Granth 08 Likhat 004: 28 Poh 2015 Bikarmi Jasbir Singh de Ghar Pind Bholeke Jila Gurdaspur

੨੮ ਪੋਹ ੨੦੧੫ ਬਿਕ੍ਰਮੀ ਜਸਬੀਰ ਸਿੰਘ ਦੇ ਘਰ ਪਿੰਡ ਭੋਲੇਕੇ ਜ਼ਿਲਾ ਗੁਰਦਾਸ ਪੁਰ

      ਨਿਰਗੁਣ ਹਰਿ ਨਿਰਗੁਣ ਧਾਰ, ਨਿਰਗੁਣ ਆਪ ਚਲਾਈਆ। ਨਿਰਗੁਣ ਰੂਪ ਆਪ ਕਰਤਾਰ, ਨਿਰਗੁਣ ਵੇਖ ਵਖਾਈਆ। ਨਿਰਗੁਣ ਖੇਲ ਅਗੰਮ ਅਪਾਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਜੋਤੀ ਕਰ ਉਜਿਆਰ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਰਖਾਈਆ। ਨਿਰਗੁਣ ਰੂਪ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਵੇਖ ਵਖਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਭੇਵ ਕੋਈ ਨਾ ਪਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪਣੀ ਕਰਨੀ ਕਰਤਾ ਕਿਰਤ ਕਮਾਇੰਦਾ। ਨਾ ਕੋਈ ਦੂਸਰ ਸੰਗ ਮੀਤ ਮੁਰਾਰਾ, ਸਗਲਾ ਸੰਗ ਨਾ ਕੋਈ ਵਖਾਇੰਦਾ। ਗਗਨ ਮੰਡਲ ਨਾ ਕੋਈ ਸਤਾਰਾ, ਅਕਾਸ਼ ਪਰਕਾਸ਼ ਨਾ ਕੋਈ ਜਣਾਇੰਦਾ। ਅਕਾਸ਼ ਪਰਕਾਸ਼ ਨਾ ਕੋਈ ਉਜਿਆਰਾ, ਰਵ ਸਸ ਮੰਡਲ ਮੰਡਪ ਨਾ ਕੋਈ ਵਖਾਇੰਦਾ। ਗੁਰ ਪੀਰ ਨਾ ਕੋਈ ਅਵਤਾਰਾ, ਸਾਧ ਸੰਤ ਨਾ ਕੋਈ ਉਪਾਇੰਦਾ। ਲੋਆਂ ਪੁਰੀਆਂ ਨਾ ਪਸਰ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨਾ ਰਚਨ ਰਚਾਇੰਦਾ। ਲੱਖ ਚੁਰਾਸੀ ਨਾ ਕੋਈ ਧਾਰਾ, ਤ੍ਰੈਗੁਣ ਮੇਲ ਨਾ ਕੋਈ ਮਿਲਾਇੰਦਾ। ਪੰਜ ਤੱਤ ਨਾ ਕਰ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਸੁਹਾਇੰਦਾ । ਹੱਡ ਮਾਸ ਨਾੜੀ ਚੰਮ ਨਾ ਕੋਈ ਮਹੱਲ ਉਸਾਰਾ, ਨੌ ਦਰ ਨਾ ਕੋਈ ਖੁਲ੍ਹਾਇੰਦਾ। ਮਨੂਆ ਜੋਤ ਨਾ ਹੋਏ ਉਜਿਆਰਾ, ਅੰਧੇਰ ਪਰਕਾਸ਼ ਨਾ ਕੋਈ ਵਖਾਇੰਦਾ। ਬੁੱਧੀ ਮੱਤ ਨਾ ਖੇਲ ਖਿਲਾਰਾ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਵੇਦ ਕਤੇਬ ਨਾ ਕੋਈ ਲਿਖਾਰਾ, ਗਿਆਨ ਧਿਆਨ ਨਾ ਕੋਈ ਦ੍ਰਿੜਾਇੰਦਾ। ਅੱਖਰ ਵੱਖਰ ਹਰਿ ਨਿਰੰਕਾਰਾ, ਏਕਾ ਆਪਣਾ ਆਪ ਰਖਾਇੰਦਾ। ਇਕ ਅਕੱਲਾ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਪਣਾ ਦੀਵਾ ਬਾਤੀ ਕਰ ਉਜਿਆਰਾ, ਆਪ ਆਪਣਾ ਦਰ ਸੁਹਾਇੰਦਾ। ਨਾ ਕੋਈ ਮੰਦਰ ਮਸਜਿਦ ਚਾਰ ਦਿਵਾਰਾ, ਗਗਨ ਗਗਨੰਤਰ ਨਾ ਕੋਈ ਰਚਾਇੰਦਾ। ਜਗਤ ਬਸੰਤਰ ਨਾ ਕੋਈ ਜਲ ਧਾਰਾ, ਤੱਤਵ ਤੱਤ ਨਾ ਕੋਈ ਰਖਾਇੰਦਾ। ਅਬਿਨਾਸ਼ੀ ਕਰਤਾ ਖੇਲ ਅਪਾਰਾ, ਆਪ ਆਪਣਾ ਆਪ ਰਚਾਇੰਦਾ। ਆਪਣੇ ਦਰਸੀ ਆਪੇ ਕਰ ਵਿਚਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪੇ ਹੱਕ ਹਕੀਕਤ ਵੇਖੇ ਬੇਐਬ ਪਰਵਰਦਿਗਾਰਾ, ਨੂਰ ਅਲਾਹੀ ਆਪ ਹੋ ਜਾਇੰਦਾ। ਆਪੇ ਰਾਮ ਰੂਪ ਧਰ ਸੰਸਾਰਾ, ਕ੍ਰਿਸ਼ਨ ਮੁਰਾਰਾ ਆਪਣਾ ਮੇਲ ਮਿਲਾਇੰਦਾ। ਆਪ ਸੁਹਾਏ ਆਪਣਾ ਬੰਕ ਦਵਾਰਾ, ਥਿਰ ਘਰ ਨਾਮ ਰਖਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਜਾਗਰਤ ਜੋਤ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਸਿਆ ਏਕਾ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਨਰ ਨਰਾਇਣ ਹਰਿ ਕਰਤਾਰਾ, ਏਕਾ ਏਕ ਏਕੰਕਾਰਿਆ। ਖੇਲੇ ਖੇਲ ਦਰ ਦਵਾਰਾ, ਆਪ ਆਪਣੀ ਕਲ ਧਾਰਿਆ। ਲੋਆਂ ਪੁਰੀਆਂ ਬੰਨੇ ਧਾਰਾ, ਆਪ ਆਪਣੀ ਰਚਨ ਰਚਾ ਲਿਆ। ਥਿਰ ਘਰ ਬੈਠ ਸਚ ਸੁਲਤਾਨਾ, ਸ਼ਾਹੋ ਭੂਪ ਖੇਲ ਖਿਲਾ ਰਿਹਾ। ਰੂਪ ਰੰਗ ਨਾ ਕੋਈ ਮਕਾਨਾ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾ ਰਿਹਾ। ਆਪਣਾ ਦੇਵਣਹਾਰਾ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾ ਰਿਹਾ। ਆਪ ਆਪਣੀ ਪਾਏ ਆਣਾ, ਆਪ ਆਪਣਾ ਸਿਰ ਨਿਵਾ ਰਿਹਾ। ਆਪ ਆਪਣਾ ਕਰ ਪਰਵਾਨਾ, ਆਪ ਆਪਣੀ ਬਣਤ ਬਣਾ ਰਿਹਾ। ਥਿਰ ਘਰ ਬੈਠ ਸ੍ਰੀ ਭਗਵਾਨਾ, ਉਚ ਅਗੰਮ ਅਥਾਹ ਬੇਪਰਵਾਹ ਵੇਸ ਵਟਾ ਰਿਹਾ। ਲੱਖ ਚੁਰਾਸੀ ਜੀਵ ਜੰਤ ਕੋਈ ਜਾਣੇ ਨਾ, ਹਰਿ ਕਾ ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਕਰ, ਘਰ ਸਾਚੇ ਵੇਸ ਵਟਾ ਰਿਹਾ। ਸਚ ਮਹੱਲਾ ਹਰਿ ਅਟਾਰੀ, ਥਿਰ ਘਰ ਆਪ ਵਸਾਇਆ। ਇਕ ਅਕੱਲਾ ਬੈਠਾ ਨਰ ਨਿਰੰਕਾਰੀ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਾ ਕੋਈ ਵੇਦ ਵਿਦਾਂਤਾ ਬ੍ਰਹਮਾ ਵੇਤਾ ਲਿਖੇ ਲਿਖਾਰੀ, ਜਗਤ ਗੀਤਾ ਨਾ ਕੋਇ ਮਨਾਇਆ। ਆਪ ਆਪਣਾ ਕਰ ਉਜਿਆਰੀ, ਆਪ ਆਪਣਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਇਕ ਅਕੱਲਾ ਏਕੰਕਾਰ ਅਜੂਨੀ ਰਹਿਤ ਵਸੇ ਨਿਰਾਧਾਰ, ਅਨਭਵ ਪਰਕਾਸ਼ ਸਮਾਇਆ। ਅਨਭਵ ਪਰਕਾਸ਼ ਹਰਿ ਨਿਰੰਕਾਰਾ, ਅਜੂਨੀ ਰਹਿਤ ਮੂਰਤ ਅਕਾਲਿਆ। ਭੈ ਭੰਜਨ ਸਰਬ ਸੰਸਾਰਾ, ਆਦਿ ਨਿਰੰਜਣ ਨਾਉਂ ਰਖਾ ਲਿਆ। ਜੁਗ ਜੁਗ ਖੇਲੇ ਖੇਲ ਖੇਲਣਹਾਰਾ, ਅਕਲ ਕਲਧਾਰੀ ਆਪ ਅਖਵਾ ਰਿਹਾ। ਸੁਹਾਏ ਦਰ ਦਰ ਬੰਕ ਦਵਾਰਾ, ਨਿਰਗੁਣ ਨੂਰ ਇਕ ਉਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਲੋਆਂ ਪੁਰੀਆਂ ਅਵਣ ਗਵਣ ਤ੍ਰੈਭਵਣ ਧਰਤ ਧਵਲ ਰਿਹਾ ਮਵਲ, ਜਲ ਬਿੰਬ ਫੁਲ ਕਵਲ ਅਕਾਸ਼ ਪਰਕਾਸ਼ ਨਿਰਗੁਣ ਧਾਰ ਰਸਨ ਸਵਾਸ ਮਨ ਮਤ ਬੁਧ ਕਰ ਉਜਿਆਰ, ਪੰਜ ਤੱਤ ਹੱਡ ਮਾਸ ਨਾੜੀ ਰੱਤ ਨਿਰਗੁਣ ਵਸਤ ਏਕਾ ਘੱਤ, ਲੱਖ ਚੁਰਾਸੀ ਰਥ ਚਲਾ ਰਿਹਾ। ਸਰਬ ਕਲਾ ਆਪੇ ਸਮਰਥ, ਆਦਿ ਜੁਗਾਦੀ ਸ਼ਬਦ ਡੋਰੀ ਪਾਏ ਨੱਥ, ਜਨ ਭਗਤਾਂ ਦੇਵਣਹਾਰਾ ਸਾਚੀ ਵੱਥ, ਛੱਬੀ ਪੋਹ ਕਰ ਭਗਤਨ ਮੋਹ, ਆਪਣਾ ਮੂਲ ਕੰਤ ਕੰਤੂਹਲ ਨਿਰਗੁਣ ਧਾਰ ਗੁਰਮੁਖਾਂ ਝੋਲੀ ਪਾ ਰਿਹਾ। ਨਿਰਗੁਣ ਧਾਰ ਸਰਬ ਗੁਣਵੰਤਾ, ਆਦਿ ਪੁਰਖ ਨਿਰੰਜਣਾ। ਜੋਤ ਪਰਕਾਸ਼ ਇਕ ਰਖੰਤਾ, ਪਾਰਬ੍ਰਹਮ ਦਰਦ ਦੁੱਖ ਭੈ ਭੰਜਨਾ। ਆਦਿ ਜੁਗਾਦਿ ਖੇਲ ਖਿਲੰਤਾ, ਅਬਿਨਾਸ਼ੀ ਕਰਤਾ ਸਾਚਾ ਸੱਜਣਾ। ਤੋੜਨਹਾਰਾ ਗੜ ਹਉਮੇ ਹੰਗਤਾ, ਬਖ਼ਸ਼ਣਹਾਰ ਚਰਨ ਧੂੜ ਸਾਚਾ ਮਜਨਾ। ਲੇਖੇ ਲਾਏ ਭੁੱਖਾ ਨੰਗਤਾ, ਲੱਖ ਚੁਰਾਸੀ ਪੜਦਾ ਕੱਜਣਾ। ਕਾਇਆ ਚੋਲੀ ਨਾਮ ਰੰਗਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਦਵਾਰ ਆਪੇ ਭਜਨਾ। ਆਦਿ ਪੁਰਖ ਹਰਿ ਨਿਰੰਕਾਰਾ, ਏਕਾ ਜੋਤ ਜਗਾਈਆ। ਜੁਗ ਜੁਗ ਮਾਤ ਲਏ ਅਵਤਾਰਾ, ਆਪ ਆਪਣਾ ਖੇਲ ਖਿਲਾਈਆ। ਭਗਤਨ ਮੀਤਾ ਵਡ ਸੰਸਾਰਾ, ਸਾਰੰਗ ਧਰ ਆਪ ਹੋ ਜਾਈਆ। ਸ਼ਬਦੀ ਡੰਕ ਅਪਰ ਅਪਾਰਾ, ਲੋਆਂ ਪੁਰੀਆਂ ਆਪ ਵਜਾਈਆ। ਥਿਰ ਘਰ ਬੈਠ ਦਵਾਰਾ, ਸਚ ਸਿੰਘਾਸਣ ਇਕ ਸੁਹਾਈਆ। ਅਲਖ ਅਗੋਚਰ ਅਗੰਮ ਅਪਾਰਾ, ਆਦਿ ਅਨਾਦਿ ਇਕ ਅਖਵਾਈਆ। ਖੋਜਤ ਖੋਜ ਖੋਜ ਬ੍ਰਹਿਮਾਦਿ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਈਆ । ਜੁਗ ਕਰਤਾ ਕਰਨੇਹਾਰਾ, ਏਕਾ ਰੂਪ ਸਮਾਇਆ। ਆਦਿ ਜੁਗਾਦੀ ਕਰਨੀ ਕਰਤਾਰਾ, ਏਕਾ ਕਰਮ ਕਮਾਇਆ। ਨਿਰਗੁਣ ਖੇਲੇ ਖੇਲ ਨਿਆਰਾ, ਏਕਾ ਲੇਖਾ ਕਲਜੁਗ ਵਿਚ ਨਾ ਆਇਆ। ਇਕ ਸੁਹਾਏ ਸਚ ਦਵਾਰਾ, ਥਿਰ ਘਰ ਬੈਠਾ ਬੇਪਰਵਾਹਿਆ। ਸ਼ਬਦ ਸ਼ਬਦੀ ਬੋਲ ਜੈਕਾਰਾ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਲੱਖ ਚੁਰਾਸੀ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਆਦਿ ਨਿਰੰਜਣ, ਹਰਿ ਹਰਿ ਵੇਸ ਵਟਾਇੰਦਾ। ਗਗਨ ਪਤਾਲਾ ਸਾਚਾ ਸੱਜਣ, ਲੋਕਮਾਤ ਰਾਹ ਤਕਾਇੰਦਾ। ਜਗਤ ਨਗਾਰੇ ਦੋ ਜਹਾਨੀ ਵੱਜਣ, ਸਾਚਾ ਤਾਲ ਆਪ ਰਖਾਇੰਦਾ। ਆਪ ਚਲਾਏ ਆਪਣਾ ਜਹਾਜਨ, ਆਪ ਆਪਣਾ ਰਾਹ ਤਕਾਇੰਦਾ। ਆਪੇ ਮਾਰੇ ਸ਼ਬਦ ਅਗੰਮੀ ਅਵਾਜਨ, ਸੰਤ ਸੁਹੇਲੇ ਆਪ ਉਠਾਇੰਦਾ। ਆਪੇ ਚਰਨ ਘੋੜੇ ਅਸਵ ਚਰਨ ਦੇ ਰਕਾਬਨ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਆਪੇ ਬੇਐਬ ਪਰਵਰਦਿਗਾਰ ਹੋਏ ਹਾਜੀ ਹਾਜਨ, ਸਾਚਾ ਹੱਜ ਆਪ ਕਰਾਇੰਦਾ। ਆਪੇ ਸ਼ਾਹ ਆਪ ਨਵਾਬਨ, ਪੁੰਨ ਸਵਾਬ ਵੇਖ ਵਖਾਇੰਦਾ। ਆਪੇ ਮੇਲ ਮਿਲਾਏ ਵਡ ਵਡ ਰਾਜਨ, ਆਪੇ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਅਕਲ ਕਲਾ ਹਰਿ ਹਰਿ ਧਾਰ, ਆਪਣਾ ਵੇਸ ਵਟਾਇਆ। ਇਕ ਅਕੱਲਾ ਕਰ ਪਸਾਰ, ਲੱਖ ਚੁਰਾਸੀ ਡੇਰਾ ਲਾਇਆ। ਕਲਜੁਗ ਅੰਤਮ ਪਾਵੇ ਸਾਰ, ਆਪ ਆਪਣਾ ਰੂਪ ਵਟਾਇਆ। ਬ੍ਰਹਮਾ ਵੇਤਾ ਲਿਖ ਲਿਖ ਗਿਆ ਹਾਰ, ਚਾਰ ਵੇਦਾਂ ਰਸਨ ਅਲਾਇਆ। ਪੁਰਾਨ ਅਠਾਰਾਂ ਕਰ ਵਿਚਾਰ, ਵੇਦ ਵਿਆਸਾ ਮੁਖ ਛੁਪਾਇਆ। ਐਨਲਹੱਕ ਦਏ ਸਹਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਦਿ ਨਿਰੰਜਣ ਜੋਤ ਉਜਿਆਰ, ਨਿਰਗੁਣ ਨੂਰ ਸਮਾਇਆ। ਖੇਲੇ ਖੇਲ ਦਰ ਦਵਾਰ, ਆਪ ਆਪਣੀ ਕਾਰ ਕਰਾਇਆ। ਕਲਜੁਗ ਤੇਰਾ ਵੇਖ ਦਵਾਰ, ਦਰ ਦਰਵੇਸਾ ਨਾਉਂ ਧਰਾਇਆ। ਈਸਾ ਮੂਸਾ ਪਾਵੇ ਸਾਰ, ਚਾਰ ਯਾਰੀ ਫੋਲ ਫੁਲਾਇਆ। ਹੱਕ ਮੁਹੰਮਦ ਤੇਰਾ ਨਾਅਰਾ, ਅੱਲਾ ਰਾਣੀ ਦਏ ਉਠਾਇਆ। ਨਾਨਕ ਗੁਰ ਖੋਲ੍ਹ ਕਿਵਾੜ, ਆਪ ਆਪਣੀ ਬੂਝ ਬੁਝਾਇਆ। ਗੋਬਿੰਦ ਮਿਟਾਈ ਝੂਠੀ ਧਾੜ, ਸਾਚਾ ਮਾਰਗ ਲਾਇਆ। ਨੌ ਖੰਡ ਵੇਖੇ ਇਕ ਅਖਾੜ, ਲੋਆਂ ਪੁਰੀਆਂ ਗਗਨ ਮੰਡਲ ਅਕਾਸ਼ ਪਰਕਾਸ਼ ਫੇਰਾ ਪਾਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਜ ਤੱਤ ਰਹਿਣ ਨਾ ਪਾਇਆ। ਲੱਗੇ ਅੱਗ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਦਏ ਜਲਾਇਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਫੋਲ ਫੋਲਾਇਆ। ਲੇਖਾ ਗਿਣੇ ਲਿਖਣਹਾਰਾ ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਆਪ ਆਪਣੀ ਧਾਰ ਬੰਧਾਇਆ। ਏਕੰਕਾਰਾ ਇਕ ਅਨਾਦਿ, ਧੁਨ ਅਨਾਦੀ ਆਪ ਸੁਣਾਇਆ। ਪਾਰਬ੍ਰਹਮ ਮਾਧਵ ਮਾਧ, ਮੋਹਣ ਮੋਹਣੀ ਰੂਪ ਵਟਾਇਆ। ਆਪ ਆਪਣੇ ਲਏ ਲਾਧ, ਆਪ ਆਪਣਾ ਮੇਲ ਮਿਲਾਇਆ। ਆਪੇ ਸੰਤ ਆਪੇ ਸਾਧ, ਆਪੇ ਸਤਿਗੁਰ ਨਾਮ ਧਰਾਇਆ। ਆਪੇ ਵੇਖੇ ਵਾਦ ਵਿਵਾਦ, ਹਉਮੇ ਹੰਗਤਾ ਆਪ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਧਾਰ ਆਪ ਬੰਧਾਇਆ। ਆਪਣੀ ਧਾਰ ਆਪੇ ਬੰਨ, ਆਪੇ ਹੁਕਮ ਚਲਾਈਆ। ਲਹਿਣਾ ਦੇਣਾ ਚੁੱਕੇ ਰਵ ਸਸ ਸੂਰਜ ਚੰਨ, ਤਾਰਾ ਮੰਡਲ ਵੇਖ ਵਖਾਈਆ। ਬ੍ਰਹਮਾ ਸੁਣੇ ਆਪਣਾ ਰਾਗ ਆਪਣੇ ਕੰਨ, ਹਰਿ ਸਾਚਾ ਦਏ ਸੁਣਾਈਆ। ਸ਼ਿਵ ਸ਼ੰਕਰ ਵੇਖੇ ਛੰਪਰ ਛੰਨ, ਆਪ ਆਪਣੀ ਅੱਖ ਖੁਲ੍ਹਾਈਆ। ਕਰੋੜ ਤੇਤੀਸਾ ਦੇਵਣਹਾਰਾ ਡੰਨ, ਸੁਰਪਤ ਰਾਜਾ ਇੰਦ ਰਿਹਾ ਕੁਰਲਾਈਆ। ਲੋਕਮਾਤ ਹਰਿ ਭਗਤ ਜਨਨੀ ਜਣਿਆ ਸਾਚਾ ਜਨ, ਹਰਿ ਸਾਚਾ ਮੇਲ ਮਿਲਾਈਆ ਦੇਵੇ ਵਸਤ ਨਾਮ ਸੱਚਾ ਮਾਲ ਧਨ, ਸਚ ਖਜ਼ਾਨਾ ਇਕ ਭਰਾਈਆ। ਪੰਜ ਵਿਕਾਰਾ ਕੱਢੇ ਤਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਕਲਜੁਗ ਤੇਰਾ ਖੇਲ ਨਿਆਰਾ, ਹਰਿ ਸਾਚੇ ਖੇਲ ਖਿਲਾਈਆ। ਐੜਾ ਅਥਰਬਣ ਕਰ ਪਿਆਰਾ, ਏਕਾ ਅੱਖ ਖੁਲ੍ਹਾਈਆ। ਵਰਨਾਂ ਬਰਨਾਂ ਵਸਿਆ ਬਾਹਰਾ, ਚਾਰ ਅਠਾਰਾਂ ਨਾ ਭੇਵ ਖੁਲ੍ਹਾਈਆ। ਨੌ ਨੌ ਖੋਲ੍ਹ ਕਿਵਾੜਾ, ਨੌ ਨਿਧ ਵੇਖ ਵਖਾਈਆ। ਸਤਿ ਸਤਿ ਕਰੇ ਪਸਾਰਾ, ਸਤਿ ਸਤਿ ਵੱਜੇ ਵਧਾਈਆ। ਬ੍ਰਹਮਤ ਵੇਖ ਉਤਪਤ, ਸਤਿਜੁਗ ਰਚਨ ਰਚਾਈਆ। ਡਾਲ੍ਹੀ ਪੱਤ ਪੱਤ ਕਰੇ ਵਿਚਾਰਾ, ਜੇਰਜ ਅੰਡ ਉਤਭੁਜ ਸੇਤਜ ਆਪ ਜਣਾਈਆ। ਹੱਡ ਮਾਸ ਨਾੜੀ ਰੱਤ ਪੰਜ ਤੱਤ ਲਾਇਆ ਗਾਰਾ, ਆਪ ਆਪਣਾ ਜੋੜ ਜੁੜਾਈਆ। ਸਾਢੇ ਤਿੰਨ ਹੱਥ ਬਣਿਆ ਸਚ ਮੁਨਾਰਾ, ਚਾਰ ਦਵਾਰੀ ਇਕ ਵਖਾਈਆ। ਨੌ ਦਵਾਰੇ ਖੋਲ੍ਹ ਕਿਵਾੜਾ, ਤ੍ਰੈਗੁਣ ਬੰਧਨ ਪਾਈਆ। ਮਹੱਲ ਅਟੱਲ ਉਚ ਮੁਨਾਰਾ, ਅੰਦਰ ਮੰਦਰ ਆਪ ਟਿਕਾਈਆ। ਦੀਵਾ ਬਾਤੀ ਕਰ ਉਜਿਆਰਾ, ਦਿਵਸ ਰੈਣ ਡਗਮਗਾਈਆ। ਸ਼ਬਦ ਧੁਨ ਸੱਚੀ ਜੈਕਾਰਾ, ਸ਼ਬਦ ਤਾਲ ਵਜਾਈਆ। ਛੱਤੀ ਰਾਗ ਨਾ ਪਾਇਣ ਸਾਰਾ, ਅਭੇਵ ਭੇਵ ਛੁਪਾਈਆ। ਮੁਨ ਰਿਖ ਨਾ ਵੇਖੇ ਕੋਈ ਦਵਾਰਾ, ਅਕਾਲ ਮੂਰਤ ਨਜ਼ਰ ਨਾ ਆਈਆ। ਆਪ ਆਪਣੇ ਸੁੱਤਾ ਪੈਰ ਪਸਾਰਾ, ਆਪ ਆਪਣਾ ਮੁਖ ਛੁਪਾਈਆ। ਹੱਕ ਹਕੀਕਤ ਕਰ ਤਿਆਰਾ, ਖਲਕ ਖੁਦਾਈ ਆਪ ਅਖਵਾਈਆ। ਨੂਰੋ ਨੂਰ ਨੂਰ ਉਜਿਆਰਾ, ਨੂਰੀ ਬਿਸਮਿਲ ਆਪ ਹੋ ਜਾਈਆ। ਸਤਿ ਸਤਿ ਸਤਿ ਕਰ ਵਰਤਾਰਾ, ਸਤਿ ਪੁਰਖ ਨਾਉਂ ਧਰਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਾਨਕ ਸ਼ਬਦ ਜਣਾਈਆ। ਗੋਬਿੰਦ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਅਕਾਲ ਪੁਰਖ ਅਬਿਨਾਸ਼ੀ ਕਰਤਾ ਪਾਰਬ੍ਰਹਮ ਦਾਤਾਰਾ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਲਏ ਅਵਤਾਰਾ, ਜੁਗ ਕਰਤਾ ਨਾਉਂ ਰਖਾਈਆ। ਪ੍ਰਿਥਮੀ ਆਕਾਸ਼ ਦਏ ਹੁਲਾਰਾ, ਗਗਨ ਮੰਡਲ ਆਪ ਹਿਲਾਈਆ। ਜਾਗਰਤ ਜੋਤ ਕਰ ਉਜਿਆਰਾ, ਨਿਰਗੁਣ ਵੇਸ ਵਟਾਈਆ। ਬ੍ਰਹਿਮੰਡ ਖੰਡ ਪਾਵੇ ਸਾਰਾ, ਜੇਰਜ ਅੰਡ ਫੋਲ ਫੋਲਾਈਆ। ਨਾਮ ਖੰਡਾ ਤੇਜ਼ ਕਟਾਰਾ, ਆਪ ਆਪਣੇ ਹੱਥ ਉਠਾਈਆ। ਚਾਰੋਂ ਕੁੰਟ ਕਰਾਏ ਧੂੰਆਂਧਾਰਾ, ਦਹਿ ਦਿਸ਼ਾ ਫੇਰੀ ਪਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਖ਼ਬਰਦਾਰਾ, ਸੀਸ ਤਾਜ ਨਾ ਕੋਇ ਟਿਕਾਈਆ। ਦੋ ਜਹਾਨ ਨਾ ਦਿਸੇ ਕੋਈ ਦਵਾਰਾ, ਦਰ ਦਵਾਰ ਨਾ ਕੋਈ ਜਣਾਈਆ। ਉਚ ਮਹੱਲ ਨਾ ਦਿਸੇ ਪਸਰ ਪਸਾਰਾ, ਰਾਜ ਬਣਤਰ ਨਾ ਕੋਈ ਵਖਾਈਆ। ਅੰਤਮ ਤੋੜੇ ਗੜ੍ਹ ਹੰਕਾਰਾ, ਆਪ ਆਪਣੀ ਕਲ ਵਰਤਾਈਆ। ਸਤਿ ਪੁਰਖ ਨਿਰੰਜਣ ਹੋ ਤਿਆਰਾ, ਆਪ ਆਪਣਾ ਬਲ ਵਖਾਈਆ। ਵੀਹ ਸਦ ਬਿਕ੍ਰਮੀ ਤੇਰਾ ਪਿਆਰਾ, ਭੁੱਲ ਕੋਈ ਨਾ ਜਾਈਆ। ਇਕ ਅਕੱਲਾ ਭੁੱਜਾਂ ਪਸਾਰਾ, ਚੌਥੇ ਜੁਗ ਫੇਰੀ ਪਾਈਆ। ਵੱਜਿਆ ਡੰਕ ਸ਼ਬਦ ਨਗਾਰਾ, ਰਣਜੀਤ ਆਪ ਵਜਾਈਆ। ਤ੍ਰੈਗੁਣ ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਚੌਥੇ ਯੁਗ ਇਕ ਵਜਾਏ ਆਪਣਾ ਨਦ, ਜਨ ਭਗਤਾਂ ਅੱਗੇ ਮੰਗੇ ਮੰਗ ਅੱਗੇ ਆਪਣੀ ਝੋਲੀ ਡਾਹੀਆ। ਵੀਹ ਸਦ ਪੰਜ ਲਹਿਣਾ ਦੇਣਾ ਚੁੱਕੇ ਕਾਰੂ ਗੰਜ, ਮਾਇਆ ਧਾਰ ਦਿਸ ਨਾ ਆਈਆ। ਛੇਵੇ ਛੱਪਰ ਛੰਨ ਇਕ ਚੜ੍ਹਾਏ ਆਪ ਚੰਨ, ਸਾਚੀ ਕਰ ਰੁਸ਼ਨਾਈਆ। ਸੱਤਵਾਂ ਸਤਿ ਪੁਰਖ ਨਿਰੰਜਣ ਵੇਖੇ ਘਰ ਸਾਚੇ ਜਾਏ ਮੰਨ, ਨਿਰਗੁਣ ਨਿਰਗੁਣ ਨੂਰ ਸਮਾਈਆ। ਅੱਠਾਂ ਤੱਤਾਂ ਬੇੜਾ ਦੇਵੇ ਬੰਨ, ਦਸ ਅਠ ਕਰ ਕੁੜਮਾਈਆ। ਬੀਸ ਨੌ ਕੱਢੇ ਜਨ, ਨੌ ਦਵਾਰੇ ਫੋਲ ਫੋਲਾਈਆ। ਵੀਹ ਸੌ ਦਸ ਬਿਕ੍ਰਮੀ ਧੰਨ ਧੰਨ, ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਜੈ ਜੈਕਾਰ ਕਰਾਈਆ। ਸਾਚੇ ਬਾਲੇ ਰਾਗ ਸੁਣਾਇਆ  ਕੰਨ, ਧੁਨ ਅਨਾਦੀ ਇਕ ਵਜਾਈਆ। ਸਾਢੇ ਤਿੰਨ ਹੱਥ ਸੀਆਂ ਦਿਤਾ ਡੰਨ, ਰਵਦਾਸ ਚੁਮਿਆਰਾ ਲੇਖੇ ਲਾਈਆ। ਸਾਚੇ ਲੇਖੇ ਲਗਾ ਤਨ, ਕਲਜੁਗ ਮੁਲ ਚੁਕਾਈਆ। ਕਾਇਆ ਭਾਂਡਾ ਦੇਵੇ ਭੰਨ, ਦਰ ਦਵਾਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਰੁੱਤ ਸੁਹਾਈਆ। ਕਲਜੁਗ ਤੇਰਾ ਸਚ ਹੁਲਾਰਾ, ਹਰਿ ਸਾਚਾ ਆਪ ਦਵਾਇੰਦਾ। ਸ੍ਰਿਸ਼ਟ ਸਬਾਈ ਹੋਏ ਖਵਾਰਾ, ਚਾਰੋਂ ਕੁੰਟ ਭਵਾਇੰਦਾ। ਨਾ ਕੋਈ ਦਿਸੇ ਮੀਤ ਮੁਰਾਰਾ, ਸਾਕ ਸੈਣ ਨਾ ਕੋਈ ਬਚਾਇੰਦਾ। ਨਾ ਕੋਈ ਨਾਰੀ ਕੰਤ ਕਰੇ ਪਿਆਰਾ, ਨਾਰ ਭਤਾਰ ਨਾ ਕੋਈ ਮਿਲਾਇੰਦਾ। ਨਾ ਕੋਈ ਦਾਰਾ ਸੁੱਤ ਹੋਏ ਉਜਿਆਰਾ, ਨਾ ਕੋਈ ਸਗਲਾ ਸੰਗ ਨਿਭਾਇੰਦਾ। ਨਾ ਕੋਈ ਖੜਗ ਖੰਡਾ ਤੇਜ਼ ਕਟਾਰਾ, ਤੀਰ ਕਮਾਨ ਨਾ ਕੋਈ ਉਠਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ ਹਰਿ ਨਿਰੰਕਾਰਾ, ਆਪ ਆਪਣਾ ਕਰਮ ਕਮਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਏਕਾ ਨਾਅਰਾ ਲਾਇੰਦਾ। ਊਚਾਂ ਨੀਚਾਂ ਕਰ ਪਿਆਰਾ, ਆਪ ਆਪਣਾ ਦਰ ਸੁਹਾਇੰਦਾ। ਵੀਹ ਸਦ ਬਾਰਾਂ ਹੋ ਉਜਿਆਰਾ, ਹਾੜ ਸਤਾਰਾਂ ਵੇਖ ਵਖਾਇੰਦਾ। ਹਰਿ ਸੰਗਤ ਮੇਲਾ ਵਿਚ ਸੰਸਾਰਾ, ਸਾਂਤਕ ਸਤਿ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਬਣਤ ਆਪਣੀ ਜੁਗਤ ਆਪੇ ਆਪ ਜਣਾਇੰਦਾ। ਸੰਮਤ ਤੇਰਾ ਸਾਚਾ ਰਾਹ, ਨਾਨਕ ਏਕਾ ਗਾਈਆ। ਸ਼ਬਦ ਤੋਲਾ ਬਣ ਮਲਾਹ, ਹਰਿਜਨ ਵੇਖ ਵਖਾਈਆ। ਏਕਾ ਢੋਲਾ ਰਿਹਾ ਗਾ, ਲੇਖਾ ਲਿਖਤ ਵਿਚ ਨਾ ਆਈਆ। ਚੌਦਾਂ ਵਿਦਿਆ ਰਿਹਾ ਭੁਲਾ, ਚੌਦਾਂ ਹੱਟਾਂ ਖੋਜ ਖੋਜਾਈਆ। ਚੌਦਾਂ ਲੋਕ ਬੇਪਰਵਾਹ, ਚਰਨਾਂ ਹੇਠ ਦਬਾਈਆ। ਬ੍ਰਹਮਾ ਰੋਵੇ ਮਾਰੇ ਧਾ, ਅੱਠੇ ਨੇਤਰ ਨੀਰ ਵਹਾਈਆ। ਸ਼ਿਵ ਸ਼ੰਕਰ ਸੀਸ ਰਿਹਾ ਨਿਵਾ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਇੰਦ ਇੰਦਰਾਸਨ ਦਏ ਤਜਾ, ਹਰਿਜਨ ਸਾਚੇ ਵਡ ਵਡਿਆਈਆ। ਕਰੋੜ ਤੇਤੀਸਾ ਲੋਕਮਾਤ ਦਏ ਉਪਜਾ, ਸਤਿਗੁਰ ਪੂਰੇ ਹੱਥ ਵਡਿਆਈਆ। ਸੰਤ ਸੁਹੇਲੇ ਲਏ ਜਗਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਆਪਣਾ ਮੇਲਾ ਲਏ ਮਿਲਾ, ਆਪ ਆਪਣੀ ਬੂਝ ਬੁਝਾਈਆ। ਗੁਰ ਚੇਲਾ ਏਕ ਧਾਮ ਬਹਾ, ਏਕਾ ਰੰਗ ਰੰਗਾਈਆ। ਥਿਰ ਘਰ ਬੈਠਾ ਸਗਨ ਮਨਾ, ਜੋਤੀ ਖ਼ੁਸ਼ੀ ਮਨਾਈਆ। ਸ਼ਬਦ ਸੁੱਤ ਤੇਰਾ ਸਾਚਾ ਸਾਹ, ਸਾਚਾ ਦਿਵਸ ਸੁਹਾਈਆ । ਕਲਜੁਗ ਅੰਤਮ ਫੇਰਾ ਪਾ, ਵੀਹ ਸਦ ਤੇਰਾਂ ਵਡ ਵਡਿਆਈਆ। ਜਗਤ ਸੰਤਾਂ ਦਏ ਭੁਲਾ, ਮਨ ਮਤ ਕਰ ਕੁੜਮਾਈਆ। ਭਰਮ ਭੁਲੇਖਾ ਆਪੇ ਪਾ, ਆਪਣਾ ਆਪ ਛੁਪਾਈਆ। ਜਗਤ ਭਗਤੀ ਤੇਰਾ ਲਹਿਣਾ ਦਏ ਚੁਕਾ, ਅਭਿਆਸ ਜੋਗ ਪੰਧ ਦਏ ਮੁਕਾਈਆ। ਵੇਦ ਪੁਰਾਨ ਅੰਜੀਲ ਕੁਰਾਨ ਰਹੇ ਗਾ, ਹਰਿ ਕਾ ਰੂਪ ਦਿਸ ਨਾ ਆਈਆ। ਸਾਰਿੰਗ ਢੋਲਕ ਜੋ ਜਨ ਰਹੇ ਵਜਾ, ਅਨਹਦ ਰਾਗ ਨਾ ਸੁਣਨੇ ਪਾਈਆ। ਨਿਉਂ ਨਿਉਂ ਸਯਦਾ ਜੋ ਰਹੇ ਕਮਾ, ਸਾਚਾ ਸੀਸ ਨਾ ਭੇਟ ਚੜ੍ਹਾਈਆ। ਅਹਿਮਦ ਮੁਹੰਮਦ ਰਹੇ ਗਾ, ਸਚ ਮੁਹੰਮਦ ਦਿਸ ਨਾ ਆਈਆ। ਜਗਤ ਸਤਾਰਾ ਰਹੇ ਵਜਾ, ਤਨ ਸਤਾਰ ਨਾ ਕੋਈ ਵਜਾਈਆ। ਛੱਤੀ ਰਾਗਾਂ ਰਹੇ ਗਾ, ਗਾਵਣਹਾਰਾ ਦਿਸ ਨਾ ਆਈਆ। ਗੁਰ ਦਰ ਮੰਦਰ ਬੈਠੇ ਡੇਰਾ ਲਾ, ਮਨ ਕਾ ਡੇਰਾ ਕੋਈ ਨਾ ਡਾਹੀਆ। ਤਨ ਬਿਭੂਤੀ ਮਲ ਸੁਆਹ, ਬੈਠੇ ਖ਼ਾਕ ਰਲਾਈਆ। ਆਪਣਾ ਆਪ ਨਾ ਮਿਲਾਇਆ ਬੇਪਰਵਾਹ, ਜਗਤ ਵਿਛੋੜਾ ਨਾ ਕੋਈ ਕਟਾਈਆ। ਕਲਜੁਗ ਅੰਤਮ ਨਿਥਾਵਿਆਂ ਦੇਵਣਹਾਰਾ ਸਾਚਾ ਥਾਂ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਪਕੜੇ ਆਪੇ ਬਾਂਹ, ਦਰ ਦਰ ਘਰ ਘਰ ਅਲਖ ਜਗਾਈਆ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆਈਆ। ਆਪੇ ਪਿਤਾ ਆਪੇ ਮਾਂ, ਹਰਿਜਨ ਸਾਚੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਤੇਰਾਂ ਤੇਰਾ ਰੰਗ ਤੇਰੇ ਤਨ ਚੜ੍ਹਾਈਆ। ਚੜ੍ਹਿਆ ਰੰਗ ਹਰਿ ਚਲੂਲ, ਹਰਿ ਨਾਮੇ ਆਪ ਚੜ੍ਹਾਇਆ। ਨਾਨਕ ਗੁਰ ਨਾ ਗਿਆ ਭੂਲ, ਘਰ ਸਾਚੇ ਮੰਗ ਮੰਗਾਇਆ। ਆਤਮ ਅੰਤਰ ਆਪੇ ਬੋਲ, ਆਦਿ ਨਿਰੰਜਣ ਸੇਵਾ ਲਾਇਆ। ਸ਼ਬਦ ਪੰਘੂੜਾ ਆਪੇ ਝੂਲ, ਸਚ ਸਿੰਘਾਸਣ ਇਕ ਵਿਛਾਇਆ। ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਇਆ। ਆਪੇ ਜਾਣੇ ਆਪਣਾ ਮੂਲ, ਆਦਿ ਅੰਤ ਆਪ ਹੋ ਜਾਇਆ। ਆਪੇ ਨਾਰੀ ਕੰਤ ਕੰਤੂਹਲ, ਸਚ ਸੁਹੰਜਣੀ ਸੇਜ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਸਗਨ ਮਨਾਇਆ। ਦਰ ਘਰ ਸਾਚੇ ਸਚ ਵਸੇਰਾ, ਹਰਿ ਸਾਚਾ ਆਪ ਕਰਾਇਆ। ਆਪੇ ਕਰੇ ਹੱਕ ਨਿਬੇੜਾ, ਆਦਿ ਅੰਤ ਵੇਖ ਵਖਾਇਆ। ਆਪੇ ਦੇਵਣਹਾਰਾ ਉਲਟਾ ਗੇੜਾ, ਲੱਖ ਚੁਰਾਸੀ ਆਪ ਭਵਾਇਆ। ਆਪੇ ਵੇਖੇ ਪੰਚਾਂ ਝੇੜਾ, ਆਪੇ ਪੰਚਮ ਸ਼ਬਦ ਸੁਣਾਇਆ। ਆਪੇ ਕਰਨਹਾਰਾ ਖੁਲ੍ਹਾ ਵੇਹੜਾ, ਆਪੇ ਧਰਨੀ ਧਵਲ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਮ੍ਰਿਤ ਆਤਮ ਨਾਭੀ ਕਵਲ ਦਏ ਭਰਾਇਆ। ਨਾਭ ਕਵਲ ਅੰਮ੍ਰਿਤ ਧਾਰ, ਹਰਿ ਹਰਿ ਆਪ ਲਗਾਈਆ। ਸਰ ਸਰੋਵਰ ਕਰ ਤਿਆਰ, ਮੰਦਰ ਅੰਦਰ ਆਪ ਸਮਾਈਆ। ਦੀਵਾ ਬਾਤੀ ਕਰ ਉਜਿਆਰ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਏਕਾ ਰਿਹਾ ਸੁਣਾਈਆ। ਏਕਾ ਮੰਗਲ ਗਾਏ ਵਾਰੋ ਵਾਰ, ਏਕਾ ਮੇਲਾ ਸਹਿਜ ਸੁਭਾਈਆ। ਏਕਾ ਮੇਲ ਮਿਲਾਵਾ ਮੀਤ ਮੁਰਾਰ, ਮੀਤ ਮੁਰਾਰਾ ਵਿਛੜ ਨਾ ਜਾਈਆ। ਜੁਗ ਜੁਗ ਲਹਿਣਾ ਦੇਣਾ ਮੂਲ ਚੁਕਾਏ ਦੇਵਣਹਾਰ, ਦਾਤਾ ਦਾਨੀ ਆਪ ਹੋ ਜਾਈਆ। ਜੁਗ ਜੁਗ ਲਾਏ ਪਾਰ ਕਿਨਾਰ, ਜੁਗ ਜੁਗ ਨੀਂਹ ਰਖਾਈਆ। ਜੋਤੀ ਜਾਮਾ ਭੇਖ ਨਿਆਰ, ਆਪ ਆਪਣੀ ਕਲ ਵਰਤਾਈਆ। ਬਸਤਰ ਤਨ ਕਰ ਸ਼ੰਗਾਰ, ਪੰਜ ਤੱਤ ਹੰਢਾਈਆ। ਮਨ ਮਤ ਬੁਧ ਦਰ ਦਰ ਸੇਵਕ ਸੇਵਾਦਾਰ, ਆਪਣੀ ਆਪ ਕਾਰ ਕਰਾਈਆ। ਪੰਜ ਵਿਕਾਰਾ ਢਹਿ ਢਹਿ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਮਤ ਚੌਦਾਂ ਵੀਹ ਸਦ ਹੋ ਖ਼ਬਰਦਾਰ, ਆਪ ਆਪਣੀ ਖੇਲ ਖਿਲਾਈਆ। ਏਕਾ ਇਕੀ ਕਰ ਤਿਆਰ, ਏਕੰਕਾਰਾ ਵਿਚ ਸਮਾਈਆ। ਸਤਿ ਨਾਮ ਦਏ ਅਧਾਰ, ਅਕਾਲ ਮੂਰਤ ਇਕ ਦਰਸਾਈਆ। ਅਜੂਨੀ ਰਹਿਤ ਹੋਇਆ ਖ਼ਬਰਦਾਰ, ਦਿਸ ਕਿਸੇ ਨਾ ਆਈਆ। ਗੁਰਸਿਖ ਸਾਚੇ ਕਰ ਪਿਆਰ, ਘਰ ਘਰ ਲਏ ਜਗਾਈਆ। ਗਰੀਬ ਨਿਮਾਣਿਆਂ ਪਾਵੇ ਸਾਰ, ਸ਼ੂਦਰ ਬ੍ਰਹਿਮਣ ਸ਼ੱਤਰੀ ਵੈਸ਼ ਨਾ ਕੋਈ ਰਖਾਈਆ। ਕੱਖਾਂ ਕੁਲੀ ਸੁੱਤਾ ਪੈਰ ਪਸਾਰ, ਸ਼ਾਹ ਸੁਲਤਾਨਾ ਦਰ ਦੁਰਕਾਈਆ। ਰਾਜ ਰਾਜਾਨਾ ਕਰਿਆ ਖ਼ਬਰਦਾਰ, ਕਲਜੁਗ ਨੀਂਦ ਨਾ ਕੋਈ ਖੁਲ੍ਹਾਈਆ। ਅੰਤਮ ਲਹਿਣਾ ਦੇਣਾ ਚੁਕਿਆ ਵਾਰੋ ਵਾਰ, ਸੀਸ ਤਾਜ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੰਮਤੀ ਵੇਖ ਵਖਾਈਆ। ਸੰਮਤ ਸੰਮਤੀ ਹਰਿ ਹਰਿ ਫੇਰਾ, ਹਰਿ ਹਰਿ ਵੇਸ ਵਟਾਇੰਦਾ। ਆਪੇ ਵਸੇ ਨੇਰਨ ਨੇਰਾ, ਦੂਰ ਦੁਰਾਡਾ ਆਪ ਹੋ ਜਾਇੰਦਾ। ਵੇਖਣਹਾਰਾ ਕਾਇਆ ਖੇੜਾ, ਜੀਉ ਪਿੰਡ ਇੰਡ ਬ੍ਰਹਿਮੰਡ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਜਗਤ ਨਿਰਾਲੀ ਧਾਰ ਰੱਖੀ, ਦੂਜੀ ਧਾਰ ਨਾ ਕੋਈ ਵਖਾਇੰਦਾ। ਦੋ ਜਹਾਨਾਂ ਹਰਿ ਅਭੇਦਾ, ਏਕਾ ਏਕੰਕਾਰਿਆ। ਲੇਖਾ ਲਿਖ ਲਿਖ ਥੱਕੇ ਚਾਰੇ ਵੇਦਾ, ਪਾਰ ਕਿਨਾਰਾ ਨਾ ਕੋਈ ਦਿਸਾ ਰਿਹਾ। ਜਗਤ ਬਾਣੀ ਪੜ੍ਹ ਪੜ੍ਹ ਥੱਕੇ ਕਤੇਬਾ, ਦਵਾਰ ਬੰਕ ਨਾ ਕੋਈ ਸੁਹਾ ਰਿਹਾ। ਕੋਟਨ ਕੋਟੀ ਗਾ ਗਾ ਥੱਕੇ ਰਸਨਾ ਜੇਹਵਾ, ਜੀਵ ਜਾਗਰਤ ਜੋਤ ਨਾ ਕੋਈ ਮਿਲਾ ਲਿਆ। ਆਦਿ ਜੁਗਾਦੀ ਅਗੰਮ ਅਗੋਚਰ ਬੇਪਰਵਾਹ, ਸ਼ਬਦ ਮਲਾਹ ਆਪਣਾ ਰਾਹ ਆਪ ਚਲਾ ਲਿਆ। ਗੁਰਮੁਖਾਂ ਪਕੜਨਹਾਰਾ ਬਾਂਹ, ਨਿਹਕਲੰਕ ਕੂੜੋ ਕੂੜਾ ਨਾਤਾ ਤੋੜ ਤੁੜਾ ਲਿਆ। ਸਚ ਸੁੱਚ ਕਰੇ ਸਚ ਨਿਆਂ, ਸਾਖਯਾਤ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾ ਲਿਆ। ਸ਼ਬਦ ਡੰਕਾ ਅਪਰ ਅਪਾਰ, ਆਪਣਾ ਆਪ ਵਜਾਇੰਦਾ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਲੋਆਂ ਪੁਰੀਆਂ ਆਪ ਉਠਾਇੰਦਾ। ਸ਼ਾਹ ਸੁਲਤਾਨਾ ਦਏ ਹੁਲਾਰ, ਪੀਰ ਫਕੀਰਾ ਸ਼ਾਹ ਹਕੀਰਾ ਵੇਖ ਵਖਾਇੰਦਾ। ਸਾਧਾਂ ਸੰਤਾਂ ਨੇਤਰ ਦਏ ਉਘਾੜ, ਅੰਧ ਅੰਧੇਰ ਮਿਟਾਇੰਦਾ। ਮਨਮੁਖ ਜੀਵ ਚਬਾਏ ਆਪਣੀ ਦਾਹੜ, ਆਪਣੇ ਭਾਣੇ ਆਪ ਰਹਾਇੰਦਾ। ਏਕਾ ਥਿਤ ਵਖਾਏ ਸਤਾਰਾਂ ਹਾੜ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਗਰ ਸ਼ਹਿਰ ਉਜਾੜ ਪਹਾੜ, ਏਕਾ ਧਾਰ ਵਹਾਇੰਦਾ। ਜਨ ਭਗਤਾਂ ਹਰਿ ਸੰਤਾਂ ਗੁਰਮੁਖਾਂ ਫਿਰੇ ਪਿੱਛੇ ਅਗਾੜ, ਆਪ ਆਪਣੀ ਸੇਵਾ ਲਾਇੰਦਾ। ਸਚਖੰਡ ਦਵਾਰੇ ਸਾਚੇ ਦੇਵੇ ਵਾੜ, ਧਰਮ ਰਾਏ ਮੁਖ ਸ਼ਰਮਾਇੰਦਾ। ਲਾੜੀ ਮੌਤ ਧੀ ਮੁਟਿਆਰ, ਗੁਰਸਿਖ ਨਾ ਕੋਈ ਪਰਨਾਇੰਦਾ। ਚਿਤੁਰ ਗੁਪਤ ਲੇਖਾ ਦੇਵੇ ਪਾੜ, ਜੋ ਜਨ ਸਰਨਾਈ ਸੀਸ ਝੁਕਾਇੰਦਾ। ਦਰਗਹਿ ਸਾਚੀ ਸਾਚਾ ਲਾੜ, ਸਾਚਾ ਬੰਕ ਰਖਾਇੰਦਾ। ਸ਼ਬਦ ਘੋੜੇ ਦੇਵੇ ਚਾੜ੍ਹ, ਵਾਗਾਂ ਆਪਣੇ ਹੱਥ ਰਖਾਇੰਦਾ। ਤ੍ਰਿਲੋਕੀ ਪੈਰਾਂ ਹੇਠ ਲਤਾੜ, ਸਚ ਦਵਾਰਾ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਚੌਦਾਂ ਧਾਰ, ਚੌਦਾਂ ਲੋਕ ਕਰ ਵਿਚਾਰ, ਚੌਦਾਂ ਤਬਕਾਂ ਵੇਖ ਵਿਚਾਰ, ਚੌਦਾਂ ਅੱਲਾ ਰਾਣੀ ਅੱਲਾ ਹੂ ਹੂ ਨਾਅਰਾ ਲਾਇੰਦਾ। ਪਾਰਬ੍ਰਹਮ ਪ੍ਰਭ ਇਕ ਅਕੱਲਾ, ਪਰਵਰਦਿਗਾਰ ਨਾਉਂ ਰਖਾਇਆ। ਵਸਣਹਾਰਾ ਜਲਾਂ ਥਲਾਂ, ਪੁਰੀਆਂ ਲੋਆਂ ਡੇਰਾ ਲਾਇਆ। ਜੁਗ ਜੁਗ ਵੇਖਣਹਾਰਾ ਤੇਰਾ ਸਲਾ, ਸਾਲਸ ਸ਼ਬਦ ਇਕ ਬਣਾਇਆ। ਸਚ ਦਵਾਰਾ ਆਪੇ ਮਲਾ, ਸਚ ਸਿੰਘਾਸਣ ਇਕ ਸੁਹਾਇਆ। ਆਪਣੀ ਜੋਤੀ ਆਪੇ ਰਲਾ, ਦਿਸ ਕਿਸੇ ਨਾ ਆਇਆ। ਆਪਣੇ ਦੀਪਕ ਆਪੇ ਬਲਾ, ਆਪ ਆਪਣਾ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦਿਤਾ ਵਰ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚੇ ਸਾਚੀ ਇਕੀ, ਏਕਾ ਧਾਰ ਬੰਧਾਈਆ। ਸ਼ਬਦ ਖੰਡਿਓ ਰੱਖੀ ਤਿਖੀ, ਨਾ ਕੋਈ ਮੇਟ ਮਿਟਾਈਆ। ਪਾਰਬ੍ਰਹਮ ਪ੍ਰਭ ਲੇਖਾ ਰਿਹਾ ਲਿਖੀ, ਆਦਿ ਨਿਰੰਜਣ ਵਡ ਵਡਿਆਈਆ। ਆਪਣੇ ਨੇਤਰ ਆਪੇ ਪੇਖੀ, ਆਪ ਆਪਣਾ ਨੈਣ ਖੁਲਾਈਆ। ਆਪੇ ਫਿਰੇ ਦੇਸ ਪਰਦੇਸੀ, ਦਰ ਤੇਰਾ ਨਾ ਕੋਈ ਵਖਾਈਆ। ਆਪੇ ਨਾਨਕ ਜੋਤ ਦਸ ਦਸਮੇਸੀ, ਨਿਰਗੁਣ ਨਾਉਂ ਧਰਾਈਆ। ਆਪ ਰਾਮ ਕ੍ਰਿਸ਼ਨ ਕਰੇ ਵੇਸੀ, ਵੇਸ ਅਵੱਲਾ ਆਪ ਅਖਵਾਈਆ। ਆਪੇ ਈਸਾ ਮੂਸਾ ਸੰਗ ਮੁਹੰਮਦ ਨਰ ਨਰੇਸ਼ੀ, ਆਪੇ ਆਪਣਾ ਨਾਅਰਾ ਲਾਈਆ। ਆਪੇ ਲਾਜ ਰਖਾਏ ਮੁੱਛ ਦਾੜ੍ਹੀ ਕੇਸੀ, ਮੂੰਡ ਮੁੰਡਾਏ ਆਪੇ ਲਏ ਤਰਾਈਆ। ਜੋ ਜਨ ਨੇਤਰ ਲੋਚਣ ਨੈਣ ਦਰ ਦਵਾਰੇ ਆਏ ਰਹੇ ਵੇਖੀ, ਲੱਖ ਚੁਰਾਸੀ ਫੰਦ ਕਟਾਈਆ। ਨਰ ਨਰਾਇਣ ਵਡ ਮਰਗੇਸ਼ੀ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਈਆ। ਆਪੇ ਪੀਰ ਦਸਤਗੀਰ ਮੂਲਾਂ ਮੁਲਾਨਾ ਸ਼ੇਖੀ, ਸ਼ਾਹ ਹਕੀਰ ਆਪ ਹੋ ਜਾਈਆ। ਆਪਣੀ ਤਕਦੀਰ ਆਪੇ ਲਿਖੀ ਰੇਖੀ, ਆਪੇ ਮੇਟ ਮਿਟਾਈਆ। ਆਪਣੇ ਦਰ ਲੱਖ ਚੁਰਾਸੀ ਤੇਰੀ ਮੰਗੇ ਆਪੇ ਪੇਸ਼ੀ, ਸਚ ਅਦਾਲਤ ਇਕ ਵਖਾਈਆ। ਸੂਫੀ ਪੰਡਤ ਆਤਮ ਬ੍ਰਹਮ ਗਿਆਨੀ ਆਪੇ ਰਹੇ ਵੇਖੀ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਚੌਦਾਂ ਵਡ ਵਡਿਆਈਆ। ਚੌਦਾਂ ਲੋਕ ਚੋਦਾਂ ਹੱਟ, ਹਰਿ ਹਰਿ ਹੱਟ ਖੁਲ੍ਹਾਇਆ। ਗੁਰਸਿਖ ਵਿਰਲਾ ਲਾਹਾ ਰਿਹਾ ਖੱਟ, ਲੱਖ ਚੁਰਾਸੀ ਦਿਸ ਨਾ ਆਇਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਸਵਾਂਗ ਰਚਾਇਆ। ਵਸਣਹਾਰਾ ਘਟ ਘਟ, ਅੰਤਰਜਾਮੀ ਨਾਉਂ ਧਰਾਇਆ। ਦੀਪਕ ਜੋਤੀ ਲਟ ਲਟ, ਇਕ ਪਰਕਾਸ਼ ਕਰਾਇਆ। ਸ਼ਬਦ ਨਗਾਰੇ ਮਾਰੇ ਸੱਟ, ਅਨਹਦ ਸੇਵਾ ਲਾਇਆ। ਮਨ ਕਾ ਬੁਰਜ ਜਾਏ ਢੱਠ, ਮਤ ਬੁਧ ਰਹੀ ਸ਼ਰਮਾਇਆ। ਗੁਰਸਿਖ ਤਨ ਲਪੇਟੇ ਆਪਣੇ ਪਟ, ਸ਼ਬਦੀ ਪੜਦਾ ਪਾਇਆ। ਭਰਮ ਭੁਲੇਖਾ ਕੱਢੇ ਵੱਟ, ਦੂਈ ਦਵੈਤੀ ਰਹਿਣ ਨਾ ਪਾਇਆ। ਲਹਿਣਾ ਦੇਣਾ ਚੁੱਕੇ ਆਨ ਬਾਟ, ਮਾਤ ਗਰਭ ਫੇਰ ਨਾ ਆਇਆ। ਨੂਰੋ ਨੂਰ ਨੂਰ ਲਿਲਾਟ, ਮਸਤਕ ਲੇਖਾ ਲੇਖ ਚੁਕਾਇਆ। ਆਪ ਚੜ੍ਹਾਏ ਔਖੇ ਘਾਟ, ਜਿਸ ਜਨ ਦਰ ਦਵਾਰੇ ਦਰਸ਼ਨ ਪਾਇਆ। ਦੁਰਮਤ ਮੈਲ ਦੇਵੇ ਕਾਟ, ਨਿਰਮਲ ਅੰਮ੍ਰਿਤ ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਸੰਮਤ ਚੌਦਾਂ ਚੌਦਾਂ ਲੋਕ, ਹਰਿ ਸਾਚੇ ਰਚਨ ਰਚਾਈਆ। ਸੋਹੰ ਸ਼ਬਦ ਸਚ ਸਲੋਕ, ਏਕਾ ਆਪ ਅਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੰਗ ਮੁਹੰਮਦ ਚਾਰ ਯਾਰ ਨਾ ਸਕੇ ਕੋਈ ਰੋਕ, ਅਧ ਵਿਚ ਬੈਠੇ ਰਾਹ ਤਕਾਈਆ। ਗੁਰਸਿਖ ਨਾ ਮੰਗੇ ਕੋਈ ਮੋਖ, ਸਤਿਗੁਰ ਪੂਰਾ ਕਰੇ ਪੜ੍ਹਾਈਆ। ਆਵਣ ਜਾਵਣ ਚੁੱਕੇ ਦੋਖ, ਲੱਖ ਚੁਰਾਸੀ ਫੰਦ ਕਟਾਈਆ। ਸਚਖੰਡ ਦਵਾਰੇ ਪਾਰ ਕਰਾਏ ਤੀਨੋ ਲੋਕ, ਤ੍ਰੈਗੁਣ ਨੇੜ ਨਾ ਆਈਆ। ਆਪ ਸਵਾਰੇ ਲੋਕ ਪਰਲੋਕ, ਜੋ ਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਚਮਤਕਾਰ, ਏਕਾ ਰੂਪ ਵਟਾਇਆ। ਖੜਗ ਖੰਡਾ ਤੇਜ਼ ਕਟਾਰ, ਸ਼ਬਦੀ ਨਾਉਂ ਰਖਾਇਆ। ਤਿਖੀਆਂ ਰੱਖੇ ਦੋਵੇਂ ਧਾਰ, ਭੇਵ ਕੋਈ ਨਾ ਪਾਇਆ। ਗੁਰਮੁਖਾਂ ਕਰੇ ਮਾਤ ਪਿਆਰ, ਮਨਮੁਖਾਂ ਦਏ ਸਜਾਇਆ। ਨੂਰੋ ਨੂਰ ਕਰ ਉਜਿਆਰ, ਨੂਰੋ ਨੂਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਤ੍ਰੈ ਵੇਸ ਵਟਾਇਆ। ਤ੍ਰੈ ਤ੍ਰੈ ਵੇਸ ਹਰਿ ਕਰਤਾਰ, ਆਪਣਾ ਆਪ ਕਰਾਈਆ। ਸਤ ਸਤ ਸਤ ਹੋ ਉਜਿਆਰ, ਸਤ ਸਤ ਵੇਖ ਵਖਾਈਆ। ਨੌ ਨੌ ਖੋਲ੍ਹ ਕਿਵਾੜ, ਨੌ ਨੌ ਅਲਖ ਜਗਾਈਆ। ਬਵੰਜਾ ਬਵੰਜਾ ਤੇਰੀ ਧਾਰ, ਬਵੰਜਾ ਅੱਖਰ ਵੇਖ ਵਖਾਈਆ। ਪੈਂਤੀਸ ਅੱਖਰ ਹੋ ਉਜਿਆਰ, ਬਾਣੀ ਬੋਧ ਨਾਮ ਧਰਾਈਆ । ਸਤ ਸਤਾਰਾਂ ਪਾਰ ਕਿਨਾਰ, ਦਸ ਸਤ ਦਿਸ ਨਾ ਆਈਆ। ਗੁਰ ਪੀਰ ਨਾ ਪਾਵੇ ਕੋਈ ਸਾਰ, ਬੇਅੰਤ ਬੇਅੰਤ ਬੇਪਰਵਾਹੀਆ। ਕਲਜੁਗ ਅੰਤਮ ਪਰਗਟ ਹੋ ਵਿਚ ਸੰਸਾਰ, ਆਪਣਾ ਲੇਖਾ ਦਏ ਮਿਟਾਈਆ। ਸੰਮਤ ਵੀਹ ਸਦ ਪੰਦਰਾਂ ਖੇਲ ਕਰਤਾਰ, ਤੀਰਥ ਤੱਟਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਸ਼ਾਹੋ ਭੂਪ ਸਤਿ ਸਰੂਪ ਵੇਖ ਵਖਾਈਆ। ਸਤਿ ਸਰੂਪ ਸਰਬ ਸੁੱਖ ਦਾਤਾ, ਏਕ ਰੰਗ ਕਰਤਾਰਿਆ। ਵੇਖਣਹਾਰਾ ਗੋਦਾਵਰੀ ਗੰਗਾ ਜਗਤ ਮਾਤਾ, ਅਠਸਠ ਤੀਰਥ ਪਾਵੇ ਸਾਰਿਆ। ਕਲਜੁਗ ਅੰਤਮ ਤੋੜੇ ਨਾਤਾ, ਨਾ ਕੋਈ ਮੇਲ ਮਿਲਾ ਰਿਹਾ। ਲਹਿਣਾ ਦੇਣ ਚੁਕਾਇਆ ਹੱਥੋ ਹਾਥਾ, ਆਪ ਆਪਣਾ ਚਰਨ ਛੁਹਾ ਲਿਆ। ਆਪ ਸੁਣਾਈ ਆਪਣੀ ਗਾਥਾ, ਅੰਤਰ ਮੰਤਰ ਇਕ ਵਸਾ ਲਿਆ। ਤੀਰਥ ਤਟ ਚੜ੍ਹਾਏ ਕਲਜੁਗ ਰਾਥਾ, ਪਿੱਛੋਂ ਧੱਕਾ ਏਕਾ ਲਾ ਰਿਹਾ। ਨਾ ਕੋਈ ਕਿਨਾਰਾ ਨਾ ਕੋਈ ਤਾਟਾ, ਸਰ ਸਰੋਵਰ ਨਾ ਕੋਈ ਜਣਾ ਰਿਹਾ। ਕਲਜੁਗ ਜੀਵਾਂ ਪਿਆ ਘਾਟਾ, ਪੂਰਾ ਦਾਮ ਨਾ ਕੋਈ ਵਟਾ ਰਿਹਾ। ਵੇਖਣਹਾਰਾ ਚੌਦਾਂ ਹਾਟਾ, ਲੋਕਮਾਤ ਫੇਰਾ ਪਾ ਰਿਹਾ। ਆਦਿ ਸ਼ਕਤ ਖਿਚ ਲਿਲਾਟਾ, ਜੋਤ ਜਵਾਲਾ ਸੰਗ ਰਲਾ ਲਿਆ। ਵੀਹ ਸਦ ਪੰਦਰਾਂ ਤੇਰੀ ਵਾਟਾ, ਤੇਰਾ ਪੰਧ ਮੁਕਾ ਲਿਆ। ਸਤਿਜੁਗ ਤ੍ਰੇਤਾ ਦੁਆਪਰ ਸੁਆਇਆ ਆਪਣੀ ਖਾਟਾ, ਰਾਮ ਕ੍ਰਿਸ਼ਨ ਸੇਵਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਪੰਦਰਾਂ ਵੇਖ ਵਖਾ ਰਿਹਾ। ਵੀਹ ਸੌ ਪੰਦਰਾਂ ਅੰਦਰ ਵੜ, ਹਰਿ ਸਾਚੇ ਖੇਲ ਖਿਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਜਗਤ ਨੇਤਰ ਦਿਸ ਨਾ ਆਇਆ। ਸਾਧ ਸੰਤ ਨਾ ਸਕੇ ਫੜ, ਵੇਦ ਕਤੇਬ ਭੇਵ ਨਾ ਪਾਇਆ। ਗੁਰਸਿਖ ਮੰਦਰ ਡੂੰਘੀ ਕੰਦਰ ਆਪਣੇ ਪੌੜੇ ਆਪੇ ਜਾਏ ਚੜ੍ਹ, ਆਪ ਆਪਣੀ ਦਇਆ ਕਮਾਇਆ। ਲੱਖ ਚੁਰਾਸੀ ਨਾਲ ਰਿਹਾ ਲੜ, ਖਾਲੀ ਹੱਥ ਵਖਾਇਆ। ਨਾ ਕੋਈ ਕਿਲਾ ਨਾ ਕੋਈ ਕੋਟ ਬਣਾਇਆ ਗੜ੍ਹ, ਲਸ਼ਕਰ ਫੌਜ ਨਾ ਕੋਈ ਵਖਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਉਖੇੜੇ ਲੱਗੀ ਜੜ, ਲੋਕਮਾਤ ਨਾ ਕੋਈ ਲਗਾਇਆ। ਨਾ ਕੋਈ ਰਸਨਾ ਪੀਵੇ ਹੁੱਕਾ ਨੜ, ਮਦਿਰਾ ਪਾਨ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਲੇਖ ਲਿਖਾਇਆ। ਵੀਹ ਸੌ ਪੰਦਰਾਂ ਡੂੰਘੀ ਕੰਦਰ, ਹਰਿ ਜੋਤੀ ਜੋਤ ਜਗਾਈਆ। ਆਪੇ ਵੇਖਣਹਾਰਾ ਮੰਦਰ, ਆਪ ਆਪਣੀ ਕਲ ਵਰਤਾਈਆ। ਆਪੇ ਤੋੜਨਹਾਰਾ ਜੰਦਰ, ਆਪੇ ਦਏ ਲਗਾਈਆ। ਆਪੇ ਟਿੱਲੇ ਉਚੇ ਵਸਿਆ ਗੋਰਖ ਮਛੰਦਰ, ਆਪੇ ਢੇਰੀਆਂ ਢਾਹੀਆ। ਆਪੇ ਦਰ ਦਰ ਘਰ ਘਰ ਲੱਖ ਚੁਰਾਸੀ ਨਚਾਏ ਬੰਦਰ, ਨੌ ਦਵਾਰੇ ਆਪ ਭਵਾਈਆ। ਜਨ ਭਗਤਾਂ ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਵਡ ਵਡਿਆਈਆ। ਪਾਰ ਉਤਾਰੇ ਭਾਗਾਂ ਮੰਦ, ਜੋ ਚਲ ਆਏ ਸਰਨਾਈਆ। ਆਪ ਉਠਾਏ ਆਪਣੇ ਕੰਧ, ਭਵ ਸਾਗਰ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਪੰਦਰਾਂ ਵੇਖ ਵਖਾਈਆ। ਵੀਹ ਸਦ ਪੰਦਰਾਂ ਤੇਰੀ ਧਾਰ, ਹਰਿ ਸਾਚੇ ਸਚ ਵਰਤਾਇਆ। ਲੰਕਾ ਗੜ੍ਹ ਤੋੜ ਹੰਕਾਰ, ਕਲਜੁਗ ਵੇਖ ਪਾਰ ਕਿਨਾਰ, ਅੰਤਮ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇਆ। ਰਾਹ ਤਕਾਏ ਮੁਹੰਮਦੀ ਯਾਰ, ਆਪਣਾ ਨੈਣ ਖੁਲ੍ਹਾਇਆ। ਦਰ ਦਵਾਰ ਨਾ ਦੇਵੇ ਕੋਈ ਪਿਆਰ, ਬੈਠੇ ਮੁਖ ਭਵਾਇਆ। ਅਠਸਠ ਕਰਿਆ ਖ਼ਬਰਦਾਰ, ਹਰਿ ਸਾਚਾ ਵੇਖ ਵਖਾਇਆ। ਗੁਰਸਿਖ ਸਾਚੇ ਕਰ ਉਜਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਵੇਖ ਵਖਾਇਆ। ਵੀਹ ਸਦ ਪੰਦਰਾਂ ਤੇਰਾ ਰੰਗ, ਸ੍ਰਿਸ਼ਟ ਸਬਾਈ ਆਪ ਚੜ੍ਹਾਨਿਆ। ਸ਼ਾਹ ਸੁਲਤਾਨ ਫਿਰਨ ਨੰਗ, ਦਰ ਦਰ ਘਰ ਘਰ ਭੰਨਿਆ। ਚਿੱਟੇ ਅਸਵ ਕਸਿਆ ਤੰਗ, ਲੇਖਾ ਜਾਣੇ ਦੋ ਜਹਾਨਿਆ। ਨੌ ਖੰਡ ਸੱਤ ਦੀਪ ਆਪੇ ਲੰਘ, ਆਪਣਾ ਤਾਲ ਸੁਣਾਏ ਆਪਣੇ ਕੰਨਿਆ। ਆਪੇ ਹੋਏ ਬਾਲ ਭੁਯੰਗ, ਜੋਧਾ ਸੂਰਬੀਰ ਬਲਵਾਨ ਆਪ ਅਖਵਾਨਿਆ। ਆਪੇ ਹੋਏ ਸ਼ਾਹ ਫਰੰਗ, ਈਸਾ ਮੂਸਾ ਆਪੇ ਮੰਨਿਆ। ਆਪੇ ਵੇਖਣਹਾਰਾ ਕਲਜੁਗ ਨੰਗ, ਆਪੇ ਰੂਸਾ ਚੀਨਾ ਚਾੜ੍ਹੇ ਚਨਿਆ। ਸੰਮਤ ਪੰਦਰਾਂ ਸ਼ਬਦ ਸਿੰਘਾਸਣ ਬੈਠ ਪਲੰਘ, ਪ੍ਰਭ ਦੇਵਣਹਾਰਾ ਡੰਨਿਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰ ਮੰਦਰ ਅੰਦਰ ਨੌ ਦਵਾਰੇ ਆਪ ਲੰਘ, ਮਨ ਮਨੂਆ ਏਕਾ ਮੰਨਿਆ। ਸਦਾ ਸੁਹੇਲਾ ਵਸੇ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲੰਨਿਆ। ਵੀਹ ਸਦ ਪੰਦਰਾਂ ਪੈਂਡਾ ਰਿਹਾ ਮੁੱਕ, ਹਰਿ ਸਾਚਾ ਆਪ ਮੁਕਾਈਆ। ਸਰ ਸਰੋਵਰ ਅੰਮ੍ਰਿਤ ਰਿਹਾ ਸੁੱਕ, ਸਾਚਾ ਜਲ ਨਾ ਕੋਈ ਭਰਾਈਆ। ਜੂਠਿਆਂ ਝੂਠਿਆਂ ਸਾਧਾਂ ਸੰਤਾਂ ਮੁਖ ਪਿਆ ਥੁੱਕ, ਥੁੱਕੀਂ ਮੁਖ ਭਰਾਈਆ। ਮਨ ਮਤੀ ਸੁਫਲ ਨਾ ਹੋਈ ਮਾਤ ਕੁੱਖ, ਲੱਖ ਚੁਰਾਸੀ ਆਪ ਭਵਾਈਆ। ਹਉਮੇ ਹੰਗਤਾ ਉਲਟਾ ਰੁੱਖ, ਆਪੇ ਆਪ ਰਖਾਈਆ। ਨਾ ਓਹ ਮਾਨਸ ਨਾ ਮਨੁਖ, ਜੋ ਹਰਿ ਹਰਿ ਗਏ ਭੁਲਾਈਆ। ਕਲਜੁਗ ਅੰਤਮ ਦੇਵਣਹਾਰਾ ਦੁੱਖ, ਘਰ ਘਰ ਦਏ ਸਜਾਈਆ। ਰਾਏ ਧਰਮ ਸੁਖਣਾ ਰਿਹਾ ਸੁੱਖ, ਆਪਣੀ ਝੋਲੀ ਅੱਗੇ ਡਾਹੀਆ। ਲਾੜੀ ਮੌਤ ਮੁਖ ਘੁੰਘਟ ਚੁੱਕ ਵੇਖੇ ਲੁਕ ਲੁਕ, ਦੂਰ ਦੁਰਾਡੀ ਦਰਸ਼ਨ ਪਾਈਆ। ਚਿਤਰ ਗੁਪਤ ਲੈਣਾ ਦੇਣਾ ਵਖਾਏ ਝੁਕ, ਆਪ ਆਪਣਾ ਫੋਲ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰਮੁਖਾਂ ਗੁਰਸਿਖਾਂ ਹਰਿਜਨ ਹਰਿ ਭਗਤਾਂ ਆਪਣੀ ਗੋਦੀ ਲਏ ਚੁੱਕ, ਜੁਗ ਜੁਗ ਵੱਡੀ ਵਡਿਆਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਵੀਹ ਸਦ ਪੰਦਰਾਂ ਵੇਖਣਹਾਰਾ ਉਚੇ ਮੰਦਰਾਂ, ਚਾਰੋਂ ਕੁੰਟ ਫੇਰਾ ਪਾਈਆ। ਵੀਹ ਸਦ ਪੰਦਰਾਂ ਅੰਤ ਕਰਾਇਆ, ਹਰਿ ਪੂਰੇ ਵਡ ਵਡਿਆਈਆ। ਕਲਜੁਗ ਲਹਿਣਾ ਝੋਲੀ ਪਾਇਆ, ਮੋਹ ਰਹੇ ਨਾ ਰਾਈਆ। ਸ਼ਬਦ ਪੰਘੂੜਾ ਇਕ ਲਿਆਇਆ, ਦਰ ਆਪਣੇ ਆਪ ਰਖਾਈਆ। ਹਰਿ ਸੰਗਤ ਸਾਚਾ ਮੇਲ ਮਿਲਾਇਆ, ਘਰ ਸਾਚੇ ਵੱਜੀ ਵਧਾਈਆ। ਅਬਿਨਾਸ਼ੀ ਕਰਤਾ ਖੇਲ ਖਿਲਾਇਆ, ਸਚਖੰਡ ਰੰਗ ਰੰਗਾਈਆ। ਵਿਸ਼ਨੂੰ ਵੰਸੀ ਵੇਖਣ ਆਇਆ, ਪਹਿਲੇ ਦਰ ਸੀਸ ਝੁਕਾਈਆ। ਬ੍ਰਹਮਾ ਨਿਉਂ ਨਿਉਂ ਸੀਸ ਝੁਕਾਇਆ, ਦੂਜੇ ਦਰ ਖ਼ੁਸ਼ੀ ਮਨਾਈਆ। ਸ਼ਿਵ ਸ਼ੰਕਰ ਹੱਥ ਤ੍ਰਿਸੂਲ ਸੁਟਾਇਆ, ਦਰ ਤੀਜੇ ਮਿਲਿਆ ਬੇਪਰਵਾਹੀਆ। ਸੁਰਪਤ ਰਾਜਾ ਇੰਦ ਰੋ ਰੋ ਨੀਰ ਵਹਾਇਆ, ਨੇਤਰ ਨੈਣ ਰਹੇ ਸ਼ਰਮਾਈਆ। ਚੌਥਾ ਦਰ ਆਪ ਖੁਲ੍ਹਾਇਆ, ਹਰਿ ਸਾਚੇ ਵਡ ਵਡਿਆਈਆ। ਪੰਚਮ ਵੇਖਣਹਾਰਾ ਵੇਖ ਵਖਾਇਆ, ਦਿਸ ਕਿਸੇ ਨਾ ਆਈਆ। ਕਰੋੜ ਤੇਤੀਸਾ ਗਲ ਵਿਚ ਪੱਲਾ ਪਾਇਆ, ਲੋਕਮਾਤ ਰਾਹ ਤਕਾਈਆ। ਛੇਵਾਂ ਦਰ ਖੇਲ ਖਿਲਾਇਆ, ਸ਼ਬਦੀ ਧੁਨ ਰਖਾਈਆ। ਸਤਿ ਪੁਰਖ ਨਿਰੰਜਣ ਸੱਤਵਾਂ ਦਰ ਰਿਹਾ ਸੁਹਾਇਆ, ਨਾ ਕੋਈ ਦੂਸਰ ਸੰਗ ਰਲਾਈਆ। ਅੱਠਾਂ ਤੱਤਾਂ ਮੇਲ ਮਿਲਾਇਆ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਸੰਗ ਨਿਭਾਈਆ। ਅੱਠਵਾਂ ਦਰ ਡੇਰਾ ਢਾਹਿਆ, ਗੁਰਮੁਖ ਮਿਲੇ ਵਧਾਈਆ। ਨੌ ਦਵਾਰੇ ਨਿਰਗੁਣ ਜੋਤ ਕਰ ਰੁਸ਼ਨਾਇਆ, ਅੰਧ ਅੰਧੇਰਾ ਦਏ ਮਿਟਾਈਆ। ਸੰਝ ਸਵੇਰਾ ਇਕ  ਬਣਾਇਆ, ਸ਼ਬਦੀ ਸਾਚਾ ਚੰਨ ਚੜ੍ਹਾਈਆ। ਮੰਡਲ ਮੰਡਪ ਇਕ ਬਣਾਇਆ, ਗਗਨ ਗਗਨੰਤਰ ਜੁਗਤ ਰਖਾਈਆ। ਸਾਚਾ ਚੰਦਨ ਆਪ ਸੁਹਾਇਆ, ਅਕਾਲ ਮੂਰਤ ਸੇਵਾ ਲਾਈਆ। ਜੋਤੀ ਧਾਰ ਨੂਰ ਪਰਗਟਾਇਆ, ਸ਼ਬਦੀ ਡੰਕ ਸੁਣਾਈਆ। ਸ਼ਬਦ ਦੁਲਾਰਾ ਵੇਖ ਵਖਾਇਆ, ਵਡ ਦਾਤਾ ਬੇਪਰਵਾਹੀਆ। ਸਾਢੇ ਤਿੰਨ ਹੱਥ ਇਕ ਸਿੰਘਾਸਣ ਆਪ ਰਖਾਇਆ, ਕਲਜੁਗ ਸੀਆਂ ਵੰਡ ਵੰਡਾਈਆ। ਚਵਰ ਸੀਸ ਆਪ ਝੁਲਾਇਆ, ਜਗਦੀਸ ਖੇਲ ਖਿਲਾਈਆ। ਗੁਰ ਪੀਰ ਸਾਧ ਸੰਤ ਨਹੀਂ ਨਾਮ ਧਰਾਇਆ, ਪਾਰਬ੍ਰਹਮ ਵਡ ਵਡਿਆਈਆ। ਅਕਾਲ ਪੁਰਖ ਪ੍ਰਭ ਕਲ ਵਿਚ ਆਇਆ, ਨਿਹਕਲੰਕਾ ਨਾਉਂ ਰਖਾਈਆ। ਸੋਹੰ ਡੰਕਾ ਇਕ ਵਜਾਇਆ, ਗੁਰਮੁਖਾਂ ਵਿਚ ਸਮਾਈਆ। ਗੁਰਸਿਖ ਭਗਤ ਜਨਕਾ ਇਕ ਤਰਾਇਆ, ਕੋਟਨ ਕੋਟ ਨਾਲ ਤਰਾਈਆ। ਬਾਰ ਅਨਕਾ ਵੇਸ ਵਟਾਇਆ, ਨਿਹਕਲੰਕਾ ਨੂਰ ਰੁਸ਼ਨਾਈਆ। ਵਾਸੀ ਪੁਰੀ ਘਨਕਾ ਨਾਉਂ ਰਖਾਇਆ, ਗੁਰ ਗੋਬਿੰਦ ਸੇਵਾ ਲਾਈਆ। ਮਨ ਕਾ ਮਣਕਾ ਦਏ ਭਵਾਇਆ, ਮਨ ਮਮਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਨੌ ਦਰ, ਦਰ ਦਰਵਾਜ਼ੇ ਵੇਖ ਵਖਾਈਆ। ਨੌ ਦਰ ਛੁੱਟਾ ਨਾਤਾ, ਹਰਿਜਨ ਹਰਿ ਹਰਿ ਮੂਲ ਚਕਾਇਆ। ਦਸਵਾਂ ਘਰ ਪੁਰਖ ਬਿਧਾਤਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਨਾ ਕੋਈ ਜਾਤ ਨਾ ਕੋਈ ਪਾਤਾ, ਊਚ ਨੀਚ ਨਾ ਕੋਈ ਰਖਾਇਆ। ਨਾ ਕੋਈ ਸ਼ਰਅ ਨਾ ਹਜਾਮਤਾ, ਰੋਜ਼ਾ ਬਾਗ ਨਾ ਕੋਈ ਜਣਾਇਆ। ਵੇਖਣਹਾਰਾ ਸ੍ਰਿਸ਼ਟ ਸਬਾਈ ਕਾਇਨਾਤਾ, ਖਾਕੀ ਖਾਕ ਡੇਰਾ ਲਾਇਆ। ਹਰ ਘਟ ਅੰਦਰ ਮੰਦਰ ਬਹਿ ਬਹਿ ਮਾਰੇ ਝਾਤਾ, ਨੂਰ ਅਲਾਹੀ ਨੂਰ ਸਮਾਇਆ। ਮੇਟਣਹਾਰਾ ਅੰਧੇਰੀ ਰਾਤਾ, ਆਪ ਆਪਣਾ ਚੰਨ ਚੜ੍ਹਾਇਆ। ਇਕ ਚਲਾਏ ਸਾਚੀ ਗਾਥਾ, ਸਤਿਜੁਗ ਸਾਚਾ ਰਾਹ ਵਖਾਇਆ। ਆਪੇ ਹੋਏ ਤ੍ਰਿਲੋਕੀ ਨਾਥਾ, ਅਕਾਲ ਪੁਰਖ ਆਪਣਾ ਨਾਉਂ ਧਰਾਇਆ। ਆਪੇ ਸੰਮਤ ਪੰਦਰਾਂ ਤੇਰਾ ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਸਾਧਾਂ ਸੰਤਾਂ ਵੇਖ ਵਖਾਇਆ। ਲੇਖੇ ਲੱਗੇ ਨਾ ਕਿਸੇ ਪੂਜਾ ਪਾਠਾ, ਜਿਸ ਜਨ ਹਰਿ ਹਰਿ ਨਾ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸੰਮਤ ਪੰਦਰਾਂ ਤੇਰਾ ਪੰਧ ਆਪੇ ਚੁਕਾਇਆ। ਸੰਮਤ ਪੰਦਰਾਂ ਪੰਧ ਮੁਕਾਵਣਾ, ਬ੍ਰਹਿਮੰਡ ਖੰਡ ਵਧਾਈ। ਨੌ ਨੌ ਸਤ ਸਤ ਫੇਰਾ ਪਾਵਣਾ, ਤ੍ਰੈ ਤ੍ਰੈ ਵੰਡ ਵੰਡਾਈ। ਜੇਰਜ ਅੰਡ ਵੇਖ ਵਖਾਵਣਾ, ਉਤਭੁਜ ਸੇਤਜ ਡੇਰਾ ਢਾਈ। ਭੇਖ ਪਖੰਡਾ ਸ੍ਰਿਸ਼ਟ ਸਬਾਈ ਆਪ ਮਿਟਾਵਣਾ, ਏਕਾ ਰੰਗ ਰੰਗਾਈ। ਆਤਮ ਬ੍ਰਹਮ ਸਰਬ ਜਨਾਵਣਾ, ਨਿਝ ਆਤਮ ਡੇਰਾ ਲਾਈ। ਅੰਮ੍ਰਿਤ ਆਤਮ ਆਪ ਪਿਆਵਣਾ, ਕਾਇਆ ਭਰੀ ਸਚ ਸੁਰਾਹੀ। ਸ਼ਬਦ ਅਨਾਦੀ ਆਪ ਸੁਣਾਵਣਾ, ਆਪੇ ਰਿਹਾ ਗਾਈ। ਹਰਿ ਸੰਗਤ ਸਾਚੀ ਸਗਨ ਮਨਾਵਣਾ, ਹਰਿ ਸਾਚਾ ਵੇਖ ਵਖਾਈ। ਆਪਣੀ ਹੱਥੀਂ ਗਾਨਾ ਆਪ ਬੰਧਾਵਣਾ, ਹਰਿ ਕੰਤ ਲਏ ਪਰਨਾਈ। ਸਾਚੀ ਸੇਜਾ ਮੇਲ ਮਿਲਾਵਣਾ, ਘਰ ਮੇਲਾ ਬੇਪਰਵਾਹੀਆ। ਤ੍ਰੇਤਾ ਤੇਰਾ ਮੂਲ ਚੁਕਾਵਣਾ, ਤੇਰੀ ਪੂਜ ਕਰਾਈ। ਦੁਆਪਰ ਸਾਚੀ ਖ਼ੁਸ਼ੀ ਮਨਾਵਣਾ, ਪ੍ਰਭ ਸਾਚਾ ਹੋਏ ਸਹਾਈ। ਸਤਿਜੁਗ ਤੇਰਾ ਰੰਗ ਰੰਗਾਵਣਾ, ਤੇਰੀ ਵੰਡ ਵੰਡਾਈ। ਕਲਜੁਗ ਕੂੜ ਕੁੜਿਆਰਾ ਗਲੋਂ ਲਾਹਵਣਾ, ਦੁਰਮਤ ਮੈਲ ਧੁਆਈ। ਵੀਹ ਸਦ ਪੰਦਰਾਂ ਤੇਰੀ ਅੰਤਮ ਧਾਰ ਹਰਿ ਹਰਿ ਸਾਚੇ ਦਿਵਸ ਸੁਹਾਵਣਾ, ਹਰਿ ਸਾਚਾ ਖੇਲ ਖਿਲਾਈ। ਛੱਬੀ ਪੋਹ ਹੋ ਉਜਿਆਰ, ਸੰਮਤ ਸੋਲਾ ਕਰ ਪਿਆਰ, ਛੈਲ ਛਬੀਲਾ ਚੜ੍ਹਨੇਹਾਰ ਘੋੜੇ ਨੀਲਾ, ਆਪ ਆਪਣਾ ਮੇਲ ਮਿਲਾਈਆ। ਤਨ ਛੁਹਾਏ ਬਸਤਰ ਪੀਲਾ, ਪੀਲੀ ਧਾਰ ਪਾਰ ਕਰਾਈਆ। ਪਹਿਲੀ ਰਾਤ ਹਰਿ ਸੰਗਤ ਆਪਣਾ ਕਰਨਾ ਹੀਲਾ, ਲੱਖ ਚੁਰਾਸੀ ਫੰਦ ਕਟਾਵਣ ਆਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਲਏ ਵਰ, ਦਰਸ਼ਨ ਦੇਵੇ ਘਰ ਘਰ, ਦੂਰ ਦੁਰਾਡਾ ਨਾ ਕੋਈ ਰਖਾਈਆ। ਸਾਚਾ ਤੰਦਨ ਬੱਧਾ ਤੰਦ, ਹਰਿ ਸਾਚਾ ਸਗਨ ਮਨਾਵਨਾ। ਖ਼ੁਸ਼ੀ ਕਰਾਏ ਬੰਦ ਬੰਦ, ਪੰਜ ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣਾ। ਨਿਰਗੁਣ ਜੋਤ ਚੜ੍ਹਾਏ ਸਾਚਾ ਚੰਦ, ਸੂਰਜ ਚੰਨ ਮੁਖ ਸ਼ਰਮਾਵਣਾ। ਏਕਾ ਰਾਗ ਸੁਣਾਏ ਕੰਨ, ਰਾਗੀ ਨਾਦੀ ਕਿਸੇ ਨਾ ਗਾਵਨਾ। ਭਾਡਾਂ ਗੜ੍ਹ ਹੰਕਾਰੀ ਦੇਵੇ ਭੰਨ, ਦਰ ਆਇਆ ਪੂਰ ਕਰਾਏ ਭਾਵਨਾ। ਲੇਖੇ ਲੱਗੇ ਜਨਨੀ ਜਨ, ਛੱਬੀ ਪੋਹ ਜਿਸ ਜਨ ਦਰਸ਼ਨ ਪਾਵਨਾ। ਆਪੇ ਬੰਨਣਹਾਰਾ ਮਨ ਕਾ ਮਨ, ਮਨ ਮਤੀ ਮੇਟ ਮਿਟਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚਖੰਡ ਦਵਾਰੇ ਘਰ ਹਰਿ ਸਾਚੇ ਆਪ ਵਸਾਵਨਾ। ਸਾਚੇ ਹੱਥ ਬੰਨੇ ਡੋਰ, ਹਰਿ ਸਾਚੇ ਵਡ ਵਡਿਆਈਆ। ਪਾਰ ਕਰਾਏ ਅੰਧ ਘੋਰ, ਅਗਿਆਨ ਅੰਧੇਰ ਮਿਟਾਈਆ। ਮੇਟ ਮਿਟਾਏ ਪੰਜ ਚੋਰ, ਪੰਜ ਚੋਰ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁਕਾਏ ਮੋਰ ਤੋਰ, ਤੇਰਾ ਮੇਰਾ ਆਪ ਮੁਕਾਈਆ । ਹਰਿ ਬਿਨ ਅਵਰ ਨਾ ਦਿਸੇ ਕੋਈ ਹੋਰ, ਹਰਿ ਸਾਚਾ ਮਾਰਗ ਲਾਈਆ। ਚਰਨ ਕਵਲ ਪ੍ਰੀਤੀ ਲਏ ਜੋੜ, ਨਾ ਕੋਈ ਤੋੜ ਤੁੜਾਈਆ। ਪੁਰਖ ਅਬਿਨਾਸ਼ੀ ਸ਼ਬਦ ਚੜ੍ਹਾਏ ਸਾਚੇ ਘੋੜ, ਹੰ ਹੰਗਤਾ ਵਾਗ ਭਵਾਈਆ। ਵਰ ਪਾਏ ਜੇਹਾ ਮਨ ਲੋੜ, ਜੋ ਜਨ ਰਹੇ ਸਰਨਾਈਆ। ਏਥੇ ਉਥੇ ਜਾਏ ਬੌਹੜ, ਕੋਟਨ ਕੋਟ ਯੋਜਨ ਪੰਧ ਮੁਕਾਈਆ। ਗੁਰਸਿਖਾਂ ਆਤਮ ਅੰਤਰ ਲੱਗੀ ਔੜ, ਦੇਵੇ ਪਿਆਸ ਬੁਝਾਈਆ। ਪਰਗਟ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜ, ਬਰਨ ਸ਼ੰਕਰ ਰਹੇ ਨਾ ਰਾਈਆ। ਸੱਚੀ ਦਰਗਹਿ ਲਾਏ ਆਪਣਾ ਪੌੜ, ਆਪੇ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖਣਹਾਰਾ ਮਿਠੇ ਕੌੜ, ਨਾ ਕੋਈ ਸਕੇ ਭੇਵ ਛੁਪਾਈਆ। ਗੁਰਮੁਖਾਂ ਗੁਰਸਿਖਾਂ ਆਪੇ ਰਿਹਾ ਹੋੜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਲਹਿਣਾ ਦੇਣਾ ਜਗਤ ਚੁਕਾਏ ਦਰ, ਦੋਏ ਜੋੜ ਮੂਲ ਚੁਕਾਈਆ। ਸ਼ਬਦ ਗਾਨਾ ਹਰਿ ਸਮਰਥ, ਤੰਦਨ ਜਗਤ ਬੰਧਾਇੰਦਾ। ਰੱਖਣਹਾਰਾ ਦੇ ਕਰ ਹੱਥ, ਆਪਣੇ ਮਾਰਗ ਲਾਇੰਦਾ। ਸੋਹੰ ਸ਼ਬਦ ਸਾਚੀ ਵੱਥ, ਸਾਢੇ ਦਸ ਝੋਲੀ ਪਾਇੰਦਾ। ਅਗੰਮ ਅਥਾਹ ਬੇਪਰਵਾਹ ਆਇਆ ਨੱਠ, ਆਪ ਆਪਣਾ ਪੰਧ ਮੁਕਾਇੰਦਾ। ਹਰਿ ਸੰਗਤ ਹਰਿ ਘਰ ਕਰ ਅਕੱਠ, ਸਾਚਾ ਦਰ ਸੁਹਾਇੰਦਾ। ਦੇਵਣਹਾਰਾ ਸਾਚੀ ਵੱਥ, ਪੜਦਾ ਉਹਲਾ ਆਪ ਚੁਕਾਇੰਦਾ। ਸੋਲਾਂ ਸੋਲਾਂ ਸੋਲਾਂ ਚਲਾਏ ਜਗਤ ਰਥ, ਰਥ ਰਥਵਾਹੀ ਫੇਰਾ ਪਾਇੰਦਾ। ਜਗਤ ਸਿਆਸਤ ਹੋਈ ਭੱਠ, ਬਿਨ ਹਰਿ ਕੋਈ ਨਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਨਰ ਹਰਿ ਹਰੀ ਹਰਿ ਏਕਾ ਘਰ ਸੁਹਾਇੰਦਾ। ਹਰਿ ਪਰਕਾਸ਼ ਸਰਬ ਘਟ ਅੰਤਰ, ਹਰਿ ਹਰਿ ਜੋਤ ਜਗਾਈਆ। ਹਰਿ ਹਰਿ ਖੇਲ ਜੁਗਾ ਜੁਗੰਤਰ, ਜੁਗ ਜੁਗ ਵੇਸ ਵਟਾਈਆ। ਹਰਿ ਹਰਿ ਵੇਖ ਮਨੂ ਮਨਵੰਤਰ, ਹਰਿ ਹਰਿ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਇਕ ਅਖਵਾਈਆ। ਨਿਰਗੁਣ ਰੂਪ ਹਰਿ ਪਸਾਰਾ, ਨਿਰਗੁਣ ਧਾਰ ਚਲਾਈਆ। ਨਿਰਗੁਣ ਸ਼ਾਹੋ ਭੂਪ ਵਡ ਸਿਕਦਾਰਾ, ਸਚ ਸੁਲਤਾਨ ਅਖਵਾਈਆ। ਨਿਰਗੁਣ ਨਾਉਂ ਏਕੰਕਾਰਾ, ਅਕਲ ਕਲਾ ਅਖਵਾਈਆ। ਨਿਰਗੁਣ ਅਗੰਮ ਅਗੰਮ ਪੁਰਖ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਈਆ। ਨਿਰਗੁਣ ਅਲੱਖ ਨਿਰੰਜਣ ਖੇਲ ਨਿਆਰਾ, ਅਲੱਖ ਨਾ ਲੱਖਿਆ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਉਜਾਲਾ, ਅਨਭਵ ਪਰਕਾਸ਼ ਕਰਾਇਆ। ਨਿਰਗੁਣ ਧਾਰ ਸਰਬ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਇਆ। ਨਿਰਗੁਣ ਵਸਿਆ ਧਾਮ ਨਿਰਾਲਾ, ਧਾਮ ਅਵੱਲੜਾ ਇਕ ਵਖਾਇਆ। ਨਿਰਮਲ ਨਿਰਗੁਣ ਜੋਤ ਜੋਤ ਇਕ ਅਕਾਲਾ, ਪੁਰਖ ਅਕਾਲ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਹਰਿ ਅਵੱਲਾ, ਆਦਿ ਜੁਗਾਦਿ ਕਰਾਇੰਦਾ। ਨਿਰਗੁਣ ਬੈਠਾ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਨਿਰਗੁਣ ਵਸਿਆ ਸਚ ਮਹੱਲਾ, ਸਚ ਸਿੰਘਾਸਣ ਲਾਇੰਦਾ। ਨਿਰਗੁਣ ਜੋਤੀ ਆਪਣੀ ਆਪੇ ਬਲਾ, ਆਪ ਆਪਣਾ ਜੌਹਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬਿਨਾਸ਼ੀ ਕਰਤਾ ਨਾਉਂ ਰਖਾਇੰਦਾ। ਅਬਿਨਾਸ਼ੀ ਕਰਤਾ ਹਰਿ ਕਰਤਾਰ, ਏਕਾ ਜੋਤ ਜਗਾਈਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਈਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਆਪੇ ਖੇਲੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਪਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਿਲਾਈਆ। ਪਵਣ ਸਵਾਸੀ ਨਾ ਲਏ ਦਮ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਆਪੇ ਜਾਣੇ ਆਪਣਾ ਕੰਮ, ਆਪਣੇ ਹੱਥ ਰੱਖੇ ਵਡਿਆਈਆ। ਆਪ ਮਿਟਾਏ ਆਪਣਾ ਤਮ, ਤ੍ਰਿਸਨਾ ਭੁੱਖ ਨਾ ਕੋਈ ਵਧਾਈਆ। ਆਪਣਾ ਬੇੜਾ ਆਪੇ ਬੰਨ, ਆਪੇ ਰਿਹਾ ਚਲਾਈਆ। ਆਪਣੀ ਜਣੀ ਆਪੇ ਜਣੇ ਆਪਣਾ ਜਨ, ਪਿਤਾ ਮਾਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਕ ਸਮਾਈਆ। ਆਪ ਆਪਣਾ ਆਪੇ ਰੰਕ, ਆਪੇ ਆਪ ਰਖਾਇੰਦਾ। ਆਪ ਸੁਹਾਏ ਆਪਣਾ ਦਵਾਰ ਬੰਕ, ਦਰ ਦਵਾਰਾ ਵੇਖ ਵਖਾਇੰਦਾ। ਆਪੇ ਖੇਲ ਖੇਲ ਬਾਰ ਅਨਕ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਨਾਉਂ ਰਖਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਪੁਰਖ ਅਬਿਨਾਸ਼ਿਆ। ਆਦਿ ਜੁਗਾਦੀ ਇਕ ਅਵ਼ਤਾਰਾ, ਏਕਾ ਖੇਲ ਤਮਾਸ਼ਿਆ। ਏਕਾ ਮਹੱਲ ਅਟੱਲ ਉਚ ਮੁਨਾਰਾ, ਏਕਾ ਰੱਖਣਹਾਰਾ ਵਾਸਿਆ। ਏਕਾ ਦੀਪਕ ਸਚ ਉਜਿਆਰਾ, ਏਕਾ ਏਕ ਪਰਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਨ, ਹਰਿ ਸਾਜਣ ਮੀਤ ਇਕ ਅਤੀਤ ਨਾਉਂ ਧਰਾਇੰਦਾ। ਇਕ ਅਤੀਤਾ ਹਰਿ ਨਿਰੰਕਾਰ, ਏਕਾ ਜੋਤ ਜਗਾਈਆ। ਮੰਦਰ ਮਸਜਿਦ ਨਾ ਕੋਈ ਦਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਸਾਧ ਸੰਤ ਨਾ ਕੋਈ ਦੁਲਾਰ, ਗੁਰ ਪੀਰ ਨਾ ਕੋਈ ਅਖਵਾਈਆ। ਸ਼ਬਦ ਧੁਨ ਨਾ ਕੋਈ ਜੈਕਾਰ, ਅਨਹਦ ਰਾਗ ਨਾ ਕੋਈ ਸੁਣਾਈਆ। ਤਾਲ ਤਲਵਾੜਾ ਨਾ ਕੋਈ ਸਤਾਰ, ਜ਼ਿਮੀ ਅਸਮਾਨ, ਦਿਸ ਨਾ ਆਈਆ। ਗਗਨ ਗਗਨੰਤਰ ਨਾ ਕੋਈ ਵਿਚਾਰ, ਨਾਮ ਮੰਤਰ ਨਾ ਕੋਈ ਸੁਣਾਈਆ। ਜੰਗਲ ਜੂਹ ਨਾ ਕੋਈ ਪਹਾੜ, ਜਲ ਧਾਰਾ ਨਾ ਕੋਈ ਵਹਾਈਆ। ਨੌ ਖੰਡ ਨਾ ਕੋਈ ਅਖਾੜ, ਸੱਤ ਦੀਪ ਨਾ ਰਚਨ ਰਚਾਈਆ। ਵਾ ਨਾ ਕੋਈ ਤੱਤੀ ਹਾੜ, ਰੁੱਤ ਮਾਸ ਨਾ ਵੇਖ ਵਖਾਈਆ। ਪੰਜ ਤੱਤ ਨਾ ਕੋਈ ਹੱਡ ਮਾਸ, ਰਕਤ ਬੂੰਦ ਨਾ ਕੋਈ ਉਪਾਈਆ। ਨਾ ਕੋਈ ਲਾੜੀ ਨਾ ਕੋਈ ਲਾੜ, ਨਾ ਕੋਈ ਸਗਨ ਮਨਾਈਆ। ਨਾ ਕੋਈ ਅੰਦਰ ਮੰਦਰ ਦੇਵੇ ਵਾੜ, ਨਾ ਕੋਈ ਸਾਚੀ ਸੇਜ ਹੰਢਾਈਆ। ਇਕ ਅਕੱਲਾ ਕਰ ਪਸਾਰ, ਨਿਰਗੁਣ ਬੈਠਾ ਬੇਪਰਵਾਹੀਆ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਅਲਾਹੀ ਆਪ ਅਖਵਾਈਆ। ਆਪ ਆਪਣੀ ਪਾਵੇ ਸਾਰ, ਨਾ ਕੋਈ ਕਲਮਾ ਰਿਹਾ ਅਲਾਈਆ। ਨਾ ਕੋਈ ਤਬਕ ਦਏ ਹੁਲਾਰ, ਨਾ ਕੋਈ ਆਪਣਾ ਤੇਜ਼ ਚਲਾਈਆ। ਜਲਵਾ ਜਲਾਲ ਨਾ ਕੋਈ ਪਿਆਰ, ਹੱਕ ਹਕੂਕ ਨਾ ਕੋਈ ਰਖਾਈਆ। ਐਨਲਹੱਕ ਨਾ ਕੋਈ ਨਾਅਰ, ਮੁਕਾਮੇ ਹੱਕ ਨਾ ਕੋਈ ਪੁਜਾਈਆ। ਅਹਿਬਾਬ ਰਬਾਬ ਨਾ ਵਜਾਏ ਕੋਈ ਸਤਾਰ, ਆਬ ਹਯਾਤ ਨਾ ਕੋਈ ਪਿਆਈਆ। ਕਾਇਨਾਤ ਨਾ ਰਿਹਾ ਮਹੱਲ ਉਸਾਰ, ਨਬੀ ਰਸੂਲ ਨਾ ਕੋਈ ਵਖਾਈਆ। ਸ਼ਾਹ ਸੁਲਤਾਨ ਨਾ ਕੋਈ ਸਿਕਦਾਰ, ਨਾ ਕੋਈ ਹੁਕਮ ਚਲਾਈਆ। ਨਾ ਕੋਈ ਦਿਸੇ ਬੰਕ ਦਵਾਰ, ਦਰ ਦਰਵੇਸ਼ ਨਾ ਅਲਖ ਜਗਾਈਆ। ਨੂਰੋ ਨੂਰ ਨੂਰ ਹੋ ਉਜਿਆਰ, ਨੂਰੋ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਅੰਕ ਸਮਾਈਆ। ਨਿਰਗੁਣ ਰੰਗ ਹਰਿ ਰੰਗ ਰਾਤਾ, ਏਕਾ ਰੰਗ ਰੰਗਾਇਆ। ਵਰਨ ਬਰਨ ਨਾ ਕੋਈ ਦਰਸਾਇਆ , ਰੂਪ ਰੇਖ ਨਾ ਕੋਈ ਜਣਾਇਆ। ਨਾ ਕੋਈ ਮਾਤ ਨਾ ਕੋਈ ਬਾਲਕ ਗੋਦ ਉਠਾਇਆ ਭਾਈ ਭੈਣ ਨਾ ਕੋਈ ਨਾਤਾ, ਸਾਕ ਸੱਜਣ ਨਾ ਕੋਈ ਰਖਾਇਆ। ਨਾ ਕੋਈ ਸੁਣੇ ਸੁਣਾਏ ਗਾਥਾ, ਗਾਵਤ ਗੁਣ ਨਾ ਕੋਈ ਜਣਾਇਆ। ਨਾ ਕੋਈ ਪਵਣ ਨਾ ਕੋਈ ਰਾਥਾ, ਰਥ ਰਥਵਾਹੀ ਨਾ ਕੋਈ ਰਖਾਇਆ। ਨਾ ਕੋਈ ਮਸਤਕ ਨਾ ਕੋਈ ਮਾਥਾ, ਨਾ ਕੋਈ ਜੋਤ ਲਿਲਾਟ ਜਗਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਨਾ ਕੋਈ ਗਗਨ ਮੰਡਲ ਪ੍ਰਿਥਮੀ ਅਕਾਸ਼ਾ, ਅਪ ਤੇਜ਼ ਵਾਏ ਨਾ ਕੋਈ ਸੁਹਾਇਆ। ਮਨ ਮਤ ਬੁਧ ਨਾ ਕੋਈ ਪਰਕਾਸ਼ਾ, ਦੀਵਾ ਬੱਤੀ ਨਾ ਕੋਈ ਜਗਾਇਆ। ਨਾ ਕੋਈ ਰੋਣਾ ਨਾ ਕੋਈ ਹਾਸਾ, ਮੰਡਲ ਰਾਸ ਨਾ ਕੋਈ ਰਚਾਇਆ। ਨਾ ਕੋਈ ਵਸਿਆ ਆਸ ਪਾਸਾ, ਦੂਰ ਨੇੜ ਨਾ ਬੰਧਨ ਪਾਇਆ। ਨਾ ਕੋਈ ਥਾਲੀ ਨਾ ਕੋਈ ਕਾਸਾ, ਨਾ ਕੋਈ ਅਲਖ ਜਗਾਇਆ। ਨਾ ਕੋਈ ਮਦਿਰਾ ਨਾ ਕੋਈ ਮਾਸਾ, ਭੁਨ ਕਬਾਬ ਕੋਈ ਨਾ ਖਾਇਆ। ਨਾ ਕੋਈ ਮਹੱਲ ਅਟੱਲ ਰੱਖੇ ਵਾਸਾ, ਸੂਲਾਂ ਸੇਜ ਨਾ ਕੋਈ ਹੰਢਾਇਆ। ਇਕ ਅਕੱਲਾ ਪੁਰਖ ਅਬਿਨਾਸ਼ਾ, ਥਿਰ ਘਰ ਬੈਠਾ ਡੇਰਾ ਲਾਇਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਨਿਰਗੁਣ ਭੇਵ ਕਿਸੇ ਨਾ ਪਾਇਆ। ਆਪ ਆਪਣਾ ਹੋਏ ਦਾਸੀ ਦਾਸਾ, ਆਪ ਆਪਣੀ ਸੇਵ ਕਮਾਇਆ। ਆਪ ਆਪਣੀ ਕਰੇ ਪੂਰੀ ਆਸਾ, ਆਸਾ ਪੂਰਨ ਨਾਮ ਧਰਾਇਆ। ਆਪਣੇ ਘਰ ਕਰਿਆ ਵਾਸਾ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕਾ ਘਰ, ਏਕਾ ਦਰ ਰਿਹਾ ਵਖਾਇਆ। ਇਕ ਅਕੱਲਾ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਜੋਤੀ ਨੂਰ ਕਰ ਉਜਿਆਰ, ਨੂਰੋ ਨੂਰ ਸਮਾਈਆ। ਸਚ ਮਹੱਲੇ ਸਚ ਪਿਆਰ, ਘਰ ਸਾਚੇ ਬੈਠਾ ਬੇਪਰਵਾਹੀਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਨਾ ਕੋਈ ਵੇਦ ਕਤੇਬ ਰਿਹਾ ਵਿਚਾਰ, ਨਾ ਕੋਈ ਰਿਹਾ ਮੁੱਖ ਖੁਲ੍ਹਾਈਆ । ਨਾ ਕੋਈ ਵਿਸ਼ਨੂੰ ਵੰਸੀ ਕਰੇ ਅਕਾਰ, ਨਾ ਕੋਈ ਦੂਸਰ ਸੇਜ ਹੰਢਾਈਆ। ਸਾਂਗੋ ਪਾਂਗ ਨਾ ਕੋਈ ਪਿਆਰ, ਆਲਸ ਨਿੰਦਰਾ ਨਾ ਕੋਈ ਵਖਾਈਆ। ਬਸਤਰ ਭੂਸ਼ਨ ਨਾ ਕੋਈ ਤਿਆਰ, ਲਾਲ ਰੰਗ ਨਾ ਕੋਈ ਚੜ੍ਹਾਈਆ। ਨਾ ਕੋਈ ਲਛਮੀ ਖ਼ਬਰਦਾਰ, ਚਰਨ ਦਵਾਰ ਨਾ ਸੋਭਾ ਪਾਈਆ। ਨਾ ਕੋਈ ਦਿਸੇ ਧੂੰਆਂਧਾਰ, ਧੁੰਧੂਕਾਰ ਰੰਗ ਸਮਾਈਆ। ਸ਼ਿਵ ਸ਼ੰਕਰ ਨਾ ਕੋਈ ਪਿਆਰ, ਜਟਾ ਜੂਟ ਨਾ ਕੋਈ ਵਖਾਈਆ। ਨਾ ਕੋਈ ਤ੍ਰਿਸੂਲ ਤਿਖੀ ਧਾਰ, ਨਾ ਕੁੰਡਲ ਰਿਹਾ ਪਾਈਆ। ਨਾ ਕੋਈ ਮੁਖੀ ਮਾਰੇ ਮਾਰ, ਮਮਤਾ ਭੁੱਖੀ ਨਾ ਕੋਈ ਤ੍ਰਿ੍ਰਸਾਈਆ। ਨਾ ਕੋਈ ਕੁੱਖੀ ਬਣਾਇਆ ਘਰ ਬਾਰ, ਮਾਤ ਗਰਭ ਨਾ ਕੋਈ ਵਡਿਆਈਆ। ਇਕ ਅਕੱਲਾ ਕਰ ਪਸਾਰ, ਘਰ ਬੈਠਾ ਬੇਪਰਵਾਹੀਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਆਦਿ ਜੁਗਾਦੀ ਖੇਲ ਨਿਆਰ, ਜੁਗ ਜੁਗ ਵੱਡੀ ਵਡਿਆਈਆ। ਪੁਰਖ ਨਿਰੰਜਣ ਹੋ ਤਿਆਰ, ਆਪ ਆਪਣੀ ਰਚਨ ਰਚਾਈਆ। ਨਾ ਕੋਈ ਦੇਵਤ ਸੁਰ ਸੋਹੇ ਦਵਾਰ, ਨਾ ਕੋਈ ਮੰਗਲ ਗਾਈਆ। ਨਾ ਕੋਈ ਗਣ ਗੰਧਰਬ ਗਾਏ ਧੁਨਕਾਰ, ਮੰਗਲਾਚਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਬੈਠਾ ਹਰ ਘਟ ਥਾਈਂਆ। ਨਿਰਗੁਣ ਪੁਰਖ ਹਰਿ ਕਰਤਾਰਾ, ਏਕਾ ਧਾਰ ਚਲਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਆਪਣਾ ਸੁਹਾਏ ਆਪ ਦਵਾਰਾ, ਦਰ ਦਰਵਾਜ਼ੇ ਸੋਭਾ ਪਾਈਆ। ਨਾ ਕੋਈ ਦਿਸੇ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਲਾਏ ਇੱਟਾਂ ਗਾਰਾ, ਨਾ ਕੋਈ ਬਾਢੀ ਬਣਤ ਬਣਾਈਆ। ਦੀਵਾ ਬਾਤੀ ਨਾ ਕੋਈ ਉਜਿਆਰਾ, ਘਿਰਤ ਸਮਗਰੀ ਨਾ ਕੋਈ ਰਖਾਈਆ। ਨਿਰਗੁਣ ਜੋਤੀ ਕਰ ਉਜਿਆਰਾ, ਆਪ ਆਪਣਾ ਡਗਮਗਾਈਆ। ਰਵ ਸਸ ਨਾ ਕੋਈ ਸਤਾਰਾ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਅਨਹਦ ਤਾਲ ਨਾ ਕੋਈ ਤਲਵਾੜਾ, ਬਹੱਤਰ ਨਾੜ ਨਾ ਕੋਈ ਕੁੜਮਾਈਆ। ਪੰਚ ਵਿਕਾਰ ਨਾ ਪੰਚਮ ਧਾੜਾ, ਪੰਜ ਪੰਜੀ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਆਪ ਆਪਣੀ ਖੇਲ ਖਿਲਾਈਆ। ਖੇਲੇ ਖੇਲ ਪੁਰਖ ਅਲੱਖ, ਲੇਖਾ ਲੇਖ ਨਾ ਜਾਣਿਆ। ਆਦਿ ਜੁਗਾਦਿ ਹੋ ਪਰਤੱਖ, ਖੇਲੇ ਖੇਲ ਦੋ ਜਹਾਨਿਆ। ਆਪ ਆਪਣਾ ਕਰ ਵੱਖ, ਆਪ ਆਪਣਾ ਅੰਗ ਕਟਾਨਿਆ। ਆਪ ਆਪਣਾ ਕਰੇ ਸੱਖ, ਆਪ ਆਪਣਾ ਘਰ ਭਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਨਿਰਗੁਣ ਖੇਲੇ ਖੇਲ ਮਹਾਨਿਆ। ਨਿਰਗੁਣ ਖੇਲ ਹਰਿ ਮਹਾਨ, ਆਦਿ ਪੁਰਖ ਵਡਿਆਈਆ। ਰੂਪ ਰੰਗ ਨਾ ਕੋਈ ਨਿਸ਼ਾਨ, ਨੇਤਰ ਨੈਣ ਨਾ ਕੋਈ ਵਖਾਈਆ। ਗਾਇਤਰੀ ਮੰਤਰ ਨਾ ਕੋਈ ਗਿਆਨ, ਇਸ਼ਟ ਦੇਵ ਨਾ ਕੋਈ ਮਨਾਈਆ। ਸਰ ਸਰੋਵਰ ਨਾ ਕੋਈ ਅਸਨਾਨ, ਤੀਰਥ ਤਟ ਨਾ ਕੋਈ ਨਹਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਈ ਰਚਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਲੰਕਾ ਗੜ੍ਹ ਤੁੜਾਈਆ। ਨਾ ਕੋਈ ਪਵਣ ਪਾਣੀ ਮਸਾਣ, ਅਗਨੀ ਤੱਤ ਨਾ ਕੋਈ ਜਣਾਈਆ। ਨਾ ਕੋਈ ਪੀਣ ਨਾ ਕੋਈ ਖਾਣ, ਨਾ ਕੋਈ ਤ੍ਰਿਸਨ ਹਲਕਾਈਆ। ਹੱਥ ਮੂੰਹ ਨੱਕ ਨਾ ਦਿਸੇ ਕਾਨ, ਗੁਦਾ ਲਿੰਗ ਨਾ ਕੋਈ ਜਣਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਅਕੱਲਾ ਇਕ ਬੈਠਾ ਬੇਪਰਵਾਹੀਆ। ਆਪ ਝੁਲਾਏ ਆਪਣਾ ਸਚ ਨਿਸ਼ਾਨ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਦੇਵੇ ਆਪਣਾ ਦਾਨ, ਆਪ ਆਪਣੀ ਝੋਲੀ ਅੱਗੇ ਡਾਹੀਆ। ਆਪਣਾ ਰੱਖੇ ਆਪੇ ਮਾਣ, ਮਾਣ ਨਿਮਾਣਾ ਆਪ ਹੋ ਜਾਈਆ। ਆਪੇ ਜਾਣੇ ਜਣਾਏ ਧੁਰ ਫ਼ਰਮਾਣ, ਧੁਰ ਦਾਤਾ ਬੇਪਰਵਾਹੀਆ। ਆਪੇ ਸੁੱਤਾ ਸੁੰਞ ਮਸਾਣ, ਆਪ ਆਪਣਾ ਜਲਵਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਹਰਿ ਮੀਤਾ, ਹਰਿ ਹਰਿ ਆਪ ਅਖਵਾਇੰਦਾ। ਹਰੀ ਹਰਿ ਠਾਂਡਾ ਸੀਤਾ, ਏਕ ਸਤਿ ਰਖਾਇੰਦਾ। ਆਪੇ ਜਾਣੇ ਆਪਣਾ ਕੀਤਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟਾ, ਊਚ ਨੀਚ ਨਾ ਕੋਈ ਜਣਾਇੰਦਾ। ਨਾ ਕੋਈ ਮਿਠਾ ਨਾ ਕੋਈ ਕੌੜਾ ਰੀਠਾ, ਅੰਮ੍ਰਿਤ ਫਲ ਨਾ ਕੋਈ ਚਖਾਇੰਦਾ। ਨਾ ਕੋਈ ਤ੍ਰੈਗੁਣ ਮਾਇਆ ਪੀਸਣ ਪੀਸਾ, ਜੂਠ ਝੂਠ ਨਾ ਸੰਗ ਰਲਾਇੰਦਾ। ਇਕ ਅਕੱਲਾ ਬੈਠਾ ਹਰਿ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਆਪਣੀ ਬਣਤ ਆਪ ਬਣਾ, ਆਪਣੀ ਕਲ ਹਰਿ ਧਾਰਿਆ। ਆਪਣੀ ਸੇਜ ਆਪ ਹੰਢਾ, ਆਪ ਆਪਣਾ ਮੇਲ ਮਿਲਾਇਆ। ਆਪਣੀ ਨਾਰੀ ਆਪ ਅਖਵਾ, ਆਪ ਆਪਣਾ ਕੰਤ ਮਨਾ ਰਿਹਾ। ਆਪ ਆਪਣੇ ਵਿਚ ਆਪ ਟਿੱਕਾ, ਆਪ ਆਪਣਾ ਵੇਖ ਵਖਾ ਰਿਹਾ। ਬ੍ਰਹਿਮੰਡ ਖੰਡ ਰਚਨ ਰਚਾ, ਲੋਆਂ ਪੁਰੀਆਂ ਵੇਖ ਵਖਾ ਰਿਹਾ। ਬ੍ਰਹਮਾ ਵੇਤਾ ਲਏ ਉਪਾ, ਕਵਲ ਨਾਭੀ ਫੁੱਲ ਖਿਲਾ ਲਿਆ। ਅੰਮ੍ਰਿਤ ਜਾਮ ਲਏ ਪਿਲਾ, ਨਿਝਰ ਧਾਰ ਮੁਖ ਚੁਆ ਲਿਆ। ਸ਼ਬਦ ਜਣਾਈ ਦਏ ਜਣਾ, ਦੂਈ ਦਵੈਤੀ ਪੜਦਾ ਲਾਹ ਲਿਆ। ਏਕਾ ਬ੍ਰਹਮ ਦਏ ਵਖਾ, ਪਾਰਬ੍ਰਹਮ ਅੰਗ ਕਟਾ ਲਿਆ। ਨਿਰਗੁਣ ਸਰਗੁਣ ਜੋਤ ਜਗਾ, ਜਾਗਰਤ ਦਿਸ਼ਾ ਬਣਾ ਰਿਹਾ। ਆਪ ਆਪਣਾ ਭੇਵ ਖੁਲ੍ਹਾ, ਆਪਣਾ ਮਾਰਗ ਆਪੇ ਲਾ ਰਿਹਾ। ਲੱਖ ਚੁਰਾਸੀ ਬਣਤ ਬਣਾ, ਪੰਜ ਤੱਤ ਡੇਰਾ ਢਾਹ ਰਿਹਾ। ਆਪਣੀ ਕਥਾ ਆਪੇ ਸੁਣਾ, ਆਪੇ ਮੁਖ ਸਲਾ ਲਿਆ। ਆਪਣੇ ਰਥ ਆਪ ਚੜ੍ਹਾ, ਦਹਿ ਦਿਸ਼ਾ ਆਪ ਫਿਰਾ ਲਿਆ। ਸਾਚਾ ਸੰਗ ਆਪ ਨਿਭਾ, ਸਾਚੇ ਰਾਹੇ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਰਚਨ ਰਚਾਈ ਹਰਿ ਕਰਤਾਰ, ਲੱਖ ਚੁਰਾਸੀ ਬਣਤ ਬਣਾਈਆ। ਆਪ ਉਪਾਏ ਆਪ ਖਪਾਏ ਆਪ ਆਪਣੀ ਬੰਨੇ ਧਾਰ, ਆਪੇ ਦੇਵੇ ਰਿਜ਼ਕ ਸਬਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਰਗੁਣ ਤੇਰਾ ਸਚ ਪਿਆਰ, ਸਾਚੀ ਕਲ ਵਰਤਾਈਆ। ਵੰਡੇ ਵੰਡ ਅਪਰ ਅਪਾਰ, ਵੰਡਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਵੰਡੀ ਵੰਡ ਪੁਰਖ ਅਕਾਲ, ਜਿਨ ਇਹ ਖੇਲ ਖਿਲਾਇਆ। ਜੁਗ ਜੁਗ ਚਲੀ ਅਵੱਲੜੀ ਚਾਲ, ਭੇਵ ਕਿਸੇ ਨਾ ਪਾਇਆ। ਸ਼ਬਦ ਸੁੱਤ ਕਰ ਦਲਾਲ, ਲੋਕਮਾਤ ਵੇਖ ਵਖਾਇਆ। ਨਾਲ ਰਖਾਇਆ ਕਾਲ ਮਹਾਂਕਾਲ, ਕਾਲ ਨਗਾਰਾ ਇਕ ਵਜਾਇਆ। ਆਪੇ ਹੋਇਆ ਦੀਨ ਦਿਆਲ, ਦਇਆ ਨਿਧ ਨਾਮ ਧਰਾਇਆ। ਸੰਤ ਸੁਹੇਲੇ ਲਏ ਭਾਲ, ਆਪ ਆਪਣਾ ਨਾਮ ਜਪਾਇਆ। ਆਪਣੀ ਗੋਦ ਉਠਾਏ ਬਾਲ, ਬਾਲ ਨਿਧਾਨਾ ਗਲੇ ਲਗਾਇਆ। ਵੇਖੇ ਪਰਖੇ ਅਨਮੁਲੜੇ ਲਾਲ, ਕਰਤਾ ਕੀਮਤ ਆਪ ਗਣਾਇਆ। ਤੋੜਣਹਾਰਾ ਜਗਤ ਜੰਜਾਲ, ਜੁਗ ਆਪਣਾ ਵੇਸ ਵਟਾਇਆ। ਭਾਗ ਲਗਾਏ ਮਾਟੀ ਖਾਲ, ਆਪ ਆਪਣੀ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨਹਾਰ ਹਰਿ ਸਮਰਥ, ਜੁਗ ਜੁਗ ਮਹਿਮਾ ਅਕਥਨਾ ਅਕੱਥ, ਰਸਨਾ ਕਥ ਨਾ ਸਕੇ ਰਾਇਆ। ਹਰਿ ਕਾ ਭੇਵ ਸਦਾ ਅਕੱਥ, ਭੇਵ ਕੋਈ ਨਾ ਪਾਨਿਆ। ਦਾਤਾ ਦਾਨੀ ਹਰਿ ਸਮਰਥ, ਖੇਲੇ ਖੇਲ ਦੋ ਜਹਾਨਿਆ। ਆਦਿ ਜੁਗਾਦਿ ਚਲਾਏ ਰਥ, ਰਥ ਰਥਵਾਹੀ ਸ੍ਰੀ ਭਗਵਾਨਿਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਭਵਾਨਿਆ। ਹਰਿ ਭਗਤਨ ਮੇਲਾ ਦਰ ਘਰ ਸਾਚੇ ਕਰ ਅਕੱਠ, ਦੇਵੇ ਨਾਮ ਸੱਚਾ ਧਨ ਮਾਲਿਆ। ਆਪੇ ਦੇਵੇ ਧੀਰਜ ਹਠ, ਸਤਿ ਸੰਤੋਖ ਬ੍ਰਹਮ ਗਿਆਨਿਆ। ਦਰਸ ਦਿਖਾਏ ਨੱਠ ਨੱਠ, ਭੇਖਾਧਾਰੀ ਭੇਖ ਵਟਾਨਿਆ। ਨਾ ਕੋਈ ਗੁਰ ਦਰ ਮੰਦਰ ਮਸਜਿਦ ਮੱਠ, ਸ਼ਿਵਦਵਾਲਾ ਨਾ ਕੋਈ ਉਪਾਨਿਆ। ਨਾ ਕੋਈ ਤੀਰਥ ਅਠ ਸਠ, ਸਰ ਸਰੋਵਰ ਨਾ ਕੋਈ ਬਣਾਨਿਆ। ਵਸਣਹਾਰਾ ਘਟ ਘਟ, ਸ਼ਾਹੋ ਭੂਪ ਪੁਰਖ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਘਰ, ਘਰ ਸਾਚਾ ਖੇਲ ਖਿਲਾਨਿਆ। ਜੁਗ ਕਰਤਾ ਹਰਿ ਨਿਰੰਕਾਰ, ਨਿਰਗੁਣ ਨਾਉਂ ਧਰਾਇਆ।

ਹਰਿ ਜੋਤ ਹਰਿ ਪਰਕਾਸ਼, ਹਰਿ ਹਰਿ ਆਪ ਕਰਾਈਆ। ਹਰਿ ਪੁਰਖ ਇਕ ਅਬਿਨਾਸ਼, ਏਕੰਕਾਰਾ ਨਾਉਂ ਧਰਾਈਆ। ਹਰ ਘਟ ਅੰਦਰ ਰੱਖਣਹਾਰਾ ਵਾਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਮੰਡਲ ਮੰਡਪ ਪਾਵੇ ਰਾਸ, ਆਦਿ ਜੁਗਾਦਿ ਵੱਡੀ ਵਡਿਆਈਆ। ਹਰਿ ਪ੍ਰਿਥਮੀ ਹਰਿ ਅਕਾਸ਼, ਗਗਨ ਮੰਡਲ ਹਰਿ ਸੁਹਾਈਆ। ਹਰਿ ਪਵਣ ਹਰਿ ਸਵਾਸ, ਹਰਿ ਸ਼ਬਦੀ ਸ਼ਬਦ ਚਲਾਈਆ। ਹਰਿ ਸੇਵਕ ਹਰਿ ਦਾਸੀ ਦਾਸ, ਜੁਗ ਜੁਗ ਆਪਣੀ ਸੇਵ ਕਮਾਈਆ। ਹਰਿ ਪੂਰਨ ਕਰਨਹਾਰਾ ਆਸ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਵੇਖਣਹਾਰਾ ਇਕ ਤਮਾਸ਼, ਜੁਗ ਕਰਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤ ਨੂਰ ਰੁਸ਼ਨਾਈਆ । ਹਰਿ ਜੋਤ ਹਰਿ ਪੁਰਖ ਅਕਾਲ, ਏਕਾ ਰੰਗ ਸਮਾਇਆ। ਹਰਿ ਸਤਿਗੁਰ ਹਰਿ ਦੀਨ ਦਿਆਲ, ਹਰਿ ਗੁਰੂ ਗੁਰ ਵੇਸ ਵਟਾਇਆ। ਹਰਿ ਨਾਮ ਧਨ ਸੱਚਾ ਧਨ ਮਾਲ, ਹਰਿ ਖਜ਼ਾਨਾ ਇਕ ਭਰਾਇਆ। ਹਰਿ ਹਰਿ ਮੰਦਰ ਹਰਿ ਹਰਿ ਗੁਰੂ ਦਵਾਰ, ਹਰਿ ਧਰਮਸਾਲ, ਥਿਰ ਘਰ ਸਾਚਾ ਹਰਿ ਸੁਹਾਇਆ। ਹਰਿ ਦੀਪਕ ਹਰਿ ਹਰਿ ਜੋਤੀ ਹਰਿ ਜੋਤ ਦੇਵੇ ਬਾਲ, ਹਰਿ ਨਿਰਗੁਣ ਡਗਮਗਾਇਆ। ਹਰਿ ਅੰਮ੍ਰਿਤ ਹਰਿ ਸੁਹਾਏ ਤਾਲ, ਹਰਿ ਸਾਚੇ ਆਪ ਭਰਾਇਆ। ਹਰੀ ਹਰਿ ਕਰਨ ਆਇਆ ਸਰਬ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਧਰਾਇਆ। ਆਪੇ ਸ਼ਾਹ ਆਪੇ ਕੰਗਾਲ, ਆਪੇ ਲੇਖਾ ਮੰਗ ਮੰਗਾਇਆ। ਆਪੇ ਬਣਿਆ ਜਗਤ ਦਲਾਲ, ਜਗਤ ਵਿਚੋਲਾ ਨਾਮ ਧਰਾਇਆ । ਆਪੇ ਚਲੇ ਅਵੱਲੜੀ ਚਾਲ, ਹਰਿ ਹਰਿ ਭੇਵ ਕਿਸੇ ਨਾ ਪਾਇਆ। ਹਰਿਜਨ ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇਆ। ਹਰਿ ਹਰਿ ਵੇਖੇ ਅਨਮੁਲੜੇ ਲਾਲ, ਹਰਿ ਸੱਜਣ ਮੇਲ ਮਿਲਾਇਆ। ਹਰਿ ਆਪ ਆਪਣੇ ਲਏ ਭਾਲ, ਸੰਤ ਸੁਹੇਲੇ ਅੰਗ ਲਗਾਇਆ। ਹਰਿ ਮਾਰਨਹਾਰਾ ਸਚ ਉਛਾਲ, ਮਾਣਕ ਮੋਤੀ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਖੇਲ ਖਿਲਾਇਆ। ਹਰਿ ਜੋਤ ਅਨਭਵ ਪਰਕਾਸ਼, ਹਰਿ ਸਾਚੇ ਵਡ ਵਡਿਆਈਆ। ਆਦਿ ਅੰਤ ਨਾ ਜਾਏ ਵਿਨਾਸ, ਜੁਗ ਜੁਗ ਖੇਲ ਖਿਲਾਇਆ। ਆਪੇ ਪਾਵਣਹਾਰਾ ਰਾਸ, ਆਪੇ ਵੇਖ ਵਖਾਈਆ। ਆਪ ਉਪਾਏ ਬਰਖ ਦਿਵਸ ਮਾਸ, ਘੜੀ ਪਲ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਆਪਣਾ ਖੇਲ ਖਿਲਾਈਆ। ਹਰਿ ਸਾਚਾ ਖੇਲ ਖਿਲੰਦੜਾ, ਆਦਿਨ ਅੰਤਾ ਏਕਾ ਏਕੰਕਾਰ। ਹਰਿ ਆਪਣਾ ਭੇਖ ਵਟੰਦੜਾ, ਨਿਰਗੁਣ ਜੋਤੀ ਕਰ ਉਜਿਆਰ। ਹਰਿ ਸਾਚਾ ਸ਼ਬਦ ਚਲੰਦੜਾ, ਪੁਰਖ ਅਗੰਮੜਾ ਅਗੰਮੜੀ ਕਾਰ। ਹਰਿ ਸਾਚਾ ਧਾਮ ਸੁਹੰਦੜਾ, ਥਿਰ ਘਰ ਬੈਠ ਸੱਚੇ ਦਰਬਾਰ। ਹਰਿ ਸਾਚਾ ਸਚ ਸਿੰਘਾਸਣ ਆਪ ਵਖੰਦੜਾ, ਸ਼ਾਹੋ ਭੂਪ ਸੱਚੀ ਸਰਕਾਰ। ਹਰਿ ਸਾਚਾ ਹੁਕਮ ਚਲੰਦੜਾ, ਸ਼ਬਦ ਸ਼ਬਦੀ ਸੇਵਾਦਾਰ। ਹਰਿ ਸਾਚਾ ਦਰ ਖੁਲੰਦੜਾ, ਏਕਾ ਦੋ ਪੁਰਖ ਕਰਤਾਰ। ਹਰਿ ਦਾਤਾ ਗੁਣੀ ਗਹਿੰਦੜਾ, ਗੁਣਵੰਤਾ ਬੇਸ਼ੁਮਾਰ। ਹਰਿ ਦਾਤਾ ਸਦ ਬਖ਼ਸ਼ਿੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਖੇਲ ਕਰ, ਜੋਤੀ ਜੋਤ ਕਰੇ ਉਜਿਆਰ। ਹਰਿ ਜੋਤ ਉਜਾਲ ਬੈਠੀ ਜਗ ਅੰਦਰ, ਆਦਿ ਜੁਗਾਦਿ ਸਮਾਈਆ। ਆਪੇ ਵਸੇ ਸਾਢੇ ਤਿੰਨ ਹੱਥ ਮੰਦਰ, ਨੌ ਦਰ ਆਪੇ ਰਿਹਾ ਖੁਲ੍ਹਾਈਆ। ਆਪੇ ਧੂੰਆਂਧਾਰ ਅੰਧੇਰੀ ਕੰਦਰ, ਸੁਨ ਸਮਾਧ ਆਪ ਹੋ ਜਾਈਆ। ਆਪੇ ਚੇਤਨ ਆਪੇ ਅੰਧੜ, ਆਪੇ ਬੈਠਾ ਸੱਥਰ ਵਛਾਈਆ। ਆਪੇ ਵਾਸਨਾ ਆਪੇ ਗੰਦੜ, ਆਪੇ ਰਿਹਾ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਖ ਘਰ, ਹਰਿ ਸਾਚੀ ਖੇਲ ਖਿਲਾਈਆ। ਹਰਿ ਸਾਚਾ ਪ੍ਰਭ ਏਕ ਹੈ, ਏਕਾ ਰੂਪ ਸਮਾਏ। ਹਰਿ ਸਾਚਾ ਸਾਚੀ ਏਕ ਹੈ, ਸਤਿਗੁਰ ਨਾਮ ਧਰਾਏ। ਹਰਿ ਸਾਚਾ ਬੁਧ ਬਿਬੇਕ ਹੈ, ਮੂਰਖ ਆਪ ਹੋ ਜਾਏ। ਹਰਿ ਸਾਚਾ ਲਿਖੇ ਲੇਖ ਹੈ, ਲੇਖਾ ਲਿਖਣਹਾਰ ਆਪ ਹੋ ਜਾਏ। ਹਰਿ ਸਾਚਾ ਨਰ ਨਰੇਸ਼ ਹੈ, ਨਿਰਗੁਣ ਭੂਪ ਨਾਮ ਧਰਾਏ। ਹਰਿ ਸਾਚਾ ਹਰ ਘਟ ਰਿਹਾ ਵੇਖ ਹੈ, ਆਪ ਆਪਣਾ ਮੁਖ ਛੁਪਾਏ। ਹਰਿ ਸਾਚਾ ਨਾ ਕੋਈ ਮੁੱਛ ਦਾੜ੍ਹੀ ਨਾ ਕੇਸ ਹੈ, ਪੰਜ ਤੱਤ ਨਾ ਕੋਈ ਜਾਏ। ਹਰਿ ਸਾਚਾ ਦਰ ਦਰਵੇਸ਼ ਹੈ, ਅਲਖ ਅਲਖਣਾ ਅਲਖ ਜਗਾਏ। ਹਰਿ ਸਾਚਾ ਅਗੰਮੜਾ ਵੇਸ ਹੈ, ਧਾਮ ਅਗੰਮੜੇ ਡੇਰਾ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਿਆਰ, ਹਰਿ ਜੋਤ ਕਰੇ ਰੁਸ਼ਨਾਏ। ਹਰਿ ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਡਗਮਗਾਈਆ। ਹਰਿ ਹਰਿ ਖੇਲੇ ਖੇਲ ਨਿਰਾਲਾ, ਲੇਖਾ ਲਿਖਤ ਨਾ ਕੋਈ ਲਿਖਾਈਆ। ਹਰਿ ਹਰਿ ਚਲੇ ਅਵੱਲੜੀ ਚਾਲਾ, ਹਰਿਜਨ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਆਪਣੇ ਨਗਰ ਨਗਰ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ, ਨਿਰਗੁਣ ਬੈਠਾ ਬੇਪਰਵਾਹੀਆ। ਨਿਰਗੁਣ ਨੂਰ ਸਾਚਾ ਹਰਿ, ਏਕਾ ਜੋਤ ਜਗਾਇੰਦਾ। ਨਾ ਜੰਮੇ ਨਾ ਜਾਏ ਮਰ, ਮਾਤ ਗਰਭ ਨਾ ਕੋਈ ਟਿਕਾਇੰਦਾ। ਨਾ ਕੋਈ ਗੋਤ ਨਾ ਕੋਈ ਵਰਨ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਨਾ ਕੋਈ ਧਰਨੀ ਨਾ ਕੋਈ ਧਰਨ, ਧਰਤ ਧਵਲ ਨਾ ਕੋਈ ਜਣਾਇੰਦਾ। ਨਾ ਕੋਈ ਸਰਨੀ ਨਾ ਕੋਈ ਸਰਨ, ਨਾ ਕੋਈ ਸੀਸ ਝੁਕਾਇੰਦਾ। ਨਾ ਕੋਈ ਹਰਨੀ ਨਾ ਕੋਈ ਫਰਨੀ ਨਾ ਕੋਈ ਖੋਲ੍ਹੇ ਹਰਨ ਫਰਨ, ਨੇਤਰ ਨੈਣ ਨਾ ਕੋਈ ਖੁਲ੍ਹਾਇੰਦਾ। ਆਪਣੀ ਕਰਨੀ ਕਰਤਾ ਆਪੇ ਕਰਨ, ਕਰਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਏਕਾ ਵੇਸ ਵਟਾਇੰਦਾ। ਨਿਰਗੁਣ ਰੂਪ ਹਰਿ ਹਰਿ ਦਾਤਾ, ਸਮਰਥ ਪੁਰਖ ਅਖਵਾਇੰਦਾ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਆਪ ਚਲਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਫੇਰਾ ਪਾਇੰਦਾ। ਆਪੇ ਜਾਣੇ ਪੂਜਾ ਪਾਠਾ, ਆਪੇ ਨਾਮ ਦ੍ਰਿੜਾਇੰਦਾ। ਆਪੇ ਮਾਰੇ ਸਰੋਵਰ ਠਾਠਾ, ਅੰਮ੍ਰਿਤ ਜਲ ਆਪ ਭਰਾਇੰਦਾ। ਆਪੇ ਤੀਰਥ ਹੋਏ ਅਠ ਸਾਠਾ, ਆਪੇ ਦੁਰਮਤ ਮੈਲ ਮਿਟਾਇੰਦਾ। ਆਪੇ ਦੋ ਜਹਾਨਾ ਫਿਰੇ ਨਾਠਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਆਪੇ ਲੱਖ ਚੁਰਾਸੀ ਆਏ ਆਨ ਬਾਟਾ, ਆਪੇ ਦਸ ਦਸ ਵੇਖ ਵਖਾਇੰਦਾ। ਆਪੇ ਬੈਠਾ ਚੌਦਾਂ ਹਾਟਾ, ਚੌਦਾਂ ਤਬਕਾਂ ਡੇਰਾ ਲਾਇੰਦਾ। ਆਪੇ ਖੇਲੇ ਖੇਲ ਨਟੂਆ ਨਾਟਾ, ਸਵਾਂਗੀ ਸਵਾਂਗ ਰਚਾਇੰਦਾ। ਆਪੇ ਆਦਿ ਸ਼ਕਤ ਜੋਤ ਲਿਲਾਟਾ, ਆਪੇ ਨੂਰੋ ਨੂਰ ਉਪਾਇੰਦਾ। ਆਪੇ ਬ੍ਰਹਿਮੰਡਾਂ ਖੰਡਾਂ ਕੱਟੇ ਵਾਟਾ, ਆਪੇ ਆਪਣਾ ਪੰਧ ਮੁਕਾਇੰਦਾ। ਆਪੇ ਆਪਣਾ ਪੂਰਨ ਕਰਨਹਾਰਾ ਘਾਟਾ, ਆਪਣੇ ਕੰਡੇ ਆਪ ਤੁਲਾਇੰਦਾ। ਆਪੇ ਜਾਗਰਤ ਜੋਤ ਆਪ ਆਪਣਾ ਆਪੇ ਜਾਤਾ, ਜੋਤੀ ਜੋਤ ਆਪ ਜਗਾਇੰਦਾ। ਆਪੇ ਹੋ ਤ੍ਰਿਲੋਕੀ ਨਾਥਾ, ਆਪ ਆਪਣਾ ਕਰਮ ਕਮਾਇੰਦਾ। ਆਪੇ ਬਣੇ ਸਗਲਾ ਸਾਥਾ, ਸਗਲਾ ਸੰਗ ਨਿਭਾਇੰਦਾ। ਆਪੇ ਲਹਿਣ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚ ਮਹੱਲਾ ਉਚ ਮਿਨਾਰ। ਇਕ ਅਕੱਲਾ ਕਰ ਪਸਾਰ, ਏਕਾ ਏਕੰਕਾਰਾ ਜੋਤੀ ਧਾਰ ਜੋਤੀ ਨੂਰ ਰਖਾਇੰਦਾ। ਜੋਤੀ ਨੂਰ ਬੇਪਰਵਾਹ, ਪਾਰਬ੍ਰਹਮ ਅਖਵਾਇੰਦਾ। ਆਪੇ ਜਾਣੇ ਸਿਫ਼ਤ ਸਲਾਹ, ਆਪੇ ਹੁਕਮ ਚਲਾਇੰਦਾ। ਆਪੇ ਬਣੇ ਜਗਤ ਮਲਾਹ, ਆਪੇ ਚੱਪੂ ਲਾਇੰਦਾ । ਆਪੇ ਬੇੜੇ ਦਏ ਚੜ੍ਹਾ, ਆਪੇ ਪਾਰ ਕਰਾਇੰਦਾ। ਆਪੇ ਨੇਤਰ ਨਾਮ ਦਏ ਦ੍ਰਿੜਾ, ਹਰਿ ਆਪਣੀ ਜੇਹਵਾ ਆਪ ਹਿਲਾਇੰਦਾ। ਆਪੇ ਆਪਣੀ ਵਿਦਿਆ ਲਏ ਪੜ੍ਹਾ, ਆਪ ਆਪਣੀ ਦਇਆ ਕਮਾਇੰਦਾ। ਆਪ ਆਪਣੇ ਪੌੜੇ ਲਏ ਚੜ੍ਹਾ, ਸਾਚਾ ਪੌੜਾ ਇਕ ਵਖਾਇੰਦਾ। ਆਪੇ ਕੌੜੇ ਮਿਠੇ ਲਏ ਬਣਾ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਵਸਾਏ ਅਨਡਿਠੇ ਥਾਂ, ਸਚਖੰਡ ਦਵਾਰਾ ਇਕ ਸੁਹਾਇੰਦਾ। ਆਪੇ ਪਿਤਾ ਆਪੇ ਮਾਂ, ਲੱਖ ਚੁਰਾਸੀ ਆਪਣੀ ਗੋਦ ਉਠਾਇੰਦਾ। ਆਪੇ ਪਕੜਨਹਾਰਾ ਬਾਂਹ, ਆਪੇ ਸਤਿਗੁਰ ਨਾਉਂ ਉਪਾਇੰਦਾ। ਆਪੇ ਦੇਵਣਹਾਰ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਹੰਸ ਬਣਾਏ ਕਾਂ, ਆਪੇ ਮੋਤੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਦਰ ਦਰਵਾਜਾ ਇਕ ਸੁਹਾਇੰਦਾ। ਨਿਰਗੁਣ ਤੇਰਾ ਸਚ ਦਰਵਾਜਾ, ਸਾਚੀ ਬਣਤ ਬਣਾਈਆ। ਏਕਾ ਵਸਿਆ ਗਰੀਬ ਨਿਵਾਜਾ, ਨਾ ਕੋਈ ਦੂਸਰ ਸੰਗ ਰਖਾਈਆ। ਏਕਾ ਰਚਿਆ ਆਪਣਾ ਕਾਜਾ, ਏਕਾ ਵੇਖ ਵਖਾਈਆ। ਏਕਾ ਰੱਖਣਹਾਰਾ ਲਾਜਾ, ਏਕਾ ਨਾਮ ਖ਼ੁਦਾਈਆ। ਇਕ ਵਜਾਏ ਸਾਚਾ ਵਾਜਾ, ਅਨਹਦ ਨਾਉਂ ਧਰਾਈਆ। ਏਕਾ ਚੜ੍ਹਿਆ ਅਸਵ ਤਾਜਾ, ਸਾਚਾ ਘੋੜਾ ਆਪ ਦੌੜਾਈਆ। ਆਪ ਚਲਾਏ ਸਚ ਜਹਾਜਾ, ਜੁਗ ਜੁਗ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਹਰਿ ਮੰਦਰ ਅੰਦਰ ਡੇਰਾ ਲਾਈਆ। ਹਰਿ ਮੰਦਰ ਹਰਿ ਬਣਤ ਬਣਾ, ਆਪਣਾ ਦਰ ਸੁਹਾਈਆ। ਆਪਣੀ ਗਣਤ ਆਪ ਗਣਾ, ਆਪੇ ਲੇਖਾ ਰਿਹਾ ਚੁਕਾਈਆ। ਆਪਣੇ ਅੰਗ ਆਪ ਕਰਾ, ਆਪੇ ਲਏ ਉਪਜਾਈਆ। ਆਪਣੀ ਬਣਤ ਆਪ ਬਣਾ, ਆਪੇ ਪੂਜ ਪੁਜਾਈਆ। ਆਪਣੀ ਵੰਡ ਆਪ ਵੰਡਾ, ਆਪੇ ਰੱਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕੰਕਾਰ, ਅਕਾਲ ਮੂਰਤ ਭੇਵ ਨਿਆਰ, ਪਵਣ ਰਹਿਤ ਵੱਡੀ ਵਡਿਆਈਆ। ਅਜੂਨੀ ਰਹਿਤ ਪੁਰਖ ਅਕਾਲਾ, ਏਕਾ ਰੂਪ ਸਮਾਇੰਦਾ। ਆਪੇ ਕਾਲ ਆਪੇ ਮਹਾਂਕਾਲਾ, ਆਪੇ ਆਪਣੀ ਰਚਨ ਰਚਾਇੰਦਾ। ਆਪੇ ਦੀਨ ਆਪੇ ਦਿਆਲਾ, ਆਪੇ ਦੋਏ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਏਕਾ ਘਰ, ਸਚ ਮਹੱਲਾ ਉਚ ਅਟੱਲਾ ਏਕਾ ਏਕ ਸੁਹਾਇੰਦਾ। ਸਚ ਮਹੱਲਾ ਉਚ ਅਟੱਲ ਮਿਨਾਰ, ਹਰਿ ਸਾਚਾ ਆਪ ਉਪਾਈਆ। ਇਕ ਅਕੱਲਾ ਕਰ ਪਸਾਰ, ਬੈਠਾ ਬੇਪਰਵਾਹੀਆ। ਨਿਰਗੁਣ ਬਾਤੀ ਕਰ ਉਜਿਆਰ, ਕਮਲਾਪਾਤੀ ਆਪ ਕਰਾਈਆ। ਨਾ ਕੋਈ ਤਾਕੀ ਨਾ ਕਿਵਾੜ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਨਾ ਕੋਈ ਬਾਢੀ ਬਣਤ ਬਣਾਈਆ। ਅਕਾਲ ਮੂਰਤ ਭੇਵ ਨਿਆਰ, ਅਨਭਵ ਪਰਕਾਸ਼ ਵਖਾਈਆ। ਜੋਤੀ ਜੋਤ ਜਗੇ ਅਪਾਰ, ਅਲਖ ਅਗੋਚਰ ਅਗੰਮ ਵਡ ਵਡਿਆਈਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸਈਆਂ ਮੰਗਲ ਗਾਈਆ। ਨਾ ਕੋਈ ਸ਼ਬਦ ਧੁਨੀ ਧੁਨਕਾਰ, ਧੁਨ ਅਨਾਦ ਨਾ ਕੋਇ ਸੁਣਾਈਆ। ਇਕ ਅਕੱਲਾ ਏਕਾ ਧਾਰ, ਏਕਾ ਰਿਹਾ ਚਲਾਈਆ। ਜਲਾਂ ਥਲਾਂ ਰਿਹਾ ਪਸਾਰ, ਆਪ ਆਪਣਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਏਕਾ ਰੰਗ ਰੰਗਾਈਆ। ਹਰਿ ਭਗਵੰਤਾ ਹਰਿ ਹਰਿ ਮੀਤ, ਏਕਾ ਨਾਉਂ ਧਰਾਇੰਦਾ। ਆਦਿ ਜੁਗਾਦੀ ਆਪਣੀ ਰੀਤ, ਆਪੇ ਆਪ ਚਲਾਇੰਦਾ। ਬੈਠਾ ਰਹੇ ਇਕ ਅਤੀਤ, ਮਮਤਾ ਮੋਹ ਨਾ ਕੋਈ ਰਖਾਇੰਦਾ। ਨਾ ਠੰਡਾ ਹੋਏ ਸੀਤ, ਅਗਨੀ ਤੱਤ ਨਾ ਕੋਈ ਰਖਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟ, ਏਕਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰੀ ਹਰਿ ਹਰਿ ਆਪ ਅਖਵਾਇੰਦਾ। ਹਰੀ ਹਰਿ ਹਰਿ ਨਰਾਇਣ, ਏਕਾ ਜੋਤ ਜਗਾਈਆ। ਏਕਾ ਬੈਨ ਏਕਾ ਨੈਨ, ਏਕਾ ਸੈਨ ਅਖਵਾਈਆ। ਏਕਾ ਬਸਤਰ ਏਕਾ ਬੈਨ, ਏਕਾ ਤਨ ਛੁਹਾਈਆ। ਏਕਾ ਚੁਕਾਏ ਲਹਿਣ ਦੇਣ, ਏਕਾ ਏਕ ਵੱਡੀ ਵਡਿਆਈਆ। ਏਕਾ ਏਕ ਆਦਿ ਜੁਗਾਦੀ ਸਾਰੇ ਕਹਿਣ, ਅਕਲ ਕਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਰੰਗ ਹਰਿ ਰਤੜਾ, ਹਰਿ ਮੇਲਾ ਬੇਪਰਵਾਹੀਆ। ਹਰਿ ਰੰਗ ਹਰਿ ਚਲੂਲ, ਹਰਿ ਆਪਣਾ ਆਪ ਰੰਗਾਇੰਦਾ। ਆਪੇ ਨਾਰੀ ਆਪੇ ਕੰਤ ਕੰਤੂਹਲ, ਆਪੇ ਆਪਣੀ ਸੇਜ ਹੰਢਾਇੰਦਾ। ਸਚ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਥਿਰ ਘਰ ਸਾਚੇ ਆਪੇ ਡਾਹਿੰਦਾ। ਨਿਰਗੁਣ ਸ਼ਬਦ ਹੁਲਾਰੇ ਰਿਹਾ ਝੂਲ, ਸਚ ਹੁਲਾਰਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤੇ ਪਰਕਾਸ਼ ਆਪ ਕਰਾਇੰਦਾ। ਸੁਤੇ ਪਰਕਾਸ਼ ਹਰਿ ਹਰਿ ਹੋਇਆ, ਆਪਣੀ ਧਾਰ ਬੰਧਾਈਆ। ਹਰਿ ਬਿਨ ਅਵਰ ਨਾ ਜਾਣੇ ਕੋਆ, ਨਾ ਕੋਈ ਲੇਖ ਲਿਖਾਈਆ। ਨਾ ਮਰਿਆ ਨਾ ਜੰਮਿਆ ਮੋਆ, ਮਾਤ ਗਰਭ ਨਾ ਕੋਈ ਟਿਕਾਈਆ। ਆਲਸ ਨਿੰਦਰਾ ਵਿਚ ਨਾ ਸੋਇਆ, ਨਾ ਕੋਈ ਖਾਟ ਹੇਠ ਰਖਾਈਆ। ਆਦਿ ਜੁਗਾਦੀ ਨਵਾਂ ਨਰੋਆ, ਏਕਾ ਏਕ ਅਖਵਾਈਆ। ਆਪ ਲਿਆਏ ਆਪਣਾ ਢੋਆ, ਦਰ ਆਪਣੇ ਸੋਭਾ ਪਾਈਆ। ਏਕਾ ਅੰਮ੍ਰਿਤ ਆਪੇ ਚੋਆ, ਆਪੇ ਮੁਖ ਭਰਾਈਆ। ਆਪੇ ਕਰੇ ਆਪਣੀ ਲੋਆ, ਆਪ ਆਪਣਾ ਅੰਧੇਰ ਗਵਾਈਆ। ਆਪ ਆਪਣਾ ਬੀਜ ਆਪੇ ਬੋਇਆ, ਆਪਣੀ ਗੋਦੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਚੇ ਵਡ ਵਡਿਆਈਆ। ਹਰਿ ਵੱਡਾ ਸਚਿਆਰ, ਏਕਾ ਨੂਰ ਅਕਾਲਿਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਿਰਾਲਿਆ। ਆਦਿ ਜੁਗਾਦੀ ਬੰਨੇ ਧਾਰ, ਕਰੇ ਕਰਾਏ ਸੱਚੀ ਪ੍ਰਿਤਪਾਲਿਆ। ਏਕਾ ਏਕ ਹੋ ਉਜਿਆਰ, ਏਕਾ ਆਪਣਾ ਮਾਰਗ ਲਾ ਲਿਆ। ਸ਼ਬਦੀ ਸ਼ਬਦ ਅਪਰ ਅਪਾਰ, ਏਕਾ ਸੁੱਤ ਰਖਾ ਲਿਆ। ਸਚ ਸ਼ਬਦ ਸੱਚੀ ਸਰਕਾਰ, ਘਰ ਸਾਚੇ ਆਪ ਜਣਾ ਲਿਆ। ਠਾਂਡਾ ਵੇਖ ਇਕ ਦਰਬਾਰ, ਸਾਂਤਕ ਸਤਿ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲਾ ਨਾ ਕੋਈ ਗੁਰੂ ਨਾ ਕੋਈ ਚੇਲਾ, ਨਾ ਕੋਈ ਵੇਖ ਵਖਾ ਰਿਹਾ। ਆਪੇ ਗੁਰੂ ਆਪੇ ਚੇਲਾ, ਆਪਣੀ ਬਣਤ ਬਣਾਇੰਦਾ। ਆਪੇ ਸੱਜਣ ਆਪੇ ਸੁਹੇਲਾ, ਆਪੇ ਮੇਲ ਮਿਲਾਇੰਦਾ। ਆਪੇ ਵਸਿਆ ਸਦਾ ਅਕੇਲਾ, ਆਪੇ ਆਪਣੇ ਰੰਗ ਰੰਗਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਈ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗਾ ਜੁਗੰਤਾ ਵੇਖ ਵਖਾਇੰਦਾ। ਆਦਿਨ ਅੰਤਾ ਏਕਾ ਕਾਹਨ, ਏਕਾ ਰੂਪ ਸਮਾਈਆ। ਏਕਾ ਵੇਖੇ ਮਾਰ ਧਿਆਨ, ਏਕਾ ਨੈਣ ਉਠਾਈਆ। ਏਕਾ ਕਰਨਹਾਰ ਪਛਾਨ, ਭੁੱਲ ਰਹੇ ਨਾ ਰਾਈਆ। ਏਕਾ ਦੇਵਣਹਾਰਾ ਦਾਨ, ਜੀਆ ਦਾਨ ਝੋਲੀ ਪਾਈਆ। ਏਕਾ ਨਿਰਗੁਣ ਸਚ ਮਕਾਨ, ਥਿਰ ਘਰ ਸਾਚਾ ਆਸਣ ਲਾਈਆ। ਏਕਾ ਤਖ਼ਤ ਇਕ ਸੁਲਤਾਨ, ਸ਼ਾਹੋ ਭੂਪ ਇਕ ਹੋ ਜਾਈਆ। ਏਕਾ ਹੁਕਮ ਇਕ ਫ਼ਰਮਾਣ, ਏਕਾ ਰਿਹਾ ਸੁਣਾਈਆ। ਏਕਾ ਜੋਧਾ ਸੂਰਬੀਰ ਬਲੀ ਬਲਵਾਨ, ਏਕਾ ਡੰਕ ਵਜਾਈਆ। ਏਕਾ ਏਕ ਇਕ ਰਾਜਾਨ, ਏਕਾ ਰਈਅਤ ਵਿਚ ਸਮਾਈਆ। ਏਕਾ ਤੀਰ ਇਕ ਕਮਾਨ, ਏਕਾ ਚਿੱਲਾ ਰਿਹਾ ਚੜ੍ਹਾਈਆ। ਏਕਾ ਘਰ ਇਕ ਮਕਾਨ, ਚੌਦਾਂ ਹੱਟਾਂ ਇਕ ਵਖਾਈਆ। ਏਕਾ ਨੇਤਰ ਇਕ ਗਿਆਨ, ਏਕਾ ਸ਼ਬਦ ਪੜ੍ਹਾਈਆ। ਏਕਾ ਰਵ ਸਸ ਉਪਾਏ ਕੋਟਨ ਭਾਨ, ਕੋਟੀ ਕੋਟ ਕਰੇ ਰੁਸ਼ਨਾਈਆ। ਏਕਾ ਹੋਇਆ ਜਾਣੀ ਜਾਣ, ਏਕਾ ਏਕ ਵੱਡੀ ਵਡਿਆਈਆ। ਏਕਾ ਲੇਖਾ ਲਿਖੇ ਮਹਾਨ, ਲਿਖਣਹਾਰ ਭੁੱਲ ਨਾ ਰਾਈਆ। ਨਿਰਗੁਣ ਜੋਤ ਸ੍ਰੀ ਭਗਵਾਨ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਮੰਗ ਮੰਗਾਈਆ। ਆਪਣੀ ਮੰਗ ਆਪੇ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਆਪਣਾ ਲਾਇਆ ਆਪੇ ਰੰਗ, ਘਰ ਆਪਣੇ ਖ਼ੁਸ਼ੀ ਮਨਾਈਆ। ਆਪਣਾ ਦਰਵਾਜਾ ਆਪੇ ਲੰਘ, ਆਪੇ ਮੇਲ ਮਿਲਾਈਆ। ਆਪ ਆਪਣੇ ਚੜ੍ਹਿਆ ਪਲੰਘ, ਆਪ ਆਪਣੀ ਸੇਜ ਸੁਹਾਈਆ। ਆਪ ਵਜਾਇਆ ਆਪਣਾ ਮਰਦੰਗ, ਆਪੇ ਰਿਹਾ ਸੁਣਾਈਆ। ਆਪੇ ਦਾਤਾ ਦਾਨੀ ਸੂਰ ਸਰਬੰਗ, ਆਪ ਆਪਣੀ ਲਏ ਅੰਗੜਾਈਆ। ਆਪੇ ਧਾਰ ਵਹਾਏ ਅੰਮ੍ਰਿਤ ਗੰਗ, ਸਰ ਸਰੋਵਰ ਆਪ ਉਪਾਈਆ। ਆਪੇ ਭੁੱਖ ਆਪੇ ਨੰਗ, ਆਪੇ ਰਾਜ ਜੋਗ ਸਮਾਈਆ। ਆਪੇ ਹੋਇਆ ਪਰਮਾਨੰਦ, ਪਰਮ ਪੁਰਖ ਵੱਡੀ ਵਡਿਆਈਆ। ਆਪੇ ਵਸਣਹਾਰਾ ਬੰਦ ਬੰਦ, ਆਪ ਆਪਣੀ ਖ਼ੁਸ਼ੀ ਕਰਾਈਆ। ਆਪੇ ਸੂਰਜ ਆਪੇ ਚੰਦ, ਆਪੇ ਕਰੇ ਰੁਸ਼ਨਾਈਆ। ਆਪੇ ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਏਕਾ ਏਕ ਅਖਵਾਈਆ। ਹਰਿ ਵੇਲਾ ਹਰਿ ਜਾਣਿਆ, ਆਦਿ ਅੰਤ ਉਜਿਆਰ। ਪ੍ਰਭ ਆਪਣਾ ਆਪ ਪਛਾਣਿਆ, ਆਪੇ ਵੇਖੇ ਕਰੇ ਵਿਚਾਰ। ਆਪੇ ਚਲੇ ਆਪਣੇ ਭਾਣਿਆ, ਭਾਣਾ ਭਾਵੀ ਦਰ ਦਵਾਰ। ਰੰਗ ਆਪਣਾ ਆਪੇ ਮਾਣਿਆ, ਘਰ ਸਾਚੇ ਕਰ ਪਿਆਰ। ਆਪੇ ਹੋਇਆ ਬਾਲ ਅੰਞਾਣਿਆ, ਆਪੇ ਆਪਣਾ ਦਏ ਸਹਾਰ। ਆਪੇ ਦੇਵਣਹਾਰਾ ਮਾਣਿਆ, ਆਪ ਆਪਣਾ ਚੁੱਕੇ ਭਾਰ। ਆਪੇ ਗਾਏ ਆਪਣਾ ਗਾਣਿਆ, ਸੁਣਾਏ ਧੁਨ ਅਪਰ ਅਪਾਰ। ਆਪੇ ਪਵਣ ਪਾਣੀ ਪਵਣ ਮਸਾਣਿਆ, ਆਪੇ ਹੋਇਆ ਧੂੰਆਂਧਾਰ। ਆਪੇ ਅੰਧ ਅੰਧੇਰ ਵਖਾਣਿਆ, ਆਪੇ ਬੈਠਾ ਵਿਚ ਉਜਿਆਰ। ਆਪੇ ਪੀਣਾ ਆਪੇ ਖਾਣਿਆ, ਆਪੇ ਭਰਨਹਾਰ ਭੰਡਾਰ। ਆਪੇ ਅੰਨ ਆਪੇ ਦਾਣਿਆ, ਆਪੇ ਦੇਵਣਹਾਰ ਸਹਾਰ। ਆਦਿ ਪੁਰਖ ਆਪ ਅਖਵਾਨਿਆ, ਹਰਿ ਸਾਚਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਘਰ ਸਾਚੇ ਇਕ ਪਿਆਰ। ਸਚ ਪਿਆਰਾ ਹਰਿ ਦਵਾਰਾ, ਹਰਿ ਹਰਿ ਜੋਤ ਜਗਾਇੰਦਾ। ਆਪ ਆਪਣਾ ਕਰ ਪਿਆਰਾ, ਆਪੇ ਵੇਖ ਵਖਾਇੰਦਾ। ਆਦਿ ਜੁਗਾਦੀ ਏਕੰਕਾਰਾ, ਏਕਾ ਕਿਰਤ ਕਮਾਇੰਦਾ। ਸ਼ਬਦ ਬ੍ਰਹਿਮਾਦੀ ਖੇਲ ਨਿਆਰਾ, ਬ੍ਰਹਮ ਬ੍ਰਹਿਮੰਡ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਹਰਿ ਨਿਰੰਕਾਰ ਵੇਸ ਅਵੱਲਾ, ਆਪਣਾ ਆਪ ਕਰਾਈਆ। ਆਪਣੇ ਦਰ ਆਪੇ ਖੱਲਾ, ਆਪੇ ਵੇਖ ਵਖਾਈਆ। ਨੇਹਚਲ ਧਾਮ ਵੇਖੇ ਉਚ ਅਟੱਲਾ, ਆਪੇ ਲਿਆ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਸਮਰਥ, ਸਰਬ ਕਲਾ ਭਰਪੂਰਿਆ। ਹਰਿ ਕਾ ਮੰਦਰ ਨਾ ਜਾਏ ਢੱਠ, ਨਾ ਦੂਰ ਨਾ ਨੇੜਿਆ। ਇੱਟ ਗਾਰਾ ਨਾ ਲਾਈ ਕਾਠ, ਖੇਲੇ ਖੇਲ ਹਾਜਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਦੇਵੇ ਵਰ, ਜੁਗ ਜੁਗ ਲੋਕਮਾਤ ਖੇਲ ਅਪਾਰਾ, ਹਰਿ ਹਰਿ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰ, ਸਤਿਗੁਰ ਰੂਪ ਦਰਸਾਇੰਦਾ। ਜੋਤੀ ਜੋਤ ਜੋਤ ਉਜਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸਰਗੁਣ ਭਰੇ ਸ਼ਬਦ ਭੰਡਾਰਾ, ਨਿਰਗੁਣ ਆਪ ਵਰਤਾਇੰਦਾ। ਸਰਗੁਣ ਚੋਲਾ ਕਰ ਪਿਆਰਾ, ਆਪ ਆਪਣਾ ਵਿਚ ਛੁਪਾਇੰਦਾ। ਸਰਗੁਣ ਰਸਨਾ ਬੋਲ ਜੈਕਾਰਾ, ਨਿਰਗੁਣ ਸ਼ਬਦ ਸੁਣਾਇੰਦਾ। ਸਰਗੁਣ ਤੇਰਾ ਨੌ ਦਵਾਰਾ, ਨਿਰਗੁਣ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਹਰਿ ਕਰਨੇਹਾਰਾ ਕਰਨਹਾਰ ਅਖਵਾਇੰਦਾ। ਨਿਰਗੁਣ ਸਰਗੁਣ ਬੰਨੇ ਧਾਰ, ਸਾਖਯਾਤ ਰੂਪ ਵਟਾਇਆ। ਸ਼ਬਦ ਡੰਕ ਅਪਰ ਅਪਾਰ, ਲੋਕਮਾਤ ਵਜਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰ ਤਿਆਰ, ਆਪ ਆਪਣੀ ਸੇਵਾ ਲਾਇਆ। ਤ੍ਰੈਗੁਣ ਮਾਇਆ ਤੇਰਾ ਸਚ ਵਿਹਾਰ, ਪੰਜ ਤੱਤ ਨਾਲ ਰਲਾਇਆ। ਨਿਰਗੁਣ ਨਿਰਗੁਣ ਆਪਣੀ ਧਾਰ, ਮਨ ਮਤ ਬੁਧ ਦਏ ਦਰਸਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਮੇਲ ਮਿਲਾਇਆ। ਹਉਮੇ ਹੰਗਤਾ ਗੜ੍ਹ ਤਿਆਰ, ਰਕਤ ਬੂੰਦ ਆਪ ਮਿਟਾਇਆ। ਘਰ ਵਿਚ ਘਰ ਹਰਿ ਉਸਾਰ, ਆਪ ਆਪਣਾ ਆਸਣ ਲਾਇਆ। ਆਪੇ ਕਰੇ ਬੰਦ ਕਿਵਾੜ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਇਆ। ਦਸਮ ਦਵਾਰੀ ਬੈਠਾ ਜੰਦਰ ਮਾਰ, ਬਜਰ ਕਪਾਟੀ ਅੱਗੇ ਡਾਹਿਆ। ਕਰੇ ਵਸੇਰਾ ਬਹੱਤਰ ਨਾੜ, ਤਿੰਨ ਸੌ ਸਠ ਹਾਡੀ ਜੋੜ ਜੁੜਾਇਆ। ਆਪਣਾ ਘੜਨ ਆਪੇ ਘਾੜ, ਘੜਣਹਾਰ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰਤਾ ਨਿਰਗੁਣ ਸਰਗੁਣ ਵੇਖ ਵਖਾਇਆ। ਨਿਰਗੁਣ ਸਰਗੁਣ ਸਾਚਾ ਮੀਤਾ, ਸਾਚੀ ਬਣਤ ਬਣਾਈਆ। ਆਪ ਚਲਾਏ ਆਪਣੀ ਰੀਤਾ, ਆਪ ਆਪਣੀ ਵੰਡ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਆਪੇ ਜੀਤਾ, ਆਪ ਆਪਣਾ ਨਾਉਂ ਚਲਾਈਆ। ਹੰ ਬ੍ਰਹਮ ਆਪ ਅਨਡੀਠਾ, ਸੋਹੰ ਰੂਪ ਆਪ ਹੋ ਜਾਈਆ। ਗੁਰ ਇਸ਼ਟ ਦੇਵ ਆਪੇ ਨੀਕਨ ਨੀਕਾ, ਸਰਬ ਸ੍ਰਿਸ਼ਟ ਰਿਹਾ ਸਮਾਈਆ। ਆਪੇ ਭੇਵ ਜਾਣੇ ਜੀਵ ਜੀਅ ਕਾ, ਹਰ ਘਟ ਵੇਖੇ ਬੇਪਰਵਾਹੀਆ। ਆਪੇ ਰਾਮ ਨਾਮ ਕੀਆ ਮੀਠਾ, ਆਪੇ ਕਰੇ ਪੜ੍ਹਾਈਆ । ਆਪੇ ਮੇਲਾ ਸੁਰਤ ਸੁਵਾਣੀ ਸਾਚੀ ਸੀਤਾ, ਸਾਚੇ ਦਰ ਮਿਲਾਈਆ। ਆਪੇ ਕਾਹਨ ਕ੍ਰਿਸ਼ਨ ਚਲਾਈ ਰੀਤਾ, ਸਖੀਆਂ ਮੰਗਲ ਮੇਲ ਮਿਲਾਈਆ। ਆਪੇ ਕਲਜੁਗ ਵਸਿਆ ਚੀਤਾ, ਆਪ ਆਪਣੀ ਧਾਰ ਬੰਧਾਈਆ। ਆਪ ਉਪਾਏ ਮੰਦਰ ਮਸੀਤਾ, ਆਪ ਆਪਣੀ ਚਲਤ ਚਲਾਈਆ। ਈਸਾ ਮੂਸਾ ਆਪੇ ਜੀਤਾ, ਸੰਗ ਮੁਹੰਮਦ ਚਾਰ ਯਾਰ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਨਿਰਗੁਣ ਸਰਗੁਣ ਵਿਚ ਸਮਾਈਆ। ਨਿਰਗੁਣ ਸਰਗੁਣ ਏਕਾ ਧਾਰ, ਏਕਾ ਰੰਗ ਰੰਗਾਇਆ। ਨਾਨਕ ਨਾਮ ਹੋ ਉਜਿਆਰ, ਲੋਕਮਾਤ ਫੇਰਾ ਪਾਇਆ। ਮਿਲਿਆ ਮੇਲ ਸਚ ਦਰਬਾਰ, ਵਿਛੜ ਕਦੇ ਨਾ ਜਾਇਆ। ਆਪ ਸੁਹਾਏ ਬੰਕ ਦਵਾਰ, ਸਾਚੇ ਮੰਦਰ ਡੇਰਾ ਲਾਇਆ। ਏਕਾ ਸ਼ਬਦ ਸੱਚੀ ਧੁਨਕਾਰ, ਏਕਾ ਰਾਗ ਅਲਾਇਆ। ਮਿਲਿਆ ਮੀਤ ਹਰਿ ਨਿਰੰਕਾਰ, ਸਾਚਾ ਦਰ ਸੁਹਾਇਆ। ਵੱਜੀ ਵਧਾਈ ਅਪਰ ਅਪਾਰ, ਮੰਗਲਾਚਾਰ ਗਾਇਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਹਰਿ ਆਪ ਹੋ ਜਾਇਆ। ਏਕਾ ਬ੍ਰਹਮ ਹੋ ਉਜਿਆਰ, ਪਾਰਬ੍ਰਹਮ ਮਾਤ ਅਖਵਾਇਆ । ਨੱਨਾ ਨਿਰਗੁਣ ਏਕਾ ਕਾਰ, ਏਕਾ ਰਿਹਾ ਜਣਾਇਆ। ਨਰ ਨਰਾਇਣ ਪਾਵੇ ਸਾਰ, ਮਹੱਲ ਅਟੱਲ ਡੇਰਾ ਲਾਇਆ। ਕਲਜੁਗ ਕਰੇ ਪਾਰ, ਆਪ ਆਪਣਾ ਰੰਗ ਰੰਗਾਇਆ । ਮੁਕਤਾ ਸਿਆਰੀ ਔਂਕੜ ਤੇਰੀ ਧਾਰ, ਏਕਾ ਨਾਨਕ ਨਾਮ ਰਖਾਇਆ। ਏਕਾ ਜੋਤੀ ਹੋ ਉਜਿਆਰ, ਦਸ ਦਸ ਵੇਸ ਵਟਾਇਆ। ਕਾਇਆ ਨਾਤਾ ਤੋੜ ਸੰਸਾਰ, ਜੋਤੀ ਜੋਤ ਜਗਾਇਆ। ਸਾਚਾ ਗੁਰੂ ਕਰ ਤਿਆਰ, ਏਕਾ ਸ਼ਬਦ ਧਰਾਇਆ। ਪੰਚਮ ਲਾਏ ਸਚ ਆਵਾਜ਼, ਸਾਚੀ ਨੀਂਹ ਰਖਾਇਆ। ਆਪੇ ਸੁੱਤਾ ਪੈਰ ਪਸਾਰ, ਦਿਸ ਕਿਸੇ ਨਾ ਆਇਆ। ਖੇਲੇ ਖੇਲ ਅਗੰਮ ਅਪਾਰ, ਕਲਜੁਗ ਅੰਤਮ ਡੇਰਾ ਢਾਹਿਆ। ਪਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਆਪ ਬਣਾਇਆ। ਨਾ ਕੋਈ ਦਿਸੇ ਠੱਗ ਚੋਰ ਯਾਰ, ਕਾਮ ਕਰੋਧ ਮੋਹ ਨਾ ਕੋਈ ਹਲਕਾਇਆ। ਸਾਚਾ ਮੰਦਰ ਕਰ ਤਿਆਰ, ਹਰਿ ਸਾਚਾ ਵੇਖ ਵਖਾਇਆ। ਹਰਿ ਮੰਦਰ ਤੇਰਾ ਖੇਲ ਅਪਾਰ, ਹਰਿ ਜੂ ਆਪੇ ਮੇਲ ਮਿਲਾਇਆ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਸਤਿਗੁਰ ਪੂਰਾ ਪੁਰਖ ਕਰਤਾਰ, ਕਰਤਾ ਪੁਰਖ ਨਾਉਂ ਰਖਾਇਆ। ਅਕਾਲ ਮੂਰਤ ਭੇਵ ਨਿਆਰ, ਵੇਦ ਕਤੇਬ ਨਾ ਕਿਸੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਜਨ ਭਗਤਾਂ ਵੇਸ ਵਟਾਇਆ। ਭਗਤਨ ਮੀਤਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਆਦਿ ਜੁਗਾਦਿ ਪਾਵੇ ਸਾਰ, ਜੁਗ ਜੁਗ ਨਾਉਂ ਰਖਾਇੰਦਾ। ਮੇਟਣਹਾਰਾ ਕੂੜ ਪਸਾਰ, ਸਾਚਾ ਮਾਰਗ ਲਾਇੰਦਾ। ਕਲਜੁਗ ਵੇਖੇ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜੀਵ ਜੰਤ ਆਪ ਆਪਣਾ ਗਏ ਹਾਰ, ਨਾ ਕੋਈ ਧੀਰ ਧਰਾਇੰਦਾ। ਪਿਤਾ ਪੂਤ ਨਾ ਕੋਈ ਪਿਆਰ, ਭੈਣ ਭਾਈ ਨਾ ਕੋਈ ਅਖਵਾਇੰਦਾ। ਜਤ ਸਤਿ ਛੁੱਟਾ ਸੰਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਏ ਕਰਾਇੰਦਾ। ਮਿਲਿਆ ਮੇਲ ਨਾ ਮੀਤ ਮੁਰਾਰ, ਮੰਦਰ ਮਸੀਤ ਗੁਰੂ ਦਵਾਰ ਨਾ ਕੋਈ ਜਣਾਇੰਦਾ। ਗਾ ਗਾ ਰਾਗ ਗਏ ਹਾਰ, ਅਨਹਦ ਰਾਗ ਨਾ ਕੋਈ ਅਲਾਇੰਦਾ। ਰਸਨਾ ਲਾ ਲਾ ਥੱਕੇ ਸਵਾਦ, ਆਤਮ ਰਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਕਲਜੁਗ ਕੂੜਾ ਵੇਖ ਪਸਾਰਾ, ਹਰਿ ਹਰਿ ਜੋਤ ਜਗਾਈਆ। ਰਾਜਾ ਰਾਣਾ ਨਾ ਕੋਈ ਸਿਕਦਾਰਾ, ਸਾਚੀ ਸਿਖਿਆ ਨਾ ਕੋਈ ਸਿਖਾਈਆ। ਗੁਰ ਦਰ ਮੰਦਰ ਮਸਜਿਦ ਹੋਏ ਵਿਭਚਾਰਾ, ਨਾਰ ਵੇਸਵਾ ਰਹੇ ਹੰਢਾਈਆ। ਸੰਖ ਬਾਂਗ ਧੁਨ ਨਾ ਕੋਈ ਜੈਕਾਰਾ, ਪੁਰਖ ਅਕਾਲ ਨਾ ਕੋਈ ਮਨਾਈਆ। ਮਾਇਆ ਮਮਤਾ ਭੁੱਲਾ ਸਰਬ ਸੰਸਾਰਾ, ਨਾਨਕ ਸਿਖਿਆ ਹੱਥ ਨਾ ਆਈਆ। ਗੁਰ ਗੋਬਿੰਦ ਜੈਕਾਰ ਨਾ ਕਰਿਆ ਕੋਈ ਪਿਆਰਾ, ਪੰਜ ਕੱਕੇ ਨਾ ਕੋਈ ਸਮਾਈਆ। ਮੁਸਲਮ ਸੁੰਨੀ ਐਨਲਹੱਕ ਨਾ ਲਾਇਆ ਨਾਅਰਾ, ਮੁਕਾਮੇ ਹੱਕ ਨਾ ਮੇਲਾ ਖ਼ੁਦਾਈਆ। ਪੰਡਤ ਪਾਂਧੇ ਗਏ ਹਾਰਾ, ਜੂਠਾ ਝੂਠਾ ਤਿਲਕ ਲਗਾਈਆ। ਕੋਈ ਨਾ ਖੋਲ੍ਹੇ ਬੰਦ ਕਿਵਾੜਾ, ਰਾਮ ਕ੍ਰਿਸ਼ਨ ਨਾ ਕੋਈ ਮਿਲਾਈਆ। ਨਾਤਾ ਤੁਟਾ ਸੰਗ ਮੁਹੰਮਦ ਚਾਰ ਯਾਰਾ, ਉਮਤ ਨਬੀ ਰਸੂਲ ਰਹੀ ਕੁਰਲਾਈਆ। ਹੱਕ ਹਕੀਕਤ ਪਾਵੇ ਸਾਰਾ, ਬੇਐਬ ਪਰਵਰਦਿਗਾਰ ਵੱਡੀ ਵਡਿਆਈਆ। ਗੁਰ ਗੋਬਿੰਦ ਤੇਰਾ ਸਚ ਨਾ ਦਿਸੇ ਕੋਈ ਦੁਲਾਰਾ, ਨਾਮ ਖੰਡਾ ਜੋ ਚਮਕਾਈਆ। ਭੇਖ ਪਖੰਡਾ ਸਰਬ ਸੰਸਾਰਾ, ਨਿਰਗੁਣ ਨੂਰ ਦਿਸ ਨਾ ਆਈਆ। ਰਾਮ ਦਾਸ ਤੇਰਾ ਅੰਮ੍ਰਿਤ ਭੰਡਾਰਾ, ਕਲਜੁਗ ਜੀਵ ਨਾ ਮੁਖ ਚੁਆਈਆ। ਧੀਆਂ ਭੈਣਾਂ ਕਰਨ ਪਿਆਰਾ, ਹਰਿ ਮੰਦਰ ਫੇਰਾ ਪਾਈਆ। ਨਾਨਕ ਨਿਰਗੁਣ ਵੇਖਣਹਾਰਾ, ਭੁੱਲ ਰਹੇ ਨਾ ਰਾਈਆ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਧਾਰ ਬੰਧਾਈਆ। ਗੁਰ ਗੋਬਿੰਦ ਤੇਰਾ ਸਚ ਦਵਾਰਾ, ਹਰਿ ਸਾਚਾ ਰਿਹਾ ਸਮਾਈਆ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਰਖਾਈਆ। ਸ੍ਰਿਸ਼ਟ ਸਬਾਈ ਮਾਰੇ ਵਾਰੋ ਵਾਰਾ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਸੱਤਾਂ ਦੀਪਾਂ ਦਏ ਹੁਲਾਰਾ, ਲੱਖ ਚੁਰਾਸੀ ਆਪ ਉਠਾਈਆ। ਬ੍ਰਹਮਾ ਵੇਤਾ ਰੋਵੇ ਜ਼ਾਰੋ ਜ਼ਾਰਾ, ਉਚੀ ਕੂਕੇ ਦਏ ਦੁਹਾਈਆ। ਵਿਸ਼ਨੂੰ ਤੇਰਾ ਏਕਾ ਨਾਅਰਾ, ਏਕਾ ਦਏ ਸੁਣਾਈਆ। ਸ਼ਿਵ ਸ਼ੰਕਰ ਤੇਰਾ ਖਾਲੀ ਕਰੇ ਚੁਬਾਰਾ, ਪ੍ਰਭ ਸਾਚੇ ਹੱਥ ਵਡਿਆਈਆ । ਸੁਰਪਤ ਰਾਜਾ ਇੰਦ ਢਹਿ ਪਏ ਦਵਾਰਾ, ਸਾਚੀ ਭੁੱਲ ਨਾ ਕੋਈ ਬਖ਼ਸ਼ਾਈਆ। ਕਰੋੜ ਤੇਤੀਸਾ ਹਾਹਾਕਾਰਾ, ਦਿਵਸ ਰੈਣ ਰਹੇ ਕੁਰਲਾਈਆ। ਕਲਜੁਗ ਤੇਰਾ ਕੂੜ ਸਹਾਰਾ, ਚਾਰੋਂ ਕੁੰਟ ਡੰਕ ਵਜਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਨਕ ਗੋਬਿੰਦ ਗਿਆ ਲਿਖਾਈਆ। ਨਿਰਗੁਣ ਜੋਤੀ ਨੂਰ ਉਜਿਆਰਾ, ਸ਼ਬਦੀ ਨਾਉਂ ਰਖਾਈਆ। ਸੰਬਲ ਨਗਰੀ ਵਸਿਆ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਗੁਰਸਿਖ ਵੇਖੇ ਮੀਤ ਮੁਰਾਰਾ, ਜੁਗ ਵਿਛੜੇ ਮੇਲ ਮਿਲਾਈਆ। ਸਿੰਘ ਜਸਬੀਰ ਸਚ ਦੁਲਾਰਾ, ਪ੍ਰਭ ਆਪਣੀ ਗੋਦ ਉਠਾਈਆ। ਭਰਿਆ ਰਹੇ ਨਾਮ ਭੰਡਾਰਾ, ਅਤੋਟ ਅਤੁਟ ਰਖਾਈਆ। ਦੇਵੇ ਦਰਸ ਵਾਰੋ ਵਾਰਾ, ਦਿਵਸ ਰੈਣ ਨਾ ਕੋਈ ਜਣਾਈਆ। ਖਿੜਿਆ ਰਹੇ ਕਾਇਆ ਮੰਦਰ ਅੰਦਰ ਡੂੰਘੀ ਗਾਰਾ, ਫੜ ਬਾਂਹੋਂ ਆਪ ਉਠਾਈਆ। ਪੰਚ ਵਿਕਾਰਾ ਕਰੇ ਖ਼ਵਾਰਾ, ਨਾਮ ਖੰਡਾ ਇਕ ਚਮਕਾਈਆ। ਕਾਲੀ ਨੀਲੀ ਪਾਰ ਕਰਾਏ ਧਾਰਾ, ਪੀਲੀ ਵਿਚ ਸਮਾਈਆ। ਚਿੱਟੀ ਮੇਲਾ ਦਸਮ ਦਵਾਰਾ, ਕੰਚਨ ਵਿਚ ਸਮਾਈਆ। ਸੂਹਾ ਵੇਸ ਅਗੰਮ ਅਪਾਰਾ, ਕੰਚਨ ਰੰਗ ਰੰਗਾਈਆ। ਲਾਲ ਗੁਲਾਲ ਦੀਨ ਦਿਆਲਾ, ਆਪ ਆਪਣੇ ਵਿਚ ਟਿਕਾਈਆ। ਲੱਖਣ ਪੁਸ਼ਕਰ ਕਰੋਚ ਆਪ ਵਖਾਏ ਧਰਮਸਾਲਾ, ਧਰਮ ਧਰਮੀ ਧਰਮ ਕਮਾਈਆ। ਸਲਮਲ ਸਾਨ ਹੋਏ ਪਾਰਾ, ਕੁਸ਼ਾ ਡੇਰਾ ਢਾਹੀਆ। ਸਤਿਗੁਰ ਪੂਰਾ ਸਦਾ ਰਖਵਾਲਾ, ਗੁਰਮੁਖ ਸਾਚੇ ਸੇਵ ਕਮਾਈਆ। ਲੱਖ ਚੁਰਾਸੀ ਤੋੜ ਜੰਜਾਲਾ, ਆਵਣ ਜਾਵਣ ਫੰਦ ਕਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਏਕਾ ਰੰਗ ਸਮਾਈਆ।