Granth 08 Likhat 006: 29 Poh 2015 Bikarmi Charan Singh de Ghar Pind Kalar

੨੯ ਪੋਹ ੨੦੧੫ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਕਲਾਰ

ਭਗਤਨ ਹਰਿ ਭਗਵਾਨ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਵੇਸ ਵਟਾਇਆ। ਕਲਜੁਗ ਅੰਤਮ ਮਾਰ ਧਿਆਨ, ਆਪ ਆਪਣੀ ਕਲ ਵਰਤਾਇਆ। ਜੋਧਾ ਸੂਰਬੀਰ ਬਲੀ ਬਲਵਾਨ, ਰੂਪ ਅਨੂਪ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਪੁਰਖ ਕਰਤਾਰਾ, ਪਾਰਬ੍ਰਹਮ ਅਖਵਾਇਆ। ਖੇਲੇ ਖੇਲ ਅਗੰਮ ਅਪਾਰਾ, ਲੇਖਾ ਲੇਖ ਨਾ ਕੋਈ ਜਣਾਇਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਇਆ। ਏਕਾ ਲਾਏ ਸਾਚਾ ਨਾਅਰਾ, ਸੋ ਪੁਰਖ ਨਿਰੰਜਣ ਗਾਇਆ। ਹੰ ਹੰਗਤਾ ਪਾਰ ਕਿਨਾਰਾ, ਹੰ ਬ੍ਰਹਮ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਖੇਲੇ ਖੇਲ ਅਪਰ ਅਪਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਦਿ ਜੁਗਾਦੀ ਅਛਲ ਅਛੇਦਾ, ਆਪੇ ਵਰਤੇ ਆਪਣੇ ਭਾਣਿਆ। ਪੜ੍ਹ ਪੜ੍ਹ ਥੱਕੇ ਵੇਦ ਕਤੇਬਾ, ਹਰਿ ਕਾ ਰੂਪ ਕਿਸੇ ਨਾ ਜਾਣਿਆ। ਗਾ ਗਾ ਥੱਕੇ ਰਸਨਾ ਜੇਹਵਾ, ਅੰਦਰ ਮੰਦਰ ਨਾ ਕਿਸੇ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ ਹਰਿਜਨ ਸਾਚੇ ਮੇਲ ਮਿਲਾਨਿਆ। ਹਰਿਜਨ ਸਾਚਾ ਮੇਲ ਮਿਲੰਨਾ, ਗੁਰ ਸਤਿਗੁਰ ਵਡ ਵਡਿਆਈਆ। ਇਕ ਚੜ੍ਹਾਏ ਸਾਚਾ ਚੰਨਾ, ਦਿਵਸ ਰੈਣ ਕਰੇ ਰੁਸ਼ਨਾਈਆ। ਰਾਗ ਸੁਣਾਏ ਅਨਹਦ ਕੰਨਾ, ਧੁਨ ਅਨਾਦੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਕਰਤਾਰਾ, ਆਪਣਾ ਆਪ ਉਪਜਾਇੰਦਾ। ਵੇਖੇ ਖੇਲ ਸਰਬ ਸੰਸਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਭਗਤਨ ਮੀਤਾ ਅੰਦਰ ਮੰਦਰ ਖੋਲ੍ਹ ਕਿਵਾੜਾ, ਡੂੰਘੀ ਕੰਦਰ ਆਸਣ ਲਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਜਲਾਂ ਥਲਾਂ ਫੋਲ ਫੋਲਾਇੰਦਾ । ਨੌ ਖੰਡ ਪ੍ਰਿਥਮੀ ਤੇਰਾ ਵੇਖੇ ਅੰਤ ਅਖਾੜਾ, ਆਪ ਆਪਣੀ ਕਲ ਵਰਤਾਇੰਦਾ। ਧੁਰ ਦਰਗਾਹੀ ਸਾਚਾ ਲਾੜਾ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਜੀਆਂ ਜੰਤਾਂ ਸਾਧਾਂ ਸੰਤਾਂ ਲੁੱਟੀ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਘਰ, ਘਰ ਸੁਹੰਜਣਾ ਇਕ ਸੁਹਾਇੰਦਾ। ਘਰ ਸੁਹੰਜਣਾ ਆਤਮ ਬ੍ਰਹਮ, ਹਰਿ ਹਰਿ ਆਪ ਜਣਾਈਆ। ਆਪੇ ਜਾਣੇ ਆਪਣਾ ਕਰਮ, ਜੁਗ ਜੁਗ ਵੇਖ ਵਖਾਈਆ। ਆਪੇ ਵੇਖੇ ਸਾਚਾ ਧਰਮ, ਧਰਮ ਦਵਾਰਾ ਇਕ ਸੁਹਾਈਆ। ਨਾ ਕੋਈ ਗੋਤੀ ਨਾ ਕੋਈ ਵਰਨ, ਊਚ ਨੀਚ ਨਾ ਕੋਈ ਬਣਾਈਆ। ਪਾਰਬ੍ਰਹਮ ਤੇਰੀ ਸਾਚੀ ਸਰਨ, ਗੁਰਮੁਖ ਵਿਰਲੇ ਮਾਤ ਤਕਾਈਆ। ਆਪੇ ਖੋਲ੍ਹੇ ਹਰਨ ਫਰਨ, ਨੇਤਰ ਲੋਚਣ ਆਪ ਖੁਲ੍ਹਾਈਆ। ਕਲਜੁਗ ਜੀਵ ਮਾਇਆ ਤਰਨੀ ਝੂਠੀ ਤਰਨ, ਭਵ ਸਾਗਰ ਰਿਹਾ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਵੇਸ ਕਰ, ਹਰਿ ਸੰਤਨ ਲਏ ਤਰਾਈਆ। ਸੰਤਨ ਮੀਤਾ ਇਕ ਅਕੱਲਾ, ਏਕਾ ਏਕ ਏਕੰਕਾਰਿਆ। ਵਸਣਹਾਰਾ ਸਚ ਮਹੱਲਾ, ਥਿਰ ਘਰ ਮਹੱਲ ਅਟੱਲ ਉਚ ਮੁਨਾਰਿਆ। ਘਟ ਘਟ ਅੰਦਰ ਆਪੇ ਰਲਾ, ਜੋਤੀ ਨੂਰ ਡਗਮਗਾ ਰਿਹਾ। ਸ਼ਬਦ ਸੁਨੇਹੜਾ ਜੁਗ ਜੁਗ ਆਪਣਾ ਘਲਾ, ਆਪਣਾ ਮਾਰਗ ਲਾ ਰਿਹਾ। ਮੇਟਣਹਾਰਾ ਆਪੇ ਸੱਲਾ, ਆਪੇ ਸੰਤ ਭਗਤ ਜੋਗ ਜੁਗਤ ਜਗਤ ਆਪੇ ਵੇਖ ਵਖਾ ਰਿਹਾ। ਜਾਗਰਤ ਜੋਤ ਹਰਿਜਨ ਜਗਾ, ਆਤਮ ਬ੍ਰਹਮ ਜਣਾਈਆ। ਅੰਧ ਅੰਧੇਰ ਦਏ ਮਿਟਾ, ਸਤਿਗੁਰ ਪੂਰੇ ਹੱਥ ਵਡਿਆਈਆ। ਅੰਮ੍ਰਿਤ ਜਾਮ ਦਏ ਪਿਲਾ, ਨਿਝਰ ਰਸ ਚੁਆਈਆ। ਦੁਰਮਤ ਮੈਲ ਗਵਾ, ਸਰ ਸਰੋਵਰ ਇਕ ਨੁਹਾਈਆ। ਕਾਗੋਂ ਹੰਸ ਦਏ ਬਣਾ, ਜੋ ਜਨ ਆਏ ਸਰਨਾਈਆ। ਮਾਨਸ ਦੇਹੀ ਲੇਖੇ ਲਾ, ਲੱਖ ਚੁਰਾਸੀ ਫੰਦ ਕਟਾਈਆ। ਚਰਨ ਦਾਸੀ ਆਪ ਬਣਾ, ਸਿਰ ਆਪਣਾ ਹੱਥ ਟਿਕਾਈਆ। ਨਿਝ ਘਰ ਵਾਸੀ ਨਿਝ ਆਤਮ ਡੇਰਾ ਲਾ, ਪਰਮਾਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸ਼ਾਹੋ ਭੂਪ ਵਡ ਰਾਜ ਰਾਜਨ, ਆਪ ਸਵਾਰੇ ਜੁਗ ਜੁਗ ਕਾਜਨ, ਪਰਗਟੇ ਜੋਤ ਦੇਸ ਮਾਝਨ, ਕਲਜੁਗ ਤੇਰੀ ਰੁੱਤ ਸੁਹਾਈਆ। ਕਲਜੁਗ ਤੇਰੀ ਸਾਚੀ ਰੁੱਤ, ਹਰਿ ਸਾਚਾ ਆਪ ਸੁਹਾਇੰਦਾ। ਪਰਗਟ ਹੋਏ ਅਬਿਨਾਸ਼ੀ ਅਚੁਤ, ਏਕਾ ਮੰਗਲ ਗਾਇੰਦਾ। ਵਸਣਹਾਰਾ ਕਾਇਆ ਬੁੱਤ, ਦਿਸ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਬੈਠਾ ਲੁਕ, ਨਿਰਗੁਣ ਧਾਰ ਚਲਾਇੰਦਾ। ਗੁਰਮੁਖ ਵਿਰਲਾ ਵੇਖੇ ਝੁਕ, ਜਿਸ ਜਨ ਹਉਮੇ ਗੜ੍ਹ ਤੁੜਾਇੰਦਾ। ਕਲਜੁਗ ਪੈਂਡਾ ਰਿਹਾ ਮੁਕ, ਨੇੜੇ ਰਾਹ ਰਖਾਇੰਦਾ। ਜੂਠਾ ਝੂਠਾ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਈ ਕਰਾਇੰਦਾ। ਚਾਰ ਕੁੰਟਾਂ ਦਹਿ ਦਿਸ਼ਾ ਲੱਖ ਚੁਰਾਸੀ ਪਈ ਲੁਟ, ਮਾਇਆ ਮਮਤਾ ਮੋਹ ਹਲਕਾਇੰਦਾ। ਦਰ ਦਵਾਰਿਉਂ ਬੈਠੇ ਰੁਠ, ਸਾਚਾ ਇਸ਼ਟ ਦੇਵ ਗੁਰੂ ਨਾ ਕੋਈ ਮਨਾਇੰਦਾ। ਖਾਲੀ ਦਿਸੇ ਭਾਂਡੇ ਠੁਠ, ਨਾਮ ਵਸਤ ਨਾ ਕੋਈ ਟਿਕਾਇੰਦਾ। ਜੰਗਲ ਜੂਹ ਉਜਾੜ ਪਹਾੜ, ਮੰਦਰ ਅੰਦਰ ਤਟ ਕਿਨਾਰ ਲੱਭਦੇ ਫਿਰਦੇ ਕੋਟੀ ਕੋਟ, ਹਰਿ ਸਾਚਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲਣਹਾਰਾ ਸਾਚੇ ਘਰ, ਗੁਰਮੁਖ ਸਾਜਨ ਲਏ ਵਰ, ਹਉਮੇ ਰੋਗ ਚੁਕਾਏ ਡਰ, ਆਪ ਆਪਣੇ ਦਰ ਬਹਾਇੰਦਾ। ਚਰਨ ਸਰਨ ਸਰਨ ਚਰਨ ਜਨ ਜਾਏ ਪੜ੍ਹ, ਜਾਗਰਤ ਜੋਤ ਇਕ ਜੋਤ ਜਗਾਇੰਦਾ। ਏਕੰਕਾਰਾ ਏਕਾ ਅੱਖਰ ਰਿਹਾ ਪੜ, ਸ੍ਰਿਸ਼ਟ ਸਬਾਈ ਵੱਖਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਰੰਗਾਇੰਦਾ ।