Granth 07 Likhat 124: 10 Maghar 2015 Bikarmi Pritam Singh de Ghar Karol Bagh 12 A 16 WEA Navi Delhi

੧੦ ਮੱਘਰ ੨੦੧੫ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਕਰੋਲ ਬਾਗ ੧੨ ਏ ੧੬ ਡਬਲਯੂ ਈ ਏ ਨਵੀਂ ਦਿੱਲੀ

ਗ੍ਰਹਿ ਮੰਦਰ ਹਰਿ ਭਾਇਆ, ਨਿਰਗੁਣ ਜੋਤ ਉਜਿਆਰ। ਦੀਵਾ ਬਾਤੀ ਇਕ ਰਖਾਇਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਆਤਮ ਤਾਕੀ ਇਕ ਖੁਲ੍ਹਾਇਆ, ਆਪ ਆਪਣੀ ਕਿਰਪਾ ਧਾਰ। ਲਹਿਣਾ ਦੇਣਾ ਬਾਕੀ ਮੂਲ ਚੁਕਾਇਆ, ਜੁਗ ਜੁਗ ਲਏ ਮਾਤ ਅਵਤਾਰ। ਤਨ ਖ਼ਾਕੀ ਲੇਖੇ ਲਾਇਆ, ਵੇਖ ਵਖਾਏ ਕਰ ਵਿਚਾਰ । ਅੰਮ੍ਰਿਤ ਸਾਕੀ ਜਾਮ ਪਿਆਇਆ, ਨਿਝਰ ਝਿਰਨਾ ਠੰਡੀ ਠਾਰ। ਨਾਮ ਰਾਕੀ ਆਪ ਚੜ੍ਹਾਇਆ, ਦਿਵਸ ਰੈਣ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਗ੍ਰਹਿ ਮੰਦਰ ਹਰਿ ਵਸਿਆ, ਪਾਰਬ੍ਰਹਮ ਕਰਤਾਰ। ਮੇਟੇ ਰੈਣ ਅੰਧੇਰੀ ਮੱਸਿਆ, ਨਿਰਗੁਣ ਜੋਤ ਕਰ ਉਜਿਆਰ। ਘਰ ਸਾਚੇ ਬਹਿ ਬਹਿ ਹੱਸਿਆ, ਨੂਰ ਇਲਾਹੀ ਬੇਐਬ ਪਰਵਰਦਿਗਾਰ। ਦੂਰ ਦੁਰਾਡਾ ਫਿਰੇ ਨੱਸਿਆ, ਲੋਆਂ ਪੁਰੀਆਂ ਪਾਵੇ ਸਾਰ। ਗੁਰਮੁਖ ਵਿਰਲੇ ਮਾਰਗ ਆਪਣਾ ਦੱਸਿਆ, ਲੱਖ ਚੁਰਾਸੀ ਪਸਰ ਪਸਾਰ। ਤੀਰ ਨਿਰਾਲਾ ਏਕਾ ਕਸਿਆ, ਰਸਨਾ ਚਿੱਲਾ ਮਾਰੇ ਮਾਰ। ਹਰਿਜਨ ਹਿਰਦੇ ਅੰਦਰ ਆਪੇ ਵਸਿਆ, ਰੂਪ ਅਨੂਪ ਸ਼ਾਹੋ ਸਰਕਾਰ। ਜਗਤ ਵਿਕਾਰਾ ਦੇਵੇ ਝੱਸਿਆ, ਤ੍ਰਲੋਕੀ ਨੰਦਨ ਪਾਵੇ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਹੋਏ ਉਜਿਆਰ। ਗ੍ਰਹਿ ਮੰਦਰ ਘਰ ਸੁਹੰਞਣਾ, ਜੋਤੀ ਦੀਪ ਅਪਾਰ। ਸ਼ਬਦ ਅਨਾਦੀ ਏਕਾ ਵੱਜਣਾ, ਧੁਨ ਅਨਾਦ ਸੱਚੀ ਧੁਨਕਾਰ। ਮੇਲ ਮਿਲਾਵਾ ਹਰਿ ਹਰਿ ਸੱਜਣਾ, ਗੁਰ ਸਤਿਗੁਰ ਮੀਤ ਮੁਰਾਰ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਹਉਮੇ ਦੁੱਖੜਾ ਰੋਗ ਨਿਵਾਰ। ਤਨ ਪਰਦਾ ਏਕਾ ਕੱਜਣਾ, ਤਨ ਬਸਤਰ ਦੇਵੇ ਸ਼ਬਦ ਅਪਾਰ। ਆਪ ਮਿਟਾਏ ਲੋਕ ਲਜਨਾ, ਦੇਵੇ ਦਰਸ ਅਗੰਮ ਅਪਾਰ। ਜਗਤ ਨਗਾਰਾ ਏਕਾ ਵੱਜਣਾ, ਲੱਖ ਚੁਰਾਸੀ ਖ਼ਬਰਦਾਰ। ਜੋ ਘੜਿਆ ਸੋ ਭੱਜਣਾ, ਆਦਿ ਜੁਗਾਦੀ ਏਕਾ ਕਾਰ। ਗੁਰਮੁਖ ਵਿਰਲੇ ਹਰਿ ਚਰਨ ਦਵਾਰੇ ਬਹਿ ਬਹਿ ਸਜਣਾ, ਆਪ ਵਖਾਏ ਸਚ ਦਰਬਾਰ। ਨਾਮ ਚੜ੍ਹਾਏ ਸਚ ਜਹਾਜਨਾ, ਦੋ ਜਹਾਨੀ ਪਾਰ ਉਤਾਰ। ਸ਼ਾਹੋ ਭੂਪ ਵਡ ਰਾਜ ਰਾਜਨਾ, ਰਾਓ ਰੰਕ ਇਕ ਪਿਆਰ। ਗ਼ਰੀਬ ਨਿਮਾਣਿਆਂ ਕਰੇ ਕਾਜਨਾ, ਸੇਵਕ ਸੇਵਕ ਸੇਵਾਦਾਰ। ਸਚ ਸੁਗਾਤੀ ਦੇਵੇ ਦਾਜਣਾ, ਧੁਰਦਰਗਾਹ ਨਾ ਕਰੇ ਉਧਾਰ। ਖੇਲੇ ਖੇਲ ਦੇਸ ਮਾਝਨਾ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚਾ ਘਰ ਬਾਰ। ਘਰ ਮੰਦਰ ਹਰਿ ਮੇਲਿਆ, ਰੂਪ ਅਗੰਮ ਅਥਾਹ। ਇਕ ਦੁਆਰਾ ਗੁਰੂ ਗੁਰ ਚੇਲਿਆ, ਗੁਰ ਸਤਿਗੁਰ ਬੇਪਰਵਾਹ। ਆਪਣਾ ਖੇਲ ਆਪੇ ਖੇਲਿਆ, ਆਪੇ ਬਣਿਆ ਜਗਤ ਮਲਾਹ। ਘਰ ਸਾਚੇ ਸੱਜਣ ਸੁਹੇਲਿਆ, ਇਕ ਜਪਾਏ ਸਾਚਾ ਨਾਂ। ਸਦ ਵਸੇ ਰੰਗ ਨਵੇਲਿਆ, ਨਿਥਾਵਿਆਂ ਦੇਵਣਹਾਰਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਕੜਣਹਾਰਾ ਬਾਂਹ। ਘਰ ਮੰਦਰ ਉਚ ਅਟਾਰੀਆ, ਹਰਿ ਹਰਿ ਬਣਤ ਬਣਾਈਆ। ਜਗੇ ਜੋਤ ਇਕ ਨਿਰੰਕਾਰਿਆ, ਨਿਰਗੁਣ ਨੂਰੋ ਨੂਰ ਸਮਾਈਆ। ਖੇਲੇ ਖੇਲ ਅਗੰਮ ਅਪਾਰੀਆ, ਆਦਿ ਜੁਗਾਦਿ ਵੱਡੀ ਵਡਿਆਈਆ। ਸ਼ਾਹੋ ਭੂਪ ਸੱਚਾ ਸਰਦਾਰੀਆ, ਤਖ਼ਤ ਤਾਜ ਵੇਖ ਵਖਾਈਆ। ਰਾਜ ਜੋਗ ਇਕ ਜਣਾ ਰਿਹਾ, ਏਕਾ ਬੂਝ ਬੁਝਾਈਆ। ਰਸਨਾ ਭੋਗ ਇਕ ਲਗਾ ਰਿਹਾ, ਆਤਮ ਰਸ ਵੱਡੀ ਵਡਿਆਈਆ। ਧੁਰ ਸੰਜੋਗ ਮੇਲ ਮਿਲਾ ਰਿਹਾ, ਜਗਤ ਵਿਛੋੜਾ ਫੰਦ ਕਟਾਈਆ। ਦਰਸ ਅਮੋਘ ਦਰ ਦਿਖਾ ਰਿਹਾ, ਨਾਮ ਚੋਗ ਇਕ ਚੁਗਾਈਆ। ਦੋ ਜਹਾਨਾਂ ਰੋਗ ਮਿਟਾ ਰਿਹਾ, ਪਤਿਤ ਪੁਨੀਤਾ ਆਪ ਕਰਾਈਆ। ਤਿੰਨਾਂ ਲੋਕਾਂ ਪਾਰ ਰਖਾ ਰਿਹਾ, ਸਚਖੰਡ ਦਵਾਰਾ ਇਕ ਜਣਾਈਆ। ਏਕਾ ਸ਼ਬਦ ਸਲੋਕ ਸੁਣਾ ਰਿਹਾ, ਸੋਹੰ ਸ਼ਬਦ ਵੱਡੀ ਵਡਿਆਈਆ। ਲੱਖ ਚੁਰਾਸੀ ਤੇਰਾ ਭੋਗ ਪਾ ਰਿਹਾ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਬੇਪਰਵਾਹੀਆ। ਘਰ ਮੰਦਰ ਉਚ ਅਟੱਲ ਮਹੱਲਾ, ਹਰਿ ਹਰਿ ਜੋਤ ਜਗਾਈਆ। ਅਬਿਨਾਸ਼ੀ ਕਰਤਾ ਦਰ ਬੈਠਾ ਇਕ ਇਕੱਲਾ, ਏਕਾ ਏਕ ਸਮਾਈਆ। ਪਾਵੇ ਸਾਰ ਜਲਾ ਥਲਾ, ਜਲ ਥਲ ਮਹੀਅਲ ਆਪ ਹੋ ਜਾਈਆ। ਸਚ ਦਰ ਗੁਰਮੁਖ ਵਿਰਲੇ ਮੱਲਾ, ਜਿਸ ਜਨ ਆਪਣੀ ਬੂਝ ਬੁਝਾਈਆ। ਜਗਤ ਦਵੈਤੀ ਮੇਟੇ ਸੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਚਰਨ ਪ੍ਰੀਤੀ ਘੋਲ ਘੁੱਲਾ, ਦਰਗਹਿ ਸਾਚੀ ਧਾਮ ਸੁਹਾਈਆ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਖੇਲ ਖਲਾਈਆ। ਪੁਰਖ ਅਗੰਮਾ ਦੀਪਕ ਏਕਾ ਬਲਾ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਮੰਦਰ ਵੇਖ ਵਖਾਈਆ। ਗ੍ਰਹਿ ਮੰਦਰ ਪਤਿਤ ਪਾਵਣ, ਆਪਣਾ ਆਪ ਕਰਾਈਆ। ਭੇਖਾਧਾਰੀ ਭੇਖ ਬਾਵਨ, ਬਲ ਰਾਜਾ ਸੰਗ ਨਿਭਾਈਆ। ਆਪ ਫੜਾਇਆ ਆਪਣਾ ਦਾਮਨ, ਦ੍ਰਿਸ਼ਟ ਅਗੋਚਰ ਵੇਖ ਵਖਾਈਆ। ਦਰਗਹਿ ਸਾਚੀ ਸਾਚਾ ਜ਼ਾਮਨ, ਜਮ ਜੰਦਾਰ ਨੇੜ ਨਾ ਆਈਆ। ਅੰਮ੍ਰਿਤ ਮੇਘ ਬਰਸੇ ਸਾਵਣ, ਸਾਂਤਕ ਸਤਿ ਵਰਤਾਈਆ। ਜਗਤ ਹੰਕਾਰਾ ਤੁੱਟੇ ਗੜ੍ਹ ਲੰਕਾ ਰਾਵਣ, ਰਾਮ ਰਾਮਾ ਹੋਏ ਸਹਾਈਆ। ਧੁਰਦਰਗਾਹੀ ਸਾਚਾ ਜ਼ਾਮਨ, ਏਕਾ ਪੱਲਾ ਨਾਮ ਫੜਾਈਆ। ਗੁਰਸਿਖ ਸੱਜਣ ਸੁਹੇਲ ਚਰਨ ਧੂੜੀ ਸੱਚਾ ਨਹਾਵਣ, ਅੱਠ ਸੱਠ ਮੂਲ ਚੁਕਾਈਆ। ਏਕਾ ਸ਼ਬਦ ਅਨਾਦੀ ਗਾਵਣ, ਸੋ ਪੁਰਖ ਨਿਰੰਜਣ ਜੋ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸੱਚਾ ਬੰਕ ਸੁਹਾਈਆ। ਗ੍ਰਹਿ ਮੰਦਰ ਸਾਚਾ ਬੰਕ, ਹਰਿ ਹਰਿ ਆਪ ਸੁਹੰਨਿਆ। ਗੁਰਮੁਖ ਵਿਰਲੇ ਜੋਤੀ ਸ਼ਬਦੀ ਲਾਏ ਤਨਕ, ਪੰਚਮ ਦੇਵਣਹਾਰਾ ਡੰਨਿਆ। ਮੇਲ ਮਿਲਾਵਾ ਵਾਸੀ ਪੁਰੀ ਘਨਕ, ਸੰਬਲ ਨਗਰੀ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਚੜ੍ਹਾਏ ਸਾਚੇ ਚੰਨਿਆ। ਚੰਨ ਸੂਰਜ ਰਵ ਸਸ, ਆਦਿ ਜੁਗਾਦਿ ਪ੍ਰਕਾਸ਼ਿਆ। ਹਰਿ ਸੱਜਣ ਮੇਲਾ ਬੀਸ ਬੀਸ, ਗੁਰਮੁਖ ਸੱਚਾ ਭਰਵਾਸਿਆ। ਦਰਸ ਦਖਾਏ ਨੱਸ ਨੱਸ, ਪਾਵੇ ਸਾਰ ਪ੍ਰਿਥਮੀ ਅਕਾਸ਼ਿਆ। ਹਿਰਦੇ ਅੰਦਰ ਵਸ ਵਸ, ਲੇਖਾ ਲਾਏ ਬਿਨ ਸਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਹਰਿ ਸਾਚਾ ਸ਼ਾਹੋ ਸ਼ਾਬਾਸਿਆ। ਗ੍ਰਹਿ ਮੰਦਰ ਵਸਿਆ ਸ਼ਾਹੋ ਭੂਪ, ਰੂਪ ਰੰਗ ਨਾ ਰਾਇਆ। ਜੋਤੀ ਨੂਰ ਸਤਿ ਸਰੂਪ, ਸ਼ਬਦ ਸ਼ਬਦੀ ਨਾਉਂ ਧਰਾਇਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਲਹਿਣਾ ਦੇਣਾ ਚੁਕਾਏ ਜੂਠ ਝੂਠ, ਸਚ ਸੁੱਚ ਕਰੇ ਵਰਤਾਇਆ। ਜਿਸ ਜਨ ਆਪੇ ਜਾਏ ਤੁਠ, ਜਗਤ ਦਵਾਰਾ ਇਕ ਸੁਹਾਇਆ। ਅੰਮ੍ਰਿਤ ਦੇਵੇ ਸਾਚਾ ਘੁੱਟ, ਅੰਤਰ ਆਤਮ ਇਕ ਪਿਆਇਆ। ਪੰਚ ਵਿਕਾਰਾ ਕੱਢੇ ਕੁੱਟ, ਆਪ ਆਪਣਾ ਸ਼ਬਦ ਉਠਾਇਆ। ਗੁਰਮੁਖ ਵਿਰਲੇ ਲਾਹਾ ਰਹੇ ਲੁੱਟ, ਮਨਮੁਖਾਂ ਜੀਵਾਂ ਦਿਸ ਨਾ ਆਇਆ। ਲੱਖ ਚੁਰਾਸੀ ਕਲਜੁਗ ਅੰਦਰ ਡੂੰਘੀ ਜੜ੍ਹ ਦੇਵੇ ਪੁੱਟ, ਸ਼ੌਹ ਦਰਿਯਾਏ ਆਪ ਰੁੜ੍ਹਾਇਆ। ਵਹਿੰਦੇ ਵਹਿਣਾਂ ਦੇਵੇ ਸੁੱਟ, ਏਕਾ ਧੱਕਾ ਨਾਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਚਾਰ ਦਿਵਾਰ ਨਾ ਕੋਈ ਰਖਾਇਆ। ਗ੍ਰਹਿ ਮੰਦਰ ਹਰਿ ਦਵਾਰ, ਹਰਿ ਹਰਿ ਵੇਖ ਵਿਖਾਨਿਆ। ਛੱਪਰ ਛੰਨ ਨਾ ਪਾਵੇ ਸਾਰ, ਬਾਢੀ ਬਣਤ ਨਾ ਕੋਈ ਬਣਾਨਿਆ। ਲੇਖਾ ਲਿਖੇ ਨਾ ਕੋਈ ਸੰਸਾਰ, ਵੇਦ ਕਤੇਬ ਹੋਏ ਪ੍ਰਧਾਨਿਆ। ਗੁਰਮੁਖ ਸਾਚੇ ਕਰੇ ਪਿਆਰ, ਜਿਸ ਜਨ ਬਖ਼ਸ਼ੇ ਚਰਨ ਧਿਆਨਿਆ। ਘਰ ਵਿਚ ਘਰ ਘਰ ਖੇਲ ਅਪਾਰ, ਖੇਲੇ ਖੇਲ ਸ੍ਰੀ ਭਗਵਾਨਿਆ। ਕੋਟਨ ਕੋਟ ਰਵ ਸਸ ਕਰਨ ਨਿਮਸਕਾਰ, ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਨਿਆ। ਗੁਰਮੁਖ ਮੇਲਾ ਸਚ ਭਤਾਰ, ਹਰਿ ਕੰਤਾ ਰੂਪ ਵਟਾਨਿਆ। ਨਾਰੀ ਸੇਜਾ ਏਕਾ ਧਾਰ, ਏਕਾ ਜੋਤ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਤਨ ਅੰਦਰ ਦਰ ਘਰ ਹਰਿ ਨਰ ਨਰਾਇਣ, ਹਰੀ ਹਰਿ ਕਰੇ ਪਰਵਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਜੁਗ ਵੇਸ ਅਨੇਕ ਨਾ ਕੋਈ ਰੂਪ ਨਾ ਕੋਈ ਰੇਖ, ਪੰਜ ਤਤ ਨਾਮ ਜਗਤ ਕਰੇ ਪ੍ਰਧਾਨਿਆ। ਨਾਮ ਵਸਤ ਹਰਿ ਉਪਾ, ਆਪਣੇ ਹੱਥ ਰਖਾਈਆ। ਜਨ ਭਗਤਾਂ ਦੇਵੇ ਕਰ ਪਿਆਰ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਧ ਸੰਤ ਲਏ ਉਭਾਰ, ਪੰਜ ਤਤ ਕਰੇ ਰੁਸ਼ਨਾਈਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣਾ ਰੂਪ ਵਟਾਈਆ। ਅਲੱਖ ਨਿਰੰਜਣ ਭੇਵ ਨਿਆਰ, ਅਬਿਨਾਸ਼ੀ ਕਰਤਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਆਤਮ ਬ੍ਰਹਮ ਕਰੇ ਜਣਾਈਆ। ਹਰਿ ਨਾਮ ਸ਼ਬਦ ਭੰਡਾਰ, ਹਰਿਜਨ ਆਪ ਵਰਤਾਈਆ। ਜੁਗ ਜੁਗ ਲਏ ਲੋਕਮਾਤ ਅਵਤਾਰ, ਗੁਰਮੁਖ ਸਾਚੇ ਵੇਖ ਵਖਾਈਆ। ਆਤਮ ਅੰਤਰ ਪਾਵੇ ਸਾਰ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਦੀਵਾ ਬਾਤੀ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦੇਵੇ ਠੰਡੀ ਠਾਰ, ਗਿਰਧਾਰਾ ਮੁਖ ਚੁਆਈਆ। ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਰ, ਤਾਲ ਤਲਵਾੜਾ ਇਕ ਵਜਾਈਆ। ਬਜ਼ਰ ਕਪਾਟੀ ਪਰਦਾ ਪਾੜ, ਦੂਈ ਦਵੈਤੀ ਕੁੰਡਾ ਲਾਹੀਆ। ਦਸਮ ਦੁਆਰੀ ਅੰਦਰ ਵੜ, ਨੌਂ ਦਰ ਪਾਰ ਕਰਾਈਆ। ਮੇਟ ਮਿਟਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਆਤਮ ਸੇਜਾ ਸਚ ਪਿਆਰ, ਹਰਿ ਹਰਿਜਨ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਏਕਾ ਰੰਗ ਰੰਗਾਈਆ। ਨਾਮ ਰੰਗ ਅਪਰ ਅਪਾਰ, ਹਰਿਜਨ ਤਨ ਚੜ੍ਹਾਈਆ। ਏਕਾ ਦੂਜਾ ਭੇਵ ਨਿਵਾਰ, ਤੀਜਾ ਨੈਣ ਇਕ ਖੁਲ੍ਹਾਈਆ। ਚੌਥੇ ਦਰ ਪਾਵੇ ਸਾਰ, ਆਪ ਆਪਣਾ ਸੰਗ ਨਿਭਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਮੋਹ ਚੁਕਾਈਆ। ਛੇਵੇਂ ਛੱਪਰ ਛੰਨ ਨਾ ਕੋਈ ਪਸਾਰ, ਹਰਿ ਬੈਠਾ ਬੇਪਰਵਾਹੀਆ। ਸੱਤਵੇਂ ਸਤਿ ਪੁਰਖ ਨਿਰੰਜਣ ਆਦਿਨ ਅੰਤਾ ਏਕੰਕਾਰ, ਅਕਲ ਕਲਾ ਵਰਤਾਈਆ। ਅੱਠਾਂ ਤੱਤਾਂ ਵਸਿਆ ਬਾਹਿਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਕੋਇ ਰਖਾਈਆ। ਜੀਵ ਜੰਤ ਨੌਂ ਦਰ ਖਵਾਰ, ਜਗਤ ਤ੍ਰਿਸ਼ਨਾ ਬੰਦ ਕਰਾਈਆ। ਦਸਵੇਂ ਖੇਲੇ ਖੇਲ ਨਿਆਰ, ਖੇਲਣਹਾਰ ਦਿਸ ਨਾ ਆਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਦਇਆ ਕਮਾਈਆ। ਖੋਲਣਹਾਰਾ ਬੰਦ ਕਿਵਾੜ, ਆਪ ਆਪਣਾ ਮੁਖ ਵਖਾਈਆ । ਧੁਰਦਰਗਾਹੀ ਸਾਚਾ ਲਾੜ, ਘਰ ਘਰ ਵਿਚ ਬੈਠਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਨਾਮ ਨਾਮਾ ਵੇਖ ਵਖਾਈਆ। ਨਾਮ ਵਸਤ ਜਗਤ ਅਮੋਲ, ਹਰਿਜਨ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਤੋਲਣਹਾਰਾ ਸਾਚਾ ਤੋਲ, ਏਕਾ ਕੰਡਾ ਹੱਥ ਉਠਾਇੰਦਾ। ਸ਼ਬਦ ਨਿਸ਼ਅੱਖਰ ਆਪੇ ਬੋਲ, ਧੁਨ ਅਨਾਦੀ ਆਪ ਸੁਣਾਇੰਦਾ। ਸਦਾ ਸੁਹੇਲਾ ਵਸੇ ਕੋਲ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਆਪ ਆਪਣਾ ਪਰਦਾ ਹਰਿਜਨ ਆਪੇ ਲਏ ਖੋਲ੍ਹ, ਬ੍ਰਹਮ ਬ੍ਰਹਮ ਦਰਸਾਇੰਦਾ। ਭਾਗ ਲਗਾਏ ਕਾਇਆ ਚੋਲ, ਹੱਡ ਮਾਸ ਰਕਤ ਬੂੰਦ ਨਾੜੀ ਰੱਤ ਵੇਖ ਵਖਾਇੰਦਾ। ਜੋਤ ਸਰੂਪ ਰਿਹਾ ਮੌਲ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਜਗਤ ਵਣਜਾਰਾ ਆਪ ਅਖਵਾਇੰਦਾ। ਨਾਮ ਦਾਤ ਧੁਰ ਦਰਗਾਹ, ਹਰਿ ਹਰਿ ਇਕ ਰਖਾਇਆ। ਲੋਕਮਾਤ ਬਣ ਮਲਾਹ, ਜੁਗ ਜੁਗ ਆਪ ਵਰਤਾਇਆ। ਨਿਥਾਵਿਆਂ ਦੇਵਣਹਾਰ ਥਾਂ, ਦਰ ਘਰ ਸਾਚਾ ਇਕ ਸੁਹਾਇਆ। ਜਨ ਭਗਤਾਂ ਫੜੇ ਸਾਚੀ ਬਾਂਹ, ਆਪ ਆਪਣਾ ਸੰਗ ਨਿਭਾਇਆ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇਆ। ਸ਼ਬਦ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਆਪੇ ਪਿਤਾ ਆਪੇ ਮਾਂ, ਗੁਰਸਿਖ ਬਾਲ ਅਞਾਣੇ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਭਗਤ ਭੰਡਾਰ ਆਪ ਵਰਤਾਇਆ। ਨਾਮ ਭਗਤੀ ਭਗਤ ਭੰਡਾਰ, ਹਰਿਜਨ ਝੋਲੀ ਪਾਈਆ। ਦਿਵਸ ਰੈਣ ਰਹੇ ਖੁਮਾਰ, ਅੱਠ ਪਹਿਰ ਲਿਵ ਲਾਈਆ। ਦਰਸ ਦਖਾਏ ਪੁਰਖ ਅਪਾਰ, ਏਕੰਕਾਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਘਰ ਸਾਚਾ ਬੰਕ ਸੁਹਾਈਆ। ਨਾਮ ਰੰਗ ਰੰਗ ਚਲੂਲ, ਗੁਰਮੁਖ ਤਨ ਚੜ੍ਹਾਇਆ। ਮੇਲ ਮਿਲਾਵਾ ਕੰਤ ਕੰਤੂਹਲ, ਘਰ ਸੱਜਣ ਵੇਖ ਵਖਾਇਆ। ਆਦਿ ਅੰਤ ਨਾ ਜਾਏ ਭੂਲ, ਜੁਗ ਜੁਗ ਵੇਸ ਵਟਾਇਆ। ਗੁਰਮੁਖਾਂ ਵੇਖ ਵਖਾਏ ਆਤਮ ਸੇਜਾ ਬਰਖ਼ਾ ਲਾਏ ਸਾਚੇ ਫੂਲ, ਨਾਮ ਸੁਗੰਧੀ ਇਕ ਵਖਾਇਆ। ਸ਼ਬਦ ਸਿੰਘਾਸਣ ਆਪ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਢੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਲਹਿਣਾ ਦੇਣਾ ਪਿਛਲਾ ਮੂਲ, ਪੂਰਬ ਲਹਿਣਾ ਝੋਲੀ ਪਾਈਆ। ਨਾਮ ਵਸਤ ਪੂਰਬ ਲਹਿਣਾ, ਹਰਿਜਨ ਆਪ ਚੁਕਾਈਆ। ਨੇਤਰ ਅੰਜਨ ਪਾਏ ਨੈਣਾਂ, ਅਗਿਆਨ ਅੰਧੇਰ ਮਿਟਾਈਆ। ਨਾਤਾ ਤੁਟੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣਾ, ਏਕਾ ਦਰ ਵਖਾਈਆ। ਸ਼ਬਦ ਬਸਤਰ ਦਏ ਗਹਿਣਾ, ਉਤਰ ਕਦੇ ਨਾ ਜਾਈਆ। ਪੁਰਖ ਅਕਾਲਾ ਏਕਾ ਕਹਿਣਾ, ਏਕਾ ਬੂਝ ਬੁਝਾਈਆ। ਹਰਿਜਨ ਭਾਣਾ ਹਰਿ ਹਰਿ ਸਹਿਣਾ, ਹਰਿ ਨਾਮੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਰੱਤੀ ਰੱਤ ਰਹਿਣ ਨਾ ਪਾਈਆ।