Granth 07 Likhat 125: 10 Maghar 2015 Bikarmi Ratan Singh de Ghar Shadipur Navi Delhi

੧੦ ਮੱਘਰ ੨੦੧੫ ਬਿਕ੍ਰਮੀ ਰਤਨ ਸਿੰਘ ਦੇ ਘਰ ਸ਼ਾਦੀਪੁਰ ਨਵੀਂ ਦਿਲੀ

ਭਗਤ ਵਛਲ ਆਪ ਗਿਰਧਾਰ, ਏਕਾ ਰੂਪ ਸਮਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦ ਭੇਵ ਛੁਪਾਇਆ। ਜੁਗ ਜੁਗ ਲੋਕਮਾਤ ਲਏ ਅਵਤਾਰ, ਆਪ ਆਪਣਾ ਖੇਲ ਖਲਾਇਆ। ਹਰਿਜਨ ਸਾਚੇ ਲਏ ਉਭਾਰ, ਰੂਪ ਅਨੂਪ ਦਰਸਾਇਆ। ਫੜ ਫੜ ਬਾਹੋਂ ਲਾਏ ਪਾਰ, ਆਦਿ ਜੁਗਾਦੀ ਭੇਖ ਵਟਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇਆ। ਹਉਮੇ ਰੋਗ ਦਏ ਨਿਵਾਰ, ਮਾਇਆ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਤੀ ਵੇਖ ਵਖਾਇਆ। ਭਗਤਨ ਮੀਤਾ ਹਰਿ ਨਿਰੰਕਾਰ, ਏਕਾ ਜੋਤ ਜਗਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਮੇਲ ਮਿਲਾਈਆ। ਰੰਗ ਨਵੇਲੇ ਖੇਲ ਅਪਾਰ, ਅਗੰਮ ਅਗੰਮੜਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਭਗਤਨ ਹਿੱਤ ਪੁਰਖ ਬਿਧਾਤਾ, ਏਕਾ ਏਕੰਕਾਰਿਆ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਆਵੇ ਜਾਵੇ ਵਾਰੋ ਵਾਰਿਆ। ਮੰਡਲ ਮੰਡਪ ਪਾਵੇ ਰਾਸਾ, ਲੋਆਂ ਪੁਰੀਆਂ ਪਸਰ ਪਸਾਰਿਆ। ਹਰਿਜਨ ਅੰਦਰ ਰੱਖੇ ਵਾਸਾ, ਆਪ ਆਪਣਾ ਰੂਪ ਪਲਟਾ ਰਿਹਾ। ਆਪੇ ਬਣੇ ਸਚ ਭਰਵਾਸਾ, ਆਤਮ ਬ੍ਰਹਮ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਭਗਤ ਭਗਤੀ ਲੇਖੇ ਲਾ ਰਿਹਾ। ਭਗਤਨ ਮੀਤਾ ਪੁਰਖ ਅਕਾਲਾ, ਏਕਾ ਏਕੰਕਾਰਿਆ। ਦੀਨਾ ਬੰਧਪ ਦੀਨ ਦਿਆਲਾ, ਹਰਿ ਸਾਚਾ ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾ ਰਿਹਾ। ਕਾਇਆ ਮੰਦਰ ਵੇਖੇ ਸੱਚੀ ਧਰਮਸਾਲਾ, ਦੀਵਾ ਬਾਤੀ ਇਕ ਟਿਕਾ ਰਿਹਾ। ਏਕਾ ਦੇਵੇ ਨਾਮ ਸਚ ਧਨ ਮਾਲਾ, ਜਗਤ ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਸ਼ਬਦ ਪਹਿਨਾਏ ਤਨ ਦੋਸ਼ਾਲਾ, ਦੂਈ ਦਵੈਤੀ ਪਰਦਾ ਲਾਹ ਰਿਹਾ। ਆਪੇ ਸ਼ਾਹ ਆਪੇ ਕੰਗਾਲਾ, ਹਰ ਘਟ ਆਪੇ ਡੇਰਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਦਰ ਸਾਚਾ ਇਕ ਸੁਹਾ ਲਿਆ। ਭਗਤਨ ਰੂਪ ਭਗਤ ਭੰਡਾਰਨ, ਨਾਮ ਨਾਮੇ ਦਰਸਾਈਆ। ਸ਼ਾਹੋ ਭੂਪ ਸੱਚੀ ਸਰਕਾਰਨ, ਹਰਿਜਨ ਵੇਖ ਵਖਾਈਆ। ਮਨਮੁਖਤਾ ਹੋਈ ਜਗਤ ਹੰਕਾਰਨ, ਦੁਰਮਤ ਮੈਲ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਫਿਰੇ ਭਿਖਾਰਨ, ਹਰਿ ਕਾ ਨਾਮ ਹੱਥ ਨਾ ਆਈਆ। ਗੁਰਮੁਖ ਨਾਰੀ ਸਚ ਵੰਜਾਰਨ, ਦਰ ਸਾਚਾ ਇਕ ਸੁਹਾਈਆ। ਪਾਇਆ ਸ਼ਾਹੋ ਪੁਰਖ ਅਪਾਰਨ, ਪੁਰਖ ਅਕਾਲਾ ਇਕ ਜਣਾਈਆ। ਦੀਨਾਂ ਨਾਥ ਦਏ ਅਧਾਰਨ, ਲੋਕਮਾਤ ਵੱਜੇ ਵਧਾਈਆ। ਕਲਜੁਗ ਅੰਤਮ ਆਇਆ ਕਾਜ ਸਵਾਰਨ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਦਰ ਸਾਚਾ ਇਕ ਵਖਾਈਆ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਅਖਵਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਬ੍ਰਹਿਮੰਡ ਖੰਡ ਜੇਰਜ ਅੰਡ ਵੇਖ ਵਖਾਈਆ। ਨਿਰਗੁਣ ਜੋਤੀ ਕਰ ਉਜਿਆਰ, ਸਰਗੁਣ ਮੇਲਾ ਬੇਪਰਵਾਹੀਆ। ਵੇਖਣਹਾਰ ਅੰਧ ਅੰਧਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਨਾਤਾ ਤੋੜੇ ਕੂੜ ਕੁੜਿਆਰ, ਗੁਰਮੁਖ ਬੂਝ ਬੁਝਾਈਆ। ਅੰਮ੍ਰਿਤ ਆਤਮ ਉਪਜਾਏ ਠੰਡੀ ਧਾਰ, ਨਿਝਰ ਝਿਰਨਾ ਆਪ ਝਿਰਾਈਆ। ਕਵਲ ਕਵਲਾ ਦਰਸ ਅਪਾਰ, ਨੇਤਰ ਨੈਣਾਂ ਇਕ ਖੁਲ੍ਹਾਈਆ। ਧੁਨੀ ਸ਼ਬਦ ਅਨਾਹਦ ਧਾਰ, ਅਨਹਦ ਤਾਲ ਵਜਾਈਆ। ਪੰਚਮ ਮੀਤਾ ਹੋ ਤਿਆਰ, ਆਪ ਆਪਣਾ ਰੂਪ ਪ੍ਰਗਟਾਈਆ। ਸ਼ਬਦ ਸ਼ਬਦੀ ਖੇਲ ਨਿਆਰ, ਸ਼ਬਦ ਸ਼ਬਦੀ ਡੰਕ ਵਜਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਮੇਲਾ ਸਹਿਜ ਸੁਭਾਈਆ। ਘਰ ਮੇਲਾ ਹਰਿ  ਪਾਇਆ, ਪਰਮ ਪੁਰਖ ਕਰਤਾਰ। ਅਨੰਦ ਮੰਗਲ ਏਕਾ ਗਾਇਆ, ਏਕਾ ਸ਼ਬਦ ਸੱਚੀ ਧੁਨਕਾਰ। ਦਰ ਸਾਚਾ ਇਕ ਖੁਲ੍ਹਾਇਆ, ਪਾਇਆ ਦਰਸ ਰੂਪ ਅਪਾਰ। ਦੂਈ ਦਵੈਤੀ ਪਰਦਾ ਲਾਹਿਆ, ਬਜ਼ਰ ਕਪਾਟੀ ਆਰ ਪਾਰ। ਆਤਮ ਸੇਜਾ ਇਕ ਸੁਹਾਇਆ, ਬੇਐਬ ਬੈਠਾ ਪਰਵਰਦਿਗਾਰ। ਖ਼ਾਕੀ ਖ਼ਾਕ ਲੇਖੇ ਲਾਇਆ, ਖ਼ਾਲਕ ਖ਼ਲਕ ਹੋ ਤਿਆਰ। ਨਾਮ ਨਾਮਾ ਰੰਗ ਰੰਗਾਇਆ, ਕਾਇਆ ਚੋਲੀ ਤਨ ਅਪਾਰ। ਸਚ ਦਮਾਮਾ ਇਕ ਵਜਾਇਆ, ਧੁਨੀ ਨਾਦ ਏਕੰਕਾਰ। ਰੈਣ ਅੰਧੇਰੀ ਸ਼ਾਮਾ ਮੇਟ ਮਿਟਾਇਆ, ਗੁਰਮੁਖ ਸਾਚੇ ਕਰ ਪਿਆਰ। ਅੰਤਰਜਾਮੀ ਵੇਖਣ ਆਇਆ, ਨੇਤਰ ਨੈਣ ਉਘਾੜ। ਧੁਰ ਦਰਬਾਰ ਇਕ ਸੁਹਾਇਆ, ਸਚਖੰਡ ਨਿਵਾਸੀ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਿਖਤ ਲੇਖ ਲੇਖਾ ਦਏ ਲਿਖ, ਨਾ ਸਕੇ ਕੋਈ ਮਿਟਾਇਆ।