Granth 07 Likhat 148: 26 Maghar 2015 Bikarmi Nasib Singh de Ghar Pind Bopa Rai Jila Jalandhar

੨੬ ਮੱਘਰ ੨੦੧੫ ਬਿਕ੍ਰਮੀ ਨਸੀਬ ਸਿੰਘ ਦੇ ਘਰ ਪਿੰਡ ਬੋਪਾ ਰਾਏ ਜ਼ਿਲਾ ਜਲੰਧਰ

ਆਤਮ ਸ਼ਬਦ ਹਰਿਜਨ ਹਰਿ ਹਰਿ ਜਾਣਿਆ, ਜਾਨਣਹਾਰ ਕਰਤਾਰ। ਪੰਜ ਤਤ ਤੱਤ ਪਛਾਣਿਆ, ਆਤਮ ਬ੍ਰਹਮ ਵਿਚਾਰ। ਸ਼ਬਦੀ ਸ਼ਬਦ ਸ਼ਬਦ ਪਰਧਾਨਿਆ, ਹਰਿ ਸ਼ਬਦ ਨਾਉਂ ਜੈਕਾਰ। ਜੋਤੀ ਜੋਤ ਜੋਤ ਨੂਰ ਮਹਾਨਿਆ, ਨਿਰਮਲ ਨੂਰ ਹੋਏ ਉਜਿਆਰ। ਅਕੱਥ ਕਥਾ ਕਥ ਕਹਾਣੀਆ, ਆਪ ਸੁਣਾਏ ਸੁਣਾਵਣਹਾਰ। ਜਲ ਜਲ ਖੰਡਾ ਜਲ ਪਾਨਿਆ, ਅੰਮ੍ਰਿਤ਼ ਬਖ਼ਸ਼ੇ ਠੰਡੀ ਠਾਰ। ਨੇਤਰ ਨੈਣ ਨੀਰ ਇਕ ਖੁਲਾਨਿਆ, ਆਪ ਆਪਣੀ ਕਿਰਪਾ ਧਾਰ। ਸਾਕ ਸੈਣ ਇਕ ਵਖਾਨਿਆ, ਏਕਾ ਮੀਤ ਮੁਰਾਰ। ਏਕਾ ਏਕ ਹੋਏ ਜਾਣੀ ਜਾਣਿਆ, ਜਾਨਣਹਾਰ ਰੂਪ ਗਿਰਧਾਰ। ਆਪ ਸੁਣਾਏ ਆਪਣੀ ਬਾਣੀਆ, ਅੱਖਰ ਵੱਖਰ ਸ਼ਬਦ ਉਚਾਰ। ਲਹਿਣਾ ਚੁੱਕੇ ਜੇਰਜ ਖਾਣੀਆ, ਲੱਖ ਚੁਰਾਸੀ ਉਤਰੇ ਪਾਰ। ਮੇਲ ਮਿਲਾਵਾ ਸਾਚੇ ਹਾਣੀਆ, ਸਤਿਗੁਰ ਕੰਤ ਭਤਾਰ। ਦਰਗਹਿ ਸਾਚੀ ਸਾਚੀ ਰਾਣੀਆ, ਆਪ ਬਹਾਏ ਮਹੱਲ ਅਟਾਰ। ਥਿਰ ਘਰ ਸਾਚੇ ਭਾਗ ਲਗਾਨਿਆ, ਇਕ ਇਕੱਲਾ ਏਕੰਕਾਰ। ਸਚਖੰਡ ਦਵਾਰ ਪਦ ਨਿਰਬਾਣਿਆ, ਗੁਰਮੁਖ ਵਿਰਲਾ ਪਾਵੇ ਵਿਚ ਸੰਸਾਰ। ਦਾਤਾ ਦਾਨੀ ਗੁਣ ਨਿਧਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਪਾਰ। ਪੰਜ ਤਤ ਤਨ ਚੋਲਾ, ਹਰਿ ਹਰਿ ਬਣਤ ਬਣਾਈਆ। ਆਪੇ ਰੱਖੇ ਪਰਦਾ ਉਹਲਾ, ਆਪੇ ਬੈਠਾ ਆਸਣ ਲਾਈਆ। ਆਪੇ ਗਾਏ ਸਾਚਾ ਢੋਲਾ, ਆਪੇ ਰਾਗ ਅਲਾਈਆ। ਆਪੇ ਬਣਿਆ ਹਰਿ ਹਰਿ ਤੋਲਾ, ਤੋਲਣਹਾਰ ਸ੍ਰਿਸ਼ਟ ਸਬਾਈਆ। ਆਦਿ ਜੁਗਾਦੀ ਖੇਲੇ ਹੋਲਾ, ਜੁਗ ਜੁਗ ਵੇਸ ਵਟਾਈਆ। ਜਨ ਭਗਤਾਂ ਆਤਮ ਅੰਤਰ ਆਪੇ ਮੌਲਾ, ਆਪ ਆਪਣਾ ਵਿਚ ਟਿਕਾਈਆ। ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਝਿਰਨਾ ਮੁਖ ਝਿਰਾਈਆ। ਜਗਤ ਵਡਿਆਈ ਉਪਰ ਧਵਲਾ, ਦਰਗਹਿ ਸਾਚੀ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਠਾਈਆ। ਪੰਜ ਤਤ ਤੱਤ ਪਿਆਰ, ਆਤਮ ਬ੍ਰਹਮ ਜਣਾਈਆ। ਹੱਡ ਮਾਸ ਨਾੜੀ ਰੱਤ ਪਾਵੇ ਸਾਰ, ਰਕਤ ਬੂੰਦ ਵੇਖ ਵਖਾਈਆ । ਮਨ ਪੰਖੀ ਨਾ ਉਡੇ ਦਹਿ ਦਿਸ਼ ਧਾਰ, ਗੁਰ ਡੋਰੀ ਸ਼ਬਦ ਬੰਧਾਈਆ। ਮਤੀ ਮੱਤ ਦਏ ਸਹਾਰ, ਏਕਾ ਬੂਝ ਬੁਝਾਈਆ। ਬੁੱਧੀ ਬਿਬੇਕ ਰਹੇ ਸੰਸਾਰ, ਸਾਂਤਕ ਸਤਿ ਵਰਤਾਈਆ। ਤ੍ਰੈਗੁਣ ਮਾਇਆ ਨਾ ਲਾਏੇ ਸੇਕ ਲੋਕਮਾਤ ਨਾ ਹੋਏ ਖਵਾਰ, ਆਪ ਆਪਣੇ ਅੰਗ ਸਮਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਰੈਣ ਅੰਧੇਰੀ ਮਿਟੇ ਰਾਤੀ ਅੰਧ ਅੰਧਿਆਰ, ਸਚ ਸੁੱਚ ਗਿਆਨ ਦ੍ਰਿੜਾਈਆ। ਨਾਮ ਵਸਤ ਸ਼ਬਦ ਭੰਡਾਰ, ਹਰਿ ਦਾਤਾ ਆਪ ਵਰਤਾਈਆ। ਪੁਰਖ ਅਕਾਲ ਇਕ ਜੈਕਾਰ, ਅੰਦਰ ਮੰਦਰ ਆਪ ਲਗਾਈਆ। ਸੋ ਪੁਰਖ ਨਿਰੰਜਣ ਆਪ ਉਪਜਾਏ ਸੱਚੀ ਧੁੰਨਕਾਰ, ਹੰ ਬ੍ਰਹਮ ਆਪ ਵਖਾਈਆ। ਰਾਗੀ ਨਾਦੀ ਰਾਗ ਅਲਾਏ ਆਪ ਸੁਣਾਏ ਸੁਨਣੇਹਾਰ, ਦੂਸਰ ਦਿਸ ਕਿਸੇ ਨਾ ਆਈਆ। ਸਚ ਸਮਗਰੀ ਜੋਤ ਉਜਗਰੀ ਕਰ ਉਜਿਆਰ, ਨੂਰੋ ਨੂਰ ਨੂਰ ਦਰਸਾਈਆ। ਅਕਾਲ ਮੂਰਤ ਖੇਲ ਅਪਾਰ, ਅਜੂਨੀ ਰਹਿਤ ਵੱਡੀ ਵਡਿਆਈਆ। ਭਗਤ ਵਛਲ ਆਪ ਗਿਰਧਾਰ, ਗਿਰਧਰ ਰੂਪ ਆਪ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਚਾਰੇ ਖਾਣੀ ਵੇਖ ਵਖਾਈਆ। ਆਪੇ ਵਸਿਆ ਸਭ ਤੋਂ ਬਾਹਿਰ, ਜੁਗ ਜੁਗ ਵੱਡੀ ਵਡਿਆਈਆ। ਕਰਤਾ ਕਾਦਰ ਕਰੀਮ ਕਰਨੇਹਾਰ, ਰਾਮ ਰਹੀਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਵੇਖੇ ਦਰ, ਆਪ ਆਪਣਾ ਭੇਵ ਖੁਲ੍ਹਾਈਆ। ਭਗਤਨ ਮੀਤਾ ਹਰਿ ਭਗਵਾਨਾ, ਭਗਤਨ ਹਰਿ ਹਰਿ ਰੱਤਿਆ। ਆਪੇ ਦੇਵੇ ਧੁਰ ਫ਼ਰਮਾਣਾ, ਵੇਖ ਵਖਾਏ ਚੇਤਨ ਸਤਿਆ। ਨਾਦ ਅਨਾਦੀ ਧੁਨ ਤਰਾਨਾ, ਸਤਿ ਸੰਤੋਖੀ ਏਕਾ ਰੱਖਿਆ। ਏਕਾ ਦਰ ਇਕ ਦਰਬਾਨਾ, ਨਾ ਠੰਡਾ ਨਾ ਤੱਤਿਆ। ਏਕਾ ਪੁਰਖ ਸ਼ਾਹੋ ਸੁਲਤਾਨਾ, ਆਦਿ ਜੁਗਾਦਿ ਕਰੇ ਨਾ ਹੱਤਿਆ। ਹਰਿਜਨ ਮੇਲਾ ਦੋ ਜਹਾਨਾਂ, ਬੀਜ ਬੀਜੇ ਆਤਮ ਵਤਿਆ। ਕਲਜੁਗ ਅੰਤਮ ਫਲ ਖਲਾਣਾ ਲਾਲ ਗੁਲਾਲਾ ਨਾਮੇ ਰੱਤਿਆ। ਆਪੇ ਵਰਤੇ ਆਪਣਾ ਭਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਨੌਂ ਖੰਡ ਸ੍ਰਿਸ਼ਟ ਸਬਾਈ ਤੇਰਾ ਖਾਤਿਆ। ਭਗਤੀ ਰੂਪ ਹਰਿ ਚੜ੍ਹਾਇਆ, ਹਰਿਜਨ ਵੱਡੀ ਵਡਿਆਈਆ। ਕਾਇਆ ਚੋਲਾ ਇਕ ਰੰਗਾਇਆ, ਹਰਿ ਸਾਚੇ ਵਡ ਵਡਿਆਈਆ। ਨਾਮ ਜੈਕਾਰਾ ਬੋਲਾ ਇਕ ਸੁਣਾਇਆ, ਸੋਹੰ ਢੋਲਾ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਹਾਰ ਹਰਿ ਕਰਤਾਰ, ਏਕੰਕਾਰ ਆਪ ਕਰਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸ਼ਬਦ ਸ਼ਬਦੀ ਨਾਅਰਾ ਲਾਇੰਦਾ। ਰਾਮ ਨਾਮ ਵਣਜ ਵਪਾਰ, ਨਾਮ ਨਾਮਾ ਵੇਖ ਵਖਾਇੰਦਾ। ਸਾਚੀ ਵਸਤ ਵਿਚ ਸੰਸਾਰ, ਧੁਰਦਰਗਾਹੀ ਆਪ ਟਿਕਾਇੰਦਾ। ਆਪਣਾ ਖੋਲ੍ਹ ਆਪ ਭੰਡਾਰ, ਲੋਕਮਾਤ ਆਪ ਵਰਤਾਇੰਦਾ। ਕਲਜੁਗ ਅੰਤਮ ਖੇਲ ਨਿਆਰ, ਖੇਲਣਹਾਰ ਦਿਸ ਨਾ ਆਇੰਦਾ। ਏਕਾ ਪਦ ਕਰ ਪਿਆਰ, ਏਕਾ ਘਰ ਸੁਹਾਇੰਦਾ। ਵੱਜੇ ਨਦ ਸ਼ਬਦ ਜੈਕਾਰ, ਸੋਹੰ ਨਾਅਰਾ ਲਾਇੰਦਾ। ਘਰ ਘਰ ਪਾਵੇ ਸਾਰ, ਜੋ ਜਨ ਰਸਨਾ ਗਾਇੰਦਾ। ਵਿਸ਼ਨੂੰ ਪਦ ਖੇਲ ਅਪਾਰ, ਭਗਵਾਨ ਜੋਤੀ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਚੌਥਾ ਪਦ ਸੋਹੰ ਧਾਰ, ਆਤਮ ਹੋਏ ਜਣਾਈਆ। ਪਾਰਬ੍ਰਹਮ ਕੰਤ ਭਤਾਰ, ਸਾਚੀ ਸੇਜ ਸੁਹਾਈਆ। ਪੰਜ ਤਤ ਨਾ ਕੋਈ ਅਕਾਰ, ਹੱਡ ਮਾਸ ਨਾੜੀ ਨਾ ਕੋਈ ਰਖਾਈਆ। ਨਿਰਮਲ ਜੋਤੀ ਕਰ ਉਜਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਪੁਰਖ ਅਬਿਨਾਸ਼ੀ ਬੈਠਾ ਆਸਣ ਲਾਈਆ। ਰੂਪ ਰੰਗ ਨਾ ਸਕੇ ਕੋਈ ਵਿਚਾਰ, ਲੇਖਾ ਲਿਖਤ ਵਿਚ ਨਾ ਆਈਆ। ਸਾਚੇ ਮੰਦਰ ਸਚ ਪਸਾਰ, ਆਪ ਆਪਣਾ ਵੇਖ ਵਿਖਾਈਆ। ਆਪ ਆਪਣਾ ਕਰ ਪਿਆਰ, ਵਿਸ਼ਨ ਬ੍ਰਹਮਾ ਸ਼ਿਵ ਲੜ ਫੜਾਈਆ। ਆਪ ਸੁਹਾਏ ਸਚ ਦਵਾਰ, ਥਿਰ ਘਰ ਵਾਸੀ ਵਡ ਵਡਿਆਈਆ। ਸੁਨ ਅਗੰਮੀ ਅੱਧਵਿਚਕਾਰ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਚ ਮਹੱਲ ਅਟੱਲ ਮਿਨਾਰ, ਬੈਠਾ ਬੇਪਰਵਾਹੀਆ। ਮਹੱਲ ਅਟੱਲ ਸਚ ਸਿੰਘਾਸਣ, ਹਰਿ ਹਰਿ ਆਸਣ ਲਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ਣ, ਦਰ ਸਾਚਾ ਇਕ ਸੁਹਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨਨ, ਰਵ ਸਸ ਨਾ ਕੋਈ ਵਖਾਇੰਦਾ। ਨਿਰਗੁਣ ਨੂਰੀ ਏਕਾ ਚਾਨਣ, ਰਵ ਸਸ ਰੈਣ ਨਾ ਕੋਈ ਬਣਾਇੰਦਾ। ਆਪੇ ਰਵ ਸਸ ਹੋਏ ਭਾਨਣ, ਕਿਸ਼ਨਾ ਸੁਖਲਾ ਪਖ ਨਾ ਕੋਈ ਮਿਟਾਇੰਦਾ। ਸ਼ਬਦੀ ਸ਼ਬਦ ਨਾ ਕੋਈ ਧੁਨਕਾਨਨ, ਰਾਗ ਨਾਦ ਨਾ ਕੋਈ ਅਲਾਇੰਦਾ। ਖਾਣੀ ਬਾਣੀ ਨਾ ਕੋਈ ਵੈਰਾਗਣ, ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵੇਖੇ ਮਾਰ ਧਿਆਨਨ, ਕਰੋੜ ਤੇਤੀਸਾ ਦਿਸ ਨਾ ਆਇੰਦਾ। ਨਾ ਕੋਈ ਬੇੜਾ ਨਾ ਜਹਾਜ਼ਨ, ਨਾ ਚੱਪੂ ਕੋਈ ਲਗਾਇੰਦਾ। ਨਾ ਕੋਈ ਰਾਜ ਨਾ ਕੋਈ ਰਾਜਨ, ਸ਼ਾਹ ਸੁਲਤਾਨ  ਨਾ ਕੋਈ ਅਖਵਾਇੰਦਾ। ਨਾ ਕੋਈ ਸਵਾਲ ਨਾ ਜਵਾਬਣ, ਪੁੱਛ fਗੱਛ ਨਾ ਕੋਈ ਕਰਾਇੰਦਾ। ਨਾ ਕੋਈ ਘੋੜਾ ਨਾ ਰਕਾਬਣ, ਸੋਲਾਂ ਕਲੀਆਂ ਆਸਣ ਕੋਈ ਨਾ ਲਾਇੰਦਾ। ਨਾ ਕੋਈ ਗ਼ਰੀਬ ਨਾ ਗ਼ਰੀਬ ਨਿਵਾਜਣ, ਪ੍ਰਿਤਪਾਲਕ ਨਾ ਕੋਈ ਅਖਵਾਇੰਦਾ। ਬਾਣੀਆਂ ਸ਼ਾਹ ਨਾ ਕੋਈ ਮਹਾਜਣ, ਨਾ ਤਰਾਜੂ ਤੋਲ ਤੁਲਾਇੰਦਾ। ਨਾਰੀ ਕੰਤ ਨਾ ਕੋਈ ਕਾਜਨ, ਨਾ ਕੋਈ ਮੇਲ ਮਿਲਾਇੰਦਾ। ਨਾਮ ਧਨ ਨਾ ਬੰਨ੍ਹੇ ਕੋਈ ਦਾਜਨ, ਸਗਲਾ ਸੰਗ ਨਾ ਕੋਈ ਨਿਭਾਇੰਦਾ। ਨਾ ਕੋਈ ਰੱਖਣਹਾਰਾ ਲਾਜਣ, ਨਾ ਕੋਈ ਵੇਖ ਵਖਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਣ, ਆਪ ਆਪਣਾ ਘਰ ਸੁਹਾਇੰਦਾ। ਜੋਤੀ ਨੂਰ ਕਰ ਪ੍ਰਕਾਸ਼ਣ, ਆਪ ਆਪਣਾ ਪ੍ਰਕਾਸ਼ ਵਿਖਾਇੰਦਾ। ਸ਼ਾਹੋ ਭੂਪ ਸ਼ਾਹੋ ਸ਼ਾਬਾਸ਼ਣ, ਸ਼ਾਹ ਸੁਲਤਾਨਾ ਨਾਉਂ ਰਖਾਇੰਦਾ। ਚੰਮ ਨਾੜੀ ਨਾ ਕੋਈ ਮਾਸਣ, ਪੰਜ ਤਤ ਨਾ ਕੋਇ ਬਣਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਣ, ਜੁਗ ਜੁਗ ਵੇਸ ਵਟਾਇੰਦਾ। ਸਾਚੇ ਮੰਡਲ ਪਾਵੇ ਰਾਸਨ, ਆਪ ਆਪਣੀ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਚ ਸੁੱਚ ਗਿਆਨ, ਸੋਹੰ ਸ਼ਬਦ ਧੁਰ ਫ਼ਰਮਾਣ, ਆਤਮ ਅੰਤਰ ਮਾਰੇ ਬਾਣ, ਦੂਈ ਦਵੈਤੀ ਮੇਟ ਮਿਟਾਇੰਦਾ। ਆਤਮ ਅੰਤਰ ਸ਼ਬਦ ਨਿਸ਼ਾਨਾ, ਹਰਿ ਹਰਿ ਆਪ ਲਗਾਇੰਦਾ। ਗੁਰਮੁਖ ਸਾਚਾ ਚਤੁਰ ਸੁਜਾਣਾ, ਆਪ ਆਪਣਾ ਮੇਲ ਮਿਲਾਇੰਦਾ। ਦੇਵਣਹਾਰਾ ਜੀਆਂ ਦਾਨਾ, ਜਾਗਰਤ ਜੋਤ ਇਕ ਜਗਾਇੰਦਾ। ਹੱਥੀਂ ਬੰਨ੍ਹੇ ਸਾਚਾ ਗਾਨਾ, ਨਾਮ ਸਤਿ ਤੰਦ ਰਖਾਇੰਦਾ। ਆਪੇ ਪਾਏ ਆਪਣੀ ਆਣਾ, ਆਪਣੇ ਬੰਧਨ ਆਪੇ ਬੰਧਾਇੰਦਾ। ਖੇਲੇ ਖੇਲ ਦੋ ਜਹਾਨਾਂ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨਾ, ਆਪ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਭਗਵਨ ਭਗਤੀ ਵੇਖ ਵਖਾਇੰਦਾ। ਗੁਰਮੁਖ ਸਾਚਾ ਚਤੁਰ ਸੁਜਾਨਾ, ਆਪ ਆਪਣੇ ਅੰਗ ਲਗਾਇੰਦਾ। ਸ਼ਬਦ ਬਿਠਾਏ ਇਕ ਬਿਬਾਨਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਤਮ ਅੰਤਰ ਪੀਣਾ ਖਾਣਾ, ਸਚ ਸਮਗਰੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੁਕਾਏ ਜਗਤ ਡਰ, ਏਕਾ ਦਰ ਸੁਹਾਇੰਦਾ। ਏਕਾ ਰੂਪ ਹਰਿ ਨਿਰੰਕਾਰ, ਗੁਰਮੁਖਾਂ ਆਪ ਬੁਝਾਈਆ। ਏਕਾ ਲਾਏ ਸ਼ਬਦ ਧੁਨਕਾਰ, ਆਤਮ ਅੰਤਰ ਆਪ ਵਹਾਈਆ। ਏਕਾ ਨਾਉਂ ਸਚ ਪਿਆਰ, ਨੌਂ ਅਠਾਰਾਂ ਸੇਵ ਕਮਾਈਆ। ਏਕਾ ਗਾਉਂ ਨਗਰ ਅਪਾਰ, ਕਾਇਆ ਖੇੜਾ ਆਪ ਸੁਹਾਈਆ। ਏਕਾ ਥਾਉਂ ਬੇਐਬ ਪਰਵਰਦਿਗਾਰ, ਸਚ ਮਹੱਲਾ ਵੇਖ ਵਖਾਈਆ। ਚੜ੍ਹਿਆ ਚਾਓ ਨੇਤਰ ਨੈਣ ਦਰਸ ਅਪਾਰ, ਸਚ ਗੁਲਜ਼ਾਰ ਆਪ ਖਿਲਾਈਆ। ਫੂਲਣ ਬਰਖ਼ਾ ਅਪਰ ਅਪਾਰ, ਗਣ ਗਧੰਰਬ ਰਹੇ ਬਰਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਪੁਕਾਰ, ਹਰਿ ਭਗਤ ਵੱਡੀ ਵਡਿਆਈਆ। ਖਾਣੀ ਬਾਣੀ ਦਏ ਸਹਾਰ, ਜਿਸ ਮਿਲਿਆ ਬੇਪਰਵਾਹੀਆ। ਸਾਚੀ ਰਾਣੀ ਸੁਰਤ ਪਿਆਰ, ਕੰਤ ਮਿਲਾਵਾ ਸ਼ਬਦ ਸਲਾਹੀਆ। ਆਤਮ ਸੇਜਾ ਮੀਤ ਮੁਰਾਰ, ਬੈਠਾ ਰਾਹ ਤਕਾਈਆ। ਏਕ ਏਕਾ ਨਿਰਗੁਣ ਧਾਰ, ਨੂਰੋ ਨੂਰ ਅਖਵਾਈਆ । ਠਾਂਡਾ ਸੀਤਾ ਦਰ ਦਰਬਾਰ, ਸਾਂਤਕ ਸਤਿ ਰਿਹਾ ਵਰਤਾਈਆ। ਨੇਤਨ ਨੇਤਾ ਪਾਵੇ ਸਾਰ, ਸਚ ਸਿੰਘਾਸਣ ਰਿਹਾ ਸੁਹਾਈਆ। ਆਪਣੀ ਰੀਤਾ ਕਰ ਵਿਚਾਰ, ਹਰਿਜਨ ਸਾਚੇ ਲਏ ਉਠਾਈਆ। ਵਸਿਆ ਚੀਤਾ ਸਿਰਜਣਹਾਰ, ਵਿਛੜ ਕਦੇ ਨਾ ਜਾਈਆ। ਨਾ ਕੋਈ ਮੰਦਰ ਮਸੀਤਾ ਗੁਰੂਦਵਾਰ, ਕਾਇਆ ਖੇੜਾ ਆਪ ਸੁਹਾਈਆ। ਸੁਰਤੀ ਸੀਤਾ ਕਰ ਪਿਆਰ, ਰਾਮ ਰਾਮਾ ਲਏ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੁਕਾਏ ਜਗਤ ਡਰ, ਭੈ ਭੰਜਣ ਭਵ ਸਾਗਰ ਪਾਰ ਕਰਾਈਆ। ਭੈ ਭੰਜਣ ਹਰਿ ਭਗਵੰਤ, ਪੂਰਨ ਪੁਰਖ ਸੁਲਤਾਨਿਆ। ਆਦਿ ਜੁਗਾਦੀ ਏਕਾ ਕੰਤ, ਸ੍ਰਿਸ਼ਟ ਸਬਾਈ ਆਪ ਅਖਵਾਨਿਆ। ਹਰਿਜਨ ਕਾਇਆ ਚੋਲੀ ਰੰਗੇ ਰੰਗ ਬਸੰਤ, ਲੇਖਾ ਜਾਣੇ ਦੋ ਜਹਾਨਿਆ। ਆਪੇ ਮਨ ਮਨੂਆ ਆਪੇ ਮੰਤ, ਆਪੇ ਸ਼ਬਦੀ ਸ਼ਬਦ ਗੁਣ ਨਿਧਾਨਿਆ। ਆਪੇ ਜੇਵੜਾ ਆਪੇ ਜੰਤ, ਆਪੇ ਗੁਰ ਸਤਿਗੁਰ ਰੂਪ ਵਟਾਨਿਆ। ਆਪੇ ਸਾਧ ਸੰਤ ਹੋਏ ਮਹੰਤ, ਪੀਰ ਫ਼ਕੀਰ ਦਸਤਗੀਰ ਆਪ ਅਖਵਾਨਿਆ। ਆਪੇ ਵੇਦ ਪੁਰਾਨ ਬਣਾਏ ਬਣਤ, ਸ਼ਾਸਤਰ ਸਿਮਰਤ ਆਪ ਲਿਖਾਨਿਆ। ਆਪੇ ਅੰਜੀਲ ਕੁਰਾਨ ਗਣਾਏ ਗਣਤ, ਤੀਸ ਬਤੀਸ ਆਪ ਪ੍ਰਧਾਨਿਆ। ਆਪੇ ਖਾਣੀ ਬਾਣੀ ਵਜਾਏ ਸੰਖ, ਨਾਦ ਧੁਨ ਆਪ ਸੁਣਾਨਿਆ। ਆਪੇ ਦੀਨ ਮਜ਼੍ਹਬ ਇਸਲਾਮ ਪੰਥ, ਊਚ ਨੀਚ ਆਪ ਹੋ ਜਾਨਿਆ। ਆਪੇ ਪੂਜਾ ਪਾਠ ਗ੍ਰੰਥ, ਆਪੇ ਰਸਨਾ ਨਾਉਂ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਕਰ, ਵੇਖਣਹਾਰ ਆਪ ਅਖਵਾਨਿਆ। ਵੇਖਣਹਾਰ ਹਰਿ ਨਿਰੰਕਾਰ, ਆਪਣੀ ਰਚਨ ਰਚਾਈਆ। ਆਦਿ ਜੁਗਾਦੀ ਗੁਰ ਅਵਤਾਰ, ਏਕਾ ਏਕ ਅਖਵਾਈਆ। ਰੂਪ ਅਨੂਪ ਨਾ ਪਾਵੇ ਸਾਰ, ਲੇਖਾ ਲਿਖਤ ਨਾ ਕੋਈ ਜਣਾਈਆ। ਨਾਦ ਅਨਾਦੀ ਇਕ ਜੈਕਾਰ, ਏਕਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਦੇਵਣਹਾਰ ਵਡ ਵਡਿਆਈਆ। ਹਰਿਜਨ ਤੇਰੀ ਸਤਿ ਵਡਿਆਈ, ਵੇਦ ਪੁਰਾਨੀ ਗਾਇਆ। ਅੰਜੀਲ ਕੁਰਾਨ ਦਏ ਦੁਹਾਈ, ਨੂਰੋ ਨੂਰ ਖ਼ੁਦੀ ਖ਼ੁਦਾਈ ਇਕ ਦਸਾਇਆ। ਸ਼ਬਦ ਬਾਣੀ ਕਰ ਕੁੜਮਾਈ, ਹਰਿ ਭਗਤਨ ਮੇਲ ਮਿਲਾਇਆ। ਨਿਰਗੁਣ ਮੇਲਾ ਸਹਿਜ ਸੁਬਾਈ, ਨਾਨਕ ਹਰਿ ਪਾਇਆ। ਸਾਚੇ ਸੰਤਾਂ ਕਰ ਜਣਾਈ, ਏਕਾ ਮਾਰਗ ਪਾਇਆ। ਘਟ ਭੀਤਰ ਖੋਜੋ ਹਰਿਜਨ ਭਾਈ, ਸਤਿਗੁਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰੀਤੀ ਦਏ ਚਲਾਇਆ। ਕਾਇਆ ਮੰਦਰ ਸਚ ਮਕਾਨ, ਨਾਨਕ ਜੋਤੀ ਇਕ ਜਗਾਈਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਸ੍ਰੀ ਭਗਵਾਨ, ਘਟ ਘਟ ਬੈਠਾ ਆਸਣ ਲਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਅਨਹਦ ਰਾਗ ਰਿਹਾ ਅਲਾਈਆ। ਪੰਚਮ ਬਹਿ ਬਹਿ ਸਾਰੇ ਗਾਣ, ਪੰਚਮ ਮੀਤਾ ਆਪ ਅਖਵਾਈਆ। ਅੰਤਰ ਆਤਮ ਪੀਣ ਖਾਣ, ਸਰ ਸਰੋਵਰ ਆਪ ਉਪਾਈਆ। ਘਰ ਵਿਚ ਘਰ ਘਰ ਮਕਾਨ, ਹਰਿ ਸਾਚੀ ਰਚਨ ਰਚਾਈਆ। ਡੂੰਘੀ ਕੰਦਰ ਇਕ ਨਿਸ਼ਾਨ, ਬੈਠਾ ਆਪ ਲਗਾਈਆ। ਆਪਣੀ ਖੋਲ੍ਹ ਆਪ ਦੁਕਾਨ, ਆਪਣੀ ਵਸਤ ਆਪ ਟਿਕਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਸੋ ਜਨ ਬੂਝ ਬੁਝਾਈਆ। ਦਾਤਾ ਦਾਨੀ ਮਿਹਰਵਾਨ, ਆਦਿ ਜੁਗਾਦਿ ਅਖਵਾਈਆ। ਕਲਜੁਗ ਅੰਤਮ ਹੋ ਪ੍ਰਧਾਨ, ਆਪ ਆਪਣੀ ਬਣਤ ਬਣਾਈਆ। ਗੁਰਮੁਖਾਂ ਦੇਵੇ ਇਕ ਗਿਆਨ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਏਕਾ ਪਦ ਪਦ ਨਿਰਬਾਣ, ਏਕਾ ਘਰ ਸੁਹਾਈਆ। ਸਾਢੇ ਤਿੰਨ ਹੱਥ ਮੰਦਰ ਸਚ ਮਕਾਨ, ਹਰਿ ਸਾਚੇ ਬਣਤ ਬਣਾਈਆ। ਆਪੇ ਕਰੇ ਕਰਾਏ ਆਪ ਪਛਾਣ, ਆਪ ਆਪਣਾ ਦਰ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰਾਗ ਸ਼ਬਦ ਸੁਣਾਈਆ। ਸਾਚਾ ਮੰਦਰ ਸਾਚਾ ਪਾਠ, ਦਿਵਸ ਰੈਣ ਸੁਣਾਈਆ। ਸਾਚੇ ਅੰਦਰ ਤੀਰਥ ਤਾਟ, ਅਠਸਠ ਮੂਲ ਚੁਕਾਈਆ। ਸਾਚੇ ਮੰਦਰ ਸਾਚਾ ਘਾਟ, ਹਰਿ ਸਾਚਾ ਆਪ ਸੁਹਾਈਆ। ਸਾਚੇ ਮੰਦਰ ਅੰਮ੍ਰਿਤ ਰਸ ਚਾਟ, ਰਸ ਰਸਨਾ ਰਸ ਤਜਾਈਆ। ਸਾਚੇ ਮੰਦਰ ਸਾਚਾ ਹਾਟ, ਚੌਦਾਂ ਲੋਕ ਆਪ ਖੁਲ੍ਹਾਈਆ। ਸਾਚੇ ਮੰਦਰ ਸਾਚੀ ਖਾਟ, ਹਰਿ ਸਾਚੇ ਆਪ ਵਿਛਾਈਆ। ਸਾਚੇ ਮੰਦਰ ਸਾਚੀ ਲਾਟ, ਨਿਰਗੁਣ ਨੂਰ ਕਰੇੇ ਰੁਸ਼ਨਾਈਆ। ਸਾਚੇ ਮੰਦਰ ਜਗਤ ਦਵੈਤੀ ਜਾਏ ਪਾਟ, ਬਜ਼ਰ ਸਿਲਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮੰਦਰ ਇਕ ਸੁਹਾਈਆ। ਮੰਦਰ ਮੱਠ ਨਾ ਸ਼ਿਵਦਵਾਲਾ, ਚਾਰ ਦਿਵਾਰ ਨਾ ਕੋਈ ਬਣਾਈਆ। ਸਾਢੇ ਤਿੰਨ ਹੱਥ ਤੇਰੀ ਕਰੇ ਪ੍ਰਿਤਪਾਲਾ, ਅੰਦਰ ਬੈਠਾ ਬੇਪਰਵਾਹੀਆ। ਦਿਵਸ ਰੈਣ ਹੋਏ ਰਖਵਾਲਾ, ਆਪ ਆਪਣੀ ਸੇਵ ਕਮਾਈਆ। ਆਦਿ ਸ਼ਕਤੀ ਜੋਤ ਜਵਾਲਾ, ਪੁਰਖ ਅਕਾਲਾ ਆਪ ਹੋ ਜਾਈਆ। ਸਾਚਾ ਧਰਮ ਸੱਚੀ ਧਰਮਸਾਲਾ, ਬੰਕ ਦਵਾਰਾ ਇਕ ਵਖਾਈਆ। ਆਪੇ ਚਲੇ ਨਾਲ ਨਾਲਾ, ਵਡ ਦਾਤਾ ਰਥ ਰਥਵਾਹੀਆ। ਆਪੇ ਸ਼ਾਹ ਆਪੇ ਕੰਗਾਲਾ, ਆਪ ਭੰਡਾਰਾ ਰਿਹਾ ਭਰਾਈਆ। ਆਪੇ ਸਤਿਗੁਰ ਆਪ ਦਲਾਲਾ, ਆਪੇ ਸ਼ਬਦੀ ਸ਼ਬਦ ਜਗਾਈਆ। ਆਪੇ ਫਲ ਲਗਾਏ ਕਾਇਆ ਡਾਲਾ, ਆਪੇ ਵੇਖ ਵਖਾਈਆ। ਧਰਮ ਰਾਏ ਨਾ ਮੰਗੇ ਹਾਲਾ, ਲਾੜੀ ਮੌਤ ਨਾ ਕਰੇ ਕੁੜਮਾਈਆ। ਸਾਚਾ ਦੱਸਿਆ ਰਾਹ ਸੁਖਾਲਾ, ਚਾਰ ਵਰਨਾਂ ਇਕ ਪੜ੍ਹਾਈਆ। ਕਲਜੁਗ ਤੇਰਾ ਕੱਢੇ ਦਿਵਾਲਾ, ਹਰਿ ਸਾਚੇ ਹੱਥ ਵਡਿਆਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਸੋਹੰ ਜੋ ਜਨ ਰਸਨਾ ਗਾਈਆ। ਤਨ ਪਾਈ ਪ੍ਰਭ ਸਾਚੀ ਮਾਲਾ, ਅਠ ਅਠੋਤਰੀ ਵੇਖ ਵਖਾਈਆ। ਪੰਜ ਤਤ ਵਿਕਾਰ ਕਰੇ ਨਿਵਾਲਾ, ਆਪ ਆਪਣੀ ਦਾੜ੍ਹ ਚਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਏਕਾ ਲਾਈਆ । ਸਾਚਾ ਮਾਰਗ ਹਰਿ ਹਰਿ ਲਾਇਆ, ਲਾਵਣਹਾਰ ਭਗਵਾਨਾ। ਸਾਚੇ ਮੰਦਰ ਰਾਗ ਸੁਣਾਇਆ, ਧੁਨ ਅਨਾਦੀ ਇਕ ਤਰਾਨਾ। ਪੂਜਾ ਪਾਠ ਨਾ ਕੋਈ ਵਖਾਇਆ, ਜੋਗ ਅਭਿਆਸ ਨਾ ਕੋਈ ਕਮਾਨਾ। ਨਿਓਲੀ ਕਰਮ ਨਾ ਕੋਈ ਕਮਾਇਆ, ਠੰਡੀ ਧਾਰ ਨਾ ਜਲ ਰੁੜਾਣਾ। ਅਗਨੀ ਮੱਠ ਨਾ ਕੋਈ ਤਪਾਇਆ, ਤੀਰਥ ਤੱਟ ਨਾ ਕੋਈ ਅਸ਼ਨਾਨਾ। ਕਾਇਆ ਗੜ੍ਹ ਇਕ ਸੁਹਾਇਆ, ਸਚ ਸੱਚਾ ਇਕ ਮਕਾਨਾ। ਅੰਦਰ ਵੜ ਗੁਰਸਿਖ ਜਗਾਇਆ, ਸੁਣਾਇਆ ਧੁਰ ਫ਼ਰਮਾਣਾ। ਸ੍ਰਿਸ਼ਟ ਸਬਾਈ ਦਿਸ ਨਾ ਆਇਆ, ਭੁੱਲੇ ਭਰਮ ਜੀਵ ਨਿਧਾਨਾ। ਨਿਹਕਰਮੀ ਹਰਿ ਕਰਮ ਕਮਾਇਆ, ਗਾਇਆ ਸਾਚਾ ਗਾਣਾ। ਮਾਨਸ ਜਨਮ ਲੇਖੇ ਲਾਇਆ, ਚੁਕਿਆ ਆਵਣ ਜਾਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਮਰਥ ਪੁਰਖ ਸ਼ਬਦ ਅਕੱਥ, ਜਗਤ ਰਥ ਚਾਰ ਵਰਨਾ ਆਪ ਚੜ੍ਹਾਨਾ।