੨੧ ਮੱਘਰ ੨੦੧੫ ਬਿਕ੍ਰਮੀ ਗੁਰਦਿਆਲ ਸਿੰਘ ਦੇ ਘਰ ਪਿੰਡ ਰੁੜਕੀ ਜ਼ਿਲਾ ਅੰਬਾਲਾ
ਅਨਾਥਾ ਨਾਥ ਹਰਿ, ਹਰੀ ਹਰਿ ਆਪ ਅਖਵਾਇਆ। ਸਗਲ ਸੁਹੇਲਾ ਸਗਲਾ ਸਾਥ, ਸਤਿਗੁਰ ਰੂਪ ਸਮਾਇਆ। ਆਪ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਵੇਖ ਵਖਾਇਆ। ਸਤਿਜੁਗ ਚਲਾਈ ਸਾਚੀ ਗਾਥ, ਗ਼ਰੀਬ ਨਿਮਾਣੇ ਗਲੇ ਲਗਾਇਆ। ਮਸਤਕ ਲਹਿਣਾ ਦੇਵੇ ਮਾਥ, ਕਰਮ ਜਰਮ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਥ ਅਨਾਥਾਂ ਵੇਖ ਵਖਾਇਆ। ਜਗਤ ਦਲਿਦਰ ਜਗਤ ਦੁੱਖ, ਕਲਜੁਗ ਝੋਲੀ ਪਾਈਆ। ਗੁਰਮੁਖਾਂ ਕਰੇ ਉਜਲ ਮੁੱਖ, ਸਾਚਾ ਸੁੱਖ ਉਪਜਾਈਆ। ਦੋ ਜਹਾਨਾਂ ਵੇਖੇ ਝੁਕ, ਮਾਤਲੋਕ ਫੇਰਾ ਪਾਈਆ। ਸਾਚਾ ਬੂਟਾ ਜਾਏ ਨਾ ਸੁੱਕ, ਅੰਮ੍ਰਿਤ ਆਤਮ ਛਿੜਕਾਈਆ। ਆਪਣੀ ਗੋਦੀ ਆਪੇ ਲਏ ਚੁੱਕ, ਅਰਸ ਕੁਰਸ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਸਾਏ ਆਪਣੇ ਘਰ, ਦੂਜਾ ਦਰ ਨਾ ਕੋਈ ਫਿਰਾਈਆ।
