖਾਇਆ। ਜਨ ਭਗਤਾਂ ਦੇਵੇ ਨਾਮ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇਆ। ਜੀਵ ਜੰਤ ਹੋਏ ਗਵਾਰਾ, ਜੂਠੀ ਝੂਠੀ ਵੰਡ ਵੰਡਾਇਆ। ਏਕਾ ਭੁੱਲਿਆ ਸਚ ਦਵਾਰਾ, ਦਰ ਦਰਵਾਜ਼ਾ ਦਿਸ ਨਾ ਆਇਆ। ਹਰਿ ਹਰਿ ਹਰਿ ਪ੍ਰਭ ਲਏ ਅਵਤਾਰਾ, ਆਪ ਆਪਣਾ ਕਰਮ ਕਮਾਇਆ। ਸ਼ਬਦ ਡੰਕ ਵਜਾਏ ਏਕੰਕਾਰਾ, ਇਕ ਜੈਕਾਰਾ ਲਾਇਆ। ਸੋ ਪੁਰਖ ਨਿਰੰਜਣ ਖੇਲ ਨਿਆਰਾ, ਹੰ ਹੰਗਤਾ ਮੇਟ ਮਿਟਾਇਆ। ਇਕ ਵਸਾਏ ਸਚ ਸੱਚਾ ਘਰ ਬਾਰਾ, ਦੂਸਰ ਕੋਇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਉਂ ਧਰ, ਆਪਣੀ ਜੋਤ ਜਗਾਈਆ। ਆਪ ਆਪਣਾ ਖੋਲ੍ਹ ਦਰ, ਵਰਨ ਗੋਤ ਮੇਟ ਮਿਟਾਈਆ। ਆਪ ਆਪਣਾ ਨੁਹਾਏ ਸਰ, ਦੁਰਮਤ ਮੈਲ ਰਹਿਣ ਨਾ ਪਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਚੁੱਕੇ ਡਰ, ਸੀਸ ਤਾਜ ਨਾ ਕੋਈ ਟਿਕਾਈਆ। ਵਰਨ ਬਰਨ ਅਵਰਨ ਅਬਰਨਾ ਏਕਾ ਹਰਿ, ਬਖ਼ਸ਼ੇ ਸਚ ਸੱਚੀ ਸਰਨਾਈਆ। ਧਰਨੀ ਧਰਨਾ ਧਰਤ ਧਵਲ ਦਏ ਵਰ, ਨੌਂ ਖੰਡ ਇਕ ਪੜ੍ਹਾਈਆ। ਸੱਤਾਂ ਦੀਪਾਂ ਲਾਏ ਜੜ੍ਹ, ਵੇਖਣਹਾਰਾ ਦਿਸ ਨਾ ਆਈਆ। ਹਰ ਘਟ ਅੰਦਰ ਚੁੱਕੇ ਡਰ, ਵਡ ਵੱਡੀ ਵਡਿਆਈਆ। ਜਿਸ ਜਨ ਫੜਾਏ ਆਪਣਾ ਲੜ, ਆਪਣੀ ਬੂਝ ਬੁਝਾਈਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਈ ਦਬਾਈਆ। ਏਕਾ ਪੌੜੇ ਜਾਏ ਚੜ੍ਹ, ਉਚ ਮਹੱਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਵੱਡੀ ਵਡਿਆਈਆ। ਹਰਿ ਹਰਿ ਨਾਉਂ ਨਿਹਕਲੰਕ, ਆਦਿ ਜੁਗਾਦਿ ਅਖਵਾਇਆ। ਸ਼ਬਦ ਵਜਾਏ ਸਾਚਾ ਡੰਕ, ਬ੍ਰਹਮ ਬ੍ਰਹਿਮਾਦਿ ਜਗਾਇਆ। ਪਕੜ ਉਠਾਏ ਰਾਓ ਰੰਕ, ਰਾਜ ਰਾਜਾਨਾ ਆਪ ਹਿਲਾਇਆ। ਲੱਖ ਚੁਰਾਸੀ ਮਿਟੇ ਸ਼ੰਕ, ਸਾਧ ਸੰਤ ਭੁੱਲ ਨਾ ਰਾਇਆ। ਆਪ ਸੁਹਾਏ ਆਪਣਾ ਬੰਕ, ਬੰਕ ਦਵਾਰੀ ਆਪ ਅਖਵਾਇਆ। ਗੁਰਮੁਖ ਤਰਾਏ ਜਿਉਂ ਜਨਕ, ਜਨ ਜਨਨੀ ਲੇਖੇ ਲਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਸੰਬਲ ਨਗਰੀ ਡੇਰਾ ਲਾਇਆ। ਖੇਲੇ ਖੇਲ ਬਾਰ ਅਨਕ, ਅੰਕ ਕਲ ਅਖਵਾਇਆ। ਹਰਿਜਨ ਮੇਲਾ ਜੋਤੀ ਤਨਕ, ਸ਼ਬਦ ਡੋਰੀ ਤੰਦ ਬੰਧਾਇਆ। ਵੇਖ ਵਖਾਏ ਪੂਤ ਸਪੂਤਾ ਭਗਤ ਸੰਤ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਨਾਉਂ ਉਪਾਏ, ਨਿਰਗੁਣ ਰੂਪ ਅਥਾਹ। ਵੇਦ ਕਤੇਬ ਨਾ ਕੋਈ ਲੇਖ ਲਿਖਾਏ, ਹਰਿ ਦਾਤਾ ਬੇਪਰਵਾਹ। ਬ੍ਰਹਮਾ ਵੇਤਾ ਮੁਖ ਸ਼ਰਮਾਏ, ਅੱਠੇ ਪਹਿਰ ਰੋਵੇ ਉਭੇ ਸਾਹ। ਤੇਰਾ ਲੇਖਾ ਨਾ ਕੋਈ ਸਕੇ ਗਣਾਏ, ਲੇਖਾ ਲਿਖਤ ਵਿਚ ਨਾ ਸਕੇ ਆ। ਤੇਰਾ ਦਰ ਨਾ ਕੋਈ ਵੇਖਣ ਪਾਏ, ਕੋਟੀ ਕੋਟ ਰਹੇ ਰਾਹ ਤਕਾ। ਨਾਨਕ ਮੇਲਾ ਸਹਿਜ ਸੁਭਾਏ, ਜਨ ਕਬੀਰਾ ਸੀਸ ਰਿਹਾ ਝੁਕਾ। ਦੂਸਰ ਕੋਈ ਥਾਂ ਨਾ ਪਾਏ ਨਾ ਮੇਲਾ ਲਏ ਮਿਲਾ। ਧਾਮ ਸੁਹੰਜਣਾ ਆਦਿ ਨਿਰੰਜਣਾ ਦਰਦ ਦੁੱਖ ਭੈ ਭੰਜਨਾ ਭਗਤ ਸੁਹੇਲਾ ਸਾਚਾ ਸੱਜਣਾ ਹਰਿਜਨ ਸਾਚੇ ਪਕੜੇ ਬਾਂਹ, ਦਿਸ ਕਿਸੇ ਨਾ ਆਏ। ਨਾ ਘੜਿਆ ਨਾ ਭੱਜਣਾ, ਨਾ ਕਾਲ ਨਗਾਰਾ ਵੱਜਣਾ, ਥਿਰ ਘਰ ਕਦੇ ਨਾ ਤਜਨਾ, ਹਰਿ ਬੈਠਾ ਡੇਰਾ ਲਾਏ। ਲੋਕਮਾਤ ਮਾਰ ਝਾਤ ਜੁਗ ਜੁਗ ਜਨ ਭਗਤਾਂ ਪੜਦਾ ਕੱਜਣਾ, ਜੋਤੀ ਜਾਮਾ ਭੇਖ ਵਟਾਏ। ਕਲਜੁਗ ਅੰਤ ਨਗਾਰਾ ਏਕਾ ਵੱਜਣਾ, ਲੱਖ ਚੁਰਾਸੀ ਰਿਹਾ ਸੁਣਾਏ। ਸਤਿਜੁਗ ਸਾਚੇ ਧਰਤ ਮਾਤ ਤੇਰੀ ਗੋਦ ਬਹਿ ਬਹਿ ਸਜਣਾ, ਬਾਲ ਨਿਧਾਨਾ ਆਪ ਅਖਵਾਏ। ਕਲਜੁਗ ਕੂੜਾ ਮਾਤ ਭੱਜਣਾ, ਮੁਖ ਕਾਲਾ ਮਸਤਕ ਛਾਹੇ। ਲਾੜੀ ਮੌਤ ਬੰਕ ਦਵਾਰਾ ਗੜ੍ਹ ਹੰਕਾਰੀ ਕੋਈ ਨਾ ਛੱਡਣਾ, ਘਰ ਘਰ ਫੇਰੀ ਪਾਏ। ਲੌਣ ਦੇਵੇ ਨਾ ਕੋਈ ਅਜ ਪਜਨਾ, ਸੰਮਤ ਸੰਮਤੀ ਰਾਹ ਤਕਾਏ। ਵੀਹ ਸਦ ਸੋਲਾਂ ਕਲਜੁਗ ਤੇਰਾ ਕੂੜ ਕੁੜਿਆਰਾ ਭਰਾਏ ਜਹਾਜ਼ਨਾ, ਮਨਮੁਖ ਜੀਵਾਂ ਦਏ ਚੜ੍ਹਾਏ। ਪਾਰਬ੍ਰਹਮ ਅਬਿਨਾਸ਼ੀ ਆਪੇ ਚੜ੍ਹੇ ਸਾਚੇ ਤਾਜਨਾ, ਸ਼ਬਦ ਘੋੜਾ ਇਕ ਦੌੜਾਏ। ਚਰਨ ਛੁਹਾਏ ਦੇਸ ਮਾਝਨਾ, ਆਪ ਆਪਣੀ ਵਾਗ ਉਠਾਏ। ਆਪੇ ਰਚਿਆ ਆਪਣਾ ਕਾਜਨਾ, ਸਾਚਾ ਕਾਜ ਰਿਹਾ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਏ। ਨਿਰਗੁਣ ਰੂਪ ਨਾਉਂ ਧਰਾ, ਨਿਹਕਲੰਕ ਅਖਵਾਇਆ। ਗੜ੍ਹ ਹੰਕਾਰੀ ਦਏ ਤੁੜਾ, ਜਗਤ ਵਿਦਿਆ ਮਾਣ ਗਵਾਇਆ। ਚਤੁਰ ਸੁਜਾਨ ਦਏ ਭੁਲਾ, ਵਡ ਵਿਦਵਾਨੀ ਭੇਵ ਨਾ ਰਾਇਆ। ਜਗਤ ਗਿਆਨੀ ਝੂਠੇ ਗਿਆਨ ਲਗਾ, ਰਸਨ ਵਿਵਾਦ ਵਧਾਇਆ। ਗੁਰਮੁਖਾਂ ਨਿਸ਼ਾਨੀ ਏਕਾ ਦਏ ਜਣਾ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਬੋਧ ਅਗਾਧਾ ਸ਼ਬਦ ਸੁਣਾ, ਧੁਨ ਆਤਮਕ ਦਏ ਵਜਾਇਆ। ਸਾਚੇ ਮੰਦਰ ਕੁੰਡਾ ਲਾਹ, ਸਾਚੇ ਪੌੜੇ ਦਏ ਚੜ੍ਹਾਇਆ। ਟੇਡੀ ਬੰਕਾ ਪਾਰ ਕਰਾ, ਸੁਖਮਨ ਵੇਖ ਵਖਾਇਆ। ਜੋਤ ਨਿਰਜੰਣ ਇਕ ਜਗਾ, ਦੀਪਕ ਲਿਲਾਟ ਦਏ ਵਖਾਇਆ। ਪੰਚਮ ਸਖੀਆਂ ਮੰਗਲ ਗਾ, ਸਚ ਸੁਹਾਗ ਦਏ ਮਿਲਾਇਆ। ਆਤਮ ਸੇਜਾ ਦਏ ਸੁਹਾ, ਫੂਲਨ ਬਰਖਾ ਲਾਇਆ। ਨਾਰੀ ਕੰਤਾ ਮੇਲ ਦਏ ਮਿਲਾ, ਏਕਾ ਰੰਗ ਰੰਗਾਇਆ। ਰੰਗ ਬਸੰਤੀ ਦਏ ਚੜ੍ਹਾ, ਉਤਰ ਕਦੇ ਨਾ ਜਾਇਆ। ਧਰਮ ਸੁਗੰਧਤੀ ਇਕ ਵਖਾ, ਏਕਾ ਰੂਪ ਸਮਾਇਆ। ਆਪਣੇ ਅੰਗ ਆਪ ਲਗਾ, ਅੰਗੀਕਾਰ ਆਪ ਹੋ ਜਾਇਆ। ਸੁਰਤ ਸਵਾਣੀ ਮੰਗਤੀ ਦਰ ਦੇਵੇ ਭਿਛਿਆ ਪਾ, ਸ਼ਬਦੀ ਸ਼ਬਦ ਭੰਡਾਰ ਭਰਾਇਆ। ਆਪ ਆਪਣੇ ਵਿਚ ਲਏ ਸਮਾ, ਏਕਾ ਦੂਜਾ ਭੌ ਮਿਟਾਇਆ। ਤੀਜਾ ਨੇਤਰ ਦਏ ਖੁਲ੍ਹਾ, ਚੌਥੇ ਪਦ ਸਮਾਇਆ। ਪੰਚਮ ਮੇਲਾ ਦਏ ਮਿਲਾ, ਵਿਛੜ ਕਦੇ ਨਾ ਜਾਇਆ। ਛੇਵੇਂ ਛੱਪਰ ਛੰਨ ਦਏ ਛੁਹਾ, ਆਪ ਆਪਣਾ ਕਰ ਰੁਸ਼ਨਾਇਆ। ਸਤਿ ਸਤਿਵਾਦੀ ਫੇਰਾ ਪਾ, ਆਦਿ ਜੁਗਾਦੀ ਵੇਖ ਵਖਾਇਆ। ਮਨ ਮਤ ਬੁਧ ਲਏ ਸਮਝਾ, ਪੰਜਾਂ ਤੱਤਾਂ ਮੂਲ ਚੁਕਾਇਆ। ਨੌਂ ਦਵਾਰੇ ਪਾਰ ਕਰਾ, ਏਕਾ ਰਾਹ ਵਖਾਇਆ। ਦਸਮ ਦਵਾਰੀ ਦਏ ਬਹਾ, ਹਰਿ ਸਾਜਨ ਸਹਿਜ ਸੁਭਾਇਆ। ਕਲਜੁਗ ਅੰਤਮ ਫੇਰੀ ਪਾ, ਆਪਣੇ ਹੱਥ ਰੱਖੇ ਵਡਿਆਈਆ। ਦੋ ਅੱਖਰ ਵੱਖਰ ਜਾਪ ਜਪਾ, ਜਾਗਰਤ ਜੋਤ ਵਖਾਈਆ। ਸੁਫਨ ਸਖੋਪਤ ਦਏ ਸੁਹਾ, ਤੁਰੀਆ ਪਦ ਸਮਾਈਆ। ਤੁਰੀਆ ਰੂਪ ਆਪ ਵਟਾ, ਅਨਭਵ ਪਰਕਾਸ਼ ਕਰਾਈਆ। ਅਨਭਵ ਭੇਵ ਨਾ ਸਕੇ ਕੋਈ ਪਾ, ਹਰਿ ਗੋਬਿੰਦ ਵੇਖ ਵਖਾਈਆ। ਹਰਿ ਗੋਬਿੰਦ ਗੋਬਿੰਦ ਗਿਆ ਸਮਾ, ਗੋਬਿੰਦ ਡੇਰਾ ਲਾਈਆ। ਰਾਮ ਰਾਮਾ ਰਾਮ ਅਖਵਾ, ਰਾਮ ਰਾਮਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਅਗੰਮ ਅਥਾਹੋ ਬੇਪਰਵਾਹੋ ਲੇਖਾ ਰਿਹਾ ਲਿਖਾਈਆ। ਬੇਪਰਵਾਹੋ ਨਾਉਂ ਨਿਰੰਕਾਰ, ਥਿਰ ਘਰ ਹਰਿ ਵਸੇਰਾ। ਆਦਿ ਜੁਗਾਦੀ ਏਕਾ ਕਾਰ, ਏਕਾ ਹੱਕ ਨਿਬੇੜਾ। ਇਕ ਅਕੇਲਾ ਬੰਨੇ ਧਾਰ, ਇਕ ਵਸਾਏ ਆਪਣਾ ਖੇੜਾ। ਏਕਾ ਸ਼ਬਦ ਇਕ ਜੈਕਾਰ, ਇਕ ਚਲਾਏ ਬੇੜਾ। ਕਲਜੁਗ ਕੂੜਾ ਡੋਬੇ ਵਿਚ ਮੰਝਧਾਰ, ਕਰੇ ਹੱਕ ਨਿਬੇੜਾ। ਸਤਿਜੁਗ ਸਾਚੀ ਪੈਜ ਦਏ ਸਵਾਰ, ਮਨਮਤ ਚੁਕਾਏ ਝੇੜਾ। ਗੁਰਮਤ ਜਗਤ ਕਰ ਉਜਿਆਰ, ਧਰਤ ਮਾਤ ਵੇਖ ਵਖਾਏ ਤੇਰਾ ਖੁਲ੍ਹਾ ਵੇਹੜਾ। ਏਕਾ ਸ਼ਬਦ ਗੁਰ ਸੱਚੀ ਸਰਕਾਰ, ਲੱਖ ਚੁਰਾਸੀ ਪਾਏ ਜੇੜਾ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਬੈਠਾ ਕੇਹੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਗੇੜਾ। ਗੇੜਾ ਦੇਵਣਹਾਰ ਰਘੁਨਾਥ, ਰਘੁਪਤ ਆਪ ਅਖਵਾਇਆ। ਆਪੇ ਹੋਇਆ ਸਗਲਾ ਸਾਥ, ਸਗਲਾ ਸੰਗ ਆਪ ਡੁਬਾਇਆ। ਆਪੇ ਲੇਖਾ ਲਿਖਣਹਾਰਾ ਮਸਤਕ ਮਾਥ, ਆਪੇ ਦੇਣਾ ਮੂਲ ਚੁਕਾਇਆ। ਆਪੇ ਹੋ ਤ੍ਰਿਲੋਕੀ ਨਾਥ, ਆਪੇ ਭਗਤ ਦਵਾਰੀ ਭਿਛਿਆ ਮੰਗਣ ਆਇਆ। ਆਪੇ ਜਾਣੇ ਅਪਣੀ ਕਥਾ ਅਕਥਨੀ ਅਕਾਥ, ਕਥਨੀ ਕਥ ਨਾ ਸਕੇ ਰਾਇਆ। ਆਪੇ ਰਾਮ ਰਾਮਾ ਪੂਤ ਸਪੂਤਾ ਦਸ ਦਸਰਾਥ, ਗੋਕਲ ਨੰਦਨ ਆਪ ਹੋ ਜਾਇਆ। ਆਪੇ ਖੇਲੇ ਖੇਲ ਤਤ ਆਠ, ਪੰਜ ਪੰਜੀ ਮੇਲ ਮੇਲ ਮਿਲਾਇਆ। ਆਪ ਉਪਾਏ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਨਹਾਵਣ ਨੁਹਾਇਆ। ਆਪ ਜਣਾਏ ਪੂਜਾ ਪਾਠ, ਗੁਰੂਦਵਾਰਾ ਮੰਦਰ ਮਸਜਿਦ ਸ਼ਿਵਦਵਾਲਾ ਆਪ ਸੁਹਾਇਆ। ਆਪੇ ਮਾਰਨਹਾਰਾ ਸਰ ਸਰੋਵਰ ਠਾਠ, ਤਟ ਕਿਨਾਰਾ ਆਪ ਅਖਵਾਇਆ। ਆਪੇ ਗੇੜਨਹਾਰਾ ਉਲਟੀ ਲਾਠ, ਕਲਜੁਗ ਵੇਲਾ ਅੰਤਮ ਆਇਆ । ਤ੍ਰੈਗੁਣ ਮਾਇਆ ਪਾਏ ਭੱਠ, ਪੰਜ ਤਤ ਵਿਕਾਰਾ ਲੰਬੂ ਲਾਇਆ। ਲੋਆਂ ਪੁਰੀਆਂ ਵੇਖੇ ਨੱਠ ਨੱਠ, ਦਿਵਸ ਰੈਣ ਸੇਵ ਕਮਾਇਆ। ਰਹਿਣ ਨਾ ਦੇਵੇ ਕਿਸੇ ਦਾ ਹੱਠ, ਮਾਣ ਅਭਿਮਾਣ ਸਰਬ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪ ਅਖਵਾਇਆ। ਨਿਹਕਲੰਕ ਹਰਿ ਸ਼ਬਦ ਨਿਸ਼ਾਨ, ਏਕਾ ਏਕ ਜਣਾਈਆ। ਵੇਖ ਵਖਾਏ ਵੇਦ ਪੁਰਾਨ, ਬ੍ਰਹਮਾ ਵੇਦ ਵਿਆਸਾ ਸੰਗ ਰਲਾਈਆ। ਨਾਰਦ ਮੁਨ ਰੱਖੀ ਆਸ, ਬੈਠਾ ਰਾਹ ਤਕਾਈਆ। ਮਨੂ ਤੇਰੀ ਬੁਝਾਏ ਪਿਆਸ, ਮਨ ਮਮਤਾ ਦਏ ਚੁਕਾਈਆ। ਰਿਖੀ ਰਿਖੇਸ਼ਰ ਪੂਰੀ ਕਰੇ ਆਸ, ਜੋ ਜਨ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਬ੍ਰਹਮ ਪਾਰਬ੍ਰਹਮ ਕਰੇ ਸ਼ਬਦ ਜਣਾਈਆ। ਸ਼ਬਦ ਗਿਆਨ ਗੁਰ ਸਾਚਾ ਮੰਤਰ, ਏਕਾ ਏਕ ਰਖਾਇਆ। ਲੱਖ ਚੁਰਾਸੀ ਕਾਇਆ ਖੇਤਰ, ਪ੍ਰਭ ਸਾਚਾ ਵੇਖਣ ਆਇਆ। ਸੰਮਤ ਪੰਦਰਾਂ ਮਹੀਨਾ ਚੇਤਰ, ਭੁੱਲ ਰਹੇ ਨਾ ਰਾਇਆ। ਮਨਮੁਖਾਂ ਦਰਸ ਨਾ ਹੋਏ ਮਹੀਨਾ ਆਇਆ ਛੇਕੜ, ਗੁਰਮੁਖ ਸਾਚੇ ਲਏ ਤਰਾਇਆ। ਧਨ ਧਨਾਡ ਜੋਰੂ ਜ਼ਰ ਕਿਸੇ ਹੱਥ ਨਾ ਆਏ ਏਕੜ, ਸਾਢੇ ਤਿੰਨ ਹੱਥ ਵੰਡ ਵੰਡਾਇਆ। ਆਪਣੇ ਹੱਥ ਰੱਖਿਆ ਲੇਖ ਲੇਖਣ, ਬਿਧਨਾ ਵੇਖ ਵੇਖ ਰਹੀ ਸ਼ਰਮਾਇਆ। ਨਾ ਕੋਈ ਸਹਾਈ ਔਲੀਆ ਪੀਰ ਸ਼ੇਖ਼ਨ, ਦਸਤਗੀਰ ਨਾ ਵੇਖ ਵਖਾਇਆ। ਪੰਡਤ ਪਾਧਾਂ ਨਾ ਕੋਈ ਲਾਏ ਰੇਖਨ, ਮਸਤਕ ਰੇਖ ਨਾ ਕੋਈ ਬਣਾਇਆ। ਗ੍ਰੰਥੀ ਪੰਥੀ ਦਿਸ ਨਾ ਆਏ ਦਸ ਦਸਮੇਸ਼ਨ, ਜੋਤੀ ਜਾਮਾ ਭੇਸ ਵਟਾਇਆ। ਅੱਠੇ ਪਹਿਰ ਪੂਜਾ ਗਣਪਤ ਗਣੇਸ਼ਨ, ਸ਼ਬਦ ਤ੍ਰਿਸੂਲ ਨਾ ਕੋਈ ਫੜਾਇਆ। ਬ੍ਰਹਮਾ ਬ੍ਰਹਮ ਬ੍ਰਹਮ ਮਹੇਸ਼ਨ, ਬ੍ਰਹਮ ਨਾ ਕੋਈ ਜਣਾਇਆ। ਪਾਰਬ੍ਰਹਮ ਪ੍ਰਭ ਸਦਾ ਅਦੇਸਨ, ਗੁਰਮੁਖਾਂ ਲਏ ਮਿਲਾਇਆ। ਕਲਜੁਗ ਅੰਤਮ ਪਰਗਟਿਆ ਕਰ ਕਰ ਆਪਣਾ ਵੇਸਨ, ਜੋਤੀ ਜਾਮਾ ਭੇਖ ਵਟਾਇਆ। ਆਪੇ ਸ਼ਾਹੋ ਭੂਪ ਹਰਿ ਨਰ ਨਰੇਸ਼ਨ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਹੋ ਆਇਆ। ਨਿਹਕਲੰਕਾ ਹਰਿ ਭਗਵਾਨਾ, ਅਕਲ ਕਲਾ ਅਖਵਾਇੰਦਾ। ਆਪ ਉਠਾਏ ਸਾਚੇ ਸੰਤਾਂ, ਜੁਗ ਵਿਛੜੇ ਜਗ ਮੇਲ ਮਿਲਾਇੰਦਾ। ਆਦਿ ਜੁਗਾਦਿ ਬਣਾਏ ਸਾਚੀ ਬਣਤਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਆਪੇ ਨਾਰੀ ਆਪੇ ਕੰਤਾ, ਕੰਤ ਕੰਤੂਹਲ ਆਪ ਹੋ ਜਾਇੰਦਾ। ਗੁਰਮੁਖ ਵਡਿਆਈ ਦੇਵੇ ਜੀਵ ਜੰਤਾ, ਜਾਨਣਹਾਰ ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਮਹਿਮਾ ਅਗਣਤ ਅਗਣਤਾ, ਲੇਖਾ ਗਣਤ ਨਾ ਕੋਈ ਗਣਾਇੰਦਾ। ਕਲਜੁਗ ਮਾਇਆ ਪਾਏ ਬੇਅੰਤਾ, ਮੂਰਖ ਮੂੜ੍ਹੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਅਖਵਾਇੰਦਾ। ਨਿਰਗੁਣ ਰੂਪ ਹਰਿ ਸੁਲਤਾਨਾ, ਸਾਚੇ ਤਖ਼ਤ ਬਿਰਾਜੇ। ਪਰਗਟ ਜੋਤ ਸ੍ਰੀ ਭਗਵਾਨਾ, ਰਚਿਆ ਕਾਜ ਦੇਸ ਮਾਝੇ। ਏਕਾ ਸ਼ਬਦ ਏਕਾ ਤੀਰ ਇਕ ਨਿਸ਼ਾਨਾ, ਪਕੜ ਉਠਾਏ ਰਾਜਨ ਰਾਜੇ। ਏਕਾ ਖੰਡਾ ਆਪ ਚਮਕਾਨਾ, ਚਾਰੋਂ ਕੁੰਟ ਕਰਾਏ ਭਾਜੇ। ਆਪੇ ਆਏ ਵਿਚ ਮੈਦਾਨਾ, ਚਿੱਟੇ ਅਸਵ ਚੜ੍ਹਿਆ ਤਾਜੇ। ਧਰਮ ਝੁਲਾਏ ਇਕ ਨਿਸ਼ਾਨਾ, ਨਾਲ ਵਜਾਏ ਅਨਹਦ ਵਾਜੇ। ਏਕਾ ਰੂਪ ਪਾਰਬ੍ਰਹਮ ਮਿਹਰਵਾਨਾ, ਜੁਗ ਜੁਗ ਰਚਿਆ ਕਾਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਉਂ ਧਰਾਏ ਗ਼ਰੀਬ ਨਿਵਾਜੇ। ਗ਼ਰੀਬ ਨਿਵਾਜ ਦਇਆ ਨਿਧ ਦਾਤਾ, ਦਇਆਵਾਨ ਅਖਵਾਇਆ। ਦਰ ਦਰਵੇਸਾ ਪੁਰਖ ਬਿਧਾਤਾ, ਪਰਮ ਪੁਰਖ ਅਖਵਾਇਆ। ਜਨ ਭਗਤਾਂ ਦੇਵੇ ਨਾਮ ਸੁਗਾਤਾ, ਆਤਮ ਝੋਲੀ ਤਨ ਭਰਾਇਆ। ਨਾ ਕੋਈ ਵੇਖੇ ਪਰਖੇ ਜਾਤਾ ਪਾਤਾ, ਊਚਾਂ ਨੀਚਾਂ ਵਿਚ ਨਾ ਆਇਆ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਸਾਚਾ ਚੰਦ ਚੜ੍ਹਾਇਆ। ਮਨਮਤ ਨਾ ਰਹੇ ਨਾਰ ਕਮਜਾਤਾ, ਦਰ ਦਵਾਰ ਦਏ ਦੁਰਕਾਇਆ। ਏਕਾ ਸ਼ਬਦ ਚੜ੍ਹਾਏ ਸਚ ਬਰਾਤਾ, ਸੋ ਪੁਰਖ ਨਿਰੰਜਣ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਜਨ ਹਰਿ ਲਏ ਵਰ, ਸੁਰਤੀ ਸ਼ਬਦੀ ਮੇਲ ਮਿਲਾਇਆ। ਹਰਿ ਕਿਰਪਾ ਹਰਿ ਜਾਣਿਆ, ਮੂਰਖ ਮੁਗਧ ਅੰਜਾਨ। ਦੇਵੇ ਨਾਮ ਧੁਰ ਫ਼ਰਮਾਨਿਆ, ਆਤਮ ਬ੍ਰਹਮ ਗਿਆਨ। ਇਕ ਵਖਾਏ ਸਚ ਨਿਸ਼ਾਨਿਆ, ਸ਼ਬਦੀ ਸ਼ਬਦ ਬਿਬਾਨ। ਮਾਰੇ ਤੀਰ ਹਰਿ ਭਗਵਾਨਿਆ, ਏਕਾ ਦੂਜਾ ਮੇਟ ਮਿਟਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਚਰਨ ਧਿਆਨ। ਪੰਜ ਤਤ ਪੰਚ ਪਿਆਰਾ, ਪੰਚਮ ਮੋਹ ਰਖਾਇਆ। ਹੱਡ ਮਾਸ ਨਾੜੀ ਰੱਤ ਅਪਾਰਾ, ਜਗਤ ਦਵਾਰਾ ਇਕ ਸੁਹਾਇਆ। ਮਨ ਮਤ ਬੁਧ ਕਰ ਤਿਆਰਾ, ਤ੍ਰੈਗੁਣ ਵੇਖ ਵਖਾਇਆ। ਚੇਤਨ ਸਤਾ ਵੇਖ ਧਾਰਾ, ਖੇਲੇ ਖੇਲ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਨਸ ਮਾਨੁਖ ਦਏ ਅਧਾਰਾ। ਪੰਜ ਤਤ ਹਰਿ ਬਣਤ ਬਣਾ, ਜਗਤ ਜੁਗਤ ਜਣਾਈਆ। ਆਪ ਆਪਣਾ ਮਾਰਗ ਲਾ, ਆਪੇ ਦਏ ਜਣਾਈਆ। ਆਪ ਆਪਣਾ ਨਾਮ ਉਪਾ, ਆਪੇ ਰਿਹਾ ਚਲਾਈਆ। ਆਪ ਆਪਣਾ ਦਏ ਸੁਣਾ, ਆਪ ਆਪਣਾ ਆਪੇ ਗਾਈਆ। ਆਪ ਆਪਣਾ ਭੇਵ ਖੁਲ੍ਹਾ, ਹਰਿਜਨ ਸਾਚੇ ਲਏ ਤਰਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਮੂਲ ਚੁਕਾਈਆ। ਸਾਚੀ ਸਿਖਿਆ ਦਏ ਸਿਖਾ, ਸਚ ਸੁੱਚ ਵੱਡੀ ਵਡਿਆਈਆ ਆਤਮ ਭਿਛਿਆ ਦੇਵੇ ਪਾ, ਆਤਮ ਅੰਤਰ ਇਕ ਲਿਵ ਲਾਈਆ। ਧੁਰ ਦਾ ਲਿਖਿਆ ਦਏ ਵਖਾ, ਲੇਖਾ ਲਿਖਣਹਾਰ ਆਪ ਅਖਵਾਈਆ। ਸ੍ਰਿਸ਼ਟ ਸਬਾਈ ਮਿਥਿਆ ਦਏ ਸਮਝਾ, ਥਿਰ ਕੋਈ ਰਹਿਣ ਨਾ ਪਾਈਆ। ਅਨਡਿਠਾ ਰੂਪ ਦਏ ਵਖਾ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਈਆ। ਪੰਜ ਤਤ ਤਨ ਕਰ ਪਿਆਰਾ, ਆਤਮ ਬੂਝ ਬੁਝਾਈਆ । ਏਕਾ ਦੇਵੇ ਸਚ ਹੁਲਾਰਾ, ਵਡ ਵੱਡੀ ਵਡਿਆਈਆ। ਇਕ ਵਖਾਏ ਹੱਟ ਪਸਾਰਾ, ਚੌਦਾਂ ਹੱਟਾਂ ਵੇਖ ਵਖਾਈਆ। ਤੀਰਥ ਤਟ ਪਾਰ ਕਿਨਾਰਾ, ਸਰ ਸਰੋਵਰ ਦਏ ਕਰਾਈਆ। ਨਿਰਗੁਣ ਨੂਰ ਕਰ ਉਜਿਆਰਾ, ਸਰਗੁਣ ਬੂਝ ਬੁਝਾਈਆ। ਕਾਇਆ ਮੰਦਰ ਅੰਦਰ ਮਹੱਲ ਅਟੱਲ ਉਚ ਮੁਨਾਰਾ, ਹਰਿ ਬੈਠਾ ਆਸਣ ਲਾਈਆ। ਹਰਿਜਨ ਵੇਖੇ ਵਾਰੋ ਵਾਰਾ, ਵੇਖਣਹਾਰ ਦਿਸ ਨਾ ਆਈਆ। ਜੋਤ ਨਿਰੰਜਣ ਕਰ ਉਜਿਆਰਾ, ਦੀਪਕ ਦੀਪ ਜਗਾਈਆ। ਡੂੰਘੀ ਕਵਰੀ ਪਾਰ ਕਿਨਾਰਾ, ਸੁਖਮਨ ਵੇਖ ਵਖਾਈਆ। ਅਨਹਦ ਤਾਲ ਵੱਜੇ ਤਲਵਾੜਾ, ਬੰਸ ਸਰਬੰਸਾ ਆਪ ਅਖਵਾਈਆ। ਇਕ ਵਖਾਏ ਸਚ ਅਖਾੜਾ, ਪੰਚਮ ਸਖੀਆਂ ਮੰਗਲ ਗਾਈਆ। ਹੋਏ ਪਰਕਾਸ਼ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਈਆ। ਮੇਟ ਮਿਟਾਏ ਪੰਚਮ ਧਾੜਾ, ਸੋ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਹਰਿ ਵਸਿਆ ਘਰ, ਜਨ ਏਕਾ ਰੰਗ ਰੰਗਾਈਆ। ਹਰਿ ਸੰਤਨ ਹਰਿ ਹਰਿ ਪਾਇਆ, ਹਰਿ ਹਰਿ ਰੂਪ ਅਪਾਰ। ਏਕਾ ਦੂਜਾ ਭੌ ਚੁਕਾਇਆ, ਹਉਮੇ ਰੋਗ ਨਿਵਾਰ। ਮਾਇਆ ਮਮਤਾ ਮੋਹ ਕਟਾਇਆ, ਏਕਾ ਬਖ਼ਸ਼ੇ ਸਚ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਨਸ ਮਾਨੁਖ ਲਾਏ ਪਾਰ। ਮਾਨਸ ਜਨਮ ਬੂਝ ਬੁਝਾ, ਆਤਮ ਭੇਵ ਚੁਕਾਇਆ। ਆਪ ਆਪਣਾ ਦਏ ਸਮਝਾ, ਦੇਵੀ ਦੇਵ ਆਪ ਅਖਵਾਇਆ। ਸਾਚਾ ਇਸ਼ਟ ਇਕ ਜਣਾ, ਜਗਤ ਵਾਸਨਾ ਦਏ ਮਿਟਾਇਆ। ਜੀਵਨ ਦ੍ਰਿਸ਼ਟ ਦਏ ਖੁਲ੍ਹਾ, ਜੋਗ ਜੁਗਤ ਇਕ ਬਣਾਇਆ। ਰਾਮਾ ਵਸ਼ਿਸ਼ਟ ਗੁਰ ਦਏ ਮਿਲਾ, ਸ਼ਬਦ ਸ਼ਬਦੀ ਸੁਰਤ ਬੰਧਾਇਆ। ਸ੍ਰਿਸ਼ਟ ਸਬਾਈ ਆਪਣੇ ਮਾਰਗ ਦਏ ਲਾ, ਆਪੇ ਭਰਮ ਭੁਲਾਇਆ। ਗੁਰਮੁਖ ਸਾਜਨ ਸਾਚੇ ਸੰਤ ਲਏ ਜਗਾ, ਏਕਾ ਮੰਤਰ ਨਾਮ ਦ੍ਰਿੜਾਇਆ। ਅੱਖਰ ਵੱਖਰ ਦਏ ਵਖਾ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਹੰ ਹੰਗਤਾ ਰਹਿਣ ਨਾ ਪਾ, ਹਉਮੇ ਰੋਗ ਜਲਾਇਆ। ਸਾਚੀ ਸੰਗਤਾ ਲਏ ਮਿਲਾ, ਸਤਿ ਸੰਗਤ ਸਤਿ ਸਰੂਪ ਸਮਾਇਆ। ਏਕਾ ਏਕ ਏਕ ਦਏ ਵਖਾ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਦਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਸੰਤਨ ਪਾਇਆ। ਸੰਤਨ ਦੇਵੇ ਧੁਰ ਫ਼ਰਮਾਨਾ, ਆਤਮ ਬ੍ਰਹਮ ਜਣਾਈਆ। ਏਕਾ ਸ਼ਬਦ ਇਕ ਗਿਆਨਾ, ਏਕਾ ਬੂਝ ਬੁਝਾਈਆ। ਏਕਾ ਨਾਮ ਇਕ ਬਿਬਾਨਾ, ਏਕਾ ਰਿਹਾ ਚੜ੍ਹਾਈਆ। ਏਕਾ ਰਾਗ ਇਕ ਤਰਾਨਾ, ਏਕਾ ਰਿਹਾ ਸੁਣਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਹਰਿ ਲਿਵ ਲਾਈਆ। ਏਕਾ ਜੋਤੀ ਨੂਰ ਮਹਾਨਾ, ਜੋਤੀ ਜੋਤ ਕਰੇ ਰੁਸ਼ਨਾਈਆ। ਹਰ ਘਟ ਬੈਠ ਸ੍ਰੀ ਭਗਵਾਨਾ, ਆਪ ਆਪਣਾ ਖੇਲ ਖਿਲਾਈਆ। ਗੁਰਮੁਖ ਵੇਖੇ ਚਤੁਰ ਸੁਜਾਨਾ, ਚਤੁਰਭੁਜ ਦਇਆ ਕਮਾਈਆ। ਜਨ ਵਖਾਏ ਪਦ ਨਿਰਬਾਣਾ, ਪਰਮ ਪੁਰਖ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਾਧਨ ਏਕਾ ਏਕ ਸੱਚੀ ਸਰਨਾਈਆ। ਹਰਿ ਭਗਤੀ ਵਰ ਮੰਗਿਆ, ਢਹਿ ਢਹਿ ਚਰਨ ਦਵਾਰ। ਗੁਰਮੁਖ ਆਤਮ ਰੰਗਿਆ, ਰੰਗੇ ਰੰਗ ਅਪਾਰ। ਸਚ ਦਵਾਰਾ ਆਪੇ ਮੰਗਿਆ, ਵੇਖੇ ਸਿਰਜਣਹਾਰ। ਜੀਵ ਜੰਤ ਭੁੱਖਾ ਨੰਗਿਆ, ਨਾ ਕੋਈ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਇਕ ਅਧਾਰ। ਭਗਤੀ ਹਰਿਜਨ ਮੂਲ ਹੈ, ਆਤਮ ਮੂਲ ਪਛਾਨ। ਸਾਚਾ ਮੇਲਾ ਕੰਤ ਕੰਤੂਹਲ ਹੈ, ਏਕਾ ਰੂਪ ਧਿਆਨ। ਨਾਮ ਵਾਸ਼ਨਾ ਸਾਚਾ ਫੂਲ ਹੈ, ਫਲ ਫੁਲਵਾੜੀ ਸਚ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਦਾਨ। ਭਗਤੀ ਰੂਪ ਹਰਿ ਅਨਡਿਠਾ, ਏਕਾ ਰੂਪ ਉਪਾਇਆ। ਹਰਿ ਭਾਣੇ ਰੰਗ ਲਾਗਾ ਮੀਠਾ, ਨਾ ਕੋਈ ਦੂਸਰ ਵੇਖ ਵਖਾਇਆ। ਏਕਾ ਚੜ੍ਹਿਆ ਰੰਗ ਮਜੀਠਾ, ਉਤਰ ਕਦੇ ਨਾ ਜਾਇਆ। ਤ੍ਰੈਗੁਣ ਤਪੇ ਨਾ ਕੋਈ ਅੰਗੀਠਾ, ਪੰਜ ਤਤ ਨਾ ਕੋਈ ਸਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰੀਤਾ ਇਕ ਜਣਾਇਆ। ਭਗਤ ਰੂਪ ਸਾਂਤਕ ਸੀਤਾ, ਸਤਿ ਸਤਿ ਵਰਤਾਇਆ। ਆਪ ਚਲਾਏ ਆਪਣੀ ਰੀਤਾ, ਹਰਿਜਨ ਝੋਲੀ ਪਾਇਆ। ਕਿਸੇ ਹੱਥ ਨਾ ਆਏ ਮੰਦਰ ਗੁਰੂਦਵਾਰੇ ਜਗਤ ਮਸੀਤਾ, ਮਠ ਸ਼ਿਵਦਵਾਲਾ ਕੋਈ ਨਾ ਡੇਰਾ ਲਾਇਆ। ਕੂੜਾ ਕਰੇ ਕਰਾਏ ਰੀਠਾ ਮੀਠਾ, ਜਿਸ ਜਨ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤੀ ਦਿਤਾ ਏਕਾ ਵਰ, ਏਕਾ ਰੂਪ ਸੁਹਾਇਆ। ਹਰਿ ਭਗਤੀ ਹਰਿ ਰੂਪ ਹਰਿ, ਹਰਿ ਆਪ ਰੰਗਾਇਆ। ਜਨ ਭਗਤਾਂ ਚਾਰੋਂ ਕੂਟ ਫਿਰੇ ਦਰ, ਦਿਵਸ ਰੈਣ ਸੇਵ ਕਮਾਇਆ। ਆਪ ਆਪਣਾ ਰਹੀ ਵਰ, ਆਪ ਆਪਣਾ ਕੰਤ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤੀ ਵੇਖੇ ਸਚ ਦਵਾਰਾ, ਸੰਤ ਦਵਾਰਾ ਥਾਨ ਸੁਹਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ। ਹਰ ਘਟ ਆਪੇ ਵਸਿਆ, ਲੱਖ ਚੁਰਾਸੀ ਦਾਸੀ ਦਾਸਾ। ਮੰਦਰ ਅੰਦਰ ਬਹਿ ਬਹਿ ਹੱਸਿਆ, ਨਿਜ ਘਰ ਆਤਮ ਰੱਖੇ ਵਾਸਾ। ਮੇਟ ਮਿਟਾਏ ਰੈਣ ਅੰਧੇਰੀ ਮੱਸਿਆ, ਜੋ ਜਨ ਗਾਏ ਸਵਾਸ ਸਵਾਸਾ। ਦਰ ਦਵਾਰੇ ਆਵੇ ਨੱਸਿਆ, ਵੇਖ ਵਖਾਏ ਕਾਇਆ ਕਾਸਾ। ਅੰਮ੍ਰਿਤ ਮੇਘ ਏਕਾ ਵਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਵਾਸਾ। ਪਾਰਬ੍ਰਹਮ ਬੇਅੰਤ ਬੇਅੰਤਾ, ਲੱਖ ਚੁਰਾਸੀ ਵਿਚ ਸਮਾਇਆ। ਬੂਝ ਬੁਝਾਏ ਸਾਚੇ ਸੰਤਾ, ਦੂਸਰ ਦਿਸ ਕਿਸੇ ਨਾ ਆਇਆ। ਜੁਗ ਜੁਗ ਮਾਇਆ ਪਾਏ ਬੇਅੰਤਾ, ਬੇਅੰਤ ਆਪ ਅਖਵਾਇਆ। ਹਰਿਜਨ ਮੇਲਾ ਨਾਰੀ ਕੰਤਾ, ਕੰਤ ਸੁਹਾਗ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਵੇਖਣਹਾਰਾ, ਦਰ ਦੀਪਕ ਕਰੇ ਉਜਿਆਰਾ, ਜੋਤੀ ਨੂਰ ਹੋਏ ਰੁਸ਼ਨਾਇਆ। ਹਰਿਜਨ ਹਰਿ ਹਰਿ ਰੰਗਿਆ, ਹਰਿ ਹਰਿ ਰੂਪ ਅਪਾਰ। ਸਚ ਦਵਾਰਾ ਜਿਸ ਜਨ ਮੰਗਿਆ, ਭਰੇ ਨਾਮ ਭੰਡਾਰ। ਦੇਵੇ ਦਾਨ ਦਾਤਾ ਦਾਨੀ ਸੂਰਾ ਸਰਬੰਗਿਆ, ਅੱਠੇ ਪਹਿਰ ਰਹੇ ਵਰਤਾਰ। ਅੰਮ੍ਰਿਤ ਆਤਮ ਧਾਰ ਵਹਾਏ ਸਾਚੀ ਗੰਗਿਆ, ਅਠਸਠ ਤੀਰਥ ਪਾਰ ਕਿਨਾਰ। ਇਕ ਵਜਾਏ ਸ਼ਬਦ ਮਰਦੰਗਿਆ, ਧੁਨ ਅਨਾਦੀ ਸਿਰਜਣਹਾਰ। ਨੌਂ ਦਵਾਰੇ ਜੋ ਜਨ ਲੰਘਿਆ, ਹਰਿ ਮੇਲਾ ਦਸਮ ਦਵਾਰ। ਆਤਮ ਸੇਜਾ ਸਚ ਪਲੰਘਿਆ, ਉਪਰ ਬੈਠਾ ਮੀਤ ਮੁਰਾਰ। ਸੁਰਤ ਸਵਾਣੀ ਲਾਏ ਆਪਣੇ ਅੰਗਿਆ, ਅੰਗੀਕਾਰ ਕਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਹਰ ਘਰ ਵੇਖਣਹਾਰ ਨਿਰਗੁਣ ਰੂਪ ਅਪਰ ਅਪਾਰ।
