੨੪ ਅੱਸੂ ੨੦੧੫ ਬਿਕ੍ਰਮੀ ਮਕਾਨ ਨੰ੦ ੯੭੮੯ ਗਲੀ ਨੰ੦ ੭ ਪਹਾੜ ਗੰਜ ਨਵੀਂ ਦਿਲੀ
ਚੌਥੇ ਜੁਗ ਚੌਥੀ ਧਾਰ, ਚਾਰ ਵਰਨ ਚਲਾਈਆ। ਲੋਕਮਾਤ ਪੈਂਡਾ ਰਿਹਾ ਮੁੱਕ, ਪਾਂਧੀ ਪੰਧ ਮੁਕਾਈਆ। ਮਨਮੁਖ ਬੂਟਾ ਰਿਹਾ ਸੁੱਕ, ਗੁਰਮੁਖ ਹਰਾ ਕਰਾਈਆ। ਆਦਿ ਨਿਰੰਜਣ ਬੈਠਾ ਪਰਮੁਖ, ਭੁੱਲੀ ਸਰਬ ਲੋਕਾਈਆ। ਲੇਖਾ ਚੁਕਾਵੇ ਗੁਜਰੀ ਕੁੱਖ, ਤੇਗ ਬਹਾਦਰ ਹਰਿ ਵਡਿਆਈਆ। ਆਪਣੀ ਗੋਦੀ ਰਿਹਾ ਚੁੱਕ, ਆਪੇ ਰਿਹਾ ਖਿਡਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਅੰਮ੍ਰਿਤ ਸੀਰ ਪਿਆਈਆ। ਨਾ ਮਾਨਸ ਨਾ ਦਿਸੇ ਮਨੁੱਖ, ਜੋਤ ਅਗੰਮ ਟਿਕਾਈਆ। ਹਰਿਸੰਗਤ ਹਰਿ ਰਿਹਾ ਝੁਕ, ਆਪ ਆਪਣਾ ਸੀਸ ਝੁਕਾਈਆ। ਉਜਲ ਹੋਇਆ ਮਾਤ ਮੁੱਖ, ਮਸਤਕ ਮਿਟੀ ਕਾਲੀ ਸ਼ਾਹੀਆ। ਤ੍ਰਿਸ਼ਨਾ ਮਿਟੇ ਜਗਤ ਦੁੱਖ, ਚਿੰਤਾ ਰੋਗ ਗਵਾਈਆ। ਮਾਤ ਗਰਭ ਨਾ ਉਲਟਾ ਰੁਖ, ਦਸ ਮਾਸ ਕੁੰਡ ਨਾ ਕੋਈ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਇਆ ਸੰਗਤ ਸੱਚੀ ਸਰਨਾਈਆ। ਭਗਤ ਸਰਨ ਵਡ ਸਰਨਾਈ, ਹਰਿ ਹਰਿ ਆਪ ਤਕਾਈਆ। ਲੋਕ ਲੱਜਿਆ ਜਗਤ ਤਜਾਈ, ਪੰਜ ਤਤ ਕਰੇ ਕੁੜਮਾਈਆ। ਮਾਤ ਪਿਤਾ ਘਰ ਵੱਜੇ ਵਧਾਈ, ਸਾਚਾ ਮੰਗਲ ਗਾਈਆ। ਵੇਖੇ ਖੇਲ ਸਾਚਾ ਮਾਹੀ, ਹਰਿ ਦਾਤਾ ਧੁਰਦਰਗਾਹੀਆ। ਦੇਵਣਹਾਰ ਠੰਡੀਆਂ ਛਾਈਂ, ਬਿਨ ਛੱਪਰ ਛੰਨ ਸਮਾਈਆ। ਕਾਗ ਹੰਸ ਰਿਹਾ ਬਣਾਈ, ਕਾਗੋਂ ਕਾਗ ਸਮਝਾਈਆ। ਦਰਸ ਤਰਸ ਰਿਹਾ ਕਮਾਈ, ਸਾਂਤਕ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਮੂਲ ਚੁਕਾਈਆ। ਲਹਿਣਾ ਦੇਣਾ ਹਰਿ ਹਰਿ ਭਾਰ, ਹਰਿਸੰਗਤ ਸੀਸ Tਠਾਇੰਦਾ। ਜੁਗ ਜੁਗ ਕਰਜ਼ਾ ਰਿਹਾ ਉਤਾਰ, ਆਪ ਆਪਣੀ ਵੰਡ ਵੰਡਾਇੰਦਾ। ਬੈਠੇ ਤਖ਼ਤ ਸੱਚੇ ਦਰਬਾਰ, ਸਚ ਸਲਾਹੀ ਸਚ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਵੇਖ ਵਖਾਇੰਦਾ। ਵੇਖੇ ਖੇਲ ਪੁਰਖ ਕਰਤਾਰਾ, ਵਡ ਵੱਡੀ ਵਡਿਆਈਆ। ਨਿਰਗੁਣ ਸਰਗੁਣ ਮੇਲ ਸੰਸਾਰਾ, ਗੁਰ ਸਤਿਗੁਰ ਰੂਪ ਸਮਾਈਆ। ਸੰਤ ਭਗਤ ਕਰ ਦੁਲਾਰਾ, ਏਕਾ ਦਰ ਵਿਖਾਈਆ। ਮਸਤਕ ਸਿਹਰਾ ਸੀਸ ਦਸਤਾਰਾ, ਸਾਚਾ ਸਗਨ ਮਨਾਈਆ। ਵੇਖੇ ਘਾਟ ਜਗਤ ਕਿਨਾਰਾ, ਸ਼ਬਦ ਘੋੜ ਚੜ੍ਹਾਈਆ। ਮਨਾਏ ਸਗਨ ਅਗੰਮ ਅਪਾਰਾ, ਜਲਧਾਰਾ ਵਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਏ ਸਲਾਹੀਆ। ਸਚ ਸਲਾਹ ਸਿਫ਼ਤ ਗੁਰਦੇਵ, ਸਾਚਾ ਜੋਗ ਕਮਾਈਆ। ਆਦਿ ਅਨਾਦਿ ਅਲੱਖ ਅਭੇਵ, ਦੇਵੀ ਦੇਵ ਅਖਵਾਈਆ। ਕਰਤਾ ਅਬਿਨਾਸ਼ ਸਦਾ ਨਿਹਕੇਵ, ਨਿਹਚਲ ਧਾਮ ਸੁਹਾਈਆ। ਰਸਨਾ ਗਾਇਆ ਗੋਬਿੰਦ ਜਿਹਵ, ਜਿਹਵਾ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪੂਰਬ ਵੇਖ ਵਿਖਾਈਆ। ਪੂਰਬ ਕਹਿਣਾ ਸ਼ਬਦ ਗਹਿਣਾ, ਤਨ ਤਤ ਤਤ ਸ਼ਿੰਗਾਰਿਆ । ਨੇਤਰ ਲੋਚਣ ਦਰਸ਼ਨ ਨੈਣਾਂ, ਆਪਾ ਉਤੋਂ ਵਾਰਿਆ। ਮੰਗੀ ਮੰਗ ਸ਼ਬਦ ਗਹਿਣਾ, ਲਿਖਿਆ ਲੇਖ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਾ ਵੇਖੀ ਜਗਤ ਭੁਲਾ ਰਿਹਾ। ਪੂਰਬ ਲਹਿਣਾ ਅੱਗੇ ਰੱਖ, ਆਪਣਾ ਕਰਮ ਕਮਾਇੰਦਾ। ਗੋਬਿੰਦ ਦਾਤਾ ਹੋ ਪਰਤੱਖ, ਗੁਰਮੁਖ ਮੇਲ ਮਿਲਾਇੰਦਾ । ਸਾਜਣ ਸਾਚੇ ਲਏ ਰੱਖ, ਸਾਚਾ ਸੰਗ ਨਿਭਾਇੰਦਾ। ਸ੍ਰਿਸ਼ਟ ਸਬਾਈ ਨਾਲੋਂ ਕਰੇ ਵੱਖ, ਨੇਤਰ ਨਾਮ ਗਿਆਨ ਦ੍ਰਿੜਾਇੰਦਾ। ਬਿਨ ਕਟਾਰ ਲੜਾਏ ਸੱਥ, ਲੱਖ ਇਕ ਇਕ ਨਾਲ ਲੜਾਇੰਦਾ। ਚਾਰੋਂ ਕੁੰਟ ਦਿਸਣ ਭੱਖ, ਗੋਬਿੰਦ ਸਾਜਣ ਰੁੱਤ ਬਸੰਤੀ ਫੁੱਲ ਖਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਪਿਛਲਾ ਲਹਿਣਾ ਸਾਚੀ ਰਾਸ, ਸਚ ਦਰਗਹਿ ਆਪ ਟਿਕਾਈਆ। ਗੁਰ ਗੋਬਿੰਦ ਵਸੇ ਪਾਸ, ਘਰ ਬੈਠਾ ਬੇਪਰਵਾਹੀਆ। ਸਿਖਾਂ ਗਿਆ ਦੇ ਧਰਵਾਸ, ਵੇਲਾ ਅੰਤ ਜਣਾਈਆ। ਪੂਰੀ ਕਰੇ ਅੰਤਮ ਆਸ, ਜਿਸ ਜਨ ਬਣਤ ਬਣਾਈਆ। ਹੋਏ ਸਹਾਈ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਚਰਨਾਂ ਹੇਠ ਦਬਾਈਆ। ਰਵ ਸਸ ਵੇਖ ਪਰਕਾਸ਼, ਨੈਣਾਂ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਖੋਜ ਖੁਜਾਈਆ। ਸੱਜਣ ਸੱਚਾ ਸ਼ਾਹੋ ਭੂਪ, ਸ਼ਬਦ ਰੂਪ ਸਿਕਦਾਰਾ। ਵੇਖ ਵਿਖਾਏ ਚਾਰੋਂ ਕੂਟ, ਜੋਧਾ ਸੂਰਬੀਰ ਬਲਕਾਰਾ। ਨਿਤ ਵਿਰੋਲੇ ਜੂਠ ਝੂਠ, ਫੋਲੇ ਗੜ੍ਹ ਹੰਕਾਰਾ। ਗੁਰਮੁਖਾਂ ਗੁਰਸਿਖਾਂ ਉਤੇ ਆਪੇ ਆਏ ਜਾਏ ਤੁਠ, ਦੇਵੇ ਨਾਮ ਪਿਆਰਾ। ਸਿਖੀ ਤਿਖੀ ਰੱਖੇ ਏਕਾ ਮੁੱਠ, ਏਕਾ ਇਕੀ ਏਕੰਕਾਰਾ। ਰਿਖੀ ਮੁਨੀ ਬੈਠੇ ਰੁਠ, ਸਾਧ ਸੰਤਨ ਨਾ ਪਾਇਣ ਸਾਰਾ। ਪੰਡਤ ਪਾਂਧੇ ਰਹੇ ਲੁੱਟ, ਜੀਵ ਜੰਤ ਹਾਹਾਕਾਰਾ। ਗ੍ਰੰਥੀ ਪੰਥੀ ਪੀਤਾ ਮਦਿਰਾ ਘੁੱਟ, ਭੁੱਲਿਆ ਨਾਨਕ ਦਰ ਦਰਬਾਰਾ। ਮੰਦਰ ਮਸਜਿਦ ਪਈ ਲੁੱਟ, ਦਿਵਸ ਰੈਣ ਪੁਕਾਰਾ। ਜਗਤ ਸਰੋਵਰ ਦਿਸੇ ਨਾ ਅੰਮ੍ਰਿਤ ਇਕ ਘੁੱਟ, ਤਟ ਤੀਰਥ ਭਰੇ ਕਿਨਾਰਾ। ਨਹਾ ਨਹਾ ਥੱਕੇ ਕੋਟੀ ਕੋਟ, ਨਾ ਕੋਈ ਉਤਰੇ ਪਾਰਾ। ਗੁਰ ਗੋਬਿੰਦ ਇਕ ਲਗਾਏ ਸਾਚੀ ਚੋਟ, ਸੋਹੰ ਵੱਜੇ ਰਣਜੀਤ ਨਗਾਰਾ। ਲੱਖ ਚੁਰਾਸੀ ਆਲ੍ਹਣਿਉਂ ਡਿਗੇ ਬੋਟ, ਨਾ ਕੋਈ ਦੇਵੇ ਮਾਤ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਨਾਮ ਵਰ, ਅਤੁਟ ਅਤੋਟ ਭੰਡਾਰਾ। ਨਾਮ ਅਤੋਟ ਸਦਾ ਅਤੁੱਟ, ਹਰਿ ਹਰਿ ਆਪ ਰਖਾਇਆ। ਗੁਰਮੁਖ ਲਾਹਾ ਲੈਣ ਲੁੱਟ, ਮਨਮੁਖਾਂ ਹੱਥ ਨਾ ਆਇਆ। ਪੰਚ ਵਿਕਾਰਾ ਕੱਢੇ ਕੁੱਟ, ਪੰਚਮ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਏਕਾ ਸਿਖੀ, ਏਕਾ ਧਾਰ ਚਲਾਇਆ। ਏਕਾ ਸਿਖੀ ਏਕਾ ਵੰਡਾ, ਏਕਾ ਰਿਹਾ ਕਰਾਈਆ। ਏਕਾ ਸ਼ਬਦ ਏਕਾ ਬ੍ਰਹਿਮੰਡਾ, ਏਕਾ ਖੰਡਾ ਰਿਹਾ ਦਿਸਾਈਆ। ਏਕਾ ਜੇਰਜ ਏਕਾ ਅੰਡਾ, ਏਕਾ ਸੇਤਜ ਉਤਭੁਜ ਨਾਉਂ ਰਖਾਈਆ। ਏਕਾ ਭੇਖ ਏਕ ਪਖੰਡਾ, ਏਕ ਕਲ ਵਰਤਾਈਆ। ਏਕਾ ਨਰ ਇਕ ਸੁਹਾਗਣ ਏਕਾ ਰੰਡਾ, ਏਕਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲਣਹਾਰਾ ਆਪ ਅਖਵਾਈਆ। ਏਕਾ ਇਕੀ ਏਕਾ ਰਾਸ, ਏਕਾ ਨਗਰ ਅਪਾਰਿਆ। ਏਕਾ ਸਿਖੀ ਕਰ ਪਰਕਾਸ਼, ਨੌਂ ਖੰਡ ਕਰੇ ਉਜਿਆਰਿਆ। ਏਕਾ ਮੰਡਲ ਏਕਾ ਰਾਸ, ਸੀਸ ਨਿਵਾਏ ਰਵ ਸਸ ਸਤਾਰਿਆ। ਦੇਵਣਹਾਰ ਧੁਰ ਧਰਵਾਸ, ਦੀਵਾ ਬਾਤੀ ਇਕ ਜਗਾ ਰਿਹਾ। ਪੂਰਨ ਕਰਨਹਾਰਾ ਆਸ, ਲੇਖਾ ਆਪਣਾ ਆਪ ਮੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਉਪਾ ਰਿਹਾ। ਏਕਾ ਇਕੀ ਮੰਗ ਅਪਾਰ, ਗੋਬਿੰਦ ਆਪ ਮੰਗਾਈਆ। ਪੰਚਮ ਮੀਤਾ ਖ਼ਬਰਦਾਰ, ਸ਼ਸਤਰ ਬਸਤਰ ਤਨ ਸਜਾਈਆ। ਸੋਲਾਂ ਕਰ ਦਰ ਸ਼ਿੰਗਾਰ, ਸੋਲਾਂ ਇਛਿਆ ਵੇਖ ਵਖਾਈਆ । ਪਾਏ ਭਿਛਿਆ ਨਰ ਨਿਰੰਕਾਰ, ਸੋਲਾਂ ਪੰਚਮ ਮੇਲ ਮਿਲਾਈਆ। ਦੋਹਾਂ ਮੇਲਾ ਵਿਚ ਸੰਸਾਰ, ਏਕਾ ਇਕੀ ਬਣਾਈਆ। ਇਕੀ ਸਿਖੀ ਵਡ ਸਿਕਦਾਰ, ਨਿਹਕਲੰਕ ਅਖਵਾਈਆ। ਬੀਸ ਬੀਸਾ ਢਹਿ ਢਹਿ ਪਏ ਦਵਾਰ, ਆਪ ਆਪਣਾ ਸੀਸ ਝੁਕਾਈਆ। ਗੋਬਿੰਦ ਨਾਮ ਸੀਸ ਦਸਤਾਰ, ਸ਼ਬਦੀ ਨਾਮ ਬੰਧਾਈਆ। ਕਲਗੀ ਤੋੜਾ ਅਪਰ ਅਪਾਰ, ਜਗਤ ਜਗਦੀਸ਼ ਸੁਹਾਈਆ। ਜੋਤੀ ਜੋੜਾ ਸ਼ਬਦੀ ਧਾਰ, ਹਰਿ ਨਾਮਾ ਡੰਕ ਵਜਾਈਆ। ਜੋਤ ਨਿਰੰਜਣ ਸੇਵਾਦਾਰ, ਆਦਿ ਸ਼ਕਤ ਫੇਰਾ ਪਾਈਆ। ਕਾਲ ਮਹਾਂਕਾਲ ਬਣ ਭਿਖਾਰ, ਦਰ ਬੈਠਣ ਸੀਸ ਝੁਕਾਈਆ। ਨਾਮ ਭਗੌਤੀ ਲਏ ਹੱਥ ਹਥਿਆਰ, ਭਗਵਨ ਵੇਸ ਵਟਾਈਆ। ਹੋਏ ਸਹਾਈ ਆਦਿ ਗਿਰਧਾਰ, ਗਿਰਵਰ ਰੂਪ ਵਟਾਈਆ। ਫਤਿਹ ਡੰਕ ਇਕ ਜੈਕਾਰ, ਰਾਓ ਰੰਕਾਂ ਰਿਹਾ ਜਣਾਈਆ। ਖ਼ਾਲਸ ਖ਼ਾਲਸਾ ਕਰ ਤਿਆਰ, ਏਕਾ ਇਕੀ ਪਾਈਆ। ਜਗਤ ਮਲਾਹ ਗੁਰ ਅਵਤਾਰ, ਨਾਨਕ ਬੇੜਾ ਰਿਹਾ ਚਲਾਈਆ। ਚੱਪੂ ਲਾਏ ਅਪਰ ਅਪਾਰ, ਗੋਬਿੰਦ ਹੱਥ ਫੜਾਈਆ। ਸਰਸਾ ਤੇਰੀ ਟੇਢੀ ਧਾਰ, ਕਲਜੁਗ ਜੀਵਾਂ ਦਿਸ ਨਾ ਆਈਆ। ਚਰਨ ਸੁਹਾਇਆ ਸ਼ਾਹ ਅਸਵਾਰ, ਨੀਲੇ ਵਾਲਾ ਬੇਪਰਵਾਹੀਆ। ਮੰਗੇ ਮੰਗ ਅੱਗੇ ਦਾਤਾਰ, ਦਰ ਅੱਗੇ ਆਸਣ ਲਾਈਆ। ਪੁਰਖ ਅਕਾਲਾ ਭਰ ਭੰਡਾਰ, ਭਰਿਆ ਰਹੇ ਤੋਟ ਨਾ ਰਾਈਆ। ਪਾਰਬ੍ਰਹਮ ਪ੍ਰਭ ਰਿਹਾ ਵਿਚਾਰ, ਆਪ ਆਪਣੇ ਦਰ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੇ ਘਰ, ਘਰ ਸਾਚਾ ਇਕ ਰਖਾਈਆ। ਸਾਚੇ ਘਰ ਏਕਾ ਇਕੀ, ਗੋਬਿੰਦ ਮੰਗ ਮੰਗਾਇੰਦਾ। ਆਪਣੇ ਨੇਤਰ ਪਾਰਬ੍ਰਹਮ ਪ੍ਰਭ ਆਪੇ ਪੇਖੀ, ਤੇਰਾ ਰੂਪ ਸਦਾਇੰਦਾ। ਰੱਖੀ ਲਾਜ ਦਾੜ੍ਹੀ ਕੇਸੀ, ਤੇਰਾ ਤੇਰੇ ਅੱਗੇ ਟਿਕਾਇੰਦਾ। ਸੇਵ ਕਮਾਈ ਜੋਤ ਦਸ ਦਸਮੇਸ਼ੀ, ਨਾਨਕ ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਸਚ ਅਦਾਲਤ ਸ਼ਾਹੋ ਭੂਪ ਨਰ ਨਰੇਸ਼ੀ, ਸਾਚਾ ਅਦਲ ਕਮਾਇੰਦਾ। ਬੀਸ ਸਦ ਤੇਰੇ ਅੰਤਮ ਕਲਜੁਗ ਨਿਕਲੇ ਏਕਾ ਪੇਸ਼ੀ, ਏਕਾ ਲੇਖ ਲਿਖਾਇੰਦਾ। ਗੋਦ ਰਖਾਏ ਗਣਪਤ ਗਣੇਸ਼ੀ, ਨਾਰਦ ਸ਼ਿਵ ਸ਼ੰਕਰ ਆਪਣੇ ਨਾਲ ਉਪਾਇੰਦਾ। ਬ੍ਰਹਮਾ ਲਿਖਣਹਾਰਾ ਲੇਖੀ, ਹੱਥ ਆਪਣੀ ਕਲਮ ਉਠਾਇੰਦਾ। ਦੂਰ ਦੁਰਾਡਾ ਆਪੇ ਬੈਠਾ ਰਿਹਾ ਵੇਖੀ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਧਾਰ ਤਿਖੀ, ਵਾਲੋਂ ਨਿਕੀ ਆਪ ਜਣਾਇੰਦਾ। ਵਾਲੋਂ ਨਿਕੀ ਸਿਖੀ ਧਾਰ, ਦਿਸ ਕਿਸੇ ਨਾ ਆਈਆ। ਆਤਮ ਅੰਤਰ ਗੁਰ ਪਿਆਰ, ਗੁਰਚਰਨ ਚਰਨ ਚਿਤ ਲਾਈਆ। ਸਾਚਾ ਕੱਕਾ ਰੂਪ ਕਰਤਾਰ, ਕਰਤੇ ਵਿਚ ਸਮਾਈਆ। ਪੰਚਮ ਮਾਇਆ ਮੋਹ ਪਿਆਰ, ਪੰਚਮ ਮੋਹ ਦਏ ਤੁੜਾਈਆ। ਪੰਚਮ ਮੀਤਾ ਕਰ ਸ਼ਿੰਗਾਰ, ਸੋਲਾਂ ਕਲੀਆਂ ਤਨ ਬੰਧਾਈਆ। ਪੁਰਖ ਅਬਿਨਾਸ਼ੀ ਸ਼ਾਹੋ ਅਸਵਾਰ, ਗੋਬਿੰਦ ਘੋੜ ਚੜ੍ਹਾਈਆ। ਦੋਹਾਂ ਮੇਲਾ ਅਪਰ ਅਪਾਰ, ਦਿਸ ਕਿਸੇ ਨਾ ਆਈਆ। ਗੁਰ ਚੇਲਾ ਵਸਿਆ ਏਕਾ ਘਰ ਬਾਹਰ, ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਈਆ। ਵੰਡੇ ਵੰਡ ਹਰਿ ਬ੍ਰਹਿਮੰਡ, ਗੋਬਿੰਦ ਸੇਵਾ ਲਾਈਆ। ਮੇਟ ਮਿਟਾਏ ਭੇਖ ਭਖੰਡ, ਜੂਠ ਝੂਠ ਰਹਿਣ ਨਾ ਪਾਈਆ। ਮਨਮੁਖਤਾ ਦੇਵਣ ਆਇਆ ਦੰਡ, ਗੁਰਮੁਖਤਾ ਕਰੇ ਪੜ੍ਹਾਈਆ। ਵੱਢਣਹਾਰਾ ਸਭ ਦੀ ਕੰਡ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗ ਚਲੂਲ, ਏਕਾ ਭੱਠੀ ਰਿਹਾ ਤਪਾਈਆ। ਆਪ ਤਪਾਇਆ ਆਪਣਾ ਭੱਠ, ਆਪਣੀ ਅਗਨੀ ਡਾਹਿੰਦਾ। ਤੱਟ ਉਪਾਏ ਅਠਸਠ, ਸੀਤਲ ਧਾਰ ਨਾ ਕੋਈ ਰਖਾਇੰਦਾ। ਵੇਖ ਵਖਾਏ ਨੱਠ ਨੱਠ, ਹਰਿਸੰਗਤ ਮੂਲ ਚੁਕਾਇੰਦਾ। ਏਕਾ ਇਕੀ ਤੇਰਾ ਹਠ, ਧੀਰਜ ਧਰਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖੀ ਨੀਂਹ ਰਖਾਇੰਦਾ। ਸਾਚੀ ਸਿਖੀ ਮਹੱਲ ਉਸਾਰ, ਆਪਣੀ ਬਣਤ ਬਣਾਈਆ। ਕਾਇਆ ਮੰਦਰ ਕਰ ਤਿਆਰ, ਸ਼ਬਦ ਸਿੰਘਾਸਣ ਰਿਹਾ ਵਿਛਾਈਆ। ਨੌਂ ਦਵਾਰੇ ਲਾਹੇ ਕਿਵਾੜ, ਆਪੇ ਵੇਖ ਵਖਾਈਆ। ਮੇਲ ਮਿਲਾਵਾ ਸਤਾਰਾਂ ਹਾੜ, ਸਾਚੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲਾ ਬੇਪਰਵਾਹੀਆ। ਸੱਜਣ ਮੇਲਾ ਏਕਾ ਘਰ, ਏਕਾ ਇਕੀ ਪਾਇੰਦਾ। ਇਕ ਸੁਹਾਏ ਸਾਚਾ ਦਰ, ਏਕਾ ਸਿਖੀ ਵੇਖ ਵਖਾਇੰਦਾ। ਏਕਾ ਪੁਰਖ ਏਕਾ ਨਰ, ਏਕਾ ਨਾਰੀ ਰੂਪ ਦਰਸਾਇੰਦਾ। ਏਕਾ ਵਰਨੀ ਲਏ ਵਰ, ਵਰ ਦਾਤਾ ਆਪ ਹੋ ਜਾਇੰਦਾ। ਏਕਾ ਮਰਨੀ ਸ੍ਰਿਸ਼ਟ ਸਬਾਈ ਜਾਏ ਮਰ, ਮਰਨਗਤ ਇਕ ਜਣਾਇੰਦਾ। ਏਕਾ ਵਿਦਿਆ ਅੱਖਰ ਚੌਦਾਂ ਲੋਕ ਜਾਇਣ ਪੜ੍ਹ, ਏਕਾ ਨਾਮ ਜਪਾਇੰਦਾ। ਏਕਾ ਰੂਪ ਏਕਾ ਸੀਸ ਇਕ ਜਗਦੀਸ਼ ਏਕਾ ਧੜ, ਰੂਪ ਅਨੂਪ ਦਰਸਾਇੰਦਾ। ਏਕਾ ਖੰਡਾ ਏਕਾ ਸ਼ਬਦ ਏਕਾ ਹੱਥ ਰਿਹਾ ਫੜ, ਚਾਰੋਂ ਕੁੰਟ ਚਮਕਾਇੰਦਾ। ਏਕਾ ਕਿਲਾ ਏਕਾ ਗੜ੍ਹ, ਦਰ ਆਪਣੇ ਆਪ ਤੁੜਾਇੰਦਾ। ਏਕਾ ਰਾਮਾ ਏਕਾ ਸੀਤਾ ਏਕਾ ਰਾਵਣ ਰਿਹਾ ਲੜ, ਏਕਾ ਲੰਕਾ ਗੜ੍ਹ ਤੁੜਾਇੰਦਾ। ਏਕਾ ਹਨਵੰਤਾ ਲਏ ਫੜ, ਏਕਾ ਸੇਵ ਲਗਾਇੰਦਾ। ਏਕਾ ਚੋਟੀ ਉਪਰ ਗਏ ਚੜ੍ਹ, ਇਕ ਪਤਾਲੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਖੀ ਤੇਰੀ ਸਾਚੀ ਸਿਖਿਆ ਜਗਤ ਵਿਚਾਰ, ਮੁਨੀ ਰਿਖੀ ਭੇਵ ਨਾ ਪਾਇੰਦਾ। ਮੁਨ ਰਿਖ ਜਪ ਤਪ ਸੁੱਚ ਸੰਜਮ ਨੇਮ ਬਣਾਇਆ। ਆਪ ਉਪਾਏ ਪੁੰਨ ਪਾਪ, ਪਾਪ ਪੁੰਨ ਆਪ ਜਣਾਇਆ। ਆਪ ਰਖਾਏ ਤੀਨੋਂ ਤਾਪ, ਤ੍ਰੈਗੁਣ ਮੇਲ ਮਿਲਾਇਆ। ਏਕਾ ਜਪਾਏ ਆਪਣਾ ਜਾਪ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਧੁਰਦਰਗਾਹ, ਸਾਚੀ ਸਖੀ ਜਗਤ ਮਲਾਹ, ਏਕਾ ਇਕੀ ਪਾਇਆ। ਏਕਾ ਇਕੀ ਏਕੰਕਾਰ, ਅਕਲ ਕਲਾ ਅਖਵਾਈਆ। ਸ੍ਰਿਸ਼ਟ ਸਬਾਈ ਬੰਨੇ ਧਾਰ, ਸਾਚੀ ਜੁਗਤ ਚਲਾਈਆ। ਵਰਨ ਬਰਨ ਨਾ ਕੋਈ ਵਿਚਾਰ, ਊਚ ਨੀਚ ਨਾ ਕੋਈ ਜਣਾਈਆ। ਰਾਓ ਰੰਕ ਨਾ ਕੋਈ ਸਿਕਦਾਰ, ਸ਼ਾਹੋ ਭੂਪ ਨਾ ਕੋਈ ਅਖਵਾਈਆ। ਮਾਇਆ ਲੋਭ ਨਾ ਕੋਈ ਹੰਕਾਰ, ਕਾਮ ਕਰੋਧ ਨਾ ਕੋਈ ਸਤਾਈਆ। ਨੇਤਰ ਨੈਣ ਨਾ ਜਗਤ ਸ਼ਿੰਗਾਰ, ਨਾਮ ਕੱਜਲ ਏਕਾ ਪਾਈਆ। ਸ਼ਸਤਰ ਬਸਤਰ ਅਪਰ ਅਪਾਰ, ਸ਼ਬਦ ਸੰਜੋਆ ਇਕ ਸਜਾਈਆ। ਸਾਚਾ ਖੰਡਾ ਤੇਜ ਕਟਾਰ, ਹਰਿ ਭਗੌਤੀ ਆਪ ਉਠਾਈਆ। ਫਤਹਿ ਡੰਕਾ ਅਪਰ ਅਪਾਰ, ਵਾਹਿਗੁਰੂ ਆਪ ਲਗਾਈਆ। ਵਾਹ ਵਾਹ ਗੁਰੂ ਗੁਰੂ ਗੁਰ ਬਲਿਹਾਰ, ਸਤਿਗੁਰ ਪੂਰੇ ਵਡ ਵਡਿਆਈਆ। ਦੋ ਜਹਾਨਾਂ ਪਾਵੇ ਸਾਰ, ਤਿੰਨਾਂ ਲੋਕਾਂ ਵੇਖ ਵਖਾਈਆ। ਘਰ ਮੰਦਰ ਅੰਦਰ ਉਚ ਮੁਨਾਰ, ਬੈਠਾ ਜੋਤ ਜਗਾਈਆ। ਹਵਨੀ ਪਵਨੀ ਕਰ ਪਿਆਰ, ਸਵਾਸ ਸਵਾਸ ਨਾਮ ਜਪਾਈਆ। ਏਕਾ ਇਕੀ ਜਗਤ ਵਿਹਾਰ, ਸਾਚੀ ਸਿਖੀ ਨਾਉਂ ਧਰਾਈਆ। ਨੌਂ ਖੰਡ ਹੋ ਉਜਿਆਰ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਸੋਲਾਂ ਵਿਦਿਆ ਭਰਪੂਰ ਕਰਤਾਰ, ਚੌਦਾਂ ਲੋਕ ਕਰੇ ਜਣਾਈਆ। ਤਿੰਨਾਂ ਲੋਕਾਂ ਇਕ ਪਿਆਰ, ਦੋ ਜਹਾਨਾਂ ਰਥ ਰਥਵਾਹੀਆ। ਨੌਂ ਸੱਤ ਸੋਲਾਂ ਸਚ ਵਿਹਾਰ, ਘਰ ਸਾਚੇ ਰਿਹਾ ਕਰਾਈਆ। ਚੁੱਕਿਆ ਡੋਲਾ ਗੁਰਮੁਖਾਂ ਆਪ ਕਰਤਾਰ, ਆਪਣੇ ਕੰਧ ਉਠਾਈਆ। ਤੀਰਥ ਤੱਟ ਵੇਖੇ ਜਗਤ ਕਿਨਾਰ, ਔਖੇ ਘਾਟ ਚੜ੍ਹਾਈਆ। ਚਰਨ ਛੁਹਾਏ ਸਚ ਦਵਾਰ, ਧਾਮ ਭੂਮਕਾ ਇਕ ਸੁਹਾਈਆ। ਆਪਣਾ ਕਰੇ ਆਪ ਵਿਹਾਰ, ਦੂਸਰ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਸਾਚੀ ਸਿਖੀ ਦੇਵੇ ਨਾਮ ਸੱਚੀ ਵਡਿਆਈਆ। ਸਾਚੀ ਸਿਖੀ ਸਾਚਾ ਦਰਸ, ਹਰਿ ਹਰਿ ਆਪ ਰਖਾਇਆ। ਆਪ ਆਪਣਾ ਕੀਤਾ ਵਸ, ਆਪ ਆਪਣਾ ਮੋਹ ਚੁਕਾਇਆ। ਆਪਣਾ ਮਾਰਗ ਆਪੇ ਦੱਸ, ਆਪਣਾ ਪੰਥ ਰਚਾਇੰਦਾ। ਆਪ ਕਸਾਏ ਆਪਣਾ ਕਮਰਕਸ, ਤੀਰ ਕਮਾਨ ਆਪਣਾ ਹੱਥ ਉਠਾਇਆ। ਦਿਵਸ ਰੈਣ ਸੇਵ ਲਗਾਏ ਰਵ ਸਸ, ਚਾਰੋਂ ਕੁੰਟ ਫਿਰਾਇੰਦਾ। ਵੇਖਣਹਾਰਾ ਬੀਸ ਬੀਸਾ, ਆਲਸ ਨਿੰਦਰਾ ਵਿਚ ਨਾ ਆਇਆ। ਗੁਰਮੁਖਾਂ ਗੌਂਦਾ ਰਿਹਾ ਸਦਾ ਜਸ, ਸਾਚਾ ਵਕਤ ਸੁਹਾਇਆ। ਮਨਮੁਖਾਂ ਬੇੜਾ ਪੈਰਾਂ ਹੇਠ ਰਿਹਾ ਝੱਸ, ਅੰਤ ਰਹਿਣ ਨਾ ਪਾਇਆ। ਤ੍ਰੈਗੁਣ ਤਪਾਏ ਅਗਨੀ ਮਠ, ਜੋਤੀ ਲੰਬੂ ਏਕਾ ਲਾਇਆ। ਲਹਿਣਾ ਦੇਣਾ ਚੁਕਾਏ ਅਠਸਠ, ਤੀਰਥ ਤੱਟ ਨਾ ਕੋਈ ਵਖਾਇਆ। ਗੰਗਾ ਗੁਦਾਵਰੀ ਹੋਵੇ ਭੱਠ, ਸ਼ਿਵ ਸ਼ੰਕਰ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖੀ ਤੇਰੀ ਧਾਰ, ਆਪ ਚਲਾਏ ਵਿਚ ਸੰਸਾਰ, ਸਾਚਾ ਮਾਰਗ ਇਕ ਵਖਾਇਆ। ਸਾਚਾ ਦਰ ਹਰਿ ਦਵਾਰਾ, ਹਰਿ ਹਰਿ ਆਪ ਜਣਾਈਆ। ਪ੍ਰਗਟ ਹੋਇਆ ਹਰਿ ਨਿਰੰਕਾਰਾ, ਸਤਿਗੁਰ ਰੂਪ ਵਟਾਈਆ। ਦਹਿ ਦਿਸ਼ਾ ਪਾਵੇ ਸਾਰਾ, ਅਨਭਵ ਰੂਪ ਸਮਾਈਆ। ਦੋ ਜਹਾਨਾਂ ਦਏ ਹੁਲਾਰਾ, ਤ੍ਰੈ ਤ੍ਰੈ ਵੇਖ ਵਿਖਾਈਆ। ਚੌਦਾਂ ਚੌਦਾਂ ਕਰ ਪਸਾਰਾ, ਦਸ ਪੰਜ ਬੰਧਾਈਆ। ਦਸ ਛੇ ਕਰ ਸ਼ਿੰਗਾਰਾ, ਆਪਣਾ ਵੇਸ ਵਟਾਈਆ। ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਇਕ ਜੈਕਾਰਾ, ਏਕਾ ਰਿਹਾ ਸੁਣਾਈਆ। ਏਕਾ ਸੱਜਣ ਮੀਤ ਮੁਰਾਰਾ, ਏਕਾ ਸ਼ਸਤਰ ਨਾਮ ਵਡਿਆਈਆ। ਏਕਾ ਵੇਖੇ ਮਾਰ ਉਡਾਰਾ, ਏਕਾ ਮਰਦੰਗ ਵਜਾਈਆ। ਏਕਾ ਵੱਜੇ ਢੋਲ ਨਗਾਰਾ, ਏਕਾ ਰਿਹਾ ਸੁਣਾਈਆ। ਏਕਾ ਇਕੀ ਸਿਖੀ ਤੇਰੇ ਫਿਰੇ ਦਵਾਰਾ, ਘਰ ਘਰ ਫੇਰਾ ਪਾਈਆ। ਬੰਦ ਨਾ ਕਰੇ ਕੋਈ ਚਾਰ ਦਵਾਰਾ, ਕਿਲਾ ਕੋਟ ਨਾ ਕੋਈ ਰਖਾਈਆ। ਪਾਵੇ ਸਾਰ ਅੰਦਰ ਬਾਹਰਾ ਗੁਪਤ ਜ਼ਾਹਰਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਸਿਖੀ ਏਕਾ ਧਾਰ, ਪ੍ਰਗਟ ਕਰ ਵਿਚ ਸੰਸਾਰ, ਸ਼ਬਦ ਗੁਰ ਹੋ ਤਿਆਰ, ਆਪ ਆਪਣਾ ਦਰ ਸੁਹਾਈਆ। ਸ਼ਬਦ ਗੁਰ ਵਡ ਭਰਪੂਰਾ, ਏਕਾ ਏਕ ਅਖਵਾਇਆ। ਆਪਣੀ ਅਲਾਏ ਅਨਾਦੀ ਤੂਰਾ, ਆਪਣਾ ਰਾਗ ਅਲਾਇਆ। ਆਪਣਾ ਨਾਤਾ ਤੋੜੇ ਕੂੜੋ ਕੂੜਾ, ਸਚ ਸੁੱਚ ਸਮਾਇਆ। ਆਪਣਾ ਰੰਗ ਆਪੇ ਚਾੜ੍ਹੇ ਗੂੜ੍ਹਾ, ਆਪਣਾ ਤਨ ਰਮਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜਾ, ਰਾਮ ਨਾਮ ਜਾਮ ਇਕ ਪਿਆਇਆ। ਪਹਿਲੋਂ ਲਗਾਏ ਮਸਤਕ ਚਰਨ ਧੂੜਾ, ਫੇਰ ਪਟਨੇ ਫੇਰਾ ਪਾਇਆ। ਜਗਤ ਨਾਤਾ ਤੁੱਟੇ ਕੂੜਾ, ਕੂੜੀ ਕਿਰਿਆ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਇਕੀ ਕਰ, ਪੰਚਮ ਪੰਚਮ ਵੇਖ ਵਿਖਾਇਆ। ਪੰਚਮ ਪੰਚਮ ਸਵਾ ਪੰਜ, ਪੰਚਮ ਧਾਰ ਚਲਾਈਆ। ਗੁਰ ਕਾ ਰੂਪ ਨਾਮ ਖ਼ਜ਼ਾਨਾ ਕਰੇ ਕਾਰੂ ਗੰਜ, ਰਾਜ ਰਾਜਾਨਾ ਦਏ ਸਜਾਈਆ। ਸ੍ਰਿਸ਼ਟ ਸਬਾਈ ਨੀਰ ਵਹਾਏ ਅੰਞ, ਗੁਰਮੁਖ ਖ਼ੁਸ਼ੀ ਮਨਾਈਆ। ਮਨਮੁਖਤਾ ਹੋਈ ਨਾਰ ਬੰਝ, ਸਚ ਸਪੂਤ ਨਾ ਕੋਈ ਜਾਈਆ। ਗੁਰਮੁਖਤਾ ਗੁਰਸਿਖਾਂ ਨਾਲ ਗਈ ਬੱਝ, ਨਾ ਸਕੇ ਕੋਈ ਤੁੜਾਈਆ। ਧੁਰ ਦਰਬਾਰੇ ਬੈਠੀ ਸਜ, ਗੁਰ ਗੋਬਿੰਦ ਦਏ ਗਵਾਹੀਆ। ਲੌਣ ਨਾ ਦੇਵੇ ਕਿਸੇ ਅਜ ਪਜ, ਮੁਖ ਘੁੰਗਟ ਦੇਵੇ ਲਾਹੀਆ। ਇਕੀ ਸਿਖੀ ਤੇਰਾ ਪਰਦਾ ਦਏ ਕੱਜ, ਪੰਚ ਰੂਪ ਦਰਸਾਈਆ। ਗੁਰ ਕਾ ਸ਼ਬਦ ਰਣਜੀਤ ਨਗਾਰਾ ਰਿਹਾ ਵੱਜ, ਤਾਲ ਆਪਣਾ ਆਪ ਵਜਾਈਆ। ਨਾ ਘੜੇ ਨਾ ਜਾਏ ਭੱਜ, ਆਰ ਪਾਰ ਕੋਈ ਚੋਰ ਯਾਰ ਨਾ ਕੋਈ ਚੁਰਾਈਆ। ਆਪਣੇ ਅੰਦਰ ਆਪੇ ਰੱਖਿਆ ਲੱਜ, ਆਪ ਆਪਣੇ ਹੱਥ ਰੱਖੇ ਵਡਿਆਈਆ। ਪੁਰੀ ਅਨੰਦ ਗਿਆ ਤਜ, ਸੰਬਲ ਬੈਠਾ ਡੇਰਾ ਲਾਈਆ। ਆਪ ਰਖਾਈ ਆਪਣੀ ਲੱਜ, ਲਾਜਵੰਤ ਆਪ ਹੋ ਜਾਈਆ। ਅੰਮ੍ਰਿਤ ਪਿਆਏ ਰਜ ਰਜ, ਤ੍ਰਿਸ਼ਨਾ ਭੁੱਖ ਰਹੇ ਨਾ ਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਇਕ ਪਿਆਰ, ਏਕਾ ਸਿਖੀ ਕਰ ਤਿਆਰ, ਏਕਾ ਲੇਖਾ ਰਿਹਾ ਲਿਖਾਈਆ। ਇਕ ਪਿਆਰ ਏਕਾ ਨਾਤਾ, ਏਕਾ ਰੰਗ ਰੰਗਾਇਆ। ਏਕਾ ਪੁਰਖ ਪੁਰਖ ਬਿਧਾਤਾ, ਮਾਤ ਪਿਤ ਇਕ ਅਖਵਾਇਆ। ਏਕਾ ਵਰਨ ਏਕਾ ਬਰਨ ਏਕਾ ਜ਼ਾਤਾ, ਜਾਤ ਅਜ਼ਾਤੀ ਮੇਟ ਮਿਟਾਇਆ। ਏਕਾ ਦਾਤੀ ਏਕਾ ਦਾਤਾ, ਦੇਵਣਹਾਰ ਇਕ ਅਖਵਾਇਆ। ਏਕਾ ਸ਼ਬਦ ਏਕਾ ਗਾਥਾ, ਏਕਾ ਮੰਤਰ ਨਾਮ ਸੁਣਾਇਆ। ਏਕਾ ਸੱਜਣ ਏਕਾ ਸਾਥਾ, ਏਕਾ ਸੰਗ ਨਿਭਾਇਆ। ਏਕਾ ਹੋਏ ਦੀਨਾਂ ਨਾਥਾ, ਦੀਨਾਂ ਗ਼ਰੀਬ ਨਿਮਾਣੇ ਗਲੇ ਲਗਾਇਆ। ਏਕਾ ਜਪਾਏ ਪੂਜਾ ਪਾਠਾ, ਏਕਾ ਮਾਰਗ ਏਕਾ ਮਾਰਗ ਲਾਇਆ। ਏਕਾ ਜਪ ਏਕਾ ਤਪ ਏਕਾ ਹਠ, ਗੁਰਚਰਨ ਧਿਆਨ ਰਖਾਇਆ। ਇਕ ਸਰੋਵਰ ਮਾਰੇ ਠਾਠ, ਚਰਨ ਧੂੜੀ ਆਪ ਨੁਹਾਇਆ। ਆਪ ਫਿਰਾਏ ਮਣਕਾ ਇਕ ਸੌ ਅੱਠ, ਜਿਸ ਜਨ ਰਸਨਾ ਸੋਹੰ ਗਾਇਆ। ਆਪੇ ਜੋਤ ਜਗਾਏ ਜਵਾਲਾ ਲਟ ਲਟ, ਆਦਿ ਸ਼ਕਤ ਵੇਖ ਵਖਾਇਆ। ਗੁਰ ਗੋਬਿੰਦ ਆਪਣਾ ਪੂਰਾ ਕਰਨ ਆਇਆ ਘਾਟਾ, ਲੇਖਾ ਆਪਣਾ ਆਪ ਚੁਕਾਇਆ। ਅੰਮ੍ਰਿਤ ਛਕਾਇਆ ਏਕਾ ਬਾਟਾ, ਪੰਜ ਬਾਣੀ ਮੰਤਰ ਪੜ੍ਹਾਇਆ। ਨਾਲ ਰਲਾਇਆ ਮਿੱਠਾ ਪੰਚਮ ਕੀਤਾ ਕੱਠਾ, ਪੰਚਮ ਜੋੜ ਜੁੜਾਇਆ। ਮਨਮੁਖਤਾ ਤਪਾਇਆ ਆਪਣਾ ਭੱਠਾ, ਅਗਨੀ ਤਤ ਤਪਾਇਆ। ਆਪਣਾ ਘਰ ਵੇਖਿਆ ਢੱਠਾ, ਧੁਰਦਰਗਾਹੀ ਦਰ ਦਵਾਰਾ ਆਇਆ। ਗੁਰਸਿਖ ਫਿਰੇ ਅਠਸਠ ਨੱਠਾ, ਗੁਰ ਕਾ ਰੂਪ ਦਿਸ ਨਾ ਆਇਆ। ਮਾਇਆ ਮਮਤਾ ਤਾਪ ਚੜ੍ਹਿਆ ਮੱਠਾ, ਦਿਵਸ ਰੈਣ ਰਿਹਾ ਸਤਾਇਆ। ਗ੍ਰੰਥੀ ਪੰਥੀ ਕਰਨ ਚੱਠਾ, ਸਚ ਅਰਦਾਸ ਨਾ ਕੋਈ ਕਰਾਇਆ । ਨਾਮ ਵੇਚਿਆ ਹੱਟੋ ਹੱਟਾ, ਕੀਮਤ ਕਰਤੇ ਨਾ ਕੋਈ ਚੁਕਾਇਆ। ਲਾਲ ਰੋਲਿਆ ਕੌਡੀਆਂ ਘੱਟਾ, ਕੂੜੀ ਕਿਰਿਆ ਬੰਧ ਬੰਧਾਇਆ। ਸਾਂਗ ਵਰਤਾਇਆ ਬਾਜ਼ੀਗਰ ਨੱਟਾ, ਨੱਟ ਨਟੂਆ ਵੇਖ ਵਖਾਇਆ। ਤ੍ਰਿਸ਼ਨਾ ਵਧਾਈ ਕਾਇਆ ਮੱਟਾ, ਲੋਭ ਮੋਹ ਵਧਾਇਆ। ਨਾਨਕ ਸ਼ਬਦ ਨਾ ਬਣਿਆ ਸਾਚਾ ਮੀਤਾ, ਸਚ ਸ਼ਿੰਗਾਰ ਨਾ ਕੋਇ ਕਰਾਇਆ। ਅੰਮ੍ਰਿਤ ਜਾਮ ਨਾ ਖੋਲ੍ਹਿਆ ਗਟਾ, ਮਦਿਰਾ ਪਾਨ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਗੁਰਸਿਖੀ ਆਪ ਤਰਾਇਆ। ਸਾਚੀ ਸਿਖੀ ਕਰ ਉਜਾਗਰ, ਆਪਣਾ ਕਰਮ ਕਮਾਇੰਦਾ। ਨਿਰਮਲ ਕਰਮ ਕਰੇ ਸਾਚਾ ਸ਼ਾਹ ਸੌਦਾਗਰ, ਨਾਮ ਵਣਜਾਰਾ ਇਕ ਵਿਖਾਇੰਦਾ। ਰੱਤੀ ਨਾਮ ਸੱਚੀ ਰਤਨਾਗਰ, ਰਤ ਰਤਨ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਏਕਾ ਗੁਰ ਏਕਾ ਸਿਖੀ ਲਿਖਿਆ ਧੁਰ, ਧੁਰ ਲੇਖਾ ਆਪ ਚੁਕਾਇੰਦਾ। ਲਿਖਿਆ ਧੁਰ ਆਪ ਚੁਕਾਵਣਾ, ਹਰਿ ਵਡ ਵੱਡੀ ਵਡਿਆਈਆ। ਗੁਰਮੁਖ ਰੂਪ ਸਚ ਦਰਸਾਵਨਾ, ਦਰ ਦਰ ਅਲੱਖ ਜਗਾਈਆ। ਲਿਖਿਆ ਲੇਖ ਪੂਰ ਕਰਾਵਨਾ, ਗੋਬਿੰਦ ਵਡ ਵਡਿਆਈਆ। ਹਰਿ ਹਰਿ ਸੇਵਾ ਆਪ ਕਮਾਵਣਾ, ਸੇਵਕ ਸੇਵ ਆਪ ਅਖਵਾਈਆ। ਝੂਠਾ ਦਾਗ ਜਗਤ ਮਿਟਾਵਣਾ, ਸਚ ਸੁੱਚ ਰੁਸ਼ਨਾਈਆ। ਨਾਮ ਠੂਠਾ ਹੱਥ ਫੜਾਵਣਾ, ਚਾਰ ਵਰਨ ਭੁੱਖ ਮਿਟਾਈਆ। ਜੁਗ ਜੁਗ ਰੁਠਾ ਫੇਰ ਮਨਾਵਣਾ, ਪੂਰੇ ਹੱਥ ਵਡਿਆਈਆ। ਸ਼ਬਦ ਭੱਥਾ ਤਨ ਸਜਾਵਣਾ, ਨਾਮ ਤੀਰ ਕਮਾਨ ਉਠਾਈਆ। ਸਾਚੇ ਨੇਤਰ ਨਿਸ਼ਾਨ ਇਕ ਤਕਾਵਣਾ, ਦੋਏ ਨੇਤਰ ਜਗਤ ਬੰਦ ਕਰਾਈਆ। ਚੰਡ ਪ੍ਰਚੰਡ ਇਕ ਚਮਕਾਵਣਾ, ਬ੍ਰਹਿਮੰਡ ਖੋਜ ਖੁਜਾਈਆ । ਆਪ ਆਪਣੀ ਵੰਡ ਵੰਡਾਵਣਾ, ਵੰਡੇ ਵੰਡ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਵੇਖ ਵਖਾਈਆ।
