੩੦ ਅੱਸੂ ੨੦੧੫ ਬਿਕ੍ਰਮੀ ਗੁਰਦਵਾਰਾ ਗੁਰੂ ਕਾ ਬਾਗ ਕਾਂਸ਼ੀ
ਅਨਭਵ ਭਗਤ ਭੰਡਾਰ, ਜਗਤ ਗਿਆਨ ਹੱਥ ਨਾ ਆਇਆ। ਭਗਵੰਤ ਸੰਤ ਰੂਪ ਅਪਾਰ, ਨਾ ਕੋਈ ਵੇਖ ਵਖਾਇਆ। ਅਲੱਖ ਅਗੰਮ ਬੇਐਬ ਪਰਵਰਦਿਗਾਰ, ਉਚ ਅਥਾਹ ਅਖਵਾਇਆ। ਨਿਰਗੁਣ ਜੋਤੀ ਕਰ ਉਜਿਆਰ, ਨਿਰਗੁਣ ਰੂਪ ਰਿਹਾ ਸਮਾਇਆ। ਸਤਿਗੁਰ ਰੂਪ ਵਿਚ ਸੰਸਾਰ, ਸਤਿਗੁਰ ਨਾਮ ਧਰਾਇਆ। ਸ਼ਬਦ ਵਿਚੋਲਾ ਅਪਰ ਅਪਾਰ, ਡੰਕਾ ਨਾਮ ਵਜਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਿਮੰਡ ਖੰਡ ਜੇਰਜ ਅੰਡ, ਉਤਭੁਜ ਸੇਤਜ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਵਟਾਇਆ। ਆਦਿ ਪੁਰਖ ਪੁਰਖ ਅਕਾਲਾ, ਏਕਾ ਪੁਰਖ ਅਖਵਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਆਪ ਹੋ ਜਾਇੰਦਾ। ਲੋਕਮਾਤ ਬਣ ਦਲਾਲਾ, ਸ਼ਬਦ ਸ਼ਬਦੀ ਵੇਸ ਵਟਾਇੰਦਾ। ਚਲੇ ਚਲਾਏ ਅਵਲੜੀ ਚਾਲਾ, ਅਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਪੰਜ ਤਤ ਬਣਾਏ ਧਰਮ ਸੱਚੀ ਧਰਮਸਾਲਾ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤੀ ਕਰ ਉਜਾਲਾ, ਗੁਰ ਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ ਆਪ ਆਪਣਾ ਵੇਸ ਵਟਾਇੰਦਾ। ਆਪ ਆਪਣਾ ਵੇਸ ਵਟਾਏ, ਹਰਿ ਹਰਿ ਵੱਡੀ ਵਡਿਆਈਆ। ਸਤਿਗੁਰ ਸਾਚਾ ਦਏ ਜਣਾਏ, ਆਪ ਆਪਣੇ ਵਿਚ ਟਿਕਾਈਆ। ਏਕਾ ਜੋਤੀ ਡਗਮਗਾਏ, ਦੂਸਰ ਵਸਤ ਨਾ ਕੋਈ ਰਖਾਈਆ। ਸ਼ਬਦ ਧੁਨ ਨਾਦ ਵਜਾਏ, ਅਨਹਦ ਤਾਰ ਹਿਲਾਈਆ। ਪੰਚਮ ਘਰ ਬਹਿ ਬਹਿ ਗਾਏ, ਸਾਚਾ ਮੰਗਲ ਇਕ ਸੁਣਾਈਆ। ਆਦਿ ਜੁਗਾਦੀ ਖੇਲ ਕਰਾਏ, ਭੇਵ ਕੋਈ ਨਾ ਪਾਈਆ। ਨਾਨਕ ਨਿਰਗੁਣ ਰਿਹਾ ਧਿਆਏ, ਪ੍ਰਭ ਹੱਥ ਵੱਡੀ ਵਡਿਆਈਆ। ਨਿਰਗੁਣ ਮੇਲਾ ਸਹਿਜ ਸੁਭਾਏ, ਘਰ ਸਾਚਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਤ ਅਕਾਲ ਦੀਨ ਦਿਆਲ, ਬਿਨ ਗੁਰ ਪੂਰੇ ਨਜ਼ਰ ਨਾ ਆਈਆ। ਦੀਨ ਦਿਆਲ ਹਰਿ ਬੇਅੰਤਾ, ਹਰਿ ਹਰਿ ਰੂਪ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇੰਦਾ। ਮੇਲ ਮਿਲਾਵਾ ਸਾਚੇ ਸੰਤਾ, ਆਪ ਆਪਣੀ ਬੂਝ ਬੁਝਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਰੂਪ ਸ਼ਾਹੋ ਭੂਪ ਤਰਾਇੰਦਾ। ਆਦਿ ਪੁਰਖ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਤਿਗੁਰ ਰੂਪ ਵਿਚ ਸੰਸਾਰ, ਪੰਜ ਤਤ ਸਮਾਇਆ। ਜਨ ਭਗਤਾਂ ਦੇਵੇ ਨਾਮ ਅਧਾਰ, ਸ਼ਬਦੀ ਡੰਕ ਵਜਾਇਆ। ਮਨਮੁਖ ਸੁੱਤੇ ਪੈਰ ਪਸਾਰ, ਦਿਸ ਕਿਸੇ ਨਾ ਆਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਬੈਠਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਿਖਾਇਆ। ਨਿਰਗੁਣ ਰੂਪ ਹਰਿ ਅਕੱਲਾ, ਅਕਲ ਕਲਾ ਅਖਵਾਇੰਦਾ । ਸਤਿਗੁਰ ਵੇਖੇ ਪੰਜ ਤਤ ਮਹੱਲਾ, ਆਪ ਆਪਣਾ ਆਸਣ ਲਾਇੰਦਾ। ਜਨ ਭਗਤਾਂ ਦਰਸ ਦਿਖਾਏ ਜਲਾਂ ਥਲਾਂ, ਡੂੰਘੀ ਕੰਦਰ ਫੋਲ ਫੁਲਾਇੰਦਾ। ਮਨਮੁਖਾਂ ਦੂਈ ਦਵੈਤੀ ਮੇਟੇ ਸੱਲਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਆਪੇ ਹੋਏ ਅਛਲ ਅਛੱਲਾ, ਅਛਲ ਅਛੱਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਕਰਤਾ ਕਰਤਾ ਪੁਰਖ ਨਾਉਂ ਧਰਾਇੰਦਾ। ਕਰਤਾ ਪੁਰਖ ਆਦਿ ਨਿਰੰਜਣ, ਹਰਿ ਹਰਿ ਆਪ ਅਖਵਾਇਆ। ਸਤਿਗੁਰ ਪੂਰਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਇਆ। ਜਨ ਭਗਤਾਂ ਨੇਤਰ ਪਾਏ ਅੰਜਨ, ਨਾਮ ਨਿਧਾਨਾ ਇਕ ਰਖਾਇਆ। ਮਨਮੁਖ ਜੀਵ ਦਰ ਤੋਂ ਭੱਜਣ, ਦਰ ਦਵਾਰ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਸਾਂਝਾ ਸੱਜਣ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਸਾਚਾ ਵਰ, ਲੋਕਮਾਤ ਫੇਰਾ ਪਾਇਆ। ਆਦਿ ਪੁਰਖ ਹਰਿ ਅਬਿਨਾਸ਼ਾ, ਏਕਾ ਏਕੰਕਾਰਿਆ। ਸਤਿਗੁਰ ਪੂਰਾ ਵੇਖੇ ਮਾਤ ਤਮਾਸ਼ਾ, ਆਵੇ ਜਾਵੇ ਵਾਰੋ ਵਾਰਿਆ। ਸਾਧਾਂ ਸੰਤਾਂ ਹੋਏ ਦਾਸੀ ਦਾਸਾ, ਸੇਵਕ ਸੇਵਾ ਆਪ ਕਮਾ ਰਿਹਾ। ਮਨਮੁਖਾਂ ਆਏ ਹਾਰ ਪਾਸਾ, ਸਾਚਾ ਦਰ ਨਾ ਕੋਈ ਖੁਲ੍ਹਾ ਰਿਹਾ। ਬ੍ਰਹਿਮੰਡ ਖੰਡ ਪਾਵੇ ਰਾਸਾ, ਮੰਡਲ ਮੰਡਪ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਆਪ ਅਖਵਾ ਰਿਹਾ। ਅਜੂਨੀ ਰਹਿਤ ਆਪ ਕਰਤਾਰ, ਏਕਾ ਏਕ ਨਿਰਾਕਾਰਿਆ। ਸਤਿਗੁਰ ਰੂਪ ਵਿਚ ਸੰਸਾਰ, ਖੇਲ ਅਗੰਮ ਅਪਾਰਿਆ। ਭਗਤੀ ਭਗਤ ਭਗਤ ਅਧਾਰ, ਨਾਮ ਕਰਾਏ ਵਣਜ ਵਣਜਾਰਿਆ। ਮਨਮੁਖਾਂ ਡੋਬੇ ਵਿਚ ਮੰਝਧਾਰ, ਬੇੜਾ ਕੋਇ ਨਾ ਪਾਰ ਕਰਾਇਆ। ਖੇਲੇ ਖੇਲ ਅਪਰ ਅਪਾਰ, ਭੇਦ ਅਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਇਕ ਮਕਾਨ, ਏਕਾ ਏਕ ਰਖਾਇਆ। ਅਜੂਨੀ ਰਹਿਤ ਹਰਿ ਗਿਰਧਾਰਾ, ਹਰਿ ਹਰਿ ਰੂਪ ਸਮਾਇਆ। ਲੋਕਮਾਤ ਕਰ ਉਜਿਆਰਾ, ਸਤਿਗੁਰ ਰੂਪ ਸਮਾਇਆ । ਗੁਰਸਿਖ ਬਹਾਏ ਸਚ ਦਵਾਰਾ, ਆਪ ਆਪਣੀ ਦਇਆ ਕਮਾਇਆ। ਮਨਮੁਖ ਨਾ ਜਾਣੇ ਜੀਵ ਗਵਾਰਾ, ਹਉਮੇ ਹੰਗਤਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਹਰਿ ਜੂ ਹਰਿ ਹਰਿ ਵੇਸ ਅਵੱਲਾ, ਹਰਿ ਹਰਿ ਆਪ ਕਰਾਇੰਦਾ । ਸਤਿਗੁਰ ਪੂਰਾ ਇਕ ਇਕੱਲਾ, ਲੋਕਮਾਤ ਵੇਖ ਵਿਖਾਇੰਦਾ। ਜਨ ਭਗਤਾਂ ਜੋਤੀ ਸ਼ਬਦੀ ਰਲਾ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਮਨਮੁਖਾਂ ਪੰਚ ਵਿਕਾਰਾ ਕਰੇ ਹੱਲਾ, ਦਿਵਸ ਰੈਣ ਸਤਾਇੰਦਾ। ਵਸਿਆ ਨਿਹਚਲ ਧਾਮ ਅਟੱਲਾ, ਅਗੰਮ ਅਗੋਚਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਦਾਤਾ ਬੇਪਰਵਾਹ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਬਣ ਮਲਾਹ, ਲੋਕਮਾਤ ਉਠ ਧਾਇਆ। ਗੁਰਮੁਖਾਂ ਦੱਸੇ ਸਾਚਾ ਰਾਹ, ਨਾਮ ਮੰਤਰ ਇਕ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਨ ਰੰਗ ਚੜ੍ਹਾਇਆ। ਏਕਾ ਰੰਗ ਅਕਾਲ ਮੂਰਤ, ਆਪਣਾ ਆਪ ਚੜ੍ਹਾਈਆ। ਸ਼ਬਦ ਅਨਾਦੀ ਸਾਚੀ ਤੂਰਤ, ਧੁਰਦਰਗਾਹੀ ਆਪ ਵਜਾਈਆ। ਸਤਿਗੁਰ ਪੂਰਾ ਨਾਤਾ ਤੋੜੇ ਕੂੜੋ ਕੂੜਤ, ਸੁੱਚ ਸੰਜਮ ਮੇਲ ਮਿਲਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਦੇ ਮਤ ਗਿਆਨ ਸਮਝਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜਤ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਕਰਤਾ ਸਤਿਗੁਰ ਪੂਰਾ ਦੇਵੇ ਮਾਤ ਵਡਿਆਈਆ। ਸਤਿਗੁਰ ਪੂਰਾ ਸਤਿ ਸਰੂਪ, ਹਰਿ ਹਰਿ ਆਪ ਅਖਵਾਇੰਦਾ। ਰਾਜਨ ਰਾਜ ਸ਼ਾਹੋ ਭੂਪ, ਥਿਰ ਘਰ ਡੇਰਾ ਲਾਇੰਦਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਧਾਰ ਚਲਾਇੰਦਾ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਈਆ। ਸਤਿਜੁਗ ਤ੍ਰੇਤਾ ਪਾਰ ਕਿਨਾਰ, ਦੁਆਪਰ ਵੇਖ ਵਖਾਈਆ। ਰਾਮਾ ਕ੍ਰਿਸ਼ਨਾ ਰੂਪ ਅਪਾਰ, ਰੂਪ ਅਨੂਪ ਦਰਸਾਈਆ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਨਕ ਗੁਰ ਗੁਰ ਅਵਤਾਰ, ਆਪ ਆਪਣੀ ਜੋਤ ਜਗਾਈਆ। ਬ੍ਰਹਮ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਸਮਾਈਆ। ਨਾਰੀ ਕੰਤ ਹਰਿ ਭਤਾਰ, ਸਚ ਸੁੱਚ ਪੜ੍ਹਾਈਆ। ਮਾਇਆ ਪਾਇਆ ਹਰਿ ਹਰਿ ਨਿਰੰਕਾਰ, ਏਕਾ ਅੰਕ ਸਮਾਈਆ। ਨਾਮ ਸਤਿ ਲਏ ਅਧਾਰ, ਲੋਕਮਾਤ ਵੱਜੀ ਵਧਾਈਆ। ਲੱਖ ਚੁਰਾਸੀ ਪਾਵੇ ਸਾਰ, ਜੀਵਾਂ ਜੰਤਾਂ ਮਿਲੇ ਜਣਾਈਆ। ਹਉਮੇ ਹੰਗਤਾ ਤੋੜ ਹੰਕਾਰ, ਸਾਚੀ ਸੰਗਤਾ ਲਏ ਬਣਾਈਆ। ਵੇਖੇ ਵੇਖ ਕਰ ਵਿਚਾਰ, ਨਦਰੀ ਨਦਰ ਆਪ ਕਰਾਈਆ। ਕਰਮਾਂ ਕਰਮ ਰਿਹਾ ਵਿਚਾਰ, ਕਰਤਾ ਪੁਰਖ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਨਾਨਕ ਨਿਰਗੁਣ ਰੂਪ ਸਮਾਈਆ। ਨਾਨਕ ਵਰ ਘਰ ਹਰਿ ਹਰਿ ਪਾਇਆ, ਸਾਚੀ ਵੱਜੀ ਵਧਾਈਆ। ਸਾਚੀ ਸਖੀਆਂ ਮੰਗਲ ਗਾਇਆ, ਸਾਚਾ ਢੋਲਾ ਇਕ ਸੁਣਾਈਆ। ਸਾਚੇ ਦਰ ਡੇਰਾ ਲਾਇਆ, ਏਕਾ ਦੂਜਾ ਭੌ ਚੁਕਾਈਆ। ਅਕਾਲ ਪੁਰਖ ਪ੍ਰਭ ਨਜ਼ਰੀ ਆਇਆ, ਜੋਤੀ ਨੂਰੋ ਨੂਰ ਸਮਾਈਆ। ਨਾਨਕ ਨਿਰਗੁਣ ਦਰਸ਼ਨ ਪਾਇਆ, ਸੋਹੰ ਰਸਨਾ ਗਾਈਆ। ਏਕਾ ਚੋਲੀ ਰੰਗ ਰੰਗਾਇਆ, ਪੰਜ ਤਤ ਨਾ ਕੋਈ ਹੰਢਾਈਆ। ਅੰਦਰ ਮੰਦਰ ਹਰਿ ਬਹਾਇਆ, ਅੱਠੇ ਪਹਿਰ ਸਮਾਈਆ। ਏਕਾ ਡੇਰਾ ਸਚਾ ਲਾਇਆ, ਵਿਛੜ ਕਦੇ ਨਾ ਜਾਈਆ। ਏਕਾ ਰਸਨਾ ਏਕਾ ਗੁਣ ਗਾਇਆ, ਏਕਾ ਵੱਜੀ ਵਧਾਈਆ। ਏਕਾ ਅੰਗਦ ਅੰਗ ਲਗਾਇਆ, ਅੰਗੀਕਾਰ ਆਪ ਹੋ ਜਾਈਆ। ਏਕਾ ਅਮਰ ਨਿਥਾਵਾਂ ਪਾਰ ਕਰਾਇਆ, ਅਮਰਾਪਦ ਸਮਾਈਆ। ਰਾਮਦਾਸ ਸਿਰ ਹੱਥ ਟਿਕਾਇਆ, ਘਰ ਸਾਚੇ ਰਿਹਾ ਜਗਾਈਆ। ਗੁਰ ਅਰਜਨ ਲੇਖਾ ਆਪ ਲਿਖਾਇਆ, ਗਿਆਨ ਬੋਧ ਬੋਧ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਵਸਿਆ ਏਕਾ ਘਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਗੁਰ ਹਰਿ ਹਰਿ ਗਾਏ, ਰਸਨਾ ਨਾਮ ਵਖਾਨਿਆ। ਨਾਨਕ ਨਿਰਗੁਣ ਨਜ਼ਰੀ ਆਏ, ਚਲੇ ਚਲਾਏ ਆਪਣੇ ਭਾਣਿਆ। ਏਕਾ ਦੂਜਾ ਭੇਸ ਵਟਾਇਆ, ਤੀਜੇ ਚੌਥੇ ਡੇਰਾ ਲਾਏ ਪਾਰਬ੍ਰਹਮ ਆਪ ਪਛਾਣਿਆਂ। ਪੰਚਮ ਸਾਚੀ ਬਾਣੀ ਗਾਏ, ਉਪਜੇ ਰਾਗ ਧੁਨ ਤਰਾਨਿਆਂ। ਲੇਖਾ ਲਿਖਤ ਆਪ ਲਿਖਾਏ, ਆਪ ਸੁਣਾਏ ਧੁਰ ਫ਼ਰਮਾਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਵਸਿਆ ਏਕਾ ਘਰ, ਪੰਚਮ ਮੇਲਾ ਸਹਿਜ ਸੁਭਾਈਆ । ਸਤਿਗੁਰ ਪੂਰਾ ਹਰਿ ਸਮਰਥ, ਏਕਾ ਇਕ ਅਖਵਾਇੰਦਾ। ਗੁਰਮੁਖਾਂ ਰੱਖੇ ਦੇ ਕਰ ਹੱਥ, ਆਪਣੀ ਦਇਆ ਕਮਾਇੰਦਾ। ਸਗਲ ਵਸੂਰੇ ਜਾਇਣ ਲੱਥ, ਜੋ ਨੇਤਰ ਲੋਚਣ ਦਰਸ ਪਾਇੰਦਾ। ਸ਼ਬਦ ਜਣਾਈ ਕਾਇਆ ਮੰਦਰ ਕਥਨੀ ਕਥਾ ਕਥ, ਕਥਾ ਆਪ ਸੁਣਾਇੰਦਾ। ਨਾਮ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਪੰਚ ਵਿਕਾਰਾ ਦੇਵੇ ਮਥ, ਜਿਸ ਸਿਰ ਹੱਥ ਆਪ ਟਿਕਾਇੰਦਾ। ਆਵਣ ਜਾਵਣ ਲੱਖ ਚੁਰਾਸੀ ਧਰਮ ਰਾਏ ਗੇੜਾ ਪਾਏ ਭੱਠ, ਦੋ ਜਹਾਨਾਂ ਪੰਧ ਮੁਕਾਇੰਦਾ। ਗੁਰਮੁਖਾਂ ਮੇਲਾ ਨੱਠ ਨੱਠ, ਆਦਿ ਜੁਗਾਦੀ ਜੁਗ ਜੁਗ ਵੇਸ ਵਟਾਇੰਦਾ। ਸ਼ਬਦ ਬ੍ਰਹਿਮਾਦੀ ਇਕ ਰਖਾਏ ਸਾਚੇ ਰਥ, ਚਰਨ ਕਵਲ ਧਿਆਨ ਲਗਾਇੰਦਾ। ਲੇਖੇ ਲੱਗੇ ਜੋਗ ਅਭਿਆਸ, ਮੰਤਰ ਗਿਆਨ ਧਿਆਨ ਇਸ਼ਨਾਨ ਪੂਜਾ ਪਾਠ, ਜਿਸ ਜਨ ਆਪਣੀ ਗੋਦ ਉਠਾਇੰਦਾ। ਕਲਜੁਗ ਕੂੜ ਕੁੜਿਆਰਾ ਮਾਰੇ ਠਾਠ, ਮਾਇਆ ਮਮਤਾ ਧਾਰ ਵਹਾਇੰਦਾ। ਸਤਿ ਸੰਤੋਖ ਅੰਤਮ ਮੋਖ ਨਾ ਦਿਸੇ ਕਿਸੇ ਤੀਰਥ ਤੱਟ, ਪੰਡਤ ਪਾਂਧਾ ਨਾ ਕੋਈ ਪਾਰ ਕਰਾਇੰਦਾ। ਮਨ ਮਤਵਾਲਾ ਫੇਰੀ ਉਲਟੀ ਲੱਠ, ਬੁੱਧ ਬਬੇਕ ਨਾ ਕੋਈ ਵਿਖਾਇੰਦਾ। ਜਿਸ ਜਨ ਸਤਿਗੁਰ ਪੂਰਾ ਲੋਕਮਾਤ ਲਏ ਰੱਖ, ਏਕ ਏਕ ਏਕਾ ਨੇਤਰ ਗਿਆਨ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਨਾਲੋਂ ਕਰੇ ਵੱਖ, ਆਪਣਾ ਦਰਸ ਦਿਖਾਇੰਦਾ। ਨਾਨਕ ਗੋਬਿੰਦ ਪ੍ਰਗਟ ਹੋਏ ਦਰਸ ਦਿਖਾਏ ਆਪ ਪ੍ਰਤੱਖ, ਪ੍ਰੀਖਿਆ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਦੇਵੇ ਸਾਚਾ ਵਰ, ਨਾਨਕ ਸੋਹੇ ਬੰਕ ਦਵਾਰ, ਸੰਬਲ ਨਗਰ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਹੰ ਸਾਚਾ ਡੰਕ ਵਜਾਇੰਦਾ। ਸੋ ਪੁਰਖ ਨਿਰੰਜਣ ਆਪ ਕਰਤਾਰ, ਨਾਨਕ ਨਿਰਗੁਣ ਆਪ ਰਸਨਾ ਗਾਇਆ। ਹਉਮੇ ਹੰਗਤਾ ਦੇਵੇ ਮਾਰ, ਜਿਸ ਜਨ ਆਪਣਾ ਦਰ ਬੁਝਾਇਆ। ਜਨ ਭਗਤਾਂ ਦਰ ਹੋਏ ਮੰਗਤਾ, ਜੁਗ ਜੁਗ ਫੇਰੀ ਪਾਇਆ। ਗੁਰਸਿਖ ਮਿਲਾਏ ਜਿਉਂ ਨਾਨਕ ਅੰਗਦ, ਆਪ ਆਪਣੇ ਗਲੇ ਲਗਾਇਆ। ਧੁਰਦਰਗਾਹੀ ਮਜੀਠੀ ਰੰਗ, ਚੋਲੀ ਨਾਮ ਰੰਗ ਦੋ ਜਹਾਨ ਉਤਰ ਨਾ ਜਾਇਆ। ਔਂਦਾ ਜਾਂਦਾ ਕਦੇ ਨਾ ਸੰਗਦਾ, ਲੋਕ ਲੱਜਿਆ ਨਾ ਕੋਈ ਰਖਾਇਆ। ਲੇਖਾ ਚੁਕਾਏ ਭੇਖ ਪਖੰਡ ਦਾ, ਕੂੜੀ ਕਿਰਿਆ ਦਏ ਮਟਾਇਆ। ਨਾਨਕ ਦਵਾਰ ਗੁਰੂ ਬਾਗ ਸਚ ਸਿੰਘਾਸਣ ਅਕਾਲ ਪੁਰਖ ਅਜੂਨੀ ਰਹਿਤ ਕਰਤੇ ਪੁਰਖ ਸਰਬੰਗ ਦਾ, ਸਰਬ ਘਟ ਵੇਖੇ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਡਤ ਪਾਂਧਾ ਬਣ ਹੰਕਾਰ, ਸੁਕਰ ਦ੍ਰਿਸ਼ਟੀ ਦਏ ਵਿਚਾਰ, ਗਿਆਨ ਰੂਪ ਪੰਜ ਤਤ ਅਕਾਰ, ਸਤਿ ਸਰੂਪ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੇਸ ਅਨੇਕ ਆਪ ਕਰਾਇਆ।
