੨੬ ਅੱਸੂ ੨੦੧੫ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਕਾਨਪੁਰ
ਥਿਰ ਘਰ ਸਾਚਾ ਹਰਿ ਕਰਤਾਰ, ਆਪਣਾ ਆਪ ਉਪਾਇਆ। ਛੱਪਰ ਛੰਨ ਨਾ ਕੋਈ ਚਾਰ ਦੀਵਾਰ, ਦਰ ਦਰਵਾਜ਼ਾ ਦਿਸ ਨਾ ਆਇਆ। ਜੋਤ ਸਰੂਪੀ ਕਰ ਪਸਾਰ, ਸ਼ਬਦੀ ਰਚਨ ਰਚਾਇਆ। ਅਕਾਲ ਮੂਰਤ ਖੇਲ ਅਪਾਰ, ਨਿਰਗੁਣ ਧਾਮ ਸੁਹਾਇਆ। ਪਾਰਬ੍ਰਹਮ ਪ੍ਰਭ ਬੈਠ ਕਰਤਾਰ, ਕਰਨੀ ਕਿਰਤ ਕਮਾਇਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਅਲੱਖ ਅਗੰਮ ਵੇਖ ਵਖਾਇਆ। ਰੰਗ ਮਹੱਲ ਉਚ ਮੁਨਾਰ, ਅਟੱਲ ਅਚੱਲ ਦਰਸਾਇਆ। ਦੀਪਕ ਜੋਤੀ ਕਰ ਉਜਿਆਰ, ਪ੍ਰਕਾਸ਼ ਪ੍ਰਕਾਸ਼ ਟਿਕਾਇਆ। ਸਚ ਸਿੰਘਾਸਣ ਅਪਰ ਅਪਾਰ, ਪਾਵਾ ਚੂਲ ਨਾ ਕੋਈ ਰਖਾਇਆ। ਉਪਰ ਬੈਠ ਸੱਚੀ ਸਰਕਾਰ, ਸਾਚਾ ਤਖ਼ਤ ਸੁਹਾਇਆ। ਸਰਗੁਣ ਮੇਲਾ ਹਰਿ ਨਿਰੰਕਾਰ, ਹਰੀ ਹਰਿ ਆਪ ਅਖਵਾਇਆ। ਗੁਰਮੁਖਾਂ ਕਰੇ ਮਾਤਲੋਕ ਪਿਆਰ, ਆਪ ਆਪਣਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸ਼ਬਦ ਅਟਾਰੀ, ਹਰਿ ਹਰਿ ਆਪ ਵਸਾਈਆ। ਨਿਰਗੁਣ ਜੋਤ ਜਗੇ ਨਿਰੰਕਾਰੀ, ਅੰਧ ਅੰਧੇਰ ਮਿਟਾਈਆ। ਗੁਰਮੁਖਾਂ ਦੇਵੇ ਨਾਮ ਖੁਮਾਰੀ, ਸ਼ਬਦੀ ਸ਼ਬਦ ਉਪਜਾਈਆ। ਧੁਨੀ ਨਾਦ ਏਕੰਕਾਰੀ, ਏਕਾ ਰਿਹਾ ਵਜਾਈਆ। ਤੋੜੇ ਹਉਮੇ ਗੜ੍ਹ ਹੰਕਾਰੀ, ਮਾਇਆ ਮਮਤਾ ਮੋਹ ਚੁਕਾਈਆ। ਦੇਵੇ ਦਰਸ ਦਰ ਦਵਾਰੀ, ਦਰ ਦਰਵੇਸ਼ਾ ਫੇਰਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਵਾਰੀ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਦਿਨ ਅੰਤਾ ਸਾਧਨ ਸੰਤਾ, ਸਖਾ ਸੁਹੇਲਾ ਜੋਧਾ ਸੂਰਬੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਬੈਠਾ ਆਸਣ ਲਾਈਆ। ਥਿਰ ਘਰ ਸਾਚਾ ਸਚ ਦਰਵਾਜ਼ਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਜਨ ਭਗਤਾਂ ਮਾਰੇ ਅਨਹਦ ਵਾਜਾ, ਧੁਨੀ ਨਾਦ ਵਜਾਇੰਦਾ। ਅਸਵ ਘੋੜਾ ਰੱਖੇ ਤਾਜਾ, ਲੋਆਂ ਪੁਰੀਆਂ ਆਪ ਦੌੜਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਚ ਸਿਕਦਾਰ ਆਪ ਅਖਵਾਇੰਦਾ। ਜੁਗਾ ਜੁਗੰਤਰ ਲੋਕਮਾਤ ਰਚਿਆ ਕਾਜਾ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਅੰਤਮ ਖੇਲ ਕਰਾਏ ਦੇਸ ਮਾਝਾ, ਦੇਸ ਦਿਸੰਤਰ ਫੋਲ ਫੁਲਾਇੰਦਾ। ਗੁਰਮੁਖ ਸਾਚੇ ਰੱਖੇ ਲਾਜਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਸਾਚਾ ਘਰ, ਥਿਰ ਘਰ ਨਾਉਂ ਰਖਾਇੰਦਾ। ਥਿਰ ਘਰ ਹਰਿ ਅਪਾਰਾ, ਹਰਿ ਹਰਿ ਜੋਤ ਜਗਾਈਆ। ਇਕ ਇਕੱਲਾ ਕਰ ਪਸਾਰਾ, ਬੈਠਾ ਆਸਣ ਲਾਈਆ। ਜਨ ਭਗਤਾਂ ਦੇਵੇ ਨਾਮ ਅਧਾਰਾ, ਜੁਗ ਜੁਗ ਵੱਡੀ ਵਡਿਆਈਆ। ਚਰਨ ਕਵਲ ਬਖ਼ਸ਼ੇ ਸਚ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਅੰਮ੍ਰਿਤ ਆਤਮ ਠੰਡੀ ਧਾਰਾ, ਨਿਝਰ ਰਸ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਸ਼ਬਦ ਭੰਡਾਰਾ ਇਕ ਵਰਤਾਈਆ। ਸ਼ਬਦ ਭੰਡਾਰਾ ਹਰਿ ਨਿਰੰਕਾਰਾ, ਸਤਿਗੁਰ ਰੂਪ ਸਮਾਇੰਦਾ। ਸੰਤ ਸੁਹੇਲੇ ਪਾਵੇ ਸਾਰਾ, ਗੁਰ ਗੁਰ ਚੇਲੇ ਮੇਲ ਮਿਲਾਇੰਦਾ। ਅਚਰਜ ਖੇਲੇ ਖੇਲ ਵਿਚ ਸੰਸਾਰਾ, ਭੇਖਾਧਾਰੀ ਭੇਖ ਵਟਾਇੰਦਾ। ਆਦਿ ਨਿਰੰਜਣ ਜੋਤ ਅਕਾਰਾ, ਨਿਰਗੁਣ ਰੂਪ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਹਰਿ ਵੱਡੀ ਵਡਿਆਈਆ । ਮਿਲਿਆ ਮੇਲ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਨੇਤਰ ਨੈਣ ਸ਼ਬਦ ਗਿਆਨ ਪਾਏ ਅੰਜਨਾ, ਅੰਧ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮੱਤ ਮੈਲ ਗਵਾਈਆ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਈਆ। ਗੁਰਮੁਖ ਸਾਚੇ ਤੇਰੀ ਰੱਖੇ ਲੱਜਣਾ, ਨਾਮ ਪਰਦਾ ਉਪਰ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਖਾਏ ਸਾਚਾ ਘਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਬੈਠਾ ਬੇਪਰਵਾਹ, ਨੂਰੋ ਨੂਰ ਦਰਸਾਇੰਦਾ। ਆਪੇ ਵਸੇ ਆਪਣੇ ਥਾਂ, ਦੂਸਰ ਕੋਈ ਦਿਸ ਨਾ ਆਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਸਖਾ ਸਖਾਈ ਨਾ ਕੋਈ ਰਖਾਇੰਦਾ। ਜਨ ਭਗਤਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਅੰਤਰ ਜਪਾਏ ਏਕਾ ਨਾਂ, ਅਜਪਾ ਜਾਪ ਕਰਾਇੰਦਾ। ਫੜ ਫੜ ਪਾਰ ਕਰਾਏ ਬਾਂਹ, ਭਵ ਸਾਗਰ ਨਾ ਕੋਈ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਘਰ, ਸੋ ਘਰ ਦਵਾਰਾ ਇਕ ਖੁਲ੍ਹਾਇੰਦਾ।
