੨੧ ਅੱਸੂ ੨੦੧੫ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਆਦਿ ਜੁਗਾਦਿ ਜੁਗ ਜੁਗ ਧਾਰ, ਹਰਿ ਹਰਿ ਆਪ ਚਲਾਈਆ। ਨਿਰਗੁਣ ਰੂਪ ਕਰ ਅਕਾਰ, ਨਿਰਾਕਾਰ ਸਮਾਈਆ। ਅਕਲ ਕਲ ਖੇਲ ਅਪਾਰ, ਅਕਾਲ ਪੁਰਖ ਅਖਵਾਈਆ। ਆਦਿ ਸ਼ਕਤ ਰੂਪ ਅਪਾਰ, ਅਨਭਵ ਪ੍ਰਕਾਸ਼ ਸਮਾਈਆ। ਅਲੱਖ ਅਗੰਮ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਰੁਸ਼ਨਾਈਆ। ਰਾਮ ਰੂਪ ਅਪਰ ਅਪਾਰ, ਰੂਪ ਰੇਖ ਨਾ ਕੋਈ ਜਣਾਈਆ। ਆਪੇ ਵਸਿਆ ਧਾਮ ਨਿਆਰ, ਧਾਮ ਅਵੱਲੜਾ ਇਕ ਸੁਹਾਈਆ। ਆਦਿ ਨਿਰੰਜਣ ਪੁਰਖ ਕਰਤਾਰ, ਅਜੂਨੀ ਰਹਿਤ ਨਾਮ ਰਖਾਈਆ। ਸਵੈ ਸ਼ਕਤ ਜੋਤ ਨਿਰਾਕਾਰ, ਰੂਪ ਅਨੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਖਿਲਾਈਆ। ਆਦਿ ਜੁਗਾਦਿ ਹਰਿ ਨਿਰੰਕਾਰਾ, ਏਕਾ ਏਕ ਸਮਾਇਆ। ਪਾਰਬ੍ਰਹਮ ਪ੍ਰਭ ਹਰਿ ਅਵਤਾਰਾ, ਹਰਿ ਹਰਿ ਜੋਤ ਜਗਾਇਆ। ਕੋਟਨ ਕੋਟ ਕੋਟ ਕਰ ਪਸਾਰਾ, ਆਪ ਆਪਣਾ ਰਿਹਾ ਛੁਪਾਇਆ। ਮਹੱਲ ਅਟੱਲ ਉਚ ਮੁਨਾਰਾ, ਏਕਾ ਏਕ ਸੁਹਾਇਆ। ਆਪੇ ਬੈਠ ਸਿਰਜਣਹਾਰਾ, ਸਚ ਸਮਗਰੀ ਲਏ ਉਪਾਇਆ। ਜੋਤੀ ਜੋਤ ਧਰ ਪਿਆਰਾ, ਜੋਤੀ ਜੋਤ ਮੇਲ ਮਿਲਾਇਆ। ਸ਼ਬਦ ਅਨਾਦੀ ਉਪਜੇ ਬਾਹਿਰਾ, ਧੁਨ ਅਨਾਦ ਵਜਾਇਆ। ਗਾਏ ਗਵਾਏ ਗਾਵਣਹਾਰਾ, ਸੁਨਣਹਾਰ ਆਪ ਹੋ ਜਾਇਆ। ਵੇਖੇ ਵਿਗਸੇ ਕਰ ਵਿਚਾਰਾ, ਵੇਖਣਹਾਰਾ ਦਿਸ ਨਾ ਆਇਆ। ਬ੍ਰਹਿਮੰਡ ਖੰਡ ਕਰ ਪਸਾਰਾ, ਲੋਆਂ ਪੁਰੀਆਂ ਬਣਤ ਬਣਾਇਆ। ਲੋਕ ਪਰਲੋਕ ਦਏ ਸਹਾਰਾ, ਚੌਦਾਂ ਹੱਟ ਖੁਲ੍ਹਾਇਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰਾ, ਆਪਣਾ ਅੰਗ ਕਟਾਇਆ। ਤ੍ਰੈਗੁਣ ਮੇਲ ਅਪਰ ਅਪਾਰਾ, ਪ੍ਰਿਥਮੀ ਅਕਾਸ਼ ਟਿਕਾਇਆ। ਪੰਜ ਤਤ ਖੇਲ ਨਿਆਰਾ, ਮਨ ਮਤ ਬੁੱਧ ਮੇਲ ਮਿਲਾਇਆ। ਨਿਰਗੁਣ ਬ੍ਰਹਮ ਕਰ ਪਸਾਰਾ, ਆਤਮ ਆਪ ਦਰਸਾਇਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਚਲੇ ਆਪਣੀ ਧਾਰਾ, ਧਾਰ ਅਵੱਲੀ ਇਕ ਰਖਾਇਆ। ਗੁਰ ਪੀਰ ਸਾਧ ਸੰਤ ਸੇਵਕ ਲਾਏ ਸੇਵਾਦਾਰਾ, ਮਾਰਗ ਪੰਥ ਚਲਾਇਆ। ਜੋਗ ਤਪ ਹੱਠ ਸਨਿਆਸ ਵੈਰਾਗ ਤਿਆਗ ਦਿਸੇ ਵਿਚ ਸੰਸਾਰਾ, ਤਨ ਲੰਗੋਟ ਬੰਧਾਇਆ। ਕਪੜ ਕੂੜ ਕਿਰਿਆ ਕਰ ਉਜਿਆਰਾ, ਮਾਣ ਮੋਹ ਬੰਧਾਇਆ। ਪੰਜ ਤਤ ਕਰ ਹਿਤਕਾਰਾ, ਹਉਮੇ ਗੜ੍ਹ ਸੁਹਾਇਆ। ਰਕਤ ਬੂੰਦ ਮੇਲ ਕੰਤ ਭਤਾਰਾ, ਨਾਰੀ ਨਾਰਾ ਵੇਸ ਵਟਾਇਆ। ਉਪਜੇ ਸੁਤ ਜਗਤ ਦੁਲਾਰਾ, ਧਰਤ ਮਾਤ ਗੋਦ ਸੁਹਾਇਆ । ਵੇਖ ਵਖਾਏ ਰਵ ਸਸ ਸੂਰਜ ਚੰਨ ਸਤਾਰਾ, ਮੰਡਲ ਮੰਡਪ ਸੁਹਾਇਆ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਕਿਸੇ ਨਾ ਪਾਇਆ। ਪੜ੍ਹ ਪੜ੍ਹ ਥੱਕੇ ਜੀਵ ਜੰਤ ਗਵਾਰਾ, ਲੇਖਾ ਲਿਖਤ ਵਿਚ ਨਾ ਆਇਆ। ਬ੍ਰਹਮਾ ਵੇਤਾ ਬਣ ਲਿਖਾਰਾ, ਚਾਰੇ ਮੁਖ ਰਿਹਾ ਖੁਲ੍ਹਾਇਆ। ਪ੍ਰਭ ਅਬਿਨਾਸ਼ੀ ਖੇਲ ਨਿਆਰਾ, ਭੇਵ ਅਭੇਦਾ ਭੇਵ ਛੁਪਾਇਆ। ਕਰੇ ਕਰਾਏ ਕਰਨੇਹਾਰਾ, ਕਾਦਰ ਕਰਤਾ ਆਪ ਅਖਵਾਇਆ। ਘੜਣ ਭੰਨਣਹਾਰ ਸਮਰਥ ਪੁਰਖ ਅਪਾਰਾ, ਸਾਰੰਗ ਧਰ ਨਾਮ ਧਰਾਇਆ। ਮਰੇ ਜੰਮੇ ਵਿਚ ਸੰਸਾਰਾ, ਆਵਣ ਜਾਵਣ ਖੇਲ ਰਚਾਇਆ। ਬਿਨ ਥੰਮੇ ਗਗਨ ਦਏ ਸਹਾਰਾ, ਧਰਤ ਧਵਲ ਜਲ ਬਿੰਬ ਟਿਕਾਇਆ। ਥਿਰ ਘਰ ਸੁਹਾਏ ਨਾ ਕੋਈ ਲਾਏ ਇੱਟਾਂ ਗਾਰਾ, ਹਰਿ ਮੰਦਰ ਨਾਉਂ ਰਖਾਇਆ। ਨਿਰਮਲ ਜੋਤੀ ਕਰ ਉਜਿਆਰਾ, ਦੀਪਕ ਇਕ ਸੁਹਾਇਆ। ਨਾਦੀ ਸ਼ਬਦ ਵੱਜੇ ਧੁੰਨਕਾਰਾ, ਰਾਗ ਰਾਗਨੀ ਨਾ ਕੋਈ ਗਾਇਆ। ਬੋਧ ਅਗਾਧ ਸ਼ਬਦ ਜੈਕਾਰਾ, ਸੁਨ ਸਮਾਧ ਸੁਣਾਇਆ। ਵੇਖੇ ਖੇਲ ਆਪ ਨਿਰੰਕਾਰਾ, ਨਿਰਵੈਰ ਨਾਮ ਧਰਾਇਆ। ਨੂਰੋ ਨੂਰ ਨੂਰ ਚਮਤਕਾਰਾ, ਆਪ ਆਪਣਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਹਰਿ ਅਵੱਲਾ, ਹਰਿ ਆਪਣੀ ਜੋਤ ਜਗਾਈਆ। ਖੇਲੇ ਖੇਲ ਸ੍ਰਿਸ਼ਟ ਸਬਾਈ ਇਕ ਇਕੱਲਾ, ਘਟ ਘਟ ਬੈਠਾ ਆਸਣ ਲਾਈਆ। ਸੁਹਾਏ ਨਿਹਚਲ ਧਾਮ ਅਟੱਲਾ, ਉਚ ਮਹੱਲਾ ਡੇਰਾ ਲਾਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਆਪਣੇ ਹੱਥ ਰੱਖੀ ਵਡਿਆਈਆ। ਆਦਿ ਪੁਰਖ ਹਰਿ ਦੀਨ ਦਿਆਲਾ, ਅਕਲ ਕਲਾ ਅਖਵਾਇੰਦਾ। ਆਦਿ ਸ਼ਕਤੀ ਜੋਤ ਜਵਾਲਾ, ਏਕਾ ਏਕ ਡਗਮਗਾਇੰਦਾ। ਆਪੇ ਕਾਲ ਆਪੇ ਮਹਾਂਕਾਲਾ, ਮਹਾਂਕਾਲ ਆਪ ਖਪਾਇੰਦਾ। ਆਪੇ ਧਰਮ ਰਾਏ ਧਰਮਸਾਲਾ, ਧਰ ਧਰਨੀ ਆਪ ਸੁਹਾਇੰਦਾ। ਆਪੇ ਪ੍ਰਿਥਮੀ ਕਰੇ ਪ੍ਰਿਤਪਾਲਾ, ਅਕਾਸ਼ ਪ੍ਰਕਾਸ਼ ਆਪ ਰਖਾਇੰਦਾ। ਆਪੇ ਖੇਲੇ ਖੇਲ ਨਿਰਾਲਾ, ਖੇਲਣਹਾਰ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਵੇਸ ਸਤਿ ਪੁਰਖ ਸਦਾ ਅਦੇਸ, ਜੂਨੀ ਰਹਿਤ ਭੇਵ ਕੋਈ ਨਾ ਪਾਇੰਦਾ। ਮੂਰਤ ਅਕਾਲ ਜੋਤ ਨਿਰੰਜਣ, ਜੂਨੀ ਰਹਿਤ ਅਖਵਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਸਗਲਾ ਸੰਗ ਨਿਭਾਇਆ। ਲੱਖ ਚੁਰਾਸੀ ਨੇਤਰ ਗਿਆਨ ਦੇਵੇ ਅੰਜਨ, ਨਿਰਤ ਸੁਰਤ ਵੇਖ ਵਖਾਇਆ। ਕਾਇਆ ਗੜ੍ਹ ਸੁਹਾਏ ਕੰਚਨ, ਉਪਰ ਚੜ੍ਹ ਡੇਰਾ ਲਾਇਆ। ਆਪ ਕਰਾਏ ਆਤਮ ਸਰ ਆਪਣਾ ਮਜਨ, ਸਰ ਸਰੋਵਰ ਇਕ ਨੁਹਾਇਆ। ਆਤਮ ਅੰਤਰ ਸ਼ਬਦ ਅਨਾਦੀ ਏਕਾ ਭਜਨ, ਦਿਵਸ ਰੈਣ ਰਿਹਾ ਸੁਣਾਇਆ। ਅਨਹਦ ਅਨਹਤ ਤਾਲ ਆਪੇ ਵੱਜਣ, ਤਾਲ ਤਲਵਾੜਾ ਇਕ ਰਖਾਇਆ। ਸੇਵਾ ਕਰੇ ਪ੍ਰਭ ਸਾਚਾ ਸੱਜਣ, ਪੰਜ ਤਤ ਡੇਰਾ ਲਾਇਆ। ਹਉਮੇ ਗੜ੍ਹ ਹੰਕਾਰੀ ਭੱਜਣ, ਨਾਮ ਖੰਡਾ ਇਕ ਚਮਕਾਇਆ। ਨੌਂ ਦਵਾਰ ਗੁਰਮੁਖ ਸਾਚੇ ਤਜਣ, ਦਰ ਦਵਾਰਾ ਇਕ ਸੁਹਾਇਆ। ਕਾਇਆ ਕਾਅਬਾ ਸਾਚਾ ਹਾਜਨ, ਹਾਜੀ ਹੱਜ ਵਖਾਇਆ। ਸ਼ਬਦ ਅਗੰਮੀ ਚੜ੍ਹਿਆ ਤਾਜਨ, ਲੋਕਮਾਤ ਫੇਰਾ ਪਾਇਆ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਵੇਖ ਵਖਾਇਆ। ਜੋਤ ਜਗਾਏ ਦੇਸ ਮਾਝਨ, ਨਿਹਕਲੰਕੀ ਨਾਉਂ ਰਖਾਇਆ। ਗੋਬਿੰਦ ਰੱਖੇ ਤੇਰੀ ਲਾਜਣ, ਸੰਬਲ ਨਗਰੀ ਡੇਰਾ ਲਾਇਆ। ਸੁਤ ਦੁਲਾਰੇ ਮਾਰੇ ਵਾਜਨ, ਜੋ ਸਰਸੇ ਗਿਆ ਰੁੜਾਇਆ। ਮਨਮੁਖਾਂ ਖੋਲ੍ਹਣ ਆਇਆ ਪਾਜਣ, ਵੀਹ ਸਦ ਪੰਦਰਾਂ ਵੇਖ ਵਖਾਇਆ। ਪ੍ਰਗਟ ਹੋਇਆ ਸ਼ਾਹੋ ਭੂਪ ਵਡ ਰਾਜ ਰਾਜਾਨ, ਰਾਜ ਰਾਜਾਨਾ ਦਏ ਹਿਲਾਇਆ। ਵੇਖੇ ਸ਼ੇਖ਼ ਮੁਸਾਇਕ ਨਵਾਬਨ, ਪੀਰ ਫ਼ਕੀਰ ਦਸਤਗੀਰ ਦਏ ਉਠਾਇਆ। ਜਗਤ ਮਸਲਾ ਵੇਖੇ ਸਾਚਾ ਹਾਜੀ ਹਾਜਨ, ਮੁਖ ਨਕਾਬ ਪਰਦਾ ਲਾਹਿਆ। ਤਾਲਬ ਤਲਬ ਕਰੇ ਗਾਲਬ ਗਲਬ ਕਰੇ ਵੇਖੇ ਖੇਲ ਪੁਨ ਸਵਾਬਨ, ਅਹਿਬਾਬ ਰਬਾਬ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਨਾਉਂ ਧਰਾਇਆ। ਜੋਤੀ ਜਾਮਾ ਹਰਿ ਗੋਬਿੰਦ, ਸਗਲੀ ਚਿੰਤ ਮਿਟਾਈਆ। ਪ੍ਰਗਟ ਹੋਏ ਭਾਰਤ ਹਿੰਦ, ਨੌਂ ਖੰਡ ਕਰੇ ਰੁਸ਼ਨਾਈਆ। ਸ਼ਬਦ ਧਾਰ ਵਹਾਏ ਸਾਗਰ ਸਿੰਧ, ਬੇਮੁੱਖਾਂ ਦਏ ਰੁੜਾਈਆ। ਸ਼ਬਦ ਗੁਰੂ ਦਾਤਾ ਸੂਰਾ ਵਡ ਮਰਗਿੰਦ, ਨਾਮ ਖੰਡਾ ਹੱਥ ਉਠਾਈਆ। ਪੰਡਤ ਪਾਂਧਿਆਂ ਮੇਟੇ ਚਿੰਦ, ਜੋ ਬੈਠੇ ਮਸਤਕ ਤਿਲਕ ਲਗਾਈਆ। ਦਰ ਦਰ ਘਰ ਕਰਨ ਨਿੰਦ, ਨੇਤਰ ਗਿਆਨ ਨਾ ਕੋਈ ਰਖਾਈਆ। ਪੂਜ ਪੂਜ ਥੱਕੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਸ਼ਿਵ ਸ਼ੰਕਰ ਸੀਸ ਭੇਟ ਚੜ੍ਹਾਈਆ। ਬ੍ਰਹਮਾ ਬ੍ਰਹਮਾ ਅਖਵਾਏ ਆਪਣੀ ਬਿੰਦ, ਬ੍ਰਹਮ ਅਸਮੀ ਬ੍ਰਹਮ ਸਮਾਈਆ। ਪਾਰਬ੍ਰਹਮ ਪ੍ਰਭ ਮੇਟਣਹਾਰਾ ਸਗਲੀ ਚਿੰਦ, ਕਲਜੁਗ ਅੰਤਮ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਵੇਸ ਆਦਿ ਪੁਰਖ ਆਪ ਕਰਾਈਆ। ਲੋਕਮਾਤ ਧਰ ਧਰ ਵੇਸ, ਆਪਣਾ ਕਰਮ ਕਮਾਇੰਦਾ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਆਪੇ ਸੀਸ ਨਿਵਾਇੰਦਾ। ਆਪੇ ਪੂਜਾ ਗਣਪਤ ਗਣੇਸ਼, ਆਪੇ ਪਾਹਨ ਗਲ ਲਟਕਾਇੰਦਾ। ਆਪੇ ਦੇਵਣਹਾਰਾ ਸ਼ਬਦ ਸੰਦੇਸ਼, ਭਗਤ ਭਗਤੀ ਆਪ ਕਰਾਇੰਦਾ। ਆਪੇ ਰਿਖ ਮੁਨ ਕਰੇ ਆਦੇਸ਼, ਆਪ ਆਪਣਾ ਵੇਸ ਵਟਾਇੰਦਾ। ਆਪੇ ਰਾਜ ਰਾਜਾਨਾ ਸ਼ਾਹ ਨਰ ਨਰੇਸ਼, ਭੇਖ ਭਿਖਾਰੀ ਆਪ ਹੋ ਜਾਇੰਦਾ। ਆਪੇ ਬਣੇ ਦਰ ਦਰਵੇਸ਼, ਆਪਣੀ ਭਿਛਿਆ ਆਪੇ ਪਾਇੰਦਾ। ਆਪੇ ਮੂੰਡ ਮੁੰਡਾਏ ਧਾਰੀ ਕੇਸ, ਆਪੇ ਮਸਤਕ ਤਿਲਕ ਲਗਾਇੰਦਾ। ਆਪੇ ਪੰਜ ਕਕਾਰਾ ਦਸ ਦਸਮੇਸ਼, ਆਪੇ ਲਬਾਂ ਮੁਖ ਕਟਾਇੰਦਾ। ਆਪੇ ਕਰਾਏ ਆਪਣਾ ਵੇਸ, ਆਪੇ ਵੇਖ ਵਖਾਇੰਦਾ। ਕਿਸੇ ਨਾ ਚਲੇ ਅੱਗੇ ਪੇਸ਼, ਹੁਕਮੀ ਹੁਕਮ ਸਰਬ ਫਿਰਾਇੰਦਾ। ਆਪੇ ਪਾਵੇ ਸਾਰ ਨੌਂ ਖੰਡ ਪ੍ਰਿਥਮੀ ਸਾਚੇ ਦੇਸ, ਸੱਤਾਂ ਦੀਪਾਂ ਆਪ ਜਗਾਇੰਦਾ। ਆਪੇ ਖੂੰਡੀ ਓਡੇ ਭੂਰੀ ਖੇਸ, ਆਪੇ ਮੱਝੀਆਂ ਬਣ ਚਰਾਇੰਦਾ। ਆਦਿ ਜੁਗਾਦਿ ਆਪੇ ਰਹੇ ਹਮੇਸ਼, ਆਦਿ ਅੰਤ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਰ ਪ੍ਰਗਟ ਹੋਏ ਨਰ ਨਰੇਸ਼, ਨਿਹਕਲੰਕਾ ਨਾਉਂ ਰਖਾਇੰਦਾ। ਕਿਸੇ ਹੱਥ ਨਾ ਆਏ ਪੁਸਤਕ ਰੇਖ, ਪੰਡਤ ਪਾਂਧਾ ਨਾ ਕੋਈ ਵਖਾਇੰਦਾ। ਫਿਰੀ ਦੁਹਾਈ ਚਾਰ ਕੁੰਟ ਦਹਿ ਦਿਸ਼ਾ ਗਗਨ ਮੰਡਲ ਸਭ ਰਹੇ ਵੇਖ, ਕਵਣ ਕੂਟੇ ਕਵਣ ਧਾਰ ਹਰਿ ਨਿਰੰਕਾਰ ਜੋਤੀ ਜੋਤ ਜਗਾਇੰਦਾ। ਸਾਧ ਸੰਤ ਅੰਦਰ ਵੜ ਰਹੇ ਵੇਖ, ਕਾਇਆ ਜਿੰਦਾ ਕਵਣ ਤੁੜਾਇੰਦਾ। ਪੰਡਤ ਪਾਂਧੇ ਮੰਦਰ ਬੈਠ ਰਹੇ ਪੜ੍ਹ, ਗੀਤਾ ਗਿਆਨ ਗਾਇਤਰੀ ਦੁਰਗਾ ਰਾਮ ਕਹਾਇੰਦਾ। ਗ੍ਰੰਥੀ ਪੰਥੀ ਰਹੇ ਫੜ, ਹੱਥ ਕਿਸੇ ਨਾ ਆਇੰਦਾ। ਪੀਰ ਫ਼ਕੀਰ ਉਚੇ ਟਿੱਲੇ ਰਹੇ ਚੜ੍ਹ, ਜਗਤ ਮਹਿਰਾਬੇ ਬਾਂਗ ਸੁਣਾਇੰਦਾ। ਕਿਸੇ ਹੱਥ ਨਾ ਆਇਆ ਪੰਜ ਤਤ ਕਾਇਆ ਧੜ, ਰੋ ਰੋ ਸਰਬ ਕੁਰਲਾਇੰਦਾ । ਕਲਜੁਗ ਵਗਾਇਆ ਆਪਣਾ ਹੜ, ਕਾਮ ਕਰੋਧ ਲੋਭ ਮੋਹ ਹੰਕਾਰ ਧਾਰ ਇਕ ਵਖਾਇੰਦਾ। ਹਉਮੇ ਹੰਗਤਾ ਗਏ ਸੜ, ਤ੍ਰਿਸ਼ਨਾ ਤ੍ਰਿਪਤ ਨਾ ਕੋਈ ਕਰਾਇੰਦਾ। ਕੋਈ ਨਾ ਵੇਖੇ ਚੋਟੀ ਚੜ੍ਹ, ਨਿਝ ਘਰ ਨਾ ਕੋਈ ਸੁਹਾਇੰਦਾ। ਸੰਮਤ ਪੰਦਰਾਂ ਰਾਹ ਵਿਚ ਸਾਰੇ ਬੈਠੇ ਅੜ, ਅੱਗੇ ਦਿਸ ਕੁਛ ਨਾ ਪਾਇੰਦਾ। ਲੱਗੇ ਅੱਗ ਬਹੱਤਰ ਨਾੜ, ਕਾਇਆ ਧੂਣੀ ਮੱਠ ਤਪਾਇੰਦਾ। ਆਪਣਾ ਮੂਲ ਜਾਨਣ ਜੜ੍ਹ, ਸਾਚਾ ਲੜ ਨਾ ਕੋਈ ਵਖਾਇੰਦਾ। ਵੇਦ ਕਤੇਬਾਂ ਗ੍ਰੰਥਾਂ ਰਹੇ ਪੜ੍ਹ, ਹਰਿ ਕੀ ਪੌੜੀ ਚੜ੍ਹ ਦਰਸ ਕੋਈ ਨਾ ਪਾਇੰਦਾ। ਆਪਣੇ ਅੰਦਰ ਆਪੇ ਰਹੇ ਲੜ, ਨਾ ਝਗੜਾ ਕੋਈ ਮਿਟਾਇੰਦਾ। ਡੂੰਘੀ ਭਵਰੀ ਬੈਠੇ ਵੜ, ਨਾ ਪਾਰ ਕੋਈ ਕਰਾਇੰਦਾ। ਸੂਫ਼ੀ ਮੱਤ ਮਾਰੀ ਦੜ, ਸਚ ਨਿਸ਼ਾਨ ਨਾ ਕੋਈ ਲਗਾਇੰਦਾ। ਸਨਾਤਨ ਧਰਮ ਰਿਹਾ ਸੜ, ਧਰਨੀ ਧਵਲ ਨਾ ਕੋਈ ਸੁਹਾਇੰਦਾ। ਭਗਵੇ ਵੇਸ ਘਰ ਘਰ ਕਰ, ਦਾੜ੍ਹੀ ਮੁੱਛ ਕਟਾਇੰਦਾ। ਵੇਸਵਾ ਵੇਸ ਲਿਆ ਕਰ, ਦਰ ਦਰ ਗੁਰੂ ਫਿਰਾਇੰਦਾ। ਸਨਿਆਸ ਆਸ ਪੂਰੀ ਨਾ ਰਿਹਾ ਕਰ, ਸੁਰਤ ਗਿਆਨ ਨਾ ਕੋਈ ਦ੍ਰਿੜਾਇੰਦਾ। ਪੰਚਮ ਵਿਕਾਰਾ ਰਿਹਾ ਸੜ, ਤਤਵ ਤਤ ਜਲਾਇੰਦਾ। ਪੰਡਤ ਪਾਂਧਾ ਪੀ ਪੀ ਨੜ, ਆਪਣਾ ਮੂਲ ਚੁਕਾਇੰਦਾ। ਮੁਸਲਮ ਸੁਨੀ ਤੀਸ ਬਤੀਸ ਅੱਖਰ ਪੜ੍ਹ, ਸਚ ਆਇਤ ਨਾ ਕੋਈ ਸੁਣਾਇੰਦਾ। ਗ੍ਰੰਥੀ ਪੰਥੀ ਬਣਿਆ ਗੜ੍ਹ, ਹਉਮੇ ਗੜ੍ਹ ਨਾ ਕੋਈ ਤੁੜਾਇੰਦਾ। ਇਕ ਇਕੱਲਾ ਪਾਰਬ੍ਰਹਮ ਕਲਜੁਗ ਅੰਤਮ ਲਏ ਫੜ, ਲੇਖਾ ਕੋਈ ਰਹਿਣ ਨਾ ਪਾਇੰਦਾ। ਪਹਿਲੀ ਕੂਟੇ ਰਿਹਾ ਚੜ੍ਹ, ਸ਼ਬਦੀ ਡੰਕ ਵਜਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਹਰ ਘਟ ਆਪ ਸੁਹਾਇੰਦਾ। ਗੋਬਿੰਦ ਬਾਲਾ ਲਏ ਫੜ, ਆਪਣੀ ਗੋਦ ਉਠਾਇੰਦਾ। ਮਨਮੁਖਾਂ ਨਾਲ ਰਿਹਾ ਲੜ, ਮਾਇਆ ਪਰਦਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਇਕ ਇਕੱਲਾ, ਖੇਲੇ ਖੇਲ ਜਗਤ ਮਹੱਲਾ, ਆਪ ਆਪਣਾ ਵੇਸ ਵਟਾਇੰਦਾ।
ਗੋਬਿੰਦ ਗੁਰ ਕਰ ਪਿਆਰ, ਰਾਮ ਰੂਪ ਸਮਾਈਆ। ਕਾਹਨਾ ਕ੍ਰਿਸ਼ਨਾ ਖੇਲ ਨਿਆਰ, ਨਾਮ ਬੰਸਰੀ ਇਕ ਵਜਾਈਆ। ਅਹਿਮਦ ਮੁਹੰਮਦ ਪਾਵੇ ਸਾਰ, ਐਨਲਹੱਕ ਜਣਾਈਆ। ਸਚ ਖ਼ੁਦਾਈ ਪਰਵਰਦਿਗਾਰ, ਪਾਰਬ੍ਰਹਮ ਅਖਵਾਈਆ। ਖੇਲੇ ਖੇਲ ਵਿਚ ਸੰਸਾਰ, ਗੁਰਮੁਖਾਂ ਰਿਹਾ ਉਠਾਈਆ। ਤੋੜੇ ਗੜ੍ਹ ਲੰਕਾ ਹੰਕਾਰ, ਬਜ਼ਰ ਕਪਾਟੀ ਇਕ ਜਣਾਈਆ। ਰਾਵਣ ਰੋਵੇ ਧਾਹਾਂ ਮਾਰ, ਮਨ ਰਾਵਣ ਰਹਿਣ ਨਾ ਪਾਈਆ। ਸੀਤਾ ਸੁਰਤੀ ਕਰ ਪਿਆਰ, ਸ਼ਬਦ ਰਾਮਾ ਲਏ ਪ੍ਰਨਾਈਆ। ਗੁਰਸਿਖ ਤੇਰਾ ਸਚ ਪਿਆਰ, ਸ਼ਾਹ ਭਬੀਖ਼ਣ ਨਾਉਂ ਰਖਾਈਆ। ਰਾਸ਼ਟਰਪਤਿ ਮੀਤ ਮੁਰਾਰ, ਸੋਇਆ ਸੁਤ ਉਠਾਈਆ। ਅੰਤਮ ਮੇਲਾ ਵਿਚ ਸੰਸਾਰ, ਸੰਮਤ ਸੋਲਾਂ ਦਏ ਸਮਝਾਈਆ। ਥਿਤ ਵਾਰ ਰਿਹਾ ਵਿਚਾਰ, ਆਪਣੇ ਹੱਥ ਰੱਖੇ ਵਡਿਆਈਆ। ਹਰਿਸੰਗਤ ਹਰਿ ਸੇਵਾਦਾਰ, ਰਾਜ ਰਾਜਾਨਾ ਸ਼ਾਹ ਸੁਲਤਾਨਾ ਦੇਵੇ ਖ਼ਾਕ ਮਿਲਾਈਆ। ਜੋਧਾ ਸੂਰਬੀਰ ਵਡ ਮਰਦ ਮਰਦ ਮਰਦਾਨਾ, ਏਕਾ ਖੰਡਾ ਰਿਹਾ ਚਮਕਾਈਆ। ਪਹਿਲੀ ਕੱਤਕ ਬੰਨੇ ਗਾਨਾ, ਸਾਚਾ ਸਗਨ ਮਨਾਈਆ। ਗੁਰਸਿਖ ਨਾ ਫੜੇ ਤੀਰ ਕਮਾਨਾ, ਰਸਨਾ ਸੋਹੰ ਏਕਾ ਗਾਈਆ। ਖੇਲੇ ਖੇਲ ਹਰਿ ਦੋ ਜਹਾਨਾਂ, ਦੋ ਜਹਾਨਾਂ ਵਾਲੀ ਆਪ ਅਖਵਾਈਆ। ਜਨ ਭਗਤਾਂ ਦੇਵੇ ਪਦ ਨਿਰਬਾਨਾ, ਦੂਸਰ ਹੱਥ ਕਿਸੇ ਨਾ ਆਈਆ । ਅੰਦਰ ਬੈਠੇ ਕਰਨ ਧਿਆਨਾ, ਹਰਿ ਧਿਆਨ ਵਿਚ ਨਾ ਆਈਆ। ਗੁਰਦਰ ਮੰਦਰ ਮਸਜਿਦ ਮੱਠ, ਸ਼ਿਵਦਵਾਲੇ ਬਹਿ ਬਹਿ ਕਰਨ ਗਿਆਨਾ, ਗਿਆਨ ਧਿਆਨ ਨਾ ਕੋਈ ਜਣਾਈਆ। ਛੱਤੀ ਰਾਗ ਗਾ ਗਾ ਗਾਣਾ, ਨਾਦ ਧੁਨ ਕਾਨ ਨਾ ਕੋਈ ਸੁਣਾਈਆ। ਭਾਈ ਭੈਣ ਸਾਕ ਸੱਜਣ ਸੈਣ ਧੀਆਂ ਪੁੱਤਰ ਰਹੇ ਪਛਾਨਾ, ਪੂਰਾ ਸਤਿਗੁਰ ਦਿਸ ਨਾ ਆਈਆ। ਉਚੇ ਮੰਦਰ ਬੈਠੇ ਵਿਚ ਮਕਾਨਾ, ਨਿਝ ਅਸਥਾਨ ਨਾ ਵੇਖ ਵਖਾਈਆ। ਜਗਤ ਪਦਾਰਥ ਰਸ ਭੋਗ ਖਾਇਆ ਖਾਣਾ, ਆਤਮ ਰਸ ਨਾ ਕੋਈ ਖਵਾਈਆ। ਤਖ਼ਤ ਤਾਜ ਬਹਿ ਬਹਿ ਸਜਣ ਰਾਜਾ ਰਾਣਾ, ਰਾਜ ਜੋਗ ਨਾ ਕੋਈ ਦਵਾਈਆ। ਕਲਜੁਗ ਅੰਤਮ ਪ੍ਰਗਟੇ ਨਿਹਕਲੰਕ ਬਲੀ ਬਲਵਾਨਾ, ਆਪ ਆਪਣਾ ਤੇਜ ਰਿਹਾ ਚਮਕਾਈਆ। ਚਾਤ੍ਰਿਕ ਤ੍ਰਿਖਾ ਆਪ ਬੁਝਾਣਾ, ਚੇਤਨ ਸਤਾ ਜਗਾਈਆ। ਏਕਾ ਨਾਮ ਦੇਵੇ ਧੁਰ ਫ਼ੁਰਮਾਣਾ, ਲਿਖਣ ਪੜ੍ਹਣ ਵਿਚ ਨਾ ਆਈਆ। ਭੇਵ ਨਾ ਪਾਇਣ ਅੰਜੀਲ ਕੁਰਾਨਾ, ਵੇਦ ਪੁਰਾਨ ਰਹੇ ਸਦ ਗਾਈਆ। ਖਾਣੀ ਬਾਣੀ ਹੋਏ ਹੈਰਾਨਾ, ਨਾਨਕ ਨਿਰਗੁਣ ਗਿਆ ਸਮਝਾਈਆ। ਅਰਜਨ ਲਿਖਿਆ ਲੇਖ ਮਹਾਨਾ, ਭੇਵ ਕੋਇ ਨਾ ਪਾਈਆ। ਹਰਿ ਮੰਦਰ ਸੁਹਾਏ ਇਕ ਟਿਕਾਣਾ, ਗੁਰ ਗੋਬਿੰਦ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕ ਹਰਿ ਨਿਰੰਕਾਰ, ਆਪਣਾ ਆਪ ਵਜਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਇਕ ਇਕੱਲਾ ਬੰਨੇ ਧਾਰ, ਧਰਤ ਧਵਲ ਸੁਹਾਇੰਦਾ। ਜਗਤ ਮਹੱਲਾ ਵੇਖ ਪਸਾਰ, ਕਿਰਿਆ ਕੂੜੀ ਮੇਟ ਮਿਟਾਇੰਦਾ। ਸ਼ਬਦ ਪੱਲਾ ਫੜਾਏ ਅਪਰ ਅਪਾਰ, ਆਪ ਆਪਣੀ ਬਣਤ ਬਣਾਇੰਦਾ। ਜੋਗ ਜੁਗਤ ਜਗ ਹਰਿ ਕਰਤਾਰ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਸੂਰਾ ਸਰਬੰਗ ਸਿਰਜਣਹਾਰ, ਅਲਪਗ ਜੀਵ ਤਰਾਇੰਦਾ। ਦਰਸ ਦਖਾਏ ਉਪਰ ਸ਼ਾਹ ਰਗ, ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਫੜ ਫੜ ਹੰਸ ਬਣਾਏ ਕਗ, ਕਾਗੋਂ ਹੰਸ ਬਣਾਇੰਦਾ। ਸੀਸ ਬੰਧਾਏ ਨਾਮ ਦਸਤਾਰ ਸਾਚੀ ਪਗ, ਸੀਸ ਜਗਦੀਸ਼ ਲੇਖੇ ਲਾਇੰਦਾ। ਸੋਹੰ ਬੰਨੇ ਤਨ ਤਗ, ਲੋਕਮਾਤ ਨਾ ਕੋਈ ਤੁੜਾਇੰਦਾ। ਜੋਤ ਨਿਰਾਲੀ ਪੁਰਖ ਅਕਾਲੀ ਰਹੀ ਜਗ, ਨਾ ਕੋਈ ਮਾਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸੰਤ ਵੇਖੇ ਧਰਮ ਰਾਏ ਦਾ ਝੂਠਾ ਵਗ, ਆਤਮ ਅੰਤਰ ਫੋਲ ਫੁਲਾਇੰਦਾ । ਗਿਆਨ ਸੁਣਾਏ ਸ਼ਾਮ ਅਥਰਬਣ ਯੁਜਰ ਰਿਗ, ਵੇਦ ਵਿਦਾਂਤਾ ਭਰਮ ਭੁਲਾਇੰਦਾ। ਅਗਨੀ ਲਾ ਲਾ ਕਾਠ ਬਹਿਣ ਯਗ, ਤਨ ਬਭੂਤ ਰਮਾਇੰਦਾ। ਦਰ ਦਰ ਨਾਦ ਵਜੌਂਦੇ ਫਿਰਦੇ ਮਰਦੰਗ, ਮਿਰਗ ਸਿੰਗ ਸਵਾਂਗੀ ਸਵਾਂਗ ਰਖਾਇੰਦਾ। ਜੋਗੀ ਜੁਗੀਸ਼ਰ ਹੱਥ ਉਠਾਈ ਫਿਰਦੇ ਕਿੰਗ, ਮਨ ਦਾ ਕਿੰਗਰਾ ਕੋਈ ਨਾ ਢਾਇੰਦਾ। ਗ੍ਰੰਥੀ ਪੰਥੀ ਰਹੇ ਅfੜੰਗ, ਸਾਚਾ ਤਾਲ ਨਾ ਕੋਈ ਵਜਾਇੰਦਾ। ਸੂਫ਼ੀ ਸੰਤ ਫ਼ਕੀਰ ਪੋਸਤ ਅਫੀਮ ਖਾ ਖਾ ਬੈਠੇ ਭੰਗ, ਮਸਤ ਆਤਮ ਨਾ ਕੋਈ ਦਸਾਇੰਦਾ। ਨਾ ਕੋਈ ਕੱਢੇ ਦੂਈ ਦਵੈਤੀ ਵਿੰਗ, ਸਿਧੀ ਧਾਰ ਨਾ ਕੋਈ ਚਲਾਇੰਦਾ। ਮੰਦਰ ਮੱਠ ਪੂਜਨ fਲੰਗ, ਸ਼ਿਵ ਸ਼ੰਕਰ ਦਰਸ਼ਨ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਪਤ ਸਰਿੰਗ, ਹੇਮ ਕੁੰਟ ਫੇਰਾ ਪਾਇੰਦਾ। ਹੇਮ ਕੁੰਡ ਠਾਂਡੀ ਧਾਰ, ਕਲਜੁਗ ਕਰਮਾਂ ਬੰਦ ਕਰਾਇਆ। ਸ਼ਬਦ ਗੰਢ ਨਾ ਖੋਲ੍ਹੇ ਕੋਈ ਵਿਚ ਸੰਸਾਰ, ਗੁਰ ਨਾਨਕ ਗਾਨਾ ਏਕਾ ਹੱਥ ਬੰਧਾਇਆ। ਆਪਣੀ ਰਸਨਾ ਹਰਿ ਕਾ ਬੋਲਾ ਗਿਆ ਉਚਾਰ, ਸੋਹੰ ਢੋਲਾ ਗਾਇਆ। ਜਾਮੇ ਦਸ ਸੇਵਾਦਾਰ, ਗੋਬਿੰਦ ਵੇਸ ਵਟਾਇਆ। ਅੰਤਮ ਢਹਿ ਪਏ ਦਵਾਰ, ਪਾਰਬ੍ਰਹਮ ਤੇਰੀ ਇਕ ਸਰਨਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਸਿਰ ਆਪਣਾ ਹੱਥ ਟਿਕਾਇਆ। ਨਾਨਕ ਗੋਬਿੰਦ ਬਣ ਭਿਖਾਰ, ਏਕਾ ਮੰਗ ਮੰਗਾਇਆ। ਕਲਜੁਗ ਰੈਣ ਅੰਧੇਰੀ ਅੰਧ ਅੰਧਿਆਰ, ਤੇਰਾ ਮੇਰਾ ਦਿਸ ਨਾ ਆਇਆ। ਚਾਰੋਂ ਕੁੰਟ ਧੂਆਂਧਾਰ, ਸਚ ਚੰਦ ਨਾ ਕੋਈ ਚੜ੍ਹਾਇਆ। ਰਵ ਸਸ ਰਹੇ ਹਾਰ, ਪ੍ਰਕਾਸ਼ ਪ੍ਰਕਾਸ਼ ਪ੍ਰਕਾਸ਼ ਮੁਖ ਛੁਪਾਇਆ। ਧਰਤ ਧਵਲ ਕਰੇ ਪੁਕਾਰ, ਅੱਗੇ ਆਪਣੀ ਝੋਲੀ ਡਾਹਿਆ। ਤੇਰੇ ਤੇਰੀ ਕਰਨ ਵਿਚਾਰ, ਤੇਰਾ ਰਾਹ ਤਕਾਇਆ। ਕਵਣ ਘਰ ਕਵਣ ਦਰ ਕਵਣ ਦਰਬਾਰ, ਕਵਣ ਕੂਟੇ ਡੇਰਾ ਲਾਇਆ। ਪਾਰਬ੍ਰਹਮ ਪ੍ਰਭ ਰਿਹਾ ਪੁਕਾਰ, ਗੋਬਿੰਦ ਏਹ ਸੁਣਾਇਆ। ਤੇਰਾ ਧੜ੍ਹ ਮੇਰਾ ਗੜ੍ਹ, ਸੰਬਲ ਨਗਰੀ ਨਾਉਂ ਰਖਾਇਆ। ਕਲਜੁਗ ਅੰਤਮ ਵੇਖਾਂ ਉਪਰ ਚੜ੍ਹ, ਹਰਿ ਜੂ ਹਰਿ ਮੰਦਰ ਬੈਠਾ ਆਇਆ। ਅਗਨੀ ਹਵਨ ਨਾ ਜਾਵਾਂ ਸੜ, ਮਾਤ ਗਰਭ ਨਾ ਕੋਈ ਰਖਾਇਆ। ਹੱਥੋ ਹੱਥੀ ਨਾ ਕੋਈ ਲਏ ਫੜ, ਕਿਲੇ ਕੋਟ ਨਾ ਬੰਦ ਕਰਾਇਆ। ਸ੍ਰਿਸ਼ਟ ਸਬਾਈ ਆਪੇ ਲਵਾਂ ਆਪਣੇ ਨਾਲ ਫੜ, ਆਪ ਆਪਣੇ ਨਾਲ ਲੜਾਇਆ। ਕੋਟਨ ਕੋਟੀ ਕੋਟਾਂ ਵਿਚੋਂ ਸੀਸ ਚਰਨ ਲਏ ਧਰ, ਦੂਸਰ ਦਰ ਨਾ ਕੋਈ ਭਾਇਆ। ਨਿਹਕਲੰਕ ਨਾਉਂ ਧਰ, ਨਾਨਕ ਗੋਬਿੰਦ ਤੇਰੀ ਪੂਰੀ ਆਸਾ ਦਏ ਕਰਾਇਆ। ਚਾਰ ਵਰਨ ਇਕ ਦਵਾਰੇ ਧਰ, ਏਕਾ ਮੰਤਰ ਨਾਮ ਜਪਾਇਆ। ਏਕਾ ਵਰਨ ਦੇਵੇ ਕਰ, ਏਕਾ ਬਰਨ ਰਿਹਾ ਸਮਝਾਇਆ। ਸਾਚੀ ਸਰਨ ਤਰਨੀ ਤਰਨ, ਜਗਤ ਜਗਦੀਸ਼ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰਤਾ ਕਰਨੀ ਕਾਰ ਕਲਜੁਗ ਤੇਰੀ ਅੰਤਮ ਵਾਰ, ਵਿਚ ਸੰਸਾਰ ਕਰਨੇ ਆਇਆ। ਸ਼ਬਦ ਗੁਰਦੇਵ ਹਰਿ ਹਰਿ ਰਾਖਾ, ਸਖਾ ਸਖਾਈ ਅਖਵਾਏ। ਲਹਿਣਾ ਦੇਣਾ ਮਸਤਕ ਮਾਥਾ, ਏਕਾ ਝੋਲੀ ਨਾਮ ਭਰਾਏ। ਭਗਤ ਭਗਤੀ ਸਾਚੀ ਗਾਥਾ, ਮੰਤਰ ਇਕ ਦ੍ਰਿੜਾਏ। ਜਗਤ ਚਲਾਏ ਸਾਚਾ ਰਾਥਾ, ਰਥ ਰਥਵਾਹੀ ਸੇਵ ਕਮਾਏ। ਸਾਚਾ ਸੰਗੀ ਸਗਲਾ ਸਾਥਾ, ਸਗਲਾ ਦੁੱਖ ਮਿਟਾਏ। ਦਿਵਸ ਰੈਣ ਰੈਣ ਦਿਵਸ ਅੱਠ ਸਾਠਾ, ਨੈਣੀ ਰੈਣ ਦਿਸਾਏ। ਉਤਮ ਸੁੱਖ ਕਾਇਆ ਮਾਟਾ, ਸਾਂਤਕ ਸਤਿ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਟਿਕਾਏ। ਜਗਤ ਸਮਗਰੀ ਸਾਚੀ ਰਾਸ, ਗੁਰਚਰਨ ਟਿਕਾਈਆ। ਸਤਿ ਸੰਤੋਖ ਰਖਿਆ ਪਾਸ, ਸਚ ਸੱਚੀ ਵਡਿਆਈਆ। ਪੂਰਾ ਪੂਰੀ ਕਰੇ ਆਸ, ਨਿਰਾਸ ਰਹੇ ਨਾ ਰਾਈਆ। ਸਦਾ ਸੁਹੇਲਾ ਵਸੇ ਪਾਸ, ਸਤਿਗੁਰ ਪੂਰੇ ਹੱਥ ਵਡਿਆਈਆ। ਸੇਵਕ ਸੇਵਾ ਵਿਟੋਂ ਬਲ ਬਲ ਜਾਸ, ਬਲਿਹਾਰੀ ਹਰਿ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਡਲ ਰਾਸ ਸੁਹਾਈਆ। ਸੁਤ ਦੁਲਾਰਾ ਜੋਤ ਜਗਾ, ਜਾਗਰਤ ਦਇਆ ਕਮਾਈਆ। ਪਰਬਤ ਟਿੱਲੇ ਫੋਲ ਫੁਲਾ, ਪਾਰਬ੍ਰਹਮ ਉਠਾਈਆ। ਲਹਿਣਾ ਦੇਣਾ ਮੂਲ ਚੁਕਾ, ਆਪ ਆਪਣੇ ਮਾਰਗ ਲਾਈਆ। ਸ਼ਬਦ ਸਨੇਹੁੜਾ ਇਕ ਸੁਣਾ, ਸ਼ਬਦੀ ਸ਼ਬਦ ਜਗਾਈਆ। ਲੋਕਮਾਤ ਵਖਾਏ ਜਗਤ ਰਾਹ, ਭਗਤ ਭਗਵੰਤ ਵੱਡੀ ਵਡਿਆਈਆ। ਪੰਜ ਤਤ ਕਾਇਆ ਭਾਗ ਲਗਾ, ਪਟ ਪਟਨਾ ਇਕ ਸੁਹਾਈਆ। ਗੋਬਿੰਦ ਰੂਪ ਵੇਖ ਵਖਾ, ਗੋਬਿੰਦ ਘਾਟ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਤ ਸਪੂਤਾ ਨਾਉਂ ਧਰਾਈਆ। ਪੂਤ ਸਪੂਤੇ ਮੰਗੀ ਮੰਗ, ਮੇਲਾ ਦੋ ਜਹਾਨਾ। ਪੁਰਖ ਅਬਿਨਾਸ਼ੀ ਚਾੜ੍ਹੇ ਰੰਗ, ਖੇਲੇ ਖੇਲ ਮਹਾਨਾ। ਆਪ ਲਗਾਇਆ ਆਪਣੇ ਅੰਗ, ਅੰਗੀਕਾਰ ਸ੍ਰੀ ਭਗਵਾਨਾ। ਬ੍ਰਹਿਮੰਡ ਵਜਾਏ ਇਕ ਮਰਦੰਗ, ਪੁਰਖ ਅਕਾਲ ਗਾਣਾ। ਆਦਿ ਸ਼ਕਤ ਰੋਵੇ ਨੀਰ ਧਾਰਾ ਗੰਗ, ਚਰਨ ਧੂੜ ਕਰੇ ਅਸ਼ਨਾਨਾ । ਵਿਸ਼ਨ ਵੰਸੀ ਕਸ ਤੰਗ, ਵੇਖੇ ਰਾਹ ਬਿਬਾਨਾ। ਬ੍ਰਹਮਾ ਵੇਤਾ ਦਰ ਆਪਣਾ ਲੰਘ, ਆਪੇ ਹੋਏ ਬਾਲ ਬਿਰਧ, ਬਿਰਧ ਬਾਲ ਨੌਜਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਸਾਚਾ ਧਾਮ ਅਸਥਾਨਾ। ਧਾਮ ਅਸਥਾਨ ਜਗਤ ਗੁਰਦੇਵ, ਭਾਰਤ ਵੰਡ ਵੰਡਾਈਆ। ਪੁਰਖ ਅਕਾਲ ਕਰੀ ਸੇਵ, ਦਿਵਸ ਰੈਣ ਗਾਈਆ। ਅੰਤਮ ਮਹੱਲਾ ਅਲੱਖ ਅਭੇਵ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖੇ ਰਿਹਾ ਲਗਾਈਆ। ਹਰਿ ਹਰਿ ਲੇਖਾ ਆਪ ਚੁਕੌਣਾ, ਜੋਤੀ ਨੂਰ ਰੁਸ਼ਨਾਈਆ। ਪੰਜ ਤਤ ਨਾ ਕੋਈ ਜਣੌਣਾ, ਸ਼ਬਦੀ ਸੁਤ ਸਮਝਾਈਆ। ਨਿਰਗੁਣ ਨਿਰਗੁਣ ਨਿਰਗੁਣ ਸਰਗੁਣ ਸੰਗ ਮਿਲੌਣਾ, ਨਾਮ ਮਿਲਾਵਾ ਸਹਿਜ ਸੁਭਾਈਆ। ਹਰਿਸੰਗਤ ਪਿਆਰ ਸਾਚੀ ਸੇਜ ਆਸਣ ਲੌਣਾ, ਸਚ ਸਿੰਘਾਸਣ ਇਕ ਵਿਖਾਈਆ। ਚਰਨ ਕਵਲ ਕਵਲ ਚਰਨ ਆਪ ਛਪੌਣਾ, ਜਗਤ ਨੇਤਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭੇਵ ਅਭੇਦਾ ਆਪ ਆਪਣਾ ਦਏ ਖੁਲ੍ਹਾਈਆ।
