੨੧ ਮਾਘ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਮਹਰਾਜ ਪੁਰ ਜ਼ਿਲਾ ਗੁਰਦਾਸ ਪੁਰ
ਨਿਰਗੁਣ ਰੂਪ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਮੂਰਤ ਅਕਾਲ ਖੇਲ ਅਪਾਰ, ਭੇਵ ਕਿਸੇ ਨਾ ਪਾਇਆ। ਅਲਖ ਅਗੋਚਰ ਅਗੰਮ ਅਪਾਰ, ਪਾਰਬ੍ਰਹਮ ਅਖਵਾਇਆ। ਇਕ ਇਕੱਲਾ ਖੇਲ ਨਿਆਰ, ਅਕਲ ਕਲਾ ਵਰਤਾਇਆ। ਏਕਾ ਵਸੇ ਧਾਮ ਨਿਆਰ, ਧਾਮ ਅਵੱਲੜਾ ਇਕ ਸੁਹਾਇਆ। ਮਹੱਲ ਅਟੱਲ ਉਚ ਮੁਨਾਰ, ਥਿਰ ਘਰ ਆਪ ਸੁਹਾਇਆ। ਨਿਰਗੁਣ ਦੀਪਕ ਕਰ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਇਆ। ਸਚ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਪ ਸੁਹਾਇਆ । ਆਪੇ ਜਾਣੇ ਅਪਣੀ ਕਾਰ, ਕਰਤਾ ਪੁਰਖ ਆਪ ਹੋ ਜਾਇਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇਆ। ਆਪੇ ਵਸੇ ਸਚ ਸੱਚੇ ਘਰ ਬਾਰ, ਘਰ ਸਾਚਾ ਆਪ ਸੁਹਾਇਆ। ਆਪੇ ਪੁਰਖ ਆਪੇ ਨਾਰ, ਨਾਰੀ ਕੰਤਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ । ਅਬਿਨਾਸ਼ੀ ਕਰਤਾ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਆਪ ਆਪਣਾ ਸੱਜਣ ਸੁਹੇਲ, ਆਪ ਆਪਣਾ ਅੰਕ ਲਗਾਇੰਦਾ। ਆਪ ਆਪਣਾ ਕਰੇ ਮੇਲ, ਆਪ ਆਪਣੀ ਮੰਗ ਮੰਗਾਇੰਦਾ। ਆਪੇ ਵਸਿਆ ਰੰਗ ਨਵੇਲ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਹਰਿ ਚਮਤਕਾਰਾ, ਆਦਿ ਪੁਰਖ ਅਖਵਾਇਆ। ਇਕ ਇਕੱਲਾ ਏਕਉਂਕਾਰਾ, ਆਪ ਆਪਣੀ ਕਲ ਵਰਤਾਇਆ। ਆਪ ਉਪਾਏ ਸੁੱਤ ਦੁਲਾਰਾ, ਸ਼ਬਦੀ ਨਾਉਂ ਰਖਾਇਆ। ਸ਼ਬਦ ਸ਼ਬਦੀ ਕਰ ਪਿਆਰਾ, ਘਰ ਸਾਚਾ ਮੇਲ ਮਿਲਾਇਆ। ਬੋਧ ਅਗਾਧ ਅਗਾਧ ਬੋਧ ਸੱਚੀ ਧੁਨਕਾਰਾ, ਆਪ ਆਪਣੀ ਰਿਹਾ ਸੁਣਾਇਆ। ਜੋਧਾ ਸੂਰਬੀਰ ਬਲੀ ਬਲਕਾਰਾ, ਪਾਰਬ੍ਰਹਮ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਜੋਤੀ ਨੂਰ ਉਜਾਲਾ, ਹਰਿ ਆਪਣਾ ਆਪ ਕਰਾਇੰਦਾ। ਆਪੇ ਸਤਿਗੁਰ ਪੁਰਖ ਦੀਨ ਦਿਆਲਾ, ਦਇਆ ਨਿਧ ਨਾਮ ਰਖਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਆਪ ਆਪਣੀ ਚਾਲ ਚਲਾਇੰਦਾ। ਆਪੇ ਵਸਿਆ ਸਚ ਸੱਚੀ ਧਰਮਸਾਲਾ, ਸਚਖੰਡ ਦਵਾਰਾ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਆਪ ਅਖਵਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਈਆ। ਆਪ ਆਪਣੀ ਪਾਵੇ ਸਾਰ, ਸਗਲਾ ਸੰਗ ਆਪ ਨਿਭਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੁੱਤ ਉਪਜਾਈਆ। ਉਪਜਿਆ ਸੁੱਤ ਨਾਮ ਸਹਾਰਾ, ਏਕਾ ਨਾਉਂ ਰਖਾਇਆ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਖੇਲ ਕਰਾਇਆ। ਲੋਆਂ ਪੁਰੀਆਂ ਕਰ ਉਸਾਰਾ, ਹਰਿ ਸਾਚੀ ਸੇਵਾ ਲਾਇਆ। ਰਵ ਸਸ ਗਗਨ ਮੰਡਲ ਸਤਾਰਾ, ਆਪ ਆਪਣੀ ਰਚਨ ਰਚਾਇਆ। ਚੌਦਾਂ ਲੋਕ ਖੋਲ੍ਹ ਦਵਾਰਾ, ਸਾਚਾ ਹੱਟ ਉਪਾਇਆ। ਬ੍ਰਹਿਮੰਡ ਖੰਡ ਵੇਸ ਨਿਆਰਾ, ਵੇਸ ਅਨੇਕਾ ਆਪ ਕਰਾਇਆ। ਤ੍ਰੈਗੁਣ ਤੇਰਾ ਕੰਤ ਭਤਾਰਾ, ਹਰਿ ਹਰਿ ਜੀ ਨਾਉਂ ਧਰਾਇਆ। ਪੰਚਮ ਮੀਤਾ ਪੰਚਮ ਪਿਆਰਾ, ਪੰਚਮ ਵੇਖ ਵਖਾਇਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਆਪੇ ਪਾਏ ਸਾਰਾ, ਆਪ ਆਪਣਾ ਸੰਗ ਰਖਾਇਆ। ਲੋਕਮਾਤ ਲੈ ਅਵਤਾਰਾ, ਆਪ ਆਪਣੀ ਖੇਲ ਰਚਾਈਆ। ਸਾਲ ਬਸਾਲਾ ਖੇਲ ਕਰਤਾਰਾ, ਦਿਵਸ ਰੈਣ ਕਰਾਈਆ। ਹਾਲ ਬੇਹਾਲਾ ਸਰਬ ਸੰਸਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਅਵੱਲੜੀ ਚਾਲਾ ਰਾਜ ਰਾਜਾਨ, ਸ਼ਾਹ ਸੁਲਤਾਨ ਭੇਵ ਨਾ ਰਾਈਆ। ਆਦਿ ਅੰਤ ਜੀਵ ਜੰਤ ਸਰਬ ਕੁਰਲਾਨ, ਪੁਰਖ ਅਬਿਨਾਸ਼ੀ ਪ੍ਰਭ ਸਾਚੇ ਖੇਲ ਵਰਤਾਈਆ। ਲਿਖਿਆ ਲੇਖ ਲੇਖ ਮਹਾਨ, ਵੇਦ ਵਿਆਸਾ ਕਲਮ ਚਲਾਈਆ। ਈਸਾ ਮੂਸਾ ਮਾਰ ਧਿਆਨ, ਏਕਾ ਰਾਹ ਵਖਾਈਆ। ਨਾਨਕ ਨਿਰਗੁਣ ਖੇਲ ਮਹਾਨ, ਆਪਣਾ ਭੇਵ ਖੁਲ੍ਹਾਈਆ। ਗੋਬਿੰਦ ਜੋਧਾ ਸੂਰ ਬਲੀ ਬਲਵਾਨ, ਲੋਕਮਾਤ ਕਰੇ ਕੁੜਮਾਈਆ। ਲੇਖਾ ਲਿਖੇ ਸ੍ਰੀ ਭਗਵਾਨ, ਲਿਖਣਹਾਰਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਈਆ। ਵੀਹ ਸਦ ਪੰਦਰਾਂ ਹਰਿ ਹਰਿ ਧਾਰ, ਆਪਣੀ ਆਪ ਚਲਾਈਆ। ਨਿਰਗੁਣ ਜੋਤੀ ਕਰ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਕੂੜ ਕੁੜਿਆਰਾ ਧੂੰਆਂਧਾਰ, ਚਾਰੋਂ ਕੁੰਟ ਆਪਣਾ ਫੇਰਾ ਪਾਈਆ। ਨਾ ਕੋਈ ਦੀਸੇ ਸਚ ਦਵਾਰ, ਜੂਠੇ ਝੂਠੇ ਰਹੇ ਅਲਖ ਜਗਾਈਆ। ਰਾਜ ਰਾਜਾਨ ਹੋਏ ਭਿਖਾਰ, ਆਪਣੀ ਝੋਲੀ ਰਹੇ ਫੈਲਾਈਆ। ਗ਼ਰੀਬ ਨਿਮਾਣੇ ਰੋਵਣ ਜ਼ਾਰੋ ਜ਼ਾਰ, ਸਾਚਾ ਦਰ ਨਾ ਕੋਇ ਸੁਹਾਈਆ। ਗੋਬਿੰਦ ਮਾਰੀ ਸਾਚੀ ਮਾਰ, ਲੇਖਾ ਲਿਖਤ ਗਿਆ ਲਿਖਾਈਆ। ਸ੍ਰਿਸ਼ਟ ਦੱਬੇ ਆਪਣੇ ਭਾਰ, ਕਲਜੁਗ ਆਪਣੀ ਕਲ ਵਰਤਾਈਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਕਰਤਾ ਰਿਹਾ ਕਰਾਈਆ। ਬ੍ਰਹਮਾ ਵੇਤਾ ਬਣ ਲਿਖਾਰ, ਚਾਰੇ ਵੇਦਾਂ ਕਰੇ ਪੜ੍ਹਾਈਆ। ਵਿਸ਼ਨੂੰ ਵੰਸੀ ਹੋਇਆ ਖ਼ਬਰਦਾਰ, ਦੇਵਣਹਾਰਾ ਰਿਜ਼ਕ ਸਬਾਈਆ। ਸ਼ਿਵ ਸ਼ੰਕਰ ਕਰੇ ਆਪਣਾ ਪਿਆਰ, ਆਪਣੀ ਗੋਦ ਉਠਾਈਆ। ਕਰੋੜ ਤੇਤੀਸਾ ਕਰ ਪੁਕਾਰ, ਨੇਤਰ ਨੀਰ ਰਹੇ ਵਹਾਈਆ। ਨੌ ਖੰਡ ਪ੍ਰਿਥਮੀ ਖੇਲ ਅਪਾਰ, ਹਰਿ ਕਰਤਾ ਰਿਹਾ ਕਰਾਈਆ। ਕੂੜੀ ਕਿਰਿਆ ਮੇਟੇ ਆਪ ਨਿਰੰਕਾਰ, ਜੂਠ ਝੂਠ ਰਹਿਣ ਨਾ ਪਾਈਆ। ਤੀਰਥ ਤਟ ਵੇਖੇ ਜਗਤ ਕਿਨਾਰ, ਅਠਸਠ ਫੋਲ ਫੋਲਾਈਆ। ਗੁਰਦਰ ਮੰਦਰ ਮਸਜਿਦ ਵੇਖੇ ਮੱਠ, ਸਾਚੀ ਧੀਰਜ ਨਾ ਕੋਇ ਰਖਾਈਆ। ਸਾਧਾਂ ਸੰਤਾਂ ਤੁੱਟਾ ਹੱਠ, ਆਤਮ ਬ੍ਰਹਮ ਨਾ ਕੋਇ ਜਣਾਈਆ। ਵਰਨੀ ਵਰਨਾਂ ਹੋਇਆ ਇਕੱਠ, ਬਰਨੀ ਬਰਨ ਲੜਾਈਆ। ਆਤਮ ਅੰਤਰ ਵਸਿਆ ਹਰ ਘਟ ਘਟ, ਭੇਵ ਕੋਇ ਨਾ ਪਾਈਆ। ਜਗਤ ਵਿਕਾਰਾ ਰਹੇ ਚੱਟ, ਆਤਮ ਰਸ ਹੱਥ ਨਾ ਆਈਆ। ਰਸਨਾ ਬੋਲ ਮਾਰਨ ਸੱਟ, ਅਨਹਦ ਤਾਲ ਨਾ ਕੋਇ ਵਜਾਈਆ। ਪਰਗਟ ਹੋਏ ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਤੇਰਾ ਵੇਖੇ ਘਾਟ, ਆਪੇ ਚੜ੍ਹੇ ਜਗਤ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਲੱਖ ਚੁਰਾਸੀ ਵਾਂਗ ਬੰਦਰਾਂ ਰਿਹਾ ਨਚਾਈਆ। ਵੀਹ ਸਦ ਪੰਦਰਾਂ ਤੇਰਾ ਰੰਗ, ਕਲਜੁਗ ਆਪ ਚੜ੍ਹਾਇਆ। ਘਰ ਘਰ ਵੇਖੇ ਝੂਠ ਪਖੰਡ, ਸਾਚਾ ਦਰ ਨਾ ਕੋਇ ਸੁਹਾਇਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਰੰਡ, ਸਾਚਾ ਹਰਿ ਕੰਤ ਨਾ ਕੋਇ ਹੰਢਾਇਆ। ਪੰਚ ਵਿਕਾਰਾ ਕਰਿਆ ਖੰਡ ਖੰਡ, ਅੰਗ ਅੰਗ ਨਾ ਕੋਇ ਸਮਾਇਆ। ਆਪਣੀ ਆਪਣੀ ਕਰਨ ਵੰਡ, ਹਰਿ ਕਾ ਭੇਵ ਕਿਸੇ ਨਾ ਪਾਇਆ। ਵਸਣਹਾਰਾ ਵਿਚ ਬ੍ਰਹਿਮੰਡ, ਲੋਕਮਾਤ ਵੇਖ ਵਖਾਇਆ। ਪਾਏ ਸਾਰ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਇਆ। ਤੋੜਨਹਾਰਾ ਜਗਤ ਘਮੰਡ, ਨਾਮ ਖੰਡਾ ਹੱਥ ਉਠਾਇਆ। ਦੇਵਣਹਾਰਾ ਦੋ ਜਹਾਨੀ ਦੰਡ, ਆਪ ਆਪਣਾ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਜੀਵਾਂ ਜਗਤ ਲਹਿਣਾ ਲਹਿਣਾ ਝੋਲੀ ਪਾਇਆ। ਕਲਜੁਗ ਕਿਰਿਆ ਕੂੜ ਕੁੜਿਆਰ, ਜੀਵ ਜੰਤ ਰਹੇ ਕਮਾਈਆ। ਸਾਧਾਂ ਸੰਤਾਂ ਵਗੀ ਮਾਰ, ਧੀਆਂ ਭੈਣਾਂ ਰਹੇ ਤਕਾਈਆ। ਗੁਰ ਦਰ ਮੰਦਰ ਮਸਜਿਦ ਨਾ ਕੋਇ ਪਿਆਰ, ਜਗਤ ਅਖਾੜੇ ਰਹੇ ਵਖਾਈਆ। ਹਰਿ ਕਾ ਰੂਪ ਦਿਸ ਨਾ ਆਏ ਅਪਰ ਅਪਾਰ, ਪੰਜ ਤੱਤ ਹੋਏ ਹਲਕਾਈਆ। ਹਉਮੇ ਹੰਗਤਾ ਲੋਭ ਅਪਾਰ, ਜਗਤ ਤ੍ਰਿਸਨਾ ਰਹੀ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਲਹਿਣਾ ਝੋਲੀ ਪਾਈਆ। ਕਲਜੁਗ ਕੂੜਾ ਮਾਤ ਸਿਕਦਾਰ, ਅੰਤਮ ਲਏ ਅੰਗੜਾਈਆ। ਵੀਹ ਸਦ ਪੰਦਰਾਂ ਬਿਕ੍ਰਮੀ ਹੋਇਆ ਖ਼ਬਰਦਾਰ, ਪ੍ਰਭ ਸਾਚਾ ਆਪ ਜਗਾਈਆ। ਰਾਮ ਰਾਮਾ ਖੇਲ ਅਪਾਰ, ਹੰਕਾਰੀ ਰਾਵਨ ਵੇਖ ਵਖਾਈਆ। ਲੰਕਾ ਵੇਖ ਗੜ੍ਹ ਹੰਕਾਰ, ਆਪ ਆਪਣੀ ਰਚਨ ਰਚਾਈਆ। ਕਾਹਨਾ ਕ੍ਰਿਸ਼ਨਾ ਹੋ ਤਿਆਰ, ਦੋਏ ਦੋਏ ਧਾਰ ਬੰਧਾਈਆ। ਗੋਬਿੰਦ ਮੀਤਾ ਹਰਿ ਨਿਰੰਕਾਰ, ਸ਼ਬਦ ਖੰਡਾ ਰਿਹਾ ਚਮਕਾਈਆ। ਰਸਨਾ ਚਿੱਲਾ ਅਪਰ ਅਪਾਰ, ਏਕਾ ਤੀਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਤੇਰੀ ਝੋਲੀ ਪਾਈਆ। ਕਲਜੁਗ ਜੀਵ ਝੂਠਾ ਮੋਹ, ਮਾਇਆ ਮਮਤਾ ਤਨ ਵਸਾਇਆ। ਨੌ ਦਵਾਰੇ ਬੈਠੇ ਰਹੇ ਰੋ, ਦਸਮ ਦਵਾਰੀ ਦਿਸ ਨਾ ਆਇਆ। ਜੀਵਾਂ ਜੰਤਾਂ ਰਹੇ ਕੋਹ, ਸ਼ਾਹ ਸੁਲਤਾਨਾ ਵੇਸ ਵਟਾਇਆ। ਮਾਂਵਾਂ ਪੁੱਤਰ ਸੰਗ ਧਰੋਹ, ਦਰ ਘਰ ਸਾਚਾ ਇਕ ਭੁਲਾਇਆ। ਪੁਰਖ ਅਬਿਨਾਸ਼ੀ ਪਰਗਟ ਹੋ, ਕਲਜੁਗ ਤੇਰਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਲੇਖ ਜਣਾਇਆ। ਨਾਮ ਭਿਖ ਜਗਤ ਭਿਖਾਰੀ, ਸਚ ਵਸਤ ਹੱਥ ਨਾ ਆਈਆ। ਮੰਗਦੇ ਫਿਰਦੇ ਦਰ ਦਵਾਰੀ, ਬੈਠੇ ਅਲਖ ਜਗਾਈਆ। ਮੂਰਖ ਮੂੜ੍ਹੇ ਸੁੱਤੇ ਪੈਰ ਪਸਾਰੀ, ਕਲਜੁਗ ਗੂੜ੍ਹੀ ਨੀਂਦ ਸੁਆਈਆ। ਨਾਨਕ ਗੋਬਿੰਦ ਬਣ ਲਿਖਾਰੀ, ਲੇਖਾ ਗਏ ਲਿਖਾਈਆ। ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰੀ, ਬੀਸ ਬੀਸਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਈਆ। ਸੰਮਤ ਪੰਦਰਾਂ ਉਠ ਬਲਵਾਨ, ਇਕ ਨਿਸ਼ਾਨ ਝੁਲਾਇੰਦਾ। ਅਠਸਠ ਵੇਖੇ ਮਾਰ ਧਿਆਨ, ਨੌ ਖੰਡ ਫੇਰਾ ਪਾਇੰਦਾ। ਸੱਤਾਂ ਦੀਪਾਂ ਜਗਤ ਦੁਕਾਨ, ਹਰਿ ਹਰਿ ਫੋਲ ਫੋਲਾਇੰਦਾ। ਪੰਜ ਤੱਤ ਵੇਖੇ ਤਨ ਸ਼ੈਤਾਨ, ਕਵਣ ਕੂਟੇ ਡੇਰਾ ਲਾਇੰਦਾ। ਕਵਣ ਗੁਰਸਿਖ ਰਸਨਾ ਗਾਨ, ਕਵਣ ਭਗਤ ਭਗਤੀ ਵਖਾਇੰਦਾ। ਕਵਣ ਮੇਲਾ ਇਕ ਮਕਾਨ, ਕਵਣ ਰਾਹ ਚਲਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਆਪ ਆਪਣੀ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਸੰਮਤ ਸੋਲਾਂ ਰਾਹ ਤਕਾਇੰਦਾ। ਸੰਮਤ ਸੋਲਾਂ ਹਰਿ ਹਰਿ ਜਾਗੇ, ਜਾਗਰਤ ਜੋਤ ਜਗਾਈਆ। ਲੱਗੇ ਭਾਗ ਦੇਸ ਮਾਝੇ, ਸੰਬਲ ਨਗਰੀ ਡੇਰਾ ਲਾਈਆ। ਗੁਰਮੁਖ ਹੰਸ ਬਣਾਏ ਕਾਗੇ, ਅੰਮ੍ਰਿਤ ਆਤਮ ਜਾਮ ਪਿਆਈਆ। ਨੌ ਖੰਡ ਪ੍ਰਿਥਮੀ ਬੁਝੇ ਚਿਰਾਗੇ, ਦੀਵਾ ਬੱਤੀ ਨਾ ਕੋਇ ਵਖਾਈਆ। ਪੰਜ ਤੱਤ ਲੱਗੇ ਆਗੇ, ਨਾ ਸਕੇ ਕੋਇ ਬੁਝਾਈਆ। ਦਰ ਦਰਵੇਸ ਫਿਰਨ ਭਾਗੇ, ਸੀਸ ਤਾਜ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੋਲਾਂ ਭੇਵ ਖੁਲ੍ਹਾਈਆ। ਸੰਮਤ ਸੋਲਾਂ ਭੇਵ ਖੁਲ੍ਹੌਣਾ, ਹਰਿ ਸਾਚੇ ਹੱਥ ਵਡਿਆਈਆ। ਆਪ ਆਪਣਾ ਚਰਨ ਉਠੌਣਾ, ਚਿੱਟੇ ਅਸਵ ਡੇਰਾ ਲਾਈਆ। ਲੋਆਂ ਪੁਰੀਆਂ ਆਪ ਦੁੜੌਣਾ, ਚਾਰੋਂ ਕੁੰਟ ਵੇਖ ਵਖਾਈਆ। ਭਰ ਕੇ ਪੋਟ ਕਿਸੇ ਨਾ ਸੌਣਾ, ਜਿਨ ਵਿਸਰੇ ਹਰਿ ਰਘੁਰਾਈਆ। ਕਲਜੁਗ ਅੰਤਮ ਲੋਕਮਾਤ ਧਰਤ ਮਾਤ ਦੀ ਗੋਦੀ ਬੈਠਾ ਪਰਾਹੁਣਾ, ਅਜ ਕਲ ਉਠ ਉਠ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਖੇਲ ਵਰਤਾਈਆ। ਖੇਲ ਵਰਤੰਤਾ ਹਰਿ ਭਗਵੰਤਾ, ਭੇਵ ਅਭੇਵ ਛੁਪਾਇਆ। ਆਪੇ ਜਾਣੇ ਆਪਣੀ ਬਣਤਾ, ਆਪੇ ਵੇਖ ਵਖਾਇਆ। ਆਪ ਉਪਾਏ ਸਾਚੇ ਸੰਤਾ, ਆਪੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਮ ਭੁੱਖ ਜਗਤ ਦੁੱਖ ਜੀਵਾਂ ਜੰਤਾ ਝੋਲੀ ਪਾਇਆ। ਜਗਤ ਭੁੱਖ ਤ੍ਰਿਸਨਾ ਅੱਗ, ਘਰ ਘਰ ਰਹੀ ਜਲਾਈਆ। ਏਕਾ ਵਾ ਤੱਤੀ ਰਹੀ ਵਗ, ਲੋਆਂ ਪੁਰੀਆਂ ਆਪ ਵਗਾਈਆ। ਖੇਲੇ ਖੇਲ ਸੂਰਾ ਸਰਬੱਗ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਘਰ ਘਰ ਸੰਮਤ ਸੋਲਾਂ ਰਾਹ ਤਕਾਈਆ। ਸਤਿਗੁਰ ਪੂਰਾ ਧੰਨ ਹੈ, ਮਨ ਮਨੂਆ ਬੰਧ ਬੰਧਾਏ। ਨਿਰਗੁਣ ਜੋਤੀ ਚਾੜ੍ਹੇ ਚੰਨ ਹੈ, ਅੰਧ ਅੰਧੇਰ ਮਿਟਾਏ। ਸਾਚਾ ਰਾਗ ਸੁਣਾਏ ਕੰਨ ਹੈ, ਅਨਹਦ ਤਾਲ ਵਜਾਏ। ਦੋ ਜਹਾਨਾਂ ਬੇੜਾ ਦੇਵੇ ਬੰਨ ਹੈ, ਸਿਰ ਆਪਣਾ ਹੱਥ ਰਖਾਏ। ਮਨ ਮਨੂਆ ਜਾਏ ਮੰਨ ਹੈ, ਦਹਿ ਦਿਸ਼ਾ ਨਾ ਉਠ ਉਠ ਧਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੋਰੀ ਤੰਦ ਰਖਾਏ। ਸ਼ਬਦ ਡੋਰ ਸਾਚਾ ਤਾਗਾ, ਹਰਿ ਆਪਣੇ ਹੱਥ ਰਖਾਇਆ। ਜਨ ਭਗਤਾਂ ਮਗਰ ਪਿੱਛੇ ਭਾਗਾ, ਮਨ ਮਨੂਆ ਫੜ ਫੜਾਇਆ। ਪੰਚ ਵਿਕਾਰਾ ਬੁਝੇ ਆਗਾ, ਹਉਮੇ ਹੰਗਤਾ ਨਾ ਰੋਗ ਸਤਾਇਆ। ਮਾਇਆ ਡੱਸਣੀ ਨਾ ਡੱਸੇ ਨਾਗਾ, ਕਾਮ ਕਰੋਧ ਨਾ ਹੋਏ ਹਲਕਾਇਆ। ਸਾਚਾ ਦੀਪਕ ਜਗੇ ਚਿਰਾਗਾ, ਨੂਰੋ ਨੂਰ ਕਰੇ ਰੁਸ਼ਨਾਇਆ। ਫੜ ਫੜ ਹੰਸ ਬਣਾਏ ਕਾਗਾ, ਸਰ ਸਰੋਵਰ ਇਕ ਨੁਹਾਇਆ। ਦੁਰਮਤ ਮੈਲ ਧੋਵੇ ਦਾਗ਼ਾ, ਗੁਰ ਪੂਰਾ ਵਡ ਵਡਿਆਇਆ। ਨਾ ਸੋਇਆ ਨਾ ਦਿਸੇ ਜਾਗਾ, ਏਕਾ ਰੰਗ ਵਖਾਇਆ। ਸੁਰਤ ਸਵਾਣੀ ਮਾਰੇ ਵਾਜਾ, ਸਾਚਾ ਸ਼ਬਦ ਅਲਾਇਆ। ਸ਼ਬਦ ਦੇਵੇ ਅਸਵ ਤਾਜਾ, ਆਪੇ ਲਏ ਚੜ੍ਹਾਇਆ। ਸਚ ਭੂਪ ਹਰਿ ਰਾਜਨ ਰਾਜਾ, ਸਚ ਸੁਲਤਾਨ ਅਖਵਾਇਆ। ਮਨ ਮਨੂਆ ਦੋਏ ਜੋੜ ਬੈਠਾ ਰਹੇ ਦਰਵਾਜਾ, ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਿਤਾ ਸਾਚਾ ਵਰ, ਮਨ ਬੰਧਨ ਨਾਮ ਬੰਧਾਇਆ। ਹਰਿ ਰੂਪ ਅਪਾਰ, ਸਤਿਗੁਰ ਨਾਮ ਧਰਾਇਆ। ਸਤਿਗੁਰ ਸ਼ਬਦ ਅਪਾਰ, ਗੁਰ ਗੁਰ ਵਿਚ ਸਮਾਇਆ। ਗੁਰ ਗੁਰ ਮੀਤ ਮੁਰਾਰ, ਗੁਰਸਿਖ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਅਲਾਇਆ। ਹਰਿ ਨਿਰੰਕਾਰ ਪੁਰਖ ਸੁਲਤਾਨਾ, ਸਤਿਗੁਰ ਨਾਉਂ ਧਰਾਇੰਦਾ। ਸਤਿਗੁਰ ਗੁਰ ਗੁਰ ਮਿਹਰਵਾਨਾ, ਗੁਰ ਗੁਰ ਵੇਖ ਵਖਾਇੰਦਾ। ਗੁਰ ਗੁਰ ਦੇਵੇ ਏਕਾ ਦਾਨਾ, ਗੁਰਸਿਖ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ਼ਬਦੀ ਆਪੇ ਬੂਝ ਬੁਝਾਇੰਦਾ। ਹਰਿ ਮਿਹਰਵਾਨ ਨਰ ਨਿਰੰਕਾਰ, ਸਤਿਗੁਰ ਪੁਰਖ ਅਖਵਾਇੰਦਾ। ਸਤਿਗੁਰ ਜੋਧਾ ਸੂਰ ਬਲੀ ਬਲਕਾਰ, ਗੁਰ ਗੁਰ ਵੇਖ ਵਖਾਇੰਦਾ। ਗੁਰ ਗੁਰ ਕਰੇ ਆਪਣੀ ਕਾਰ, ਆਪਣਾ ਰਾਹ ਵਖਾਇੰਦਾ। ਗੁਰਮੁਖ ਸਾਜਣ ਕਰ ਪਿਆਰ, ਏਕਾ ਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਹਰਿ ਨਿਰੰਕਾਰਾ, ਸਤਿਗੁਰ ਮੀਤਾ, ਗੁਰ ਗੁਰ ਆਪ ਸਮਾਇਆ। ਆਦਿ ਨਿਰੰਜਣ ਇਕ ਅਤੀਤਾ, ਸ਼ਬਦੀ ਪੂਤ ਰਖਾਇਆ। ਜਨ ਭਗਤਾਂ ਨਾਮ ਸਚ ਦ੍ਰਿੜੀਤਾ, ਸਚ ਗਿਆਨ ਦ੍ਰਿੜਾਇਆ। ਮੇਲ ਮਿਲਾਵਾ ਇਕ ਅਤੀਤਾ, ਨਿਰਗੁਣ ਸਰਗੁਣ ਭੇਵ ਨਾ ਰਾਇਆ। ਹਰਿ ਸੰਗਤ ਕਰਨਾ ਸਚ ਧਿਆਨ, ਹਰਿ ਸਾਚੇ ਸ਼ਬਦ ਜਣਾਈਆ। ਸਤਿਗੁਰ ਪੂਰਾ ਮਿਹਰਵਾਨ, ਪੁਰਖ ਅਕਾਲ ਅਖਵਾਈਆ। ਸ਼ਬਦੀ ਦੇਵੇ ਏਕਾ ਦਾਨ, ਏਕਾ ਝੋਲੀ ਭਰਾਈਆ। ਪੁੱਤ ਪੋਤਾ ਇਕ ਵਖਾਣ, ਏਕਾ ਬ੍ਰਹਮ ਵਖਾਈਆ। ਆਤਮ ਅੰਤਰ ਮਾਰ ਧਿਆਨ, ਆਪ ਆਪਣਾ ਮੇਲ ਮਿਲਾਈਆ। ਗੁਰਮੁਖ ਸਾਚੇ ਕਰ ਪਰਵਾਨ, ਹਰਿ ਸੰਗਤ ਵਡ ਵਡਿਆਈਆ। ਗਿਆਨੀ ਧਿਆਨੀ ਨਾ ਕਰਨ ਪਛਾਣ, ਮੂਰਖ ਮੂੜ੍ਹੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਉਤਰ ਸ਼ਬਦ ਵਿਚ ਸੁਣਾਈਆ। ਸ਼ਬਦ ਉਤਰ ਸ਼ਬਦ ਸੰਦੇਸ, ਸ਼ਬਦੀ ਸ਼ਬਦ ਉਪਾਇਆ। ਕਿਸੇ ਨਾ ਚਲੇ ਕੋਈ ਪੇਸ਼, ਮਨ ਮਤ ਬੁਧ ਨਾ ਕੋਇ ਦ੍ਰਿੜਾਇਆ। ਸ਼ਾਹੋ ਭੂਪ ਹਰਿ ਨਰ ਨਰੇਸ਼, ਆਪਣਾ ਭੇਵ ਆਪੇ ਰਿਹਾ ਖੁਲ੍ਹਾਇਆ। ਆਪਣਾ ਨਾਮ ਆਪੇ ਵੇਖ, ਆਪੇ ਗਿਆਨ ਗੋਝ ਜਣਾਇਆ। ਆਪੇ ਪੁੱਤ ਪੋਤਾ ਲਿਖਣਹਾਰਾ ਲੇਖ, ਦੂਸਰ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਵੇਖੇ ਸਾਚਾ ਦਰ, ਸ਼ਬਦ ਸ਼ਬਦੀ ਮੇਲ ਮਿਲਾਇਆ। ਸ਼ਬਦ ਗੌਣਾ ਸ਼ਬਦ ਸੁਨੌਣਾ, ਨਾਨਕ ਵਡ ਵਡਿਆਈਆ। ਪੁਰਖ ਅਗੰਮਾ ਏਕਾ ਪੌਣਾ, ਸਤਿਗੁਰ ਰੂਪ ਸਮਾਈਆ। ਗੁਰ ਗੁਰ ਵੇਸ ਅਨੇਕ ਕਰੌਣਾ, ਆਪਣੀ ਕਲ ਵਰਤਾਈਆ। ਪੁੱਤ ਪੋਤਾ ਵੇਖ ਵਖੌਣਾ, ਪੂਤ ਸਪੂਤਾ ਸੰਗ ਨਿਭਾਈਆ। ਏਕਾ ਦੀਪਕ ਜੋਤੀ ਰਿਦੇ ਜਗੌਣਾ, ਨਿਰਗੁਣ ਸਰਗੁਣ ਧਾਰ ਚਲਾਈਆ। ਆਪਣਾ ਗਿਆਨ ਆਪ ਪੁਛੌਣਾ, ਗਿਆਨ ਗੁਰ ਆਪ ਅਖਵਾਈਆ। ਬ੍ਰਹਮ ਪਾਰਬ੍ਰਹਮ ਮੇਲ ਮਲੌਣਾ, ਘਰ ਸਾਚੇ ਵੱਜੀ ਵਧਾਈਆ। ਓਤ ਪੋਤ ਸਗਲਾ ਸੰਗ ਨਿਭੌਣਾ, ਧੀ ਦੋਤ ਨਾਲ ਰਲਾਈਆ। ਵਰਨ ਗੋਤ ਨਾ ਕੋਈ ਰਖੌਣਾ, ਜੋਤੀ ਜੋਤ ਡਗਮਗਾਈਆ। ਸ਼ਬਦ ਅਗੰਮੀ ਪੁਰਖ ਅਕਾਲ ਗੌਣਾ, ਪੁਰਖ ਅਕਾਲ ਭੇਵ ਖੁਲ੍ਹਾਈਆ। ਬਿਨ ਸਤਿਗੁਰ ਪੂਰੇ ਹਰਿ ਸੰਗਤ ਦੂਸਰ ਕਿਸੇ ਹੱਥ ਨਾ ਔਣਾ, ਜਗਤ ਵਿਦਿਆ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦੇਵੇ ਵਰ, ਸ਼ਬਦ ਸ਼ਬਦ ਕਰੇ ਜਣਾਈਆ। ਸ਼ਬਦੀ ਢੋਲਾ ਸ਼ਬਦੀ ਬੋਲਾ, ਸ਼ਬਦੀ ਸ਼ਬਦ ਉਪਾਇੰਦਾ। ਸ਼ਬਦੀ ਪਵਿਤ ਸ਼ਬਦੀ ਤੋਲਾ, ਸ਼ਬਦ ਸ਼ਬਦੀ ਪੂਤ ਪੂਤ ਅਖਵਾਇੰਦਾ। ਸ਼ਬਦੀ ਗਿਆਨ ਸ਼ਬਦੀ ਗੋਲਾ, ਸ਼ਬਦੀ ਮੁਖ ਭਵਾਇੰਦਾ। ਸ਼ਬਦੀ ਪਾਵਣਹਾਰਾ ਮੋਲਾ, ਸ਼ਬਦੀ ਬੂਝ ਬੁਝਾਇੰਦਾ। ਸ਼ਬਦ ਸ਼ਬਦੀ ਪੜਦਾ ਖੋਲ੍ਹਾ, ਸ਼ਬਦ ਸ਼ਬਦੀ ਬੰਦ ਕਰਾਇੰਦਾ। ਸ਼ਬਦ ਸ਼ਬਦੀ ਆਪੇ ਮਵਲਾ, ਰੂਪ ਅਨੂਪ ਆਪ ਅਖਵਾਇੰਦਾ। ਸ਼ਬਦ ਸ਼ਬਦੀ ਖੇਲ ਧਵਲ ਧਵਲਾ, ਅਕਾਸ਼ ਪਰਕਾਸ਼ ਲੋਆਂ ਪੁਰੀਆਂ ਆਪ ਸੁਹਾਇੰਦਾ। ਸ਼ਬਦ ਸ਼ਬਦੀ ਕਰੇ ਉਲਟਾ ਨਾਭ ਕਵਲਾ, ਅੰਮ੍ਰਿਤ ਆਤਮ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਧਾਰ ਸ਼ਬਦ ਵਿਚ ਰਖਾਇੰਦਾ। ਨਾਮ ਗੰਢ ਹਰਿ ਹਰਿ ਖੋਲ੍ਹੇ, ਆਪੇ ਆਪ ਦਵਾਈਆ। ਜਗਤ ਰਸਨ ਕਦੇ ਨਾ ਬੋਲੇ, ਲੱਖ ਚੁਰਾਸੀ ਆਪ ਬੁਲਾਈਆ। ਆਪਣੇ ਕੰਡੇ ਆਪੇ ਤੋਲੇ, ਤੋਲਣਹਾਰਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਵੰਡ ਸ਼ਬਦੀ ਸ਼ਬਦ ਕਰਾਈਆ। ਸ਼ਬਦੀ ਗੰਢ ਖੋਲ੍ਹਣਹਾਰਾ, ਏਕਾ ਏਕਉਂਕਾਰਿਆ। ਪੁੱਤ ਪੋਤਾ ਪਾਈ ਵੰਡ, ਭੇਵ ਅਭੇਦਾ ਆਪ ਛੁਪਾ ਰਿਹਾ। ਆਪੇ ਪਾਵਣਹਾਰਾ ਠੰਡ, ਆਪੇ ਅਗਨੀ ਤੱਤ ਜਲਾ ਰਿਹਾ। ਆਪੇ ਵੇਖਣਹਾਰਾ ਹਰਿ ਬ੍ਰਹਿਮੰਡ, ਆਪੇ ਮੁਖ ਭੁਆ ਰਿਹਾ। ਆਪੇ ਹੋਏ ਗਿਆਨ ਪਰਚੰਡ, ਗਿਆਨ ਗੋਝ ਆਪ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਮੇਲ ਮਿਲਾ ਰਿਹਾ। ਸ਼ਬਦੀ ਮੇਲਾ ਧੁਰ ਦਰਗਾਹ, ਹਰਿ ਹਰਿ ਆਪ ਕਰਾਇਆ। ਸ਼ਬਦੀ ਦੇਵਣਹਾਰਾ ਸਚ ਸਲਾਹ, ਨਾਨਕ ਨਿਰਗੁਣ ਸੇਵਾ ਲਾਇਆ। ਸ਼ਬਦੀ ਸ਼ਬਦ ਉਪਾਏ ਨਾਂ, ਨਾਮ ਸਤਿ ਮੰਤਰ ਦ੍ਰਿੜਾਇਆ। ਸ਼ਬਦੀ ਸ਼ਬਦ ਵੇਖੇ ਥਾਂ, ਸ਼ਬਦ ਅੰਗੀ ਅੰਗ ਕਰਾਇਆ। ਸ਼ਬਦ ਸ਼ਬਦ ਨਾਨਕ ਅੰਗਦ ਵਿਚ ਟਿਕਾ, ਆਪਣਾ ਰੂਪ ਦਰਸਾਇਆ। ਸ਼ਬਦ ਘੋੜਾ ਆਪ ਦੌੜਾ, ਅਮਰੂ ਆਪ ਲਏ ਚੜ੍ਹਾਇਆ। ਸਰੋਵਰ ਸਰ ਸੇਵ ਕਮਾ, ਰਾਮ ਦਾਸ ਲੇਖ ਲਿਖਾਇਆ। ਸ਼ਬਦੀ ਦੋਹਰਾ ਆਪੇ ਗਾ, ਗੁਰ ਅਰਜਨ ਖੇਲ ਖਲਾਇਆ। ਗੁਰੂ ਗ੍ਰੰਥ ਇਕ ਬਣਾ, ਗੁਰ ਸ਼ਬਦੀ ਮਾਰਗ ਲਾਇਆ। ਦੂਜਾ ਅੱਖਰ ਨਾ ਦਿਤਾ ਕੋਈ ਲਿਖਾ, ਜਗਤ ਵਿਦਿਆ ਨਾ ਕੋਇ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬੋਧ ਅਗਾਧ ਸ਼ਬਦੀ ਸ਼ਬਦ ਉਪਾਇਆ। ਹਰਿਸੰਗਤ ਹਰਿ ਵਸਿਆ, ਗੁਰ ਪਾਰਬ੍ਰਹਮ ਕਰਤਾਰ। ਹਰਿਸੰਗਤ ਰਾਹ ਸਾਚਾ ਦੱਸਿਆ, ਹਰਿਜਨ ਮੇਲਾ ਮੀਤ ਮੁਰਾਰ। ਹਰਿਸੰਗਤ ਮੇਟੇ ਰੈਣ ਅੰਧੇਰੀ ਮੱਸਿਆ, ਗੁਰਮੁਖ ਗੁਰਮਤ ਕਰਨ ਵਿਚਾਰ। ਹਰਿ ਹਿਰਦੇ ਅੰਦਰ ਹਰ ਘਟ ਫਿਰੇ ਨੱਸਿਆ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਜੋ ਜਨ ਰਹੇ ਦਵਾਰ। ਇਕ ਇਕੱਲਾ ਏਕੰਉਂਕਾਰਾ, ਆਦਿ ਜੁਗਾਦਿ ਸਮਾਇਆ। ਅਲਖ ਅਗੋਚਰ ਅਗੰਮ ਅਪਾਰਾ, ਭੇਵ ਕੋਇ ਨਾ ਰਾਇਆ। ਸਤਿ ਪੁਰਖ ਨਿਰੰਜਣ ਸਤਿ ਵਰਤਾਰਾ, ਸਤਿ ਸਰੂਪੀ ਸਤਿ ਸਮਾਇਆ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਆਪ ਆਪਣਾ ਖੇਲ ਖਲਾਇਆ। ਆਦਿ ਨਿਰੰਜਣ ਜੋਤ ਉਜਿਆਰਾ, ਨੂਰੋ ਨੂਰ ਕਰਾਇਆ। ਬੇਐਬ ਖ਼ੁਦਾ ਪਰਵਰਦਿਗਾਰਾ, ਭੇਵ ਅਭੇਦ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਖੇਲ ਤਮਾਸ਼ਾ, ਜੁਗ ਜੁਗ ਵੇਖ ਵਖਾਇੰਦਾ। ਸਾਚੇ ਮੰਡਲ ਪਾਵੇ ਰਾਸਾ, ਦਰ ਘਰ ਸਾਚਾ ਆਪ ਰਖਾਇੰਦਾ। ਵੇਖਣਹਾਰਾ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਕਲ ਵਰਤਾਇੰਦਾ। ਪੁਰਖ ਅਕਾਲ ਅਕਲ ਕਲ ਧਾਰੀ, ਏਕਾ ਹਰਿ ਨਿਰੰਕਾਰਿਆ। ਨਿਰਗੁਣ ਜੋਤੀ ਕਰ ਉਜਿਆਰੀ, ਨੂਰੋ ਨੂਰ ਵੇਖ ਵਖਾ ਰਿਹਾ। ਆਪ ਆਪਣੀ ਪਾਵੇ ਸਾਰੀ, ਆਪ ਆਪਣਾ ਭੇਵ ਖੁਲ੍ਹਾ ਰਿਹਾ। ਆਪੇ ਸੋਹੇ ਦਰ ਦਰਬਾਰੀ, ਧੁਰ ਦਰਬਾਰਾ ਵੇਖ ਵਖਾ ਰਿਹਾ। ਸਚ ਸਿੰਘਾਸਣ ਖੇਲ ਨਿਆਰੀ, ਹਰਿ ਸਾਚਾ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਆਪ ਉਪਾ ਰਿਹਾ। ਨਿਰਗੁਣ ਰੂਪ ਹਰਿ ਕਰਤਾਰਾ, ਏਕਾ ਏਕ ਅਖਵਾਈਆ। ਆਪਣਾ ਕਰੇ ਆਪ ਪਸਾਰਾ, ਆਪੇ ਵੇਖ ਵਖਾਈਆ। ਆਪਣੀ ਬੰਨੇ ਆਪੇ ਧਾਰਾ, ਆਪੇ ਰਿਹਾ ਚਲਾਈਆ। ਆਪਣਾ ਨਾਉਂ ਕਰ ਉਜਿਆਰਾ, ਆਪੇ ਸਿਫ਼ਤ ਸਾਲਾਹੀਆ। ਆਪੇ ਵਸੇ ਸਚ ਮੁਨਾਰਾ, ਥਿਰ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹੋ ਭੂਪ ਆਪ ਅਖਵਾਈਆ। ਸ਼ਾਹੋ ਭੂਪ ਹਰਿ ਸੁਲਤਾਨ, ਹਰਿ ਸਾਚੇ ਤਖ਼ਤ ਬਰਾਜਿਆ। ਆਪੇ ਹੋਏ ਨਿਗਹਬਾਨ, ਆਪੇ ਕਰੇ ਕਰਾਏ ਆਪਣਾ ਕਾਜਿਆ। ਆਪੇ ਵੇਖੇ ਸਚ ਨਿਸ਼ਾਨ, ਆਪੇ ਰੱਖਣਹਾਰਾ ਲਾਜਿਆ। ਆਪੇ ਗਾਏ ਆਪਣਾ ਗਾਣ, ਆਪੇ ਮਾਰੇ ਆਪਣੀ ਵਾਜਿਆ। ਆਪੇ ਦੇਵਣਹਾਰ ਫ਼ਰਮਾਣ, ਆਪੇ ਫਿਰੇ ਭਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ ਵਡ ਸ਼ਾਹੋ ਰਾਜਨ ਰਾਜਿਆ। ਰਾਜ ਰਾਜਾਨ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਸਚ ਤਖ਼ਤ ਸੱਚੀ ਸਰਕਾਰਾ, ਸਚ ਸਿੰਘਾਸਣ ਆਪ ਸੁਹਾਇੰਦਾ। ਨਿਰਗੁਣ ਨਿਰਗੁਣ ਵੇਸ ਅਪਾਰਾ, ਨਿਰਗੁਣ ਆਪਣਾ ਆਪ ਪਰਗਟਾਇੰਦਾ। ਨਿਰਗੁਣ ਸਾਜਣ ਮੀਤ ਮੁਰਾਰਾ, ਹਰਿ ਸੱਜਣ ਆਪ ਅਖਵਾਇੰਦਾ। ਨਿਰਗੁਣ ਜਾਣੇ ਆਪਣੀ ਕਾਰਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਹਰਿ ਕਰਤਾਰਾ, ਸਾਚੀ ਰਚਨ ਰਚਾਇੰਦਾ। ਆਪੇ ਬਣਿਆ ਕੰਤ ਭਤਾਰਾ, ਆਪੇ ਨਾਰੀ ਰੂਪ ਵਟਾਇੰਦਾ। ਆਪਣੀ ਸੇਜਾ ਕਰ ਪਿਆਰਾ, ਆਪਣਾ ਸਗਨ ਮਨਾਇੰਦਾ। ਆਪ ਉਪਜਾਏ ਸੁੱਤ ਦੁਲਾਰਾ, ਸ਼ਬਦੀ ਨਾਉਂ ਰਖਾਇੰਦਾ। ਅਕਾਲ ਪੁਰਖ ਖੇਲ ਨਿਆਰਾ, ਅਜੂਨੀ ਰਹਿਤ ਭੇਵ ਨਾ ਆਇੰਦਾ। ਆਦਿ ਸ਼ਕਤ ਦਏ ਸਹਾਰਾ, ਸਾਚਾ ਸੰਗ ਨਿਭਾਇੰਦਾ। ਸ਼ਬਦ ਸੁੱਤ ਬਣ ਵਣਜਾਰਾ, ਸਾਚਾ ਵਣਜ ਕਰਾਇੰਦਾ। ਆਪਣਾ ਨਾਉਂ ਆਪ ਉਚਾਰਾ, ਸੋਹੰ ਨਾਉਂ ਰਖਾਇੰਦਾ। ਸੋ ਪੁਰਖ ਅਕਾਲ, ਆਪਣੀ ਦਇਆ ਕਮਾਈਆ। ਸੁੱਤ ਉਠਾਏ ਬਾਲ ਨਿਧਾਨ, ਸ਼ਬਦੀ ਬ੍ਰਹਮ ਜਣਾਈਆ। ਆਪੇ ਜਾਣੇ ਆਪਣੀ ਚਾਲ, ਲੇਖਾ ਲਿਖਤ ਵਿਚ ਨਾ ਆਈਆ। ਥਿਰ ਘਰ ਬੈਠ ਸੱਚੀ ਧਰਮਸਾਲ, ਘਰ ਬੰਕ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਸ਼ਬਦੀ ਨਾਤਾ ਹਰਿ ਹਰਿ ਜੋੜ, ਆਪਣਾ ਕਰਮ ਕਮਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਸਗਨ ਮਨਾਇੰਦਾ। ਸ਼ਬਦੀ ਸ਼ਬਦ ਰਿਹਾ ਦੌੜ, ਸਾਚੀ ਸੇਵਾ ਲਾਇੰਦਾ। ਸ਼ਬਦ ਸ਼ਬਦੀ ਆਪੇ ਬੌਹੜ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸ਼ਬਦੀ ਖੇਲ ਹਰਿ ਕਰਤਾਰਾ, ਆਪਣਾ ਆਪ ਕਰਾਇੰਦਾ। ਆਪੇ ਬਣ ਨਾਮ ਭੰਡਾਰਾ, ਆਪੇ ਹਰਿ ਵਰਤਾਇੰਦਾ। ਆਪੇ ਕਰੇ ਸਚ ਪਿਆਰਾ, ਆਪੇ ਸੰਗ ਰਖਾਇੰਦਾ। ਸਾਚਾ ਸੁੱਤ ਘਰ ਸਾਚੇ ਸੋਹੇ ਆਪੇ ਵਖਾਏ ਏਕਾ ਧਾਰਾ, ਏਕਾ ਰੰਗ ਰੰਗਾਇੰਦਾ। ਜੋਤੀ ਦੇਵੇ ਇਕ ਪਿਆਰਾ, ਨਿਰਗੁਣ ਵੇਖ ਵਖਾਇੰਦਾ। ਇਕ ਅਕੱਲਾ ਖੇਲ ਨਿਆਰਾ, ਨਿਰੰਕਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਪੁਰਖ ਅਬਿਨਾਸ਼ਾ, ਆਪਣਾ ਵੇਖੇ ਆਪ ਤਮਾਸ਼ਾ, ਦੂਸਰ ਕੋਈ ਨਾ ਸੰਗ ਜਣਾਇੰਦਾ। ਸ਼ਬਦ ਸੁੱਤ ਕਰ ਸਚ ਉਜਾਗਰ, ਆਪਣੀ ਬਣਤ ਬਣਾਈਆ। ਥਿਰ ਘਰ ਬਣਿਆ ਇਕ ਸੌਦਾਗਰ, ਏਕਾ ਵਣਜ ਵਖਾਈਆ। ਏਕਾ ਨਾਮ ਰਤਨ ਰਤਨਾਗਰ, ਏਕਾ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਉਪਾਈਆ। ਨਿਰਗੁਣ ਜੋਤ ਹਰਿ ਨਿਰੰਕਾਰ, ਰੂਪ ਰੰਗ ਨਾ ਰਾਇਆ। ਨਿਰਗੁਣ ਸ਼ਬਦ ਕਰ ਤਿਆਰ, ਸਾਚਾ ਸੰਗ ਰਖਾਇਆ। ਨਿਰਗੁਣ ਸੇਵਾ ਸੇਵਾਦਾਰ, ਸੇਵਾ ਰਿਹਾ ਕਮਾਇਆ। ਨਿਰਗੁਣ ਲੋਆਂ ਪੁਰੀਆਂ ਲਏ ਉਸਾਰ, ਨਿਰਗੁਣ ਸ਼ਬਦੀ ਵਿਚ ਟਿਕਾਇਆ। ਨਿਰਗੁਣ ਰਵ ਸਸ ਲਏ ਉਭਾਰ, ਤਾਰਾ ਮੰਡਲ ਸੰਗ ਰਖਾਇਆ। ਨਿਰਗੁਣ ਵੇਖੇ ਸਚਖੰਡ ਦਵਾਰ, ਸਚ ਸਿੰਘਾਸਣ ਆਸਣ ਲਾਇਆ। ਨਿਰਗੁਣ ਹੋਇਆ ਧੂੰਆਂਧਾਰ, ਆਪ ਆਪਣਾ ਭੇਖ ਵਟਾਇਆ। ਨਿਰਗੁਣ ਰੂਪ ਵੇਸ ਕਰਤਾਰ, ਵੇਸ ਅਨੇਕਾ ਆਪ ਵਖਾਇਆ। ਨਿਰਗੁਣ ਤੱਤ ਤੱਤ ਵਿਚਾਰ, ਪਾਰਬ੍ਰਹਮ ਵੱਡੀ ਵਡਿਆਇਆ। ਏਕਾ ਹਰਿ ਹਰਿ ਏਕਾ ਧਾਰ, ਏਕਾ ਕਵਲ ਖਿਲਾਇਆ। ਨਿਰਗੁਣ ਨਿਰਗੁਣ ਹੋ ਉਜਿਆਰ, ਵਿਸ਼ਨੂੰ ਰੂਪ ਵਟਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਇਆ। ਆਪੇ ਜਾਣੇ ਆਪਣੀ ਧਾਰ, ਧਾਰ ਨਿਰਾਲੀ ਇਕ ਰਖਾਇਆ। ਕੱਟਿਆ ਅੰਗ ਆਪ ਕਰਤਾਰਾ, ਸੂਰਾ ਸਰਬੰਗ ਹੋਏ ਸਹਾਇਆ। ਬ੍ਰਹਮ ਪਾਰਬ੍ਰਹਮ ਏਕਾ ਕਾਰ, ਏਕਾ ਚਲਤ ਚਲਾਇਆ। ਚਾਰੇ ਮੁਖ ਦਏ ਅਧਾਰ, ਚਾਰੇ ਕੂਟਾਂ ਵੇਖ ਵਖਾਇਆ। ਦਹਿ ਦਿਸ਼ਾ ਪਾਵੇ ਸਾਰ, ਵੇਖਣਹਾਰਾ, ਆਪ ਹੋ ਜਾਇਆ। ਸ਼ਬਦੀ ਸ਼ਬਦ ਕਰ ਪਿਆਰ, ਸ਼ਬਦ ਸ਼ਬਦੀ ਮੇਲ ਮਿਲਾਇਆ। ਸ਼ਬਦ ਧੁਨ ਸੱਚੀ ਧੁਨਕਾਰ, ਸ਼ਬਦੀ ਰਿਹਾ ਸੁਣਾਇਆ। ਸ਼ਬਦੀ ਗਾਵੇ ਅਪਰ ਅਪਾਰ, ਆਪ ਆਪਣਾ ਰਾਗ ਅਲਾਇਆ। ਸ਼ਬਦੀ ਖੋਜ ਖੋਜ ਕਰੇ ਵਿਚਾਰ, ਖੋਜੀ ਖੋਜ ਨਾਮ ਰਖਾਇਆ। ਬ੍ਰਹਮਾ ਨੇਤਰ ਲੋਚਣ ਦਏ ਉਘਾੜ, ਆਪ ਆਪਣੀ ਅੱਖ ਵਖਾਇਆ। ਏਕਾ ਅੰਦਰ ਦੇਵੇ ਵਾੜ, ਨਿਰਗੁਣ ਨਿਰਗੁਣ ਵਿਚ ਟਿਕਾਇਆ। ਤ੍ਰੈਗੁਣ ਤੇਰੀ ਬੰਨੇ ਧਾਰ, ਤ੍ਰੈ ਤ੍ਰੈ ਵੇਸ ਵਟਾਇਆ। ਤ੍ਰਿਲੋਕੀ ਵੇਖੇ ਇਕ ਅਖਾੜ, ਸਚ ਅਖਾੜਾ ਆਪ ਲਗਾਇਆ। ਚੌਦਾਂ ਹੱਟਾਂ ਖੋਲ ਕਿਵਾੜ, ਚੌਦਾਂ ਲੋਕਾਂ ਦਏ ਸਰਨਾਇਆ। ਪੰਜ ਤੱਤ ਕਰ ਉਜਿਆਰ, ਆਪ ਆਪਣਾ ਮੇਲ ਮਿਲਾਇਆ। ਆਪਣੀ ਕਿਰਪਾ ਆਪੇ ਧਾਰ, ਨਿਰਗੁਣ ਨਿਰਗੁਣ ਆਪ ਅਖਵਾਇਆ। ਮਨ ਮਤ ਬੁਧ ਕਰ ਉਜਿਆਰ, ਆਪਣਾ ਸੰਗ ਨਿਭਾਇਆ। ਨੌ ਦਰ ਖੋਲ੍ਹੇ ਜਗਤ ਕਿਵਾੜ, ਲੱਖ ਚੁਰਾਸੀ ਵੇਖ ਵਖਾਇਆ। ਜੇਰਜ ਅੰਡ ਪਾਵੇ ਸਾਰ, ਉਤਭੁਜ ਸੇਤਜ ਰਚਨ ਰਚਾਇਆ। ਮਹੱਲ ਅੰਦਰ ਆਪਣਾ ਮਹੱਲ ਉਸਾਰ, ਆਪੇ ਬੈਠਾ ਬੇਪਰਵਾਹਿਆ। ਆਪਣਾ ਰੂਪ ਆਪ ਕਰਤਾਰ, ਆਪੇ ਰਿਹਾ ਛੁਪਾਇਆ। ਬਜਰ ਕਪਾਟੀ ਲਾਏ ਤਾਲ, ਨਾ ਕੋਈ ਸਕੇ ਜਗਤ ਖੁਲ੍ਹਾਇਆ। ਵਸਣਹਾਰਾ ਧਰਮ ਸੱਚੀ ਧਰਮਸਾਲ, ਨਿਝ ਘਰ ਸਾਚਾ ਇਕ ਸੁਹਾਇਆ। ਜੋਤ ਨਿਰੰਜਣ ਦੀਪਕ ਬਾਲ, ਪਰਕਾਸ਼ ਪਰਕਾਸ਼ ਰਖਾਇਆ। ਅਨਹਦ ਧੁਨ ਵਜਾਏ ਤਾਲ, ਰਾਗ ਅਨਾਦੀ ਏਕਾ ਗਾਇਆ। ਅੰਮ੍ਰਿਤ ਆਤਮ ਸੁਹਾਵਾ ਤਾਲ, ਤੀਰ ਨਿਰਾਲਾ ਇਕ ਰਖਾਇਆ। ਆਤਮ ਸੇਜਾ ਹੋ ਉਜਿਆਰ, ਬੈਠਾ ਆਸਣ ਲਾਇਆ। ਦਿਵਸ ਰੈਣ ਏਕਾ ਧਾਰ, ਘੜੀ ਪਲ ਨਾ ਕੋਈ ਰਖਾਇਆ। ਮਰੇ ਨਾ ਜਮੇ ਵਿਚ ਸੰਸਾਰ, ਆਪ ਆਪਣਾ ਵੇਸ ਕਰਾਇਆ। ਹੱਡ ਮਾਸ ਨਾੜੀ ਰਤ ਚਾਰ ਦਿਵਾਰ, ਨਾੜ ਨਾੜ ਜੋੜ ਜੁੜਾਇਆ। ਖੇਲੇ ਖੇਲ ਅਗੰਮ ਅਪਾਰ, ਅਪਰ ਅਪਾਰੀ ਆਪ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਨਿਰਗੁਣ ਰੂਪ ਏਕਾ ਹਰਿ, ਘਟ ਘਟ ਬੈਠਾ ਆਸਣ ਲਾਇਆ। ਘਰ ਮਹੱਲਾ ਘਰ ਮਕਾਨ, ਘਰ ਬੈਠਾ ਬੇਪਰਵਾਹੀਆ। ਘਰ ਸ਼ਬਦ ਘਰ ਨਿਸ਼ਾਨ, ਘਰ ਸਾਚੇ ਰਿਹਾ ਝੁਲਾਈਆ। ਘਰ ਸ਼ਬਦ ਘਰ ਧੁੰਨਕਾਨ, ਘਰ ਸਾਚੇ ਰਿਹਾ ਸੁਣਾਈਆ। ਘਰ ਪੁਰਖ ਘਰ ਸੁਲਤਾਨ, ਘਰ ਬੈਠਾ ਬੇਪਰਵਾਹੀਆ। ਘਰ ਰੰਕ ਘਰ ਰਾਜਾਨ, ਸ਼ਾਹੋ ਭੂਪ ਘਰ ਦਿਸਾਈਆ। ਘਰ ਘਰ ਮੇਲਾ ਪੰਜ ਸ਼ੈਤਾਨ, ਘਰ ਘਰ ਝੂਠੀ ਵੱਜੇ ਵਧਾਈਆ। ਘਰ ਘਰ ਜਗਤ ਤ੍ਰਿਸਨਾ ਪੀਣ ਖਾਣ, ਘਰ ਘਰ ਕਾਮ ਕਰੋਧ ਲੋਭ ਮੋਹ ਹਲਕਾਈਆ। ਘਰ ਵਿਚ ਪੰਡਤ ਘਰ ਵਿਚ ਗਿਆਨ, ਘਰ ਘਰ ਵਿਦਿਆ ਰਹੇ ਪੜ੍ਹਾਈਆ। ਘਰ ਘਰ ਪੂਜਾ ਘਰ ਘਰ ਪਾਠ ਘਰ ਘਰ ਮੇਲ ਸ੍ਰੀ ਭਗਵਾਨ, ਘਰ ਘਰ ਇਸ਼ਟ ਦੇਵ ਰਹੇ ਮਨਾਈਆ। ਘਰ ਘਰ ਸੀਤਾ ਘਰ ਘਰ ਰਾਮ, ਸੀਤਾ ਸੁਰਤ ਨਾ ਸ਼ਬਦ ਪਰਨਾਈਆ। ਘਰ ਘਰ ਰਾਧਾ ਘਰ ਘਰ ਕ੍ਰਿਸ਼ਨਾ ਘਰ ਘਰ ਕਾਹਨ, ਨਾਮ ਬੰਸਰੀ ਨਾ ਕੋਈ ਵਜਾਈਆ। ਘਰ ਘਰ ਵੇਦ ਪਾਠ ਪੁਰਾਨ, ਘਰ ਘਰ ਗਾਇਤਰੀ ਮੰਤਰ ਰਹੇ ਸੁਣਾਈਆ। ਘਰ ਘਰ ਬੈਠੇ ਕਰਨ ਵਖਿਆਨ, ਘਰ ਘਰ ਅਲਖ ਜਗਾਈਆ। ਘਰ ਘਰ ਦਿਸੇ ਸੁੰਝ ਮਸਾਣ, ਘਰ ਘਰ ਕਾਗ ਰਹੇ ਕੁਰਲਾਈਆ। ਘਰ ਘਰ ਮੇਲਾ ਗੁਣ ਨਿਧਾਨ, ਘਰ ਘਰ ਸਾਚਾ ਆਪ ਸੁਹਾਈਆ । ਘਰ ਵਿਚ ਘਰ ਕਰ ਪਰਵਾਨ, ਘਰ ਬੈਠਾ ਸ਼ਬਦ ਸਲਾਹੀਆ। ਘਰ ਵਿਚ ਦੇਵਣਹਾਰਾ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਏਕਾ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਵਰ ਘਰ ਪਾਇਆ, ਦੇਵਣਹਾਰ ਨਿਰੰਕਾਰਾ। ਬ੍ਰਹਮਾ ਵੇਤਾ ਸੇਵਾ ਲਾਇਆ, ਮੇਲ ਮਿਲਾਇਆ ਸਰਬ ਸੰਸਾਰਾ । ਵਿਸ਼ਨੂੰ ਵੰਸੀ ਖੇਲ ਖਿਲਾਇਆ, ਆਤਮ ਅੰਤਰ ਭਰ ਭੰਡਾਰਾ। ਸ਼ਿਵ ਸ਼ੰਕਰ ਹਰਿ ਹਰਿ ਵੇਖ ਵਖਾਇਆ, ਅੰਤ ਅੰਤ ਕਰੇ ਸ਼ੰਘਾਰਾ। ਆਪ ਆਪਣਾ ਬਾਹਰ ਰਖਾਇਆ, ਹੋਇਆ ਬੰਦ ਨਾ ਕਿਸੇ ਕਿਵਾੜਾ। ਥਿਰ ਘਰ ਬੈਠਾ ਆਸਣ ਲਾਇਆ, ਜੰਗਲ ਜੂਹ ਨਾ ਕੋਈ ਉਜਾੜ ਪਹਾੜਾ। ਸਚ ਸਿੰਘਾਸਣ ਇਕ ਸੁਹਾਇਆ, ਨਜ਼ਰ ਆਏ ਨਾ ਪੰਚਮ ਧਾੜਾ। ਨਿਰਗੁਣ ਜੋਤੀ ਸੇਵਾ ਲਾਇਆ, ਸਚਖੰਡ ਰਚਾਇਆ ਇਕ ਅਖਾੜਾ। ਆਦਿ ਜੁਗਾਦੀ ਵੇਸ ਵਟਾਇਆ, ਲੋਕਮਾਤ ਲਏ ਅਵਤਾਰਾ। ਜੁਗ ਕਰਤਾ ਹਰਿ ਨਾਮ ਧਰਾਇਆ, ਕਰੇ ਕਰਾਏ ਕਰਨੇਹਾਰਾ। ਸਾਧਾਂ ਸੰਤਾਂ ਸੇਵਾ ਲਾਇਆ, ਆਪੇ ਜਾਣੇ ਪਰਉਪਕਾਰਾ। ਆਪ ਆਪਣਾ ਨਾਉਂ ਜਣਾਇਆ, ਦੇਵੇ ਸਚ ਭੰਡਾਰਾ। ਲੋਕਮਾਤ ਹਰਿ ਮਾਰ ਝਾਤ ਨਿਤ ਨਵਿਤ ਵੇਖਣ ਆਇਆ, ਵੇਖਣਹਾਰ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਸਰਗੁਣ ਸੰਗ ਨਿਭਾਇਆ। ਨਿਰਗੁਣ ਖੇਲ ਹਰਿ ਕਰਤਾਰ, ਸਰਗੁਣ ਸੰਗ ਰਖਾਈਆ। ਸਰਗੁਣ ਮੇਲਾ ਵਿਚ ਸੰਸਾਰ, ਨਿਰਗੁਣ ਧਾਰ ਚਲਾਈਆ। ਨਿਰਗੁਣ ਜੋਤ ਕਰ ਉਜਿਆਰ, ਸਰਗੁਣ ਵਿਚ ਟਿਕਾਈਆ। ਸਰਗੁਣ ਪਾਏ ਪੁਰਖ ਅਪਾਰ, ਨਿਝ ਘਰ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਹੰ ਬ੍ਰਹਮ ਕਰ ਪਿਆਰ, ਏਕਾ ਦਰ ਸੁਹਾਈਆ। ਸੋਹੰ ਰੂਪ ਰੂਪ ਕਰਤਾਰ, ਏਕਾ ਦੂਜਾ ਭੌ ਚੁਕਾਈਆ। ਏਕਾ ਨੇਤਰ ਲਏ ਉਘਾੜ, ਦੋਏ ਲੋਚਣ ਬੰਦ ਰਖਾਈਆ। ਮੇਟ ਮਿਟਾਏ ਪੰਚਮ ਧਾੜ, ਸਚ ਸੁੱਚ ਕਰੇ ਵਡਿਆਈਆ। ਏਕਾ ਰੂਪ ਨਜ਼ਰੀ ਆਏ ਧੁਰ ਦਰਬਾਰ, ਰੂਪ ਅਨੂਪਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਦੇਵੇ ਵਰ, ਸੋ ਪੁਰਖ ਵਡ ਵਡਿਆਈਆ। ਸੋ ਪੁਰਖ ਹਰਿ ਸੁਲਤਾਨ, ਸ਼ਾਹੋ ਭੂਪ ਸਿਕਦਾਰਾ। ਹੰ ਬ੍ਰਹਮ ਕਰ ਪਛਾਨ, ਖੇਲੇ ਖੇਲ ਅਪਾਰਾ। ਦੋਹਾਂ ਮੇਲਾ ਇਕ ਮੈਦਾਨ, ਪੰਜ ਤੱਤ ਉਜਿਆਰਾ। ਦੇਵਣਹਾਰਾ ਸਾਚਾ ਦਾਨ, ਭਰੇ ਸਚ ਭੰਡਾਰਾ। ਆਪ ਸੁਹਾਏ ਇਕ ਮਕਾਨ, ਥਿਰ ਘਰ ਮਹੱਲ ਅਟੱਲ ਮੁਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਅੰਦਰ ਨਿਰਗੁਣ ਵੜ, ਆਪਣੀ ਪੌੜੀ ਆਪੇ ਚੜ੍ਹ, ਆਪਣੇ ਦਵਾਰ ਆਪੇ ਖੜ੍ਹ, ਆਪੇ ਹੋਏ ਉਜਿਆਰਾ। ਸਚ ਦਵਾਰ ਸਚ ਮਹੱਲਾ, ਹਰਿ ਹਰਿ ਆਪ ਵਸਾਇਆ। ਆਪੇ ਬੈਠ ਇਕ ਅਕੱਲਾ, ਲੱਖ ਚੁਰਾਸੀ ਰਿਹਾ ਚਲਾਇਆ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਡੇਰਾ ਲਾਇਆ। ਜਨ ਭਗਤਾਂ ਫੜਾਏ ਆਪਣਾ ਪੱਲਾ, ਜੁਗ ਜੁਗ ਵੇਸ ਵਟਾਇਆ। ਆਪੇ ਸ਼ਬਦ ਸ਼ਬਦੀ ਕਰੇ ਹੱਲਾ, ਆਪੇ ਵੇਖ ਵਖਾਇਆ। ਆਪੇ ਦੂਈ ਦਵੈਤੀ ਹੋਏ ਸਲਾ, ਆਪੇ ਦੋਏ ਦੋਏ ਰੰਗ ਰੰਗਾਇਆ। ਆਪੇ ਸ਼ਬਦ ਕਟਾਰ, ਬਣੇ ਭੱਲਾ, ਤੀਰ ਤਫੰਗ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਨਿਰਗੁਣ ਘਰ, ਨਾਮ ਮਰਦੰਗ ਇਕ ਵਜਾਇਆ। ਨਾਮ ਮਰਦੰਗ ਸਾਚਾ ਢੋਲ, ਹਰਿ ਸਤਿਗੁਰ ਆਪ ਵਜਾਈਆ । ਜਨ ਭਗਤ ਆਤਮ ਅੰਤਰ ਪੜਦਾ ਖੋਲ੍ਹ, ਆਪ ਆਪਣਾ ਦਏ ਬੁਝਾਈਆ। ਸ਼ਬਦ ਕੰਡੇ ਸਚ ਤਰਾਜ਼ੂ ਆਪੇ ਤੋਲ, ਕਰਤਾ ਕੀਮਤ ਦਏ ਪਾਈਆ। ਸਚ ਵਸਤ ਸਦ ਰੱਖੇ ਕੋਲ, ਘਰ ਆਪਣੇ ਆਪ ਰਖਾਈਆ। ਕਲਜੁਗ ਮਾਇਆ ਜੀਵ ਜੰਤ ਕਰੇ ਅਨਭੋਲ, ਨਾਮ ਗਠੜੀ ਨਾ ਕੋਈ ਖੁਲ੍ਹਾਈਆ। ਝੂਠੀ ਖਾਕ ਰਹੇ ਵਰੋਲ, ਸਚ ਲਾਲ ਹੱਥ ਨਾ ਆਈਆ। ਹਰਿ ਕਾ ਸ਼ਬਦ ਜਗਤ ਮਖੌਲ, ਸਾਚੀ ਭਿਛਿਆ ਕੋਈ ਨਾ ਪਾਈਆ। ਉਲਟਾ ਕਰੇ ਨਾ ਕੋਈ ਨਾਭ ਕਵਲ, ਅੰਮ੍ਰਿਤ ਝਿਰਨਾ ਨਾ ਕੋਈ ਝਿਰਾਈਆ। ਪਾਰਬ੍ਰਹਮ ਤੇਰਾ ਕੱਢਦੇ ਫਿਰਦੇ ਪੋਲ, ਆਪਣਾ ਪੋਲ ਨਾ ਵੇਖ ਵਖਾਈਆ। ਹਰ ਘਟ ਅੰਦਰ ਰਿਹਾ ਮੌਲ, ਨਾ ਕੋਈ ਸਕੇ ਭੇਵ ਛੁਪਾਈਆ। ਮਨ ਮਤ ਰਚਾਇਆ ਜਗਤ ਘੋਲ, ਦਿਵਸ ਰੈਣ ਰਹੇ ਕਰਾਈਆ। ਗੁਰਮੁਖ ਸੁੱਤੇ ਸਦਾ ਅਨਭੋਲ, ਸਤਿਗੁਰ ਪੂਰਾ ਲਏ ਜਗਾਈਆ। ਹੌਲੀ ਹੌਲੀ ਅੰਦਰ ਮੰਦਰ ਬੋਲ, ਆਪਣਾ ਰਾਹ ਰਿਹਾ ਵਖਾਈਆ। ਕਲਜੁਗ ਅੰਤਮ ਕਰੇ ਚੋਹਲ, ਕਾਇਆ ਚੋਲਾ ਲਏ ਬਦਲਾਈਆ। ਕਿਸੇ ਹੱਥ ਨਾ ਆਏ ਪੰਡਤ ਪਾਂਧੇ ਰੌਲ, ਗਿਆਨ ਧਿਆਨ ਨਾ ਕੋਈ ਵਡਿਆਈਆ। ਜੋ ਜਨ ਚਰਨ ਪ੍ਰੀਤੀ ਰਹੇ ਘੋਲ, ਤਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਅੰਦਰ ਨਿਰਗੁਣ ਧਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਦਾਤਾ ਬੇਪਰਵਾਹ, ਸਤਿਗੁਰ ਆਪ ਅਖਵਾਇੰਦਾ। ਨਿਰਗੁਣ ਬਣੇ ਜਗਤ ਮਲਾਹ, ਭਵ ਸਾਗਰ ਪਾਰ ਤਰਾਇੰਦਾ। ਸਤਿਗੁਰ ਪੂਰਾ ਸਿਫ਼ਤ ਸਲਾਹ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਜਿਸ ਜਨ ਜਪਾਏ ਆਪਣਾ ਨਾਂ, ਸੋਹੰ ਰੂਪ ਸ਼ਬਦ ਜਣਾਇੰਦਾ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅੰਞਾਣੇ ਆਪਣੀ ਗੋਦ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂ, ਜੋ ਜਨ ਚਰਨ ਧਿਆਨ ਰਖਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਉਠਾਇੰਦਾ। ਕਲਜੁਗ ਅੰਤਮ ਪਕੜਨ ਆਇਆ ਬਾਂਹ, ਨਿਹਕਲੰਕਾ ਨਾਉਂ ਰਖਾਇੰਦਾ। ਦੋ ਜਹਾਨੀ ਕਰੇ ਸਚ ਨਿਆਂ, ਜਗਤ ਝਗੜਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਖੇਲ ਨਿਰਗੁਣ ਮੇਲ, ਨਿਰਗੁਣ ਵੱਜੀ ਵਧਾਈਆ। ਸਰਗੁਣ ਚੜ੍ਹਿਆ ਸਾਚਾ ਤੇਲ, ਜੋਤ ਨਿਰੰਜਣ ਸੇਵ ਕਮਾਈਆ। ਨਿਰਗੁਣ ਹੋਇਆ ਸੱਜਣ ਸੁਹੇਲ, ਘਰ ਸਾਚਾ ਬੇਪਰਵਾਹੀਆ। ਨਿਰਗੁਣ ਸਰਗੁਣ ਗੁਰੂ ਗੁਰ ਚੇਲ, ਚੇਲਾ ਗੁਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਾਰ ਕਮਾਈਆ। ਨਿਰਗੁਣ ਧਾਰ ਜੋਤ ਨਿਰੰਜਣ, ਆਦਿ ਨਿਰੰਜਣ ਖੇਲ ਖਿਲਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਆਪ ਤਰਾਇੰਦਾ। ਜਿਸ ਜਨ ਨੇਤਰ ਦੇਵੇ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਧੁਨ ਅਨਾਦੀ ਸ਼ਬਦ ਤਾਲ ਮੰਦਰ ਅੰਦਰ ਕਾਇਆ ਵੱਜਣ, ਸੁੰਨ ਸਮਾਧ ਆਪ ਖੁਲ੍ਹਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਨ, ਭਰਮ ਗੜ੍ਹ ਤੁੜਾਇੰਦਾ। ਜਗਤ ਵਿਕਾਰਾ ਗੁਰਮੁਖ ਗੁਰਸਿਖ ਸਾਚੇ ਤਜਨ, ਘਰ ਸਾਚਾ ਇਕ ਦਰਸਾਇੰਦਾ। ਵੇਲੇ ਅੰਤਮ ਰੱਖੇ ਲੱਜਨ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਦਰ ਦਰ ਘਰ ਘਰ ਨਰ ਹਰਿ ਕੰਤ ਭਤਾਰ, ਏਕਾ ਹਰਿ ਨਿਰੰਕਾਰ, ਸੁਰਤੀ ਸ਼ਬਦੀ ਏਕਾ ਧਾਰ, ਆਤਮ ਸੇਜਾ ਹੋ ਉਜਿਆਰ, ਏਕਾ ਪੁਰਖ ਏਕਾ ਨਾਰ, ਦਸਮ ਦਵਾਰੀ ਦਰ ਵਖਾਇੰਦਾ।
