Granth 07 Likhat 123: 9 Maghar 2015 Bikarmi Amir Chand Gulati de Ghar Palwal Shehar

੯ ਮੱਘਰ ੨੦੧੫ ਬਿਕ੍ਰਮੀ ਅਮੀਰ ਚੰਦ ਗੁਲਾਟੀ ਦੇ ਘਰ ਪਲਵਲ ਸ਼ਹਿਰ

ਹਰਿ ਭਗਤ ਹਰਿ ਜਾਣਿਆ, ਆਤਮ ਬ੍ਰਹਮ ਵਿਚਾਰ। ਤਨ ਮੰਦਰ ਵੇਖ ਵਖਾਣਿਆ, ਮਹੱਲ ਅਟੱਲ ਉਚ ਮਿਨਾਰ। ਰਾਮ ਰਾਮਾ ਰੂਪ ਪਛਾਣਿਆ, ਨਿਰਗੁਣ ਖੇਲ ਅਗੰਮ ਅਪਾਰ। ਦਰ ਦਵਾਰ ਹੋਏ ਪ੍ਰਵਾਨਿਆ, ਆਦਿ ਪੁਰਖ ਨਿਰੰਜਣ ਪਾਵੇ ਸਾਰ। ਦੇਵੇ ਨਾਮ ਸਚ ਨਿਸ਼ਾਨਿਆਂ, ਲੋਕਮਾਤ ਦੀਪ ਉਜਿਆਰ। ਏਕ ਸੁਣਾਏ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਦਰ ਦਵਾਰ। ਹਰਿ ਭਗਤ ਹਰਿ ਰੰਗ ਹੈ, ਰਾਮ ਰੂਪ ਅਪਾਰ। ਨਾਮ ਮੰਗੇ ਏਕਾ ਮੰਗ ਹੈ, ਸਚ ਵਸਤ ਸਚ ਦਰਬਾਰ। ਮਾਨਸ ਜਨਮ ਨਾ ਹੋਏ ਭੰਗ ਹੈ, ਲੱਖ ਚੁਰਾਸੀ ਉਤਰੇ ਪਾਰ। ਅੰਮ੍ਰਿਤ ਧਾਰਾ ਵਹੇ ਸਾਚੀ ਗੰਗ ਹੈ, ਮਿਲ ਪੀਓ ਠੰਡਾ ਠਾਰ। ਦੋ ਜਹਾਨਾਂ ਕਟੇ ਭੁੱਖ ਨੰਗ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਭਗਤੀ ਪਾਵੇ ਸਾਰ। ਭਗਤੀ ਹਰਿ ਹਰਿ ਦਰ ਸੁਹਾਇਆ, ਭਗਤਨ ਰੂਪ ਅਪਾਰ। ਨੇਤਰ ਨੈਣ ਇਕ ਖੁਲ੍ਹਾਇਆ, ਮਿਟਿਆ ਅੰਧ ਅੰਧਿਆਰ। ਜੋਤ ਨਿਰੰਜਣ ਆਪ ਜਗਾਇਆ, ਵੇਖੇ ਵਿਗਸੇ ਕਰੇ ਵਿਚਾਰ। ਕਾਇਆ ਮੰਦਰ ਡੇਰਾ ਲਾਇਆ, ਧਰਮ ਸੁਹਾਏ ਦਸਮ ਦਵਾਰ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਆਪ ਆਪਣੀ ਕਿਰਪਾ ਧਾਰ। ਹਰਿਜਨ ਵਿਰਲੇ ਬੂਝ ਬੁਝਾਇਆ, ਲੱਖ ਚੁਰਾਸੀ ਸੁੱਤੀ ਪੈਰ ਪਸਾਰ। ਕਲਜੁਗ ਮਾਇਆ ਪਰਦਾ ਪਾਇਆ, ਨੇਤਰ ਨੈਣ ਨਾ ਸਕੇ ਕੋਈ ਉਘਾੜ। ਕਾਮ ਕਰੋਧ ਲੋਭ ਮੋਹ ਹਲਕਾਇਆ, ਦੁਰਮਤ ਮੈਲ ਨਾ ਸਕੇ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਭਗਤੀ ਵਰ, ਨਾਮ ਭਗਤੀ ਭਰੇ ਭੰਡਾਰ। ਨਾਮ ਭਗਤੀ ਸਚ ਖ਼ਜ਼ਾਨਾ, ਭਗਵੰਤ ਹੱਥ ਰਖਾਈਆ। ਜਨ ਭਗਤਾਂ ਦੇਵੇ ਦੋ ਜਹਾਨਾਂ, ਆਦਿ ਜੁਗਾਦਿ ਨਾਉਂ ਧਰਾਈਆ। ਜੁਗ ਜੁਗ ਖੇਲੇ ਖੇਲ ਮਹਾਨਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਅਛਲ ਅਛੱਲ ਆਪ ਪਛਾਨਾ, ਕਲ ਬਾਵਨ ਭੇਖ ਵਟਾਈਆ। ਅੰਸਾ ਬੰਸਾ ਜੋਤ ਮਹਾਨਾ, ਨਰ ਨਰਾਇਣ ਰੂਪ ਦਰਸਾਈਆ। ਰਾਮ ਸੀਤਾ ਹੋ ਪ੍ਰਧਾਨਾ, ਤ੍ਰੈ ਤ੍ਰੈ ਵੇਖ ਵਖਾਈਆ। ਖੇਲੇ ਖੇਲ ਕ੍ਰਿਸ਼ਨਾ ਕਾਹਨਾ, ਨਾਮ ਬੰਸਰੀ ਇਕ ਵਜਾਈਆ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਮੇਲ ਮਿਲਾਨਾ, ਥਾਨ ਥਨੰਤਰ ਇਕ ਸੁਹਾਈਆ। ਜਨ ਭਗਤਾਂ ਬੰਨ੍ਹੇ ਨਾਮ ਗਾਨਾ, ਸਤਿ ਸੰਤੋਖੀ ਡੋਰੀ ਏਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਦਰ ਦਵਾਰਾ ਇਕ ਖੁਲ੍ਹਾਈਆ। ਆਤਮ ਅੰਤਰ ਸਚ ਦਵਾਰ, ਹਰਿਜਨ ਆਪ ਖੁਲ੍ਹਾਇਆ। ਨੇਤਰ ਨੈਣ ਇਕ ਉਘਾੜ, ਆਪ ਆਪਣਾ ਦਰਸ ਦਿਖਾਇਆ। ਪੰਚਮ ਘਰ ਪੰਚਮ ਦੇਵੇ ਵਾੜ, ਬੰਦ ਕਿਵਾੜਾ ਆਪੇ ਲਾਹਿਆ। ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਮਿਟਾਇਆ। ਨੇੜ ਨਾ ਆਏ ਮੌਤ ਲਾੜ, ਰਾਏ ਧਰਮ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦੇਵੇ ਭਗਤੀ ਵਰ, ਭਗਵਨ ਭਗਵੰਤ ਰੂਪ ਸਮਾਇਆ।