Granth 07 Likhat 126: 10 Maghar 2015 Bikarmi Resham Singh de Ghar Sharan Line 7 Meeruth Chhauni

੧੦ ਮੱਘਰ ੨੦੧੫ ਬਿਕ੍ਰਮੀ ਰੇਸ਼ਮ ਸਿੰਘ ਦੇ ਘਰ ਸ਼ਰਨ ਲਾਇਨ ੭ ਮੇਰਠ ਛਾਉਣੀ

ਹਰੀ ਹਰਿ ਹਰਿ ਨਰਾਇਣ, ਏਕਾ ਰੂਪ ਸਮਾਇਆ। ਵੇਦ ਕਤੇਬ ਸਾਰੇ ਕਹਿਣ, ਭੇਵ ਕਿਸੇ ਨਾ ਪਾਇਆ। ਹਰਿਜਨ ਵਿਰਲਾ ਵੇਖੇ ਸਾਚੇ ਨੈਣ, ਜਿਸ ਜਨ ਆਪਣਾ ਨੈਣ ਖੁਲ੍ਹਾਇਆ। ਆਪ ਚੁਕਾਏ ਲਹਿਣ ਦੇਣ, ਜੁਗ ਜੁਗ ਵੇਸ ਵਟਾਇਆ। ਗੁਰੂ ਗੁਰ ਚੇਲੇ ਏਕਾ ਧਾਮ ਇਕੱਠੇ ਬਹਿਣ, ਥਿਰ ਘਰ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਥਿਰ ਘਰ ਸਾਚਾ ਹਰਿ ਦਰਬਾਰ, ਨਿਰਗੁਣ ਜੋਤ ਜਗਾਈਆ। ਇਕ ਇਕੱਲਾ ਏਕੰਕਾਰ, ਹਰਿ ਬੈਠਾ ਬੇਪਰਵਾਹੀਆ। ਲੋਆਂ ਪੁਰੀਆਂ ਕਰ ਪਸਾਰ, ਮੰਡਲ ਮੰਡਪ ਰਿਹਾ ਸੁਹਾਈਆ। ਗਗਨ ਪਤਾਲਾ ਹੋ ਉਜਿਆਰ, ਰਵ ਸਸ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਲੱਖ ਚੁਰਾਸੀ ਰਿਹਾ ਸਮਾਈਆ। ਹਰਿਜਨ ਸਾਚੇ ਪਾਵੇ ਸਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਭਗਤਨ ਭਗਤੀ ਦਏ ਨਾਮ ਭੰਡਾਰ, ਆਪ ਆਪਣੀ ਦਇਆ ਕਮਾਈਆ। ਦਿਵਸ ਰੈਣ ਕਰੇ ਪਿਆਰ, ਏਕਾ ਦਰ ਬੁਝਾਈਆ। ਨੇਤਰ ਨੈਣ ਕਰ ਸ਼ਿੰਗਾਰ, ਦੁਰਮਤ ਮੈਲ ਮਿਟਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਸਾਂਤਕ ਸਤਿ ਕਰਾਈਆ। ਕਰੇ ਖੇਲ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਸ੍ਰਿਸ਼ਟ ਸਬਾਈ ਯਾਂਝਾ ਯਾਰ, ਦਿਸ ਕਿਸੇ ਨਾ ਆਈਆ। ਕਲਜੁਗ ਅੰਤਮ ਵੇਖੇ ਪਾਰ ਕਿਨਾਰ, ਦੋ ਜਹਾਨਾਂ ਫੇਰਾ ਪਾਈਆ। ਸ਼ਾਹੋ ਭੂਪ ਹਰਿ ਸੁਲਤਾਨ, ਸਾਚਾ ਤਖ਼ਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਈਆ। ਥਿਰ ਘਰ ਸਾਚਾ ਸਚ ਮਹੱਲਾ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਬੈਠਾ ਇਕ ਇਕੱਲਾ, ਲੱਖ ਚੁਰਾਸੀ ਵੇਖ ਵਖਾਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਵੇਖ ਵਖਾਈਆ। ਗੁਰਮੁਖ ਵਿਰਲੇ ਆਪ ਫੜਾਏ ਆਪਣਾ ਪੱਲਾ, ਆਪ ਆਪਣੇ ਅੰਕ ਸਮਾਈਆ। ਜੋਤੀ ਸ਼ਬਦੀ ਆਪੇ ਰਲਾ, ਪਵਨੀ ਪਵਣ ਚਲਾਈਆ। ਦੀਪਕ ਜੋਤੀ ਆਪੇ ਬਲਾ, ਬਾਤੀ ਤੇਲ ਨਾ ਕੋਈ ਵਖਾਈਆ। ਹਰਿਜਨ ਮੇਟੇ ਦੂਈ ਦਵੈਤੀ ਸਲਾ, ਏਕਾ ਬ੍ਰਹਮ ਜਣਾਈਆ। ਨਾਮ ਫੜੇ ਸਾਚਾ ਭੱਲਾ, ਪੰਜ ਚੋਰ ਰਹੇ ਸ਼ਰਮਾਈਆ। ਸਚ ਸਿੰਘਾਸਣ ਆਤਮ ਦਰ ਗ਼ਰੀਬ ਨਿਵਾਜਾ ਆਪੇ ਖਲਾ, ਦੇਵੇ ਦਰਸ ਅਗੰਮ ਅਥਾਹੀਆ। ਇਕ ਸੁਹਾਏ ਨਿਹਚਲ ਧਾਮ ਅਟੱਲਾ, ਦਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਥਿਰ ਘਰ ਸੱਚਾ ਹਰਿ ਸਿਕਦਾਰ, ਏਕਾ ਏਕੰਕਾਰਿਆ। ਆਦਿ ਜੁਗਾਦੀ ਖੇਲ ਅਪਾਰ, ਲੇਖਾ ਲਿਖਤ ਵਿਚ ਨਾ ਆ ਰਿਹਾ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਖੜੇ ਦਵਾਰ, ਗੁਰ ਪੀਰ ਅਵਤਾਰ ਸੀਸ ਝੁਕਾ ਰਿਹਾ। ਸਾਧ ਸੰਤ ਢਹਿ ਢਹਿ ਪੈਣ ਦਵਾਰ, ਚਰਨ ਦਵਾਰ ਇਕ ਵਖਾ ਰਿਹਾ। ਹਰਿਜਨ ਸਾਜਣ ਮੀਤ ਮੁਰਾਰ, ਰਸਨਾ ਜਿਹਵਾ ਹਰਿ  ਹਰਿ ਗਾ ਰਿਹਾ। ਗੁਰਮੁਖ ਸਾਚਾ ਖ਼ਬਰਦਾਰ, ਸੋਇਆ ਮਾਤ ਆਪ ਉਠਾ ਰਿਹਾ। ਚਾਰ ਵਰਨਾਂ ਸਾਚਾ ਯਾਰ, ਸਤਿਗੁਰ ਪੂਰਾ ਸ਼ਬਦ ਉਪਾ ਰਿਹਾ। ਵਰਨਾਂ ਬਰਨਾਂ ਵਸੇ ਬਾਹਿਰ, ਜ਼ਾਤ ਅਜ਼ਾਤੀ ਨਾਉਂ ਰਖਾ ਰਿਹਾ। ਕਰਮ ਧਰਮ ਨਾ ਕੋਈ ਵਿਚਾਰ, ਮਾਨਸ ਜਨਮ ਵੇਖ ਵਖਾ ਲਿਆ। ਆਤਮ ਬ੍ਰਹਮ ਹੋ ਉਜਿਆਰ, ਪਾਰਬ੍ਰਹਮ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾ ਲਿਆ। ਥਿਰ ਘਰ ਵਾਸਾ ਹਰਿ ਬ੍ਰਹਿਮੰਡ, ਜੋਤੀ ਜੋਤ ਰੁਸ਼ਨਾਈਆ। ਆਪੇ ਵਸਿਆ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਈਆ। ਆਪੇ ਖੇਲੇ ਖੇਲ ਵਿਚ ਵਰਭੰਡ, ਲੱਖ ਚੁਰਾਸੀ ਬਣਤ ਬਣਾਈਆ। ਆਪੇ ਕਰਣਹਾਰਾ ਖੰਡ ਖੰਡ, ਨਾਮ ਖੰਡਾ ਹੱਥ ਉਠਾਈਆ। ਤੋੜਣਹਾਰਾ ਆਪ ਘਮੰਡ, ਰਾਜ ਰਾਜਾਨ ਸ਼ਾਹ ਸੁਲਤਾਨ ਵੇਖੇ ਝੂਠੀ ਛਾਹੀਆ। ਗੁਰਮੁਖਾਂ ਨਾਮ ਦੇਵੇ ਵੰਡ, ਧੁਰਦਰਗਾਹੀ ਸਾਚੀ ਦਾਤ ਇਕ ਵਖਾਈਆ। ਮਨਮੁਖਾਂ ਸਿਰ ਉਠਾਈ ਜੂਠੀ ਝੂਠੀ ਪੰਡ, ਚਾਰੋਂ ਕੁੰਟ ਰਹੇ ਕੁਰਲਾਈਆ। ਸਾਧ ਸੰਤ ਪਾਇਨ ਡੰਡ, ਆਤਮ ਅੰਤਰ ਨਾ ਕੋਈ ਵਖਾਈਆ। ਸਤਿ ਸੰਤੋਖ ਨੰਗੀ ਹੋਈ ਕੰਡ, ਧੀਰਜ ਯਤ ਨਾ ਕੋਈ ਜਣਾਈਆ। ਸੁਰਤ ਸਵਾਣੀ ਨਾਰ ਦੁਹਾਗਣ ਰੰਡ, ਹਰਿ ਕੰਤ ਨਾ ਕੋਈ ਹੰਢਾਈਆ। ਦਹਿ ਦਿਸ਼ਾ ਵੇਖੇ ਭੇਖ ਪਖੰਡ, ਹਰਿ ਜੋਤੀ ਨੂਰ ਰੁਸ਼ਨਾਈਆ। ਆਪ ਆਪਣੀ ਜਾਣੇ ਵੰਡ, ਨੌਂ ਖੰਡ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਥਿਰ ਘਰ ਸਾਚਾ ਹਰਿ ਨਿਰੰਕਾਰ, ਏਕਾ ਏਕ ਸਮਾਇਆ। ਆਦਿ ਜੁਗਾਦੀ ਲਏ ਅਵਤਾਰ, ਲੋਕਮਾਤ ਫੇਰਾ ਪਾਇਆ। ਸ਼ਬਦ ਅਨਾਦੀ ਇਕ ਧੁਨਕਾਰ, ਸ਼ਬਦ ਤਾਲ ਵਜਾਇਆ। ਨਾਮ ਬੈਰਾਗੀ ਖ਼ਬਰਦਾਰ, ਕੰਤ ਸੁਹਾਗੀ ਵੇਖ ਵਖਾਇਆ। ਆਤਮ ਸਾਧੀ ਕਰ ਉਜਿਆਰ, ਹਰਿਜਨ ਲਏ ਉਪਾਇਆ। ਬੋਧ ਅਗਾਧੀ ਸ਼ਬਦ ਅਪਾਰ, ਏਕਾ ਡੰਕਾ ਰਿਹਾ ਵਜਾਇਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਉਪਾਇਆ। ਥਿਰ ਘਰ ਰੂਪ ਹਰਿ ਅਵੱਲਾ, ਏਕਾ ਜੋਤ ਜਗਾਈਆ। ਏਕਾ ਬੈਠਾ ਧਾਮ ਇਕੱਲਾ, ਦੂਸਰ ਸੰਗ ਨਾ ਕੋਈ ਰਖਾਈਆ। ਸਚ ਸਿੰਘਾਸਣ ਆਪੇ ਮੱਲਾ, ਪੁਰਖ ਅਬਿਨਾਸ਼ੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਹਰਿ ਹਰਿ ਖੇਲ, ਆਦਿ ਅੰਤ ਕਰਾਇਆ। ਹਰਿ ਭਗਤ ਕਰਾਏ ਸਾਚਾ ਮੇਲ, ਨਿਤ ਨਵਿਤ ਵੇਖ ਵਖਾਇਆ। ਦੀਵਾ ਬਾਤੀ ਏਕਾ ਤੇਲ, ਨਿਰਗੁਣ ਸਰਗੁਣ ਲਏ ਜਗਾਇਆ। ਕੱਟਣਹਾਰਾ ਧਰਮ ਰਾਏ ਦੀ ਜੇਲ, ਲੱਖ ਚੁਰਾਸੀ ਫੰਦ ਕਟਾਇਆ। ਦੋ ਜਹਾਨਾਂ ਸੱਜਣ ਸੁਹੇਲ, ਆਦਿ ਜੁਗਾਦੀ ਵੇਸ ਵਟਾਇਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰੂਪ ਸਮਾਇਆ। ਉਚ ਅਗੰਮ ਅਥਾਹ, ਹਰਿ ਨਿਰੰਕਾਰਿਆ। ਆਦਿ ਜੁਗਾਦੀ ਬੇਪਰਵਾਹ, ਲੇਖਾ ਲਿਖਤ ਵਿਚ ਨਾ ਆਇਆ। ਆਪੇ ਜਾਣੇ ਆਪਣਾ ਰਾਹ, ਜੁਗ ਜੁਗ ਮਾਰਗ ਲਾਇਆ। ਆਪ ਆਪਣਾ ਨਾਉਂ ਧਰਾ, ਵੇਸ ਅਨੇਕਾ ਰੂਪ ਵਟਾਇਆ। ਆਪ ਆਪਣਾ ਸੁਹਾਏ ਥਾਂ, ਬੰਕ ਦਵਾਰੀ ਫੇਰਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਸੀ ਪੁਰੀ ਘਨਕ, ਆਪ ਆਪਣਾ ਭੇਵ ਖੁਲ੍ਹਾ ਰਿਹਾ। ਥਿਰ ਘਰ ਵਾਸਾ ਹਰਿ ਨਿਰੰਕਾਰ, ਪੁਰਖ ਪੁਰਖੋਤਮ ਵੰਡ ਵੰਡਾਈਆ। ਪੰਜ ਤਤ ਨਾ ਕੋਈ ਅਕਾਰ, ਰਕਤ ਬੂੰਦ ਨਾ ਮੇਲ ਮਿਲਾਈਆ। ਮਾਤ ਪਿਤਾ ਨਾ ਕੋਈ ਅਧਾਰ, ਬਾਲਕ ਸੁਤ ਨਾ ਗੋਦ ਉਠਾਈਆ। ਏਕਾ ਜੋਤੀ ਨੂਰ ਉਜਿਆਰ, ਜੋਤੀ ਜੋਤ ਜਗਾਈਆ। ਪੁਰਖ ਅਕਾਲਾ ਮੀਤ ਮੁਰਾਰ, ਆਦਿ ਸ਼ਕਤ ਸੇਵ ਕਮਾਈਆ। ਸੱਜਣ ਸੁਹੇਲਾ ਕਰ ਪਿਆਰ, ਆਪਣੀ ਸੇਜਾ ਰਿਹਾ ਸੁਹਾਈਆ। ਏਕਾ ਸੇਜਾ ਖੇਲ ਅਪਾਰ, ਰੂਪ ਰੰਗ ਨਾ ਕੋਈ ਜਣਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਨਾਉਂ ਧਰਾਈਆ। ਆਪ ਆਪਣਾ ਕਰ ਉਜਿਆਰ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਈਆ। ਸਚਖੰਡ ਹਰਿ ਪ੍ਰਵੇਸ਼, ਜੋਤੀ ਜੋਤ ਸਮਾਇੰਦਾ। ਆਦਿ ਪੁਰਖ ਸਦਾ ਆਦੇਸ, ਨਿਰਗੁਣ ਧਾਰ ਸਮਾਇੰਦਾ। ਏਕੰਕਾਰ ਨਰ ਨਰੇਸ਼, ਨਿਰਵੈਰ ਨਾਉਂ ਧਰਾਇੰਦਾ। ਲੋਆਂ ਪੁਰੀਆਂ ਰਹੇ ਹਮੇਸ਼, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਦੀਨ ਦਿਆਲ ਸੁਹਾਏ ਸੀਸ , ਜੋਤ ਅਕਾਲਾ ਵੇਸ ਵਟਾਇੰਦਾ। ਸਰਬ ਜੀਆਂ ਕਰੇ ਪ੍ਰਿਤਪਾਲਾ ਮਾਝੇ ਦੇਸ, ਵੇਸ ਅਵੇਸਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸੁੱਤਾ ਵਿਸ਼ਨੂੰ ਬਾਸ਼ਕ ਸੇਜ, ਪੰਜ ਤਤ ਸੇਜਾ ਆਪ ਹੰਢਾਇੰਦਾ। ਪੰਜ ਤਤ ਸੇਜਾ ਹਰਿ ਕਾਇਆ ਗੜ੍ਹ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਵਖਾਇਆ। ਕਮਲਾਪਾਤੀ ਖੇਲ ਅਪਾਰ, ਨੇਤਰ ਨੈਣਾਂ ਇਕ ਖੁਲ੍ਹਾਇਆ। ਨਾਮ ਨੁਰਾਨੀ ਸੋਹੇ ਦਵਾਰ, ਨੂਰੋ ਨੂਰ ਦਰਸਾਇਆ। ਮਹਾਂਸਾਰਥੀ ਖ਼ਬਰਦਾਰ, ਰਥ ਰਥਵਾਹੀ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਇਕ ਸੁਹਾਇਆ। ਆਤਮ ਸੇਜਾ ਹਰਿ ਸਿੰਘਾਸਣ, ਹਰਿਜਨ ਜੋਤ ਜਗਾਈਆ। ਮੇਲ ਮਿਲਾਵਾ ਪੁਰਖ ਅਬਿਨਾਸ਼ਣ, ਵਿਛੜ ਕਦੇ ਨਾ ਜਾਈਆ। ਦਰ ਦਵਾਰੇ ਦਾਸੀ ਦਾਸਣ, ਦਰ ਦਰ ਆਪਣਾ ਰਖਾਈਆ। ਪੂਰੀ ਕਰਨਹਾਰਾ ਆਸਨ, ਆਸਨ ਆਸਾ ਇਕ ਹੋ ਜਾਈਆ। ਨਿਝ ਘਰ ਆਤਮ ਰੱਖੇ ਵਾਸਨ, ਦਿਸ ਕਿਸੇ ਨਾ ਆਈਆ। ਸ਼ਾਹੋ ਭੂਪ ਸ਼ਾਹੋ ਸ਼ਬਾਸ਼ਣ, ਸਚ ਸੁਲਤਾਨਾ ਵੇਸ ਵਟਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਨ, ਗਗਨ ਪਤਾਲਾਂ ਫੇਰਾ ਪਾਈਆ। ਸਚ ਮਹੱਲੇ ਸਾਚੀ ਰਾਸਨ, ਹਰਿਜਨ ਕਾਇਆ ਆਪ ਵਖਾਈਆ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸਨ, ਮਾਤ ਗਰਭ ਫੇਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਗੰਮ ਅਥਾਹ ਬੇਪਰਵਾਹ ਥਿਰ ਘਰ ਵਸੇ ਪੁਰਖ ਅਬਿਨਾਸ਼, ਇਕ ਇਕੱਲਾ ਏਕੰਕਾਰ ਕਰ ਪਸਾਰ, ਪੰਜ ਤਤ ਡੇਰਾ ਲਾਈਆ। ਪੰਜ ਤਤ ਹਰਿ ਜੋਤ ਉਜਾਲਾ, ਨੂਰੋ ਨੂਰ ਸਮਾਇਆ। ਖੇਲੇ ਖੇਲ ਜਗਤ ਨਿਰਾਲਾ, ਵੇਦ ਕਤੇਬ ਭੇਵ ਨਾ ਰਾਇਆ। ਆਦਿ ਸ਼ਕਤ ਜਗਤ ਜਵਾਲਾ, ਆਦਿ ਨਿਰੰਜਣ ਨਾਉਂ ਧਰਾਇਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਥਿਰ ਘਰ ਬੈਠਾ ਆਸਣ ਲਾਇਆ। ਕਾਇਆ ਮੰਦਰ ਸੱਚੀ ਧਰਮਸਾਲਾ, ਏਕਾ ਸ਼ਬਦ ਉਪਾਇਆ। ਅਨਹਦ ਵੱਜੇ ਸਾਚਾ ਤਾਲਾ, ਧੁਨ ਆਤਮਕ ਆਪ ਵਜਾਇਆ। ਸਤਿ ਸੰਤੋਖੀ ਦੇਵੇ ਮਾਲਾ, ਗੁਰਮੁਖਾਂ ਤਨ ਪਹਿਨਾਇਆ। ਤੋੜਣਹਾਰਾ ਜਗਤ ਜੰਜਾਲਾ, ਕਾਲ ਮਹਾਂਕਾਲ ਨੇੜ ਨਾ ਆਇਆ। ਦਿਵਸ ਰੈਣ ਹੋਏ ਰਖਵਾਲਾ, ਅੱਠੇ ਪਹਿਰ ਸੇਵ ਕਮਾਇਆ। ਤੋੜਣਹਾਰਾ ਜਗਤ ਜੰਜਾਲਾ, ਹਰਿਜਨ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਧਾਰ ਬੰਧਾਇਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਹਰਿ ਆਪ ਚਲਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਸਤਿ ਵਸਤ ਵਿਖਾਈਆ। ਚਾਰ ਵਰਨ ਹੋਏ ਉਜਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਸ਼ਾਹ ਸੁਲਤਾਨ ਦਰ ਭਿਖਾਰ, ਦਰ ਦਰਵੇਸ਼ ਭੇਵ ਨਾ ਰਾਈਆ। ਹਰਿਜਨ ਸਾਚੇ ਲਏ ਉਭਾਰ, ਧੁਰ ਮਸਤਕ ਵੇਖ ਵਖਾਈਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਅਪਣਾ ਅੰਕ ਸਮਾਈਆ। ਆਪਣੇ ਰੰਗ ਹਰਿ ਰੰਗ ਰਾਤਾ, ਰੰਗਣ ਰੰਗ ਅਪਾਰਿਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਖੇਲੇ ਖੇਲ ਅਗੰਮ ਅਪਾਰਿਆ। ਚਾਰ ਕੁੰਟ ਵੇਖ ਰੈਣ ਅੰਧੇਰੀ ਰਾਤਾ, ਨਿਰਗੁਣ ਜੋਤ ਕਰੇ ਉਜਿਆਰਿਆ । ਹਰਿਜਨ ਦੇਵੇ ਸਾਚੀ ਦਾਤਾ, ਨਾਮ ਸਤਿ ਦਵਾਰੇ ਆਪ ਵਰਤਾ ਰਿਹਾ। ਸ਼ਬਦ ਜਣਾਈ ਸਾਚੀ ਗਾਥਾ, ਜਿਸ ਪੁਰਖ ਨਿਰੰਜਣ ਆਪ ਉਪਾ ਰਿਹਾ। ਮੇਲ ਮਿਲਾਵਾ ਤ੍ਰਲੋਕੀ ਨਾਥਾ, ਤ੍ਰੈਗੁਣ ਬੰਧਨ ਤੁੜਾ ਰਿਹਾ। ਲਹਿਣਾ ਦੇਣਾ ਚੁਕਾਵੇ ਮਸਤਕ ਮਾਥਾ, ਪੂਰਬ ਝੋਲੀ ਪਾ ਰਿਹਾ। ਆਪ ਨਿਭਾਏ ਸਗਲਾ ਸਾਥਾ, ਦੋ ਜਹਾਨਾਂ ਵੇਖ ਵਖਾ ਰਿਹਾ। ਨਾਮ ਚਲਾਏ ਸਾਚਾ ਰਾਥਾ, ਸੋਹੰ ਨਾਉਂ ਧਰਾ ਰਿਹਾ। ਏਕਾ ਸ਼ਬਦ ਏਕਾ ਪੂਜਾ ਪਾਠਾ, ਚਾਰ ਵਰਨਾਂ ਆਪ ਜਣਾ ਰਿਹਾ। ਅੰਮ੍ਰਿਤ ਸਰੋਵਰ ਮਾਰੇ ਠਾਠਾ, ਕਵਲ ਨਾਭ ਆਪ ਉਲਟਾ ਰਿਹਾ। ਬਜ਼ਰ ਕਪਾਟੀ ਖੋਲ੍ਹ ਗਾਠਾ, ਦੂਈ ਦਵੈਤੀ ਕੁੰਡਾ ਲਾਹ ਰਿਹਾ। ਦਸਮ ਦੁਆਰੇ ਆਏ ਨਾਠਾ, ਬੰਕ ਦੁਆਰਾ ਇਕ ਸੁਹਾ ਰਿਹਾ । ਲਹਿਣਾ ਦੇਣਾ ਚੁਕਾਏ ਤੀਰਥ ਅਠ ਸਾਠਾ, ਗੰਗਾ ਗੋਦਾਵਰੀ ਵੇਖ ਵਖਾ ਰਿਹਾ। ਗੇੜਣਹਾਰਾ ਉਲਟੀ ਲਾਠਾ, ਮਨ ਮਨੂਆ ਆਪ ਫਿਰਾ ਰਿਹਾ। ਮਤ ਮਤਵਾਲੀ ਨਾ ਉਠਾਏ ਘਾਟਾ, ਬੁੱਧ ਬਬੇਕੀ ਆਪ ਜਣਾ ਰਿਹਾ। ਜੋਤੀ ਨੂਰ ਇਕ ਲਲਾਟਾ, ਸਤਿ ਸਤਿ ਆਪ ਵਖਾ ਰਿਹਾ। ਲਹਿਣਾ ਦੇਣਾ ਚੁਕਾਏ ਚੌਦਾਂ ਹਾਟਾ, ਚੌਦਾਂ ਲੋਕ ਫੇਰਾ ਪਾ ਰਿਹਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਸਵਾਂਗ ਆਪ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਉਪਾ ਰਿਹਾ। ਏਕਾ ਨੂਰ ਹਰਿ ਗੋਬਿੰਦ, ਸਤਿਗੁਰ ਰੂਪ ਸਮਾਇਆ। ਹਰਿਜਨ ਮੇਟੇ ਸਗਲੀ ਚਿੰਦ, ਚਿੰਤਾ ਰੋਗ ਰਹੇ ਨਾ ਰਾਇਆ। ਗਹਿਰ ਗੰਭੀਰ ਸਾਗਰ ਸਿੰਧ, ਆਪ ਆਪਣਾ ਭੇਵ ਛੁਪਾਇਆ। ਹਰਿਜਨ ਉਪਜਾਏ ਸਾਚੀ ਬਿੰਦ, ਪੂਤ ਸਪੂਤਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਏਕਾ ਰੰਗ ਰੰਗਾਇਆ।