੨੦ ਮੱਘਰ ੨੦੧੫ ਬਿਕ੍ਰਮੀ ਧੰਨਾ ਸਿਘ ਦੇ ਘਰ ਪਿੰਡ ਢਹਿ ਪਈ ਜ਼ਿਲਾ ਲੁਧਿਆਣਾ
ਪੁਰਖ ਅਕਾਲ ਸਰਬ ਜਗ ਮੀਤਾ, ਏਕਾ ਏਕੰਕਾਰਿਆ। ਆਦਿ ਜੁਗਾਦਿ ਜੁਗ ਜੁਗ ਰੀਤਾ, ਕਰਤਾ ਪੁਰਖ ਆਪ ਚਲਾ ਰਿਹਾ। ਬੈਠਾ ਰਹੇ ਇਕ ਅਤੀਤਾ, ਅਬਿਨਾਸ਼ੀ ਪੁਰਖ ਨਾਉਂ ਧਰਾ ਰਿਹਾ। ਨਾ ਕੋਈ ਦੇਹੁਰਾ ਮੰਦਰ ਮਸੀਤਾ, ਥਿਰ ਘਰ ਸਾਚੇ ਡੇਰਾ ਲਾ ਰਿਹਾ। ਏਕਾ ਰੂਪ ਠਾਂਡਾ ਸੀਤਾ, ਸਤਿ ਸੰਤੋਖ ਸਮਾ ਰਿਹਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾ ਰਿਹਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਹਰਿ ਅਵਤਾਰ, ਪਾਰਬ੍ਰਹਮ ਵੇਸ ਵਟਾਈਆ। ਨਰ ਨਰਾਇਣ ਖੇਲ ਅਪਾਰ, ਆਦਿ ਨਿਰੰਜਣ ਵਡ ਵਡਿਆਈਆ। ਜੋਤੀ ਨੂਰ ਕਰ ਉਜਿਆਰ, ਦਰਦ ਦੁੱਖ ਭੈ ਭੰਜਨ ਨਾਉਂ ਰਖਾਈਆ। ਸ੍ਰਿਸ਼ਟ ਸਬਾਈ ਸਾਚਾ ਸੱਜਣ, ਏਕਾ ਏਕ ਆਪ ਹੋ ਜਾਈਆ। ਲੱਖ ਚੁਰਾਸੀ ਕਰਾਏ ਮਜਨ, ਚਰਨ ਧੂੜ ਆਪ ਵਖਾਈਆ। ਸੰਤ ਸੁਹੇਲਾ ਪਰਦਾ ਕੱਜਨ, ਆਵੇ ਜਾਵੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਦਾਤਾ ਹਰਿ ਬੇਅੰਤ, ਏਕਾ ਰੂਪ ਸਮਾਇੰਦਾ। ਆਪ ਉਪਾਏ ਸਾਚੇ ਸੰਤ, ਸੰਤ ਸੁਹੇਲਾ ਆਪ ਅਖਵਾਇੰਦਾ। ਆਪ ਬਣਾਏ ਸਾਚੀ ਬਣਤ, ਆਪ ਆਪਣਾ ਕਰਮ ਕਮਾਇੰਦਾ। ਆਪ ਚਲਾਏ ਆਪਣਾ ਮੰਤ, ਆਪ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਖੇਲੇ ਖੇਲ ਹਰਿ ਭਗਵਾਨਾ, ਅਕਲ ਕਲਾ ਕਲ ਧਾਰਿਆ। ਆਦਿ ਪੁਰਖ ਮਿਹਰਬਾਨਾ, ਦੋ ਜਹਾਨਾ ਪਾਵੇ ਸਾਰਿਆ। ਅਗੰਮ ਅਗੰਮੜਾ ਧਾਮ ਸੁਹਾਨਾ, ਅਲੱਖ ਨਿਰੰਜਣ ਵੇਖ ਵਿਖਾ ਰਿਹਾ। ਸਚਖੰਡ ਦਵਾਰੇ ਬੈਠ ਮਰਦਾਨਾ, ਆਪ ਆਪਣਾ ਵੇਖ ਵਖਾ ਰਿਹਾ। ਲੋਆਂ ਪੁਰੀਆਂ ਇਕ ਬਿਬਾਨਾ, ਏਕਾ ਆਪ ਉਡਾ ਰਿਹਾ। ਏਕਾ ਸ਼ਬਦ ਇਕ ਤਰਾਨਾ, ਏਕਾ ਰਾਗ ਸੁਣਾ ਰਿਹਾ। ਏਕਾ ਵਿਸ਼ਨ ਖੇਲ ਮਹਾਨਾ, ਅਕਾਰ ਸਾਕਾਰ ਬਣਾ ਰਿਹਾ। ਬ੍ਰਹਮਾ ਵੇਖੇ ਮਾਰ ਧਿਆਨਾ, ਨਾਭੀ ਕਵਲ ਕੁਮਲਾ ਰਿਹਾ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਆਤਮ ਅੰਤਰ ਇਕ ਗਿਆਨਾ, ਏਕਾ ਨਾਮ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਰਿਹਾ। ਵੇਸ ਵਟੰਤਾ ਧੁੰਧੂਕਾਰ, ਨਿਰਗੁਣ ਨੂਰ ਉਪਾਇਆ। ਸ਼ਿਵ ਸ਼ੰਕਰ ਹਰਿ ਕਰ ਪਿਆਰ, ਜਟਾ ਜੂਟ ਵੇਖ ਵਖਾਇਆ। ਬਾਸ਼ਕ ਤਸ਼ਕਾ ਗਲ ਗਲ ਹਾਰ, ਹੱਥ ਤ੍ਰਸੂਲ ਫੜਾਇਆ। ਵੇਖੇ ਵਿਗਸੇ ਪਾਵੇ ਸਾਰ, ਨਾਦ ਅਨਾਦੀ ਆਪ ਹੋ ਜਾਇਆ। ਬ੍ਰਹਮ ਬ੍ਰਹਿਮਾਦੀ ਖੇਲੇ ਖੇਲ ਅਪਾਰ, ਪਾਰਬ੍ਰਹਮ ਵਡ ਵਡਿਆਇਆ। ਆਦਿ ਜੁਗਾਦੀ ਸਾਚੀ ਧਾਰ, ਜੁਗ ਜੁਗ ਆਪ ਕਰਾਇਆ। ਦੇਵੇ ਦਾਦ ਨਾਮ ਅਧਾਰ, ਏਕਾ ਵਸਤ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਸਾਚੇ ਘਰ, ਤ੍ਰੈ ਤ੍ਰੈ ਵੇਸ ਵਟਾਇਆ। ਤ੍ਰੈ ਤ੍ਰੈ ਤੇਰਾ ਸਾਚਾ ਵੇਸ, ਤ੍ਰਲੋਕੀ ਆਪ ਬਣਾਈਆ। ਪਾਰਬ੍ਰਹਮ ਪ੍ਰਭ ਸਦਾ ਅਦੇਸ, ਆਪਣੇ ਹੱਥ ਰੱਖੇ ਵਡਿਆਈਆ। ਜੋਤ ਨਿਰੰਜਣ ਹਰਿ ਪ੍ਰਵੇਸ, ਆਪਣੀ ਬਣਤ ਬਣਾਈਆ। ਆਪੇ ਜਾਣੇ ਆਪਣਾ ਵੇਸ, ਆਪਣਾ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲ ਦਾਨਾ ਹਰਿ ਮਿਹਰਬਾਨਾ, ਏਕਾ ਏਕੰਕਾਰਿਆ। ਕਲਜੁਗ ਖੇਲੇ ਖੇਲ ਮਹਾਨਾ, ਪੰਚਮ ਮੇਲ ਮਿਲਾ ਰਿਹਾ। ਪੰਚਮ ਪੰਚਮ ਕਰ ਪ੍ਰਧਾਨਾ, ਪੰਚਮ ਸਾਚਾ ਜੋੜ ਜੁੜਾ ਰਿਹਾ। ਪੰਚਮ ਰਾਗ ਇਕ ਤਰਾਨਾ, ਏਕਾ ਦਰ ਵਖਾ ਰਿਹਾ। ਪੰਚਮ ਵੇਖੇ ਪਦ ਨਿਰਬਾਨਾ, ਏਕਾ ਮੁਖ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧੀਰ ਧਰਾ ਰਿਹਾ। ਜੁਗ ਜੁਗ ਧੀਰ ਹਰਿ ਧਰੰਤਾ, ਧਰਨੀ ਧਵਲ ਸੁਹਾਇੰਦਾ। ਮੇਲ ਮਿਲਾਵਾ ਸਾਚੇ ਸੰਤਾ, ਸੰਤ ਸੁਹੇਲਾ ਆਪ ਅਖਵਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤਾ, ਦਿਸ ਕਿਸੇ ਨਾ ਆਇੰਦਾ। ਮਹਿਮਾ ਜਗਤ ਗਣਤ ਅਗਣਤਾ, ਲੇਖਾ ਲਿਖਤ ਨਾ ਕੋਈ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਬਣਾਈ ਬਣਤਾ, ਕਲਜੁਗ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਮਰਦੰਗ ਸਾਚਾ ਸ਼ਬਦ ਵਜਾਇੰਦਾ। ਨਾਮ ਮਰਦੰਗ ਸਾਚਾ ਢੋਲਾ, ਹਰਿ ਹਰਿ ਆਪ ਸੁਣਾਈਆ। ਪੁਰੀਆਂ ਲੋਆਂ ਪਰਦਾ ਖੋਲ੍ਹਾ, ਪਾਰਬ੍ਰਹਮ ਵੱਡੀ ਵਡਿਆਈਆ। ਗੁਰ ਨਾਨਕ ਬਣਿਆ ਸਾਚਾ ਤੋਲਾ, ਏਕਾ ਕੰਡਾ ਹੱਥ ਉਠਾਈਆ। ਕੂੜ ਕੁੜਿਆਰਾ ਕੱਢੇ ਪੋਲਾ, ਭੇਖ ਪਖੰਡਾ ਰਹੇ ਨਾ ਰਾਈਆ। ਜੋਤੀ ਜਾਮਾ ਬਦਲਿਆ ਚੋਲਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭਗਤ ਸੁਹੇਲਾ ਵਸਿਆ ਕੋਲਾ, ਵਿਛੜ ਕਦੇ ਨਾ ਜਾਈਆ। ਮਨਮੁਖਾਂ ਵਸੇ ਸਦਾ ਉਹਲਾ, ਦਿਵਸ ਰੈਣ ਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਸਰਬ ਲੋਕਾਈਆ। ਕਲਜੁਗ ਤੇਰਾ ਸਾਚਾ ਰਾਹ, ਹਰਿ ਹਰਿ ਵੇਖ ਵਖਾਇੰਦਾ। ਸ਼ਬਦ ਗੁਰ ਬੇਪਰਵਾਹ, ਆਪਣਾ ਆਪ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਂ, ਸੱਤਾਂ ਦੀਪਾਂ ਫੇਰੀ ਪਾਇੰਦਾ। ਚਾਰ ਵਰਨਾਂ ਲਏ ਜਗਾ, ਬਰਨ ਅਠਾਰਾਂ ਆਪ ਹਿਲਾਇੰਦਾ। ਸਾਧਾਂ ਸੰਤਾਂ ਅੱਖ ਖੁਲ੍ਹਾ, ਆਲਸ ਨਿੰਦਰਾ ਮੂਲ ਚੁਕਾਇੰਦਾ। ਏਕਾ ਢੋਲਾ ਸਾਚਾ ਗਾ, ਏਕਾ ਸ਼ਬਦ ਸੁਣਾਇੰਦਾ। ਆਪਣਾ ਨਾਉਂ ਮੌਲਾ ਆਪ ਧਰਾ, ਅੱਲਾ ਰਾਣੀ ਮੇਲ ਮਿਲਾਇੰਦਾ। ਪਰਵਰਦਿਗਾਰ ਬੇਐਬ ਖ਼ੁਦਾ, ਹੱਕ ਹਕੀਕਤ ਵੇਖ ਵਖਾਇੰਦਾ। ਚੌਦਾਂ ਤਬਕ ਨਾ ਹੋਏ ਜੁਦਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਆਪਣਾ ਫਰਜ਼ ਕਰੇ ਅਦਾ, ਸਚ ਅਦਾਲਤ ਇਕ ਵਖਾਇੰਦਾ। ਰਾਮ ਨਾਮਾ ਰੂਪ ਵਟਾ, ਆਪ ਆਪਣਾ ਵੇਸ ਧਰਾਇੰਦਾ। ਨਾਮ ਬੰਸਰੀ ਇਕ ਵਜਾ, ਕਾਹਨਾ ਕ੍ਰਿਸ਼ਨਾ ਖੇਲ ਖਲਾਇੰਦਾ। ਚਾਰ ਯਾਰੀ ਸੰਗ ਮੁਹੰਮਦ ਲਏ ਰਲਾ, ਈਸਾ ਮੂਸਾ ਆਪ ਸਮਾਇੰਦਾ। ਨਾਮ ਸਤਿ ਮੰਤਰ ਦ੍ਰਿੜਾ, ਨਾਨਕ ਸਤਿਗੁਰ ਸੋਝੀ ਪਾਇੰਦਾ। ਸਾਚੇ ਪੌੜੇ ਆਪ ਚੜ੍ਹਾ, ਚਾਰ ਵਰਨਾਂ ਮੇਲ ਮਿਲਾਇੰਦਾ। ਮਿੱਠੇ ਕੌੜੇ ਰਸ ਬਣਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਨਾਮ ਸ਼ਬਦ ਵਸਤ ਅਪਾਰ, ਨਾਨਕ ਹੱਥ ਰਖਾਈਆ। ਚਾਰ ਵਰਨਾਂ ਹਰਿ ਭੰਡਾਰ, ਏਕਾ ਰਿਹਾ ਵਰਤਾਈਆ। ਏਕਾ ਜੋਤੀ ਦੀਪ ਉਜਿਆਰ, ਏਕਾ ਕਰੇ ਰੁਸ਼ਨਾਈਆ। ਵਰਨ ਗੋਤੀ ਵਸਿਆ ਬਾਹਿਰ, ਸਾਚੀ ਜੋਤੀ ਇਕ ਵਖਾਈਆ। ਤਨ ਲੰਗੋਟੀ ਨਾ ਕੋਈ ਭਿਖਾਰ, ਤਿਲਕ ਲਲਾਟ ਨਾ ਕੋਈ ਵਿਖਾਈਆ। ਸਾਚੀ ਹਾਟੀ ਵਣਜ ਵਪਾਰ, ਏਕਾ ਸ਼ਬਦ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਬੂਝ ਬੁਝਾਈਆ। ਏਕਾ ਨਾਮ ਇਕ ਵਪਾਰ, ਏਕਾ ਗੁਰ ਕਰਾਇੰਦਾ। ਏਕਾ ਸ਼ਬਦ ਇਕ ਜੈਕਾਰ, ਏਕਾ ਹਰਿ ਹਰਿ ਲਾਇੰਦਾ। ਏਕਾ ਜੋਤ ਇਕ ਉਜਿਆਰ, ਏਕਾ ਦੀਪ ਜਗਾਇੰਦਾ। ਏਕ ਰੂਪ ਦਸ ਅਵਤਾਰ, ਗੋਬਿੰਦ ਨਾਉਂ ਧਰਾਇੰਦਾ । ਏਕਾ ਖੰਡਾ ਤੇਜ ਕਟਾਰ, ਚੰਡ ਪ੍ਰਚੰਡ ਵਖਾਇੰਦਾ। ਏਕਾ ਬਸਤਰ ਤਨ ਸ਼ਿੰਗਾਰ, ਪੰਚਮ ਮੇਲ ਮਿਲਾਇੰਦਾ। ਏਕਾ ਅੰਮ੍ਰਿਤ ਕਰ ਤਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਏਕਾ ਪੰਚਮ ਸਚ ਪਿਆਰ, ਊਚਾਂ ਨੀਚਾਂ ਮੇਲ ਮਿਲਾਇੰਦਾ। ਅੰਤਮ ਢਹਿ ਪਏ ਦਵਾਰ, ਆਪ ਆਪਣਾ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਤੇਰਾ ਸੁਤ ਦੁਲਾਰ, ਤੇਰੀ ਕਿਰਿਆ ਵੇਖ ਵਖਾਇੰਦਾ। ਤੇਰਾ ਰੂਪ ਕਰ ਤਿਆਰ, ਮੁੱਛ ਦਾੜ੍ਹੀ ਕੇਸ ਲਗਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਇੰਦਾ। ਵੇਖਣਹਾਰਾ ਸਿਰਜਣਹਾਰ, ਆਪ ਆਪਣਾ ਨੈਣ ਖੁਲ੍ਹਾਇੰਦਾ। ਕਲਜੁਗ ਅੰਤਮ ਉਤਰੇ ਪਾਰ, ਝੂਠਾ ਜਗਤ ਕੁਰਲਾਇੰਦਾ। ਸ੍ਰਿਸ਼ਟ ਸਬਾਈ ਧੁੰਧੂਕਾਰ, ਅੰਧ ਅੰਧੇਰ ਵਖਾਇੰਦਾ। ਮਾਤਾ ਪੁੱਤਰ ਸੇਜ ਭਤਾਰ, ਨਾਰੀ ਕੰਤ ਰੂਪ ਵਿਖਾਇੰਦਾ। ਭੈਣ ਭਈਆ ਨਾ ਕੋਈ ਪਿਆਰ, ਦੁਰਾਚਾਰ ਸਰਬ ਵਰਤਾਇੰਦਾ। ਨਾਰੀ ਨਰ ਹੋਏ ਵਿਭਚਾਰ, ਸਾਚੀ ਸੇਜ ਨਾ ਕੋਇ ਹੰਢਾਇੰਦਾ। ਜੋਧਾ ਸੂਰਬੀਰ ਨਾ ਕੋਇ ਬਲਕਾਰ, ਧਰਮ ਜੈਕਾਰ ਨਾ ਕੋਈ ਲਗਾਇੰਦਾ। ਸਾਚਾ ਵਰਨ ਨਾ ਦਿਸੇ ਵਿਚ ਸੰਸਾਰ, ਸ਼ੰਕਰ ਬਰਨ ਇਕ ਜਣਾਇੰਦਾ। ਰਾਓ ਰੰਕ ਹੋਏ ਖ਼ਵਾਰ, ਸ਼ਾਹ ਸੁਲਤਾਨ ਨਾ ਧੀਰ ਧਰਾਇੰਦਾ। ਰਾਜ ਰਾਜਾਨਾ ਝੂਠ ਦਰਬਾਰ, ਸਚ ਸੁੱਚ ਨਾ ਕੋਇ ਵਰਤਾਇੰਦਾ। ਕਾਮ ਕਰੋਧ ਲੋਭ ਮੋਹ ਹੋਏ ਹੰਕਾਰ, ਪੰਜ ਤਤ ਕੁਰਲਾਇੰਦਾ। ਆਸਾ ਤ੍ਰਿਸ਼ਨਾ ਕੱਢੇ ਹਾੜਾ, ਨੇਤਰ ਰੋ ਰੋ ਨੀਰ ਵਹਾਇੰਦਾ। ਸਾਧ ਸੰਤ ਨਾ ਕੋਇ ਸਹਾਈ ਜੰਗਲ ਜੂਹ ਉਜਾੜ ਪਹਾੜ, ਗੁਰ ਦਰ ਮੰਦਰ ਮਸਜਿਦ ਮੱਠ ਦਰ ਦਵਾਰ ਵੇਖ ਵਖਾਇੰਦਾ। ਫੇਰੀ ਪਾਏ ਅਠਸਠ ਆਪ, ਆਪਣਾ ਸਤਿ ਰਖਾਇੰਦਾ। ਪਾਰਬ੍ਰਹਮ ਪੂਰਬ ਕਰ ਇਕੱਠ, ਕਲਜੁਗ ਅੰਤਮ ਵੇਖ ਵਖਾਇੰਦਾ। ਜੁਗ ਜੁਗ ਗੇੜਣਹਾਰਾ ਲੱਠ, ਆਪਣਾ ਗੇੜਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਕਲਜੁਗ ਅੰਤਮ ਝੂਠ ਪਸਾਰ, ਚਾਰੋਂ ਕੁੰਟ ਅੰਧਿਆਰਿਆ। ਨਾ ਕੋਈ ਦਿਸੇ ਸਚ ਵਿਹਾਰ, ਮਾਇਆ ਮੋਹ ਹੰਕਾਰਿਆ। ਸਾਧ ਸੰਤ ਨਾ ਕੋਈ ਧਾਰ, ਆਤਮ ਬ੍ਰਹਮ ਨਾ ਕੋਈ ਜਣਾ ਰਿਹਾ। ਨਾ ਕੋਈ ਖੋਲ੍ਹੇ ਬੰਦ ਕਿਵਾੜ, ਤੀਜਾ ਨੈਣ ਨਾ ਕੋਈ ਉਘਾੜਿਆ। ਚੌਥੇ ਪਦ ਨਾ ਦੇਵੇ ਵਾੜ, ਪਾਰਬ੍ਰਹਮ ਨਾ ਕੋਇ ਮਿਲਾ ਰਿਹਾ। ਅਨਹਦ ਨਾ ਕੋਈ ਧੁਨਕਾਰ, ਰਾਗ ਅਨਾਦੀ ਨਾ ਕੋਈ ਅਲਾ ਰਿਹਾ। ਅੰਮ੍ਰਿਤ ਜਲ ਨਾ ਠੰਡੀ ਠਾਰ, ਸਰ ਸਰੋਵਰ ਨਾ ਕੋਈ ਵਖਾ ਰਿਹਾ। ਬਜ਼ਰ ਕਪਾਟੀ ਨਾ ਦੇਵੇ ਕੋਈ ਪਾੜ, ਮੰਦਰ ਅੰਦਰ ਕੁੰਡਾ ਕੋਈ ਨਾ ਲਾਹ ਰਿਹਾ। ਦਸਮ ਦੁਆਰੀ ਕਰ ਸ਼ਿੰਗਾਰ, ਆਤਮ ਸੇਜਾ ਨਾ ਕੋਈ ਸੁਹਾ ਰਿਹਾ। ਸ਼ਬਦ ਗੁਰ ਨਾ ਪਾਵੇ ਸਾਰ, ਸੁਰਤ ਸਵਾਣੀ ਨਾ ਮੇਲ ਮਿਲਾ ਰਿਹਾ। ਬਿਨ ਨਾਮੇ ਹੋਏ ਹਾਹਾਕਾਰ, ਜਗਤ ਤ੍ਰਿਸ਼ਨਾ ਮੋਹ ਚੁਕਾ ਲਿਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਦੂਈ ਦਵੈਤੀ ਪਰਦਾ ਆਪ ਚੁਕਾ ਲਿਆ। ਕਾਇਆ ਤੋੜ ਗੜ੍ਹ ਹੰਕਾਰ, ਆਤਮ ਚੜ੍ਹ ਦਰ ਬਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾ ਲਿਆ। ਸ਼ਬਦ ਡੰਕ ਅਪਰ ਅਪਾਰ, ਏਕਾ ਏਕ ਵਜਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਲੋਕਮਾਤ ਆਪ ਉਠਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰ, ਲੋਆਂ ਪੁਰੀਆਂ ਆਪ ਹਿਲਾਇੰਦਾ। ਨੌਂ ਸੱਤ ਹੋ ਉਜਿਆਰ, ਜੋਤੀ ਨੂਰ ਇਕ ਚਮਕਾਇੰਦਾ। ਨਾਮ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਜੇਰਜ ਅੰਡਾਂ ਵੇਖ ਵਖਾਇੰਦਾ। ਉਤਭੁਜ ਸੇਤਜ ਦਏ ਅਧਾਰ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕਾ ਹਰਿ ਬਲਵਾਨਾ, ਏਕਾ ਰੂਪ ਦਰਸਾਇੰਦਾ। ਏਕਾ ਤੀਰ ਇਕ ਕਮਾਨਾ, ਏਕਾ ਚਿੱਲਾ ਆਪ ਉਠਾਇੰਦਾ। ਏਕਾ ਮਾਰੇ ਦੋ ਜਹਾਨਾਂ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਭੇਖ ਮਿਟਾਣਾ, ਕਲਜੁਗ ਅੰਤਮ ਫੇਰੀ ਪਾਇੰਦਾ। ਆਤਮ ਬ੍ਰਹਮ ਕਰੇ ਪਛਾਣਾ, ਪਾਰਬ੍ਰਹਮ ਨਾ ਕੋਈ ਭਰਮਾਇੰਦਾ। ਵੇਖ ਵਖਾਏ ਅੰਜੀਲ ਕੁਰਾਨਾ, ਵੇਦ ਪੁਰਾਨਾ ਸੰਗ ਨਿਭਾਇੰਦਾ। ਖਾਣੀ ਬਾਣੀ ਪਦ ਨਿਰਬਾਣਾ, ਏਕਾ ਦਰ ਬਹਾਇੰਦਾ। ਏਕਾ ਸ਼ਬਦ ਧੁਰ ਨਿਸ਼ਾਨਾ, ਲੋਕਮਾਤ ਝੁਲਾਇੰਦਾ। ਚਾਰ ਵਰਨ ਇਕ ਗਿਆਨਾ, ਏਕਾ ਬੂਝ ਬੁਝਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹ ਸੁਲਤਾਨਾ, ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੰਮਤੀ ਵੇਖ ਵਖਾਇੰਦਾ। ਸੰਮਤੀ ਸੰਮਤ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਬੀਸ ਸਦ ਪੰਦਰਾਂ ਹੋ ਤਿਆਰ, ਭਾਰਤ ਖੰਡ ਵੰਡ ਵੰਡਾਈਆ। ਜੰਬੂ ਦੀਪ ਹੋ ਉਜਿਆਰ, ਆਪਣਾ ਮਤਾ ਪਕਾਈਆ। ਸੰਤ ਸੁਹੇਲਾ ਕਰ ਪਿਆਰ, ਇਕ ਇਕੇਲਾ ਵੇਖ ਵਖਾਈਆ। ਗੁਰ ਚੇਲਾ ਸੋਹੇ ਬੰਕ ਦਵਾਰ, ਹਰਿ ਸੱਜਣ ਮੇਲ ਮਿਲਾਈਆ। ਪਤਿ ਪਤਿਵੰਤਾ ਮੀਤ ਮੁਰਾਰ, ਪਾਰਬ੍ਰਹਮ ਸਹਿਜ ਸੁਖਦਾਈਆ। ਨਾਰੀ ਕੰਤਾ ਇਕ ਪਿਆਰ, ਏਕਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਏ, ਲੱਖ ਚੁਰਾਸੀ ਥਾਉਂ ਥਾਈਂਆ।
