੨੩ ਮਾਘ ੨੦੧੫ ਬਿਕ੍ਰਮੀ ਲੱਖਾ ਸਿੰਘ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਏਕਉਂਕਾਰਾ ਏਕਾ ਨਾਮ, ਏਕਾ ਰੂਪ ਸਮਾਈਆ। ਆਦਿ ਅਨਾਦੀ ਅਗੰਮ ਅਥਾਹ, ਏਕਾ ਏਕ ਅਖਵਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਬੇਅੰਤ ਰੂਪ ਸਮਾਈਆ । ਆਪੇ ਵਸੇ ਆਪਣੇ ਥਾਂ, ਥਾਨ ਥਨੰਤਰ ਇਕ ਸੁਹਾਈਆ। ਕਰੇ ਕਰਾਏ ਸਚ ਨਿਆਂ, ਜੁਗ ਜੁਗ ਵੱਡੀ ਵਡਿਆਈਆ। ਸਤਿਗੁਰ ਸ਼ਬਦ ਬਣ ਮਲਾਹ, ਲੋਕਮਾਤ ਫੇਰਾ ਪਾਈਆ। ਸੰਤ ਸੁਹੇਲੇ ਲਏ ਜਗਾ, ਦੇਵੇ ਵਡ ਵਡਿਆਈਆ। ਅੰਦਰ ਮੰਦਰ ਜੋਤ ਜਗਾ, ਅੰਧ ਅੰਧੇਰਾ ਦਏ ਮਿਟਾਈਆ। ਸਾਚੀ ਰੰਗਣ ਨਾਮ ਚੜ੍ਹਾ, ਏਕਾ ਰੰਗ ਰੰਗਾਈਆ। ਅੰਗੀਕਾਰ ਆਪ ਕਰਾ, ਆਪਣੀ ਗੋਦ ਉਠਾਈਆ। ਸਾਚਾ ਸੰਗੀ ਸੰਗ ਨਿਭਾ, ਦਿਵਸ ਰੈਣ ਸੇਵ ਕਮਾਈਆ। ਬ੍ਰਹਿਮੰਡ ਖੰਡ ਵੇਖ ਵਖਾ, ਗਗਨ ਪਾਤਾਲਾਂ ਫੋਲ ਫੋਲਾਈਆ। ਭੇਵ ਅਭੇਦਾ ਭੇਵ ਖੁਲ੍ਹਾ, ਆਪ ਆਪਣੀ ਬੂਝ ਬੁਝਾਈਆ। ਨਿਰਗੁਣ ਬਾਤੀ ਇਕ ਟਿਕਾ, ਸਰਗੁਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਏਕਾ ਨਾਮ ਇਕ ਨਿਰੰਜਣ, ਏਕਾ ਪੁਰਖ ਅਖਵਾਇੰਦਾ। ਅਬਿਨਾਸ਼ੀ ਕਰਤਾ ਸਰਬ ਘਟ ਸੱਜਣ, ਘਟ ਘਟ ਡੇਰਾ ਲਾਇੰਦਾ। ਭਗਤਨ ਮੀਤਾ ਕਰੇ ਕਰਾਏ ਸਾਚਾ ਮਜਨ, ਲੋਕਮਾਤ ਵੇਖ ਵਖਾਇੰਦਾ। ਗੁਰਮੁਖਾਂ ਆਏ ਪੜਦੇ ਕੱਜਣ, ਨਿਤ ਨਵਿਤ ਕਾਰ ਕਮਾਇੰਦਾ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਰੱਖੇ ਲੱਜਣ, ਜੀਵ ਜੰਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਧਾਰ ਧਰਾਇੰਦਾ। ਧਾਰ ਅਵੱਲੀ ਪੁਰਖ ਕਰਤਾਰ, ਖੇਲੇ ਖੇਲ ਨਿਰੰਕਾਰਿਆ। ਭੇਵ ਨਾ ਪਾਏ ਕੋਇ ਸੰਸਾਰ, ਵੇਦ ਕਤੇਬ ਨਾ ਕੋਇ ਜਣਾ ਰਿਹਾ। ਇਕ ਇਕੱਲਾ ਕਰ ਪਸਾਰ, ਏਕ ਅਨੇਕਾ ਰੂਪ ਵਟਾ ਰਿਹਾ। ਨਿਰਗੁਣ ਸਰਗੁਣ ਹੋ ਉਜਿਆਰ, ਸਾਚੀ ਚਲਤ ਚਲਾ ਰਿਹਾ। ਅੰਦਰ ਬਾਹਰ ਗੁਪਤ ਜ਼ਾਹਰ, ਆਪ ਆਪਣਾ ਖੇਲ ਖਲਾ ਰਿਹਾ। ਲੋਆਂ ਪੁਰੀਆਂ ਮਹੱਲ ਉਸਾਰ, ਕੋਟਨ ਕੋਟ ਬ੍ਰਹਿਮੰਡ ਟਿਕਾ ਰਿਹਾ। ਸੇਵਕ ਸੇਵਾ ਲਾਏ ਰਵ ਸਸ ਸਤਾਰ, ਦਿਵਸ ਰੈਣ ਆਪ ਜਣਾ ਰਿਹਾ। ਘੜੀ ਪਲ ਖੇਲ ਅਪਾਰ, ਵੇਲਾ ਵਕ਼ਤ ਨਾ ਕਿਸੇ ਉਪਾ ਲਿਆ। ਆਪੇ ਜਾਣੇ ਸਿਰਜਣਹਾਰ, ਲੇਖਾ ਆਪਣੇ ਹੱਥ ਰਖਾ ਲਿਆ। ਜੁਗ ਜੁਗ ਖੇਲ ਕਰੇ ਸੰਸਾਰ, ਜੁਗ ਕਰਤਾ ਵੇਸ ਵਟਾ ਲਿਆ। ਧਰਨੀ ਧਰਤ ਧਵਲ ਦਏ ਸਹਾਰ, ਅਕਾਸ਼ ਪਰਕਾਸ਼ ਡੇਰਾ ਲਾ ਲਿਆ। ਵੇਖਣਹਾਰ ਜੰਗਲ ਜੂਹ ਉਜਾੜ ਪਰਭਾਸ, ਜਲਾਂ ਥਲਾਂ ਆਪ ਅਖਵਾ ਲਿਆ। ਆਦਿ ਅੰਤ ਨਾ ਜਾਏ ਵਿਨਾਸ, ਹਰਿ ਹਰਿ ਆਪਣਾ ਨਾਮ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਜੋਤ ਜਗਾ ਲਿਆ। ਏਕਾ ਜੋਤ ਅਲੱਖ ਅਭੇਵ, ਆਦਿ ਪੁਰਖ ਅਖਵਾਇੰਦਾ। ਲੱਖ ਚੁਰਾਸੀ ਕਰੇ ਸੇਵ, ਆਪ ਆਪਣੀ ਕਿਰਤ ਕਮਾਇੰਦਾ। ਹਰ ਘਟ ਅੰਦਰ ਲਾਈ ਜਿਹਵ, ਪਵਨ ਸਵਾਸੀ ਆਪ ਚਲਾਇੰਦਾ। ਜੋਤ ਨਿਰੰਜਣ ਮਸਤਕ ਥੇਵ, ਤਿਲਕ ਲਲਾਟੀ ਆਪ ਟਿਕਾਇੰਦਾ। ਜਿਸ ਜਨ ਖੁਲ੍ਹਾਏ ਆਪਣਾ ਭੇਵ, ਸੋ ਜਨ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਰਚਨਹਾਰਾ, ਏਕਾ ਏਕ ਅਖਵਾਈਆ। ਦੋ ਜਹਾਨਾਂ ਖੇਲ ਨਿਆਰਾ, ਤ੍ਰਿਲੋਕੀ ਬੰਧਨ ਪਾਈਆ। ਚੌਦਾਂ ਲੋਕਾਂ ਹੱਟ ਪਸਾਰਾ, ਏਕਾ ਘਾਟ ਜਣਾਈਆ। ਲੱਖ ਚੁਰਾਸੀ ਕਰ ਵਣਜਾਰਾ, ਏਕਾ ਵਸਤ ਰਿਹਾ ਵਰਤਾਈਆ। ਨਿਰਗੁਣ ਰੂਪ ਅਗੰਮ ਅਪਾਰਾ, ਤ੍ਰੈ ਤ੍ਰੈ ਵੇਸ ਵਟਾਈਆ। ਪੰਚਮ ਪੰਚਮ ਮੀਤ ਮੁਰਾਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਰੰਗ ਰੰਗਾਈਆ। ਮਨ ਮਤ ਬੁਧ ਦਏ ਆਧਾਰਾ, ਪੰਜ ਤੱਤ ਮੇਲ ਮਿਲਾਈਆ। ਅਠ ਤੱਤ ਬਣਾਏ ਇਕ ਮੁਨਾਰਾ, ਨੌ ਦਰ ਖੋਲ੍ਹ ਖੁਲ੍ਹਾਈਆ। ਆਪਣਾ ਖੇਲ ਕਰੇ ਅਪਾਰਾ, ਘਰ ਘਰ ਵਿਚ ਲਏ ਟਿਕਾਈਆ। ਉਚ ਮਹੱਲ ਅਟੱਲ ਮੁਨਾਰਾ, ਚਾਰ ਦਿਵਾਰ ਨਾ ਕੋਇ ਰਖਾਈਆ। ਦੀਵਾ ਬਾਤੀ ਇਕ ਉਜਿਆਰਾ, ਦਿਵਸ ਰੈਣ ਡਗਮਗਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਅਨਹਦ ਤਾਲ ਵਜਾਈਆ। ਅੰਮ੍ਰਿਤ ਬਰਖ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਕਵਲ ਕਵਲਾ ਮੁਖ ਉਘਾੜਾ, ਨਾਭੀ ਨਾਭ ਭਵਾਈਆ। ਬਜਰ ਕਪਾਟੀ ਤੋੜੇ ਤਾਲਾ, ਵਡ ਦਾਤਾ ਬੇਪਰਵਾਹੀਆ। ਆਤਮ ਸੇਜਾ ਸਚ ਅਖਾੜਾ, ਆਪੇ ਬੈਠਾ ਲਾਈਆ। ਹੋਏ ਪਰਕਾਸ਼ ਬਹੱਤਰ ਨਾੜਾ, ਅੰਧ ਅੰਧੇਰ ਦਿਸ ਨਾ ਆਈਆ। ਸ਼ਬਦ ਗੁਰ ਸਾਚਾ ਲਾੜਾ, ਨਿਜ ਨੇਤਰ ਬੈਠਾ ਰਾਹ ਤਕਾਈਆ। ਗੁਰਮੁਖ ਨਾਰੀ ਕਰ ਪਿਆਰਾ, ਆਪਣੇ ਅੰਕ ਸਮਾਈਆ। ਏਕਾ ਸੇਜਾ ਸੁੱਤੇ ਪੈਰ ਪਸਾਰਾ, ਜੋਤੀ ਸ਼ਬਦੀ ਕਰੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਰੂਪ ਅਪਾਰਾ, ਭੇਵ ਅਭੇਦ ਆਪ ਹੋ ਜਾਈਆ। ਰਵ ਸਸ ਨਾ ਕੋਇ ਉਜਿਆਰਾ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਮਾਤ ਪਿਤ ਨਾ ਕੋਇ ਪਿਆਰਾ, ਭਾਈ ਭੈਣ ਨਾ ਕੋਇ ਦਸਾਈਆ। ਧੀਆਂ ਪੁੱਤਰ ਨਾ ਕੋਇ ਪਸਾਰਾ, ਨਾਰ ਕੰਤ ਨਾ ਕੋਇ ਹੰਢਾਈਆ। ਨਿਰਗੁਣ ਮੇਲਾ ਨਿਰਗੁਣ ਧਾਰਾ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਜੋਤ ਜਗੇ ਅਗੰਮ ਅਪਾਰਾ, ਕਾਇਆ ਮੰਦਰ ਆਪ ਸੁਹਾਈਆ। ਸੰਤ ਸੁਹੇਲੇ ਕਰ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਗੁਰਮੁਖ ਰਖਾਏ ਚਰਨ ਦਵਾਰਾ, ਚਰਨ ਚਰਨੋਦਕ ਮੁਖ ਚਵਾਈਆ। ਸਫ਼ਲ ਕਰਾਏ ਕੁੱਖ ਵਿਚ ਸੰਸਾਰਾ, ਜੋ ਜਨ ਰਹੇ ਸਰਨਾਈਆ। ਮਨਮੁਖ ਲੁਕ ਲੁਕ ਵੇਖਣ ਭੇਵ ਨਾ ਪਾਇਣ ਹਰਿ ਕਰਤਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਈ ਹਲਕਾਈਆ। ਜਗਤ ਤ੍ਰਿਸਨਾ ਹਾਹਾਕਾਰਾ, ਦਿਵਸ ਰੈਣ ਰਹੀ ਕੁਰਲਾਈਆ। ਜੂਠਾ ਝੂਠਾ ਲਾਇਆ ਨਾਅਰਾ, ਚਾਰੋਂ ਕੁੰਟ ਸੁਣਾਈਆ । ਨਾਤਾ ਤੁੱਟਾ ਪਰਵਰਦਿਗਾਰਾ, ਮਿਲਿਆ ਮੇਲ ਨਾ ਸਾਚੇ ਮਾਹੀਆ। ਵਿਭਚਾਰ ਹੋਈ ਨਾਰ ਕਮਜ਼ਾਤਾ, ਉਤਮ ਜ਼ਾਤਾ ਨਾ ਕੋਇ ਬਣਾਈਆ। ਪਾਇਆ ਦਰਸ ਨਾ ਪੁਰਖ ਬਿਧਾਤਾ, ਮਾਨਸ ਮਾਨੁਖ ਗਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗ ਜੁਗ ਆਪਣੀ ਕਾਰ ਕਮਾਈਆ। ਕਾਰ ਕਰਾਏ ਹਰਿ ਹਰਿ ਮੀਤਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਜਾਣੇ ਆਪਣੀ ਰੀਤਾ, ਆਪ ਆਪਣੀ ਬਣਤ ਬਣਾਇਆ। ਆਪੇ ਠਾਂਡਾ ਆਪੇ ਸੀਤਾ, ਆਪੇ ਅਗਨੀ ਤੱਤ ਜਲਾਇਆ। ਆਪੇ ਮਨ ਮਤ ਵੇਖੇ ਆਪਣੀ ਰੀਤਾ, ਆਪੇ ਸਾਂਤਕ ਸਤਿ ਕਰਾਇਆ। ਆਪੇ ਵੇਦ ਪੁਰਾਨ ਸ਼ਾਸਤਰ ਗਾਏ ਗੀਤਾ, ਅੰਜੀਲ ਕੁਰਾਨ ਆਪ ਅਲਾਇਆ। ਆਪੇ ਵਸਿਆ ਹਸਤ ਕੀਟਾ, ਊਚਾਂ ਨੀਚਾਂ ਡੇਰਾ ਲਾਇਆ। ਆਪੇ ਖਾਣੀ ਬਾਣੀ ਵਸੇ ਹਰਿ ਹਰਿ ਮੀਠਾ, ਹਰਿ ਮੀਠਾ ਨਾਮ ਉਪਾਇਆ। ਆਪੇ ਸ਼ਬਦ ਅਨਾਦੀ ਗਾਏ ਅਨਡੀਠਾ, ਲਿਖਤ ਪੜ੍ਹਨ ਵਿਚ ਨਾ ਆਇਆ। ਆਪੇ ਤ੍ਰੈਗੁਣ ਮਾਇਆ ਤਪਿਆ ਅੰਗੀਠਾ, ਲੱਖ ਚੁਰਾਸੀ ਦਏ ਜਲਾਇਆ। ਆਪੇ ਕੌੜਾ ਕਰੇ ਮਿਠਾ ਰੀਠਾ, ਗੁਰਮੁਖ ਸਾਚੇ ਲਏ ਤਰਾਇਆ। ਆਪੇ ਪਰਖਣਹਾਰਾ ਨੀਤਾ, ਨਿਝ ਘਰ ਬੈਠਾ ਸੇਜ ਵਛਾਇਆ। ਆਪੇ ਪਤਤ ਆਪ ਪੁਨੀਤਾ, ਪਤਤ ਪਾਪੀ ਆਪ ਅਖਵਾਇਆ। ਆਪੇ ਮੰਦਰ ਮਸਜਿਦ ਦੇਹੁਰਾ ਗੁਰੂਦਵਾਰ ਮੱਠ ਮਸੀਤਾ, ਸ਼ਿਵਦਵਾਲਾ ਆਪ ਉਪਾਇਆ। ਆਪੇ ਰਾਮਾ ਆਪੇ ਸੀਤਾ, ਆਪੇ ਰਾਧਾ ਕ੍ਰਿਸ਼ਨ ਹੰਢਾਇਆ। ਆਪੇ ਭਗਤ ਸੰਤ ਰਹੇ ਅਤੀਤਾ, ਰਾਮ ਨਾਮ ਆਪ ਦ੍ਰਿੜਾਇਆ। ਆਪੇ ਈਸਾ ਮੂਸਾ ਵੇਸ ਕੀਤਾ, ਆਪ ਆਪਣੀ ਅਲਖ ਜਗਾਇਆ। ਆਪੇ ਸੰਗ ਮੁਹੰਮਦ ਚਾਰ ਯਾਰ ਵਸਿਆ ਚੀਤਾ, ਅੱਲਾ ਰਾਣੀ ਆਪ ਪਰਨਾਇਆ। ਆਪੇ ਨਿਰਗੁਣ ਨਾਨਕ ਖੇਵਟ ਖੇਟਾ, ਪਾਰਬ੍ਰਹਮ ਵੇਸ ਵਟਾਇਆ। ਆਪੇ ਗੋਬਿੰਦ ਦਸ ਦਸ ਮੀਤਾ, ਘਰ ਸਾਚਾ ਇਕ ਵਖਾਇਆ। ਵਰਨ ਬਰਨ ਆਪੇ ਜਾਣੇ ਆਪਣੀ ਰੀਤਾ, ਜੁਗ ਜੁਗ ਆਪਣੀ ਧਾਰ ਚਲਾਇਆ। ਜਨ ਭਗਤਾਂ ਵਸਿਆ ਕਾਇਆ ਮੰਦਰ ਤਨ ਤਨ ਮਨ ਮਨ ਚੀਤਾ, ਤਨ ਮਨ ਭਰਮ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਖੇਲ ਖਲਾਇਆ। ਸਰਗੁਣ ਮੇਲਾ ਹਰਿ ਕਰਤਾਰਾ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਖੇਲੇ ਖੇਲ ਅਪਾਰਾ, ਆਪਣੀ ਕਲ ਵਰਤਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਨਾਮ ਨਾਮ ਨਾਮ ਭੰਡਾਰਾ, ਹਰਿ ਨਾਮਾ ਆਪ ਵਰਤਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਏਕਾ ਨਾਅਰਾ ਲਾਇੰਦਾ। ਗੁਰੂ ਗੁਰੂ ਗੁਰ ਅਵਤਾਰਾ, ਪਾਰਬ੍ਰਹਮ ਵੇਸ ਵਟਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਨਾ ਜਨਮੇ ਨਾ ਮਰੇ ਆਵੇ ਜਾਵੇ ਵਾਰੋ ਵਾਰਾ, ਸਰਗੁਣ ਨਿਰਗੁਣ ਵੇਖ ਵਖਾਇੰਦਾ। ਬ੍ਰਹਮ ਪਾਰਬ੍ਰਹਮ ਏਕਾ ਧਾਰਾ, ਏਕਾ ਰੰਗ ਰੰਗਾਇੰਦਾ। ਕੂੜੀ ਕਿਰਿਆ ਮੇਟ ਪਸਾਰਾ, ਸਤਿ ਸਤਿ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਅੰਤਮ ਡੇਰਾ ਢਾਇੰਦਾ। ਚਾਰੋਂ ਕੁੰਟ ਪਾਵੇ ਸਾਰਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਆਪ ਉਠਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਉਠਾਏ ਏਕਾ ਵਾਰਾ, ਏਕਾ ਧੱਕਾ ਲਾਇੰਦਾ। ਮੱਕਾ ਕਾਅਬਾ ਪਾਏ ਸਾਰਾ, ਦੋ ਦੋ ਆਬਾ ਵੇਖ ਵਖਾਇੰਦਾ। ਹੱਕ ਜਨਾਬ ਪਰਵਰਦਿਗਾਰਾ, ਖ਼ਲਕ ਖ਼ੁਦਾਈ ਵਿਚ ਸਮਾਇੰਦਾ। ਖ਼ਾਲਕ ਖ਼ਲਕ ਇਕ ਪਿਆਰਾ, ਏਕਾ ਘਰ ਵਖਾਇੰਦਾ। ਏਕਾ ਹੱਕ ਬਹੱਕ ਲਾਏ ਨਾਅਰਾ, ਹੱਕ ਹਕੀਕਤ ਇਕ ਜਣਾਇੰਦਾ। ਲਾਸ਼ਰੀਕ ਇਕ ਨਿਰੰਕਾਰਾ, ਵਾਹਦ ਖ਼ੁਦਾ ਆਪ ਅਖਵਾਇੰਦਾ। ਰਾਮ ਕ੍ਰਿਸ਼ਨ ਰੂਪ ਹਰਿ ਨਿਰੰਕਾਰਾ, ਵੇਸ ਵੇਸੀ ਆਪ ਵਟਾਇੰਦਾ। ਦੇਸ ਪਰਦੇਸਾ ਬੋਲ ਜੈਕਾਰਾ, ਜੁਗ ਜੁਗ ਆਪਣੀ ਅਲਖ ਜਗਾਇੰਦਾ। ਅੰਜੀਲ ਕੁਰਾਨ ਕਰ ਤਿਆਰਾ, ਤੀਸ ਬਤੀਸ ਆਪੇ ਗਾਇੰਦਾ। ਰਾਗ ਛਤੀਸ ਹੋ ਉਜਿਆਰਾ, ਘਰ ਘਰ ਮੰਗਲ ਸੁਣਾਇੰਦਾ। ਪੁਰਾਨ ਅਠਾਰਾਂ ਕਰ ਤਿਆਰਾ, ਵੇਦ ਵਿਆਸਾ ਰੰਗ ਰੰਗਾਇੰਦਾ। ਚਾਰੇ ਵੇਦਾਂ ਖ਼ਬਰਦਾਰਾ, ਚਾਰੇ ਯੁਗ ਸੇਵ ਕਮਾਇੰਦਾ। ਬ੍ਰਹਮਾ ਵੇਤਾ ਬਣ ਵਰਤਾਰਾ, ਜਗਤ ਭੰਡਾਰਾ ਹੱਥ ਰਖਾਇੰਦਾ। ਵਿਸ਼ਨੂੰ ਦੇਵੇ ਇਕ ਸਹਾਰਾ, ਏਕਾ ਕਰਮ ਕਮਾਇੰਦਾ। ਸ਼ੰਕਰ ਤੇਰਾ ਖੇਲ ਨਿਆਰਾ, ਪ੍ਰਭ ਸਾਚੀ ਸੇਵ ਲਾਇੰਦਾ। ਨਿਰਗੁਣ ਵਸਿਆ ਸਭ ਤੋਂ ਬਾਹਰਾ, ਆਦਿ ਜੁਗਾਦੀ ਨਾਉਂ ਧਰਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਰ ਘਰ ਡੰਕ ਵਜਾਇੰਦਾ। ਸਾਧਾਂ ਸੰਤਾਂ ਪਾਵੇ ਸਾਰਾ, ਆਪ ਆਪਣਾ ਦਰ ਸੁਹਾਇੰਦਾ। ਕਲਜੁਗ ਅੰਤਮ ਕੂੜੋ ਕੂੜ ਵੇਖ ਪਸਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸ਼ਬਦ ਗੁਰ ਲਏ ਅਵਤਾਰਾ, ਜੋਤ ਨਿਰੰਜਣ ਸੇਵਾ ਲਾਇੰਦਾ। ਆਦਿ ਨਿਰੰਜਣ ਪਾਏ ਸਾਰਾ, ਏਕਾ ਦਰ ਖੁਲ੍ਹਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਸੋ ਪੁਰਖ ਨਿਰੰਜਣ ਹੱਥ ਉਠਾਇੰਦਾ। ਹੰ ਹੰਗਤਾ ਕਰੇ ਖੁਆਰਾ, ਏਕਾ ਬ੍ਰਹਮ ਵਖਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰਾ, ਜ਼ਾਤ ਪਾਤ ਨਾ ਕੋਈ ਬਣਾਇੰਦਾ। ਏਕਾ ਸ਼ਬਦ ਏਕਾ ਨਾਅਰਾ, ਏਕਾ ਕਲਮਾ ਅਮਾਮ ਪੜ੍ਹਾਇੰਦਾ। ਏਕਾ ਰਾਮ ਕ੍ਰਿਸ਼ਨ ਕਰ ਪਿਆਰਾ, ਨਾਨਕ ਗੋਬਿੰਦ ਵੇਖ ਵਖਾਇੰਦਾ। ਸੋਹੰ ਸ਼ਬਦ ਹਰਿ ਅਪਾਰਾ, ਆਦਿ ਜੁਗਾਦੀ ਆਪ ਚਲਾਇੰਦਾ। ਸਤਿਜੁਗ ਤੇਰੀ ਬੰਨੇ ਧਾਰਾ, ਆਪ ਆਪਣੀ ਕਲ ਵਰਤਾਇੰਦਾ। ਨੌ ਖੰਡ ਪ੍ਰਿਥਮੀ ਇਕ ਜੈਕਾਰਾ, ਸੱਤਾਂ ਦੀਪਾਂ ਆਪ ਜਣਾਇੰਦਾ। ਸਰਬ ਜੀਆਂ ਦਾ ਇਕ ਭੰਡਾਰਾ, ਏਕਾ ਹਰਿ ਵਰਤਾਇੰਦਾ। ਬੁੱਧ ਬਿਬੇਕੀ ਕਰ ਅਧਾਰਾ, ਸਾਂਤਕ ਸਤਿ ਰਖਾਇੰਦਾ। ਰਾਜਸ ਰਾਜ ਜੋਗ ਇਕ ਅਧਾਰਾ, ਏਕਾ ਮਾਰਗ ਲਾਇੰਦਾ। ਤਾਮਸ ਤ੍ਰਿਸਨਾ ਕਰ ਖੁਵਾਰਾ, ਕਲਜੁਗ ਝੋਲੀ ਪਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਸਵੱਛ ਸਰੂਪੀ ਦਰਸ ਦਿਖਾਇੰਦਾ। ਸਚ ਸਿੰਘਾਸਣ ਬੈਠ ਆਪ ਕਰਤਾਰਾ, ਜਰਮ ਕਰਮ ਧਰਮ ਸਰਬ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਦਰ ਘਰ ਏਕਾ ਏਕ ਬੁਝਾਇੰਦਾ। ਦੇਵਣਹਾਰਾ ਸਾਚੀ ਵੱਥ, ਏਕਾ ਪੁਰਖ ਅਕਾਲਿਆ। ਸਰਬ ਕਲ ਆਪੇ ਸਮਰਥ, ਦੀਨ ਮਜ਼੍ਹਬ ਦੀਨ ਦਿਆਲਿਆ। ਹਰਿਜਨ ਚੜ੍ਹਾਏ ਨਾਮ ਰਥ, ਜੁਗ ਜੁਗ ਅਵੱਲੜੀ ਚਾਲਿਆ। ਸ਼ਬਦ ਜਣਾਈ ਮਹਿਮਾ ਅਕਥ, ਕਾਇਆ ਮੰਦਰ ਸੱਚੀ ਧਰਮਸਾਲਿਆ। ਜਗਤ ਵਿਕਾਰਾ ਪਾਏ ਨੱਥ, ਡੋਰੀ ਆਪਣੇ ਹੱਥ ਰਖਾ ਲਿਆ। ਲਹਿਣਾ ਦੇਣਾ ਚੁਕਾਏ ਮਸਤਕ ਮੱਥ, ਪੂਰਬ ਝੋਲੀ ਆਪ ਭਰਾ ਰਿਹਾ। ਹਉਮੇ ਹੰਗਤਾ ਬੁਰਜ ਜਾਏ ਢੱਠ, ਜਿਸ ਜਨ ਰਸਨਾ ਸੋਹੰ ਗਾ ਲਿਆ। ਲੇਖਾ ਚੁਕੇ ਤੀਰਥ ਅਠਸਠ, ਚਰਨ ਧੂੜ ਜਨ ਨੁਹਾ ਲਿਆ। ਸਾਚੀ ਪੂਜਾ ਪਾਠ, ਅੱਖਰ ਵੱਖਰ ਇਕ ਸੁਣਾ ਲਿਆ। ਮੇਟੇ ਰੈਣ ਅੰਧੇਰੀ ਰਾਤ, ਗੁਰ ਸ਼ਬਦੀ ਚੰਦ ਚੜ੍ਹਾ ਲਿਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਾਮ ਪਿਆਲਾ ਆਪ ਪਿਆ ਲਿਆ। ਆਪ ਜਣਾਏ ਆਪਣੀ ਗਾਥ, ਆਪਣਾ ਮਾਰਗ ਆਪ ਸਿਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਇਕ ਸੁਹਾ ਲਿਆ। ਘਰ ਮੰਦਰ ਸਚ ਦਵਾਰਾ, ਹਰਿ ਸੱਜਣ ਵੇਖ ਵਖਾਈਆ। ਦਰਸ ਦਿਖਾਏ ਅਗੰਮ ਅਪਾਰਾ, ਆਪ ਆਪਣਾ ਰੂਪ ਵਟਾਈਆ। ਨੇਤਰ ਜੋਤ ਕਰ ਉਜਿਆਰਾ, ਦਿਬ ਨੇਤਰ ਆਪ ਖੁਲਾਈਆ। ਸ਼ਬਦੀ ਸ਼ਬਦ ਸ਼ਬਦ ਭੰਡਾਰਾ, ਗੁਰ ਸਤਿਗੁਰ ਝੋਲੀ ਪਾਈਆ। ਸੰਤਨ ਸਤਿ ਸਤਿ ਮੀਤ ਮੁਰਾਰਾ, ਸਤਿ ਪੁਰਖ ਵੱਡੀ ਵਡਿਆਈਆ। ਖੇਲੇ ਖੇਲ ਏਕੰਕਾਰਾ, ਅਕਲ ਕਲ ਧਾਰੀ ਭੇਵ ਨਾ ਰਾਈਆ। ਜ਼ਾਤ ਅਜ਼ਾਤੀ ਵਸਿਆ ਬਾਹਰਾ, ਵਰਨ ਗੋਤ ਨਾ ਕੋਈ ਬਣਾਈਆ। ਊਚਾਂ ਨੀਚਾਂ ਕਰੇ ਇਕ ਪਿਆਰਾ, ਗਰੀਬ ਨਿਮਾਣੇ ਗਲੇ ਲਗਾਈਆ। ਸਾਚੋ ਸਚ ਸਚ ਵਰਤਾਰਾ, ਸਚ ਸੁੱਚ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਏਕਾ ਵਰ, ਏਕਾ ਘਰ ਏਕਾ ਦਰ ਏਕਾ ਹਰਿ ਖੁਲ੍ਹਾਈਆ।
