Granth 08 Likhat 013: 22 Magh 2015 Bikarmi Raj Singh de Ghar Pind MahrajPur Jila Gurdaspur

੨੨ ਮਾਘ ੨੦੧੫ ਬਿਕ੍ਰਮੀ ਰਾਜ ਸਿੰਘ ਦੇ ਘਰ ਪਿੰਡ ਮਹਰਾਜਪੁਰ ਜ਼ਿਲਾ ਗੁਰਦਾਸਪੁਰ

ਸੱਚ ਤਖ਼ਤ ਸੁਲਤਾਨ, ਹਰੀ ਹਰਿ ਸੁਹਾਇਆ। ਭਗਤ ਵਛਲ ਭਗਵਾਨ, ਭਗਤੀ ਰੂਪ ਅਖਵਾਇਆ। ਸੁਰਤੀ ਸ਼ਬਦੀ ਸ਼ਬਦ ਗਿਆਨ, ਨਾਮ ਨਾਮਾ ਵਣਜ ਵਖਾਇਆ। ਆਤਮ ਅੰਤਰ ਇਕ ਧਿਆਨ, ਏਕਾ ਬ੍ਰਹਮ ਰਖਾਇਆ। ਖੇਲੇ ਖੇਲ ਸਰਬ ਘਟ ਜਾਣ, ਘਟ ਘਟ ਵਾਸੀ ਵੇਸ ਵਟਾਇਆ। ਸਾਚਾ ਮੰਦਰ ਸਚ ਮਕਾਨ, ਸਚ ਸਿੰਘਾਸਣ ਇਕ ਸੁਹਾਇਆ। ਚਤੁਰਭੁਜ ਖੇਲ ਮਹਾਨ, ਚਤੁਰ ਕੂਟ ਵੇਖ ਵਖਾਇਆ। ਅਸਟ ਇਸ਼ਟ ਇਕ ਦਰਬਾਨ, ਦ੍ਰਿਸ਼ਟ ਦਰਵੇਸ਼ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਚ ਮਾਰਗ ਲਾਇਆ। ਸਚ ਤਖ਼ਤ ਹਰਿ ਮਿਹਰਵਾਨ, ਸ਼ਬਦੀ ਸ਼ਬਦ ਬਰਾਜਿਆ। ਜੋਧਾ ਸੂਰਬੀਰ ਨੌਜਵਾਨ, ਵਡ ਵੱਡਾ ਰਾਜਨ ਰਾਜਿਆ। ਨਾਮ ਖੰਡਾ ਤੀਰ ਕਮਾਨ, ਫੜ ਸ਼ਸਤਰ ਗਾਜਿਆ। ਨਿਰਗੁਣ ਬੈਠ ਇਕ ਬਬਾਣ, ਲੋਆਂ ਪੁਰੀਆਂ ਫਿਰੇ ਭਾਜਿਆ। ਲੱਖ ਚੁਰਾਸੀ ਕਰ ਪਛਾਣ, ਹਰਿਜਨ ਸਾਚਾ ਸਾਜਨ ਸਾਜਿਆ। ਦੇਵੇ ਦਰਸ ਦਰ ਦਰ ਆਣ, ਮਾਨਸ ਜਨਮ ਸਵਾਰੇ ਕਾਜਿਆ। ਨਾਮ ਨਿਧਾਨਾ ਪੀਣ ਖਾਣ, ਧੁਰ ਦਰਗਾਹੀ ਦੇਵੇ ਦਾਜਿਆ। ਸੁਰਤੀ ਸ਼ਬਦੀ ਇਕ ਗਿਆਨ, ਏਕਾ ਨਾਮ ਇਕ ਆਵਾਜ਼ਿਆ। ਸਤਿਗੁਰ ਪੂਰਾ ਹੋ ਮਿਹਰਵਾਨ, ਆਪਣੇ ਚਾੜ੍ਹੇ ਆਪ ਜਹਾਜ਼ਿਆ। ਜਗਤ ਵਣਜਾਰਾ ਝੂਠ ਦੁਕਾਨ, ਅੰਤਮ ਕੋਇ ਨਾ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਸ਼ਾਹ ਸਵਾਰਾ ਚਿੱਟੇ ਤਾਜਿਆ। ਸ਼ਾਹ ਸਵਾਰਾ ਸਤਿ ਸਰੂਪ, ਸਤਿ ਪੁਰਖ ਅਖਵਾਈਆ। ਨਾ ਕੋਈ ਰੰਗ ਨਾ ਕੋਈ ਰੂਪ, ਰੂਪ ਅਨੂਪ ਆਪ ਹੋ ਜਾਈਆ। ਅਬਿਨਾਸ਼ੀ ਕਰਤਾ ਏਕਾ ਭੂਪ, ਆਪਣੀ ਕਲ ਵਰਤਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਕਲਜੁਗ ਮੇਟੇ ਜੂਠ ਝੂਠ, ਕੂੜੀ ਕਿਰਿਆ ਰਿਹਾ ਮਿਟਾਈਆ। ਜਨ ਭਗਤਾਂ ਉਪਰ ਆਪੇ ਤੂਠ, ਆਪ ਆਪਣਾ ਮੇਲ ਮਿਲਾਈਆ। ਅੰਮ੍ਰਿਤ ਆਤਮ ਨਾਮ ਦੇਵੇ ਘੁਟ, ਭਰ ਪਿਆਲਾ ਮੁਖ ਲਗਾਈਆ। ਜਗਤ ਤ੍ਰਿਸਨਾ ਜਾਏ ਛੁੱਟ, ਹਰਿ ਹਰਿ ਰਸਨਾ ਜਿਹਵਾ ਗਾਈਆ। ਭਗਤ ਵਿਕਾਰਾ ਕੱਢੇ ਕੁੱਟ, ਸਾਚੀ ਸਿਖਿਆ ਇਕ ਸਮਝਾਈਆ। ਦੂਈ ਦਵੈਤੀ ਨਿਕਲੇ ਫੁੱਟ, ਸਗਲਾ ਸੰਗ ਰਖਾਈਆ। ਸਾਚਾ ਸ਼ਬਦ ਸਾਚੀ ਚੋਟ, ਸਚ ਨਗਾਰੇ ਆਪ ਲਗਾਈਆ। ਚਰਨ ਪ੍ਰੀਤੀ ਦੱਸੇ ਓਟ, ਸੋਹੰ ਸ਼ਬਦ ਸਚ ਪੜ੍ਹਾਈਆ। ਆਪੇ ਬੰਨਣਹਾਰ ਲੰਗੋਟ, ਧੀਰਜ ਜਤ ਹੱਥ ਵਡਿਆਈਆ। ਆਪੇ ਚੜ੍ਹੇ ਆਪਣੀ ਚੋਟ, ਮਹੱਲ ਅਟੱਲ ਚਰਨ ਟਿਕਾਈਆ। ਆਪੇ ਵੇਖਣਹਾਰਾ ਕੋਟੀ ਕੋਟ, ਕੋਟੀ ਕੋਟ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਦਰ ਦਰ, ਦਰ ਦਰ ਅਲਖ ਜਗਾਈਆ। ਆਦਿ ਨਿਰੰਜਣ ਇਕ ਅਲੱਖ, ਏਕਾ ਅਲੱਖ ਜਗਾਈਆ। ਸਤਿਗੁਰ ਰੂਪ ਹੋ ਪਰਤੱਖ, ਗੁਰ ਗੁਰ ਨਾਉਂ ਧਰਾਈਆ। ਸੱਜਣ ਮੀਤ ਆਪੇ ਰੱਖ, ਆਪੇ ਰਿਹਾ ਤਰਾਈਆ। ਕਰੇ ਕਰਾਏ ਆਪੇ ਵੱਖ, ਹਰਿ ਵੱਖਰੀ ਧਾਰ ਚਲਾਈਆ। ਲੱਖੋਂ ਕਰਨਹਾਰਾ ਕੱਖ, ਕੱਖੋਂ ਲੱਖ ਬਣਾਈਆ। ਸਾਚਾ ਮਾਰਗ ਆਪੇ ਦੱਸ, ਦਹਿ ਦਿਸ਼ਾ ਪੰਧ ਚੁਕਾਈਆ। ਹਰਿਜਨ ਹਿਰਦੇ ਜਾਏ ਵਸ, ਸਤਿਗੁਰ ਪੂਰੇ ਵਡ ਵਡਿਆਈਆ। ਮੇਲ ਮਿਲਾਵਾ ਨੱਸ ਨੱਸ, ਘਰ ਸਾਚੇ ਵੱਜੇ ਵਧਾਈਆ। ਮਿਟੇ ਰੈਣ ਅੰਧੇਰੀ ਮੱਸ, ਰਵ ਸਸ ਕਰੇ ਰੁਸ਼ਨਾਈਆ। ਹਰਿਜਨ ਮੇਲਾ ਹੱਸ ਹੱਸ, ਬੰਕ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਦਰ ਦਰ, ਦਰ ਦਰ ਖੇਲ ਖਲਾਈਆ। ਦਰ ਦਰ ਖੇਲ ਹਰਿ ਭਗਵਾਨਾ, ਭਗਤੀ ਭਗਤ ਦ੍ਰਿੜਾਇੰਦਾ। ਦੇਵੇ ਨਾਮ ਧੁਰ ਫ਼ਰਮਾਨਾ, ਆਪਣੀ ਸ਼ਕਤੀ ਆਪ ਭਰਾਇੰਦਾ। ਸਤਿ ਸੰਤੋਖੀ ਬੰਨੇ ਗਾਨਾ, ਸਾਂਤਕ ਸਤਿ ਵਰਤਾਇੰਦਾ। ਆਪੇ ਪਾਏ ਆਪਣੀ ਆਨਾ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਘਟ ਘਟ ਅੰਦਰ ਜਾਣੀ ਜਾਣਾ, ਘਟ ਘਟ ਡੇਰਾ ਲਾਇੰਦਾ। ਸਾਚਾ ਮੰਦਰ ਸਚ ਮਕਾਨਾ, ਸਚ ਸਿੰਘਾਸਣ ਆਪ ਸੁਹਾਇੰਦਾ। ਦੇਵਣਹਾਰਾ ਜੀਆ ਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਦਰ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸਾਚਾ ਦਰ ਹਰਿ ਦਰਵਾਜ਼ਾ, ਜਨ ਜਨ ਆਪ ਖੁਲ੍ਹਾਈਆ। ਮੇਲ ਮਿਲਾਏ ਗ਼ਰੀਬ ਨਿਵਾਜਾ, ਗਰੀਬ ਨਿਮਾਣੇ ਗਲੇ ਲਗਾਈਆ । ਕਲਜੁਗ ਅੰਤਮ ਰਚਿਆ ਕਾਜਾ, ਲੱਖ ਚੁਰਾਸੀ ਰਿਹਾ ਉਠਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਵੇਖਣਹਾਰ ਦਿਸ ਨਾ ਆਈਆ। ਸ਼ਬਦ ਅਗੰਮੀ ਮਾਰੇ ਵਾਜਾ, ਹਰਿ ਭਗਤੀ ਭਗਤ ਉਠਾਈਆ। ਸੰਤ ਸੁਹੇਲਾ ਰੱਖੇ ਲਾਜਾ, ਲਾਜਾਵੰਤ ਵਡ ਵਡਿਆਈਆ। ਇਕ ਚਲਾਏ ਸਚ ਜਹਾਜ਼ਾ, ਸੋ ਪੁਰਖ ਨਿਰੰਜਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਦਰ ਦਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਸਚ ਟਿਕਾਣਾ, ਹਰਿ ਸਾਚੇ ਸਚ ਸੁਹਾਇਆ। ਸ਼ਬਦੀ ਗੁਰ ਗੁਰ ਬਣ ਬਬਾਣਾ, ਗੁਰਮੁਖ ਸਾਚੇ ਰਿਹਾ ਚੜ੍ਹਾਇਆ। ਏਕਾ ਮੰਤਰ ਏਕਾ ਗਾਣਾ, ਏਕਾ ਰਾਗ ਸੁਣਾਇਆ। ਏਕਾ ਅੰਮ੍ਰਿਤ ਪੀਣਾ ਖਾਣਾ, ਤ੍ਰਿਸਨਾ ਭੁੱਖ ਮਿਟਾਇਆ। ਏਕਾ ਪਦ ਨਿਰਬਾਣਾ ਪਾਣਾ, ਦੂਸਰ ਧਾਰ ਨਾ ਕੋਇ ਜਣਾਇਆ। ਜਗਤ ਸੰਘਮ ਮੇਟ ਮਿਟਾਨਾ, ਬੇਹੰਗਮ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਦਰ ਦਰ, ਦਰ ਭਿਖਾਰੀ ਨਾਮ ਧਰਾਇਆ। ਦਰ ਭਿਖਾਰੀ ਦਰ ਦਰਵੇਸ਼, ਦਰ ਦਰ ਫੇਰਾ ਪਾਈਆ। ਦਰ ਦਰ ਹਰਿ ਹਰਿ ਰਿਹਾ ਵੇਖ, ਦਰ ਦਰ ਘਰ ਘਰ ਫੋਲ ਫੋਲਾਈਆ। ਦਰ ਦਰ ਫਿਰੇ ਨਰ ਨਰੇਸ਼, ਨਿਰਗੁਣ ਨੂਰ ਕਰੇ ਰੁਸ਼ਨਾਈਆ। ਦਰ ਦਰ ਸੰਗ ਰਖਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਗੁਰਮੁਖਾਂ ਦਰਸ ਕਰਾਈਆ। ਤਿੰਨੇ ਬਹਿ ਬਹਿ ਕਰਨ ਆਦੇਸ਼, ਪਾਰਬ੍ਰਹਮ ਵੱਡੀ ਵਡਿਆਈਆ। ਗੁਰਮੁਖ ਔਂਦੇ ਰਹਿਣ ਹਮੇਸ਼, ਲੋਕਮਾਤ ਵੱਜਦੀ ਰਹੇ ਵਧਾਈਆ। ਨਿਉਂ ਨਿਉਂ ਚਰਨ ਚੁੰਮੇ ਬਾਸ਼ਕ ਸ਼ੇਸ਼, ਗੁਰਸਿਖ ਮਹਿਮਾ ਗਣਤ ਗਣੀ ਨਾ ਜਾਈਆ। ਲਛਮੀ ਨੇਤਰ ਚੁੱਕ ਚੁੱਕ ਰਹੀ ਵੇਖ, ਆਪਣਾ ਪਰਦਾ ਘੁੰਗਟ ਲਾਹੀਆ। ਹਰਿ ਜੀ ਕਰਿਆ ਵਿਸ਼ਨੂੰ ਵੇਸ, ਭੇਵ ਕੋਇ ਨਾ ਪਾਈਆ। ਸਚ ਤਖ਼ਤ ਸੁਲਤਾਨੀ ਨਰ ਨਰੇਸ਼, ਲੋਕਮਾਤ ਬੈਠਾ ਬੇਪਰਵਾਹੀਆ। ਚਰਨ ਧੂੜ ਮੰਗਨ ਗਣਪਤ ਗਣੇਸ਼, ਹੱਥ ਕਿਸੇ ਨਾ ਆਈਆ। ਕਲਜੁਗ ਤੇਰਾ ਵੇਖੇ ਭੇਸ, ਆਪ ਆਪਣੀ ਕਲ ਵਰਤਾਈਆ। ਅੰਤਮ ਪਰਗਟ ਹੋਇਆ ਮਾਝੇ ਦੇਸ, ਵੇਦ ਕਤੇਬ ਲੇਖਾ ਲਿਖ ਨਾ ਸਕੇ ਰਾਈਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਸੀਸ ਮੂੰਡ ਮੁੰਡਾਈਆ। ਜੋਤੀ ਨੂਰ ਹਾਜ਼ਰ ਹਜ਼ੂਰ ਕਰ ਪਰਵੇਸ਼, ਗੁਰ ਗੋਬਿੰਦ ਸੰਗ ਰਖਾਈਆ। ਗ਼ਰੀਬ ਨਿਮਾਣੇ ਜਗਤ ਨਿਤਾਣੇ ਗੁਰਮੁਖ ਸਾਜਣ ਆਪਣੇ ਵੇਖ, ਘਰ ਆਪਣੇ ਆਇਆ ਚਾਈਂ ਚਾਈਂਆ। ਤ੍ਰਿਲੋਕੀ ਪੈਂਡਾ ਰੱਖੇ ਚਰਨਾਂ ਹੇਠ, ਬ੍ਰਹਿਮੰਡ ਖੰਡ ਗੁਰਸਿਖ ਤੇਰੇ ਚਰਨਾਂ ਹੇਠ ਦਬਾਈਆ। ਤੇਰਾ ਰਾਹ ਬੇਪਰਵਾਹ ਆਪੇ ਰਿਹਾ ਵੇਖ, ਛੱਤੀ ਯੁਗ ਰਾਹ ਤਕਾਈਆ। ਰਵਿਦਾਸੇ ਮੰਗੀ ਮੰਗ ਪ੍ਰਭ ਅਬਿਨਾਸ਼ੀ ਮਸਤਕ ਲਿਖੀ ਰੇਖ, ਲੇਖਾ ਲਿਖਿਆ ਨਾ ਕੋਇ ਮਿਟਾਈਆ। ਅੰਤਮ ਵੇਲਾ ਆਪਣੇ ਨੇਤਰ ਆਪਣਾ ਰੂਪ ਆਪਣੇ ਅੰਦਰ ਲੈਣਾ ਵੇਖ, ਗੁਰਮੁਖ ਗੁਰਮੁਖ ਵਡ ਵਡਿਆਈਆ। ਬਾਲਮੀਕ ਨੀਕਨ ਨੀਕ, ਏਕਾ ਸਿਖਿਆ ਗਿਆ ਸੀਖ, ਸਾਚੀ ਸਿਖਿਆ ਆਪ ਸਮਝਾਈਆ। ਕਲਜੁਗ ਅੰਤਮ ਮੇਲਾ ਇਕ ਤਰੀਕ, ਏਕਾ ਸਗਨ ਏਕਾ ਸਾਹ ਸੁਧਾਈਆ। ਲੱਖ ਚੁਰਾਸੀ ਸਾਧ ਸੰਤ ਹਰਿ ਭਗਵੰਤ ਕਰਨ ਪਰੀਖ, ਪਰੀਖਿਆ ਵਿਚ ਕਿਸੇ ਨਾ ਆਈਆ। ਗੁਰਮੁਖਾਂ ਗੁਰਸਿਖਾਂ ਦਰ ਦਰ ਘਰ ਘਰ ਜਾਏ ਮੰਗੇ ਭਿਖ, ਜਗਤ ਭਿਖਾਰੀ ਆਪ ਹੋ ਜਾਈਆ। ਆਪਣੇ ਸ਼ਬਦ ਲੇਖਾ ਦਏ ਲਿਖ, ਨਾ ਸਕੇ ਕੋਇ ਮਿਟਾਈਆ। ਦੋ ਜਹਾਨ ਮਿਟਾਏ ਤ੍ਰਿਸ਼ਨਾ ਤ੍ਰਿਖ, ਭੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸਾਧ ਸੰਤ ਗੁਰਮੁਖ ਗੁਰਸਿਖ ਗੁਰ ਗੁਰ ਧਾਰ ਸ਼ਬਦ ਪਿਆਰ, ਆਪਣਾ ਆਪ ਉਤੋਂ ਵਾਰ, ਹੰ ਸੋ ਸੋ ਹੰ ਆਪ ਹੋ ਜਾਈਆ।