Granth 07 Likhat 082: 30 Assu 2015 Bikarmi Vishav Nath Mandir Kashi

੩੦ ਅੱਸੂ ੨੦੧੫ ਬਿਕ੍ਰਮੀ ਵਿਸ਼ਵ ਨਾਥ ਮੰਦਰ ਕਾਸ਼ੀ

ਮਾਤ ਗਰਭ ਦਸ ਦਸ ਮਾਸ, ਹਰਿ ਹਰਿ ਆਸ ਰਖਾਈਆ। ਆਏ ਬਾਹਰ ਜਗਤ ਪਿਆਸ, ਤ੍ਰਿਸ਼ਨਾ ਹੋਏ ਹਲਕਾਈਆ। ਨਾਤਾ ਜੁੜਿਆ ਰਸਨ ਸਵਾਸ, ਰਾਮਾ ਨਾਮ ਭੁਲਾਈਆ। ਮਾਤ ਪਿਤਾ ਘਰ ਕਰਿਆ ਵਾਸ, ਬੰਧਨ ਜਗਤ ਬੰਧਾਈਆ। ਹੋਇਆ ਵਿਛੋੜਾ ਪੁਰਖ ਅਬਿਨਾਸ਼, ਮਾਤਲੋਕ ਵਡਿਆਈਆ। ਸਚ ਵਸਤ ਨਾ ਕਿਸੇ ਪਾਸ, ਜਗਤ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਲ ਬਾਲਾ ਵੇਖ ਵਖਾਈਆ। ਬਾਲ ਅਵਸਥਾ ਹੋ ਪਰਧਾਨ, ਜਗਤ ਜੁਗ ਵਡਿਆਈਆ। ਪੰਜ ਤਤ ਨੌਜਵਾਨ, ਪੰਜ ਤਤ ਕੁੜਮਾਈਆ। ਪੰਚਮ ਮੀਤ ਹੋਏ ਸ਼ੈਤਾਨ, ਪੰਚਮ ਮੋਹ ਬੰਧਾਈਆ। ਪੰਚਮ ਰੂਪ ਹਰਿ ਪ੍ਰਧਾਨ, ਪੰਚਮ ਰਿਹਾ ਗਾਈਆ। ਜੂਠਾ ਝੂਠਾ ਫੜ ਨਿਸ਼ਾਨ, ਧਰਤ ਧਵਲ ਰਹੇ ਝੁਲਾਈਆ। ਉਚੇ ਮੰਦਰ ਵੇਖ ਮਕਾਨ, ਭੁੱਲਿਆ ਹਰਿ ਰਘੁਰਾਈਆ। ਮਾਇਆ ਮਮਤਾ ਖੋਲ੍ਹ ਦੁਕਾਨ, ਆਪ ਆਪਣਾ ਰਹੇ ਲੁਟਾਈਆ। ਰਸਨਾ ਜਿਹਵਾ ਪੀਣ ਖਾਣ, ਤ੍ਰਿਸ਼ਨਾ ਭੁੱਖ ਵਧਾਈਆ। ਭਰਮੇ ਭੁੱਲੇ ਜੀਵ ਨਿਧਾਨ, ਭਰਮ ਗੜ੍ਹ ਨਾ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਬੈਠਾ ਡੇਰਾ ਲਾਈਆ। ਪੰਜ ਪੰਜੀ ਕਰ ਪਿਆਰ, ਪੰਚਮ ਮੇਲ ਮਿਲਾਇੰਦਾ। ਮਨ ਬੁੱਧ ਕਰ ਤਿਆਰ, ਮਤੀ ਮੱਤ ਸਮਝਾਇੰਦਾ। ਨੌਂ ਦਵਾਰੇ ਖੋਲ੍ਹ ਕਵਾੜ, ਦਰ ਦਰਵਾਜ਼ੇ ਵੇਖ ਵਖਾਇੰਦਾ। ਦਸਮ ਮਹੱਲ ਉਚ ਮੁਨਾਰ, ਘਰ ਘਰ ਵਿਚ ਆਪ ਟਿਕਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਦੀਪਕ ਦੀਆ ਇਕ ਰਖਾਇੰਦਾ। ਸ਼ਬਦੀ ਧੁੰਨ ਅਪਰ ਅਪਾਰ, ਆਤਮ ਧੁੰਨ ਅਲਾਇੰਦਾ। ਪੰਚਮ ਗਾਏ ਵਾਰੋ ਵਾਰ, ਪੰਚਮ ਮੀਤਾ ਆਪ ਹੋ ਜਾਇੰਦਾ। ਨੇਤਰ ਨੈਣ ਖੋਲ੍ਹ ਕਿਵਾੜ, ਆਪ ਆਪਣਾ ਰਾਹ ਵਿਖਾਇੰਦਾ। ਸੁਖਮਨ ਨਾੜੀ ਡੂੰਘੀ ਗਾਰ, ਟੇਢੀ ਬੰਕ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਜਗਤ ਬੰਧਨ ਹਰਿ ਹਰਿ ਪਾਇਆ, ਭੇਵ ਕੋਈ ਨਾ ਪਾਇੰਦਾ। ਪੰਜ ਤਤ ਜੋੜ ਜੁੜਾਇਆ, ਹੱਡ ਮਾਸ ਨਾੜੀ ਰੱਤ ਵੇਖ ਵਿਖਾਇੰਦਾ। ਭੈਣ ਭਾਈ ਸਾਕ ਸੈਣ ਕੁਟੰਭ ਬਣਾਇਆ, ਨਾਰੀ ਕੰਤ ਮੇਲ ਮਿਲਾਇੰਦਾ। ਧੀਆਂ ਪੁੱਤਰ ਦਏ ਵਡਿਆਇਆ, ਮਾਇਆ ਮੋਹ ਅਖਵਾਇੰਦਾ। ਆਪ ਆਪਣਾ ਰਾਹ ਭੁਲਾਇਆ, ਝੂਠੇ ਧੰਦੇ ਸਰਬ ਲਗਾਇੰਦਾ। ਕਲਜੁਗ ਕੂੜਾ ਕੁੜਿਆਰਾ ਡੰਕਾ ਰਿਹਾ ਵਜਾਇਆ, ਆਪਣਾ ਡੌਰੂ ਆਪ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾਇੰਦਾ। ਆਤਮ ਲਿਵ ਛੁਟਾ ਨਾਤਾ, ਧਰਤ ਧਵਲ ਸੁਹਾਇੰਦਾ। ਭੁਲਿਆ ਦਰ ਪੁਰਖ ਬਿਧਾਤਾ, ਨਾਭੀ ਕਵਲ ਨਾ ਕੋਈ ਭਵਾਇੰਦਾ। ਅਨਹਦ ਮਿਲੀ ਨਾ ਸਾਚੀ ਗਾਥਾ, ਜਗਤ ਰਾਗ ਚਿਤ ਲੁਭਾਇੰਦਾ। ਮਿਲਿਆ ਮੇਲ ਨਾ ਸਾਚੇ ਨਾਥਾ, ਜਗਤ ਅਨਾਥਾ ਆਪ ਸਤਾਇੰਦਾ। ਜਗਤ ਵਿਕਾਰਾ ਮਾਰੇ ਠਾਠਾ, ਡੂੰਘੀ ਧਾਰ ਵਹਾਇੰਦਾ। ਹਰਿ ਕਾ ਸ਼ਬਦ ਨਾ ਪਾਇਆ ਕਰ ਕਰ ਥੱਕੇ ਪੂਜਾ ਪਾਠਾ, ਪੂਜਾ ਪਾਠ ਨਾ ਕੋਈ ਵਖਾਇੰਦਾ। ਅੱਠ ਅਠੋਤਰੀ ਫੇਰੀ ਮਾਲਾ ਵੇਖ ਵਖਾਏ ਅਠਸਾਠਾ, ਤੀਰਥ ਤੱਟ ਕਿਨਾਰਾ ਡੇਰਾ ਲਾਇੰਦਾ। ਚੌਦਾਂ ਲੋਕ ਖੋਲ੍ਹ ਹਾਟਾ, ਨੱਟ ਨਟੂਆ ਰਾਹ ਚਲਾਇੰਦਾ। ਬਿਨ ਹਰਿ ਨਾਮੇ ਕੋਈ ਨਾ ਕਰੇ ਪੂਰਾ ਘਾਟਾ, ਲਹਿਣਾ ਲਹਿਣਾ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਸ਼ਬਦ ਗਿਆਨ, ਏਕਾ ਨੇਤਰ ਇਕ ਧਿਆਨ, ਨਾਨਕ ਗੁਰ ਦ੍ਰਿੜਾਇੰਦਾ। ਨਾਨਕ ਗੁਰ ਸ਼ਬਦ ਸੰਦੇਸ਼ਾ, ਲੋਕਮਾਤ ਸੁਣਾਇਆ। ਪੰਜ ਤਤ ਕਰ ਪ੍ਰਵੇਸਾ, ਸਾਚਾ ਡੰਕ ਵਜਾਇਆ। ਆਪੇ ਵੇਖੇ ਧਾਰੀ ਕੇਸਾ, ਗੋਬਿੰਦ ਰੂਪ ਵਟਾਇਆ। ਆਪੇ ਹੋਏ ਦਸ ਦਸਮੇਸਾ, ਦਹਿ ਦਿਸ਼ਾ ਫੇਰੀ ਪਾਇਆ। ਆਪੇ ਹੋਏ ਨਰ ਨਰੇਸ਼ਾ, ਸਾਚੇ ਤਖ਼ਤ ਸਿੰਘਾਸਣ ਆਸਣ ਲਾਇਆ। ਆਪੇ ਵੇਖੇ ਗਣਪਤ ਗਣੇਸ਼ਾ, ਬ੍ਰਹਮਾ ਵਿਸ਼ਨ ਸ਼ਿਵ ਸੀਸ ਰਹੇ ਝੁਕਾਇਆ। ਸਤਿ ਪੁਰਖ ਸਦਾ ਆਦੇਸ਼ਾ, ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਜਪਾਇਆ। ਨਾਮ ਮੰਤਰ ਸਤਿ ਕਰਤਾਰ, ਸ੍ਰਿਸ਼ਟ ਸਬਾਈ ਜਣਾਇੰਦਾ। ਦਾਤਾ ਦਾਨੀ ਧੁਰ ਦਰਬਾਰ, ਆਪ ਆਪਣਾ ਕਰਮ ਕਮਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਅਤੋਟ ਅਤੁਟ ਰਖਾਇੰਦਾ। ਜਗਤ ਜੁਗਤੀ ਰੱਖੇ ਆਪਣੇ ਹੱਥ ਕਰਤਾਰ, ਭੇਵ ਕੋਇ ਨਾ ਪਾਇੰਦਾ। ਜੀਵ ਜੰਤ ਕਰਨ ਵਿਚਾਰ, ਜੀਅ ਦਾਨ ਨਾ ਕੋਈ ਕਰਾਇੰਦਾ। ਸੰਤ ਭਗਤ ਭਗਵੰਤ ਮੇਲ ਅਪਾਰ, ਕਾਇਆ ਖੇੜਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਬੀਜੇ ਸਾਚੇ ਘਰ, ਆਪਣਾ ਵਤ ਰਖਾਇੰਦਾ। ਨਾਮ ਵਤ ਸ਼ਬਦ ਕਿਆਰੀ, ਹਰਿ ਹਰਿ ਆਪ ਉਪਾਈਆ । ਬੀਜੇ ਬੀਜ ਅਗੰਮ ਅਪਾਰੀ, ਫੁੱਲ ਫੁਲਵਾੜੀ ਵੇਖ ਵਿਖਾਈਆ। ਕਿਰਪਾ ਕਰ ਨਾਨਕ ਨਿਰੰਕਾਰੀ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਘਰ ਘਰ ਵੇਖੇ ਸਹਿਜ ਸੁਬਾਈਆ। ਨਾਮ ਅਨਮੋਲ ਸਰਬ ਗੁਣਵੰਤਾ, ਹਰਿ ਹਰਿ ਆਪ ਰਖਾਇਆ। ਕਰ ਕਿਰਪਾ ਦੇਵੇ ਸਾਚੇ ਸੰਤਾ, ਜੋ ਜਨ ਮੰਗਣ ਆਇਆ। ਮੇਲ ਮਿਲਾਵਾ ਨਾਰੀ ਕੰਤਾ, ਸੁਰਤੀ ਸ਼ਬਦੀ ਮੇਲ ਮਿਲਾਇਆ। ਤੋੜੇ ਗੜ੍ਹ ਹਉਮੇ ਹੰਗਤਾ, ਨਿਰਗੁਣ ਨਿਰਗੁਣ ਵੇਖ ਵਖਾਇਆ। ਚੋਲੀ ਰੰਗਣ ਆਪੇ ਰੰਗਦਾ, ਨਾਮ ਮਜੀਠੀ ਇਕ ਚੜ੍ਹਾਇਆ। ਨੌਂ ਦਵਾਰੇ ਆਪ ਲੰਘਦਾ, ਦਸਮ ਦਵਾਰੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਦਸਮ ਦਵਾਰੀ ਖੋਲ੍ਹ ਦਰਵਾਜ਼ਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸ਼ਬਦ ਸਿੰਘਾਸਣ ਬੈਠ ਗ਼ਰੀਬ ਨਿਵਾਜ਼ਾ, ਆਪ ਆਪਣਾ ਰੂਪ ਦਰਸਾਇਆ। ਜਨ ਭਗਤਾਂ ਮਾਰੇ ਅਨਹਦ ਵਾਜਾਂ, ਧੁਨੀ ਨਾਦ ਸੁਣਾਈਆ। ਏਕਾ ਰੱਖੇ ਅਸਵ ਤਾਜਾ, ਚਾਰੋਂ ਕੁੰਟ ਰਿਹਾ ਦੁੜਾਈਆ । ਪੂਰਬ ਪੱਛਮ ਉਤਰ ਦੱਖਣ ਖੇਲੇ ਖੇਲ ਰਚਿਆ ਕਾਜਾ, ਵੇਖਣਹਾਰ ਦਿਸ ਨਾ ਆਈਆ। ਨਾਮ ਚਲਾਇਆ ਸਚ ਜਹਾਜਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦਵਾਰੀ ਸਾਚੇ ਮੰਦਰ ਸੱਜਣ ਸਾਚੇ ਲਏ ਮਿਲਾਈਆ। ਸਾਚਾ ਮੰਦਰ ਸਚ ਟਿਕਾਣਾ, ਹਰਿ ਹਰਿ ਆਪ ਸੁਹਾਇਆ । ਸ਼ਬਦੀ ਸ਼ਬਦ ਧੁਰ ਫ਼ਰਮਾਣਾ, ਏਕਾ ਏਕ ਗਾਇਆ। ਅਗੰਮ ਅਗੰਮੜਾ ਗਾਏ ਏਕਾ ਗਾਣਾ, ਏਕਾ ਤਾਲ ਵਜਾਇਆ। ਇਕ ਵਿਖਾਏ ਪਦ ਨਿਰਬਾਣਾ, ਦੂਜਾ ਧਾਮ ਨਾ ਕੋਈ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਆਪਣੇ ਦਰ, ਦਰ ਸਾਚਾ ਆਪ ਸੁਹਾਇਆ । ਸਤਿਨਾਮ ਜਗਤ ਵਡਿਆਈ, ਨਾਨਕ ਗੁਰ ਜਣਾਈਆ। ਸੋਹੰ ਸ਼ਬਦ ਰਸਨਾ ਰਹੇ ਗਾਈ, ਆਪ ਆਪਣਾ ਵਿਚ ਟਿਕਾਈਆ। ਏਕਾ ਦੂਜਾ ਭੇਵ ਚੁਕਾਈ, ਤੀਜੇ ਨੈਣ ਮੇਲ ਮਿਲਾਈਆ। ਚੌਥੇ ਘਰ ਵੱਜੇ ਵਧਾਈ, ਸਤਿ ਸਤਿ ਵੱਡੀ ਵਡਿਆਈਆ। ਪੰਚਮ ਮੇਲਾ ਚਾਈਂ ਚਾਈਂ, ਚਾਤ੍ਰਿਕ ਤ੍ਰਿਖਾ ਬੁਝਾਈਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾਈ, ਥਿਰ ਘਰ ਬੈਠਾ ਆਸਣ ਲਾਈਆ। ਸਤਵੇਂ ਸਤਿ ਪੁਰਖ ਨਿਰੰਜਣ ਖੇਲ ਰਚਾਈ, ਅਜੂਨੀ ਰਹਿਤ ਅਨਭਵ ਪ੍ਰਕਾਸ਼ ਇਕ ਵਖਾਈਆ। ਨਿਰਗੁਣ ਜੋਤ ਕਰੇ ਰੁਸ਼ਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਜਗਤ ਤ੍ਰਿਸ਼ਨਾ ਮਾਤ ਗਰਭ ਜਮ ਕੀ ਫਾਸੀ ਲੱਖ ਚੁਰਾਸੀ ਦਏ ਮਿਟਾਈਆ।