੨੯ ਪੋਹ ੨੦੧੫ ਬਿਕ੍ਰਮੀ ਸੋਹਣ ਸਿੰਘ ਦੇ ਘਰ ਪਿੰਡ ਭੋਲੇਕੇ ਜ਼ਿਲਾ ਗੁਰਦਾਸ ਪੁਰ
ਆਦਿ ਪੁਰਖ ਨਾਉਂ ਨਿਰੰਕਾਰ, ਅਕਲ ਕਲਾ ਅਖਵਾਈਆ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦ ਸਮਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਏਕ ਏਕੰਕਾਰਾ ਇਕ ਖ਼ੁਦਾਈਆ। ਆਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਸਮਾਈਆ। ਨਿਰਗੁਣ ਨਿਰਗੁਣ ਕਰ ਤਿਆਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਅਕਾਲ ਪੁਰਖ ਏਕਾ ਧਾਰ, ਏਕਾ ਰੰਗ ਰੰਗਾਈਆ। ਅਜੂਨੀ ਰਹਿਤ ਸਰਬ ਸੁਖ ਸਾਰ, ਸਤਿ ਸਤਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਹੋ ਜਾਈਆ। ਅਬਿਨਾਸ਼ੀ ਕਰਤਾ ਹਰਿ ਨਰਾਇਣ, ਏਕਾ ਏਕੰਕਾਰਿਆ। ਆਪੇ ਜਾਣੇ ਆਪਣਾ ਲਹਿਣ ਦੇਣ, ਆਪ ਆਪਣਾ ਸੰਗ ਰਖਾ ਲਿਆ। ਆਪੇ ਵੇਖੇ ਆਪਣਾ ਆਪਣੇ ਨੈਣ, ਦੂਜਾ ਨੈਣ ਨਾ ਕੋਈ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਇਆ। ਜਾਗਰਤ ਜੋਤ ਜਗੇ ਅਪਾਰ, ਰੂਪ ਰੰਗ ਨਾ ਕੋਈ ਵਖਾਇਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸੁਲਤਾਨਾ ਨਾਉਂ ਧਰਾਇਆ। ਦਾਤਾ ਦਾਨੀ ਮਿਹਰਵਾਨ, ਆਪ ਆਪਣੀ ਝੋਲੀ ਆਪ ਭਰਾਇਆ। ਆਪ ਆਪਣਾ ਹੋਏ ਨਿਗਹਬਾਨ, ਆਪ ਆਪਣੀ ਸੇਵ ਕਮਾਇਆ। ਆਪ ਆਪਣਾ ਜਾਣੀ ਜਾਣ, ਜਾਨਣਹਾਰ ਸਮਰਥ ਪੁਰਖ ਵਡਿਆਇਆ। ਆਪੇ ਵਸਿਆ ਸਚ ਮਕਾਨ, ਸਾਚਾ ਮੰਦਰ ਆਪ ਸੁਹਾਇਆ। ਉਚ ਮਹੱਲ ਅਟੱਲ ਦੋ ਜਹਾਨ, ਨਾ ਕੋਈ ਬਾਢੀ ਬਣਤ ਬਣਾਇਆ। ਇਕ ਅਕੱਲਾ ਬੈਠ ਸ੍ਰੀ ਭਗਵਾਨ, ਆਪ ਆਪਣਾ ਦਰ ਸੁਹਾਇਆ। ਜੋਤੀ ਜਗੇ ਇਕ ਮਹਾਨ, ਅੰਧ ਅੰਧੇਰ ਨਾ ਕੋਈ ਵਖਾਇਆ। ਸਚ ਸਿੰਘਾਸਣ ਲਾਏ ਆਸਣ, ਪਾਵਾ ਚੂਲ ਨਾ ਕੋਈ ਧਰਾਇਆ। ਮੰਡਲ ਆਪਣੇ ਪਾਵੇ ਰਾਸਨ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਵੇਖਣਹਾਰਾ ਹਰਿ ਕਰਤਾਰਾ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਲੈ ਅਵਤਾਰਾ, ਆਪ ਆਪਣਾ ਵੇਸ ਵਟਾਇੰਦਾ। ਸ਼ਬਦ ਸ਼ਬਦੀ ਕਰ ਉਜਿਆਰਾ, ਸ਼ਬਦ ਡੰਕ ਵਜਾਇੰਦਾ। ਲੋਆਂ ਪੁਰੀਆਂ ਏਕਾ ਨਾਅਰਾ, ਏਕਾ ਰਾਗ ਸੁਣਾਇੰਦਾ। ਦੇਵਤ ਸੁਰ ਕਰੇ ਖ਼ਵਾਰਾ, ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਇੰਦਾ। ਲੋਕਮਾਤ ਹੋ ਉਜਿਆਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪੇ ਜਾਣੇ ਆਪਣੀ ਕਾਰਾ, ਵੇਦ ਕਤੇਬ ਨਾ ਕੋਈ ਗਿਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਖੇਲ ਸਰਗੁਣ ਧਾਰ, ਹਰਿ ਹਰਿ ਜੋਤ ਜਗਾਇੰਦਾ। ਏਕੰਕਾਰਾ ਕਰ ਅਕਾਰ, ਨਿਰਾਕਾਰਾ ਸਾਕਾਰ ਰੂਪ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰ, ਭੇਦ ਅਭੇਦਾ ਭੇਵ ਖੁਲ੍ਹਾਇੰਦਾ। ਲੱਖ ਚੁਰਾਸੀ ਵਸਿਆ ਬਾਹਰ, ਘਟ ਘਟ ਆਪੇ ਡੇਰਾ ਲਾਇੰਦਾ। ਆਪ ਉਪਾਏ ਆਪੇ ਲਏ ਮਾਰ, ਆਪ ਆਪਣੀ ਖੇਲ ਖਿਲਾਇੰਦਾ। ਆਪੇ ਸ਼ਬਦ ਗੁਰ ਪੀਰ ਅਵਤਾਰ, ਆਪੇ ਆਪਣਾ ਨਾਉਂ ਧਰਾਇੰਦਾ। ਆਪੇ ਨਾਰੀ ਪ੍ਰਭ ਕੰਤ ਭਤਾਰ, ਆਪੇ ਆਪਣੀ ਸੇਜ ਹੰਢਾਇੰਦਾ। ਆਪੇ ਪੰਜ ਤੱਤ ਨੌ ਦਵਾਰ, ਆਪੇ ਕਾਇਆ ਰਚਨ ਰਚਾਇੰਦਾ। ਆਪੇ ਮਹੱਲ ਅੰਦਰ ਮਹੱਲ ਉਸਾਰ, ਆਪੇ ਮੁਖ ਛੁਪਾਇੰਦਾ। ਆਪੇ ਕਰੇ ਬੰਦ ਕਿਵਾੜ, ਆਪੇ ਕੁੰਡਾ ਲਾਹਿੰਦਾ। ਆਪੇ ਵਸਿਆ ਦਸਮ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਆਪੇ ਅੰਮ੍ਰਿਤ ਠੰਡਾ ਠਾਰ, ਆਪੇ ਜਲ ਵਹਾਇੰਦਾ। ਆਪੇ ਅਨਹਦ ਧੁਨ ਸੱਚੀ ਧੁਨਕਾਰ, ਧੁਨ ਅਨਾਦੀ ਆਪ ਵਜਾਇੰਦਾ। ਆਪੇ ਸਤਿਗੁਰ ਮੀਤ ਮੁਰਾਰ, ਜੁਗ ਜੁਗ ਸਾਚਾ ਰਾਹ ਚਲਾਇੰਦਾ। ਸਾਚੀ ਸਿਖਿਆ ਇਕ ਵਿਚਾਰ, ਗੁਰ ਮਤੀ ਇਹ ਸਮਝਾਇੰਦਾ। ਨਾਮ ਧੁਨ ਕਰਾਏ ਵਣਜ ਵਪਾਰ, ਸਚ ਖ਼ਜ਼ਾਨਾ ਆਪ ਭਰਾਇੰਦਾ। ਦਾਤਾ ਦਾਨੀ ਵਿਚ ਸੰਸਾਰ, ਦੀਨਾਂ ਨਾਥਾ ਦਰ ਦਵਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਸਰਗੁਣ ਡਗਮਗਾਇੰਦਾ। ਸਰਗੁਣ ਪਾਵੇ ਸਾਚੀ ਸਾਰ, ਨਿਰਗੁਣ ਬੂਝ ਬੁਝਾਇੰਦਾ। ਨਿਰਗੁਣ ਸ਼ਬਦੀ ਡੰਕ ਅਪਾਰ, ਸਰਗੁਣ ਮੁਖ ਸਲਾਹਿੰਦਾ। ਸਚ ਵਿਚੋਲਾ ਆਪ ਕਰਤਾਰ, ਆਪਣਾ ਮੇਲ ਮਿਲਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜਾਹਰ ਆਪ ਹੋ ਜਾਇੰਦਾ। ਆਪੇ ਕਲਜੁਗ ਸਤਿਜੁਗ ਤ੍ਰੇਤਾ ਪਾਏ ਸਾਰ, ਆਪੇ ਦੁਆਪਰ ਵੇਖ ਵਖਾਇੰਦਾ। ਆਪੇ ਢਹਿ ਢਹਿ ਪਏ ਦਵਾਰ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਛਤਰ ਤਾਜ ਦਏ ਹੁਲਾਰ, ਆਪੇ ਤਖ਼ਤ ਤਾਜ ਸੁਹਾਇੰਦਾ। ਆਪੇ ਰਾਜ ਜੋਗ ਅਪਾਰ, ਆਪੇ ਖ਼ਾਕੀ ਖ਼ਾਕ ਸਮਾਇੰਦਾ। ਆਪੇ ਕਾਗੀ ਕਾਗ ਹੋਏ ਉਡਾਰ, ਆਪੇ ਆਪਣੀ ਚੋਗ ਚੁਗਾਇੰਦਾ। ਆਪੇ ਪਾਰਬ੍ਰਹਮ ਗੁਰ ਅਵਤਾਰ, ਆਪੇ ਵਿਸ਼ਨੂੰ ਰੂਪ ਵਟਾਇੰਦਾ। ਆਪੇ ਸ਼ੰਕਰ ਦਏ ਹੁਲਾਰ, ਆਪੇ ਸਰਨ ਬਣਾਇੰਦਾ। ਆਪੇ ਬ੍ਰਹਮ ਕਰ ਉਜਿਆਰ, ਪਾਰਬ੍ਰਹਮ ਨਾਉਂ ਰਖਾਇੰਦਾ। ਆਪੇ ਕਰਮ ਆਪੇ ਧਰਮ ਆਪੇ ਜਰਮ, ਆਪੇ ਵਰਨ ਉਪਾਇੰਦਾ। ਆਪੇ ਹੋਇਆ ਕਰਨੀ ਕਰਨ, ਕਰਤਾ ਕਾਦਰ ਨਾਉਂ ਰਖਾਇੰਦਾ। ਆਪੇ ਨਿਰਭੌ ਆਪੇ ਡਰਨੀ ਡਰਨ, ਭੈ ਭਿਆਨਕ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਜੁਗ ਜੁਗ ਆਪਣੀ ਬੰਨ੍ਹੇ ਧਾਰ, ਭੇਵ ਕੋਈ ਨਾ ਪਾਇੰਦਾ। ਹਰਿ ਕਾ ਭੇਵ ਹਰਿ ਅਵੱਲਾ, ਆਪਣਾ ਆਪ ਰਖਾਈਆ। ਵਸਿਆ ਨੇਹਚਲ ਧਾਮ ਅਟੱਲਾ, ਦਿਸ ਕਿਸੇ ਨਾ ਆਈਆ। ਸ਼ਬਦੀ ਜੋਤੀ ਆਪੇ ਰੱਲਾ, ਬ੍ਰਹਿਮੰਡ ਖੰਡ ਡੇਰਾ ਲਾਈਆ। ਸਚ ਸਿੰਘਾਸਣ ਸਾਚਾ ਮੱਲਾ, ਜਲ ਥਲ ਰਿਹਾ ਸਮਾਈਆ। ਖੇਲੇ ਖੇਲ ਇਕ ਅਕੱਲਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਆਪੇ ਪੰਚ ਵਿਕਾਰਾ ਕਰੇ ਹੱਲਾ, ਆਪੇ ਸ਼ਬਦ ਖੰਡਾ ਚਮਕਾਈਆ। ਆਪੇ ਵਸੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਉਚੇ ਪਰਬਤ ਆਪੇ ਡੇਰਾ ਲਾਈਆ। ਆਪੇ ਹਰਿਜਨ ਹਰਿਭਗਤ ਗੁਰਮੁਖ ਸੰਤ ਦਵਾਰੇ ਖਲਾ, ਆਪ ਆਪਣਾ ਰੂਪ ਵਟਾਈਆ। ਵੇਸ ਵਟਾਇਆ ਹਰਿ ਨਿਰੰਕਾਰ, ਏਕਾ ਗੁਰ ਦਰਸਾਇਆ । ਸਤਿਜੁਗ ਸਤਿ ਸਤਿ ਕਰ ਵਰਤਾਰ, ਅੰਤਮ ਲੇਖ ਚੁਕਾਇਆ। ਤ੍ਰੇਤਾ ਬੰਨੀ ਆਪਣੀ ਧਾਰ, ਤ੍ਰੈ ਤ੍ਰੈ ਮੇਲ ਮਿਲਾਇਆ। ਦੁਆਪਰ ਵੇਖੇ ਅਧਵਿਚਕਾਰ, ਪ੍ਰਭ ਆਪਣਾ ਖੇਲ ਖਿਲਾਇਆ। ਕਲਜੁਗ ਡਿਗਾ ਮੂੰਹ ਦੇ ਭਾਰ, ਜੂਠ ਝੂਠ ਰਿਹਾ ਕੁਰਲਾਇਆ। ਚਾਰੋਂ ਕੁੰਟ ਵੇਖ ਵਿਚਾਰ, ਚਾਰ ਯਾਰ ਸੰਗ ਮੁਹੰਮਦ ਨਾਲ ਰਲਾਇਆ। ਅੱਲਾ ਰਾਣੀ ਮਾਰੇ ਨਾਅਰ, ਹੂ ਹੂ ਏਕਾ ਨਾਅਰਾ ਲਾਇਆ। ਨਾਨਕ ਸਤਿਗੁਰ ਕਰ ਪਿਆਰ, ਸਤਿਨਾਮ ਮੰਤਰ ਦ੍ਰਿੜਾਇਆ। ਚਾਰ ਵਰਨਾਂ ਸਾਂਝਾ ਯਾਰ, ਲੋਕਮਾਤ ਫੇਰਾ ਪਾਇਆ। ਗਰੀਬ ਨਿਮਾਣਿਆਂ ਪਾਵੇ ਸਾਰ, ਊਚਾਂ ਨੀਚਾਂ ਮੇਲ ਮਿਲਾਇਆ। ਇਕ ਵਖਾਏ ਧੁਰ ਦਰਬਾਰ, ਸਚਖੰਡ ਦਵਾਰਾ ਇਕ ਸੁਹਾਇਆ। ਰਾਓ ਰੰਕ ਕਰੇ ਖ਼ਬਰਦਾਰ, ਚਾਰੋਂ ਕੁੰਟ ਫੇਰਾ ਪਾਇਆ। ਹਿੰਦੂ ਮੁਸਲਮ ਸਿੱਖ ਈਸਾਈ ਏਕਾ ਧਾਰ, ਏਕਾ ਰੰਗ ਰੰਗਾਇਆ। ਆਪੇ ਲਿਖੇ ਬਣ ਲਿਖਾਰ, ਸੇਲੀ ਟੋਪੀ ਸੀਸ ਬੰਧਾਇਆ । ਨਾਉਂ ਗਾਏ ਨਿਰੰਕਾਰ ਨਿਰੰਕਾਰ, ਨਿਰਗੁਣ ਧਾਰ ਇਕ ਚਲਾਇਆ। ਸ੍ਰਿਸ਼ਟ ਸਬਾਈ ਕਰ ਉਜਿਆਰ, ਏਕਾ ਮਾਰਗ ਰਿਹਾ ਲਗਾਇਆ। ਏਕ ਜੋਤੀ ਦਸ ਅਵਤਾਰ, ਏਕਾ ਰੂਪ ਸਮਾਇਆ। ਗੋਬਿੰਦ ਮੰਗੇ ਬਣ ਭਿਖਾਰ, ਪ੍ਰਭ ਅਬਿਨਾਸ਼ੀ ਅੱਗੇ ਝੋਲੀ ਡਾਹਿਆ। ਕਲਜੁਗ ਉਤਰੇ ਕਵਣ ਕਿਨਾਰ, ਕਵਣ ਬੇੜਾ ਰਿਹਾ ਚਲਾਇਆ। ਪੁਰਖ ਅਕਾਲ ਜੋਤ ਆਪਣੀ ਧਾਰ, ਆਪ ਆਪਣਾ ਸ਼ਬਦ ਸੁਣਾਇਆ। ਮਰੇ ਨਾ ਜੰਮੇ ਆਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਇਆ। ਕਲਜੁਗ ਕੂੜਾ ਹੋਏ ਕੁੜਿਆਰ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਨਾਰੀ ਨਾ ਭਤਾਰ, ਵਿਭਚਾਰ ਸ੍ਰਿਸ਼ਟ ਸਬਾਇਆ। ਮਾਤਾ ਪੂਤ ਕਰੇ ਪਿਆਰ, ਆਪ ਆਪਣਾ ਕਰਮ ਗਵਾਇਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਸ਼ਾਹ ਸੁਲਤਾਨ ਨਾ ਕੋਈ ਅਖਵਾਇਆ। ਮੰਦਰ ਮਸਜਿਦ ਹੋਏ ਖ਼ਵਾਰ, ਧੀਆਂ ਭੈਣਾਂ ਰਹੇ ਤਕਾਇਆ। ਜੂਠਾ ਝੂਠਾ ਵਣਜ ਵਾਪਾਰ, ਸਾਧਾਂ ਸੰਤਾਂ ਹੱਟ ਖੁਲ੍ਹਾਇਆ। ਏਕਾ ਭੁੱਲਿਆ ਏਕਾ ਏਕੰਕਾਰ, ਆਪਣਾ ਆਪੇ ਮਾਰਗ ਲਾਇਆ। ਪਾਵਣਹਾਰਾ ਸਾਚੀ ਸਾਰ, ਆਦਿ ਜੁਗਾਦਿ ਸਮਾਇਆ। ਅੰਤਮ ਪਰਗਟ ਹੋਏ ਵਿਚ ਸੰਸਾਰ, ਆਪ ਆਪਣਾ ਰੂਪ ਵਟਾਇਆ। ਮਾਤ ਪਿਤ ਨਾ ਕੋਈ ਪਿਆਰ, ਨਾ ਕੋਈ ਗੋਦ ਉਠਾਇਆ। ਨਾ ਕੋਈ ਦਾਈ ਦਾਇਆ ਦਿਸੇ ਦਵਾਰ, ਨਾ ਕੋਈ ਨੁਹਾਵਣ ਨਹਾਇਆ। ਨਾ ਕੋਈ ਥਿਤ ਨਾ ਕੋਈ ਵਾਰ, ਦਿਵਸ ਮਾਸ ਨਾ ਕੋਈ ਜਣਾਇਆ। ਨਿਤ ਨਵਿਤ ਸਾਚੀ ਕਾਰ, ਜੁਗ ਕਰਤਾ ਆਪ ਕਰਾਇਆ। ਧਰਨੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਭਗਤਾਂ ਸੰਤਾਂ ਆਤਮ ਰਹੀ ਪੁਕਾਰ, ਦਿਵਸ ਰੈਣ ਰਾਹ ਤਕਾਇਆ। ਮਨਮੁਖ ਜੀਵ ਕਰਨ ਹੰਕਾਰ, ਮਾਇਆ ਮਮਤਾ ਮੋਹ ਵਧਾਇਆ। ਕਾਮ ਕਰੋਧ ਕਰ ਪਿਆਰ, ਆਸਾ ਤ੍ਰਿਸਨਾ ਨਾਲ ਰਲਾਇਆ। ਭੇਖ ਪਖੰਡਾ ਚਾਰ ਦੀਵਾਰ, ਕਾਇਆ ਮੰਦਰ ਆਪ ਟਿਕਾਇਆ। ਮਨੂਆ ਠੱਗ ਚੋਰ ਯਾਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਪਾਵਣਹਾਰ ਸਾਚੀ ਸਾਰ, ਆਪ ਆਪਣਾ ਲੇਖ ਲਿਖਾਇਆ। ਹੱਥ ਸ਼ਬਦ ਖੰਡਾ ਦੋ ਧਾਰ, ਲੋਕਮਾਤ ਫੇਰੀ ਪਾਇਆ। ਸਾਚੇ ਅਸਵ ਹੋਏ ਅਸਵਾਰ, ਲੋਆਂ ਪੁਰੀਆਂ ਪਾਰ ਕਰਾਇਆ। ਨੀਲਾ ਨੀਲੀ ਧਾਰੋਂ ਕੱਢੇ ਬਾਹਰ, ਚੌਥਾ ਪੌੜਾ ਇਕ ਉਠਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ ਕਰ ਆਕਾਰ, ਉਚੇ ਟਿੱਲੇ ਪਰਬਤ ਵੇਖ ਵਖਾਇਆ। ਧੁਰ ਦਰਗਾਹੀ ਆਇਆ ਦੌੜ ਹਰਿ ਨਿਰੰਕਾਰ, ਆਪ ਆਪਣਾ ਤੇਜ ਦਏ ਵਧਾਇਆ। ਸ਼ਬਦ ਡੰਕਾ ਵਜਾਏ ਇਕ ਨਗਾਰ, ਲੱਖ ਚੁਰਾਸੀ ਦਏ ਉਠਾਇਆ। ਖੜਗ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਭਵਾਇਆ। ਜੇਰਜ ਅੰਡਾਂ ਲਏ ਉਭਾਰ, ਉਤਭੁਜ ਸੇਤਜ ਫੋਲ ਫੁਲਾਇਆ। ਕਲਜੁਗ ਤੇਰਾ ਵੇਖੇ ਪਾਰ ਕੰਢਾ, ਨਿਰਗੁਣ ਨਿਰਗੁਣ ਜੋਤ ਜਗਾਇਆ। ਮਨਮੁਖ ਜੀਵਾਂ ਵੱਢੇ ਕੰਡਾਂ, ਗੁਰਮੁਖ ਸਾਚੇ ਲਏ ਤਰਾਇਆ। ਸਤਿ ਰੰਗ ਨਿਸ਼ਾਨਾ ਝੁਲਾਏ ਨੌ ਖੰਡ ਰਖਾਏ ਏਕ ਡੰਡਾ, ਏਕਾ ਹੱਥ ਉਠਾਇਆ। ਤੋੜਨਹਾਰ ਮਾਨ ਅਭਿਮਾਨ ਘਮੰਡਾ, ਰਾਜ ਰਾਜਾਨ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਨਿਰੰਕਾਰ ਆਪਣਾ ਰੱਖ, ਨਿਹਕਲੰਕ ਵੱਡੀ ਵਡਿਆਈਆ। ਸ਼ਬਦੀ ਜੋਤ ਹੋ ਪਰਤੱਖ, ਨੂਰੋ ਨੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵੇਖੇ ਭਾਂਡੇ ਸੱਖ, ਪੰਜ ਤੱਤ ਘਰ ਘਰ ਫੇਰੀ ਪਾਈਆ। ਸੰਤ ਸੁਹੇਲੇ ਕਰੇ ਵੱਖ, ਜੋ ਜਨ ਰਸਨਾ ਰਹੇ ਗਾਈਆ। ਜਗਤ ਅੰਗਿਆਰੇ ਜਾਣ ਭਖ, ਮਨਮਤ ਕਰੇ ਪੜ੍ਹਾਈਆ। ਏਕਾ ਰਾਹ ਆਪੇ ਦੱਸ, ਝੂਠੇ ਧੰਦੇ ਸ੍ਰਿਸ਼ਟ ਲਗਾਈਆ। ਗੁਰਮੁਖ ਵਿਰਲੇ ਦੇਵੇ ਨਾਮ ਵੱਥ, ਆਤਮ ਅੰਤਰ ਝੋਲੀ ਭਰਾਈਆ। ਜਗਤ ਜਹਾਨਾ ਹੋਏ ਸੱਥ, ਧਰਤ ਮਾਤ ਸੱਥਰ ਰਹੀ ਵਿਛਾਈਆ। ਜਗਤ ਭੰਡਾਰਾ ਹੋਏ ਭੱਠ, ਸਾਚਾ ਨਾਮ ਨਾ ਕੋਈ ਵਰਤਾਈਆ। ਲਹਿਣਾ ਦੇਣਾ ਚੁੱਕੇ ਤੀਰਥ ਤਟ, ਅਠਸਠ ਮੁਖ ਛੁਪਾਈਆ। ਵੇਖਣਹਾਰਾ ਮੰਦਰ ਮਸਜਿਦ ਗੁਰੂ ਦਵਾਰ ਮੱਠ, ਸ਼ਿਵਦਵਾਲਾ ਫੋਲ ਫੋਲਾਈਆ। ਠੱਗਾਂ ਚੋਰਾਂ ਹੋਇਆ ਅਕੱਠ, ਸਾਧਾਂ ਸੰਤਾਂ ਪਏ ਲੜਾਈਆ। ਪਰਗਟ ਹੋਏ ਹਰਿ ਸਮਰਥ, ਗੁਰ ਗੋਬਿੰਦ ਵਡ ਵਡਿਆਈਆ। ਆਪ ਚਲਾਏ ਸਾਚਾ ਰਥ, ਚਾਰ ਵਰਨਾਂ ਲਏ ਚੜ੍ਹਾਈਆ। ਦੂਈ ਦਵੈਤੀ ਮੰਦਰ ਜਾਏ ਢੱਠ, ਹਉਮੇ ਗੜ੍ਹ ਰਹਿਣ ਨਾ ਪਾਈਆ। ਗੇੜਨਹਾਰਾ ਉਲਟੀ ਲੱਠ, ਆਪੇ ਰਿਹਾ ਭਵਾਈਆ। ਵੀਹ ਸਦ ਬਿਕ੍ਰਮੀ ਕਰੇ ਚੱਠ, ਵੀਹ ਸਦ ਬੀਸ ਵੱਜੇ ਵਧਾਈਆ। ਖੇਲੇ ਖੇਲ ਨੱਠ ਨੱਠ, ਨਟੂਆ ਸਾਂਗ ਵਰਤਾਈਆ। ਜਨ ਭਗਤਾਂ ਅੰਮ੍ਰਿਤ ਆਤਮ ਪਿਆਏ ਘੁੱਟ, ਨਿਝਰ ਧਾਰ ਵਹਾਈਆ। ਚੌਦਾਂ ਲੋਕਾਂ ਖੋਲ੍ਹੇ ਹੱਟ, ਚੌਦਾਂ ਤਬਕਾਂ ਵੇਖ ਵਖਾਈਆ। ਸਚ ਨਗਾਰੇ ਵੱਜੇ ਸੱਟ, ਰਣਜੀਤ ਨਗਾਰਾ ਇਕ ਬਣਾਈਆ। ਗੁਰਮੁਖਾਂ ਗੁਰਸਿਖਾਂ ਹਰਿ ਸ਼ਬਦ ਵਖਾਏ ਸਾਚਾ ਪੱਟ, ਸਚ ਸੰਜੋਆ ਇਕ ਬਣਾਈਆ। ਤੀਰ ਕਮਾਨ ਬਣਾਏ ਸਾਚ ਭੱਥ, ਏਕਾ ਸ਼ਬਦ ਰਸਨਾ ਗਾਈਆ। ਜਗਤ ਵਿਕਾਰਾ ਪਾਏ ਨੱਥ, ਸ਼ਬਦ ਡੋਰੀ ਨਾਲ ਬੰਧਾਈਆ। ਸਾਚਾ ਮਾਰਗ ਆਪੇ ਦੱਸ, ਸਾਚੀ ਕਰੇ ਪੜ੍ਹਾਈਆ। ਵੇਖਣਹਾਰਾ ਰਵ ਸਸ, ਮੰਡਲ ਮੰਡਪ ਫੋਲ ਫੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖਾਂ ਦੇਵੇ ਨਾਮ ਵਰ , ਕਾਇਆ ਕੰਦਰ ਖੋਜ ਖੁਜਾਈਆ। ਕਾਇਆ ਕੰਦਰ ਡੂੰਘੀ ਗਾਰ, ਹਰਿ ਸਾਚਾ ਵੇਖ ਵਖਾਇੰਦਾ। ਸ਼ਬਦੀ ਗੁਰ ਹੋ ਤਿਆਰ, ਆਪਣਾ ਰਾਹ ਚਲਾਇੰਦਾ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਇੰਦਾ। ਨਾਨਕ ਸਤਿਗੁਰ ਕਰ ਪਿਆਰ, ਗੁਰ ਗੋਬਿੰਦ ਵੇਖ ਵਖਾਇੰਦਾ। ਗੁਰਮੁਖ ਮਿਲਿਆ ਮੀਤ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਾਂਤਕ ਸਤਿ ਵਰਤਾਇੰਦਾ। ਕੇਸ ਕੰਘਾ ਅਪਰ ਅਪਾਰ, ਸੀਸ ਜਗਦੀਸ ਹੰਢਾਇੰਦਾ। ਨਾਮ ਕੜਾ ਕਰ ਤਿਆਰ, ਹੱਥੀਂ ਕੰਗਨ ਬੰਨਾਇੰਦਾ। ਧੀਰਜ ਜਤ ਅਪਰ ਅਪਾਰ, ਸਤਿ ਸੰਤੋਖੀ ਕਛ ਰਖਾਇੰਦਾ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਗੁਰੂ ਗ੍ਰੰਥ ਗੁਰ ਹੋਇਆ ਖ਼ਬਰਦਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਪੰਚਮ ਮੀਤਾ ਪੰਚ ਅਧਾਰ, ਪੰਚਮ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਵਰ, ਏਕਾ ਆਪ ਦਵਾਇੰਦਾ। ਆਪੇ ਵਰ ਦਾਤਾ ਭੰਡਾਰੀ, ਆਪੇ ਭਿਛਿਆ ਪਾਇੰਦਾ। ਆਪੇ ਨਿਰਗੁਣ ਜੋਤ ਨਿਰੰਕਾਰੀ, ਆਪੇ ਸਰਗੁਣ ਮੇਲ ਮਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰੀ, ਆਪੇ ਦੇਵਤ ਸੁਰ ਸੇਵਾ ਲਾਇੰਦਾ। ਆਪੇ ਲੱਖ ਚੁਰਾਸੀ ਖੇਲ ਖਿਲਾਰੀ, ਆਪੇ ਮੇਟ ਮਿਟਾਇੰਦਾ। ਆਪੇ ਪਾਰਬ੍ਰਹਮ ਆਪੇ ਬ੍ਰਹਮ ਹੋਏ ਹੰਕਾਰੀ, ਆਪ ਆਪਣਾ ਸਗਨ ਮਨਾਇੰਦਾ। ਆਪੇ ਪੰਜ ਪੰਜੀ ਸੇਵਾਦਾਰੀ, ਦਸ ਪੰਜ ਆਪ ਰਖਾਇੰਦਾ। ਆਪੇ ਤ੍ਰੈਗੁਣ ਤੇਰਾ ਕਰਮ ਕਾਰੀ, ਰਜੋ ਤਮੋ ਸਤੋ ਆਪ ਹੋ ਜਾਇੰਦਾ। ਆਪੇ ਬਣੇ ਬ੍ਰਹਮ ਬ੍ਰਹਮਚਾਰੀ, ਆਪੇ ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਆਪੇ ਰਕਤ ਬੂੰਦ ਹੱਡ ਮਾਸ ਨਾੜੀ, ਆਪੇ ਤੱਤ ਸੁਹਾਇੰਦਾ। ਆਪੇ ਖੋਲ੍ਹੇ ਨੌ ਦਵਾਰੀ, ਆਪੇ ਦਸਵਾਂ ਡੇਰਾ ਲਾਇੰਦਾ। ਆਪੇ ਸਾਧ ਸੰਤ ਗੁਰ ਪੀਰ ਅਵਤਾਰੀ, ਜੁਗ ਜੁਗ ਨਾਉਂ ਰਖਾਇੰਦਾ। ਆਪੇ ਆਦਿ ਨਿਰੰਜਣ ਜੋਤ ਨਿਰੰਕਾਰੀ, ਕਰਤਾ ਪੁਰਖ ਆਪ ਅਖਵਾਇੰਦਾ। ਆਪੇ ਅਕਾਲ ਪੁਰਖ ਕਰੇ ਸੱਚੀ ਸਿਕਦਾਰੀ, ਸਾਚਾ ਤਖ਼ਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਆਪਣਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਭਗਵਾਨ, ਆਦਿ ਜੁਗਾਦਿ ਸਮਾਈਆ। ਧੁਰਦਰਗਾਹੀ ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਸੁਨੇਹੜਾ ਇਕ ਸੁਣਾਈਆ। ਗੁਰਮੁਖ ਵਿਰਲਾ ਪਾਵੇ ਮਾਨ, ਜਿਸ ਜਨ ਆਤਮ ਅੰਤਰ ਬੂਝ ਬੁਝਾਈਆ। ਧਰਮ ਵਖਾਏ ਸਚ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਪਾਰ ਵਖਾਏ ਜ਼ਿਮੀ ਅਸਮਾਨ, ਰਵ ਸਸ ਨਾ ਕੋਈ ਰੁਸ਼ਨਾਈਆ। ਉਚ ਮਹੱਲ ਅਟੱਲ ਮਕਾਨ, ਥਿਰ ਘਰ ਬੈਠਾ ਬੇਪਰਵਾਹੀਆ। ਲੋਕਮਾਤ ਆਵੇ ਜਾਵੇ ਵਾਲੀ ਦੋ ਜਹਾਨ, ਨਾਨਕ ਸਤਿਗੁਰ ਇਹ ਬੁਝਾਈਆ। ਗੁਰ ਗੋਬਿੰਦ ਮੇਲ ਮਿਲਾਨ, ਪੂਤ ਸਪੂਤਾ ਆਪ ਜਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਬੰਨੇ ਧਾਰ ਪੁਰਖ ਬਿਧਾਤਾ, ਆਪ ਆਪਣੇ ਰੰਗ ਰਤੜਾ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਊਚ ਨੀਚ ਨਾ ਕੋਈ ਵਖੰਦੜਾ। ਨਾ ਕੋਈ ਦਿਵਸ ਨਾ ਕੋਈ ਰਾਤਾ, ਬਾਲ ਬਿਰਧ ਨਾ ਵਖੰਦੜਾ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾ ਕੋਈ ਗੋਦ ਉਠੰਦੜਾ। ਆਪਣਾ ਬੰਨੇ ਆਪੇ ਨਾਤਾ, ਆਪੇ ਮੇਲ ਮਿਲੰਦੜਾ। ਆਪੇ ਨਾਰੀ ਆਪੇ ਕਮਲਾਪਾਤਾ, ਆਪ ਆਪਣੀ ਸੇਜ ਹਢੰਦੜਾ। ਆਪੇ ਬੈਠਾ ਰਹੇ ਇਕ ਇਕਾਂਤਾ, ਆਪੇ ਘਟ ਘਟ ਵੇਸ ਵਟੰਦੜਾ। ਆਪੇ ਜੁਗ ਜੁਗ ਰਥ ਰਥਵਾਈ ਚਲਾਏ ਰਾਥਾ, ਆਪ ਆਪਣੀ ਸੇਵ ਕਮੰਦੜਾ। ਆਪੇ ਆਪ ਹੋਏ ਤ੍ਰਿਲੋਕੀ ਨਾਥਾ, ਸਚਖੰਡ ਦਵਾਰਾ ਆਪ ਸੁਹੰਦੜਾ। ਆਪੇ ਨਾਨਕ ਗੋਬਿੰਦ ਵੇਖੇ ਮਾਥਾ, ਆਪੇ ਮਸਤਕ ਲਹਿਣਾ ਦੇਣ ਚੁਕੰਦੜਾ। ਆਪੇ ਪੁਰਖ ਅਗੰਮ ਸਰਬ ਕਲਾ ਸਮਰਾਥਾ, ਘਰ ਸਾਚੇ ਆਪ ਵਸੰਦੜਾ। ਆਪੇ ਗਲ ਲਗਾਏ ਗਰੀਬ ਨਿਮਾਣੇ ਅਨਾਥ ਅਨਾਥਾ, ਜੁਗ ਜੁਗ ਨਾਉਂ ਧਰੰਦੜਾ। ਆਪੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਗਾਥਾ, ਆਪ ਆਪਣਾ ਭੇਵ ਖੁਲ੍ਹੰਦੜਾ। ਆਪੇ ਪੂਜਾ ਆਪੇ ਪਾਠਾ, ਆਪੇ ਮੰਤਰ ਗਿਆਨ ਦ੍ਰਿੜਦੰੜਾ। ਆਪੇ ਤੀਰਥ ਆਪੇ ਤਾਟਾ, ਸਰ ਸਰੋਵਰ ਆਪ ਅਖਵੰਦੜਾ। ਆਪੇ ਕਰਨਹਾਰਾ ਪੂਰਾ ਘਾਟਾ, ਗੁਰਮੁਖ ਸਾਚੇ ਮੇਲ ਮਿਲੰਦੜਾ। ਆਪੇ ਹੋਏ ਆਨ ਬਾਟਾ, ਦਸ ਦਸ ਮਾਸ ਡੇਰਾ ਲਗੰਦੜਾ। ਆਪੇ ਦੋ ਜਹਾਨਾ ਕੱਟੇ ਵਾਟਾ, ਆਪੇ ਪਾਂਧੀ ਪੰਧ ਵਖੰਦੜਾ। ਆਪੇ ਨਾਨਕ ਜੋਤ ਘਰ ਘਰ ਜਗੇ ਲਿਲਾਟਾ, ਆਪੇ ਗੋਬਿੰਦ ਖੰਡਾ ਨਾਮ ਚਮਕੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਵੇਖੇ ਸਾਚਾ ਘਰ, ਨਾਨਕ ਚੁਕਾਏ ਜਗਤ ਡਰ, ਆਪ ਸੁਹਾਏ ਬੰਕ ਦਵਾਰਾ, ਸੰਬਲ ਨਗਰੀ ਜੋਤ ਅਕਗਰੀ ਸ਼ਬਦ ਸਮਗਰੀ ਇਕ ਰਖੰਦੜਾ।
