Granth 07 Likhat 058: Pahili Bhadron 2015 Bikarmi Darbar wich Jethuwal

ਪਹਿਲੀ ਭਾਦਰੋਂ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਦਰ ਭਿਖਾਰ ਦਰ ਦਰਵੇਸ਼, ਆਦਿ ਪੁਰਖ ਅਖਵਾਇੰਦਾ। ਸ਼ਬਦ ਲਿਖਾਰ ਨਰ ਨਰੇਸ਼, ਜੋਤੀ ਜਾਮਾ ਭੇਖ ਵਟਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਕੋਈ ਰਖਾਇੰਦਾ। ਏਕੰਕਾਰਾ ਕਰ ਵੇਸ, ਨਿਰਗੁਣ ਧਾਰਾ ਆਪ ਚਲਾਇੰਦਾ। ਆਪ ਆਪਣੇ ਵਿਚ ਕਰ ਪਰਵੇਸ਼, ਆਪ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਸੇਵ ਕਮਾਇੰਦਾ। ਦਰ ਦਰਵੇਸ਼ ਸਰਬ ਗੁਣਵੰਤਾ, ਜੋਤੀ ਨੂਰ ਅਕਾਲਿਆ। ਪੂਰਨ ਪੁਰਖ ਸ੍ਰੀ ਭਗਵੰਤਾ, ਆਦਿ ਸ਼ਕਤ ਜੋਤ ਜਵਾਲਿਆ। ਮਹਿਮਾ ਜਾਣੇ ਆਪ ਅਗਣਤਾ, ਆਪ ਆਪਣਾ ਭੇਵ ਛੁਪਾ ਲਿਆ। ਬਣਾਏ ਆਪਣੀ ਆਪ ਬਣਤਾ, ਆਪਣੇ ਦਰ ਬਣੇ ਸਵਾਲੀਆ । ਦਰ ਦਰਵੇਸ਼ ਹੋਇਆ ਮੰਗਤਾ, ਆਪਣੀ ਝੋਲੀ ਅੱਗੇ ਡਾਹ ਲੀਆ। ਜੋਤ ਸਰੂਪੀ ਭੁੱਖਾ ਨੰਗਤਾ, ਦੋਵੇ ਹੱਥੀਂ ਫਿਰੇ ਖਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਹੋਏ ਸਵਾਲੀਆ। ਆਦਿ ਨਿਰੰਜਣ ਹਰਿ ਹਰਿ ਸੱਜਣ, ਹਰ ਘਟ ਰੂਪ ਸਮਾਇੰਦਾ। ਕਰਨ ਆਇਆ ਆਪਣਾ ਮਜਨ, ਆਪਣੀ ਧੂੜੀ ਆਪ ਰਮਾਇੰਦਾ। ਆਪਣਾ ਪੜਦਾ ਆਇਆ ਕੱਜਣ, ਏਕਾ ਪੜਦਾ ਨਾਮ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਹਰਿ ਅਬਿਨਾਸ਼ਾ, ਏਕਾ ਏਕੰਕਾਰਿਆ। ਆਪੇ ਖੇਲੇ ਖੇਲ ਤਮਾਸ਼ਾ, ਖੇਲਣਹਾਰ ਆਪ ਅਖਵਾ ਰਿਹਾ। ਆਪੇ ਰੋਵੇ ਆਪੇ ਜਾਣੇ ਆਪਣਾ ਹਾਸਾ, ਆਪ ਆਪਣਾ ਰੰਗ ਰੰਗਾ ਲਿਆ। ਆਪ ਆਪਣੇ ਅੰਦਰ ਕਰਿਆ ਵਾਸਾ, ਆਪ ਆਪਣਾ ਦਰ ਸੁਹਾ ਰਿਹਾ। ਆਪੇ ਸ਼ਾਹ ਸੁਲਤਾਨ ਸ਼ਾਹੋ ਸ਼ਾਬਾਸ਼ਾ, ਦਰ ਦਰਬਾਨ ਆਪ ਅਖਵਾ ਰਿਹਾ। ਆਪੇ ਮੰਡਲ ਪਾਵੇ ਰਾਸਾ, ਆਪੇ ਗੋਪੀ ਕਾਹਨ ਨਾਮ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਰੂਪ ਵਟਾ ਰਿਹਾ। ਰੂਪ ਅਨਾਦਿ ਸਰਬ ਗੁਰ ਦੇਵਾ, ਆਦਿ ਅੰਤ ਅਖਵਾ ਲਿਆ। ਪਾਰਬ੍ਰਹਮ ਪ੍ਰਭ ਕਰਨ ਆਇਆ ਸੇਵਾ, ਭੇਖਾਧਾਰੀ ਭੇਖ ਵਟਾ ਲਿਆ। ਇਕ ਲਿਆਇਆ ਆਪਣਾ ਸਾਚਾ ਮੇਵਾ, ਸ਼ਬਦੀ ਸ਼ਬਦ ਨਾਉਂ ਰਖਾ ਲਿਆ। ਨਾ ਕੋਈ ਰਸਨਾ ਨਾ ਕੋਈ ਜਿਹਵਾ, ਬੱਤੀ ਦੰਦ ਨਾ ਕੋਈ ਗਾ ਲਿਆ। ਨਾ ਕੋਈ ਮਸਤਕ ਮਣੀਆ ਲਾਏ ਥੇਵਾ, ਜੋਤ ਨਿਰੰਜਣ ਨਾ ਕੋਇ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾ ਲਿਆ। ਆਦਿ ਨਿਰੰਜਣ ਕਰਨ ਯੋਗ, ਏਕਾ ਏਕ ਅਖਵਾਇੰਦਾ। ਆਪ ਆਪਣਾ ਕਰ ਸੰਜੋਗ, ਆਪ ਆਪਣਾ ਮੇਲ ਮਿਲਾਇੰਦਾ। ਆਪ ਆਪਣਾ ਕਰਿਆ ਭੋਗ, ਆਪ ਆਪਣਾ ਸੁਤ ਉਪਜਾਇੰਦਾ। ਆਪ ਆਪਣਾ ਕਰਿਆ ਜੋਗ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਨਾ ਹੋਏ ਵਿਜੋਗ, ਗੁਣਵੰਤਾ ਗੁਣ ਜਣਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗਮ ਨਾ ਕੋਈ ਰਖਾਇੰਦਾ। ਆਪਣਾ ਕਰ ਆਪੇ ਦਰਸ ਅਮੋਘ, ਆਪ ਆਪਣੀ ਹਰਸ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਏਕਾ ਚੋਗ, ਆਪਣੀ ਮੁਖ ਰਖਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਦਿ ਆਦਿ ਅਖਵਾਇਆ। ਆਪੇ ਵਸੇ ਹਰ ਘਟ ਥਾਂ, ਥਾਨ ਥਨੰਤਰ ਆਪ ਸੁਹਾਇਆ। ਆਪੇ ਬਣਿਆ ਪਿਤਾ ਮਾਂ, ਪੂਤ ਸਪੂਤਾ ਨਾਉਂ ਧਰਾਇਆ। ਆਪੇ ਦੇਵੇ ਠੰਡੀ ਛਾਂ, ਥਿਰ ਘਰ ਸਾਚੇ ਆਸਣ ਲਾਇਆ। ਆਪ ਆਪਣੀ ਪਕੜੀ ਬਾਂਹ, ਆਪ ਆਪਣਾ ਲਏ ਉਠਾਇਆ। ਦਰ ਦਰਵੇਸ਼ ਆਪਣੇ ਘਰ ਆਪਣੀ ਕਰੇ ਹਾਂ, ਸੇਵਕ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਆਪਣਾ ਲੇਖ ਆਪੇ ਆਪ ਲਿਖਾਇਆ। ਆਦਿ ਨਿਰੰਜਣ ਲੇਖ ਲਿਖੰਤਾ, ਆਪੇ ਲੇਖ ਲਿਖਾ ਰਿਹਾ। ਆਪ ਬਣਾਏ ਆਪਣੀ ਬਣਤਾ, ਆਪੇ ਪਾਵੇ ਸਾਰੀਆ। ਆਪੇ ਨਾਰੀ ਆਪੇ ਕੰਤਾ, ਆਪੇ ਖੇਲ ਪਿਆਰੀਆ। ਆਪਣੀ ਚੋਲੀ ਆਪੇ ਰੰਗਤਾ, ਆਪੇ ਬਣੇ ਸਚ ਲਲਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਖੇਲੇ ਖੇਲ ਅਪਾਰੀਆ। ਆਦਿ ਨਿਰੰਜਣ ਹਰ ਘਟ ਵਾਸਾ, ਹਰਿ ਹਰਿ ਰੂਪ ਸਮਾਇਆ। ਆਪੇ ਉਪਜੇ ਆਪ ਆਪਣਾ ਕਰੇ ਵਿਨਾਸਾ, ਆਪ ਆਪਣੇ ਵਿਚ ਟਿਕਾਇਆ। ਨਾ ਕੋਈ ਪਵਣ ਨਾ ਸਵਾਸਾ, ਪੰਜ ਤਤ ਨਾ ਕੋਈ ਰਖਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸਾ, ਮੰਡਲ ਮੰਡਪ ਨਾ ਕੋਈ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ, ਏਕਾ ਏਕ ਅਖਵਾਇਆ। ਏਕਾ ਏਕ ਹਰਿ ਨਰਾਇਣ ਨਿਰਗੁਣ ਰੂਪ ਸਮਾਇੰਦਾ। ਆਪਣਾ ਵੇਖੇ ਆਪੇ ਨੈਣ, ਦੋਏ ਲੋਚਨ ਨਾ ਬਣਤ ਬਣਾਇੰਦਾ। ਆਪਣਾ ਬਣੇ ਸਾਕ ਸੱਜਣ ਸੈਣ, ਬੰਧਨ ਬੰਧ ਨਾ ਕੋਈ ਪਾਇੰਦਾ। ਆਪ ਆਪਣਾ ਬਣੇ ਮਾਤ ਪਿਤ ਭਾਈ ਭੈਣ, ਪਿਤਾ ਪੂਤ ਆਪ ਅਖਵਾਇੰਦਾ। ਆਪ ਆਪਣਾ ਚੁਕਾਏ ਲਹਿਣ ਦੇਣ, ਲਹਿਣਾ ਦੇਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਕਰਨ ਕਰਾਵਣਹਾਰਾ ਏਕਾ ਏਕੰਕਾਰਾ ਨਾਉਂ ਧਰਾਇੰਦਾ। ਏਕਾ ਏਕੰਕਾਰਾ ਇਕ ਅਕੱਲਾ, ਅਕਲ ਕਲਾ ਸਮਾਇਆ। ਪਾਰਬ੍ਰਹਮ ਪ੍ਰਭ ਬੈਠ ਅਕੱਲਾ, ਆਪ ਆਪਣਾ ਮਤਾ ਪਕਾਇਆ। ਨਿਰਗੁਣ ਵਸਾਏ ਸਚ ਮਹੱਲਾ, ਥਿਰ ਘਰ ਨਾਉਂ ਰਖਾਇਆ। ਥਾਨ ਸੁਹਾਏ ਉਚ ਅਟੱਲਾ, ਸਿੰਘਾਸਣ ਆਸਣ ਲਾਇਆ। ਨਾ ਕੋਈ ਜਲ ਨਾ ਕੋਈ ਥਲਾ, ਜੰਗਲ ਜੂਹ ਉਜਾੜ ਪਹਾੜ ਨਾ ਨਜ਼ਰੀ ਆਇਆ। ਦਰ ਦਰਵੇਸ਼ ਆਪਣਾ ਦਵਾਰ ਆਪੇ ਮੱਲਾ, ਦਵਾਰਪਾਲ ਨਾ ਕੋਈ ਰਖਾਇਆ। ਆਪਣੀ ਜੋਤੀ ਆਪੇ ਬਲਾ, ਦੀਪਕ ਆਪਣਾ ਆਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਹਰਿ ਰਘੁਰਾਇਆ। ਆਦਿ ਨਿਰੰਜਣ ਏਕ ਓਅੰਕਾਰਾ, ਏਕਾ ਏਕ ਅਖਵਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ । ਆਪ ਆਪਣੀ ਬੰਨੇ ਧਾਰਾ, ਨਿਰਗੁਣ ਧਾਰ ਆਪ ਚਲਾਈਆ। ਜੋਤ ਸਰੂਪੀ ਕਰ ਅਕਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਸਰੂਪੀ ਇਕ ਜੈਕਾਰਾ, ਥਿਰ ਘਰ ਲਾਏ ਬੇਪਰਵਾਹੀਆ। ਦਹਿ ਦਿਸ਼ਾ ਪਾਵੇ ਸਾਰਾ, ਚਾਰੋਂ ਕੁੰਟ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਸੋਹੇ ਦਰ, ਦਰ ਦਰਵੇਸ਼ਾ ਨਾਉਂ ਧਰਾਈਆ। ਦਰ ਦਰਵੇਸ਼ਾ ਦੀਨਾ ਨਾਥ, ਦਰਦ ਦੁੱਖ ਭੈ ਭੰਜਨਾ। ਆਪ ਆਪਣਾ ਰੱਖਿਆ ਸਾਥ, ਆਪ ਆਪਣੇ ਨੇਤਰ ਪਾਏ ਆਪਣਾ ਅੰਜਨਾ। ਆਪ ਆਪਣੀ ਜਾਣੇ ਗਾਥ, ਆਪ ਕਰਾਏ ਆਪਣਾ ਮਜਨਾ। ਆਪ ਚਲਾਏ ਆਪਣਾ ਰਾਥ, ਆਪ ਬਣੇ ਸਾਚਾ ਸੱਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਜੋਤ ਜਗਾਏ ਇਕ ਨਿਰੰਜਣਾ। ਆਦਿ ਨਿਰੰਜਣ ਜੋਤ ਜਗਾ, ਆਪਣੀ ਦਇਆ ਕਮਾਈਆ। ਜੋਤ ਨਿਰੰਜਣ ਵੇਸ ਵਟਾ, ਰੂਪ ਅਨੂਪ ਸਮਾਈਆ। ਸੇਵਕ ਸੇਵਾ ਆਪਣੀ ਲਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੱਡੀ ਵਡਿਆਈਆ । ਆਦਿ ਪੁਰਖ ਹਰਿ ਦੀਨ ਦਿਆਲਾ, ਦਇਆਨਿਧ ਅਖਵਾਇਆ। ਖੇਲੇ ਖੇਲ ਜੋਤ ਅਕਾਲਾ, ਕਲ ਧਾਰੀ ਨਾਉਂ ਧਰਾਇਆ। ਥਿਰ ਘਰ ਵਖਾਏ ਸੱਚੀ ਧਰਮਸਾਲਾ, ਚਾਰ ਦਿਵਾਰ ਨਾ ਕੋਈ ਰਖਾਇਆ। ਜੋਤੀ ਨੂਰ ਇਕ ਜਵਾਲਾ, ਲਾਟ ਲਿਲਾਟ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਦਰ ਸੁਹਾਇਆ। ਦਰ ਸੁਹੰਜਣਾ ਆਦਿ ਪੁਰਖ, ਸੇਵਾ ਸੇਵ ਕਮਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਦਿਆ ਚਿੰਤਾ ਰਹਿਣ ਨਾ ਪਾਈਆ। ਆਪਣੀ ਕਰਣਹਾਰਾ ਆਪੇ ਪਰਖ, ਨਾ ਕੋਈ ਦੂਸਰ ਸੰਗ ਰਖਾਈਆ। ਆਪਣੇ ਉਪਰ ਆਪੇ ਕਰੇ ਆਪਣਾ ਤਰਸ, ਆਪ ਆਪਣੀ ਦਇਆ ਕਮਾਈਆ। ਆਪਣੀ ਮੇਟਣਹਾਰਾ ਆਪੇ ਹਰਸ, ਆਪਣੀ ਇਛਿਆ ਪੂਰ ਕਰਾਈਆ। ਆਦਿ ਨਿਰੰਜਣ ਜੋਤ ਸਰੂਪ ਹਰਿ ਲੋਕਮਾਤ ਆਇਆ ਉਤੇ ਧਰਤੀ ਖਾਕ ਫਰਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ । ਨਾ ਕੋਈ ਅਰਸ਼ ਨਾ ਕੋਈ ਕੁਰਸ਼, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਆਦਿ ਪੁਰਖ ਬੇਪਰਵਾਹ, ਏਕਾ ਨਾਮ ਧਰਾਇਆ। ਆਪੇ ਜਾਣੇ ਆਪਣਾ ਰਾਹ, ਆਪੇ ਵੇਖ ਵਖਾਇਆ। ਆਪਣਾ ਬਣੇ ਆਪ ਮਲਾਹ, ਆਪਣਾ ਬੇੜਾ ਰਿਹਾ ਚਲਾਇਆ। ਆਪਣਾ ਚੱਪੂ ਆਪੇ ਦੇਵੇ ਲਾ, ਆਪਣੇ ਹੱਥ ਫੜਾਇਆ। ਪਾਰ ਕਿਨਾਰਾ ਦਏ ਵਖਾ, ਮੰਝਧਾਰ ਨਾ ਕੋਈ ਰੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਕਰ, ਵੇਸ ਅਨੇਕਾ ਆਪ ਅਖਵਾਇਆ। ਵੇਸ ਅਨੇਕ ਅਕਲ ਕਲਧਾਰੀ, ਜੋਤੀ ਨੂਰ ਕਰੇ ਰੁਸ਼ਨਾਈਆ। ਜੁਗ ਜੁਗ ਲੋਕਮਾਤ ਲੈ ਅਵਤਾਰੀ, ਕਰਤਾ ਪੁਰਖ ਵੱਡੀ ਵਡਿਆਈਆ। ਸੇਵਕ ਸੇਵਾ ਕਰੇ ਨਿਆਰੀ, ਕਰਣਹਾਰ ਆਪ ਅਖਵਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਨਿਉਂ ਨਿਉਂ ਕਰਨ ਨਿਮਸਕਾਰੀ, ਦਿਵਸ ਰੈਣ ਸੀਸ ਝੁਕਾਈਆ। ਰਵ ਸਸ ਅਕਾਸ਼ ਪਰਕਾਸ਼ ਚੰਦ ਸਤਾਰੀ, ਗਗਨ ਮੰਡਲ ਦਏ ਦੁਹਾਈਆ। ਧਰਤ ਮਾਤ ਨੇਤਰ ਨੀਰ ਵਹਾਏ ਵਹਿੰਦੀ ਧਾਰੀ, ਧੀਰਨ ਧੀਰ ਨਾ ਕੋਈ ਧਰਾਈਆ। ਲੱਖ ਚੁਰਾਸੀ ਹੋਏ ਖਵਾਰੀ, ਨਾ ਕੋਈ ਕੱਢੇ ਪੀਰ ਪਰਾਈਆ। ਜੂਠੀ ਝੂਠੀ ਲੱਗੀ ਯਾਰੀ, ਮਾਇਆ ਮਮਤਾ ਮੋਹ ਵਧਾਈਆ। ਹਉਮੇ ਹੰਗਤਾ ਵਡ ਸਿਕਦਾਰੀ, ਚਾਰੋਂ ਕੁੰਟ ਡੌਰੂ ਵਾਹੀਆ। ਨਾ ਕੋਈ ਪੁਰਖ ਨਾ ਕੋਈ ਨਾਰੀ, ਨਾਰੀ ਪੁਰਖ ਨਾ ਕੋਈ ਸੇਜ ਹੰਢਾਈਆ। ਜੀਵ ਜੰਤ ਸਾਧ ਸੰਤ ਹੋਏ ਵਿਭਚਾਰੀ, ਕਿਰਿਆ ਕਰਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਖੇ ਘਰ, ਘਰ ਸਾਚਾ ਇਕ ਸੁਹਾਈਆ। ਸਾਚੇ ਘਰ ਸਰਬ ਗੁਣ ਗਿਆਤਾ, ਜੋਤ ਸਰੂਪ ਸਮਾਇਆ। ਆਪਣਾ ਬੰਨੇ ਆਪੇ ਨਾਤਾ, ਆਪੇ ਤੋੜ ਤੁੜਾਇਆ। ਆਪ ਆਪਣੀ ਦੇਵਣਹਾਰਾ ਦਾਤਾ, ਦੇਵਣਹਾਰ ਨਾਉਂ ਧਰਾਇਆ । ਜੁਗ ਜੁਗ ਵੇਖੇ ਅੰਧੇਰੀ ਰਾਤਾ, ਲੋਕਮਾਤ ਅੰਧੇਰਾ ਛਾਇਆ। ਪੁਰਖ ਅਕਾਲ ਉਚ ਅਗੰਮਾ ਅਲੱਖ ਅਲੱਖਣਾ ਵੇਖੇ ਮਾਰ ਝਾਤਾ, ਦਿਸ ਕਿਸੇ ਨਾ ਆਇਆ। ਨਾ ਮਰਿਆ ਨਾ ਕਦੇ ਜੰਮਾ ਜਨ ਭਗਤਾਂ ਪੁੱਛੇ ਸਦਾ ਵਾਤਾ, ਆਵਣ ਜਾਵਣ ਖੇਲ ਬਣਾਇਆ। ਖੇਲੇ ਖੇਲ ਬਹੁ ਬਹੁ ਭਾਂਤਾ, ਵੇਦ ਕਤੇਬ ਭੇਵ ਨਾ ਰਾਇਆ। ਨਿਰਗੁਣ ਰੂਪ ਨਾ ਕੋਈ ਜ਼ਾਤ ਨਾ ਕੋਈ ਪਾਤਾ, ਵਰਨ ਗੋਤ ਨਾ ਕੋਈ ਉਪਾਇਆ। ਆਪੇ ਬੈਠ ਇਕ ਅਕੱਲਾ ਏਕੰਕਾਰਾ ਸਦਾ ਅਕਾਂਤਾ, ਏਕਾ ਧਾਰ ਚਲਾਇਆ। ਨਾ ਕੋਈ ਜੁਮਲਾ ਨਾ ਜਮਾਤਾ, ਸ਼ਰਅ ਸ਼ਰਾਇਤ ਨਾ ਕੋਈ ਜਣਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਹਵਨ ਕਰਾਇਆ। ਨਾ ਕੋਈ ਤਟ ਤੀਰਥ ਸਰੋਵਰ ਮਾਰੇ ਠਾਠਾ, ਜਲ ਧਾਰ ਨਾ ਕੋਈ ਵਹਾਇਆ। ਨਿਰਗੁਣ ਜੋਤੀ ਜੋਤ ਜਗਾਏ ਗੁਰਸਿਖ ਤੇਰੇ ਮਸਤਕ ਮਾਥਾ, ਜੋਤ ਨਿਰੰਜਣ ਸੇਵਾ ਲਾਇਆ। ਅਨਹਦ ਸ਼ਬਦ ਸੁਣਾਏ ਸਾਚੀ ਗਾਥਾ, ਅੰਦਰ ਮੰਦਰ ਤਾਲ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਖੇਲ ਖਿਲਾਇਆ। ਆਦਿ ਨਿਰੰਜਣ ਖੇਲ ਨਿਰਾਲਾ, ਆਪਣਾ ਆਪ ਕਰਾਇੰਦਾ। ਆਪੇ ਜੋਤੀ ਜੋਤ ਜਵਾਲਾ, ਆਦਿ ਸ਼ਕਤ ਨਾਉਂ ਧਰਾਇੰਦਾ। ਆਪੇ ਪੁਰਖ ਅਕਾਲ ਅਕਾਲਾ, ਅਕਲ ਕਲਾ ਸਮਾਇੰਦਾ। ਆਪੇ ਆਪਣਾ ਦੀਨ ਦਿਆਲਾ, ਦੀਨਾ ਬੰਧਪ ਆਪ ਅਖਵਾਇੰਦਾ। ਆਪੇ ਵਸਿਆ ਧਰਮ ਸੱਚੀ ਧਰਮਸਾਲਾ, ਧਰ ਧਰਨੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਕਰਨੀ ਆਪ ਕਰਾਇੰਦਾ। ਕਰਨੀ ਕਰਤਾ ਹਰਿ ਕਰਤਾਰਾ, ਏਕਾ ਏਕ ਅਖਵਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰਾ, ਨਾਮ ਨਾਮਾ ਲਏ ਵਟਾਇਆ। ਭੇਖੀ ਭੇਖ ਕਰੇ ਨਿਆਰਾ, ਭੇਵ ਅਭੇਦਾ ਭੇਵ ਛੁਪਾਇਆ। ਲੱਖ ਚੁਰਾਸੀ ਵਸੇ ਬਾਹਰਾ, ਲੱਖ ਚੁਰਾਸੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਹਰਿ ਨਾਮ ਧਰਾਇਆ। ਹਰਿ ਸਾਗਰ ਗੁਣ ਗਹਿਰ ਗੰਭੀਰ, ਕਰਤਾ ਕਰਮ ਕਮਾਇੰਦਾ। ਪੰਜ ਤਤ ਵਸੇਰਾ ਤਨ ਸਰੀਰ, ਤ੍ਰੈਗੁਣ ਬਸਤਰ ਤਨ ਪਹਿਨਾਇੰਦਾ। ਆਪਣੇ ਅੰਦਰ ਮੰਦਰ ਆਪੇ ਚੜ੍ਹੇ ਘੱਤ ਵਹੀਰ, ਉਚੇ ਟਿੱਲੇ ਫੋਲ ਫੋਲਾਇੰਦਾ। ਗੁਰਮੁਖ ਬਜਰ ਆਪੇ ਚੀਰ, ਦੂਈ ਦਵੈਤੀ ਪੜਦਾ ਲਾਹਿੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸੀਰ, ਏਕਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਧਰ, ਜੁਗ ਜੁਗ ਸੇਵ ਕਮਾਇੰਦਾ। ਜੁਗ ਜੁਗ ਸੇਵਾ ਕਰਨਹਾਰ, ਲੋਕਮਾਤ ਉਠ ਧਾਇਆ। ਕਲਜੁਗ ਵੇਖ ਕੂੜ ਪਸਾਰ, ਕੂੜ ਕੂੜਾ ਦਏ ਮਿਟਾਇਆ। ਚਾਰੋਂ ਕੁੰਟ ਧੂੰਆਂਧਾਰ, ਜਗਤ ਅੰਧੇਰਾ ਛਾਇਆ। ਨਾ ਕੋਈ ਸਾਜਨ ਮੀਤ ਮੁਰਾਰ, ਨਾ ਕੋਈ ਸਗਲਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਕਰ, ਆਪ ਆਪਣਾ ਰੂਪ ਵਟਾਇਆ। ਰੂਪ ਵਟਾਇਆ ਕਾਦਰ ਕਰਤਾ, ਕਰਨੀ ਕਿਰਤ ਕਮਾਈਆ। ਆਪਣੇ ਦਰ ਆਪਣੇ ਘਰ ਆਪਣਾ ਅੱਖਰ ਏਕਾ ਪੜ੍ਹਦਾ, ਏਕਾ ਕਰੇ ਪੜ੍ਹਾਈਆ। ਅਗਨੀ ਹਵਨ ਕਦੇ ਨਾ ਸੜਦਾ, ਮੜੀ ਗੋਰ ਨਾ ਕੋਈ ਦਬਾਈਆ। ਉਚ ਮਹੱਲੇ ਆਪੇ ਚੜ੍ਹਦਾ, ਨਿਹਚਲ ਧਾਮ ਸੁਹਾਈਆ। ਤੋੜੇ ਕਿਲਾ ਹੰਕਾਰ ਗੜ੍ਹ ਦਾ, ਨਾਮ ਖੰਡਾ ਇਕ ਉਠਾਈਆ। ਲੱਖ ਚੁਰਾਸੀ ਆਪੇ ਲੜਦਾ, ਆਪੇ ਫੜ ਫੜਾਈਆ। ਗੁਰਮੁਖ ਸਾਜਨ ਤੇਰੇ ਮੰਦਰ ਅੰਦਰ ਵੜਦਾ, ਤੇਰੀ ਸੇਵਾ ਰਿਹਾ ਕਮਾਈਆ। ਲੇਖਾ ਚੁਕਾਏ ਚੋਟੀ ਜੜ ਦਾ, ਲੱਖ ਚੁਰਾਸੀ ਫੰਦ ਕਟਾਈਆ। ਲਹਿਣਾ ਦੇਣਾ ਮੁਕਾਏ ਬਹੱਤਰ ਨੜ ਦਾ, ਰਕਤ ਬੂੰਦ ਲੇਖੇ ਲਾਈਆ। ਅੱਗੇ ਕੋਈ ਨਾ ਦਿਸੇ ਅੜਦਾ, ਪ੍ਰਭ ਮਾਰੇ ਮਾਰ ਬੇਪਰਵਾਹੀਆ। ਕਲਜੁਗ ਵਿਕਾਰ ਆਪਣੀ ਅਗਨੀ ਆਪੇ ਸੜਦਾ, ਚਾਰੋ ਕੁੰਟ ਪਏ ਦੁਹਾਈਆ। ਖੇਲੇ ਖੇਲ ਸੀਸ ਧੜ ਦਾ, ਮਨਮਤ ਕਰੇ ਚੜ੍ਹਾਈਆ। ਕਰੋਧ ਹੰਕਾਰੀ ਆਪੇ ਫੜਦਾ, ਲੋਭ ਮੋਹ ਨਾਲ ਰਲਾਈਆ। ਕਾਮੀ ਕਿਰਿਆ ਆਪਣੀ ਕਰਦਾ, ਤਿਰੀਆ ਵੇਸ ਵਟਾਈਆ। ਹਰਿਜਨ ਅੱਖਰ ਏਕਾ ਪੜਦਾ, ਦੋ ਜਹਾਨ ਮਿਲੇ ਵਡਿਆਈਆ। ਸੋ ਪੁਰਖ ਨਿਰੰਜਣ ਘਾੜਨ ਘੜਦਾ, ਨਾ ਕੋਈ ਦੂਸਰ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਕਿਰਪਾ ਕਰ, ਸੋਹੰ ਸ਼ਬਦ ਕਰੇ ਜਣਾਈਆ। ਸੋਹੰ ਸ਼ਬਦ ਸਤਿ ਸਰੂਪ, ਸਤਿ ਸਤਿ ਸਮਾਇਆ। ਨਾ ਕੋਈ ਰੰਗ ਨਾ ਕੋਈ ਰੂਪ, ਨਾ ਕੋਈ ਵੇਸ ਵਟਾਇਆ। ਪਾਰਬ੍ਰਹਮ ਜਾਣੇ ਮਹਿਮਾ ਅਨੂਪ, ਨਾਨਕ ਰਸਨਾ ਗਾਇਆ। ਆਤਮ ਸੁਗੰਧੀ ਦੇਵੇ ਸਾਚਾ ਧੂਪ, ਇਛਿਆ ਹਵਨ ਭਰਾਇਆ। ਕਰੇ ਜਣਾਈ ਚਾਰੇ ਕੂਟ, ਕਵਣ ਕਵਣ ਲੇਖ ਲਿਖਾਇਆ। ਹਰਿ ਕਾ ਨੂਰ ਹਰਿ ਮੰਦਰ ਆਪੇ ਗਿਆ ਫੂਟ, ਏਕਾ ਦੂਜਾ ਵੇਖ ਵਖਾਇਆ। ਤੀਜੇ ਨੇਤਰ ਪਈ ਲੂਟ, ਤੀਜਾ ਦਰ ਸੁਹਾਇਆ। ਚੌਥੇ ਘਰ ਸੁਹਾਈ ਸਾਚੀ ਕੂਟ, ਏਕਾ ਪਦ ਰਖਾਇਆ। ਗੁਰਮੁਖ ਕਾਇਆ ਮੰਦਰ ਜਗਤ ਅੰਧੇਰੇ ਪਹੁ ਗਈ ਫੂਟ, ਹਰਿ ਸਾਚਾ ਚੰਦ ਚੜ੍ਹਾਇਆ। ਲਹਿਣਾ ਦੇਣਾ ਮੁਕਾਏ ਜੂਠ ਝੂਠ, ਏਕਾ ਨੇਤਰ ਗਿਆਨ ਦ੍ਰਿੜਾਇਆ। ਸਤਿਗੁਰ ਪੂਰਾ ਸਤਿ ਪੁਰਖ ਆਪੇ ਜਾਏ ਤੁਠ, ਆਪ ਆਪਣਾ ਦਏ ਜਣਾਇਆ। ਲੱਖ ਚੁਰਾਸੀ ਜਗਤ ਦਲਾਲ ਰੱਖੇ ਏਕਾ ਮੁੱਠ, ਆਪ ਆਪਣੇ ਹੱਥ ਉਠਾਇਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਉਤਭੁਜ ਸੇਤਜ ਜੇਰਜ ਅੰਡ ਦੇਵੇ ਤੋਲ, ਕੰਡਾ ਆਪਣੇ ਹੱਥ ਰਖਾਇਆ। ਸ਼ਬਦ ਗੁਰ ਹਰਿ ਸੇਵਾ ਲਾਈ ਸੋਹੰ ਵਜਾਏ ਸਾਚਾ ਢੋਲ, ਸੋਇਆ ਕੋਈ ਰਹਿਣ ਨਾ ਪਾਇਆ। ਜਨ ਭਗਤਾਂ ਵਸੇ ਸਦਾ ਕੋਲ, ਬੇਮੁਖਾਂ ਗੂੜ੍ਹੀ ਨੀਂਦ ਰਿਹਾ ਸਵਾਇਆ। ਜੋਤ ਜਗਾਈ ਉਪਰ ਧਵਲ, ਤ੍ਰੈਲੋਕ ਕਰੇ ਰੁਸ਼ਨਾਇਆ। ਗੁਰਸਿਖ ਤੇਰਾ ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰਾ ਮੁਖ ਚੁਆਇਆ। ਦਰਸ ਦਿਖਾਏ ਸਾਵਲ ਸਵਲ, ਮੁਕੰਦ ਮਨੋਹਰ ਲੱਖਮੀ ਨਰਾਇਣ ਨਰ ਨਰਾਇਣ ਰੂਪ ਵਟਾਇਆ। ਲੱਖ ਚੁਰਾਸੀ ਰਿਹਾ ਮੌਲ, ਮੌਲਾ ਮੌਲਾ ਵਿਚ ਸਮਾਇਆ। ਸਾਧ ਸੰਤ ਰਹੇ ਅਨਭੋਲ, ਮਾਇਆ ਮਮਤਾ ਰਹੀ ਭੁਲਾਇਆ। ਗੁਰ ਗੋਬਿੰਦ ਕਰਿਆ ਕੌਲ, ਹਰਿ ਪੂਰਾ ਦਏ ਕਰਾਇਆ। ਨਾਨਕ ਆਪਣਾ ਆਪ ਗਿਆ ਫੋਲ, ਆਪਣੀ ਜੋਤੀ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਦਰ, ਦਰ ਦਰਵੇਸਾ ਰਿਹਾ ਸੁਹਾਇਆ। ਦਰ ਦਰਵੇਸ਼ ਹਰਿ ਨਿਰੰਕਾਰਾ ਲੋਕਮਾਤ ਅਖਵਾਇੰਦਾ। ਜੋਤੀ ਜਾਮਾ ਭੇਖ ਨਿਆਰਾ, ਸ਼ਬਦੀ ਡੰਕ ਵਜਾਇੰਦਾ। ਅਕਾਲ ਮੂਰਤ ਨੂਰ ਅਪਾਰਾ, ਨੂਰੋ ਨੂਰ ਦਰਸਾਇੰਦਾ। ਧੁੰਨ ਅਨਾਦੀ ਅਨਹਦ ਧਾਰਾ, ਤਾਲ ਤਲਵਾੜਾ ਇਕ ਵਜਾਇੰਦਾ। ਸ਼ਬਦ ਅਗੰਮੀ ਸਚ ਜੈਕਾਰਾ, ਏਕਾ ਨਾਅਰਾ ਲਾਇੰਦਾ। ਖੇਲੇ ਖੇਲ ਅਪਰ ਅਪਾਰਾ, ਪਰਵਰਦਿਗਾਰ ਨਾਉਂ ਧਰਾਇੰਦਾ। ਹੱਕ ਹਕੀਕਤ ਪਾਵੇ ਸਾਰਾ, ਲਾਸ਼ਰੀਕ ਇਕ ਅਖਵਾਇੰਦਾ। ਅਜ਼ਮਤੋ ਕਸਮਤੋ ਪਾਰ ਕਿਨਾਰਾ, ਅਤੋਲ ਅਤੁਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਚੁਕਾਏ ਡਰ, ਨਾ ਦੂਸਰ ਕੋਈ ਡਰਾਇੰਦਾ। ਆਪਣਾ ਡਰ ਆਪ ਚੁਕਾ, ਆਪਣੀ ਲਏ ਅੰਗੜਾਈਆ। ਆਪਣਾ ਪੈਂਡਾ ਆਪ ਮੁਕਾ, ਆਪੇ ਬੈਠਾ ਸਾਚਾ ਰਾਹੀਆ। ਆਪਣਾ ਰਾਹ ਆਪੇ ਰਿਹਾ ਤਕਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਕਰਮ ਕਮਾਇਆ। ਪਾਰਬ੍ਰਹਮ ਲੈ ਅਵਤਾਰ, ਲੋਕਮਾਤ ਡੇਰਾ ਲਾਇਆ। ਗੁਰ ਸ਼ਬਦ ਪਹਿਰੇਦਾਰ, ਸੇਵਕ ਸੇਵਾ ਰਿਹਾ ਕਮਾਇਆ। ਜਨ ਭਗਤਾਂ ਕਰੇ ਖ਼ਬਰਦਾਰ, ਜੁਗ ਜੁਗ ਵਿਛੜੇ ਲਏ ਮਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਮਿਲਿਆ ਸਾਂਝਾ ਯਾਰ, ਵਿਛੜ ਕਦੇ ਨਾ ਜਾਇਆ। ਆਏ ਦਰ ਬਣ ਭਿਖਾਰ, ਦਰ ਦਰਵੇਸ਼ਾ ਨਾਉਂ ਧਰਾਇਆ। ਗੁਰਮੁਖਾਂ ਚਰਨੀ ਢਹਿ ਢਹਿ ਮੰਗੇ ਇਕ ਪਿਆਰ, ਪੀਆ ਪ੍ਰੀਤਮ ਅੱਗੇ ਝੋਲੀ ਡਾਹੀਆ। ਸਖਾ ਸੁਹੇਲਾ ਬਣਿਆ ਸਾਚੀ ਨਾਰ, ਗਲ ਫੂਲਨ ਮਾਲਾ ਪਾਇਆ। ਨਾਤਾ ਜੋੜੇ ਵਿਚ ਸੰਸਾਰ, ਗੁਰਮੁਖ ਸਾਚੇ ਦਰ ਵੇਖਣ ਆਇਆ। ਜੋਤ ਨਿਰੰਜਣ ਹੋਈ ਮੁਟਿਆਰ, ਹਰਿ ਸ਼ਬਦ ਲਏ ਪਰਨਾਇਆ। ਦੋਹਾਂ ਵਿਚੋਲਾ ਆਪ ਕਰਤਾਰ, ਕਲਜੁਗ ਅੰਤਮ ਲਏ ਮਿਲਾਇਆ। ਸੋਹੰ ਢੋਲਾ ਸਿਰਜਣਹਾਰ, ਘਰ ਸਾਚੇ ਆਪ ਗਾਇਆ। ਬਦਲਿਆ ਚੋਲਾ ਖੇਲ ਅਪਾਰ, ਦਿਸ ਕਿਸੇ ਨਾ ਆਇਆ। ਲੱਭਦੇ ਫਿਰਦੇ ਕਲਾਂ ਸੋਲਾ, ਅਕਲ ਕਲਾ ਕਲਧਾਰੀ ਨਾਉਂ ਧਰਾਇਆ। ਸ੍ਰਿਸ਼ਟ ਸਬਾਈ ਖੇਲਣ ਆਇਆ ਹੋਲਾ, ਗੁਰਮੁਖ ਸਾਚੇ ਲਏ ਜਗਾਇਆ। ਜਗਤ ਭੁਲਾਇਆ ਸਿੰਘ ਪੂਰਨ ਬਣਾਇਆ ਭੋਲਾ, ਪੰਜ ਤਤ ਕਰੀ ਕੁੜਮਾਇਆ। ਪ੍ਰਭ ਚੁੱਕੀ ਫਿਰਦਾ ਆਪਣੀ ਕੰਧੀ ਡੋਲਾ, ਸੇਵਕ ਸੇਵ ਰਿਹਾ ਕਮਾਇਆ। ਗੁਰਸਿਖਾਂ ਆਪਣੀ ਹੱਥੀਂ ਬੰਨੇ ਤੰਦ ਮੌਲੀ ਮੌਲਾ, ਸਾਚਾ ਸਗਨ ਮਨਾਇਆ । ਮਨਮੁਖਾਂ ਸਿਰ ਗੁਰਸਿਖ ਤੇਰੀ ਪਾਹਨੀ ਮਾਰਨ ਆਇਆ ਪੌਲਾ, ਕਬੀਰ ਕਬੀਰਾ ਵੇਖ ਵਖਾਇਆ। ਧਰਨੀ ਧਰਤ ਸਿਰ ਹੋਇਆ ਧੌਲਾ, ਅੰਤ ਬੁਢੇਪਾ ਆਇਆ। ਨੌਂ ਖੰਡ ਪ੍ਰਿਥਮੀ ਲਏ ਝਕੋਲਾ, ਨਾ ਸਕੇ ਭਾਰ ਉਠਾਇਆ। ਸੱਤਾਂ ਦੀਪਾਂ ਪਿਆ ਰੌਲਾ, ਰਾਮ ਰੌਲਾ ਨਾ ਕੋਇ ਹਟਾਇਆ। ਗੁਰ ਗੋਬਿੰਦ ਪੂਰਾ ਕਰਨ ਆਇਆ ਕੋਲਾ, ਕਵਲ ਕੌਲ ਇਕਰਾਰ ਜੋ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਲਏ ਵਰ, ਵਰ ਦਾਤਾ ਨਾਮ ਰਖਾਇਆ। ਵਰ ਮੰਗਿਆ ਪਾਰਬ੍ਰਹਮ, ਗੁਰਮੁਖ ਵੱਜੀ ਵਧਾਈਆ। ਪੂਰਬ ਹੋਇਆ ਮਾਨਸ ਕਰਮ, ਕਰਮਗਤ ਜਣਾਈਆ। ਲੇਖੇ ਲੱਗਾ ਪੰਜ ਤਤ ਜਨਮ, ਤ੍ਰੈਗੁਣ ਸੰਗ ਰਖਾਈਆ। ਚਰਨ ਦਵਾਰੇ ਸਾਚਾ ਧਰਮ, ਧਰਮੀ ਧਰਮ ਕਮਾਈਆ। ਗੁਰਮੁਖ ਉਤਮ ਤੇਰਾ ਵਰਨ, ਜੋਤ ਨਿਰੰਜਣ ਵੇਖ ਵਖਾਈਆ। ਜੋਤ ਨਿਰੰਜਣ ਆਈ ਚਰਨ, ਆਦਿ ਪੁਰਖ ਲਏ ਉਠਾਈਆ। ਆਦਿ ਪੁਰਖ ਪ੍ਰਭ ਕਰਨੀ ਕਰਨ, ਜੁਗ ਜਗ ਵੱਡੀ ਵਡਿਆਈਆ। ਹਰਿਜਨ ਸੀਸ ਨਿਵਾਇਆ ਸਾਚੇ ਚਰਨ, ਚਰਨ ਕਵਲ ਇਕ ਸਰਨਾਈਆ। ਆਵਣ ਜਾਵਣ ਚੁੱਕੇ ਮਰਨ ਡਰਨ, ਮਾਤ ਗਰਭ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਨਾਅਰਾ ਨਰ ਨਰਾਇਣ ਆਪ ਲਗਾਈਆ। ਨਰ ਨਰਾਇਣ ਏਕਾ ਨਾਅਰਾ, ਏਕਾ ਤਤ ਸੁਹਾਗੀਆ। ਲੱਖ ਚੁਰਾਸੀ ਲਏ ਵਰ, ਵਡ ਦਾਤਾ ਵਡ ਵਡ ਭਾਗੀਆ। ਆਪਣੀ ਕਰਨੀ ਆਪੇ ਕਰ, ਆਪੇ ਬਣੇ ਵੈਰਾਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਹੰਸ ਬਣਾਏ ਕਾਗੀਆ। ਹੰਸ ਸਰੋਵਰ ਮਾਣਕ ਮੋਤੀ, ਗੁਰਮੁਖ ਤਾਲ ਸੁਹਾਇਆ। ਨਿਰਗੁਣ ਜੋਤ ਜਗਾਏ ਜੋਤੀ, ਜੋਤੀ ਜੋਤ ਜਗਾਇਆ। ਸ਼ਬਦ ਫੜਾਏ ਸਾਚੀ ਸੋਟੀ, ਨਾਮ ਸਹਾਰਾ ਇਕ ਰਖਾਇਆ। ਆਪ ਚੜ੍ਹਾਏ ਏਕਾ ਚੋਟੀ, ਏਕਾ ਦਰ ਸੁਹਾਇਆ। ਗੁਰਮੁਖ ਲੱਭੇ ਵਿਚੋਂ ਕੋਟਨ ਕੋਟੀ, ਕੋਟ ਕੋਟੀ ਫੋਲ ਫੁਲਾਇਆ। ਕੋਟਨ ਕੋਟ ਬੰਨੀ ਫਿਰਨ ਲੰਗੋਟੀ, ਤਟ ਤੀਰਥ ਫੇਰਾ ਪਾਇਆ। ਕੋਟਨ ਕੋਟ ਤਨ ਕਟਾਇਣ ਬੋਟੀ ਬੋਟੀ, ਕੀਮਿਆ ਕਬਾਬ ਬਣਾਇਆ। ਬਿਨ ਗੁਰ ਪੂਰੇ ਕੋਈ ਨਾ ਕੱਢੇ ਵਾਸਨਾ ਖੋਟੀ, ਦੁਰਮਤ ਮੈਲ ਨਾ ਕੋਈ ਧੁਆਇਆ। ਕੋਟਨ ਕੋਟੀ ਸਾਧ ਸੰਤ ਮੰਗਦੇ ਫਿਰਨ ਰੋਟੀ, ਪੇਟ ਕਾਰਨ ਤਾਲ ਵਜਾਇਆ। ਕੋਟਨ ਕੋਟ ਮਦਿ ਪਿਆਲੇ ਭੰਗ ਪੀਤੀ ਘੋਟੀ, ਆਤਮ ਰਸ ਨਾ ਕੋਈ ਪਿਆਇਆ। ਕੋਟਨ ਕੋਟੀ ਛੱਪਰ ਛੰਨ ਬਣਾਈ ਬੈਠੇ ਛੋਟੀ, ਮਨ ਛੋਟਾ ਨਾ ਕਿਸੇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਆਦਿ ਨਿਰੰਜਣ ਵਡ ਬਲਕਾਰਾ, ਸਤਿ ਪੁਰਖ ਅਖਵਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕ ਨਾਉਂ ਧਰਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਭੇਵ ਅਭੇਦ ਖੁਲ੍ਹਾਇੰਦਾ। ਨਾਨਕ ਗੁਰ ਕਰ ਪਿਆਰਾ, ਏਕਾ ਰਾਹ ਤਕਾਇੰਦਾ। ਗੁਰ ਗੋਬਿੰਦ ਮੰਗ ਸਹਾਰਾ, ਅਕਾਲ ਪੁਰਖ ਮਨਾਇੰਦਾ। ਅਕਾਲ ਪੁਰਖ ਪਾਵੇ ਸਾਰਾ, ਸ਼ਬਦੀ ਸ਼ਬਦ ਜਣਾਇੰਦਾ। ਏਕਾ ਚੋਟ ਲੱਗੇ ਨਗਾਰਾ, ਏਕਾ ਡੰਕ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਇੰਦਾ। ਲੱਖ ਚੁਰਾਸੀ ਤੋੜੇ ਗੜ੍ਹ ਹੰਕਾਰਾ, ਮਨ ਮਤ ਦਰ ਦੁਰਕਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਨਿਰਗੁਣ ਆਪ ਚਮਕਾਇੰਦਾ। ਆਦਿ ਸ਼ਕਤ ਸੰਗ ਸੁਤ ਦੁਲਾਰਾ, ਜੋੜੀ ਜੋੜ ਜੁੜਾਇੰਦਾ। ਅਸ਼ਟਭੁਜ ਦਏ ਲਲਕਾਰਾ, ਸਿੰਘ ਸ਼ੇਰ ਨਾਉਂ ਰਖਾਇੰਦਾ। ਚੌਥੇ ਜੁਗ ਪਾਵੇ ਸਾਰਾ, ਅਸ਼ਟਭੁਜ ਸ਼ਸਤਰ ਇਕ ਵਖਾਇੰਦਾ। ਰਾਵਣ ਤੋੜ ਗੜ੍ਹ ਹੰਕਾਰਾ, ਲੰਕਾ ਗੜ੍ਹ ਤੁੜਾਇੰਦਾ। ਸ਼ਾਹ ਭਬੀਖਣ ਕਰ ਪਿਆਰਾ, ਆਪਣੇ ਅੰਗ ਲਗਾਇੰਦਾ । ਦਰਯੋਧਨ ਤੇਰਾ ਪਾਰ ਕਿਨਾਰਾ, ਨਾ ਕੋਈ ਧੀਰ ਧਰਾਇੰਦਾ। ਅਰਜਨ ਤੇਰਾ ਬਣ ਲਿਖਾਰਾ, ਗੀਤਾ ਗਿਆਨ ਜਣਾਇੰਦਾ। ਅਠਾਰਾਂ ਧਿਆਏ ਏਕਾ ਧਾਰਾ, ਏਕਾ ਰੂਪ ਦਰਸਾਇੰਦਾ। ਏਕਾ ਜੋਤ ਦਸ ਅਵਤਾਰਾ, ਪੰਜ ਤਤ ਪਰਨਾਇੰਦਾ। ਗੁਰ ਰੂਪ ਵਿਚ ਸੰਸਾਰਾ, ਗਿਆਨ ਗੁਰ ਦ੍ਰਿੜਾਇੰਦਾ। ਸ਼ਬਦ ਸ਼ਬਦ ਸ਼ਬਦ ਕਰ ਪਿਆਰਾ, ਸ਼ਬਦੀ ਸ਼ਬਦ ਵਜਾਇੰਦਾ। ਸਤਿ ਸਤਿ ਸਤਿ ਕਰ ਵਰਤਾਰਾ, ਸਤਿ ਸਤਿ ਸਤਿ ਵਣਜ ਕਰਾਇੰਦਾ। ਮਿਤ ਗਤ ਜਾਣੇ ਜੀਵ ਜੰਤ ਗਵਾਰਾ, ਸਾਧ ਸੰਤ ਮਾਰਗ ਲਾਇੰਦਾ। ਮਾਤ ਪਿਤ ਇਕ ਕਰਤਾਰਾ, ਏਕਾ ਇਸ਼ਟ ਵਖਾਇੰਦਾ। ਅਠਸਠ ਤਟ ਕਿਨਾਰਾ, ਧੁਰ ਦਰਬਾਰਾ ਆਪ ਜਣਾਇੰਦਾ। ਮਸਜਿਦ ਮਠ ਮੰਦਰ ਗੁਰਦਵਾਰਾ, ਗੁਰਚਰਨ ਇਕ ਸੁਹਾਇੰਦਾ। ਨਿਰਗੁਣ ਜੋਤ ਦੀਪ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਸਾਚੇ ਮੰਦਰ ਬਹਿ ਨਿਆਰਾ, ਆਪ ਆਪਣਾ ਰੰਗ ਰੰਗਾਇੰਦਾ । ਡੂੰਘੀ ਭਵਰੀ ਪਾਰ ਕਿਨਾਰਾ, ਜੋਤੀ ਸੇਵਾ ਲਾਇੰਦਾ। ਸ਼ਬਦ ਧੁਨ ਅਨਾਦੀ ਆਤਮਕ ਗਾਏ ਵਾਰੋ ਵਾਰਾ, ਗਾਵਣਹਾਰ ਆਪ ਅਖਵਾਇੰਦਾ। ਸੁਰ ਤਾਲ ਵੱਜੇ ਤਲਵਾੜਾ, ਰਾਗ ਛੱਤੀ ਭੇਵ ਨਾ ਪਾਇੰਦਾ। ਜੋਤ ਜਗੇ ਬਹੱਤਰ ਨਾੜਾ, ਬੱਤੀ ਦੰਦ ਨਾ ਲੇਖ ਲਿਖਾਇੰਦਾ। ਵਾ ਨਾ ਲੱਗੇ ਤੱਤੀ ਹਾੜਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਪੰਚ ਵਿਕਾਰਾ ਚਬਾਏ ਆਪਣੀ ਦਾੜ੍ਹਾ, ਗੁਰਮੁਖ ਮੇਲ ਮਿਲਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਪਾੜੇ ਪਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਭਗਤਨ ਮੀਤਾ ਸਦਾ ਅਤੀਤਾ ਨਿਰਗੁਣ ਰੂਪ ਗੁਰਮੁਖਾਂ ਅੱਗੇ ਕੱਢੇ ਹਾੜਾ, ਵੇਲਾ ਗਿਆ ਹੱਥ ਨਾ ਆਇੰਦਾ। ਅਛਲ ਅਛੱਲ ਪਾਰਬ੍ਰਹਮ ਲੱਖ ਚੁਰਾਸੀ ਲੁੱਟੀ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਲੋਆਂ ਪੁਰੀਆਂ ਵੇਖੇ ਇਕ ਅਖਾੜਾ, ਆਪ ਆਪਣੀ ਰਚਨ ਰਚਾਇੰਦਾ। ਮਨਮੁਖਾਂ ਕਰੇ ਬੰਦ ਕਿਵਾੜਾ, ਮਾਇਆ ਪੜਦਾ ਏਕਾ ਪਾਇੰਦਾ। ਫਿਰਾਏ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਖ਼ੁਦੀ ਖ਼ੁਦਾਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਸੇਵਕ ਸੇਵਾਦਾਰ ਆਪ ਅਖਵਾਇੰਦਾ। ਸੇਵਾਦਾਰ ਹਰਿ ਭਗਵਾਨ, ਪਾਰਬ੍ਰਹਮ ਅਤੀਤ। ਗੁਰਮੁਖਾਂ ਵਖਾਏ ਸਚ ਨਿਸ਼ਾਨ, ਦਿਸ ਨਾ ਆਏ ਕਿਸੇ ਮੰਦਰ ਮਸੀਤ। ਪਰਗਟ ਹੋਇਆ ਵਾਲੀ ਦੋ ਜਹਾਨ, ਲੱਖ ਚੁਰਾਸੀ ਜਾਏ ਜੀਤ। ਏਕਾ ਰਾਗ ਸੁਣਾਏ ਕਾਨ, ਮੇਟ ਮਿਟਾਏ ਹਸਤ ਕੀਟ। ਚਰਨ ਧੂੜ ਬਖ਼ਸ਼ੇ ਸੱਚਾ ਅਸ਼ਨਾਨ, ਆਤਮ ਰਸ ਚਖਾਏ ਮੀਠ। ਗੁਰਮੁਖਾਂ ਦੇਵੇ ਇਕ ਗਿਆਨ, ਚਰਨ ਪ੍ਰੀਤ ਅਨਡੀਠ। ਮਨਮੁਖ ਜੀਵ ਸਰਬ ਪਛਤਾਨ, ਸੁੱਤੇ ਦੇ ਕਰ ਪੀਠ। ਰਾਏ ਧਰਮ ਮੰਗੇ ਧੁਰ ਫ਼ਰਮਾਣ, ਬਨਾਸਪਤ ਤਪਾਏ ਅੰਗੀਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਜਨ ਭਗਤਾਂ ਵਸਿਆ ਚੀਤ। ਚੇਤਨ ਚਿਤ ਵਸੰਦੜਾ, ਸਦਾ ਸਦਾ ਕਿਰਪਾਲ। ਗੁਰਮੁਖ ਸਾਜਨ ਮੇਲ ਮਲੰਦੜਾ, ਦੀਨਾ ਬੰਧਪ ਦੀਨ ਦਿਆਲ। ਚਰਨ ਪ੍ਰੀਤੀ ਇਕ ਰਖੰਦੜਾ, ਕਾਇਆ ਗੜ੍ਹ ਸੱਚੀ ਧਰਮਸਾਲ। ਮਨਮੁਖ ਜੀਵ ਭਾਗਾਂ ਮੰਦੜਾ, ਦੋ ਜਹਾਨ ਰਹੇ ਕੰਗਾਲ। ਮਾਇਆ ਮਮਤਾ ਆਤਮ ਅੰਧੜਾ, ਫਲ ਦਿਸੇ ਨਾ ਕਿਸੇ ਡਾਲ। ਦੂਈ ਦਵੈਤੀ ਹੋਈ ਕੰਧੜਾ, ਆਪ ਆਪਣਾ ਨਾ ਸਕੇ ਭਾਲ। ਮਦਿਰਾ ਮਾਸੀ ਗੰਦੜਾ, ਅੰਤਮ ਸ਼ੌਹ ਦਰਯਾਏ ਮਾਰੇ ਛਾਲ। ਜਨ ਭਗਤਾਂ ਹਰਿ ਭਗਵਾਨ ਆਪ ਬਖ਼ਸ਼ੰਦੜਾ, ਬਖ਼ਸ਼ਣਹਾਰ ਸਦਾ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਸੋਹੇ ਦਰ ਬੰਕ ਦਵਾਰ ਇਕ ਪਰਵਾਨ। ਬੰਕ ਦਵਾਰਾ ਹਰਿ ਭਗਵੰਤਾ, ਭਰਮੀ ਗੜ੍ਹ ਤੁੜਾਇਆ। ਮੇਲ ਮਿਲਾਇਆ ਸਾਚੇ ਸੰਤਾ, ਸਤਿਗੁਰ ਪੁਰਖ ਮਿਲਾਇਆ। ਸੁਹਾਵੀ ਸੇਜ ਨਾਰੀ ਕੰਤਾ, ਕੰਤ ਕੰਤੂਹਲਾ ਪਾਇਆ। ਚੋਲੀ ਰੰਗੇ ਰੰਗ ਬਸੰਤਾ, ਰੰਗ ਮਜੀਠੀ ਇਕ ਚੜ੍ਹਾਇਆ। ਆਪ ਬਣਾਏ ਸਾਚੀ ਬਣਤਾ, ਬੇੜਾ ਬੰਨਣਹਾਰ ਆਪ ਅਖਵਾਇਆ। ਗੁਰਮੁਖ ਲਗਾਏ ਆਪਣੇ ਅੰਗਾ, ਅੰਗੀਕਾਰ ਨਾਉਂ ਧਰਾਇਆ। ਹਰਿਸੰਗਤ ਤੇਰੀ ਚਰਨ ਧੂੜੀ ਹਰਿ ਸਾਚਾ ਮੰਗਦਾ, ਕਲਜੁਗ ਉਲਟਾ ਵਹਿਣ ਵਹਾਇਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਕਾਸ਼ ਪਰਕਾਸ਼ ਲੋਕ ਪਰਲੋਕ ਗਗਨ ਮੰਡਲ ਆਪੇ ਲੰਘਦਾ, ਹਰਿਜਨ ਮੰਦਰ ਡੇਰਾ ਲਾਇਆ। ਜੋਤੀ ਨੂਰ ਹਾਜ਼ਰ ਹਜ਼ੂਰ ਨਿਹਕਲੰਕ ਸ਼ਬਦ ਗੁਰ ਕਦੇ ਨਾ ਸੰਗਦਾ, ਭਗਤ ਦਵਾਰੇ ਆਵੇ ਜਾਵੇ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰਿਖੀ ਕੇਸ਼ ਗਵਰਧਨ ਧਾਰ, ਜੋਤ ਸਰੂਪੀ ਕਰ ਅਕਾਰ, ਨਾਨਕ ਗੋਬਿੰਦ ਇਕ ਵਿਹਾਰ, ਗੁਰਮੁਖ ਮੇਲਾ ਵਿਚ ਸੰਸਾਰ, ਆਪ ਆਪਣਾ ਰਿਹਾ ਕਰਾਇਆ।