੨੬ ਮੱਘਰ ੨੦੧੫ ਬਿਕ੍ਰਮੀ ਸਰੂਪ ਸਿੰਘ ਦੇ ਘਰ ਪਿੰਡ ਮੂਧ ਜ਼ਿਲਾ ਜਲੰਧਰ
ਨਾਮ ਮੰਤਰ ਸ਼ਬਦ ਗਿਆਨ, ਹਰਿ ਹਰਿ ਆਪ ਉਪਾਈਆ। ਸ੍ਰਿਸ਼ਟ ਸਬਾਈ ਇਕ ਧਿਆਨ, ਏਕਾ ਇਸ਼ਟ ਜਣਾਈਆ। ਏਕਾ ਪੁਰਖ ਇਕ ਸੁਲਤਾਨ, ਏਕਾ ਨਾਉਂ ਧਰਾਈਆ। ਏਕਾ ਮੰਦਰ ਇਕ ਮਕਾਨ, ਏਕਾ ਬੈਠਾ ਆਸਣ ਲਾਈਆ। ਏਕਾ ਜੋਤੀ ਜੋਤ ਮਹਾਨ, ਏਕਾ ਏਕ ਡਗਮਗਾਈਆ। ਏਕਾ ਖੇਲੇ ਖੇਲ ਨਿਧਾਨ, ਗੁਣਵੰਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਰੱਖੇ ਵਡਿਆਈਆ। ਹਰਿ ਸ਼ਬਦ ਹਰਿ ਹਰਿ ਰੰਗ, ਹਰਿ ਹਰਿ ਆਪ ਚੜ੍ਹਾਇੰਦਾ। ਆਪਣੀ ਵਸਤ ਆਪੇ ਮੰਗ, ਆਪਣਾ ਦਰ ਸੁਹਾਇੰਦਾ। ਲੋਆਂ ਪੁਰੀਆਂ ਗਗਨ ਪਤਾਲਾ ਆਪੇ ਲੰਘ, ਪ੍ਰਿਥਮੀ ਅਕਾਸ਼ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਵਜਾਏ ਇਕ ਮਰਦੰਗ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਬਣਤ ਬਣਾਇੰਦਾ। ਸ਼ਬਦ ਨਾਮ ਹਰਿ ਭੰਡਾਰ, ਆਪਣੇ ਹੱਥ ਰਖਾਈਆ। ਆਦਿ ਜੁਗਾਦੀ ਲਏ ਅਵਤਾਰ, ਜੁਗ ਜੁਗ ਮਾਤ ਧਰਾਈਆ। ਲੱਖ ਚੁਰਾਸੀ ਹੋ ਉਜਿਆਰ, ਹਰ ਘਟ ਬੈਠਾ ਬੇਪਰਵਾਹੀਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਨਾਮ ਸ਼ਬਦ ਸਚ ਜੈਕਾਰ, ਹਰਿ ਹਰਿ ਆਪ ਲਗਾਇੰਦਾ। ਆਪੇ ਸੁਣੇ ਸੁਣਾਏ ਸੁਨਣੇਹਾਰ, ਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਸ੍ਰਿਸ਼ਟ ਸਬਾਈ ਕਰੇ ਵਣਜ ਵਪਾਰ, ਏਕਾ ਵਸਤ ਟਿਕਾਇੰਦਾ। ਲੱਖ ਚੁਰਾਸੀ ਵੇਖ ਘਰ ਬਾਰ, ਆਪਣੇ ਕੰਡੇ ਆਪ ਤੁਲਾਇੰਦਾ। ਆਪੇ ਨਰਾਇਣ ਨਰ ਹੋ ਅਵਤਾਰ, ਆਪੇ ਵੇਸ ਵਟਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰ, ਬ੍ਰਹਮਾ ਵੇਖ ਵਿਖਾਇੰਦਾ। ਬ੍ਰਹਮਾ ਵੇਤਾ ਇਕ ਅਧਾਰ, ਸ਼ਿਵ ਸ਼ੰਕਰ ਮੇਲ ਮਿਲਾਇੰਦਾ। ਕਰੋੜ ਤੇਤੀਸਾ ਬੰਨ੍ਹੇ ਧਾਰ, ਸੁਰਪਤ ਆਪ ਜਗਾਇੰਦਾ। ਪ੍ਰਿਥਮੀ ਅਕਾਸ਼ ਹੋ ਉਜਿਆਰ, ਆਪਣੀ ਕਲ ਵਰਤਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਖੇਲ ਅਗੰਮ ਅਪਾਰ, ਆਦਿ ਸ਼ਕਤੀ ਨਾਉਂ ਧਰਾਇੰਦਾ। ਦੀਵਾ ਬਾਤੀ ਕਰ ਉਜਿਆਰ, ਨੂਰੋ ਨੂਰ ਅਖਵਾਇੰਦਾ। ਸ਼ਬਦੀ ਸ਼ਬਦ ਭਰ ਭੰਡਾਰ, ਆਪਣਾ ਆਪ ਵਰਤਾਇੰਦਾ। ਵਰਭੰਡ ਖੇਲੇ ਖੇਲ ਨਿਆਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਾਦਰ ਕਰਤਾ ਆਪ ਹੋ ਜਾਈਆ। ਧਰਨੀ ਧਰਤ ਧਵਲ ਜੋਤ ਧਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸੰਤ ਸੁਹੇਲੇ ਦੇਵੇ ਵਰ, ਆਤਮ ਬ੍ਰਹਮ ਜਣਾਈਆ। ਸੁਰਤੀ ਸ਼ਬਦ ਲਏ ਫੜ, ਏਕਾ ਰਾਹ ਵਖਾਈਆ। ਸ਼ਬਦ ਸਿੰਘਾਸਣ ਆਪੇ ਖੜ, ਆਤਮ ਸੇਜਾ ਆਪ ਟਿਕਾਈਆ। ਪੰਚ ਵਿਕਾਰੇ ਆਪੇ ਲੜ, ਆਪਣਾ ਖੰਡਾ ਆਪ ਉਠਾਈਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵੱਡੀ ਵਡਿਆਈਆ। ਮਹੱਲ ਅਟੱਲ ਉਚ ਮਿਨਾਰ ਆਪੇ ਖੜ, ਦਸਮ ਦੁਆਰੀ ਬੈਠਾ ਸਚ ਮਹੱਲੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵਾਸੀ ਵੇਸ ਵਟਾਈਆ। ਥਿਰ ਘਰ ਵਾਸੀ ਹਰਿ ਨਿਰੰਕਾਰ, ਆਦਿ ਪੁਰਖ ਅਖਵਾਇਆ। ਕਲਜੁਗ ਅੰਤਮ ਲਏ ਅਵਤਾਰ, ਆਪ ਆਪਣਾ ਨਾਉਂ ਧਰਾਇਆ। ਸ਼ਬਦੀ ਸ਼ਬਦ ਸ਼ਬਦ ਪਸਾਰ, ਹਰਿ ਸ਼ਬਦੀ ਵੇਖ ਵਖਾਇਆ। ਭਗਤਨ ਮੇਲਾ ਵਿਚ ਸੰਸਾਰ, ਦਰ ਠਾਂਡਾ ਇਕ ਸੁਹਾਇਆ। ਦੀਪਕ ਬਾਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇਆ। ਖਾਣੀ ਬਾਣੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਮੰਤਰ ਗੁਰ ਗੁਰ ਗਿਆਨ, ਏਕਾ ਬੂਝ ਬੁਝਾਈਆ। ਏਕਾ ਧਰਮ ਇਕ ਨਿਸ਼ਾਨ, ਏਕਾ ਰਿਹਾ ਝੁਲਾਈਆ। ਏਕਾ ਅੰਮ੍ਰਿਤ ਆਤਮ ਪੀਣ ਖਾਣ, ਏਕਾ ਵਸਤ ਰਿਹਾ ਵਰਤਾਈਆ। ਏਕਾ ਰਾਗ ਸੁਣਾਏ ਏਕਾ ਕਾਨ, ਏਕਾ ਨਾਦ ਵਜਾਈਆ। ਏਕਾ ਤੀਰ ਨਿਰਾਲਾ ਮਾਰੇ ਬਾਣ, ਹਉਮੇ ਹੰਗਤਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਅਲਖ ਜਗਾਈਆ। ਏਕਾ ਅਲਖ ਅਲੱਖ ਜਗਾ, ਅਲੱਖਣਾ ਅਲੱਖ ਅਖਵਾਇਆ। ਜੋਤੀ ਨੂਰ ਪ੍ਰਤੱਖ ਕਰਾ, ਆਪ ਆਪਣਾ ਨਾਉਂ ਧਰਾਇਆ। ਲੱਖ ਚੁਰਾਸੀ ਵੱਖ ਕਰਾ, ਆਪੇ ਬੈਠਾ ਡੇਰਾ ਲਾਇਆ। ਆਪਣਾ ਨੈਣ ਆਪ ਖੁਲ੍ਹਾ, ਆਪੇ ਵੇਖ ਵਖਾਇਆ। ਆਪਣਾ ਬਸਤਰ ਗਹਿਣਾ ਤਨ ਛੁਹਾ, ਸ਼ਬਦੀ ਸ਼ਬਦ ਸ਼ਿੰਗਾਰ ਕਰਾਇਆ। ਆਪਣੇ ਅੰਗਣ ਆਪ ਸੁਹਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਇਕ ਗਿਆਨ, ਏਕਾ ਸ਼ਬਦ ਇਕ ਧਿਆਨ ਰਖਾਇਆ। ਸ਼ਬਦ ਗਿਆਨ ਸੱਚਾ ਗੁਰ ਮੰਤਰ, ਚਾਰ ਵਰਨ ਜਣਾਈਆ। ਤ੍ਰੈਗੁਣ ਮਾਇਆ ਬੁਝੇ ਬਸੰਤਰ, ਪੰਜ ਤਤ ਨਾ ਕੋਈ ਹਲਕਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਬੈਠਾ ਡੇਰਾ ਲਾਈਆ। ਖੇਲੇ ਖੇਲ ਜੁਗਾ ਜੁਗੰਤਰ, ਕਲਜੁਗ ਵੱਜੀ ਵਧਾਈਆ। ਸਤਿਜੁਗ ਬਣਾਏ ਸਾਚੀ ਬਣਤਰ, ਸਚ ਸੁੱਚ ਕਰੇ ਰੁਸ਼ਨਾਈਆ। ਖੇਲੇੇ ਖੇਲ ਗਗਨ ਗਗਨੰਤਰ, ਅਕਾਸ਼ ਪ੍ਰਕਾਸ਼ ਡੇਰਾ ਲਾਈਆ। ਏਕਾ ਨਾਮ ਏਕਾ ਮੰਤਰ, ਏਕਾ ਰਿਹਾ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿ ਭੂਮਕਾ ਸਚ ਅਸਥਾਨ, ਹਰਿ ਸਾਚੇ ਦਇਆ ਕਮਾਈਆ। ਜੋਤੀ ਨੂਰ ਸ੍ਰੀ ਭਗਵਾਨ, ਏਕਾ ਨੂਰ ਰੁਸ਼ਨਾਈਆ। ਸਰਬ ਸ੍ਰਿਸ਼ਟ ਕਾ ਏਕ ਗਿਆਨ, ਏਕਾ ਰੂਪ ਦਰਸਾਈਆ। ਜੀਵ ਜੰਤ ਇਕ ਧਿਆਨ, ਏਕਾ ਇਸ਼ਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਵੇਖ ਵਖਾਈਆ। ਸਚ ਦਵਾਰ ਸਾਚਾ ਹਰਿ ਮੰਦਰ, ਹਰਿ ਸਾਚੀ ਜੋਤ ਜਗਾਈਆ। ਲੱਖ ਚੁਰਾਸੀ ਵਸਿਆ ਕੰਦਰ, ਆਪ ਆਪਣਾ ਭੇਵ ਛੁਪਾਈਆ। ਆਪੇ ਲਾਇਆ ਆਪਣਾ ਜੰਦਰ, ਆਪੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਸਰਬ ਲੋਕਾਈਆ। ਆਪਣਾ ਮੰਦਰ ਆਪੇ ਖੋਲ੍ਹ, ਆਪਣੀ ਦਇਆ ਕਮਾਇੰਦਾ। ਆਪਣਾ ਸ਼ਬਦ ਆਪੇ ਬੋਲ, ਆਪਣੀ ਬੂਝ ਬੁਝਾਇੰਦਾ। ਆਪੇ ਵਸਣਹਾਰਾ ਕੋਲ, ਆਪ ਆਪਣਾ ਮੁਖ ਵਖਾਇੰਦਾ। ਦਿਵਸ ਰੈਣ ਕਰੇ ਚੋਹਲ, ਸਗਲਾ ਸੰਗ ਨਿਭਾਇੰਦਾ। ਅਨਹਦ ਵਜਾਏ ਏਕਾ ਢੋਲ, ਸੋਹੰ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਸਾਚੀ ਪੌਲ, ਚਾਰ ਵਰਨਾਂ ਆਪ ਪਿਆਇੰਦਾ। ਕਾਇਆ ਖੇੜਾ ਜਾਏ ਮੌਲ, ਫਲ ਫੁਲਵਾੜੀ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਘਰ ਹਰਿ ਹਰਿ ਮੰਦਰ, ਹਰਿ ਸਾਚਾ ਡੇਰਾ ਲਾਇੰਦਾ। ਤੋੜਣਹਾਰਾ ਜਗਤ ਜੰਦਰ, ਜਾਗਰਤ ਜੋਤ ਇਕ ਜਗਾਇੰਦਾ। ਖੇਲੇ ਖੇਲ ਆਪਣੀ ਕੁੰਦਰ, ਆਪਣਾ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮੰਤਰ ਨਾਮ ਦ੍ਰਿੜਾਇੰਦਾ।
