Granth 07 Likhat 154: 29 Maghar 2015 Bikarmi Gurnam Singh Verka Jila Amritsar

੨੯ ਮੱਘਰ ੨੦੧੫ ਬਿਕਰਮੀ ਗੁਰਨਾਮ ਸਿੰਘ ਵੇਰਕਾ ਜ਼ਿਲਾ ਅੰਮ੍ਰਿਤਸਰ

ਜੀਵ ਜੰਤ ਅਧਾਰ, ਆਦਿ ਜੁਗਾਦਿ ਸਮਾਈਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਈਆ। ਲੱਖ ਚੁਰਾਸੀ ਪਾਵੇ ਸਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਜ ਤਤ ਹੋ ਉਜਿਆਰ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਜੀਵ ਜੰਤ ਹਰਿ ਪਸਾਰ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਏਕਾ ਕਾਰ, ਏਕਾ ਧਾਰ ਬੰਧਾਈਆ। ਵਰਭੰਡ ਖੰਡ ਪਾਵੇ ਸਾਰ, ਜੇਰਜ ਅੰਡ ਵੇਖ ਵਖਾਈਆ। ਉਤਭੁਜ ਸੇਹਤਜ ਹੋ ਉਜਿਆਰ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਦੀਪਕ ਇਕ ਜਗਾਈਆ। ਜੋਤੀ ਦੀਪਕ ਹਰਿ ਪ੍ਰਕਾਸ਼, ਹਰ ਘਟ ਆਪ ਜਗਾਇਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਆਪਣਾ ਵੇਸ ਵਟਾਇਆ। ਸਦ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਸਾਚੇ ਮੰਡਲ ਪਾਵੇ ਰਾਸ, ਮੰਡਲ ਮੰਡਪ ਦਏ ਸੁਹਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਵੇਖ ਵਖਾਇਆ। ਆਪੇ ਹੋਏ ਪਵਣ ਸਵਾਸ, ਰਸਨਾ ਜੇਹਵਾ ਆਪ ਚਲਾਇਆ। ਆਪੇ ਵਸਤ ਵੇਖੇ ਪਾਸ, ਨਾਮ ਭੰਡਾਰਾ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਆਂ ਦਾਤਾ ਨਾਮ ਧਰਾਇਆ। ਜੀਆਂ ਦਾਤਾ ਹਰਿ ਦਾਤਾਰ, ਏਕਾ ਏਕ ਅਖਵਾਈਆ। ਜੁਗਾ ਜੁਗੰਤਰ ਪਾਵੇ ਸਾਰ, ਪੂਰਨ ਬ੍ਰਹਮ ਜਣਾਈਆ। ਕਰਮ ਧਰਮ ਵਿਚ ਸੰਸਾਰ, ਮਾਨਸ ਜਨਮ ਵੇਖ ਵਖਾਈਆ। ਪੂਰਬ ਲਹਿਣਾ ਦਏ ਅਧਾਰ, ਨਿਰਗੁਣ ਹੱਥ ਰੱਖੀ ਵਡਿਆਈਆ। ਸਰਗੁਣ ਮੇਲਾ ਅਪਰ ਅਪਾਰ, ਪੰਜ ਤਤ ਕਰੇ ਕੁੜਮਾਈਆ। ਅਨਹਦ ਧੁਨ ਸੱਚੀ ਧੁਨਕਾਰ, ਅਨਹਦ ਤਾਲ ਵਜਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਸਰ ਸਰੋਵਰ ਇਕ ਸੁਹਾਈਆ। ਦੁਰਮਤ ਮੈਲ ਦਏ ਉਤਾਰ, ਕਾਗੋਂ ਹੰਸ ਬਣਾਈਆ । ਜੋਤ ਨਿਰੰਜਣ ਸੇਵਾਦਾਰ, ਆਦਿ ਨਿਰੰਜਣ ਆਪ ਲਗਾਈਆ। ਪੰਚਮ ਮੇਲਾ ਮੀਤ ਮੁਰਾਰ, ਵੇਖਣਹਾਰ ਬੇਪਰਵਾਹੀਆ। ਬੈਠਾ ਆਪ ਨਿਰਗੁਣ ਧਾਰ, ਦਿਸ ਕਿਸੇ ਨਾ ਆਈਆ। ਥਿਰ ਘਰ ਠਾਂਡਾ ਇਕ ਦਵਾਰ, ਦੂਰ ਦੁਰਾਡਾ ਆਪ ਖੁਲ੍ਹਾਈਆ। ਅਨਹਦ ਵਾਜਾ ਅਪਰ ਅਪਾਰ, ਥਿਰ ਘਰ ਬੈਠਾ ਆਪ ਵਜਾਈਆ। ਜੁਗ ਜੁਗ ਰਚਦਾ ਆਇਆ ਕਾਜਾ, ਜੁਗ ਜੁਗ ਵੇਸ ਵਟਾਈਆ। ਚਿੱਟੇ ਅਸਵ ਚੜ੍ਹੇ ਤਾਜਾ, ਸੋਲਾਂ ਕਲੀਆਂ ਆਸਣ ਪਾਈਆ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜਾ, ਪੁਰਖ ਅਕਾਲ ਆਪ ਅਖਵਾਈਆ। ਸਦਾ ਸੁਹੇਲਾ ਰੱਖੇ ਲਾਜਾ, ਲੋਕਮਾਤ ਵਡਿਆਈਆ। ਨਾਮ ਚਲਾਏ ਇਕ ਜਹਾਜਾ, ਆਪਣਾ ਬੇੜਾ ਆਪ ਬੰਧਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਚ ਸੁਲਤਾਨ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਆ ਦਾਨ ਝੋਲੀ ਪਾਈਆ। ਜੀਆਂ ਦਾਤਾ ਨਾਮ ਭੰਡਾਰ, ਹਰਿ ਹਰਿ ਆਪ ਵਰਤਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਏਕਾ ਗੁਰ ਅਖਵਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਦੋ ਜਹਾਨਾਂ ਆਪ ਲਗਾਇੰਦਾ। ਲੋਆਂ ਪੁਰੀਆਂ ਦਏ ਹੁਲਾਰ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਲੱਖ ਚੁਰਾਸੀ ਜਗਤ ਪਿਆਰ, ਆਤਮ ਬ੍ਰਹਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੀਆਂ ਦਾਤਾ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਦੇਵਣਹਾਰਾ ਸਚ ਭੰਡਾਰ, ਆਪੇ ਰਿਹਾ ਵਰਤਾਈਆ। ਸਰਗੁਣ ਮੇਲਾ ਵਿਚ ਸੰਸਾਰ, ਸਾਚਾ ਨਾਤਾ ਜੋੜ ਜੁੜਾਈਆ। ਵੇਖੇ ਵਿਗਸੇ ਕਰੇ ਵਿਚਾਰ, ਅਲੱਖ ਅਗੋਚਰ ਅਗੰਮ ਬੇਪਰਵਾਹੀਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਈਆ। ਸਤਿਜੁਗ ਤ੍ਰੇਤਾ ਪਾਰ ਕਿਨਾਰ, ਦੁਆਪਰ ਢੇਰੀ ਢਾਈਆ। ਕਲਜੁਗ ਅੰਤਮ ਲਏ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜਾਮਾ ਭੇਖ ਨਿਆਰ, ਪੰਜ ਤਤ ਨਾ ਕੋਈ ਵਖਾਈਆ। ਪੰਜ ਤਤ ਨਾ ਕੋਈ ਅਖਾੜ, ਪੰਚਮ ਮੋਹ ਨਾ ਕੋਈ ਵਧਾਈਆ। ਹੱਡ ਮਾਸ ਨਾ ਨਾੜੀ ਨਾੜ, ਰਕਤ ਬੂੰਦ ਨਾ ਕੋਈ ਵਖਾਈਆ। ਧੁਰਦਰਗਾਹੀ ਸਾਚਾ ਲਾੜ, ਅਕਾਲ ਮੂਰਤ ਆਪ ਅਖਵਾਈਆ। ਅਜੂਨੀ ਰਹਿਤ ਵਸੇ ਸੱਦ ਨਿਆਰ, ਆਪ ਆਪਣੀ ਬਣਤ ਬਣਾਈਆ। ਉਚ ਮਹੱਲ ਅਟੱਲ ਮਿਨਾਰ, ਸਚਖੰਡ ਦੁਆਰ ਆਪ ਸੁਹਾਈਆ। ਨਿਰਮਲ ਬਾਤੀ ਕਰ ਉਜਿਆਰ, ਆਪਣੀ ਜੋਤ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਵੇਦ ਕਤੇਬ ਨਾ ਕੋਈ ਜਣਾਈਆ। ਆਦਿਨ ਅੰਤਾ ਏਕੰਕਾਰ, ਅਕਲ ਕਲਾ ਅਖਵਾਈਆ। ਆਪ ਆਪਣਾ ਕਰ ਪਸਾਰ, ਆਪੇ ਮੇਟੇ ਮੇਟ ਮਿਟਾਈਆ। ਆਪੇ ਵਸੇ ਧੁੰਧੂਕਾਰ, ਧੂਆਂਧਾਰ ਆਪ ਹੋ ਜਾਈਆ। ਆਪੇ ਰਵ ਸਸ ਕਰ ਉਜਿਆਰ, ਪ੍ਰਕਾਸ਼ ਅਕਾਸ਼ ਏਕ ਜਣਾਈਆ। ਆਪੇ ਧਰਤ ਧਵਲ ਬਣ ਸਹਾਰ, ਜਲ ਬਿੰਬ ਆਪ ਟਿਕਾਈਆ। ਆਪੇ ਜੋਤੀ ਪਵਣ ਹੁਲਾਰ, ਪਵਣ ਪਵਣੀ ਆਪ ਸਮਾਈਆ। ਗਗਨ ਗਗਨੰਤਰ ਖੇਲ ਅਪਾਰ, ਗੁਣਵੰਤਾ ਆਪ ਬੁਝਾਈਆ। ਪ੍ਰਿਥਮੀ ਅਕਾਸ਼ ਬੰਨ੍ਹੇ ਧਾਰ, ਆਪ ਆਪਣੀ ਰਚਨ ਰਚਾਈਆ। ਆਪੇ ਵਸੇ ਧਾਮ ਨਿਆਰ, ਦਿਸ ਕਿਸੇ ਨਾ ਆਈਆ। ਰੂਪ ਅਨੂਪ ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਸੁਲਤਾਨ ਆਪ ਹੋ ਜਾਈਆ। ਆਪੇ ਤ੍ਰੈਗੁਣ ਕਰੇ ਪਿਆਰ, ਪੰਚਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੀਆ ਦਾਨ ਝੋਲੀ ਪਾਈਆ। ਜੀਆ ਦਾਤਾ ਆਤਮ ਰਸ, ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਰਾਹ ਸਾਚਾ ਦੱਸ, ਜੁਗ ਜੁਗ ਧਾਰ ਬੰਧਾਇੰਦਾ। ਬ੍ਰਹਿੰਮਡਾਂ ਖੰਡਾਂ ਆਪੇ ਨੱਸ, ਲੋਆਂ ਪੁਰੀਆਂ ਵੇਖ ਵਖਾਇੰਦਾ। ਹਰ ਘਟ ਅੰਦਰ ਆਪੇ ਵਸ, ਆਪ ਆਪਣੀ ਜੋਤ ਜਗਾਇੰਦਾ। ਸ਼ਬਦ ਤੀਰ ਨਿਰਾਲਾ ਮਾਰੇ ਕਸ, ਦੀਨ ਦਿਆਲਾ ਵੇਖ ਵਖਾਇੰਦਾ। ਕਰੇ ਪ੍ਰਕਾਸ਼ ਕੋਟਨ ਕੋਟ ਰਵ ਸਸ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਾਨ ਹਰਿ ਭਗਵਾਨ ਹੋ ਮਿਹਰਵਾਨ, ਜੀਆਂ ਜੰਤਾਂ ਝੋਲੀ ਪਾਇੰਦਾ। ਜੀਆਂ ਜੰਤਾਂ ਹਰਿ ਹਰਿ ਦਾਨ, ਆਪਣਾ ਆਪ ਪਾਈਆ। ਆਪੇ ਬਖ਼ਸ਼ੇ ਚਰਨ ਧਿਆਨ, ਆਪੇ ਬੂਝ ਬੁਝਾਈਆ। ਦੇਵਣਹਾਰਾ ਬ੍ਰਹਮ ਗਿਆਨ, ਅੰਤਰ ਆਤਮ ਇਕ ਜਣਾਈਆ। ਆਪ ਉਪਾਏ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਈਆ। ਆਪੇ ਮਨ ਮਤ ਬੁੱਧ ਕਰ ਪਰਧਾਨ, ਘਰ ਸਾਚੇ ਡੇਰਾ ਲਾਈਆ। ਆਪੇ ਆਸਾ ਤ੍ਰਿਸ਼ਨਾ ਨੌਜਵਾਨ, ਤਨ ਜੋਬਨ ਰਹੀ ਹੰਢਾਈਆ। ਆਪੇ ਸੁਰਤੀ ਰੱਖੇ ਨਾਰ ਇਕ ਰਕਾਨ, ਨੇਤਰ ਨੈਣ ਇਕ ਮਟਕਾਈਆ। ਆਪੇ ਜੋਧਾ ਸੂਰਬੀਰ ਬਲੀ ਬਲਵਾਨ, ਆਪ ਆਪਣਾ ਵੇਖ ਵਖਾਈਆ। ਆਪੇ ਖੰਡਾ ਤੀਰ ਕਮਾਨ, ਆਪੇ ਚਿੱਲਾ ਰਿਹਾ ਉਠਾਈਆ। ਆਪੇ ਖੜਗ ਖੰਡਾ ਰੱਖ ਮਿਆਨ, ਆਪੇ ਬਾਹਿਰ ਕਢਾਈਆ। ਆਪੇ ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਆਪੇ ਦੋ ਜਹਾਨਾਂ ਫੇਰਾ ਪਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਥਿਰ ਘਰ ਬੈਠਾ ਬੇਪਰਵਾਹੀਆ। ਆਪ ਝੁਲਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਉਠਾਈਆ। ਆਪ ਆਪਣਾ ਹੋਏ ਜਾਣੀ ਜਾਣ, ਜਾਨਣਹਾਰ ਆਪ ਹੋ ਜਾਈਆ। ਆਪੇ ਦੇਵਣਹਾਰਾ ਸਾਚਾ ਮਾਣ, ਦਰਗਹਿ ਸਾਚੀ ਇਕ ਸੁਹਾਈਆ। ਸਤਿ ਪੁਰਖ ਨਿਰੰਜਣ ਆਪ ਮਿਹਰਬਾਨ, ਮਿਹਰਬਾਨ ਆਪ ਅਖਵਾਈਆ। ਅਲੱਖ ਨਿਰੰਜਣ ਇਕ ਗਿਆਨ, ਆਪੇ ਬੂਝ ਬੁਝਾਈਆ। ਸਚ ਕੰਤ ਇਕ ਦੋ ਜਹਾਨ, ਏਕਾ ਵੇਖ ਵਖਾਈਆ। ਧੂਆਂਧਾਰ ਸੁੰਞ ਮਸਾਣ, ਸੁਨ ਅਗੰਮ ਆਪ ਰਖਾਈਆ। ਦਸਮ ਦੁਆਰੀ ਖੇਲ ਮਹਾਨ, ਚਿੱਟੀ ਧਾਰ ਇਕ ਵਹਾਈਆ। ਸੰਤ ਸੁਹੇਲੇ ਕਰ ਪਛਾਣ, ਆਪ ਆਪਣਾ ਮੇਲ ਮਿਲਾਈਆ। ਦੇਵਣਹਾਰਾ ਸਾਚਾ ਦਾਨ, ਨਾਮ ਵਸਤ ਝੋਲੀ ਪਾਈਆ। ਏਕਾ ਰਾਗ ਸੁਣਾਏ ਕਾਨ, ਛੱਤੀ ਰਾਗ ਸ਼ਰਮਾਈਆ। ਮੰਦਰ ਅੰਦਰ ਸਚ ਮਕਾਨ, ਘਰ ਘਰ ਵਿਚ ਰਿਹਾ ਵਸਾਈਆ। ਦੀਵਾ ਬਾਤੀ ਇਕ ਮਹਾਨ, ਕਮਲਾਪਾਤੀ ਆਪ ਜਗਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਪੰਚਮ ਗੀਤ ਸੁਹਾਗੀ ਏਕਾ ਰਾਮ, ਅਨਹਦ ਤਾਲ ਵਜਾਈਆ। ਵੇਖਣਹਾਰਾ ਸ੍ਰੀ ਭਗਵਾਨ, ਦੂਸਰ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੀਆਂ ਦਾਤਾ ਆਪ ਹੋ ਜਾਈਆ। ਜੀਆਂ ਦਾਤਾ ਹਰਿ ਹਰਿ ਦਾਤਾ, ਏਕਾ ਏਕ ਅਖਵਾਇੰਦਾ। ਚਰਨ ਕਵਲ ਬੰਧਾਏ ਨਾਤਾ, ਨਾ ਕੋਈ ਤੋੜ ਤੁੜਾਈਆ। ਆਪੇ ਚੜ੍ਹਿਆ ਸਾਚੇ ਰਾਥਾ, ਨਾਮ ਰਥ ਇਕ ਰਖਾਇੰਦਾ। ਬੋਧ ਅਗਾਧੀ ਸਾਚੀ ਗਾਥਾ, ਆਪਣਾ ਮੰਤਰ ਨਾਮ ਪੁਛਾਇੰਦਾ। ਆਪੇ ਪੂਜਾ ਆਪੇ ਪਾਠਾ, ਇਸ਼ਟ ਦੇਵ ਇਕ ਮਨਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਆਪੇ ਖੇਵਟ ਆਪੇ ਖੇਟਾ, ਆਰ ਪਾਰ ਆਪ ਕਰਾਇੰਦਾ। ਏਕਾ ਤਾਣਾ ਏਕਾ ਪੇਟਾ, ਏਕਾ ਸੂਤਰ ਬੰਧ ਬੰਧਾਇੰਦਾ। ਆਪੇ ਸ਼ਬਦ ਦੋਸ਼ਾਲੇ ਵਿਚ ਲਪੇਟਾ, ਆਪੇ ਪਰਦਾ ਉਠਾਇੰਦਾ। ਏਕਾ ਮਾਤ ਪਿਤ ਬੇਟੀ ਬੇਟਾ, ਪੂਤ ਸਪੂਤਾ ਏਕਾ ਜਾਇੰਦਾ। ਏਕਾ ਚੇਤਨ ਏਕਾ ਚੇਤਾ, ਚੇਤਨ ਚਿੱਤ ਆਪ ਹੋ ਜਾਇੰਦਾ। ਏਕਾ ਨੇਤਨ ਏਕਾ ਨੇਤਾ, ਨਿਤ ਨਵਿਤ ਖੇਲ ਖਿਲਾਇੰਦਾ। ਏਕਾ ਵਸਣਹਾਰਾ ਕਾਇਆ ਖੇਤਾ, ਘਰ ਸਾਚੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਖਾਇੰਦਾ। ਸਾਚੀ ਵਸਤ ਨਾਮ ਅਨਮੋਲ, ਹਰਿ ਸਾਚੇ ਹੱਥ ਉਠਾਈਆ। ਸਤਿਗੁਰ ਕੰਡੇ ਆਪੇ ਤੋਲ, ਲੋਕਮਾਤ ਰਿਹਾ ਵਿਕਾਈਆ। ਸ਼ਬਦ ਅਗੰਮੀ ਏਕਾ ਬੋਲ, ਸਾਚਾ ਢੋਲ ਵਜਾਈਆ। ਮਨਮਤ ਤੇਰਾ ਕੱਢੇ ਪੋਲ, ਗੁਰਮਤ ਕਰੇ ਰੁਸ਼ਨਾਈਆ। ਜਨ ਭਗਤਾਂ ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰ ਮੁਖ ਚੁਆਈਆ। ਲਹਿਣਾ ਦੇਣ ਚੁਕਾਏ ਧਰਤ ਧਵਲ, ਧਵਲ ਰਹੀ ਕੁਰਲਾਈਆ। ਲੱਖ ਚੁਰਾਸੀ ਆਪੇ ਮਵਲ, ਮੌਲਾ ਰੂਪ ਆਪ ਖ਼ੁਦਾਈਆ। ਆਪੇ ਕ੍ਰਿਸ਼ਨਾ ਕਾਹਨਾ ਸਵਲ, ਰਾਮ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਵੱਡੀ ਵਡਿਆਈਆ। ਨਾਮ ਵਸਤ ਸ਼ਬਦ ਗਿਆਨ, ਹਰਿਜਨ ਬੂਝ ਬੁਝਾਇੰਦਾ। ਅੰਦਰ ਮੰਦਰ ਇਕ ਧਿਆਨ, ਏਕਾ ਲਿਵ ਰਖਾਇੰਦਾ। ਏਕਾ ਇਸ਼ਟ ਕਰ ਪ੍ਰਧਾਨ, ਏਕਾ ਨਜ਼ਰੀ ਆਇੰਦਾ। ਏਕਾ ਏਕ ਸ੍ਰੀ ਭਗਵਾਨ ਸਤਿ ਸਰੂਪ ਸਮਾਇੰਦਾ। ਏਕਾ ਆਦਿ ਨਿਰੰਜਣ ਨੌਜਵਾਨ, ਬਿਰਧ ਬਾਲ ਨਾ ਕੋਈ ਰਖਾਇੰਦਾ। ਏਕਾ ਮੰਦਰ ਬੈਠ ਮਕਾਨ, ਏਕਾ ਰਾਗ ਅਲਾਇੰਦਾ। ਏਕਾ ਸ਼ਾਹੋ ਭੂਪ ਸੁਲਤਾਨ, ਰਾਜ ਰਾਜਾਨ ਇਕ ਅਖਵਾਇੰਦਾ। ਏਕਾ ਵੇਖਣਹਾਰਾ ਚੌਦਾਂ ਹੱਟ ਮਕਾਨ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਏਕਾ ਲੋਆਂ ਪੁਰੀਆਂ ਮਾਰ ਧਿਆਨ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੇਵਾ ਲਾਇੰਦਾ। ਏਕਾ ਲੱਖ ਚੁਰਾਸੀ ਹੋ ਪ੍ਰਧਾਨ, ਤਤਵ ਤਤ ਬੁਝਾਇੰਦਾ। ਏਕਾ ਬ੍ਰਹਮ ਪਦ ਨਿਸ਼ਾਨ, ਅਮਰਾਪਦ ਆਪ ਵਖਾਇੰਦਾ। ਏਕਾ ਧੁਨ ਨਾਦ ਵਜਾਏ ਨਦ, ਅਨਹਦ ਸਾਚਾ ਰਾਗ ਸੁਣਾਇੰਦਾ। ਏਕਾ ਜਾਨਣਹਾਰਾ ਆਪਣੀ ਹੱਦ, ਦੂਸਰ ਭੇਵ ਕੋਈ ਨਾ ਪਾਇੰਦਾ। ਏਕਾ ਜਨ ਭਗਤਾਂ ਪਿਆਏ ਸਾਚੀ ਮਦਿ, ਆਤਮ ਰਸ ਇਕ ਵਖਾਇੰਦਾ। ਆਪੇ ਵਿਸ਼ਨੂੰ ਏਕਾ ਯਦ, ਏਕਾ ਜੋਤ ਜਗਾਇੰਦਾ। ਏਕਾ ਵੇਖਣਹਾਰਾ ਕਾਇਆ ਡੂੰਘੀ ਖੱਡ, ਅੰਦਰ ਮੰਦਰ ਫੋਲ ਫੁਲਾਇੰਦਾ। ਦੂਈ ਦਵੈਤੀ ਦੇਵੇ ਵੱਢ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਇੰਦਾ। ਵੇਖ ਵਖਾਏ ਕਾਇਆ ਮਾਟੀ ਹੱਡ, ਨਾੜੀ ਚੰਮ ਦਰ ਸੁਹਾਇੰਦਾ। ਏਕਾ ਪੰਜ ਤਤ ਚੋਲਾ ਦੇਵੇ ਛੱਡ, ਏਕਾ ਵੇਸ ਵਟਾਇੰਦਾ। ਏਕਾ ਏਕ ਲਡਾਏ ਲਡ, ਸਚਖੰਡ ਦਵਾਰ ਇਕ ਸੁਹਾਇੰਦਾ। ਏਕਾ ਦਰ ਦਵਾਰਿਉਂ ਦੇਵੇ ਕੱਢ, ਦੋ ਜਹਾਨੀ ਧੱਕਾ ਲਾਇੰਦਾ। ਏਕਾ ਏਕ ਏਕੰਕਾਰਾ ਖੇਲੇ ਖੇਲ ਸੂਰਾ ਸਰਬੱਗ, ਸਰਬ ਕਲ ਆਪ ਹੋ ਜਾਇੰਦਾ। ਏਕਾ ਬੰਨ੍ਹੇ ਸਾਚਾ ਤੱਗ, ਨਾਮ ਤੰਦੀ ਤੰਦ ਬੰਧਾਇੰਦਾ। ਏਕਾ ਹੰਸ ਬਣਾਏ ਫੜ ਫੜ ਕਗ, ਕਾਗੋਂ ਹੰਸ ਬਣਾਇੰਦਾ। ਏਕਾ ਦੀਪਕ ਜੋਤੀ ਜਾਏ ਜਗ, ਜਿਸ ਜਨ ਦਇਆ ਕਮਾਇੰਦਾ। ਏਕਾ ਦਰਸ ਦਿਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪਾਰ ਕਰਾਇੰਦਾ। ਏਕਾ ਮੇਟਣਹਾਰਾ ਤ੍ਰਿਸ਼ਨਾ ਅੱਗ, ਸਾਂਤਕ ਸਤਿ ਇਕ ਵਰਤਾਇੰਦਾ। ਏਕਾ ਸੱਜਣ ਏਕਾ ਸਾਕ, ਸਾਕ ਸੈਣ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੀਅ ਦਾਤਾ ਦਾਨ ਝੋਲੀ ਪਾਇੰਦਾ। ਜੀਅ ਦਾਨ ਸਚ ਦਾਤਾਰ, ਹਰਿ ਹਰਿ ਆਪ ਵਰਤਾਈਆ। ਅਕਲ ਕਲਾ ਕਲ ਆਪੇ ਧਾਰ, ਜੁਗ ਜੁਗ ਧਾਰ ਬੰਧਾਇੰਦਾ। ਕਲਜੁਗ ਕੂੜੀ ਕਿਰਿਆ ਪਾਵੇ ਸਾਰ, ਜੂਠ ਝੂਠ ਵੇਖ ਵਖਾਈਆ। ਲੇਖ ਚੁਕਾਏ ਪੰਚ ਵਿਕਾਰ, ਪੰਚਮ ਵਡ ਵਡਿਆਈਆ। ਤਤਵ ਤਤ ਹਾਹਾਕਾਰ, ਧੀਰਜ ਧੀਰ ਨਾ ਕੋਈ ਧਰਾਈਆ। ਯਤ ਸਤਿ ਨਾ ਕੋਈ ਪਸਾਰ, ਬ੍ਰਹਮ ਮਤ ਨਾ ਕੋਈ ਉਪਜਾਈਆ। ਬਹੱਤਰ ਨਾੜੀ ਉਬਲੇ ਰਤ ਹਾਹਾਕਾਰ, ਦਿਵਸ ਰੈਣ ਆਪ ਲੜਾਈਆ। ਗੁਰਮੁਖ ਸਾਚੇ ਰਹੇ ਵਿਚਾਰ, ਨੇਤਰ ਰੋ ਰੋ ਨੀਰ ਵਹਾਈਆ। ਆਤਮ ਅੰਤਰ ਇਕ ਪਿਆਰ, ਪਾਰਬ੍ਰਹਮ ਸੱਚੀ ਸਰਨਾਈਆ। ਗੋਬਿੰਦ ਮੇਲਾ ਸਚ ਘਰ ਬਾਰ, ਘਰ ਏਕਾ ਬੰਕ ਸੁਹਾਈਆ। ਨਾਨਕ ਨਿਰਗੁਣ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦ ਵਿਚੋਲਾ ਅਪਰ ਅਪਾਰ, ਦੋ ਜਹਾਨਾਂ ਆਪ ਰਖਾਈਆ। ਸੋਹੰ ਢੋਲਾ ਸਚ ਜੈਕਾਰ, ਨਿਰਗੁਣ ਰੂਪ ਵਟਾਈਆ। ਪਰਦਾ ਉਹਲਾ ਖੇਲ ਨਿਆਰ, ਅਲੱਖ ਅਲੱਖ ਆਪ ਕਰਾਈਆ। ਭਗਤਨ ਮੀਤਾ ਵਸਿਆ ਕੋਲਾ, ਦਿਸ ਕਿਸੇ ਨਾ ਆਈਆ। ਆਪੇ ਹੋਏ ਕਲਾ ਸੋਲਾਂ, ਅਨੰਤ ਕਲ ਆਪ ਹੋ ਜਾਈਆ। ਆਪੇ ਗਾਏ ਆਪਣਾ ਢੋਲਾ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੀਵ ਜੰਤ ਆਪ ਰਖਾਈਆ। ਜੀਵ ਜੰਤ ਸ਼ਬਦ ਸਹਾਰਾ, ਹਰਿ ਹਰਿ ਆਪ ਰਖਾਈਆ। ਸ਼ਬਦੀ ਸ਼ਬਦ ਪਿਆਰਾ, ਸਾਚਾ ਨਾਤਾ ਜੋੜ ਜੁੜਾਈਆ। ਏਕਾ ਏਕ ਚਰਨ ਦਵਾਰਾ, ਚਰਨ ਸ਼ਰਨ ਇਕ ਸਰਨਾਈਆ। ਏਕਾ ਭਗਤੀ ਭਗਤ ਪਿਆਰਾ, ਮੰਤਰ ਗਿਆਨ ਇਕ ਦ੍ਰਿੜਾਈਆ। ਏਕਾ ਸ਼ਕਤੀ ਸ਼ਕਤ ਉਜਿਆਰਾ, ਪੰਜ ਤਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਆਪ ਆਪਣੀ ਬੂਝ ਬੁਝਾਈਆ।