Granth 07 Likhat 144: 23 Maghar 2015 Bikarmi Bhajan Singh de Ghar Pind Shekhpura Jila Ambala

੨੩ ਮੱਘਰ ੨੦੧੫ ਬਿਕ੍ਰਮੀ ਭਜਨ ਸਿੰਘ ਦੇ ਘਰ ਪਿੰਡ ਸ਼ੇਖ਼ਪੁਰਾ ਜ਼ਿਲਾ ਅੰਬਾਲਾ

ਹਰਿ ਮੰਦਰ ਅਪਾਰ, ਹਰਿ ਹਰਿ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਜਗਾਇਆ। ਕਮਲਾਪਾਤੀ ਖੇਲ ਅਪਾਰ, ਦਿਵਸ ਰਾਤੀ ਆਪ ਖਿਲਾਇਆ। ਅੰਧੇਰੀ ਰਾਤੀ ਵੇਖ ਸੰਸਾਰ, ਲੋਕਮਾਤੀ ਫੇਰਾ ਪਾਇਆ। ਉਤਮ ਜ਼ਾਤੀ ਹਰਿਜਨ ਵਿਚਾਰ, ਅੰਮ੍ਰਿਤ ਬੂੰਦ ਸਵਾਂਤੀ, ਮੁਖ ਚੁਆਇਆ। ਲਹਿਣਾ ਦੇਣਾ ਦੇਵੇ ਬਾਕੀ ਹਰਿ ਗਿਰਧਾਰ, ਆਪ ਆਪਣਾ ਵੇਸ ਵਟਾਇਆ। ਜਗਤ ਨਿਮਾਣੇ ਪਾਵੇ ਸਾਰ, ਗਊ ਗਰੀਬਾਂ ਗਲੇ ਲਗਾਇਆ। ਰਾਜ ਰਾਜੇ ਕਰ ਖ਼ਵਾਰ, ਦਰ ਦਰ ਆਪੇ ਆਪ ਫਿਰਾਇਆ। ਸੁਘੜ ਸਿਆਣੇ ਨਾ ਪਾਇਣ ਸਾਰ, ਮਾਇਆ ਮੋਹ ਲੋਭ ਹਲਕਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨੇ, ਸੋ ਜਨ ਉਤਰੇ ਪਾਰ। ਆਤਮ ਅੰਤਰ ਬ੍ਰਹਮ ਗਿਆਨੇ, ਸੋਹੰ ਸ਼ਬਦ ਹਰਿ ਨਿਰੰਕਾਰ। ਅਕਾਲ ਮੂਰਤ ਇਕ ਵਿਖਾਣੇ, ਨਿਰਗੁਣ ਜੋਤੀ ਨੂਰ ਉਜਿਆਰ। ਕਰਤਾ ਪੁਰਖ ਸਰਬ ਘਟ ਜਾਣੇ, ਘਰ ਸੁੱਤਾ ਪੈਰ ਪਸਾਰ। ਨਿਰਭੌ ਆਪ ਵਖਾਣੇ, ਨਿਰਵੈਰ ਖੇਲ ਅਪਾਰ। ਜ਼ਾਤ ਪਾਤ ਨਾ ਕੋਈ ਰਖਾਣੇ, ਊਚ ਨੀਚ ਨਾ ਕੋਈ ਵਿਚਾਰ। ਘਰ ਸਾਚਾ ਇਕ ਸੁਹਾਣੇ, ਸੁਹਾਵਣਹਾਰਾ ਬੰਕ ਦਵਾਰ। ਆਤਮ ਅੰਤਰ ਇਕ ਵਖਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰ ਭੰਡਾਰ। ਨਾਮ ਭੰਡਾਰਾ ਹਰਿ ਵਰਤੰਤਾ, ਆਦਿ ਪੁਰਖ ਅਬਿਨਾਸ਼ਿਆ। ਹਰਿ ਹਰਿ ਮੇਲਾ ਹਰਿਜਨ ਸੰਤਾ, ਸਤਿਗੁਰ ਖੇਲੇ ਖੇਲ ਤਮਾਸ਼ਿਆ। ਗ਼ਰੀਬ ਨਿਮਾਣਿਆਂ ਬਣਾਏ ਬਣਤਾ, ਮੰਡਲ ਮੰਡਪ ਪਾਵੇ ਸਾਚੀ ਰਾਸਿਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਆਵਣ ਜਾਵਣ ਫੰਦ ਕਟਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਮੇਲ ਮਿਲਾਵਾ ਏਕਾ ਘਰ, ਚਰਨ ਕਵਲ ਸੱਚਾ ਭਰਵਾਸਿਆ। ਚਰਨ ਕਵਲ ਸਾਚੀ ਧੂੜ, ਹਰਿਜਨ ਹਰਿ ਹਰਿ ਮਸਤਕ ਲਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ, ਅਗਿਆਨ ਤਤ ਰਹੇ ਨਾ ਰਾਈਆ। ਨਾਤਾ ਤੋੜੇ ਕੂੜੋ ਕੂੜ, ਪਾਰਬ੍ਰਹਮ ਵੱਡੀ ਵਡਿਆਈਆ। ਰੰਗਨ ਰੰਗ ਚੜ੍ਹਾਏ ਗੂੜ੍ਹ, ਨਾਮ ਰੰਗੀਲਾ ਮੋਹਣ ਮਾਧਵ ਪੁਰਖ ਅਬਿਨਾਸ਼ ਆਪ ਅਖਵਾਈਆ। ਆਵਣ ਜਾਵਣ ਕਟੇ ਜੂੜ, ਜੋਗ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਏਕਾ ਪੱਲਾ ਨਾਮ ਫੜਾਈਆ। ਏਕਾ ਪੱਲਾ ਨਾਮ ਫੜਾ, ਹਰਿਜਨ ਆਪ ਤਰਾਇੰਦਾ। ਦਰ ਦਰਵੇਸ਼ਾ ਫੇਰੀ ਪਾ, ਦਰਦੀ ਦਰਦ ਵੰਡਾਇੰਦਾ। ਜਗਤ ਨਿਮਾਣੇ ਆਪ ਉਠਾ, ਸਾਚੇ ਤਖ਼ਤ ਆਪ ਸੁਹਾਇੰਦਾ। ਦਰਗਹਿ ਸਾਚੀ ਦੇਵੇ ਥਾਂ, ਰਾਜ ਰਾਜਾਨਾਂ ਹੱਥ ਨਾ ਆਇੰਦਾ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇੰਦਾ। ਇਕ ਜਪਾਵੇ ਸਾਚਾ ਨਾਂ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਸਚਖੰਡ ਦਵਾਰਾ ਇਕ ਵਖਾਇੰਦਾ। ਅੰਤਮ ਪਕੜਣਹਾਰਾ ਬਾਂਹ, ਜੋਤੀ ਜਾਮਾ ਭੇਖ ਵਟਾਇੰਦਾ। ਕਰਨਹਾਰਾ ਸਚ ਨਿਆਂ, ਜੁਗ ਜੁਗ ਵੇਸ ਵਟਾਇੰਦਾ। ਵਸੇ ਧਾਮ ਅਗੰਮ ਅਥਾਹ, ਜਗਤ ਨੇਤਰ ਦਿਸ ਨਾ ਆਇੰਦਾ। ਕਲਜੁਗ ਜੀਵ ਰਹੇ ਕੁਰਲਾ, ਕਾਗੀ ਮੁਖ ਖੁਲ੍ਹਾਇੰਦਾ। ਆਪਣਾ ਆਪ ਨਾ ਸਕਣ ਪਾ, ਆਪਣਾ ਮੂਲ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਹਰਿ ਸਾਚਾ ਵੇਖ ਵਖਾਇੰਦਾ। ਦਰਦ ਦੁੱਖ ਹਰਿ ਹਰਿ ਨਾਥ, ਅਨਾਥਾਂ ਵਿਚ ਸਮਾਇਆ। ਆਪ ਨਿਭਾਏ ਸਗਲਾ ਸਾਥ, ਸਗਲਾ ਸੰਗੀ ਵੇਖ ਵਖਾਇਆ। ਮੇਲ ਮਿਲਾਵਾ ਤ੍ਰਲੋਕੀ ਨਾਥ, ਤ੍ਰੈ ਤ੍ਰੈ ਦੇਸ਼ਾਂ ਵੇਸ ਵਟਾਇਆ। ਸਤਿਜੁਗ ਤੇਰੀ ਸਾਚੀ ਗਾਥ, ਸਤਿਗੁਰ ਪੂਰਾ ਰਿਹਾ ਚਲਾਇਆ। ਏਕਾ ਨਾਮ ਏਕਾ ਰਾਥ, ਚਾਰ ਵਰਨਾਂ ਰਿਹਾ ਚੜ੍ਹਾਇਆ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਰਿਹਾ ਸੁਣਾਇਆ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਨੁਹਾਇਆ। ਏਕਾ ਵਣਜ ਇਕ ਵਪਾਰ ਏਕਾ ਹਾਟ, ਚੌਦਾਂ ਲੋਕਾਂ ਆਪ ਖੁਲ੍ਹਾਇਆ। ਏਕਾ ਨਾਓ ਏਕਾ ਘਾਟ, ਏਕਾ ਬੇੜਾ ਰਿਹਾ ਚਲਾਇਆ। ਏਕਾ ਨੇੜੇ ਦੱਸੇ ਵਾਟ, ਏਕਾ ਵੇਖ ਵਖਾਇਆ। ਜਨ ਭਗਤਾਂ ਦੁਰਮਤ ਮੈਲ ਦੇਵੇ ਕਾਟ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਕਰਮ ਕਮਾਇਆ। ਆਪਣਾ ਕਰਮ ਆਪ ਕਮਾ, ਆਪਣੀ ਦਇਆ ਕਮਾਇੰਦਾ। ਗ਼ਰੀਬ ਨਿਮਾਣੇ ਆਪ ਉਠਾ, ਆਪ ਆਪਣੀ ਬੂਝ ਬੁਝਾਇੰਦਾ। ਦਰਸ ਦਰਸੀ ਦਰਸ ਦਿਖਾ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਰਾਗ ਕੰਨ ਸੁਣਾ, ਏਕਾ ਬੂਝ ਬੁਝਾਇੰਦਾ। ਏਕਾ ਮਣਕਾ ਮਨ ਕਾ ਦਏ ਫਿਰਾ, ਆਪ ਆਪਣੀ ਬਣਤ ਬਣਾਇੰਦਾ। ਸਗਲੀ ਚਿੰਦ ਦਏ ਮਿਟਾ, ਜੋ ਜਨ ਦਰਸ਼ਨ ਪਾਇੰਦਾ। ਕਾਇਆ ਮੰਦਰ ਦਏ ਤੁੜਾ, ਸ਼ਬਦ ਖੰਡਾ ਹੱਥ ਉਠਾਇੰਦਾ। ਸਾਚੀ ਬੇੜੀ ਆਪ ਚੜ੍ਹਾ, ਹਰਿਜਨ ਵੇਖ ਵਖਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ ਪਕੜੇ ਬਾਂਹ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਲੜ, ਨਾ ਕੋਈ ਸੀਸ ਨਾ ਕੋਈ ਧੜ, ਦਰ ਦਵਾਰ ਹਰਿ ਨਿਰੰਕਾਰ, ਸਚਖੰਡ ਜਗਤ ਬ੍ਰਹਿਮੰਡ ਪਾਏ ਵੰਡ ਜੇਰਜ ਅੰਡ ਆਪ ਆਪਣੇ ਅੰਕ ਸਮਾਇੰਦਾ। ਅੰਗੀਕਾਰ ਆਪੇ ਕਰ, ਆਪਣੇ ਅੰਗ ਲਗਾਈਆ। ਧਰਨੀ ਮੰਗੇ ਸਾਚਾ ਵਰ, ਦੋਏ ਜੋੜ ਪਏ ਸਰਨਾਈਆ। ਪੁਰਖ ਅਬਿਨਾਸ਼ੀ ਵੇਖੇ ਖੜ, ਚਾਰੋਂ ਕੁੰਟ ਫੇਰਾ ਪਾਈਆ। ਅਗਨੀ ਤੱਤਵ ਰਹੀ ਸੜ, ਲੱਖ ਚੁਰਾਸੀ ਜਗਤ ਲੋਕਾਈਆ। ਕੋਈ ਨਾ ਸਕੇ ਅੱਗੇ ਹੋ ਫੜ, ਸਾਧ ਸੰਤ ਬੈਠੇ ਮੁਖ ਛੁਪਾਈਆ। ਘਰ ਘਰ ਵਿਦਿਆ ਰਹੇ ਪੜ੍ਹ, ਆਤਮ ਬ੍ਰਹਮ ਨਾ ਕੋਈ ਜਣਾਈਆ। ਆਪਣਾ ਘਾੜਣ ਆਪੇ ਘੜ, ਬੈਠੇ ਧੂਣੀਆਂ ਤਾਈਆ। ਅੰਤਮ ਵੇਲੇ ਜਾਇਣ ਝੜ, ਫਲ ਡਾਲ੍ਹ ਰਹਿਣ ਨਾ ਪਾਈਆ। ਜੋ ਜਨ ਸਰਨਾਈ ਜਾਏ ਪੜ, ਹਰਿ ਲੇਖਾ ਲੇਖ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਰਥ ਅਕੱਥ ਰੱਖਣਹਾਰਾ ਦੇ ਕਰ ਹੱਥ, ਦਰ ਦਰਵੇਸ਼ ਨਰ ਨਰੇਸ਼ ਇਕ ਇਕੱਲਾ ਏਕੰਕਾਰ ਕਰ ਪਸਾਰ, ਸੰਤ ਭਗਤ ਆਪ ਉਧਾਰ, ਉਦਰ ਰੋਗ ਰਿਹਾ ਮਿਟਾਈਆ।