੨੯ ਮੱਘਰ ੨੦੧੫ ਬਿਕ੍ਰਮੀ ਪਸ਼ੌਰਾ ਸਿੰਘ ਦੇ ਘਰ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ
ਨਿਰਗੁਣ ਜੋਤ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਅਗੰਮ ਅਗੋਚਰ ਅਗੰਮ ਅਪਾਰ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਇਆ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਈਆ। ਆਪੇ ਜਾਣੇ ਆਪਣੀ ਰਾਸਾ, ਆਪਣੀ ਬਣਤ ਬਣਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਅਵੱਲਾ, ਏਕਾ ਏਕੰਕਾਰਿਆ। ਏਕਾ ਵਸਿਆ ਸਚ ਮਹੱਲਾ, ਆਪ ਆਪਣਾ ਦਰ ਸੁਹਾ ਰਿਹਾ। ਆਪੇ ਬਾਤੀ ਆਪੇ ਬਲਾ, ਆਪ ਆਪਣਾ ਮੰਦਰ ਸੁਹਾ ਲਿਆ। ਆਪਣੇ ਦਰ ਆਪੇ ਖਲਾ, ਆਪ ਆਪਣਾ ਦਰ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਉਜਿਆਰਿਆ। ਨਿਰਗੁਣ ਜੋਤੀ ਹਰਿ ਅਕਾਰ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਦੀਨ ਦਿਆਲ ਆਪ ਹੋ ਜਾਇੰਦਾ। ਆਪਣੀ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਧਰਾਇੰਦਾ। ਸਾਚੀ ਸਚ ਸੱਚੀ ਧਰਮਸਾਲਾ, ਥਿਰ ਘਰ ਵਾਸੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਇੰਦਾ। ਆਦਿ ਨਿਰੰਜਣ ਮੂਰਤ ਅਕਾਲ, ਏਕਾ ਏਕ ਅਖਵਾਈਆ। ਏਕਾ ਦੀਪਕ ਜੋਤੀ ਬਾਲ, ਨੂਰੋ ਨੂਰ ਕਰੇ ਰੁਸ਼ਨਾਈਆ। ਆਪਣੀ ਘਾਲ ਆਪੇ ਘਾਲ, ਆਪੇ ਘਾਲ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਵੱਡੀ ਵਡਿਆਈਆ। ਜੋਤੀ ਦੀਪਕ ਹਰਿ ਜਗਾ, ਆਪਣਾ ਕਰਮ ਕਮਾਇੰਦਾ। ਆਪਣਾ ਖੇਲ ਆਪ ਖਿਲਾ, ਆਪੇ ਵੇਖ ਵਿਖਾਇੰਦਾ । ਆਪਣੀ ਬਣਤ ਆਪ ਬਣਾ, ਆਪੇ ਅੰਤਮ ਢਾਹਿੰਦਾ। ਆਪਣਾ ਜੋਗ ਆਪ ਕਮਾ, ਆਪੇ ਜੁਗਤ ਵੇਖ ਵਖਾਇੰਦਾ। ਆਪਣੀ ਅਗਨੀ ਆਪ ਬੁਝਾ, ਆਪੇ ਅੰਤ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਪੁਰਖ ਅਬਿਨਾਸ਼ੀ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਜੁਗ ਜੁਗ ਖੇਲ ਮਾਤ ਨਿਆਰ, ਖੇਲੇ ਖੇਲ ਹਰ ਘਟ ਥਾਈਂਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਜੇਰਜ ਅੰਡਾਂ ਵੰਡ ਵੰਡਾਈਆ। ਲੋਆਂ ਪੁਰੀਆਂ ਦਏ ਹੁਲਾਰ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਵੇਖ ਵਖਾਈਆ। ਰਵ ਸਸ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਪ੍ਰਿਥਮੀ ਅਕਾਸ਼ ਬੰਨ ਧਾਰ, ਆਪਣੇ ਹੱਥ ਰੱਖੇ ਵਡਿਆਈਆ। ਗਗਨ ਗਗਨੰਤਰ ਮਹੱਲ ਉਸਾਰ, ਨਿਰਗੁਣ ਬੈਠਾ ਜੋਤ ਜਗਾਈਆ। ਕੋਟਨ ਕੋਟ ਕਰ ਪਸਾਰ, ਕੋਟੀ ਕੋਟ ਰਿਹਾ ਸਮਾਈਆ। ਆਦਿ ਅੰਤ ਖੇਲ ਅਪਾਰ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਉਜਿਆਰ, ਏਕਾ ਏਕ ਅਖਵਾਇੰਦਾ। ਆਦਿਨ ਅੰਤਾ ਖੇਲ ਅਪਾਰ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਬੰਨ੍ਹੇ ਧਾਰ, ਤ੍ਰੈਗੁਣ ਸੰਗ ਰਖਾਇੰਦਾ। ਪੰਜ ਤਤ ਕਰ ਪਿਆਰ, ਆਤਮ ਬ੍ਰਹਮ ਜਣਾਇੰਦਾ। ਮਨ ਮਤ ਬੁੱਧ ਕਰ ਪਿਆਰ, ਨੌਂ ਦਰ ਚੋਲੀ ਪਾਇੰਦਾ। ਘਰ ਵਿਚ ਘਰ ਖੇਲ ਅਪਾਰ, ਆਪਣਾ ਆਪ ਕਰਾਇੰਦਾ। ਦੀਵਾ ਬਾਤੀ ਕਰ ਉਜਿਆਰ, ਅੱਠੇ ਪਹਿਰ ਵਖਾਇੰਦਾ। ਕਮਲਾਪਾਤੀ ਮੀਤ ਮੁਰਾਰ, ਸਚ ਸਿੰਘਾਸਣ ਆਸਣ ਲਾਇੰਦਾ। ਦਸਮ ਦੁਆਰੀ ਬੰਦ ਕਿਵਾੜ, ਦਿਸ ਕਿਸੇ ਨਾ ਆਇੰਦਾ। ਸਚ ਦਰ ਸਚ ਅਖਾੜ, ਸਾਚਾ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਬ੍ਰਹਮ ਆਪ ਹੋ ਜਾਇੰਦਾ। ਪਾਰਬ੍ਰਹਮ ਹਰਿ ਕਰਤਾਰ, ਆਪਣਾ ਖੇਲ ਖਿਲਾਈਆ। ਵੰਡੇ ਵੰਡ ਵਿਚ ਸੰਸਾਰ, ਲੱਖ ਚੁਰਾਸੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਜੋਤ ਜਗਾਈਆ। ਆਪੇ ਕੰਤ ਨਾਰ ਭਤਾਰ, ਆਪ ਆਪਣੀ ਸੇਜ ਹੰਢਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਨਾਉਂ ਧਰਾਈਆ। ਜੁਗ ਜੁਗ ਮਾਤ ਲਏ ਅਵਤਾਰ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਸਾਚਾ ਸ਼ਾਹੋ ਸ਼ਾਬਾਸ਼, ਹਰਿ ਹਰਿ ਜੋਤ ਜਗਾਈਆ। ਇਕ ਇਕੱਲਾ ਪੁਰਖ ਅਬਿਨਾਸ਼, ਆਪ ਆਪਣੀ ਰਚਨ ਰਚਾਈਆ। ਆਪ ਉਪਾਏ ਪ੍ਰਿਥਮੀ ਅਕਾਸ਼, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਵਡ ਵਡਿਆਈਆ। ਥਿਰ ਘਰ ਸਾਚਾ ਹਰਿ ਨਿਰੰਕਾਰ, ਏਕਾ ਏਕ ਉਪਾਈਆ। ਆਪੇ ਭੂਪ ਸ਼ਾਹ ਸੱਚੀ ਸਰਕਾਰ, ਆਪ ਆਪਣਾ ਖੇਲ ਖਿਲਾਈਆ। ਨਾ ਕੋਈ ਦੂਸਰ ਪਹਿਰੇਦਾਰ, ਚੋਬਦਾਰ ਨਾ ਕੋਈ ਟਿਕਾਈਆ। ਇਕ ਇਕੱਲਾ ਕਰੇ ਖੇਲ ਅਪਾਰ, ਨਿਰਗੁਣ ਨਿਰਗੁਣ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸਗਨ ਮਨਾਈਆ। ਸਾਚਾ ਘਰ ਸਚ ਦਰਵਾਜਾ, ਹਰਿ ਸਾਚੀ ਜੋਤ ਜਗਾਇੰਦਾ। ਪੁਰਖ ਅਕਾਲ ਗ਼ਰੀਬ ਨਿਵਾਜਾ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣਾ ਸਾਜਣ ਸਾਜਾ, ਆਪੇ ਵੇਖ ਵਖਾਇੰਦਾ। ਆਪ ਆਪਣੀ ਰੱਖੇ ਲਾਜਾ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਸ਼ਾਹੋ ਭੂਪ ਵਡ ਰਾਜਨ ਰਾਜਾ, ਆਪ ਆਪਣਾ ਹੁਕਮ ਸੁਣਾਇੰਦਾ। ਆਪ ਆਪਣਾ ਰਚਿਆ ਕਾਜਾ, ਆਪੇ ਵੇਖ ਵਖਾਇੰਦਾ। ਆਪ ਆਪਣਾ ਦੇਵੇ ਦਾਜਾ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਵੇਖ ਵਖਾਇੰਦਾ। ਥਿਰ ਘਰ ਸਾਚਾ ਹਰਿ ਦਵਾਰ, ਹਰਿ ਹਰਿ ਜੋਤ ਜਗਾਈਆ। ਨਾ ਕੋਈ ਮੰਦਰ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਸਾਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਨਿਭਾਈਆ। ਨਾ ਕੋਈ ਤਤਵ ਤਤ ਪਸਾਰ, ਰੂਪ ਰੰਗ ਨਾ ਕੋਈ ਦਰਸਾਈਆ। ਮਨ ਮਤ ਬੁੱਧ ਨਾ ਕੋਈ ਅਧਾਰ, ਬ੍ਰਹਮ ਗਿਆਨ ਨਾ ਕੋਈ ਦ੍ਰਿੜਾਈਆ। ਮਰੇ ਨਾ ਪਏ ਜੰਮ ਖੇਲ ਅਪਰ ਅਪਾਰ, ਕਰਤਾ ਆਪਣੀ ਕਾਰ ਰਿਹਾ ਕਰਾਈਆ। ਪਵਣ ਸਵਾਸੀ ਨਾ ਕੋਈ ਦਮ, ਨੇਤਰ ਨੀਰ ਨਾ ਕੋਈ ਵਹਾਈਆ। ਨਾ ਕੋਈ ਗਗਨ ਪਤਾਲਾ ਦਿਸੇ ਥੰਮ, ਪੁਰੀਆਂ ਲੋਆਂ ਨਾ ਕੋਈ ਟਿਕਾਈਆ। ਆਦਿ ਜੁਗਾਦੀ ਆਪੇ ਜਾਣੇ ਆਪਣਾ ਕੰਮ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਹਰਿ ਭੰਡਾਰ, ਹਰਿ ਆਪਣਾ ਆਪ ਰਖਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਆਪਣਾ ਰੂਪ ਵਟਾਇੰਦਾ। ਆਦਿ ਸ਼ਕਤ ਕਰ ਪਿਆਰ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਮਜ਼੍ਹਬ ਵਸਿਆ ਬਾਹਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਸਾਚਾ ਏਕਾ ਮੰਦਰ, ਹਰਿ ਹਰਿ ਬਣਤ ਬਣਾਈਆ। ਆਪੇ ਬੈਠਾ ਅੰਦਰ ਵੜ, ਦਿਸ ਕਿਸੇ ਨਾ ਆਈਆ। ਨਾ ਕੋਈ ਸੀਸ ਨਾ ਕੋਈ ਧੜ, ਰਕਤ ਬੂੰਦ ਨਾ ਕੋਈ ਉਪਾਈਆ। ਨਾ ਕੋਈ ਕਿਲਾ ਨਾ ਕੋਈ ਗੜ੍ਹ, ਸ਼ਿਵਦੁਆਲਾ ਮੰਦਰ ਨਾ ਕੋਈ ਰਖਾਈਆ। ਨਾ ਕੋਈ ਵਿਦਿਆ ਅੱਖਰ ਰਿਹਾ ਪੜ੍ਹ, ਨਾ ਕੋਈ ਕਰੇ ਪੜ੍ਹਾਈਆ। ਨਾ ਕੋਈ ਅਗਨੀ ਰਿਹਾ ਸੜ, ਜਲ ਧਾਰ ਨਾ ਕੋਈ ਰੁੜਾਈਆ। ਆਪਣੀ ਚੋਟੀ ਆਪੇ ਚੜ੍ਹ, ਆਪੇ ਬੈਠਾ ਆਸਣ ਲਾਈਆ। ਸਚ ਸਿੰਘਾਸਣ ਉਪਰ ਚੜ੍ਹ, ਪਾਵਾ ਚੂਲ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਸਾਚਾ ਇਕ ਮਹੱਲਾ, ਏਕਾ ਏਕ ਉਪਾਇੰਦਾ। ਆਪੇ ਵਸੇ ਇਕ ਇਕੱਲਾ, ਦੂਸਰ ਕੋਈ ਨਾ ਸੰਗ ਰਖਾਇੰਦਾ। ਨਾ ਕੋਈ ਦਿਸੇ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਨਾ ਕੋਈ ਰਖਾਇੰਦਾ। ਆਪਣੇ ਦੀਪਕ ਆਪੇ ਬਲਾ, ਆਪਣੀ ਸੇਜਾ ਆਪ ਸੁਹਾਇੰਦਾ। ਆਪਣੀ ਜੋਤੀ ਆਪੇ ਰਲਾ, ਆਪੇ ਰਚਨ ਰਚਾਇੰਦਾ। ਆਪਣੀ ਬਾਤੀ ਆਪੇ ਬਲਾ, ਆਪ ਆਪਣਾ ਪ੍ਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ ਨਾਉਂ ਰਖਾਇੰਦਾ। ਪਾਰਬ੍ਰਹਮ ਹਰਿ ਪੁਰਖ ਅਬਿਨਾਸ਼, ਏਕਾ ਏਕ ਅਖਵਾਈਆ। ਵੇਖਣਹਾਰਾ ਆਪਣੀ ਰਾਸ, ਆਪੇ ਰਿਹਾ ਪਾਈਆ। ਖੇਲੇ ਖੇਲ ਖੇਲ ਤਮਾਸ਼, ਘਟ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਆਪਣਾ ਆਪ ਕਰਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਨਾਉਂ ਧਰਾਇੰਦਾ। ਆਪੇ ਹੋਏ ਸੱਜਣ ਸੁਹੇਲਾ, ਸਖਾ ਸਖਾਈ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਵੇਲਾ, ਆਪ ਆਪਣੀ ਬਣਤ ਬਣਾਇੰਦਾ। ਆਪੇ ਚਾੜ੍ਹੇ ਆਪਣਾ ਤੇਲਾ, ਆਪ ਆਪਣਾ ਸਗਨ ਮਨਾਇੰਦਾ। ਆਪਣਾ ਖੇਲ ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪੇ ਖੇਲਾ, ਵੇਦ ਕਤੇਬ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਨੂਰ ਹਰਿ ਅਕਾਰ, ਜੁਗ ਜੁਗ ਵੱਜੀ ਵਧਾਈਆ। ਸਾਚੇ ਘਰ ਜੈ ਜੈਕਾਰ, ਸ਼ਬਦ ਨਿਰਾਲਾ ਏਕਾ ਗਾਈਆ। ਸ਼ਬਦ ਧੁਨ ਅਨਾਦੀ ਅਪਰ ਅਪਾਰ, ਪ੍ਰਭ ਅਨਾਦੀ ਆਪ ਵਜਾਈਆ। ਬ੍ਰਹਿਮਾਦੀ ਪਾਵਣਹਾਰਾ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਖੇਲ ਨਿਆਰ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਉਜਾਲਾ, ਦੀਪਕ ਜੋਤ ਅਕਾਲਿਆ। ਦੀਨਾ ਬੰਧਪ ਦੀਨ ਦਿਆਲਾ, ਖੇਲੇ ਖੇਲ ਪ੍ਰਿਥਮੀ ਅਕਾਸ਼ਿਆ। ਤੋੜਣਹਾਰਾ ਜਗਤ ਜੰਜਾਲਾ, ਲੋਕਮਾਤ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਣਹਾਰਾ ਪਾਸਿਆ। ਜੋਤੀ ਨੂਰ ਜੋਤ ਜਗਾ, ਹਰਿ ਹਰਿ ਖੇਲ ਖਿਲਾਈਆ। ਕਲਜੁਗ ਅੰਤਮ ਵੇਖ ਵਖਾ, ਆਪ ਆਪਣਾ ਝੋਲੀ ਪਾਈਆ। ਲੱਖ ਚੁਰਾਸੀ ਭੇਵ ਰਿਹਾ ਖੁਲ੍ਹਾ, ਭੇਵ ਅਭੇਦਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਈਆ। ਨਿਹਕਲੰਕ ਨਾਉਂ ਰੱਖ, ਹਰਿ ਹਰਿ ਵੇਸ ਵਟਾਇਆ। ਜੋਤੀ ਜਾਮਾ ਹੋ ਪ੍ਰਤੱਖ, ਲੋਕਮਾਤ ਵੇਖ ਵਖਾਇਆ। ਵੇਖਣਹਾਰਾ ਚੁਰਾਸੀ ਲੱਖ, ਜੂਨ ਅਜੂਨੀ ਨਾਉਂ ਧਰਾਇਆ। ਭਗਤ ਸੁਹੇਲੇ ਕਰੇ ਵੱਖ, ਆਪ ਆਪਣੀ ਦਇਆ ਕਮਾਇਆ। ਦਰਸ ਦਿਖਾਏ ਹੋ ਪ੍ਰਤੱਖ, ਗੁਰ ਗੋਬਿੰਦ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੇਲ ਖਿਲਾਇਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚੇ ਜੋਤ ਜਗਾਈਆ। ਲੋਕਮਾਤ ਪਾਵੇ ਸਾਰ, ਭੇਵ ਰਹੇ ਨਾ ਰਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸਾਧਾਂ ਸੰਤਾਂ ਆਪ ਉਠਾਈਆ। ਚਾਰ ਵਰਨਾਂ ਦਏ ਹੁਲਾਰ, ਬਰਨ ਅਠਾਰਾਂ ਆਪ ਹਿਲਾਈਆ। ਪੁਰੀਆਂ ਲੋਆਂ ਹੋ ਉਜਿਆਰ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਜਗਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਖੇਲ ਖਿਲਾਈਆ। ਅਲੱਖ ਨਿਰੰਜਣ ਕਰੇ ਜੈਕਾਰ, ਆਪ ਆਪਣੀ ਅਲੱਖ ਜਗਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਲੋਕਮਾਤ ਕਰੇ ਕੁੜਮਾਈਆ। ਹੰ ਹੰਗਤਾ ਦੇਵੇ ਮਾਰ, ਏਕਾ ਬ੍ਰਹਮ ਚੜ੍ਹਾਈਆ। ਬਣ ਮੰਗਤਾ ਦਰ ਭਿਖਾਰ, ਗੁਰਮੁਖ ਵੇਖੇ ਥਾਉਂ ਥਾਈਂਆ। ਨਾਨਕ ਅੰਗਦ ਹੋ ਤਿਆਰ, ਨਿਰਗੁਣ ਜੋਤੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਸਰਬ ਜਗਾਈਆ। ਕਲਜੁਗ ਤੇਰਾ ਕੂੜ ਪਸਾਰਾ, ਹਰਿ ਹਰਿ ਵੇਖ ਵਖਾਇੰਦਾ। ਚਾਰੋਂ ਕੁੰਟ ਇਕ ਨਗਾਰਾ, ਜੂਠ ਝੂਠ ਵਜਾਇੰਦਾ। ਮਾਇਆ ਮਮਤਾ ਮੋਹ ਪਿਆਰਾ, ਹਉਮੇ ਹੰਗਤਾ ਰੋਗ ਸਤਾਇੰਦਾ। ਸਾਚਾ ਨਾਮ ਨਾ ਕਿਸੇ ਵਿਚਾਰਾ, ਦਰ ਸਾਚਾ ਨਾ ਕੋਈ ਜਣਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਖੇਲ ਖੇਲਣਹਾਰਾ, ਏਕਾ ਰੂਪ ਸਮਾਈਆ। ਨਾਰ ਕੰਤ ਗੋਬਿੰਦ ਮੇਲ ਭਤਾਰਾ, ਵੇਦ ਵਿਆਸਾ ਗਿਆ ਲਿਖਾਈਆ। ਗੌੜ ਬ੍ਰਹਿਮਣ ਹੋ ਉਜਿਆਰਾ, ਪੂਤ ਸਪੂਤਾ ਫੇਰਾ ਪਾਈਆ। ਸੰਬਲ ਨਗਰੀ ਧਾਮ ਨਿਆਰਾ, ਬੈਠਾ ਬੇਪਰਵਾਹੀਆ। ਸ਼ਬਦੀ ਸ਼ਬਦ ਜੈਕਾਰਾ, ਲੋਆਂ ਪੁਰੀਆਂ ਆਪ ਬਣਾਈਆ। ਜੋਤੀ ਜੋਤ ਹੋ ਉਜਿਆਰਾ, ਪੁਰਖ ਅਕਾਲ ਆਪ ਹੋ ਜਾਈਆ। ਆਪੇ ਕਰ ਆਪਣਾ ਪਸਾਰਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨਾ ਆਪ ਰਚਾ, ਆਪੇ ਵੇਖ ਵਖਾਇੰਦਾ। ਆਪਣਾ ਸ਼ਬਦ ਆਪ ਜਣਾ, ਆਪੇ ਭੇਵ ਖੁਲ੍ਹਾਇੰਦਾ। ਆਪਣਾ ਰੰਗ ਆਪ ਰੰਗਾ, ਆਪੇ ਲੇਖੇ ਲਾਇੰਦਾ। ਆਪਣੀ ਮੰਗ ਆਪ ਮੰਗਾ, ਆਪੇ ਮੂਲ ਚੁਕਾਇੰਦਾ। ਆਪਣੀ ਗੰਗ ਆਪ ਨੁਹਾ, ਦੁਰਮਤ ਮੈਲ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾਇੰਦਾ। ਸ਼ਬਦ ਡੰਕਾ ਹਰਿ ਮਰਦੰਗ, ਏਕਾ ਨਾਉਂ ਵਜਾਈਆ। ਦਾਤਾ ਦਾਨੀ ਸੂਰਾ ਸਰਬੰਗ, ਪੁਰਖ ਅਕਾਲ ਅਖਵਾਈਆ। ਲੋਆਂ ਪੁਰੀਆਂ ਆਪੇ ਲੰਘ, ਮੰਡਲ ਮੰਡਪ ਫੇਰਾ ਪਾਈਆ। ਜਨ ਭਗਤਾਂ ਵਸੇ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਆਦਿਨ ਅੰਤਾ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਗ਼ਰੀਬ ਨਿਮਾਣਿਆਂ ਕਟੇ ਭੁੱਖ ਨੰਗ, ਸ਼ਾਹ ਸੁਲਤਾਨਾਂ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਇਕ ਇਕੱਲਾ ਏਕਾ ਨੂਰ, ਨੂਰੋ ਨੂਰ ਸਮਾਈਆ। ਬੇਐਬ ਪਰਵਰਦਿਗਾਰ ਹਾਜ਼ਰ ਹਜ਼ੂਰ, ਆਪਣੀ ਕਲ ਵਰਤਾਈਆ। ਆਪੇ ਵਸਣਹਾਰਾ ਕੋਹਤੂਰ, ਆਪ ਆਪਣੀ ਖੇਲ ਖਿਲਾਈਆ। ਸਰਬ ਕਲ ਆਪੇ ਭਰਪੂਰ, ਸਮਰਥ ਹੱਥ ਵਡਿਆਈਆ। ਨਾਤਾ ਤੋੜੇ ਕੂੜੋ ਕੂੜ, ਕਲਜੁਗ ਕਿਰਿਆ ਆਪ ਮਿਟਾਈਆ। ਚਾਰ ਵਰਨਾਂ ਬਖ਼ਸ਼ੇ ਚਰਨ ਧੂੜ, ਚਰਨ ਚਰਨੋਦਕ ਮੁਖ ਚੁਆਈਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਸਰਬ ਲੋਕਾਈਆ। ਚਾਰ ਵਰਨਾਂ ਨਾਤਾ ਜੋੜ, ਹਰਿ ਹਰਿ ਖੇਲ ਖਿਲਾਇੰਦਾ। ਪੁਰੀਆਂ ਲੋਆਂ ਆਪੇ ਦੌੜ, ਆਪੇ ਵੇਖ ਵਖਾਇੰਦਾ। ਲੱਖ ਚੁਰਾਸੀ ਮਿੱਠਾ ਕੌੜ, ਫਲ ਆਪਣੇ ਹੱਥ ਰਖਾਇੰਦਾ। ਆਪੇ ਹੋਏ ਬ੍ਰਹਿਮਣ ਗੌੜ, ਪੂਤ ਸਪੂਤਾ ਆਪ ਹੋ ਜਾਇੰਦਾ। ਆਪੇ ਲਾਵਣਹਾਰਾ ਪੌੜ, ਸੰਬਲ ਨਗਰੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਵਖਾਇੰਦਾ। ਸੰਬਲ ਨਗਰੀ ਸਚ ਟਿਕਾਣਾ, ਹਰਿ ਹਰਿ ਵੇਖ ਵਿਖਾਈਆ। ਸ਼ਾਹੋ ਭੂਪ ਸ਼ਾਹ ਸੁਲਤਾਨਾ, ਰਾਜ ਰਾਜਾਨਾ ਆਪ ਹੋ ਜਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਆਪ ਆਪਣੀ ਕਲ ਵਰਤਾਈਆ। ਬ੍ਰਹਮ ਬ੍ਰਹਮ ਬ੍ਰਹਮ ਗਿਆਨਾ, ਆਤਮ ਬ੍ਰਹਮ ਵੇਖ ਵਖਾਈਆ। ਸ਼ਬਦ ਖੰਡਾ ਤੀਰ ਕਮਾਨਾ, ਰਸਨਾ ਚਿੱਲੇ ਆਪ ਚੜ੍ਹਾਈਆ। ਆਪੇ ਵੇਖੇ ਮਾਰ ਧਿਆਨਾ, ਨਿਰਗੁਣ ਬੈਠਾ ਬੇਪਰਵਾਹੀਆ। ਅੰਤਮ ਖੇਲ ਵਿਚ ਮੈਦਾਨਾ, ਸ੍ਰਿਸ਼ਟ ਸਬਾਈ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡ ਵੰਡਾਈਆ। ਜੋਤੀ ਨੂਰ ਪੁਰਖ ਅਕਾਲ, ਏਕਾ ਏਕੰਕਾਰਿਆ। ਸ਼ਬਦ ਗੁਰ ਜਗਤ ਦਲਾਲ, ਸ੍ਰਿਸ਼ਟ ਸਬਾਈ ਆਪ ਜਣਾ ਰਿਹਾ। ਪੰਜ ਤਤ ਮਾਟੀ ਖਾਲ, ਤ੍ਰੈਗੁਣ ਬੰਧਨ ਪਾ ਲਿਆ। ਆਪੇ ਪਾਵਣਹਾਰ ਜੰਜਾਲ, ਪੰਚਮ ਮੋਹ ਰਖਾ ਲਿਆ। ਸੰਗ ਰਖਾਏ ਕਾਲ ਮਹਾਂਕਾਲ, ਥਿਰ ਕੋਇ ਰਹਿਣ ਨਾ ਪਾ ਲਿਆ। ਅਬਿਨਾਸ਼ੀ ਕਰਤਾ ਦੀਨ ਦਿਆਲ, ਪੂਜਣ ਜੋਗ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਜਣਾ ਰਿਹਾ। ਆਪਣਾ ਨਾਉਂ ਹਰਿ ਨਿਰੰਕਾਰ, ਆਪੇ ਆਪ ਰਖਾਈਆ। ਪੰਜ ਤਤ ਕਰ ਪਿਆਰ, ਜੋਤੀ ਜੋਤ ਜਗਾਈਆ। ਸ਼ਬਦੀ ਡੰਕ ਅਪਰ ਅਪਾਰ, ਆਪਣਾ ਆਪ ਵਜਾਈਆ। ਆਪੇ ਸੇਵਕ ਸੇਵਾ ਲਾਏ ਗੁਰ ਪੀਰ ਅਵਤਾਰ, ਸਾਧ ਸੰਤ ਆਪ ਬਣਾਈਆ। ਆਪੇ ਵਸੇ ਸਭ ਤੋਂ ਬਾਹਿਰ, ਅਜੂਨੀ ਰਹਿਤ ਨਾਮ ਧਰਾਈਆ। ਅਕਾਲ ਮੂਰਤ ਖੇਲ ਅਪਾਰ, ਖੇਲਣਹਾਰ ਦਿਸ ਨਾ ਆਈਆ। ਧੁਰ ਦਾ ਸ਼ਬਦ ਸੱਚੀ ਜੈਕਾਰ, ਏਕਾ ਨਾਅਰਾ ਲਾਈਆ। ਸ੍ਰਿਸ਼ਟ ਸਬਾਈ ਦਏ ਹੁਲਾਰ, ਆਪੇ ਲਏ ਜਗਾਈਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਚਰਨ ਧੂੜੀ ਮਸਤਕ ਟਿੱਕਾ ਲਾਈਆ। ਗੁਰਮੁਖਾਂ ਰਸਨਾ ਗਾਏ ਵਾਰੋ ਵਾਰ, ਹਰਿ ਹਰਿ ਨਾਮ ਵੱਡੀ ਵਡਿਆਈਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਗੁਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੂਜੀ ਪੂਜਾ ਨਾ ਕੋਈ ਵਖਾਈਆ। ਏਕਾ ਪੂਜਾ ਇਸ਼ਟ ਗੁਰਦੇਵ, ਹਰੀ ਹਰਿ ਹਰਿ ਨਿਰੰਕਾਰਿਆ । ਬਿਰਥਾ ਜਾਏ ਨਾ ਘਾਲੀ ਸੇਵ, ਗੁਰ ਪੂਰੇ ਵਿਚ ਸੰਸਾਰਿਆ। ਦਾਤਾ ਦਾਨੀ ਅਲੱਖ ਅਭੇਵ, ਨਿਰਗੁਣ ਜੋਤੀ ਨੂਰ ਉਜਿਆਰਿਆ। ਜੋ ਜਨ ਗਾਏ ਰਸਨਾ ਜੇਹਵ, ਦੋ ਜਹਾਨਾ ਪਾਰ ਉਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲਾਏ ਆਪਣਾ ਨਾਅਰਿਆ। ਸ਼ਬਦ ਜੈਕਾਰਾ ਹਰਿ ਗੋਬਿੰਦ, ਹਰਿ ਹਰਿ ਆਪ ਉਪਾਈਆ। ਆਪੇ ਮੇਟਣਹਾਰਾ ਸਗਲੀ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਈਆ। ਆਪਣਾ ਨਾਮ ਆਪੇ ਦਏ ਬਖ਼ਸ਼ਿੰਦ, ਆਪੇ ਲਏ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੇਵ ਇਸ਼ਟ ਗੁਰ ਸਤਿਗੁਰ ਆਪ ਹੋ ਜਾਈਆ। ਪੰਜ ਤਤ ਨਾ ਕੋਈ ਪੁਜਾਰੀ, ਨਾ ਕੋਈ ਬਣਤ ਬਣਾਈਆ। ਕਾਮ ਕਰੋਧ ਲੋਭ ਮੋਹ ਨਾ ਕੋਈ ਹੰਕਾਰੀ, ਆਸਾ ਤ੍ਰਿਸ਼ਨਾ ਨਾ ਕੋਈ ਜਣਾਈਆ। ਤਨ ਬਸਤਰ ਭੂਸ਼ਨ ਨਾ ਕੋਈ ਸ਼ਿਗਾਰੀ, ਨੇਤਰ ਨੈਣ ਨਾ ਕੋਈ ਉਠਾਈਆ। ਹੱਥ ਮੂੰਹ ਨੱਕ ਨਾ ਕੋਈ ਉਜਿਆਰੀ, ਦੋਏ ਲੋਚਣ ਦਿਸ ਨਾ ਆਈਆ। ਹੱਡ ਨਾੜੀ ਮਾਸ ਰਕਤ ਬੂੰਦ ਨਾ ਕੋਈ ਪਿਆਰੀ, ਸਾਢੇ ਤਿੰਨ ਹੱਥ ਨਾ ਬਣਤ ਬਣਾਈਆ। ਨਿਰਗੁਣ ਜੋਤ ਜਗੇ ਉਜਿਆਰੀ, ਆਪ ਆਪਣੀ ਕਲ ਵਰਤਾਈਆ। ਹਰ ਘਟ ਅੰਦਰ ਪਾਵੇ ਸਾਰੀ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਉਂ ਜਪਾਈਆ। ਏਕਾ ਨਾਉਂ ਹਰਿ ਨਿਰੰਕਾਰ, ਏਕਾ ਰਸਨਾ ਗਾਈਆ। ਸ੍ਰਿਸ਼ਟ ਸਬਾਈ ਇਕ ਪਿਆਰ, ਏਕਾ ਵਸਤ ਬੁਝਾਈਆ। ਏਕਾ ਚਰਨ ਇਕ ਦਵਾਰ, ਏਕਾ ਧਾਮ ਸੁਹਾਈਆ। ਇਕ ਮਹੱਲ ਇਕ ਮੁਨਾਰ, ਏਕਾ ਬੈਠਾ ਆਸਣ ਲਾਈਆ। ਏਕਾ ਮੀਤ ਇਕ ਮੁਰਾਰ, ਏਕਾ ਸੰਗ ਨਿਭਾਈਆ। ਏਕਾ ਗੀਤ ਇਕ ਜੈਕਾਰ, ਏਕਾ ਕਰੇ ਪੜ੍ਹਾਈਆ। ਏਕਾ ਮੰਦਰ ਮਸੀਤ ਗੁਰਦਵਾਰ, ਏਕਾ ਬੈਠਾ ਬੇਪਰਵਾਹੀਆ। ਏਕਾ ਰਾਜ ਜੋਗ ਸਿਕਦਾਰ, ਸ਼ਾਹੋ ਭੂਪ ਇਕ ਅਖਵਾਈਆ। ਏਕਾ ਕਰੇ ਕਰਾਏ ਸਚ ਪਿਆਰ, ਏਕਾ ਸ਼ਬਦ ਜਗਾਈਆ। ਏਕਾ ਆਵੇ ਜਾਵੇ ਪਾਵੇ ਸਾਰ, ਜੁਗ ਜੁਗ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਆਪਣਾ ਨਾਉਂ ਜਪਾਈਆ। ਆਪਣਾ ਨਾਉਂ ਆਪੇ ਰੱਖ, ਆਪ ਆਪਣੀ ਬਣਤ ਬਣਾਇੰਦਾ। ਆਪੇ ਜੋਤ ਜਗਾਏ ਹੋ ਪ੍ਰਤੱਖ, ਆਪ ਆਪਣਾ ਵੇਸ ਵਟਾਇੰਦਾ। ਆਪੇ ਭਾਂਡੇ ਕਰੇ ਸੱਖ, ਖ਼ਾਲੀ ਭਾਂਡੇ ਆਪ ਭਰਾਇੰਦਾ। ਆਪੇ ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਫਿਰਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹੇ ਪਾਇੰਦਾ। ਆਪੇ ਪ੍ਰਗਟ ਹੋ ਹਰ ਘਟ ਰਿਹਾ ਵਸ, ਆਪ ਆਪਣਾ ਮੂਲ ਚੁਕਾਇੰਦਾ। ਮੇਲ ਮਿਲਾਏ ਨੱਸ ਨੱਸ, ਦਿਵਸ ਰੈਣ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਨਾਉਂ ਧਰਾਇੰਦਾ। ਏਕਾ ਨਾਉਂ ਹਰਿ ਨਿਰੰਕਾਰ, ਏਕਾ ਰੂਪ ਵਟਾਈਆ। ਏਕਾ ਘਰ ਇਕ ਦਰਬਾਰ, ਏਕਾ ਸੇਜ ਸੁਹਾਈਆ। ਏਕਾ ਪੁਰਖ ਏਕਾ ਨਾਰ, ਏਕਾ ਮੇਲ ਮਿਲਾਈਆ। ਏਕਾ ਮੀਤ ਇਕ ਦਵਾਰ, ਏਕਾ ਵੇਖ ਵਖਾਈਆ। ਏਕਾ ਮਹੱਲ ਇਕ ਮਿਨਾਰ, ਏਕਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਚਲਾਈਆ। ਹਰਿ ਹਰਿ ਨਾਮ ਹਰਿ ਸਮਰਥ, ਆਪਣਾ ਆਪ ਚਲਾਇੰਦਾ। ਲੱਖ ਚੁਰਾਸੀ ਦੇਵੇ ਵੱਥ, ਆਪੇ ਝੋਲੀ ਪਾਇੰਦਾ। ਆਪ ਚਲਾਏ ਸਾਚਾ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁੁਗ ਜੁਗ ਦੇਵਣਹਾਰਾ ਵਰ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣਾ ਕਰਮ ਕਮਾਏ, ਹਰਿ ਹਰਿ ਵੱਡੀ ਵਡਿਆਈਆ। ਆਪ ਆਪਣਾ ਨਾਮ ਧਰਾਏ, ਆਪ ਆਪਣੀ ਬਣਤ ਬਣਾਈਆ। ਸ੍ਰਿਸ਼ਟ ਸਬਾਈ ਏਕਾ ਜਾਪ ਜਪਾਏ, ਰਸਨਾ ਜਿਹਵਾ ਆਪ ਹਿਲਾਈਆ। ਆਪਣਾ ਗੁਣ ਆਪੇ ਵੇਖ ਵਖਾਏ, ਕਰਤੇ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਜੋਤ ਧਰ, ਜੁਗ ਏਕਾ ਨਾਮ ਰੱਖੇ ਵਡਿਆਈਆ। ਨਾਮ ਸ਼ਬਦ ਹਰਿ ਭਰਪੂਰ, ਹਰਿ ਹਰਿ ਆਪ ਉਪਾਇਆ। ਆਸਾ ਮਨਸਾ ਹਰਿ ਹਰਿ ਪੂਰ, ਹਉਮੇ ਹੰਗਤਾ ਰੋਗ ਗਵਾਇਆ। ਜਗਤ ਵਿਕਾਰਾ ਕਰੇ ਚੂਰੋ ਚੂਰ, ਤ੍ਰੈਗੁਣ ਤਤ ਨਾ ਕੋਈ ਤਪਾਇਆ। ਵਸਣਹਾਰਾ ਹਾਜ਼ਰ ਹਜ਼ੂਰ, ਹਰੀ ਹਰਿ ਨਜ਼ਰੀ ਆਇਆ। ਨਾਮ ਸ਼ਬਦ ਸਾਚੀ ਤੂਰ, ਨਾਦ ਅਨਾਦੀ ਤਾਲ ਵਜਾਇਆ। ਨਾਤਾ ਤੁੱਟੇ ਕੂੜੋ ਕੂੜ, ਗੁਰਦੇਵ ਨਾ ਕੋਈ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪ ਆਪਣਾ ਨਾਉਂ ਜਪਾਇਆ। ਸਾਚਾ ਨਾਮ ਹਰਿ ਹਰਿ ਜਾਪ, ਹਰਿਜਨ ਆਪ ਜਪਾਇੰਦਾ। ਮੇਟ ਮਿਟਾਏ ਤੀਨੋਂ ਤਾਪ, ਅਗਨੀ ਤਤ ਬੁਝਾਇੰਦਾ। ਆਪ ਬੁਝਾਏ ਆਪਣਾ ਆਪ, ਆਪੇ ਬ੍ਰਹਮ ਵਖਾਇੰਦਾ। ਦੋ ਜਹਾਨੀ ਵਡ ਪ੍ਰਤਾਪ, ਸਤਿ ਸਤਿਵਾਦੀ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਆਪ ਹੋ ਜਾਇੰਦਾ। ਆਪਣਾ ਥਾਪਣ ਆਪੇ ਥਾਪ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਨਰ ਨਿਰਗੁਣ ਹਰਿ ਨਿਰਗੁਣ ਆਪ ਅਖਵਾਇੰਦਾ। ਹਰਿ ਜੋਤੀ ਨੂਰ ਅਪਾਰ, ਹਰਿ ਹਰਿ ਆਪ ਜਗਾਈਆ। ਆਪੇ ਕਰੇ ਤਤ ਪਿਆਰ, ਆਪੇ ਵੇਖ ਵਖਾਈਆ। ਆਪੇ ਵੇਖ ਵਖਾਏ ਵਿਚ ਸੰਸਾਰ, ਆਪੇ ਆਪਣੀ ਰਚਨ ਰਚਾਈਆ। ਆਪੇ ਜੋਤ ਜਗਾਏ ਨਿਰਗੁਣ ਧਾਰ, ਆਪੇ ਵੇਖ ਵਖਾਈਆ। ਆਪੇ ਕਰੇ ਪਸਰ ਪਸਾਰ, ਪਸਰ ਪਸਾਰੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣੀ ਰਚਨ ਰਚਾਈਆ। ਆਪਣੀ ਜੋਤ ਆਪੇ ਧਰ, ਪੰਜ ਤਤ ਡੇਰਾ ਲਾਇੰਦਾ। ਆਪਣਾ ਵਸਾਏ ਆਪੇ ਘਰ, ਆਪੇ ਖੇਲ ਖਲਾਇੰਦਾ। ਆਪਣਾ ਚੁਕਾਏ ਆਪੇ ਡਰ, ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਸੀਸ ਧੜ, ਕਾਇਆ ਗੜ੍ਹ ਚੜ੍ਹਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੇ ਮੰਦਰ ਆਪੇ ਵੜ, ਆਪਣਾ ਮੇਲ ਮਿਲਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਜੋਤ ਉਜਿਆਰ ਜੋਤ ਕਰਾ, ਜੋਤੀ ਜੋਤ ਜਗਾਈਆ। ਜੋਤੀ ਨਾਮ ਆਪ ਧਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਵਰਨ ਗੋਤੀ ਭੇਵ ਖੁਲ੍ਹਾ, ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਟਿਕਾਈਆ। ਆਪਣੀ ਜੋਤ ਆਪੇ ਮੇਲ, ਆਪੇ ਖੇਲ ਖਿਲਾਇੰਦਾ। ਆਦਿ ਨਿਰੰਜਣ ਚਾੜ੍ਹੇ ਤੇਲ, ਸਾਚਾ ਸਗਨ ਮਨਾਇੰਦਾ। ਪਾਰਬ੍ਰਹਮ ਸੱਜਣ ਸੁਹੇਲ, ਆਦਿ ਜੁਗਾਦਿ ਵੇਖ ਵਖਾਇੰਦਾ। ਆਪੇ ਵਸੇ ਰੰਗ ਨਵੇਲ, ਹਰ ਘਟ ਆਪੇ ਡੇਰਾ ਲਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲ, ਗੁਰ ਚੇਲਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਨਾਉਂ ਧਰਾਇੰਦਾ। ਗੁਰ ਗੋਬਿੰਦ ਦਿਤਾ ਵਰ, ਹਰਿ ਹਰਿ ਵੱਡੀ ਵਡਿਆਈਆ। ਨਾਨਕ ਜੋਤੀ ਏਕਾ ਧਰ, ਅੰਗਦ ਆਪ ਟਿਕਾਈਆ। ਅੰਗਦ ਅੰਦਰ ਗਿਆ ਵੜ, ਪਾਰਬ੍ਰਹਮ ਵੱਡੀ ਵਡਿਆਈਆ। ਨਾਨਕ ਬ੍ਰਹਮ ਨਾ ਗਿਆ ਸੜ, ਪੰਜ ਤਤ ਰਿਹਾ ਹੰਢਾਈਆ। ਆਪ ਨੁਹਾਏ ਆਪਣੇ ਸਰ, ਸਰ ਸਰੋਵਰ ਇਕ ਨੁਹਾਈਆ। ਆਪੇ ਖੁਲ੍ਹਾ ਰੱਖੇ ਦਰ, ਦਰ ਦਰਵਾਜੇ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਗੋਬਿੰਦ ਹਰਿ ਹਰਿ ਵਰ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਏਕਾ ਮੰਗਲ ਸਾਚਾ ਗਾਇਆ, ਪੁਰਖ ਅਕਾਲ ਮਨਾਈਆ। ਅਜੂਨੀ ਰਹਿਤ ਨਜ਼ਰੀ ਆਇਆ, ਦਰ ਸਾਚਾ ਇਕ ਸੁਹਾਈਆ। ਆਪਣੀ ਇਛਿਆ ਮੰਗੇ ਭਿਛਿਆ, ਆਸਾ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਸਿਖਿਆ, ਸਿਖ ਮਤ ਇਕ ਧਰਾਈਆ। ਆਪਣੀ ਸਿਖਿਆ ਆਪੇ ਦੇ, ਆਪਣਾ ਕਰਮ ਕਮਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਲਾਵੇ ਨੇਂਹ, ਸਾਚਾ ਨਾਤਾ ਜੋੜ ਜੁੜਾਇੰਦਾ। ਅੰਮ੍ਰਿਤ ਆਤਮ ਬਰਖ਼ੇ ਮੇਂਹ, ਧੀਰਜ ਧੀਰ ਧਰਾਇੰਦਾ। ਝੂਠਾ ਤਨ ਮਾਟੀ ਹੋਏ ਖੇਹ, ਸਗਲਾ ਸੰਗ ਨਾ ਕੋਈ ਰਖਾਇੰਦਾ। ਨਾ ਕੋਈ ਰਸਨਾ ਨਾ ਕੋਈ ਜੇਹਵ, ਬੱਤੀ ਦੰਦ ਨਾ ਕੋਈ ਵਖਾਇੰਦਾ। ਪਾਰਬ੍ਰਹਮ ਅਲੱਖ ਅਭੇਵ, ਰੂਪ ਰੰਗ ਨਾ ਕੋਈ ਜਣਾਇੰਦਾ। ਵੇਖਣਹਾਰਾ ਸਾਚੀ ਸੇਵ, ਸਾਚਾ ਲੇਖਾ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਬ੍ਰਹਮ ਪਾਰਬ੍ਰਹਮ ਪ੍ਰਭ ਨਾਤਾ ਜੋੜ, ਪੰਜ ਤਤ ਡੇਰਾ ਲਾਇਆ। ਪੁਰਖ ਅਗੰਮਾ ਚੜਿਆ ਘੋੜ, ਥਿਰ ਘਰ ਦਿਸ ਕਿਸੇ ਨਾ ਆਈਆ। ਸਚ ਅੰਦਰ ਵੜਿਆ ਦੌੜ, ਆਪ ਆਪਣਾ ਮੁਖ ਛੁਪਾਈਆ। ਗੋਬਿੰਦ ਲੱਗੀ ਸਾਚੀ ਔੜ, ਤ੍ਰਿਸ਼ਨਾ ਭੁੱਖ ਮਿਟਾਈਆ। ਆਦਿ ਜੁਗਾਦੀ ਆਪੇ ਜਾਏ ਬੌਹੜ, ਆਪਣਾ ਮੇਲਾ ਆਪ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਇਆ। ਅਕੱਥ ਕਹਾਣੀ ਹਰਿ ਸਮਰਥ, ਆਪਣੀ ਆਪ ਚਲਾਈਆ। ਕਲਜੁਗ ਚਲਾਏ ਕੂੜਾ ਰਥ, ਚਾਰੋਂ ਕੁੰਟ ਫਿਰਾਈਆ। ਵੇਖ ਵਖਾਏ ਤੀਰਥ ਤੱਟ, ਅਠਸਠ ਫੇਰਾ ਪਾਈਆ। ਪਾਏ ਸਾਰ ਮੰਦਰ ਗੁਰਦਵਾਰਾ ਮੱਠ, ਸ਼ਬਦ ਦਵਾਰੇ ਫੋਲ ਫੁਲਾਈਆ। ਲੋਆਂ ਪੁਰੀਆ ਵੇਖੇ ਨੱਠ ਨੱਠ, ਪਾਰਬ੍ਰਹਮ ਵੱਡੀ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਇਕ ਇਕੱਠ, ਏਕਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਠਸਠ ਤੇਰਾ ਤੱਟ ਕਿਨਾਰਾ, ਹਰੀ ਹਰਿ ਵੇਖ ਵਖਾਈਆ। ਨਿਰਗੁਣ ਦੀਪਕ ਕਰ ਉਜਿਆਰਾ, ਚਾਰੋਂ ਕੁੰਟ ਫਿਰਾਈਆ। ਵੇਖਣਹਾਰਾ ਅੰਧ ਅੰਧਿਆਰਾ, ਏਕਾ ਕਰੇ ਰੁਸ਼ਨਾਈਆ। ਸੰਮਤ ਸੰਮਤੀ ਹੋ ਤਿਆਰਾ, ਆਪੇ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦਏ ਸਹਾਰਾ, ਦੁਆਪਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਈਆ। ਕਲਜੁਗ ਵਰਤੇ ਆਪਣੀ ਕਲ, ਏਕਾ ਰੂਪ ਸਮਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਗੁਰਮੁਖ ਵਿਰਲੇ ਆਪ ਜਗਾਇਆ। ਸਤਿ ਸਰੂਪੀ ਫੇਰੇ ਹੱਲ, ਨਾਮ ਬੀਜ ਇਕ ਬਿਜਾਇਆ। ਆਪ ਵਖਾਏ ਅੰਮ੍ਰਿਤ ਫਲ, ਅੰਮ੍ਰਿਤ ਮੇਵਾ ਇਕ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਸਲ, ਦੂਈ ਦਵੈਤੀ ਤੀਰ ਚਲਾਇਆ। ਹਰਿ ਕਾ ਤੀਰ ਸ਼ਬਦ ਨਿਆਰ, ਏਕਾ ਚਿੱਲੇ ਆਪ ਚੜ੍ਹਾਈਆ। ਸੰਮਤ ਪੰਦਰਾਂ ਹੋ ਤਿਆਰ, ਖੇਲੇ ਖੇਲ ਅਗੰਮ ਅਥਾਈਆ। ਖ਼ਲਕ ਖ਼ੁਦਾ ਬੇਐਬ ਪਰਵਰਦਿਗਾਰ, ਨੂਰੋ ਨੂਰ ਸਮਾਈਆ। ਹੱਕ ਹਕੀਕਤ ਪਾਵੇ ਸਾਰ, ਚੌਦਾਂ ਤਬਕਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਹੋ ਉਜਿਆਰ, ਆਪ ਆਪਣਾ ਮੂਲ ਚੁਕਾਈਆ। ਪਾਵੇ ਵੰਡਾਂ ਵਿਚ ਸੰਸਾਰ, ਆਪ ਆਪਣੀ ਕਿਰਤ ਕਮਾਈਆ। ਭੇਖ ਪਖੰਡਾ ਪਾਰ ਕਿਨਾਰ, ਝੂਠੀ ਕਿਰਿਆ ਰਹਿਣ ਨਾ ਪਾਈਆ। ਨਾਮ ਖੰਡਾ ਤੇਜ ਕਟਾਰ, ਦੋ ਧਾਰਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਚੇ ਲਏ ਮਿਲਾਈਆ। ਹਰਿ ਸੱਜਣ ਹਰਿ ਪਾਇਆ, ਸਤਿਗੁਰ ਮੀਤ ਮੁਰਾਰ। ਘਰ ਸਾਚੇ ਮੰਗਲ ਗਾਇਆ, ਸੁਣਾਏ ਸੱਚੀ ਧੁਨਕਾਰ। ਹਉਮੇ ਸਹਿੰਸਾ ਰੋਗ ਮਿਟਾਇਆ, ਦੀਪਕ ਬਾਤੀ ਕਰ ਉਜਿਆਰ। ਏਕਾ ਸਾਚੀ ਚੋਗ ਚੁਗਾਇਆ, ਚਾਰ ਵਰਨਾਂ ਇਕ ਪਿਆਰ। ਨਾਨਕ ਨਿਰਗੁਣ ਰਸਨਾ ਗਾਇਆ, ਕਲਜੁਗ ਅੰਤਮ ਪਾਵੇ ਸਾਰ। ਨਿਹਕਲੰਕਾ ਵੇਖ ਵਖਾਇਆ, ਕਲ ਕਲਕੀ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਦੂਈ ਦਵੈਤੀ ਪਰਦਾ ਦਏ ਨਿਵਾਰ।
