Granth 07 Likhat 141: 21 Maghar 2015 Bikarmi Natha Singh de Ghar Pind Badhedi Jila Ambala

੨੧ ਮੱਘਰ ੨੦੧੫ ਬਿਕ੍ਰਮੀ ਨੱਥਾ ਸਿੰਘ ਦੇ ਘਰ ਪਿੰਡ ਬੜਹੇੜੀ ਜ਼ਿਲਾ ਅੰਬਾਲਾ

ਠਾਕਰ ਦਿਆਲ ਅਬਿਨਾਸ਼ੀ ਕਰਤਾ, ਏਕਾ ਜੋਤ ਜਗਾਈਆ। ਆਦਿ ਜੁਗਾਦਿ ਕਦੇ ਨਾ ਮਰਤਾ, ਆਵਣ ਜਾਵਣ ਖੇਲ ਖਲਾਈਆ। ਆਪਣੀ ਕਰਨੀ ਆਪੇ ਕਰਦਾ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਹਰ ਘਟ ਥਾਈਂਆ। ਆਦਿ ਜੁਗਾਦਿ ਸਰਬ ਗੁਣ ਮੀਤਾ, ਏਕਾ ਰੂਪ ਸਮਾਇਆ। ਆਦਿ ਜੁਗਾਦਿ ਇਕ ਅਤੀਤਾ, ਨਿਰਗੁਣ ਸਰਗੁਣ ਵੇਸ ਵਟਾਇਆ। ਜੁਗ ਜੁਗ ਚਲੇ ਅਵੱਲੜੀ ਰੀਤਾ, ਆਪ ਆਪਣਾ ਖੇਲ ਖਿਲਾਇਆ । ਆਪੇ ਹੋਏ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਖਿਲਾਇਆ। ਸਤਿ ਪੁਰਖ ਕਰਤਾਰ, ਸਤਿ ਸਤਿਵਾਦ ਅਖਵਾਇਆ। ਗੁਰਮੁਖ ਅੰਮ੍ਰਿਤ ਠੰਡੀ ਠਾਰ, ਆਪਣੇ ਮੁਖ ਲਗਾਇਆ। ਦੋ ਜਹਾਨਾਂ ਉਤਰੇ ਪਾਰ, ਤ੍ਰੈਲੋਕਾਂ ਵੇਖ ਵਖਾਇਆ। ਹਰਿਜਨ ਕਾਜ ਰਿਹਾ ਸਵਾਰ, ਆਪ ਆਪਣਾ ਭੇਟ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੁੱਖ ਆਪਣਾ ਸੁੱਖ, ਆਪਣੀ ਝੋਲੀ ਆਪ ਭਰਾਇਆ। ਜਗਤ ਰੋਗ ਕੱਟ ਸੰਤਾਪ, ਆਪਣੀ ਝੋਲੀ ਆਪ ਭਰਾਈਆ। ਲੇਖੇ ਲਾਏ ਜਗਤ ਪਾਪ, ਪਤਿਤ ਪਾਪੀ ਆਪ ਤਰਾਈਆ। ਕਲਜੁਗ ਕਿਰਿਆ ਰਹੀ ਕਾਂਪ, ਚਾਰ ਕੁੰਟ ਰਹੀ ਕੁਰਲਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਕੋਈ ਸਹਾਈਆ। ਆਤਮ ਅੰਤਰ ਕੋਈ ਨਾ ਜਾਪ, ਰਸਨਾ ਗਾ ਗਾ ਥੱਕੀ ਸਰਬ ਲੋਕਾਈਆ। ਵੇਖਣਹਾਰਾ ਆਪੇ ਆਪ, ਲੱਖ ਚੁਰਾਸੀ ਰਿਹਾ ਸਮਾਈਆ। ਪਾਰਬ੍ਰਹਮ ਵਡ ਪ੍ਰਤਾਪ, ਜੁਗ ਜੁਗ ਆਪਣਾ ਆਪ ਕਰਾਈਆ। ਹਰਿਜਨ ਮੇਟਣਹਾਰਾ ਤੀਨੋਂ ਤਾਪ, ਜਗਤ ਦਲਿਦਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਗ਼ਰੀਬ ਨਿਮਾਣਾ ਗੁਰ ਗੋਪਾਲਾ, ਏਕਾ ਰੂਪ ਸਮਾਇਆ। ਭਗਤ ਵਛਲ ਦੀਨ ਦਿਆਲਾ, ਆਪ ਆਪਣਾ ਕਰਮ ਕਮਾਇਆ। ਗੁਰਮੁਖ ਉਠਾਏ ਸਾਚੇ ਲਾਲਾ, ਲਾਲ ਅਨਮੁਲੜਾ ਇਕ ਵਿਖਾਇਆ। ਲੋਕਮਾਤ ਆਪੇ ਭਾਲਾ, ਘਰ ਘਰ ਡੇਰਾ ਲਾਇਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਸਾਚਾ ਸਤਿਗੁਰ ਹੋ ਦਿਆਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸੱਜਣ ਹਰਿ ਵੇਖਿਆ, ਪਾਰਬ੍ਰਹਮ ਕਰਤਾਰ। ਆਪੇ ਲਿਖਣਹਾਰਾ ਲੇਖਿਆ, ਬੈਠ ਸਚ ਸੱਚੇ ਦਰਬਾਰ। ਆਦਿ ਜੁਗਾਦੀ ਕਰੇ ਭੇਖਿਆ, ਲੋਕਮਾਤ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਹਰਿ ਹਰਿ ਪਾਇਆ, ਆਤਮ ਵੱਜੀ ਵਧਾਈਆ। ਸਹਿਸਾ ਰੋਗ ਕਟਾਇਆ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਸਚ ਸੰਜੋਗ ਹੰਢਾਇਆ, ਮਿਲਿਆ ਮੇਲ ਸਾਚੇ ਮਾਹੀਆ। ਕਰਮ ਵਿਜੋਗ ਗਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਗੁਰ ਕਰਤਾਰ, ਆਪਣੀ ਦਇਆ ਕਮਾਇੰਦਾ। ਦੋ ਜਹਾਨਾਂ ਪਾਵੇ ਸਾਰ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਆਪਣਾ ਕਰਮ ਕਮਾਇੰਦਾ। ਚਾਰ ਵਰਨਾਂ ਇਕ ਪਿਆਰ, ਊਚ ਨੀਚ ਨਾ ਕੋਇ ਦਿਸਾਇੰਦਾ। ਸ਼ਬਦੀ ਸ਼ਬਦ ਸ਼ਬਦ ਅਧਾਰ, ਜੋਤੀ ਜੋਤ ਜਗਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰ, ਏਕਾ ਮੁਖ ਚੁਆਇੰਦਾ। ਦੀਵਾ ਬਾਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇੰਦਾ। ਕਮਲਾਪਾਤੀ ਮੀਤ ਮੁਰਾਰ, ਆਪ ਆਪਣਾ ਦਰਸ ਦਖਾਇੰਦਾ। ਰੈਣ ਅੰਧੇਰੀ ਰਾਤੀ ਮੇਟੇ ਹਰਿ ਕਰਤਾਰ, ਆਪ ਕਰਨੀ ਕਿਰਤ ਕਮਾਇੰਦਾ। ਅੰਤਮ ਝਾਕੀ ਪਾਵੇ ਸਾਰ, ਆਤਮ ਸੇਜਾ ਇਕ ਸੁਹਾਇੰਦਾ। ਲਹਿਣਾ ਦੇਣਾ ਚੁਕਾਏ ਬਾਕੀ ਹਰਿ ਕਰਤਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਏਕਾ ਬ੍ਰਹਮ ਵਿਖਾਇੰਦਾ। ਏਕਾ ਬ੍ਰਹਮ ਉਤਮ ਜ਼ਾਤੀ, ਹਰਿ ਹਰਿ ਆਪ ਰਖਾਈਆ। ਜਾਮ ਪਿਆਏ ਸਾਚਾ ਸਾਕੀ, ਕਾਇਆ ਮੰਦਰ ਆਪ ਸੁਹਾਈਆ। ਖੋਲ੍ਹਣਹਾਰਾ ਬੰਦ ਤਾਕੀ, ਮੁਖ ਗੁਰ ਇਕ ਵਖਾਈਆ। ਅਸਵ ਘੋੜੇ ਚੜ੍ਹੇ ਰਾਕੀ, ਲੋਆਂ ਪੁਰੀਆਂ ਆਪ ਵਡਿਆਈਆ। ਏਕਾ ਚਾਲ ਰੱਖੇ ਬਾਕੀ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਨਿਧਾਨ ਹੋ ਮਿਹਰਬਾਨ, ਹਰਿਜਨ ਝੋਲੀ ਪਾਈਆ। ਹਰਿਜਨ ਅੰਮ੍ਰਿਤ ਧਾਰ, ਹਰਿ ਹਰਿ ਰੂਪ ਸਮਾਇਆ। ਚਰਨ ਕਵਲ ਇਕ ਪਿਆਰ, ਸਾਚਾ ਨਾਤਾ ਇਕ ਬੰਧਾਇਆ। ਧੀਰਜ ਧੀਰ ਦਏ ਸਹਾਰ, ਸਤਿ ਸੰਤੋਖ ਨਾਮ ਦ੍ਰਿੜਾਇਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਢਹਿ ਪਏ ਦਵਾਰ, ਹਰਿਜਨ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਭੁੱਖ ਜਗਤ ਬੰਧਨ ਜਗਤ ਰੋਗ ਸੰਗ ਜਗਤ ਵਿਜੋਗ ਆਪਣੀ ਝੋਲੀ ਆਪੇ ਪਾਇਆ।