੨੭ ਮੱਘਰ ੨੦੧੫ ਬਿਕ੍ਰਮੀ ਸੂਬੇਦਾਰ ਤਾਰੂ ਸਿੰਘ ਪਿੰਡ ਜੰਡੀਰੇ ਜ਼ਿਲਾ ਜਲੰਧਰ
ਹਰਿ ਪ੍ਰਕਾਸ਼ ਸਰਬ ਘਟ ਅੰਦਰ, ਆਦਿ ਜੁਗਾਦਿ ਰਖਾਈਆ। ਆਪ ਬਣਾਏ ਆਪਣਾ ਮੰਦਰ, ਆਪੇ ਬੈਠਾ ਆਸਣ ਲਾਈਆ। ਆਪ ਲਗਾਏ ਆਪਣਾ ਜੰਦਰ, ਨਾ ਕੋਈ ਦੂਸਰ ਸਕੇ ਤੁੜਾਈਆ। ਖੇਲੇ ਖੇਲ ਡੂੰਘੀ ਕੰਦਰ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਏਕਾ ਧਾਰ, ਹਰਿ ਹਰਿ ਆਪ ਚਲਾਇੰਦਾ। ਆਦਿਨ ਅੰਤਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਪੁਰਖ ਅਬਿਨਾਸ਼ੀ ਬੇਅੰਤ ਬੇਐਬ ਪਰਵਰਦਿਗਾਰ, ਰੂਪ ਅਨੂਪ ਨਾ ਕੋਈ ਦਰਸਾਇੰਦਾ। ਇਕ ਇਕੱਲਾ ਖੇਲ ਨਿਆਰ, ਅਕਲ ਕਲ ਵਰਤਾਇੰਦਾ। ਸਚ ਮਹੱਲਾ ਉਚ ਮਿਨਾਰ, ਥਿਰ ਘਰ ਵਾਸੀ ਡੇਰਾ ਲਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਨੇਤਰ ਨੈਣ ਨਾ ਕੋਈ ਦਰਸਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਦੀਵਾ ਬਾਤੀ ਇਕ ਉਜਿਆਰ, ਨਿਰਗੁਣ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਸਮਰਥ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਮਹਿਮਾ ਅਕੱਥ, ਰਸਨਾ ਕਥ ਨਾ ਸਕੇ ਰਾਈਆ। ਜੁਗ ਜੁਗ ਦੇਵਣਹਾਰਾ ਵੱਥ, ਨਾਮ ਦਾਨ ਝੋਲੀ ਪਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਵਡ ਵਡਿਆਈਆ। ਹਰਿ ਕਾ ਮੰਦਰ ਨਾ ਜਾਏ ਢੱਠ, ਚਾਰ ਦਿਵਾਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਇੰਦਾ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਸਾਚੀ ਧੁਨ ਉਪਜਾਇੰਦਾ। ਅਨਹਦ ਸਾਚੀ ਸੇਵਾਦਾਰ, ਸੇਵਕ ਸੇਵਾ ਲਾਇੰਦਾ। ਪੰਚਮ ਪੰਚਮ ਇਕ ਪਿਆਰ, ਏਕਾ ਰੰਗ ਸਮਾਇੰਦਾ। ਸਾਚੇ ਮੰਦਰ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਿਲਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਆਪੇ ਵੇਖ ਵਿਖਾਇੰਦਾ। ਘਰ ਵਿਚ ਘਰ ਆਪ ਉਸਾਰ, ਆਪਣਾ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਹੋ ਉਜਿਆਰ, ਏਕਾ ਨੂਰ ਦਰਸਾਇੰਦਾ। ਅੰਮ੍ਰਿਤ ਪੀਓ ਠੰਡੀ ਧਾਰ, ਨਿਝਰ ਧਾਰਾ ਆਪ ਵਹਾਇੰਦਾ। ਕਮਲਾਪਾਤੀ ਮੀਤ ਮੁਰਾਰ, ਪਤਿਤ ਪਾਵਣ ਨਾਉਂ ਧਰਾਇੰਦਾ। ਅਚਰਜ ਰੀਤਾ ਵਿਚ ਸੰਸਾਰ, ਜੁਗ ਜੁਗ ਆਪ ਚਲਾਇੰਦਾ। ਮੰਦਰ ਮਸੀਤਾ ਖੋਲ੍ਹ ਕਿਵਾੜ, ਆਪੇ ਵੇਖ ਵਖਾਇੰਦਾ। ਵੇਦ ਪੁਰਾਨਾ ਪਾਵੇ ਸਾਰ, ਅੰਜੀਲ ਕੁਰਾਨਾ ਫੋਲ ਫੁਲਾਇੰਦਾ। ਖਾਣੀ ਬਾਣੀ ਸਾਂਝਾ ਯਾਰ, ਇਕ ਇਕੱਲਾ ਨਾਉਂ ਧਰਾਇੰਦਾ। ਸ਼ਬਦ ਹਾਣੀ ਇਕ ਉਜਿਆਰ, ਏਕਾ ਰੂਪ ਦਰਸਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਦਰ ਦਰ ਘਰ ਘਰ ਡੇਰਾ ਲਾਇੰਦਾ। ਜੋਤ ਪ੍ਰਕਾਸ਼ ਹਰਿ ਉਜਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਮੰਡਲ ਰਾਸੀ ਹੋ ਤਿਆਰ, ਗੋਪੀ ਕਾਹਨ ਆਪ ਨਚਾਇੰਦਾ। ਸੀਤਾ ਰਾਮ ਆਪ ਪਿਆਰ, ਸੀਤਾ ਸੁਰਤੀ ਇਕ ਪ੍ਰਨਾਇੰਦਾ। ਸਦਾ ਅਤੀਤਾ ਏਕੰਕਾਰ, ਆਪਣਾ ਘਰ ਸੁਹਾਇੰਦਾ। ਆਪਣਾ ਭਾਣਾ ਮੀਠਾ ਜਾਣੇ ਆਪ ਗਿਰਧਾਰ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲੇ ਖੇਲ ਵਿਚ ਬ੍ਰਹਿਮਾਦਿ, ਸ਼ਬਦ ਨਾਦ ਇਕ ਵਜਾਇੰਦਾ। ਸ਼ਬਦ ਨਾਦ ਸਾਚੀ ਤੂਰ, ਹਰਿ ਹਰਿ ਆਪ ਉਪਜਾਇੰਦਾ। ਆਪੇ ਹੋਏ ਹਾਜ਼ਰ ਹਜ਼ੂਰ, ਨੇੜਾ ਦੂਰ ਆਪ ਅਖਵਾਇੰਦਾ। ਲੱਖ ਚੁਰਾਸੀ ਆਸਾ ਮਨਸਾ ਪੂਰ, ਮੁਕੰਦ ਮਨੋਹਰ ਡੇਰਾ ਲਾਇੰਦਾ। ਤੋੜਣਹਾਰਾ ਨਾਤਾ ਕੂੜ, ਸਚ ਸੁੱਚ ਦਰਸਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਆਪ ਆਪਣੀ ਦਇਆ ਕਮਾਇੰਦਾ । ਕਾਇਆ ਚੋਲੀ ਰੰਗਨ ਚਾੜ੍ਹੇ ਗੂੜ, ਨਾਮ ਮਜੀਠੀ ਇਕ ਚੜ੍ਹਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੋ ਜਹਾਨਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਲੇਖ ਲਿਖਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਆਪੇ ਆਪ ਕਰਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਨਾਉਂ ਧਰਾਈਆ। ਆਪੇ ਸੱਜਣ ਆਪ ਸੁਹੇਲਾ, ਆਪੇ ਮੇਲ ਮਿਲਾਈਆ। ਆਪੇ ਵਸੇ ਇਕ ਅਕੇਲਾ, ਹਰ ਘਟ ਬੈਠਾ ਆਪੇ ਆਸਣ ਲਾਈਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਆਪ ਭਵਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤ ਨਿਰੰਜਣ ਪੁਰਖ ਅਬਿਨਾਸ਼ੀ ਚਾੜ੍ਹੇ ਤੇਲਾ, ਆਦਿ ਨਿਰੰਜਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਹਰਿ ਹਰਿ ਆਪ ਚਲਾਇੰਦਾ। ਆਦਿ ਜੁਗਾਦੀ ਏਕੰਕਾਰ, ਜੁਗ ਜੁਗ ਵੇਸ ਵਟਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਏਕਾ ਰਾਗ ਅਲਾਇੰਦਾ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਰੰਗ, ਏਕਾ ਰੰਗ ਰੰਗਾਇਆ। ਆਪ ਸੁਹਾਏ ਆਪਣੀ ਸੇਜ ਪਲੰਘ, ਕਾਇਆ ਮੰਦਰ ਡੇਰਾ ਲਾਇਆ। ਅੰਮ੍ਰਿਤ ਧਾਰ ਵਹਾਏ ਗੰਗ, ਕਵਲ ਕਵਲਾ ਆਪ ਉਲਟਾਇਆ। ਬਜ਼ਰ ਕਪਾਟੀ ਤੋੜੇ ਜੰਦਰ, ਆਪ ਆਪਣਾ ਮੁਖ ਖੁਲ੍ਹਾਇਆ। ਅਨਹਦ ਸ਼ਬਦ ਵਜਾਏ ਮਰਦੰਗ, ਤਾਲ ਤਲਵਾੜਾ ਇਕ ਵਿਖਾਇਆ। ਆਪੇ ਕੱਟਣਹਾਰਾ ਭੁੱਖ ਨੰਗ, ਹਰਿਜਨ ਸਾਚੇ ਵੇਖ ਵਖਾਇਆ। ਪੰਚ ਵਿਕਾਰਾ ਵੇਖੇ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਇਆ। ਸਦਾ ਸੁਹੇਲਾ ਵਸੇ ਸੰਗ, ਆਦਿ ਜੁਗਾਦਿ ਵਿਛੜ ਕਦੇ ਨਾ ਜਾਇਆ। ਜੁਗ ਜੁਗ ਮੰਗਣਹਾਰਾ ਆਪਣੀ ਮੰਗ, ਆਪਣੀ ਭਿਛਿਆ ਆਪਣੀ ਝੋਲੀ ਆਪੇ ਪਾਇਆ। ਦਾਤਾ ਦਾਨੀ ਸੂਰਾ ਸਰਬੰਗ, ਗੁਰ ਸਤਿਗੁਰ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਅਪਣਾ ਵੇਸ ਵਟਾਇਆ। ਵੇਸ ਅਨੇਕਾ ਹਰਿ ਕਰਤਾਰ, ਆਦਿ ਜੁਗਾਦਿ ਕਰਾਇੰਦਾ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਸਮਾਇੰਦਾ। ਸ਼ਬਦੀ ਡੰਕ ਅਪਰ ਅਪਾਰ, ਪੁਰੀਆਂ ਲੋਆਂ ਆਪ ਸੁਣਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਸਚਖੰਡ ਦਵਾਰਾ ਵੇਖ ਵਖਾਇੰਦਾ। ਥਿਰ ਘਰ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਇਕ ਵਿਛਾਇੰਦਾ। ਨਾ ਕੋਈ ਦਿਸੇ ਚੋਬਦਾਰ, ਨਾ ਕੋਈ ਸੀਸ ਝੁਕਾਇੰਦਾ। ਖੜਗ ਖੰਡਾ ਨਾ ਕੋਈ ਕਟਾਰ, ਨਾ ਕੋਈ ਕਮਾਨ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਖ ਵਖਾਇੰਦਾ। ਆਦਿ ਜੁਗਾਦੀ ਧਰਨੀ ਧਰ, ਧਰਤ ਧਵਲ ਸੁਹਾਇੰਦਾ। ਆਪਣੀ ਕਰਨੀ ਆਪੇ ਕਰ, ਆਪੇ ਵੇਖ ਵਖਾਇੰਦਾ। ਨਾ ਜਨਮੇ ਨਾ ਜਾਏ ਮਰ, ਅਜੂਨੀ ਰਹਿਤ ਨਾਉਂ ਰਖਾਇੰਦਾ। ਅਕਾਲ ਮੂਰਤ ਚੁੱਕੇ ਡਰ, ਨਿਰਭੈ ਰੂਪ ਦਰਸਾਇੰਦਾ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਸੁਹਾਇੰਦਾ। ਆਪਣਾ ਘਾੜਣ ਆਪੇ ਘੜ, ਆਪੇ ਬਣਤ ਬਣਾਇੰਦਾ। ਆਪਣੇ ਮੰਦਰ ਆਪੇ ਚੜ੍ਹ, ਆਪੇ ਵੇਖ ਵਖਾਇੰਦਾ। ਆਪਣੀ ਜੋਤੀ ਆਪੇ ਸੜ, ਆਪੇ ਰੂਪ ਵਟਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਅੱਖਰ ਵੱਖਰ ਆਪ ਚਲਾਇੰਦਾ। ਆਪਣਾ ਕੋਟ ਸੁਹਾਏ ਗੜ੍ਹ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਹਰ ਘਟ ਮੰਦਰ ਆਪੇ ਵੜ, ਆਪਣਾ ਆਸਣ ਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਆਪ ਲਗਾਏ ਸਭ ਦੀ ਜੜ੍ਹ, ਆਪੇ ਆਪ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਰਖਾਇੰਦਾ। ਆਪਣਾ ਨਾਉਂ ਆਪੇ ਰੱਖ, ਆਪੇ ਰਿਹਾ ਸੁਣਾਈਆ। ਸ਼ਬਦ ਸਰੂਪੀ ਹੋ ਪ੍ਰਤੱਖ, ਸ਼ਬਦੀ ਅਵਾਜ਼ ਲਗਾਈਆ। ਲੱਖ ਚੁਰਾਸੀ ਭਾਂਡੇ ਸੱਖ, ਘਰ ਘਰ ਵੇਖ ਵਖਾਈਆ। ਸੰਤ ਸੁਹੇਲੇ ਕਰੇ ਵੱਖ, ਜੁਗ ਜੁਗ ਵੱਡੀ ਵਡਿਆਈਆ। ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਕਰਾਈਆ। ਆਪ ਚਲਾਏ ਆਪਣਾ ਰਥ, ਵਡ ਦਾਤਾ ਬੇਪਰਵਾਹੀਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਾਮਦਾਸ ਚੁਮਿਆਰਾ ਆਸ ਤਕਾਈਆ। ਸ੍ਰਿਸ਼ਟ ਸਬਾਈ ਕਰੇ ਭੱਠ, ਥਿਰ ਕੋਇ ਰਹਿਣ ਨਾ ਪਾਈਆ। ਜੋ ਉਪਜੇ ਸੋ ਜਾਏ ਢੱਠ, ਹਰਿ ਸਾਚੇ ਰਚਨ ਰਚਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਵੇਖ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਹਰਿ ਦਵਾਰ ਵਖਾਏ ਏਕਾ ਇਕੱਠ, ਚਰਨ ਕਵਲ ਵੱਡੀ ਵਡਿਆਈਆ। ਲੋਆਂ ਪੁਰੀਆਂ ਵੇਖ ਵਖਾਏ ਨੱਠ ਨੱਠ, ਬ੍ਰਹਮਾ ਵਿਸ਼ਨ ਦੇਵਤ ਸੁਰ ਰਿਹਾ ਜਗਾਈਆ। ਇਕ ਖੁਲ੍ਹਾਏ ਸਾਚਾ ਹੱਟ, ਚੌਦਾਂ ਲੋਕ ਵਣਜ ਕਰਾਈਆ। ਚੌਦਾਂ ਤਬਕਾਂ ਮਾਰੇ ਸੱਟ, ਆਪ ਆਪਣੀ ਬਣਤ ਬਣਾਈਆ। ਏਕਾ ਜੋਤੀ ਨੂਰ ਪ੍ਰਕਾਸ਼ ਘਟ ਘਟ, ਨੂਰ ਇਲਾਹੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖ਼ਾਲਕ ਖ਼ਲਕ ਵਿਚ ਸਮਾਈਆ। ਖ਼ਾਲਕ ਖ਼ਲਕ ਹਰਿ ਰਹਿਮਾਨ, ਏਕਾ ਨੂਰ ਸਮਾਇੰਦਾ। ਆਪ ਆਪਣਾ ਕਰ ਪ੍ਰਧਾਨ, ਆਪੇ ਵੇਖ ਵਖਾਇੰਦਾ। ਆਪ ਆਪਣਾ ਦਏ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣੀ ਕਰ ਪਛਾਣ, ਆਪ ਆਪੇ ਵੇਸ ਵਟਾਇੰਦਾ। ਆਪ ਆਪਣਾ ਰੱਖੇ ਮਾਣ, ਆਪ ਆਪਣਾ ਮਾਣ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਘਰ, ਸਰਗੁਣ ਡੇਰਾ ਲਾਇੰਦਾ। ਨਿਰਗੁਣ ਸਰਗੁਣ ਸ਼ਬਦ ਕੁੜਮਾਈ, ਹਰਿ ਹਰਿ ਆਪ ਕਰਾਈਆ। ਘਰ ਵਿਚ ਘਰ ਵੱਜੇ ਵਧਾਈ, ਘਰ ਸਾਚਾ ਮੰਗਲ ਗਾਈਆ। ਘਰ ਵਿਚ ਘਰ ਸਗਨ ਮਨਾਈ, ਏਕਾ ਨੇਤਰ ਕਜਲ ਪਾਈਆ। ਘਰ ਬਸਤਰ ਭੂਸ਼ਨ ਚੀਰ ਵਖਾਈ, ਸੋਲਾਂ ਕਲੀਆਂ ਆਪ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਇਆ। ਨਿਰਗੁਣ ਸਰਗੁਣ ਹਰਿ ਹਰਿ ਨਾਤਾ, ਆਪੇ ਜੋੜ ਜੁੜਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਗੁਣ ਅਵਗੁਣ ਨਾ ਕੋਈ ਵਖਾਇੰਦਾ। ਆਪੇ ਦਿਵਸ ਆਪੇ ਰਾਤਾ, ਮਾਸ ਬਰਸ ਆਪ ਹੋ ਜਾਇੰਦਾ। ਆਪੇ ਪਿਤਾ ਆਪੇ ਮਾਤਾ, ਆਪੇ ਖੇਲ ਖਲਾਇੰਦਾ। ਆਪੇ ਦੇਵਣਹਾਰਾ ਦਾਤਾ, ਆਪੇ ਵੰਡ ਵੰਡਾਇੰਦਾ। ਆਪੇ ਜਾਣੇ ਆਪਣੀ ਗਾਥਾ, ਆਪੇ ਆਪ ਸੁਣਾਇੰਦਾ। ਆਪੇ ਹੋ ਤ੍ਰਲੋਕੀ ਨਾਥਾ, ਤ੍ਰੈ ਲੋਕਾਂ ਵੇਖ ਵਖਾਇੰਦਾ। ਆਪੇ ਪੂਜਾ ਆਪੇ ਪਾਠਾ, ਆਪੇ ਰਸਨਾ ਗਾਇੰਦਾ। ਆਪੇ ਤੀਰਥ ਆਪੇ ਤਾਟਾ, ਆਪ ਅਸ਼ਨਾਨ ਕਰਾਇੰਦਾ। ਆਪੇ ਵੇਖੇ ਚੌਦਾਂ ਹਾਟਾ, ਚੌਦਾਂ ਲੋਕਾਂ ਫੇਰੀ ਪਾਇੰਦਾ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਜੁਗ ਜੁਗ ਵੇਸ ਵਟਾਇੰਦਾ। ਅੰਮ੍ਰਿਤ ਵੇਖੇ ਕਾਇਆ ਬਾਟਾ, ਆਪੇ ਮੁਖ ਲਗਾਇੰਦਾ। ਆਪੇ ਪੂਰਾ ਕਰਨਹਾਰਾ ਘਾਟਾ, ਆਪਣੇ ਕੰਡੇ ਆਪ ਤੁਲਾਇੰਦਾ। ਆਪੇ ਨੇੜੇ ਰੱਖੇ ਵਾਟਾ, ਦੂਰ ਦੁਰੇਡਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਖੇਲ ਕਰ, ਘਰ ਸਾਚਾ ਇਕ ਸੁਹਾਇੰਦਾ। ਨਿਰਗੁਣ ਸਰਗੁਣ ਏਕਾ ਧਾਰ, ਹਰਿ ਹਰਿ ਆਪ ਖਲਾਈਆ। ਮੇਲ ਮਿਲਾਵਾ ਗ਼ਰੀਬ ਨਿਵਾਜ਼ਾ, ਘਰ ਸਾਚੇ ਮੇਲਾ ਸਹਿਜ ਸੁਭਾਈਆ। ਸ਼ਬਦ ਅਗੰਮੀ ਮਾਰੇ ਵਾਜਾ, ਸੁੰਨ ਸਮਾਧੀ ਆਪ ਵਿਖਾਈਆ। ਚਿੱਟਾ ਅਸਵ ਘੋੜਾ ਤਾਜਾ, ਆਪੇ ਰਿਹਾ ਦੌੜਾਈਆ। ਪੁਰਖ ਅਗੰਮਾ ਆਇਆ ਭਾਜਾ, ਨੇਤਰ ਨੈਣ ਦਿਸ ਨਾ ਆਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਪੁਰਖ ਅਬਿਨਾਸ਼ਾ ਨਾਉਂ ਰਖਾਈਆ। ਆਪੇ ਰਚਿਆ ਆਪਣਾ ਕਾਜਾ, ਆਪੇ ਮੰਗਲ ਗਾਈਆ। ਆਪੇ ਹਾਜੀ ਆਪੇ ਹਾਜਾ, ਮੱਕਾ ਕਾਅਬਾ ਵੇਖ ਵਖਾਈਆ। ਆਪੇ ਵੇਖੇ ਖੇਲ ਦੋ ਦੋ ਆਬਾ, ਪੁਨ ਸਵਾਬ ਨਾ ਕੋਈ ਰਖਾਈਆ। ਆਪੇ ਚਰਨ ਟਿਕਾਏ ਵਿਚ ਰਕਾਬਾ, ਸ਼ਾਹ ਅਸਵਾਰ ਆਪ ਹੋ ਜਾਈਆ। ਆਪੇ ਅੰਮ੍ਰਿਤ ਬਖ਼ਸ਼ੇ ਕਵਲ ਨਾਭਾ, ਆਪੇ ਫੁੱਲ ਖਿਲਾਈਆ। ਆਪ ਵਜਾਏ ਬਹੱਤਰ ਨਾੜ ਤਨ ਰਬਾਬਾ, ਸਾਰਿੰਗ ਸਾਰਿੰਗ ਇਕ ਵਖਾਈਆ। ਆਪ ਜਣਾਏ ਸ਼ਬਦ ਅਗਾਧਾ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਵਿਚ ਸਮਾਈਆ। ਨਿਰਗੁਣ ਸਰਗੁਣ ਆਪ ਸਮਾ, ਆਪਣੀ ਖੇਲ ਖਿਲਾਈਆ। ਆਪਣਾ ਤੇਲ ਆਪ ਚੜ੍ਹਾ, ਆਪੇ ਵੇਖ ਵਖਾਈਆ। ਆਪਣਾ ਬੰਧਨ ਆਪੇ ਪਾ, ਆਪੇ ਤੋੜ ਤੁੜਾਈਆ। ਸਦ ਬਖ਼ਸ਼ਿੰਦਨ ਨਾਮ ਧਰਾ, ਧੁਰ ਦਾਤਾ ਵਡ ਬੇਪਰਵਾਹੀਆ । ਸਾਚੀ ਗਾਥਾ ਆਪ ਪੜ੍ਹਾ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਹੰਗਤਾ ਮੇਟ ਮਿਟਾ, ਨਾਨਕ ਅੰਗਦ ਅੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹੰ ਬ੍ਰਹਮ ਸੋਹੰ ਸੋ ਓਮ ਓਅੰਕਾਰ ਨਿਰੰਕਾਰ ਨਿਰਾਕਾਰ ਸਾਕਾਰ ਆਪ ਅਖਵਾਈਆ।
