੨੧ ਸਾਵਣ ੨੦੧੫ ਬਿਕ੍ਰਮੀ ਸੇਵਾ ਸਿੰਘ ਦੇ ਘਰ ਪਿੰਡ ਗੋਲੇ ਵਾਲੀ ਪੰਡੋਰੀ ਜ਼ਿਲਾ ਅੰਮ੍ਰਿਤਸਰ
ਹਰਿ ਸਤਿਗੁਰ ਪੁਰਖ ਮਨਾਇਆ, ਆਤਮ ਭਇਆ ਅਨੰਦ। ਗੁਰ ਮੰਤਰ ਨਾਮ ਦ੍ਰਿੜਾਇਆ, ਮਿਟਾਈ ਸਗਲੀ ਚਿੰਦ। ਗੁਰਮੁਖ ਸਾਜਨ ਬੂਝ ਬੁਝਾਇਆ, ਹਰਿਜਨ ਬਣਾਈ ਬਣਤ। ਮਨਮੁਖਾਂ ਦਿਸ ਨਾ ਆਇਆ, ਜਗ ਮਾਇਆ ਪਾਈ ਬੇਅੰਤ। ਹਰਿ ਜੋਤੀ ਨੂਰ ਉਪਾਇਆ, ਸ਼ਬਦ ਮਿਲਾਵਾ ਸਾਚੇ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਦਿ ਅੰਤ। ਗੁਰ ਸਤਿਗੁਰ ਪੂਰਾ ਸੇਵਿਆ, ਨਾਮ ਨਿਰੰਜਣ ਦੇਵ। ਗੁਰ ਪਾਇਆ ਅਲੱਖ ਅਭੇਵਿਆ, ਘਰ ਲੱਗਾ ਸਾਚਾ ਨੇਂਹ। ਕਲਜੁਗ ਗਾਇਆ ਰਸਨਾ ਜਿਹਵਿਆ, ਦਰ ਪਾਇਆ ਸਾਚਾ ਥਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਘਰ ਸਾਚੇ ਘਨੇਰਾ ਚਾਓ। ਹਰਿ ਸਤਿਗੁਰ ਸਾਚਾ ਪਾਰਬ੍ਰਹਮ, ਆਦਿ ਪੁਰਖ ਅਬਿਨਾਸ਼ਾ। ਆਦਿ ਜੁਗਾਦੀ ਜਾਣੇ ਕਰਮ, ਆਵੇ ਜਾਵੇ ਵੇਖੇ ਖੇਲ ਤਮਾਸ਼ਾ। ਲੱਖ ਚੁਰਾਸੀ ਤੇਰੇ ਕਰਮ, ਤੇਰੇ ਕਰਮ ਬਲ ਬਲ ਜਾਸਾ। ਨੌਂ ਖੰਡ ਵੇਖੇ ਚਾਰੇ ਵਰਨ, ਕਵਣ ਦਵਾਰ ਦਾਸੀ ਦਾਸਾ। ਭਗਤਨ ਮੇਲਾ ਇਕ ਪਿਆਰ, ਹਰਿ ਸ਼ਬਦ ਸੱਚਾ ਭਰਵਾਸਾ। ਮਨਮੁਖ ਭੁੱਲੇ ਜੀਵ ਗਵਾਰ, ਨਿਰਮਲ ਜੋਤ ਨਾ ਦੀਪ ਪਰਕਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਆਪਣੀ ਰਾਸਾ। ਹਰਿ ਸਤਿਗੁਰ ਸਾਜਨ ਪਾਇਆ, ਘਰ ਘਰ ਵੱਜੀ ਵਧਾਈਆ। ਗੁਰ ਪੂਰੇ ਮੇਲ ਮਿਲਾਇਆ, ਵਿਛੜ ਕਦੇ ਨਾ ਜਾਈਆ। ਗੁਰਮੁਖ ਸਾਚੇ ਮੰਗਲ ਗਾਇਆ, ਧੁਨ ਅਨਾਦੀ ਇਕ ਵਜਾਈਆ। ਮਨਮੁਖ ਮੂੜ੍ਹੇ ਜਨਮ ਗਵਾਇਆ, ਨੇਤਰ ਨੈਣ ਦਰਸ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਹਰ ਘਟ ਥਾਈਂਆ। ਪਾਰਬ੍ਰਹਮ ਹਰਿ ਬੇਅੰਤ, ਗੁਰ ਪੂਰੇ ਰਾਹ ਸਾਚਾ ਦੱਸਿਆ। ਮੇਲ ਮਿਲਾਵਾ ਸਾਚੇ ਸੰਤ, ਗੁਰਸਿਖ ਦਵਾਰੇ ਆਵੇ ਨੱਸਿਆ। ਭਰਮ ਭੁਲੇਖਾ ਜੀਵ ਜੰਤ, ਮਨਮੁਖ ਵੇਖੇ ਰੈਣ ਅੰਧੇਰੀ ਮੱਸਿਆ। ਮਿਲੇ ਮੇਲ ਨਾ ਸਾਚੇ ਕੰਤ, ਮਾਇਆ ਮਮਤਾ ਬਹਿ ਬਹਿ ਹੱਸਿਆ। ਝੂਠ ਵਿਕਾਰਾ ਬਣਿਆ ਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਮਹਿਮਾ ਆਪੇ ਜਾਣੇ ਖੇਲੇ ਖੇਲ ਆਦਿ ਅੰਤ। ਹਰਿ ਹਰਿ ਸਤਿਗੁਰ ਸਾਜਨ ਮੀਤਾ, ਪਰਮ ਪੁਰਖ ਅਖਵਾਇਆ। ਗੁਰ ਗੁਰ ਭਾਣਾ ਲਾਗਾ ਮੀਠਾ, ਧੁਰ ਫ਼ਰਮਾਣਾ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਖੁਲ੍ਹਾਇਆ। ਹਰਿ ਦਵਾਰਾ ਸਾਚਾ ਦਰ, ਹਰਿ ਸਾਚਾ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਦੇਵਣਹਾਰਾ ਵਰ, ਪੂਰਨ ਇਛਿਆ ਆਪ ਕਰਾਇੰਦਾ। ਗੁਰੂ ਗੁਰ ਮੇਲਾ ਦਏ ਕਰ, ਵਿਛੜ ਕਦੇ ਨਾ ਜਾਇੰਦਾ। ਗੁਰਮੁਖ ਚੁਕਾਏ ਆਵਣ ਜਾਵਣ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਜੀਵ ਆਪਣਾ ਕੀਤਾ ਲੈਣ ਭਰ, ਰਾਏ ਧਰਮ ਵੇਖ ਵਖਾਇੰਦਾ। ਚਾਰੋਂ ਕੁੰਟ ਆਵੇ ਡਰ, ਦਹਿ ਦਿਸ਼ਾ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ ਤੇਰਾ ਖੇਲ ਖਿਲਾਇੰਦਾ। ਹਰਿ ਸਤਿਗੁਰ ਹਰਿ ਪਾਰਬ੍ਰਹਮ, ਹਰਿ ਹਰਿ ਪੁਰਖ ਅਬਿਨਾਸ਼ਾ। ਗੁਰ ਕਰਤਾ ਗੁਰ ਸਚ ਕਰਮ, ਗੁਰ ਖੇਲੇ ਖੇਲ ਤਮਾਸ਼ਾ। ਗੁਰਸਿਖ ਸਾਚਾ ਨਾ ਜਨਮੇ ਨਾ ਮਰਦਾ, ਮਿਲਿਆ ਮੇਲ ਸ਼ਾਹੋ ਸ਼ਬਾਸ਼ਾ। ਮਨਮੁਖ ਜੀਵ ਲਹਿਣਾ ਦੇਣਾ ਆਪਣਾ ਆਪੇ ਭਰਦਾ, ਨਾ ਕੋਈ ਘਟਾਏ ਤੋਲਾ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਹਰਿ ਕਾ ਖੇਲ ਹਰਿ ਅਵੱਲਾ, ਸਤਿਗੁਰ ਆਪ ਕਰਾਇਆ। ਗੁਰ ਗੁਰ ਵੇਖੇ ਇਕ ਅਕੱਲਾ, ਦਰਸ ਦਰਸੀ ਕਿਸੇ ਨਾ ਆਇਆ। ਗੁਰਮੁਖ ਸਾਚੇ ਦਰ ਘਰ ਸਾਚਾ ਮੱਲਾ, ਥਿਰ ਘਰ ਨਾਉਂ ਰਖਾਇਆ। ਮਨਮੁਖ ਜੀਵ ਮੁਖ ਪਾਇਆ ਪੱਲਾ, ਨੇਤਰ ਨੈਣ ਨਾ ਕੋਈ ਖੁਲ੍ਹਾਇਆ। ਪੰਚ ਵਿਕਾਰਾ ਮਾਰੇ ਹੱਲਾ, ਦਿਵਸ ਰੈਣ ਰਿਹਾ ਤੜਫਾਇਆ। ਭਾਗ ਨਾ ਲੱਗਾ ਕਾਇਆ ਕੁੱਲਾ, ਅੰਧ ਅੰਧੇਰਾ ਛਾਇਆ। ਅੰਤਮ ਵੇਲੇ ਨਾ ਪਏ ਕੋਈ ਮੁੱਲਾ, ਰਾਏ ਧਰਮ ਦਏ ਸਜ਼ਾਇਆ। ਗੁਰਮੁਖ ਸਾਜਣ ਸੰਤ ਸੁਹੇਲਾ ਪੂਰੇ ਤੋਲ ਏਕਾ ਤੁਲਾ, ਤੋਲਣਹਾਰ ਆਪ ਰਘੁਰਾਇਆ। ਲੋਕਮਾਤ ਫਲਿਆ ਫੁਲਾ, ਭਗਤ ਭਗਤੀ ਵੇਖ ਵਖਾਇਆ। ਮੱਲਿਆ ਧਾਮ ਨਿਹਚਲ ਇਕ ਅਟੱਲਾ, ਊਚੋ ਊਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਵੇਖੇ ਆਪਣੇ ਨੇਤਰ, ਆਪਣੀ ਦਇਆ ਕਮਾਈਆ। ਭਾਗ ਲਗਾਏ ਕਾਇਆ ਖੇਤਰ, ਦਿਵਸ ਰੈਣ ਵੱਜੀ ਵਧਾਈਆ। ਰੁੱਤ ਬਸੰਤ ਰਹੇ ਚੇਤਰ, ਫਲ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਜੋਤੀ ਸ਼ਬਦੀ ਮੇਲ ਮਿਲਾਈਆ। ਜੋਤੀ ਸ਼ਬਦ ਹਰਿ ਪਿਆਰਾ, ਨਿਰਗੁਣ ਰੂਪ ਸਮਾਇਆ। ਸਰਗੁਣ ਮੇਲਾ ਵਿਚ ਸੰਸਾਰਾ, ਆਪਣਾ ਆਪ ਕਰਾਇਆ। ਆਪੇ ਵੇਖੇ ਪਰਖੇ ਪਰਖਣਹਾਰਾ, ਨਾਮ ਕਸਵਟੀ ਇਕ ਲਗਾਇਆ। ਗੁਰਮੁਖ ਸਾਚੇ ਰੱਖੇ ਰੱਖਣਹਾਰਾ, ਜੁਗ ਜੁਗ ਰੱਖਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਤੇਰਾ ਲਹਿਣਾ ਦੇਣਾ ਮਾਨਸ ਦੇਹੀ ਮੂਲ ਚੁਕਾਇਆ। ਮਾਨਸ ਦੇਹੀ ਮਾਨੁਖ ਜਿਤ, ਮਨ ਤਨ ਹੋਏ ਬੈਰਾਗਿਆ। ਹਰਿ ਚਰਨ ਪ੍ਰੀਤੀ ਸਾਚਾ ਹਿਤ, ਸੋਇਆ ਉਠੇ ਜਾਗਿਆ। ਸਤਿਗੁਰ ਪੂਰਾ ਸਾਚਾ ਮਿਤ, ਦੁਰਮਤ ਮੈਲ ਧੋਵੇ ਦਾਗ਼ਿਆ। ਦਰਸ ਦਿਖਾਏ ਨਿਤ ਨਵਿਤ, ਸਰਨ ਸਰਨਾਈ ਜੋ ਜਨ ਲਾਗਿਆ। ਆਪੇ ਮਾਤਾ ਆਪੇ ਪਿਤ, ਆਪੇ ਨਾਰੀ ਕੰਤ ਸੁਹਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸ਼ਬਦ ਗੁਰ ਗੁਰ ਸ਼ਬਦ ਸ਼ਬਦ ਸਰੂਪੀ ਫਿਰੇ ਭਾਜਿਆ। ਚਰਨ ਕਵਲ ਸਚ ਦਵਾਰਾ, ਗੁਰਮੁਖ ਵਿਰਲਾ ਪਾਇੰਦਾ। ਜੋ ਜਨ ਮੰਗੇ ਬਣ ਭਿਖਾਰਾ, ਦੇਵਣਹਾਰ ਦਇਆ ਕਮਾਇੰਦਾ। ਗੁਰ ਕਾ ਸ਼ਬਦ ਅਪਰ ਅਪਾਰਾ, ਕਿਸੇ ਹੱਟ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰ ਕਾ ਚਰਨ ਜਗਤ ਭਰਵਾਸਾ, ਗੁਰ ਪੂਰਾ ਆਪ ਦ੍ਰਿੜਾਇੰਦਾ। ਜੋ ਜਨ ਤਜਾਏ ਮਦਿਰਾ ਮਾਸਾ, ਹਰਿ ਸਾਚਾ ਦਰਸ ਦਿਖਾਇੰਦਾ। ਕਾਇਆ ਮੰਦਰ ਅੰਦਰ ਵੇਖੇ ਨਿਰਮਲ ਜੋਤੀ ਕਰ ਪਰਕਾਸ਼ਾ, ਨੂਰੋ ਨੂਰ ਡਗਮਗਾਇੰਦਾ। ਸ਼ਬਦ ਭੰਡਾਰਾ ਭਰੇ ਮਾਟੀ ਦੇਹੀ ਕਾਸਾ, ਅਤੋਟ ਅਤੁਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸਤਿਗੁਰ ਸਾਜਨ ਮੀਤਾ, ਏਕਾ ਏਕ ਅਖਵਾਇਆ। ਅੱਠੇ ਪਹਿਰ ਪਰਖੇ ਨੀਤਾ, ਅੰਗ ਸੰਗ ਹੋ ਜਾਇਆ। ਨਾ ਮਰੇ ਨਾ ਕਦੇ ਜੀਤਾ, ਏਕਾ ਰੰਗ ਰੰਗਾਇਆ। ਵੇਖੇ ਵਿਗਸੇ ਹਸਤ ਕੀਟਾ, ਊਚਾਂ ਨੀਚਾਂ ਦਇਆ ਕਮਾਇਆ। ਨਾਮ ਨਿਧਾਨਾ ਜਿਸ ਜਨ ਪੀਤਾ, ਗੁਰਚਰਨ ਚਿਤ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਲੱਖ ਚੁਰਾਸੀ ਬੰਧਨ ਤੋੜ ਤੁੜਾਇਆ। ਚਰਨ ਪ੍ਰੀਤੀ ਨਾਤਾ ਜੋੜ, ਹਰਿ ਸ਼ਬਦੀ ਸ਼ਬਦ ਸੁਣਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਲੋਆਂ ਪੁਰੀਆਂ ਪਾਰ ਕਰਾਇੰਦਾ। ਧੁਰ ਦਰਗਾਹੀ ਆਪੇ ਬੌਹੜ, ਆਪ ਆਪਣਾ ਕਰਮ ਕਮਾਇੰਦਾ। ਜੀਵ ਜੰਤ ਵੇਖੇ ਮਿੱਠਾ ਕੌੜ, ਆਤਮ ਰਸ ਇਕ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਸੋਹੰ ਮੰਤਰ ਇਕ ਸੁਣਾਇੰਦਾ। ਭਵ ਸਾਗਰ ਜਨ ਉਤਰੇ ਪਾਰ, ਮਿਲੇ ਹਰਿ ਮੀਤ। ਕਾਇਆ ਗਾਗਰ ਡੂੰਘਾ ਤਾਲ, ਗੁਰ ਬੈਠਾ ਇਕ ਅਤੀਤ। ਗੁਰਸਿਖ ਵਰੋਲੇ ਮਾਰ ਉਛਾਲ, ਕਰੇ ਪਤਤ ਪੁਨੀਤ। ਸੋਹੰ ਸ਼ਬਦ ਸਚ ਦਲਾਲ, ਆਪ ਚਲਾਏ ਆਪਣੀ ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਏਕਾ ਘਾਟ ਉਤਾਰੇ ਹਸਤ ਕੀਟ। ਕਲਜੁਗ ਸਾਗਰ ਪਾਰ ਕਿਨਾਰਾ, ਦਿਸ ਕਿਸੇ ਨਾ ਆਇਆ। ਮਨਮੁਖ ਡੁੱਬੇ ਵਿਚ ਮੰਝਧਾਰਾ, ਨਾ ਕੋਈ ਪਾਰ ਚੜ੍ਹਾਇਆ। ਗੁਰਮੁਖ ਵਿਰਲੇ ਮਿਲਿਆ ਗੁਰ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਫੜ ਬਾਂਹੋਂ ਪਾਰ ਕਰਾਇਆ।
