Granth 08 Likhat 015: 22 Magh 2015 Bikarmi Attar Singh de Ghar Pind Ogra Jila Gurdaspur

੨੨ ਮਾਘ ੨੦੧੫ ਬਿਕ੍ਰਮੀ ਅਤਰ ਸਿੰਘ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਆਦਿ ਪੁਰਖ ਹਰਿ ਸਮਰਥ, ਏਕਾ ਏਕ ਏਕੰਕਾਰਿਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਖੇਲ ਨਿਆਰਿਆ। ਸ਼ਬਦੀ ਜਣਾਈ ਮਹਿਮਾ ਅਕੱਥ, ਭਰੇ ਨਾਮ ਭੰਡਾਰਿਆ। ਦੇਵਣਹਾਰਾ ਸਾਚੀ ਵੱਥ, ਲੋਆਂ ਪੁਰੀਆਂ ਆਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾ ਰਿਹਾ । ਪੁਰਖ ਅਬਿਨਾਸ਼ੀ ਅਕਲ ਕਲ ਧਾਰੀ, ਏਕਾ ਏਕ ਅਖਵਾਈਆ। ਆਦਿ ਜੁਗਾਦੀ ਖੇਲ ਅਪਾਰੀ, ਜੁਗ ਜੁਗ ਵੇਸ ਵਟਾਈਆ। ਆਦਿਨ ਅੰਤਾ ਏਕਾ ਏਕੰਕਾਰੀ, ਏਕਾ ਏਕ ਅਖਵਾਈਆ। ਨਾਮ ਡੰਕਾ ਸ਼ਬਦ ਧੁਨਕਾਰੀ, ਸਾਚਾ ਸ਼ਬਦ ਅਲਾਈਆ। ਅਲੱਖ ਅਗੋਚਰ ਅਗੰਮ ਅਪਾਰੀ, ਭੇਵ ਅਭੇਦਾ ਆਪ ਅਖਵਾਈਆ। ਸ਼ਾਹੋ ਭੂਪ ਸੱਚੀ ਸਿਕਦਾਰੀ, ਸਚ ਸੁਲਤਾਨ ਵਡ ਵਡਿਆਈਆ। ਨਿਰਗੁਣ ਜੋਤ ਨੂਰ ਉਜਿਆਰੀ, ਨੂਰੋ ਨੂਰ ਸਮਾਈਆ। ਇਕ ਅਕੱਲਾ ਖੇਲ ਅਪਾਰੀ, ਦੂਸਰ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਹਰਿ ਭਗਵਾਨਾ, ਪਾਰਬ੍ਰਹਮ ਅਖਵਾਇੰਦਾ। ਸ਼ਬਦ ਅਨਾਦੀ ਇਕ ਤਰਾਨਾ, ਏਕਾ ਰਾਗ ਅਲਾਇੰਦਾ। ਏਕਾ ਮੰਦਰ ਸਚ ਮਕਾਨਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਏਕਾ ਤਖ਼ਤ ਤਾਜ ਸੁਲਤਾਨਾ, ਏਕਾ ਸੀਸ ਟਿਕਾਇੰਦਾ। ਏਕਾ ਜੋਧਾ ਸੂਰਬੀਰ ਬਲਵਾਨਾ, ਏਕਾ ਆਪਣਾ ਨਾਉਂ ਉਪਾਇੰਦਾ। ਏਕਾ ਖੇਲੇ ਖੇਲ ਦੋ ਜਹਾਨਾ, ਆਪ ਆਪਣਾ ਵੇਸ ਵਟਾਇੰਦਾ। ਏਕਾ ਲੋਆਂ ਪੁਰੀਆਂ ਬੰਨੇ ਗਾਨਾ, ਬ੍ਰਹਮਾ ਵਿਸ਼ਨ ਮਹੇਸ਼ਾ ਸੇਵਾ ਲਾਇੰਦਾ। ਏਕਾ ਨੂਰ ਹੋ ਪਰਧਾਨਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਨਿਰਗੁਣ ਖੇਲ ਹਰਿ ਭਗਵੰਤ, ਆਦਿ ਪੁਰਖ ਅਬਿਨਾਸ਼ਿਆ। ਆਪੇ ਨਾਰੀ ਆਪੇ ਕੰਤ, ਆਪੇ ਖੇਲੇ ਖੇਲ ਤਮਾਸ਼ਿਆ। ਆਪੇ ਆਦਿ ਆਪੇ ਅੰਤ, ਆਪੇ ਜੁਗ ਜੁਗ ਨਾਮ ਧਰਾਸਿਆ। ਆਪੇ ਜੀਵ ਆਪੇ ਜੰਤ, ਆਪੇ ਜੰਗਲ ਜੂਹ ਉਜਾੜ ਪਰਭਾਸਿਆ। ਆਪੇ ਸਾਧ ਆਪੇ ਸੰਤ, ਆਪ ਮਾਇਆ ਮਮਤਾ ਕਰੇ ਨਿਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਵੇਖ ਵਖਾਏ ਪ੍ਰਿਥਮੀ ਅਕਾਸ਼ਿਆ। ਪ੍ਰਿਥਮੀ ਅਕਾਸ਼ ਸਾਚੀ ਰਾਸ, ਹਰਿ ਸਾਚੇ ਆਪ ਸੁਹਾਈਆ। ਨਿਰਗੁਣ ਜੋਤੀ ਕਰ ਪਰਕਾਸ਼, ਰਵ ਸਸ ਆਪ ਟਿਕਾਈਆ। ਮੰਡਲ ਮੰਡਪ ਪਾਵੇ ਰਾਸ, ਚੰਨ ਸਤਾਰ ਸੁਹਾਈਆ। ਆਦਿ ਅੰਤ ਨਾ ਜਾਏ ਵਿਨਾਸ, ਹਰਿ ਵਡ ਵੱਡਾ ਵਡਿਆਈਆ। ਦਾਤਾ ਦਾਨੀ ਸਰਬ ਗੁਣਤਾਸ, ਗਹਿਰ ਗੰਭੀਰ ਸਮਾਈਆ। ਤ੍ਰੈਗੁਣ ਮੀਤਾ ਵਸਿਆ ਪਾਸ, ਤ੍ਰੈਗੁਣ ਅੰਕ ਸਮਾਈਆ। ਆਪੇ ਪੂਰੀ ਕਰਨਹਾਰਾ ਆਸ, ਆਪੇ ਇਛਿਆ ਭਿਛਿਆ ਝੋਲੀ ਪਾਈਆ। ਆਪੇ ਆਪਣਾ ਹੋਵੇ ਦਾਸ, ਸੇਵਕ ਸੇਵਾ ਕਮਾਈਆ। ਆਪ ਆਪਣਾ ਸਾਸ ਗਰਾਸ, ਆਪਣਾ ਲਹਿਣਾ ਆਪ ਚੁਕਾਈਆ। ਆਪੇ ਆਪਣਾ ਕਰੇ ਭੋਗ ਬਿਲਾਸ, ਆਪ ਆਪਣੀ ਸੇਜ ਹੰਢਾਈਆ। ਆਪੇ ਕਰੇ ਆਪਣੀ ਬੰਦ ਖੁਲਾਸ, ਬੰਦੀ ਤੋੜ ਨਾਮ ਅਖਵਾਈਆ। ਨਿਰਗੁਣ ਰੂਪ ਸ਼ਾਹੋ ਸ਼ਾਬਾਸ਼, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਸਮਾਈਆ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਇੰਦਾ। ਅਗੰਮੜਾ ਕਰੇ ਅਗੰਮੜੀ ਕਾਰ, ਭੇਵ ਕੋਈ ਨਾ ਪਾਇੰਦਾ। ਅਲੱਖ ਨਿਰੰਜਣ ਖੇਲ ਅਪਾਰ, ਇਕ ਅਲੱਖ ਜਗਾਇੰਦਾ। ਵੇਖਣਹਾਰਾ ਸਚ ਦਵਾਰ, ਥਿਰ ਘਰ ਵਾਸੀ ਫੋਲ ਫੋਲਾਇੰਦਾ। ਸਚ ਸਿੰਘਾਸਣ ਸੱਚੀ ਸਰਕਾਰ, ਸਚ ਸੁਲਤਾਨ ਆਪ ਅਖਵਾਇੰਦਾ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਰਚਨ ਰਚਾਇੰਦਾ। ਪੰਚਮ ਪੰਚਮ ਕਰ ਤਿਆਰ, ਪੰਚਮ ਵਿਚ ਸਮਾਇੰਦਾ। ਲੱਖ ਚੁਰਾਸੀ ਕਰ ਸ਼ੰਗਾਰ, ਤ੍ਰੈ ਤ੍ਰੈ ਵੇਖ ਵਖਾਇੰਦਾ। ਚੌਦਾਂ ਲੋਕਾਂ ਹੱਟ ਪਸਾਰ, ਏਕਾ ਘਰ ਉਪਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲਾ ਨਿਰਗੁਣ ਮੇਲਾ ਨਿਰਗੁਣ ਨਿਰਗੁਣ ਆਪ ਕਰਾਇੰਦਾ। ਨਿਰਗੁਣ ਰੂਪ ਆਦਿ ਨਿਰੰਜਣ, ਏਕਾ ਏਕ ਅਖਵਾਈਆ। ਨਾ ਕੋਈ ਦੂਸਰ ਸਾਕ ਸੱਜਣ, ਨਾ ਕੋਈ ਸੰਗ ਨਿਭਾਈਆ। ਕਿਸੇ ਨਾ ਚੜ੍ਹੇ ਕੋਈ ਜਹਾਜਨ, ਨਾ ਬੇੜਾ ਕੋਈ ਵਖਾਈਆ। ਨਾ ਕੋਈ ਰੱਖਣਹਾਰਾ ਲਾਜਣ, ਨਾ ਕੋਈ ਸੀਸ ਹੱਥ ਟਿਕਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਕਰੇ ਆਪਣਾ ਕਾਜਨ, ਆਪ ਆਪਣੀ ਬਣਤ ਬਣਾਈਆ। ਲੱਖ ਚੁਰਾਸੀ ਸਾਚੀ ਸਾਜਣ, ਸਾਜਣਹਾਰਾ ਭੇਵ ਨਾ ਰਾਈਆ। ਆਪਣੇ ਅਸਵ ਚੜ੍ਹੇ ਸਾਚੇ ਤਾਜਨ, ਨਾਮ ਘੋੜਾ ਇਕ ਦੌੜਾਈਆ। ਲੋਕਮਾਤ ਆਵੇ ਜਾਵੇ ਰਾਜ ਰਾਜਨ, ਆਪ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਮਾਰੇ ਵਾਜਨ, ਸ਼ਬਦ ਧੁਨ ਸੁਣਾਈਆ। ਭਗਤ ਸੁਹੇਲੇ ਉਠ ਭਾਜਨ, ਨੇਤਰ ਨੈਣ ਰਹੇ ਸ਼ਰਮਾਈਆ। ਗੁਰਮੁਖ ਸਵਾਰੇ ਆਪੇ ਕਾਜਨ, ਗੁਰ ਪੂਰੇ ਵਡ ਵਡਿਆਈਆ। ਨਾਮ ਚੜ੍ਹਾਏ ਸਚ ਜਹਾਜਨ, ਲੋਕਮਾਤ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਜੋਤ ਉਜਾਲਾ, ਅਕਲ ਕਲਾ ਕਲ ਧਾਰੀਆ। ਖੇਲੇ ਖੇਲ ਗੁਰ ਗੋਪਾਲਾ, ਆਦਿ ਅੰਤ ਇਕ ਅਵਤਾਰੀਆ। ਪਾਰਬ੍ਰਹਮ ਦੀਨ ਦਿਆਲਾ, ਲੋਕਮਾਤ ਲਏ ਅਵਤਾਰੀਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲਿਖਤ ਨਾ ਕੋਈ ਲਿਖਾ ਰਿਹਾ। ਆਪੇ ਜਾਣੇ ਧਰਮ ਸੱਚੀ ਧਰਮਸਾਲਾ, ਦਰ ਘਰ ਸਾਚੇ ਡੇਰਾ ਲਾ ਰਿਹਾ। ਚਰਨ ਰਖਾਏ ਕਾਲ ਮਹਾਂਕਾਲਾ, ਆਪ ਆਪਣੀ ਕਲ ਵਰਤਾ ਰਿਹਾ। ਸ਼ਬਦ ਅਨਾਦੀ ਧੁਰ ਦਰਗਾਹੀ ਵਜਾਏ ਆਪਣਾ ਤਾਲਾ, ਤਾਲ ਤਲਵਾੜਾ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਕਰ, ਵੇਸ ਅਨੇਕਾ ਆਪ ਵਟਾ ਰਿਹਾ। ਵੇਸ ਅਨੇਕਾ ਹਰਿ ਅਵੱਲਾ, ਹਰੀ ਹਰਿ ਆਪ ਕਰਾਈਆ। ਪਾਰਬ੍ਰਹਮ ਬੈਠਾ ਇਕ ਇਕੱਲਾ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਆਦਿ ਨਿਰੰਜਣ ਸਚ ਸਿੰਘਾਸਣ ਏਕਾ ਮੱਲਾ, ਦਿਸ ਕਿਸੇ ਨਾ ਆਈਆ। ਸ੍ਰੀ ਭਗਵਾਨ ਦਰ ਦਵਾਰੇ ਆਪਣੇ ਆਪੇ ਖੱਲਾ, ਘਰ ਸਾਚਾ ਆਪ ਸੁਹਾਈਆ। ਨਰ ਨਰਾਇਣ ਵਸਿਆ ਨਿਹਚਲ ਧਾਮ ਅਟੱਲਾ, ਉਚ ਅਥਾਹ ਬੇਪਰਵਾਹੀਆ। ਆਪਣੀ ਜੋਤੀ ਸ਼ਬਦੀ ਆਪੇ ਰਲਾ, ਜੋਤੀ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਏਕਾ ਘਰ, ਨਿਰਗੁਣ ਨਿਰਗੁਣ ਰਿਹਾ ਮਿਲਾਈਆ। ਨਿਰਗੁਣ ਮਿਲਿਆ ਪਾਰਬ੍ਰਹਮ, ਭੇਵ ਅਭੇਦ ਛੁਪਾਇਆ। ਨਾ ਮਰੇ ਨਾ ਪਏ ਜੰਮ, ਮਾਤ, ਗਰਭ ਨਾ ਕੋਇ ਟਿਕਾਇਆ। ਨਾ ਕੋਈ ਪਵਣ ਸਵਾਸੀ ਦਮ, ਨੇਤਰ ਨੀਰ ਨਾ ਕੋਇ ਵਹਾਇਆ। ਆਪੇ ਜਾਣੇ ਆਪਣਾ ਕੰਮ, ਆਪ ਆਪਣਾ ਖੇਲ ਖਲਾਇਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਇਆ। ਆਪ ਉਪਾਏ ਸੂਰਜ ਚੰਨ, ਮੰਡਲ ਮੰਡਪ ਆਪ ਸੁਹਾਇਆ। ਆਪੇ ਵਸਿਆ ਛੱਪਰੀ ਛੰਨ, ਆਪੇ ਹਰ ਘਟ ਡੇਰਾ ਲਾਇਆ। ਆਪੇ ਜਗਤ ਨਿਰਾਲਾ ਬਾਹਰ ਤਨ, ਪੰਜ ਤੱਤ ਨਾ ਕੋਇ ਰਖਾਇਆ। ਆਪੇ ਦੇਵਣਹਾਰਾ ਡੰਨ, ਏਕਾ ਡੰਕਾ ਨਾਮ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਦਿ ਜੁਗਾਦੀ ਜੁਗ ਜੁਗ ਆਪਣਾ ਨਾਮ ਧਰਾਇਆ। ਜੁਗ ਜੁਗ ਵੇਸ ਪੁਰਖ ਕਰਤਾਰਾ, ਆਪਣਾ ਆਪ ਕਰਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਅਭੇਦ ਖੁਲ੍ਹਾਈਆ। ਪਾਵਣਹਾਰਾ ਆਪਣੀ ਸਾਰਾ, ਆਪ ਆਪਣੀ ਰਚਨ ਰਚਾਈਆ। ਸ਼ਬਦੀ ਸ਼ਬਦ ਬਣ ਸਹਾਰਾ, ਸ਼ਬਦ ਸ਼ਬਦੀ ਰਿਹਾ ਤਰਾਈਆ। ਬ੍ਰਹਮ ਬ੍ਰਹਿਮਾਦੀ ਇਕ ਕਿਨਾਰਾ, ਪਾਰਬ੍ਰਹਮ ਆਪ ਅਖਵਾਈਆ। ਧੁੰਨ ਅਨਾਦੀ ਏਕਾ ਨਾਅਰਾ, ਪੁਰਖ ਅਕਾਲਾ ਆਪ ਲਗਾਈਆ। ਜੂਨੀ ਰਹਿਤ ਖੇਲ ਅਪਾਰਾ, ਘਰ ਸਾਚੇ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਸਾਚਾ ਘਰ, ਘਰ ਮੰਦਰ ਇਕ ਸੁਹਾਈਆ। ਨਿਰਗੁਣ ਮੰਦਰ ਸ਼ਬਦ ਟਿਕਾਣਾ, ਹਰਿ ਸਾਚੀ ਰਚਨ ਰਚਾਇੰਦਾ। ਸ਼ਾਹੋ ਭੂਪ ਸਚ ਸੁਲਤਾਨਾ, ਹਰਿ ਮਿਹਰਵਾਨਾ ਆਪ ਅਖਵਾਇੰਦਾ। ਲੱਖ ਚੁਰਾਸੀ ਨਿਗਹਬਾਨਾ, ਦੇਵਤ ਸੁਰ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਧਿਆਨਾ, ਇਕ ਗਿਆਨ ਦ੍ਰਿੜਾਇੰਦਾ। ਵਸਣਹਾਰਾ ਜੀਵ ਜਹਾਨਾ, ਜੀਵਾਂ ਜੰਤਾਂ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਸਚ ਮਹੱਲਾ ਸਚ ਅਟਾਰੀ, ਨਿਰਗੁਣ ਜੋਤ ਇਕ ਨਿਰੰਕਾਰੀ, ਏਕਾ ਨੂਰ ਦਰਸਾਇੰਦਾ। ਏਕਾ ਨੂਰ ਹਰਿ ਗੋਬਿੰਦ, ਹਰਿ ਹਰਿ ਰੂਪ ਵਟਾਇਆ। ਮੇਟਣਹਾਰਾ ਸਗਲੀ ਚਿੰਦ, ਆਪ ਆਪਣੀ ਦਇਆ ਕਮਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਹੋ ਜਾਇਆ। ਨਾਮ ਭੰਡਾਰੀ ਸਾਗਰ ਸਿੰਧ, ਘਰ ਸਾਚੇ ਆਸਣ ਲਾਇਆ। ਭਗਤ ਸੁਹੇਲੇ ਨਾਦੀ ਬਿੰਦ, ਪੂਤ ਸਪੂਤੇ ਆਪ ਉਪਾਇਆ। ਜੋਧਾ ਸੂਰ ਬਲੀ ਮਰਗਿੰਦ, ਏਕਾ ਏਕ ਏਕ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਹਰਿ ਸਾਚੇ ਮੇਲ ਮਿਲਾਇਆ। ਆਦਿ ਨਿਰੰਜਣ ਜੋਤੀ ਮੇਲਾ, ਸ਼ਬਦੀ ਸੰਗ ਰਖਾਈਆ। ਹਰਿ ਹਰਿ ਗੁਰ ਸ਼ਬਦੀ ਚੇਲਾ, ਚੇਲਾ ਗੁਰ ਭੇਵ ਨਾ ਰਾਈਆ। ਏਕਉਂਕਾਰਾ ਸੱਜਣ ਸੁਹੇਲਾ, ਏਕਾ ਧਾਰ ਬੰਧਾਈਆ। ਆਪੇ ਵਸਿਆ ਰੰਗ ਨਵੇਲਾ, ਨਿਜ ਘਰ ਆਪਣਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਰਿਹਾ ਕਰ, ਜੁਗ ਜੁਗ ਵੇਖੇ ਮਾਤ ਲੋਕਾਈਆ। ਲੋਕਮਾਤ ਹਰਿ ਅਵਤਾਰਾ, ਹਰਿ ਹਰਿ ਰਚਨ ਰਚਾਇੰਦਾ। ਖੇਲੇ ਖੇਲ ਅਪਰ ਅਪਾਰਾ, ਪਾਰਬ੍ਰਹਮ ਵਡ ਵਡਿਆਇੰਦਾ। ਨਾ ਜਨਮੇ ਨਾ ਕਦੇ ਮਰਾ, ਆਵਣ ਜਾਵਣ ਖੇਲ ਖਿਲਾਇੰਦਾ। ਆਪਣਾ ਨਾਮ ਆਪੇ ਧਰਾ, ਜਪਤ ਜਾਪ ਆਪ ਜਪਾਇੰਦਾ। ਆਪੇ ਜ਼ਾਤ ਪਾਤ ਕੌਮ ਮਜ਼੍ਹਬ ਹੋਏ ਸ਼ਰਅ, ਸ਼ਰੀਅਤ ਆਪ ਵਖਾਇੰਦਾ। ਆਪੇ ਹਰਿ ਨਰਾਇਣ ਨਾਰੀ ਨਰਾ, ਬਾਲ ਬਿਰਧ ਜਵਾਨ ਰੂਪ ਵਟਾਇੰਦਾ। ਪੰਜ ਤੱਤ ਤੱਤ ਬ੍ਰਹਮ ਆਪਣਾ ਧਰਾ, ਪਾਰਬ੍ਰਹਮ ਅੰਗ ਕਟਾਇੰਦਾ। ਅੰਮ੍ਰਿਤ ਜਲ ਕਰੇ ਹਰਾ, ਦਿਵਸ ਰੈਣ ਛੜਕਾਇੰਦਾ। ਘਰ ਵਿਚ ਬਣਾਇਆ ਸਾਚਾ ਘਰ, ਹਰਿ ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇੰਦਾ। ਨਿਰਗੁਣ ਰੂਪ ਆਪੇ ਖੜ, ਸਾਚੀ ਸੇਜਾ ਵੇਖ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤੱਤਵ ਤੱਤ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਮਾਰ ਝਾਤ, ਆਪਣਾ ਵੇਸ ਵਟਾਇੰਦਾ। ਲੋਕਮਾਤ ਤੇਰੀ ਧਾਰ, ਹਰਿ ਆਪਣੇ ਹੱਥ ਰਖਾਈਆ। ਜੁਗ ਜੁਗ ਵੰਡੇ ਵੰਡ ਅਪਾਰ, ਆਪਣੀ ਵੰਡੀ ਆਪ ਵੰਡਾਈਆ। ਬ੍ਰਹਮਾ ਵੇਤਾ ਬਣੇ ਭਿਖਾਰ, ਪ੍ਰਭ ਸਾਚੀ ਭਿਛਿਆ ਝੋਲੀ ਪਾਈਆ। ਏਕਾ ਸ਼ਬਦ ਕਰ ਉਜਿਆਰ, ਚਾਰੇ ਵੇਦਾਂ ਰਿਹਾ ਪੜ੍ਹਾਈਆ। ਚਾਰੇ ਖਾਣੀ ਕਰ ਤਿਆਰ, ਉਤਭੁਜ ਸੇਤਜ ਜੇਰਜ ਅੰਡਜ ਆਪ ਟਿਕਾਈਆ। ਵਿਸ਼ਨੂੰ ਵੰਸੀ ਸੇਵਾ ਦਾਰ, ਦਿਵਸ ਰੈਣ ਸੇਵ ਕਮਾਈਆ। ਸ਼ੰਕਰ ਕਰੇ ਅੰਤ ਪਿਆਰ, ਆਪ ਆਪਣੀ ਗੋਦ ਉਠਾਈਆ। ਧਰਮ ਰਾਏ ਨਾ ਕਰੇ ਖੁਵਾਰ, ਆਪ ਆਪਣੀ ਦਇਆ ਕਮਾਈਆ। ਚਿਤਰ ਗੁਪਤ ਨਾ ਦਏ ਅਧਾਰ, ਲੇਖਾ ਆਪਣਾ ਆਪ ਜਣਾਈਆ। ਲਾੜੀ ਮੌਤ ਕਰ ਸ਼ੰਗਾਰ, ਘਰ ਆਏ ਵਾਹੋ ਦਾਹੀਆ। ਜੋ ਉਪਜਾਏ ਸੋ ਲਏ ਸੰਘਾਰ, ਪ੍ਰਭ ਸਾਚੇ ਵਡ ਵਡਿਆਈਆ। ਸੰਤ ਸੁਹੇਲੇ ਪਾਵੇ ਸਾਰ, ਆਪ ਆਪਣੀ ਬੂਝ ਬੁਝਾਈਆ। ਆਤਮ ਅੰਤਰ ਇਕ ਅਧਾਰ, ਏਕਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਬਾਣੀ ਕਰ ਉਜਿਆਰ, ਸਾਚੀ ਬੂਝ ਬੁਝਾਈਆ। ਧੁਨ ਅਨਾਦੀ ਸ਼ਬਦ ਧੁਨਕਾਰ, ਅਨਹਦ ਤਾਲ ਵਜਾਈਆ। ਅੰਮ੍ਰਿਤ ਆਤਮ ਦੇਵੇ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਬਜਰ ਕਪਾਟੀ ਪੜਦਾ ਪਾੜ, ਦੂਈ ਦਵੈਤੀ ਦਏ ਮਿਟਾਈਆ। ਨੇੜ ਨਾ ਆਏ ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਤ੍ਰਿਸਨਾ ਦਏ ਮਿਟਾਈਆ। ਦਰਸ ਦਿਖਾਏ ਅਗੰਮ ਅਪਾਰ, ਆਤਮ ਦਰਸ ਵਡ ਵਡਿਆਈਆ। ਦਸਮ ਦਵਾਰੀ ਖੋਲ੍ਹ ਕਿਵਾੜ, ਮੇਲ ਮਿਲਾਵਾ ਸਾਚੇ ਮਾਹੀਆ। ਸੰਤਨ ਮੇਲਾ ਏਕਾ ਵਾਰ, ਘਰ ਸਾਚੇ ਵੱਜੇ ਵਧਾਈਆ। ਨਾਰੀ ਕੰਤਾ ਮੀਤ ਭਤਾਰ, ਵਰ ਘਰ ਪਾਇਆ ਸਹਿਜ ਸੁਭਾਈਆ। ਜਨ ਭਗਤਾਂ ਨਾਤਾ ਤੁੱਟੇ ਸਰਬ ਸੰਸਾਰ, ਘਰ ਸਾਚਾ ਇਕ ਸੁਹਾਈਆ। ਚਰਨ ਪ੍ਰੀਤੀ ਇਕ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਨਿਤ ਨਵਿਤ ਸੰਤਾਂ ਭਗਤਾਂ ਆਪ ਆਪਣੀ ਕਰੇ ਰੁਸ਼ਨਾਈਆ। ਭਗਤਨ ਮੀਤਾ ਹਰਿ ਨਿਰੰਕਾਰਾ, ਆਦਿ ਪੁਰਖ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰਾ, ਆਪ ਆਪਣੀ ਬਣਤ ਬਣਾਇੰਦਾ। ਆਪੇ ਨਾਮ ਸ਼ਬਦ ਜੈਕਾਰਾ, ਆਪੇ ਰਸਨਾ ਗਾਇੰਦਾ। ਆਪੇ ਵਸਿਆ ਧੁੰਧੂਕਾਰਾ, ਅਗਿਆਨ ਅੰਧੇਰ ਮਿਟਾਇੰਦਾ। ਆਪੇ ਖੜਗ ਖੰਡਾ ਤੇਜ਼ ਕਟਾਰਾ, ਤੀਰ ਕਮਾਨ ਆਪ ਉਠਾਇੰਦਾ। ਆਪੇ ਹੋਇਆ ਗੜ੍ਹ ਹੰਕਾਰਾ, ਆਪੇ ਸ਼ਾਂਤਕ ਸਤਿ ਵਰਤਾਇੰਦਾ। ਆਪੇ ਵੇਦ ਕਤੇਬ ਬਣ ਲਿਖਾਰਾ, ਆਪਣਾ ਭੇਵ ਖੁਲਾਇੰਦਾ। ਆਪੇ ਵਰਤੇ ਵਰਤਾਵੇ ਵਿਚ ਸੰਸਾਰਾ, ਦਿਸ ਕਿਸੇ ਨਾ ਆਇੰਦਾ। ਗੁਰ ਪੀਰ ਇਕ ਅਵਤਾਰਾ, ਏਕਾ ਰੂਪ ਜਣਾਇੰਦਾ। ਸੇਵਕ ਸੇਵਾ ਲਾਏ ਸੇਵਾਦਾਰਾ, ਸਾਚੀ ਸੇਵਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਲੋਕਮਾਤ ਜੋਤ ਧਰ, ਗੁਰ ਸਤਿਗੁਰ ਨਾਉਂ ਧਰਾਇੰਦਾ। ਸਤਿਗੁਰ ਨਾਮ ਨਿਰੰਜਣ, ਆਦਿ ਪੁਰਖ ਅਖਵਾਇਆ। ਦੀਨਾਂ ਨਾਥ ਦਰਦ ਦੁੱਖ ਭੰਜਨ, ਭਵ ਸਾਗਰ ਆਪ ਤਰਾਇਆ। ਗਰੀਬ ਨਿਮਾਣਿਆਂ ਬਣੇ ਸੱਜਣ, ਆਪ ਆਪਣੇ ਗਲੇ ਲਗਾਇਆ। ਚਰਨ ਧੂੜੀ ਕਰਾਏ ਮਜਨ, ਦੁਰਮਤ ਮੈਲ ਧੁਆਇਆ। ਦੁਆਪਰ ਤ੍ਰੇਤਾ ਸਤਿਜੁਗ ਆਇਆ ਪੜਦੇ ਕੱਜਣ, ਰੂਪ ਅਨੇਕਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਏ ਕਰ, ਲੋਕਮਾਤ ਫੇਰਾ ਪਾਇਆ। ਲੋਕਮਾਤ ਹਰਿ ਹਰਿ ਫੇਰਾ, ਹਰਿ ਹਰਿ ਅਲੱਖ ਜਗਾਇੰਦਾ। ਲੱਖ ਚੁਰਾਸੀ ਵਸਿਆ ਨੇਰਨ ਨੇਰਾ, ਵਰਨ ਅਵਰਨ ਆਪ ਹੋ ਜਾਇੰਦਾ। ਭਗਤ ਜਨਾਂ ਮਨ ਚਾਓ ਘਨੇਰਾ, ਆਤਮ ਦਰਸ ਦਿਖਾਇੰਦਾ । ਭਰਮਾਂ ਢਾਏ ਝੂਠਾ ਡੇਰਾ, ਸਾਚਾ ਸੰਗ ਨਿਭਾਇੰਦਾ। ਇਕ ਵਖਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਈ ਰਖਾਇੰਦਾ। ਪੰਚ ਵਿਕਾਰਾ ਪਾਏ ਘੇਰਾ, ਨਾਮ ਡੋਰੀ ਬੰਧ ਬੰਧਾਇੰਦਾ । ਵਸਣਹਾਰਾ ਕਾਇਆ ਖੇੜਾ, ਘਰ ਘਰ ਵਿਚ ਆਪ ਸੁਹਾਇੰਦਾ। ਮੇਟਣਹਾਰਾ ਪੰਚਮ ਝੇੜਾ, ਪੰਚਮ ਮੂਲ ਚੁਕਾਇੰਦਾ। ਬੰਨਣਹਾਰਾ ਸਾਚਾ ਬੇੜਾ, ਸਤਿਗੁਰ ਨਾਉਂ ਰਖਾਇੰਦਾ । ਜੁਗ ਜੁਗ ਧਰਤ ਮਾਤ ਤੇਰਾ ਕਰਨਹਾਰਾ ਖੁਲ੍ਹਾ ਵੇਹੜਾ, ਜੁਗ ਜੁਗ ਰੂਪ ਵਟਾਇੰਦਾ। ਹਰਿ ਕਾ ਭੇਵ ਜਾਣੇ ਕਿਹੜਾ, ਬ੍ਰਹਮਾ ਵਿਸ਼ਨ ਸ਼ਿਵ ਕੋਟਨ ਕੋਟ ਨਿਉਂ ਨਿਉਂ ਸੀਸ ਝੁਕਾਇੰਦਾ। ਆਦਿ ਜੁਗਾਦੀ ਜੁਗ ਜੁਗ ਆਪਣਾ ਜਾਣੇ ਆਪੇ ਗੇੜਾ, ਆਪਣੀ ਲੱਠ ਆਪੇ ਆਪ ਭੁਵਾਇੰਦਾ। ਕਰੇ ਕਰਾਏ ਹੱਕ ਨਿਬੇੜਾ, ਭੇਵ ਅਭੇਦਾ ਭੇਵ ਨਾ ਕੋਈ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਕਰ, ਹਰੀ ਹਰਿ ਹਰਿ ਰੂਪ ਵਟਾਇੰਦਾ। ਹਰੀ ਹਰਿ ਹਰਿ ਕਰਤਾਰਾ, ਹਰਿ ਹਰਿ ਰੂਪ ਸਮਾਇਆ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਖੇਲ ਖਿਲਾਇਆ। ਏਕਾ ਪੁਰਖ ਏਕਾ ਨਾਰਾ, ਏਕਾ ਸੰਗ ਨਿਭਾਇਆ। ਏਕਾ ਘਰ ਇਕ ਦਰਬਾਰਾ, ਏਕਾ ਦਰ ਸੁਹਾਇਆ। ਇਕ ਸ਼ਾਹ ਇਕ ਸਿਕਦਾਰਾ, ਸ਼ਾਹ ਸੁਲਤਾਨ ਇਕ ਅਖਵਾਇਆ। ਏਕਾ ਇਕ ਇਕ ਭਿਖਾਰਾ, ਏਕਾ ਮੰਗਤਾ ਜੁਗ ਜੁਗ ਆਇਆ। ਏਕਾ ਭਗਤ ਇਕ ਵਣਜਾਰਾ, ਏਕਾ ਭਗਤੀ ਵਣਜ ਵਖਾਇਆ। ਇਕ ਸ਼ਬਦੀ ਇਕ ਜੈਕਾਰਾ, ਏਕਾ ਨਾਅਰਾ ਰਿਹਾ ਸੁਣਾਇਆ। ਇਕ ਖ਼ੁਦਾਈ ਬੇਐਬ ਪਰਵਰਦਿਗਾਰਾ, ਏਕਾ ਕਲਮਾ ਰਿਹਾ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪਣਾ ਕਰ, ਜਗਤ ਮਹੱਲਾ ਫੋਲ ਫੋਲਾਇਆ। ਜਗਤ ਮਹੱਲਾ ਨੌ ਖੰਡ, ਨੌ ਦਰ ਰਚਨ ਰਚਾਈਆ। ਵਸਣਹਾਰਾ ਵਿਚ ਬ੍ਰਹਿਮੰਡ, ਜੇਰਜ ਅੰਡ ਵੇਖ ਵਖਾਈਆ। ਜਾਣੇ ਭੇਵ ਜੇਰਜ ਅੰਡ, ਉਤਭੁਜ ਸੇਤਜ ਆਪ ਸਮਾਈਆ। ਵੇਖਣਹਾਰਾ ਜਗਤ ਪਖੰਡ, ਖਾਲਕ ਖਲਕ ਆਪ ਹੋ ਜਾਈਆ। ਆਪੇ ਨਾਰ ਦੁਹਾਗਣ ਰੰਡ, ਕੰਤ ਕੰਤੂਹਲ ਆਪ ਅਖਵਾਈਆ। ਆਪਣੀ ਦਾਤ ਆਪੇ ਵੰਡ, ਜੁਗ ਜੁਗ ਮੂਲ ਚੁਕਾਈਆ। ਆਪੇ ਕਰਨਹਾਰਾ ਖੰਡ ਖੰਡ, ਖੜਗ ਖੰਡਾ ਆਪ ਚਮਕਾਈਆ। ਆਪੇ ਨਾਮ ਸ਼ਬਦ ਤੇਜ਼ ਚੰਡ ਪਰਚੰਡ, ਸ੍ਰੀ ਭਗੌਤੀ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਅਨੇਕਾ ਹਰਿ ਨਿਰੰਕਾਰਾ, ਆਪਣਾ ਆਪ ਕਰਾਇੰਦਾ। ਭਗਤ ਵਛਲ ਮੀਤ ਮੁਰਾਰਾ, ਘਰ ਸਾਚਾ ਇਕ ਸੁਹਾਇੰਦਾ। ਭਗਤ ਭਗਵੰਤ ਇਕ ਦਵਾਰਾ, ਏੇਕਾ ਵੇਖ ਵਖਾਇੰਦਾ। ਸੰਤ ਸੁਹੇਲਾ ਹੋ ਤਿਆਰਾ, ਸ਼ਬਦੀ ਡੰਕ ਵਜਾਇੰਦਾ। ਕਲਜੁਗ ਤੇਰਾ ਰੂਪ ਅਪਾਰਾ, ਤੇਰਾ ਸੰਗ ਨਿਭਾਇੰਦਾ। ਮੰਗੀ ਮੰਗ ਧੁਰ ਦਰਬਾਰਾ, ਪ੍ਰਭ ਸਾਚਾ ਝੋਲੀ ਪਾਇੰਦਾ। ਜੂਠ ਝੂਠ ਕਰ ਪਿਆਰਾ, ਕੂੜ ਕੂੜਾ ਨਾਲ ਰਲਾਇੰਦਾ। ਮਾਇਆ ਮਮਤਾ ਹੋ ਤਿਆਰਾ, ਕਾਮ ਕਰੋਧ ਲੋਭ ਮੋਹ ਹੰਕਾਰ ਰਖਾਇੰਦਾ। ਘਟ ਘਟ ਅੰਦਰ ਪਾਵੇ ਸਾਰਾ, ਪੰਜ ਤੱਤ ਉਠਾਇੰਦਾ। ਮਨਮੁਖ ਸੁੱਤੇ ਪੈਰ ਪਸਾਰਾ, ਭੇਵ ਕੋਈ ਨਾ ਪਾਇੰਦਾ। ਗੁਰਮੁਖ ਵਿਰਲਾ ਸੁੱਤ ਦੁਲਾਰਾ, ਹਰਿ ਸਾਚਾ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਆਪਣਾ ਖੇਲਾ, ਹਰਿ ਸਾਚੇ ਵਡ ਵਡਿਆਈਆ। ਈਸਾ ਮੂਸਾ ਸੱਜਣ ਸੁਹੇਲਾ, ਕਲਮਾ ਨਬੀ ਰਸੂਲਾ ਆਪ ਪੜ੍ਹਾਈਆ। ਆਪੇ ਜਾਣੇ ਆਪਣਾ ਕਬੀਲਾ, ਆਪੇ ਵੇਖ ਵਖਾਈਆ। ਆਪੇ ਬਣੇ ਛੈਲ ਛਬੀਲਾ, ਚਾਰ ਯਾਰ ਕਰੇ ਕੁੜਮਾਈਆ। ਅੱਲਾ ਰਾਣੀ ਕਰ ਕਰ ਮੇਲਾ, ਨੇਤਰ ਨੈਣ ਰਹੀ ਖੁਲ੍ਹਾਈਆ। ਹਕੀਕਤ ਹੱਕ ਇਕ ਵਸੀਲਾ, ਮੁਕਾਮੇ ਹੱਕ ਸਚ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਪਰਗਟ ਨੂਰੋ ਨੂਰ ਅਲਾਹੀਆ। ਨੂਰ ਅਲਾਹੀ ਕਾਇਨਾਤ, ਕਲਮਾ ਅਮਾਮ ਪੜ੍ਹਾਇੰਦਾ। ਸ਼ਰਅ ਸ਼ਰੀਅਤ ਇਕ ਹਮਾਇਤ, ਏਕਾ ਰਾਹ ਵਖਾਇੰਦਾ। ਇਕ ਹਦੀਸ ਏਕਾ ਆਇਤ, ਏਕਾ ਵੇਖ ਵਖਾਇੰਦਾ। ਏਕਾ ਦੇਵਣਹਾਰਾ ਦਾਤ, ਜੁਗ ਜੁਗ ਖੇਲ ਖਿਲਾਇੰਦਾ। ਦੋ ਜਹਾਨਾਂ ਜੁਗ ਜੁਗ ਵੇਖੇ ਮਾਰ ਝਾਤ, ਏਕ ਰੰਗ ਸਮਾਇੰਦਾ। ਆਪੇ ਪੰਜ ਤੱਤ ਖੋਲ੍ਹਣਹਾਰਾ ਤਾਕ, ਆਪੇ ਬੰਦ ਵਖਾਇੰਦਾ। ਆਪੇ ਚੜ੍ਹਿਆ ਦੁਲਦੁਲ ਰਾਕ, ਐਲੀ ਅੱਲਾ ਨਾਮ ਰਖਾਇੰਦਾ। ਆਪ ਆਪਣਾ ਹੋ ਮੁਸ਼ਤਾਕ, ਅਹਿਬਾਬ ਰਬਾਬ ਆਪ ਵਜਾਇੰਦਾ। ਆਪੇ ਹੋਇਆ ਪਾਕੀ ਪਾਕ, ਖ਼ਾਕੀ ਖ਼ਾਕ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਕਰ, ਕਲਜੁਗ ਤੇਰੀ ਅੰਤਮ ਵਾਰ ਵੇਖ ਵਖਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਹਰਿ ਜੋਤ ਜਗਾਇੰਦਾ। ਰਾਣੀ ਅੱਲਾ ਕਰ ਪਿਆਰੀ, ਸੰਗ ਮੁਹੰਮਦ ਵੇਖ ਵਖਾਇੰਦਾ। ਚਾਰ ਯਾਰਾਂ ਸੱਚੀ ਯਾਰੀ, ਚੌਦਾਂ ਤਬਕਾਂ ਡੇਰਾ ਲਾਇੰਦਾ। ਏਕਾ ਨੇਤਰ ਅੱਖ ਉਘਾੜੀ, ਏਕਾ ਦਰ ਖੁਲ੍ਹਾਇੰਦਾ। ਇਕ ਵਖਾਏ ਮਾਤ ਫੁਲਵਾੜੀ, ਏਕਾ ਬੂਟਾ ਲਾਇੰਦਾ। ਏਕਾ ਫਸਲ ਪੱਕੇ ਹਾੜੀ, ਉਮਤ ਉਮਤੀ ਆਪ ਉਪਾਇੰਦਾ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਫੋਲ ਫੁਲਾਇੰਦਾ। ਚੌਦਾਂ ਚੌਦਾਂ ਕਰ ਤਿਆਰੀ, ਚੌਦਾਂ ਚੌਦਾਂ ਰੰਗ ਰੰਗਾਇੰਦਾ। ਐਨਲਹੱਕ ਖ਼ਬਰਦਾਰੀ, ਹੂ ਹੂ ਆਪ ਉਠਾਇੰਦਾ। ਖੇਲੇ ਖੇਲ ਅਗੰਮ ਅਪਾਰੀ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਨਿਰਗੁਣ ਨਿਰਗੁਣ ਨਾਉਂ ਰਖਾਇੰਦਾ। ਨਿਰਗੁਣ ਨਾਉਂ ਪੰਜ ਤੱਤ, ਹਰਿ ਹਰਿ ਕਰੀ ਕੁੜਮਾਈਆ। ਨਾਨਕ ਨਾਮ ਲਿਆ ਰੱਖ, ਲੋਆਂ ਪੁਰੀਆਂ ਵੱਜੀ ਵਧਾਈਆ। ਪਾਰਬ੍ਰਹਮ ਹੋ ਪਰਤੱਖ, ਵੇਖ ਵਖਾਣੇ ਸ੍ਰਿਸ਼ਟ ਸਬਾਈਆ। ਖਾਲੀ ਭਾਂਡੇ ਭਰੇ ਭਰ ਭਰ ਕਰੇ ਸੱਖ, ਸਤਿਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਏਕਾ ਧਰ, ਏਕਾ ਕਰਮ ਕਮਾਈਆ। ਨਿਰਗੁਣ ਜੋਤੀ ਨਾਮ ਪਿਆਰ, ਨਾਨਕ ਸ਼ਬਦ ਸਲਾਹੀਆ। ਏਕਾ ਸ਼ਬਦ ਇਕ ਧੁਨਕਾਰ, ਏਕਾ ਰਿਹਾ ਸੁਣਾਈਆ। ਏਕਾ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਮਿਲਿਆ ਸੱਜਣ ਹਰਿ ਕਰਤਾਰ, ਘਰ ਸੱਜਣ ਸਾਚਾ ਮਾਹੀਆ। ਸੁਹਾਏ ਸਚਖੰਡ ਦਵਾਰ, ਘਰ ਸਾਚੇ ਵੱਜੀ ਵਧਾਈਆ। ਆਪ ਆਪਣਾ ਭਰ ਭੰਡਾਰ, ਨਾਮ ਭੰਡਾਰਾ ਰਿਹਾ ਵਰਤਾਈਆ। ਸਤਿ ਨਾਮ ਸਤਿ ਆਧਾਰ, ਸਤਿ ਸੰਤੋਖੀ ਇਕ ਜਣਾਈਆ। ਚਾਰ ਵਰਨਾਂ ਕਰ ਪਿਆਰ, ਚਾਰੋਂ ਕੁੰਟ, ਫੇਰਾ ਪਾਈਆ। ਦਹਿ ਦਿਸ਼ਾ ਏਕਾ ਧਾਰ, ਉਚੇ ਟਿੱਲੇ ਵੇਖ ਵਖਾਈਆ। ਰਾਓ ਰੰਕਾਂ ਇਕ ਆਧਾਰ, ਸਾਧਾਂ ਸੰਤਾਂ ਮੇਲ ਮਿਲਾਈਆ। ਤੋੜਨਹਾਰਾ ਗੜ੍ਹ ਹੰਕਾਰ, ਸ਼ਬਦ ਖੰਡਾ ਇਕ ਚਮਕਾਈਆ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਪੰਜ ਤੱਤ ਬੈਠਾ ਆਸਣ ਲਾਈਆ। ਨਿਰਗੁਣ ਰੂਪ ਆਪ ਕਰਤਾਰ, ਨਾਨਕ ਢੋਲਾ ਸਾਚਾ ਗਾਈਆ। ਸੋਹੰ ਸ਼ਬਦ ਇਕ ਜੈਕਾਰ, ਰਸਨਾ ਜਿਹਵਾ ਆਪ ਸੁਣਾਈਆ। ਤੋਲਾ ਬਣਿਆ ਅਪਰ ਅਪਾਰ, ਤੇਰਾਂ ਤੇਰਾਂ ਧਾਰ ਬੰਧਾਈਆ। ਹੋਲਾ ਖੇਲ੍ਹੇ ਸਰਬ ਸੰਸਾਰ, ਸਤਿਗੁਰ ਨਾਨਕ ਗਿਆ ਲਿਖਾਈਆ। ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਅਪਰ ਅਪਾਰ, ਲੋਆਂ ਪੁਰੀਆਂ ਆਪ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਗਣ ਗੰਧਰਬ ਯਸ਼ਪ ਕਿੰਨਰ ਆਪ ਉਠਾਈਆ। ਲੱਖ ਚੁਰਾਸੀ ਪਾਵੇ ਸਾਰ, ਲੋਕਮਾਤ ਵੇਖ ਵਖਾਈਆ। ਸੱਤਾਂ ਦੀਪਾਂ ਹੋ ਉਜਿਆਰ, ਏਕ ਸ਼ਬਦ ਸੁਣਾਈਆ। ਨੌ ਖੰਡ ਪ੍ਰਿਥਮੀ ਚਰਨ ਦਵਾਰ, ਜਗਤ ਵਿਕਾਰਾ ਚਰਨਾਂ ਹੇਠ ਦਬਾਈਆ। ਤਖ਼ਤ ਨਿਵਾਸੀ ਸਚ ਦਵਾਰ, ਸਚ ਦਵਾਰਕਾ ਇਕ ਵਖਾਈਆ। ਵਰਨ ਬਰਨ ਪ੍ਰਭ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਬਣਾਈਆ। ਰਾਓ ਰੰਕ ਨਾ ਕੋਇ ਦਵਾਰ, ਊਚ ਨੀਚ ਨਾ ਵਡ ਵਡਿਆਈਆ। ਸਰਬ ਜੀਆਂ ਦਾ ਸਾਂਝਾ ਯਾਰ, ਹਰਿ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਪਾਵੇ ਸਾਰ, ਆਪ ਆਪਣੀ ਕਲ ਵਰਤਾਈਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਗੁਰ ਵਡਿਆਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਪੰਚਮ ਮੀਤਾ ਪੰਚਮ ਕਰ ਤਿਆਰ, ਕੇਸ ਸੀਸ ਜਗਦੀਸ ਰਚਨ ਰਚਾਈਆ। ਸਾਚੀ ਬੰਨ੍ਹੇ ਆਪੇ ਧਾਰ, ਪੰਚਮ ਵੇਖ ਵਖਾਈਆ। ਪੰਚਮ ਦੇਵੇ ਸਚ ਭੰਡਾਰ, ਅੰਮ੍ਰਿਤ ਸਾਚਾ ਜਾਮ ਪਿਆਈਆ। ਪੰਚਮ ਢਹਿ ਢਹਿ ਪਏ ਦਵਾਰ, ਪੰਚਮ ਸੀਸ ਝੁਕਾਈਆ। ਏਕਾ ਦਰ ਸੱਚਾ ਦਰਬਾਰ, ਏਕਾ ਘਰ ਸਮਝਾਈਆ। ਅਕਾਲ ਪੁਰਖ ਏਕਉਂਕਾਰ, ਨਿਰਗੁਣ ਨੂਰ ਸਚ ਖ਼ੁਦਾਈਆ। ਜ਼ਾਹਰ ਜ਼ਹੂਰ ਬੇਐਬ ਪਰਵਰਦਿਗਾਰ, ਏਥੇ ਉਥੇ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਆਪੇ ਕਰ, ਸਰਗੁਣ ਸਾਚਾ ਮੇਲ ਮਿਲਾਈਆ। ਨਿਰਗੁਣ ਸਰਗੁਣ ਸਾਚਾ ਸੰਗ, ਜੋਤੀ ਸ਼ਬਦ ਹੰਢਾਇਆ। ਨਾਮ ਵੱਜੇ ਇਕ ਮਰਦੰਗ, ਨਾਨਕ ਗੁਰ ਵਜਾਇਆ। ਅੰਗਦ ਆਪਣਾ ਦਰ ਆਪੇ ਲੰਘ, ਗੁਰ ਸਤਿਗੁਰ ਵੇਖ ਵਖਾਇਆ। ਅਮਰੂ ਮੰਗੀ ਆਪਣੀ ਮੰਗ, ਅਮਰਾ ਪਦ ਪਾਇਆ। ਰਾਮ ਦਾਸ ਬੈਠਾ ਸਚ ਪਲੰਘ, ਸ਼ਬਦ ਸਿੰਘਾਸਣ ਇਕ ਵਿਛਾਇਆ। ਗੁਰ ਅਰਜਨ ਵਜਾਏ ਧੁਰ ਮਰਦੰਗ, ਅਗਾਧ ਬੋਧ ਲੇਖ ਲਿਖਾਇਆ। ਹਰਿ ਗੋਬਿੰਦ ਲੱਗਾ ਅੰਗ, ਅੰਗੀਕਾਰ ਆਪ ਸਮਾਇਆ। ਹਰਿਰਾਏ ਹਰਿ ਕਸਿਆ ਤੰਗ, ਸਾਚੇ ਘੋੜੇ ਆਪ ਚੜ੍ਹਾਇਆ । ਹਰਿਕ੍ਰਿਸ਼ਨ ਲੋਆਂ ਪੁਰੀਆਂ ਆਪੇ ਲੰਘ, ਬਾਲ ਬਾਲਾ ਵਿਚ ਸਮਾਇਆ। ਤੇਗ ਬਹਾਦਰ ਨਿਰਗੁਣ ਸੰਗ, ਆਪਣਾ ਲਹਿਣਾ ਮੂਲ ਚੁਕਾਇਆ। ਗੁਰ ਗੋਬਿੰਦ ਮੰਗੀ ਮੰਗ, ਆਪਣੀ ਝੋਲੀ ਅੱਗੇ ਡਾਹਿਆ। ਪੁਰਖ ਅਬਿਨਾਸ਼ੀ ਤੇਰਾ ਸੰਗ, ਪੁਰਖ ਅਕਾਲ ਵਿਛੜ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪ ਆਪਣਾ ਸ਼ਬਦ ਸੁਣਾਇਆ। ਸ਼ਬਦ ਸੁਨੇਹੜਾ ਹਰਿ ਕਰਤਾਰ, ਗੁਰ ਗੋਬਿੰਦ ਆਪ ਜਣਾਈਆ। ਪੂਤ ਸਪੂਤਾ ਸੇਵਾਦਾਰ, ਤੇਰੀ ਵਡ ਵਡਿਆਈਆ । ਤੇਰਾ ਨਾਂ ਮੇਰਾ ਜੈਕਾਰ, ਲੋਆਂ ਪੁਰੀਆਂ ਦਏ ਸੁਣਾਇਆ। ਕਲਜੁਗ ਅੰਤਮ ਪਾਵੇ ਸਾਰ, ਵਡ ਦਾਤਾ ਬੇਪਰਵਾਹੀਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਦਰ ਤੇਰਾ ਵੇਖ ਵਖਾਈਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਆਪ ਬਣਾਈਆ। ਸਚ ਮਹੱਲਾ ਕਰ ਤਿਆਰ, ਨੌ ਦਵਾਰੇ ਬੰਦ ਕਰਾਈਆ। ਦਸਵੀਂ ਜੋਤੀ ਦਸ ਅਵਤਾਰ, ਘਰ ਸਾਚੇ ਵੱਜੀ ਵਧਾਈਆ। ਸ਼ਬਦ ਅਗੰਮੀ ਆਵੇ ਧਾਰ, ਸੁਣ ਅਗੰਮੋ ਪਾਰ ਕਰਾਈਆ। ਸਚਖੰਡ ਸੁਹਾਏ ਸੱਚਾ ਘਰ ਬਾਰ, ਹਰਿ ਸਾਚਾ ਵੇਖ ਵਖਾਈਆ । ਨਿਰਗੁਣ ਜੋਤੀ ਨੂਰੋ ਨੂਰ ਹੋਏ ਉਜਿਆਰ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰ, ਨੌ ਖੰਡ ਸੱਤ ਦੀਪ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਵੇਸ ਆਪਣਾ ਕਰ, ਜੋਤੀ ਜਾਮਾ ਭੇਖ ਧਰ, ਭੇਖਾ ਧਾਰੀ ਭੇਖ ਵਟਾਈਆ। ਜੋਤੀ ਜਾਮਾ ਧਰਿਆ ਭੇਖ, ਹਰਿ ਸਾਚਾ ਵਡ ਵਡਿਆਇਆ। ਨਾਨਕ ਗੋਬਿੰਦ ਲਿਖਿਆ ਲੇਖ, ਪ੍ਰਭ ਸਾਚੇ ਆਪ ਲਿਖਾਇਆ। ਆਪੇ ਅੰਤਮ ਲਏ ਵੇਖ, ਨਾ ਸਕੇ ਕੋਇ ਮਿਟਾਇਆ। ਲੱਖ ਚੁਰਾਸੀ ਤੇਰੀ ਰੇਖ, ਤੇਰਾ ਲਹਿਣਾ ਰਹੀ ਮੁਕਾਇਆ। ਵੇਖਣਹਾਰਾ ਧਾਰੀ ਕੇਸ, ਮੂੰਡ ਮੁੰਡਾਇਆ ਫੋਲ ਫੋਲਾਇਆ। ਨਿਰਗੁਣ ਜੋਤੀ ਦਸ ਦਸਮੇਸ, ਸੰਬਲ ਨਗਰੀ ਇਕ ਸੁਹਾਇਆ। ਕਾਹਨਾ ਕ੍ਰਿਸ਼ਨਾ ਗਵਰਧਨ ਧਾਰੀ ਰਿਖੀ ਕੇਸ, ਬਨ ਬਿੰਦਰਾ ਫੇਰਾ ਪਾਇਆ। ਰਾਮ ਰਾਮਾ ਇਕ ਨਰੇਸ਼, ਰਾਵਣ ਗੜ੍ਹ ਦਏ ਤੁੜਾਇਆ। ਸਹੰਸਰ ਮੁਖ ਵੇਖੇ ਸ਼ੇਸ਼, ਦੋ ਸਹੰਸਰ ਜੇਹਵਾ ਆਪ ਹਿਲਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਵੇਖ, ਕਲਜੁਗ ਸੋਏ ਲਏ ਜਗਾਇਆ । ਫਿਰਨਹਾਰਾ ਦੇਸ ਪਰਦੇਸ, ਦੇਸ ਦਿਸੰਤਰ ਡੇਰਾ ਲਾਇਆ। ਆਦਿ ਨਿਰੰਜਣ ਅਵੱਲੜਾ ਭੇਸ, ਕਲਜੁਗ ਅੰਤਮ ਆਪ ਵਟਾਇਆ। ਲਹਿਣਾ ਦੇਣਾ ਚੁੱਕੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗਣਪਤ ਲੇਖਾ ਰਿਹਾ ਮੁਕਾਇਆ। ਗੁਰਸਿਖ ਸਾਚੇ ਗਰੀਬ ਨਿਮਾਣੇ ਆਪੇ ਵੇਖ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਮਿਲਾਇਆ। ਹਰਿਜਨ ਹਰਿ ਹਰਿ ਪਾਇਆ, ਸਮਰਥ ਪੁਰਖ ਕਰਤਾਰ। ਗੁਰ ਸ਼ਬਦੀ ਮੇਲ ਮਿਲਾਇਆ, ਭਰਿਆ ਨਾਮ ਭੰਡਾਰ। ਜਗਤ ਤ੍ਰਿਸਨਾ ਭੁੱਖ ਮਿਟਾਇਆ, ਮੇਟ ਮਿਟਾਏ ਲੋਭ ਹੰਕਾਰ। ਸਾਚੀ ਸਿਖਿਆ ਇਕ ਸਮਝਾਇਆ, ਘਰ ਮੇਲਾ ਆਪ ਕਰਤਾਰ। ਦਰ ਦਰਵੇਸ਼ਾ ਵੇਸ ਵਟਾਇਆ, ਆਪ ਆਪਣੀ ਕਿਰਪਾ ਧਾਰ। ਜਗਤ ਨਿਮਾਣੇ ਲਏ ਤਰਾਇਆ, ਫੜ ਬਾਂਹੋਂ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਕਰ, ਏਕਾ ਕਾਰ ਕਮਾਇਆ। ਸਾਚੀ ਕਾਰ ਸਾਚੇ ਘਰ, ਹਰਿ ਸਾਚਾ ਆਪ ਕਰਾਇੰਦਾ। ਗੁਰਮੁਖਾਂ ਦੇਵੇ ਸਾਚਾ ਵਰ, ਜੁਗ ਜੁਗ ਵੇਖ ਵਖਾਇੰਦਾ। ਧਰਨੀ ਧਵਲ ਅੱਗੇ ਸੀਸ ਆਪਣਾ ਧਰ, ਧੁਰ ਦਾਤਾ ਪੁਰਖ ਬਿਧਾਤਾ ਸਰਬ ਗਿਆਤਾ ਸਰਬ ਲੇਖੇ ਲੇਖ ਵੇਖ ਵਖਾਇੰਦਾ। ਹਰਿਜਨ ਤੇਰਾ ਚੁੱਕੇ ਡਰ, ਰਾਏ ਧਰਮ ਨਾ ਲਏ ਫੜ, ਦਰ ਘਰ ਸਾਚੇ ਜਾਏ ਵੜ, ਦਰਗਹਿ ਸਾਚੀ ਧਾਮ ਸੁਹਾਇੰਦਾ। ਕਲਜੁਗ ਜੀਵ ਅੰਤਮ ਮਾਇਆ ਰਹੇ ਸੜ, ਆਤਮ ਵਿਦਿਆ ਨਾ ਸਕੇ ਕੋਈ ਪੜ੍ਹ, ਨਾ ਕੋਈ ਤੋੜੇ ਹੰਕਾਰੀ ਗੜ੍ਹ, ਦਰਸ ਨਾ ਪਾਏ ਉਪਰ ਚੜ੍ਹ, ਸਾਧ ਸੰਤ ਨੌ ਦਵਾਰੇ ਬੈਠੇ ਵੜ, ਮਾਇਆ ਛਾਇਆ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਗੁਰ ਸੱਜਣ ਹਰਿ ਪਾਇਆ, ਸਤਿਗੁਰ ਮੀਤ ਮੁਰਾਰ। ਆਪ ਆਪਣਾ ਭੇਟ ਚੜ੍ਹਾਇਆ, ਏਕਾ ਦੂਜਾ ਭੌ ਨਿਵਾਰ। ਖੇਵਟ ਖੇਟ ਵੇਖ ਵਖਾਇਆ, ਅੰਤਮ ਭਵਜਲ ਕਰੇ ਪਾਰ। ਮਾਤ ਪਿਤ ਬੇਟੀ ਬੇਟ ਲੇਖੇ ਲਾਇਆ, ਜੋ ਜਨ ਆਏ ਚਰਨ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਘਰ ਸਾਚਾ ਬੰਕ ਦਵਾਰ। ਘਰ ਸਾਚਾ ਹਰਿ ਪਾਇਆ, ਪਰਮ ਪੁਰਖ ਭਗਵੰਤ। ਸਾਚੀ ਸਿਖਿਆ ਮੰਗਲ ਗਾਇਆ, ਵੱਜੀ ਵਧਾਈ ਸਾਚੇ ਸੰਤ। ਜਗਤ ਸੰਸਾ ਰੋਗ ਗਵਾਇਆ, ਮਨ ਕੀ ਮਣੀਆ ਏਕਾ ਮੰਤ। ਪੰਚ ਵਿਕਾਰ ਅੰਤ ਜਲਾਇਆ, ਏਕਾ ਗਾਇਆ ਸੁਹਾਗੀ ਛੰਤ। ਸਤਿਗੁਰ ਸਾਜਨ ਨਜ਼ਰੀ ਆਇਆ, ਨਿਰਗੁਣ ਜੋਤ ਪੂਰਨ ਭਗਵੰਤ। ਪਾਰਬ੍ਰਹਮ ਬ੍ਰਹਮ ਸਮਾਇਆ। ਖੇਲੇ ਖੇਲ ਆਦਿ ਅੰਤ। ਨਿਹਕਰਮੀ ਕਰਮ ਕਮਾਇਆ, ਭੇਵ ਨਾ ਜਾਣੇ ਜੀਵ ਜੰਤ। ਜੁਗ ਜੁਗ ਵਿਛੜੇ ਮੇਲ ਮਿਲਾਇਆ। ਆਪ ਬਣਾਈ ਆਪਣੀ ਬਣਤ। ਹਰਿ ਸੰਗਤ ਦਰ ਸੁਹਾਇਆ, ਘਰ ਸਾਚਾ ਹਰਿ ਹਰਿ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਕਾਇਆ ਚੋਲੀ ਰੰਗ ਚਲੂਲ, ਗੁਰ ਸਤਿਗੁਰ ਆਪ ਚੜ੍ਹਾਨਿਆ। ਆਦਿ ਜੁਗਾਦਿ ਨਾ ਜਾਏ ਭੂਲ, ਲੋਕਮਾਤ ਖੇਲ ਖਲਾਨਿਆ। ਹਰਿਜਨ ਮੇਲਾ ਕੰਤ ਕੰਤੂਹਲ, ਘਰ ਸਾਚਾ ਵੇਖ ਵਖਾਨਿਆ। ਆਤਮ ਸੇਜਾ ਬਰਖੇ ਫੂਲ, ਜਿਸ ਜਨ ਹਰਿ ਹਰਿ ਭਾਣਾ ਮੰਨਿਆ। ਆਪ ਚੁਕਾਏ ਲਹਿਣਾ ਦੇਣਾ ਪਿਛਲਾ ਮੂਲ, ਜਿਉਂ ਮਾਲ ਚਰਾਏ ਧੰਨਿਆ। ਸਚ ਸਿੰਘਾਸਣ ਹਰਿ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਉਪਰ ਛੱਪਰ ਛੰਨਿਆ। ਗੁਰਸਿਖ ਗੁਰ ਸ਼ਬਦ ਪੰਘੂੜਾ ਲੈਣਾ ਝੂਲ, ਧੁਰ ਦਰਗਾਹੀ ਆਇਆ ਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਜਨ ਜਨਨੀ ਸਾਚਾ ਜਨਿਆ। ਜਨਨੀ ਜਨ ਜਨਿਆ, ਏਕਾ ਭਗਤ ਭਗਵੰਤ। ਕਾਇਆ ਬੁਧ ਹੋਈ ਬਿਬੇਕ, ਪਾਇਆ ਹਰਿ ਹਰਿ ਕੰਤ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਨਾਤਾ ਤੁੱਟਾ ਜੀਵ ਜੰਤ। ਆਪਣੇ ਨੇਤਰ ਲੋਚਣ ਨੈਣ ਦਰਸ਼ਨ ਪੇਖ, ਆਪੇ ਜਾਣਿਆ ਆਪਣਾ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜੋਤ ਮਾਤ ਧਰ, ਨਿਰਗੁਣ ਸਰਗੁਣ ਅੰਦਰ ਵੜ, ਭਗਤ ਸੰਤ ਲਏ ਫੜ, ਗੁਰਸਿਖ ਗੁਰਮੁਖ ਘਾੜਨ ਘੜ, ਆਪ ਬੰਨਾਏ ਆਪਣੇ ਲੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੱਖਰ ਜਗਤ ਵੱਖਰ ਆਪੇ ਪੜ੍ਹ, ਗੁਰਮੁਖਾਂ ਆਪ ਪੜ੍ਹਾਇੰਦਾ ।