Granth 08 Likhat 007: 29 Poh 2015 Bikarmi Massa Singh de Ghar Bal Pind Gurdaspur

੨੯ ਪੋਹ ੨੦੧੫ ਬਿਕ੍ਰਮੀ ਮੱਸਾ ਸਿੰਘ ਦੇ ਘਰ ਬਲ ਪਿੰਡ ਗੁਰਦਾਸਪੁਰ

ਹਰਿ ਪੁਰਖ ਸੁਲਤਾਨ, ਆਦਿ ਜੁਗਾਦਿਆ। ਹਰਿ ਪੁਰਖ ਮਿਹਰਵਾਨ, ਖੇਲੇ ਖੇਲ ਬ੍ਰਹਿਮਾਦਿਆ। ਹਰਿ ਦੇਵਣਹਾਰਾ ਹਰਿ ਹਰਿ ਦਾਨ, ਦਾਤਾ ਦਾਨੀ ਆਦਿ ਜੁਗਾਦਿਆ। ਹਰਿ ਵਸੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਜਾਏ ਆਪਣਾ ਨਾਦਿਆ। ਸ਼ਬਦ ਨਾਦਿ ਸਾਚੀ ਤੂਰ, ਹਰਿ ਹਰਿ ਆਪ ਵਜਾਇੰਦਾ। ਸਰਬ ਕਲਾ ਆਪੇ ਭਰਪੂਰ, ਏਕਾ ਏਕ ਅਖਵਾਇੰਦਾ। ਆਪੇ ਨੇੜੇ ਆਪੇ ਦੂਰ, ਹਰ ਘਟ ਆਪ ਸਮਾਇੰਦਾ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਏਕਾ ਰੂਪ ਵਟਾਇੰਦਾ। ਨਾਤਾ ਤੋੜੇ ਕੂੜੋ ਕੂੜ, ਜੁਗ ਜੁਗ ਖੇਲ ਖਿਲਾਇੰਦਾ। ਹਰਿ ਸੰਤਨ ਦੇਵੇ ਸਾਚੀ ਧੂੜ, ਸਤਿਗੁਰ ਨਾਉਂ ਉਪਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਇੰਦਾ। ਆਦਿ ਨਿਰੰਜਣ ਸਰਬ ਸੁੱਖ ਦਾਤਾ, ਏਕਾ ਏਕ ਅਖਵਾ ਰਿਹਾ। ਖੇਲੇ ਖੇਲ ਪੁਰਖ ਬਿਧਾਤਾ, ਲੋਕਮਾਤ ਲੈ ਅਵਤਾਰਿਆ। ਜਨ ਭਗਤਾਂ ਚਰਨ ਪ੍ਰੀਤੀ ਨਿਭੇ ਨਾਤਾ, ਮੇਲ ਮਿਲਾਏ ਵਿਚ ਸੰਸਾਰਿਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਕਾਇਆ ਕਰੇ ਠੰਡੀ ਠਾਰਿਆ। ਮਿਟੇ ਰੈਣ ਅੰਧੇਰੀ ਰਾਤਾ, ਨਿਰਗੁਣ ਜੋਤੀ ਇਕ ਜਗਾ ਰਿਹਾ। ਬੈਠਾ ਰਹੇ ਇਕ ਅਕਾਂਤਾ, ਏਕਾ ਦਰ ਸੁਹਾ ਰਿਹਾ। ਘਟ ਘਟ ਅੰਦਰ ਮਾਰੇ ਝਾਤਾ, ਆਪ ਆਪਣਾ ਮੁਖ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾ ਰਿਹਾ। ਆਦਿ ਜੁਗਾਦੀ ਹਰਿ ਹਰਿ ਮੀਤਾ, ਪੁਰਖ ਨਿਰੰਜਣ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਰੀਤਾ, ਆਪੇ ਮਾਰਗ ਲਾਇੰਦਾ। ਆਪੇ ਪਰਖਣਹਾਰਾ ਨੀਤਾ, ਲੱਖ ਚੁਰਾਸੀ ਵੇਖ ਵਖਾਇੰਦਾ। ਆਪੇ ਹਸਤ ਆਪੇ ਕੀਟਾ, ਆਪੇ ਖ਼ਾਕੀ ਖ਼ਾਕ ਸਮਾਇੰਦਾ। ਆਪੇ ਵਸਿਆ ਧਾਮ ਅਨਡੀਠਾ, ਨੇਹਚਲ ਧਾਮ ਇਕ ਸੁਹਾਇੰਦਾ। ਆਪ ਤਪਾਏ ਤ੍ਰੈਗੁਣ ਅੰਗੀਠਾ, ਪੰਜ ਤੱਤ ਆਪ ਜਲਾਇੰਦਾ। ਆਪੇ ਜਾਣੇ ਆਪਣਾ ਭਾਣਾ ਮੀਠਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਧਾਰ ਅਵੱਲੀ ਹਰਿ ਨਿਰੰਕਾਰ, ਆਦਿ ਜੁਗਾਦਿ ਚਲਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਏਕ ਅਨੇਕਾ ਵੇਸ ਵਟਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਧੁਨ ਅਨਾਦੀ ਨਾਅਰਾ ਲਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਸੁਨ ਸਮਾਧੀ ਕਰ ਉਜਿਆਰ, ਧੂੰਆਂਧਾਰ ਮਿਟਾਈਆ। ਰਵ ਸਸ ਸੇਵਾਦਾਰ, ਸੇਵਕ ਸੇਵ ਲਗਾਈਆ। ਬ੍ਰਹਮਾ ਵਿਸ਼ਨ ਖ਼ਬਰਦਾਰ, ਸ਼ਿਵ ਸ਼ੰਕਰ ਬੂਝ ਬੁਝਾਈਆ। ਕਰੋੜ ਤੇਤੀਸਾ ਦਰ ਭਿਖਾਰ, ਸੁਰਪਤ ਰਾਜਾ ਇੰਦ ਮੰਗ ਮੰਗਾਈਆ। ਲੋਆਂ ਪੁਰੀਆਂ ਦਏ ਸਹਾਰ, ਨਾਮ ਡੋਰੀ ਬੰਧਨ ਪਾਈਆ। ਗਗਨ ਪਤਾਲਾਂ ਖੇਲ ਅਪਾਰ, ਧਰਤ ਧਵਲ ਸੁਹਾਈਆ। ਅਕਾਸ਼ ਪਰਕਾਸ਼ ਵੇਖੇ ਚੰਦ ਸਤਾਰ, ਮੰਡਲ ਮੰਡਪ ਡੇਰਾ ਲਾਈਆ। ਲੱਖ ਚੁਰਾਸੀ ਕਰੇ ਆਪੇ ਦਾਸ, ਘਰ ਘਰ ਵਿਚ ਆਪ ਟਿਕਾਈਆ। ਆਪੇ ਪਵਣ ਆਪੇ ਸਵਾਸ, ਆਪੇ ਰਸਨ ਚਲਾਈਆ। ਆਪੇ ਕਰੇ ਬੰਦ ਖਲਾਸ, ਬੰਦੀਖਾਨੇ ਆਪੇ ਪਾਈਆ। ਆਦਿ ਪੁਰਖ ਇਕ ਅਬਿਨਾਸ਼, ਅਬਿਨਾਸ਼ੀ ਕਰਤਾ ਵਡ ਵਡਿਆਈਆ। ਜੁਗ ਜੁਗ ਵੇਖੇ ਖੇਲ ਤਮਾਸ਼, ਜੁਗ ਕਰਤਾ ਖੇਲ ਖਿਲਾਈਆ। ਆਪ ਉਪਜਾਏ ਆਪੇ ਕਰੇ ਨਾਸ, ਨਾ ਕੋਈ ਦੂਸਰ ਸੰਗ ਰਲਾਈਆ। ਗੁਣਵੰਤਾ ਸਰਬ ਗੁਣਤਾਸ, ਗੁਣ ਨਿਧਾਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਏਕੰਕਾਰਾ ਨਾਉਂ ਧਰਾਈਆ। ਏਕੰਕਾਰਾ ਹਰਿ ਭਗਵਾਨਾ, ਏਕਾ ਜੋਤ ਜਗਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਸ਼ਬਦ ਅਲਾਇੰਦਾ। ਏਕਾ ਸ਼ਾਹ ਭੂਪ ਸੁਲਤਾਨਾ, ਏਕਾ ਤਖ਼ਤ ਸੁਹਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਆਸਣ ਲਾਇੰਦਾ। ਏਕਾ ਸੂਰਬੀਰ ਨੌਜਵਾਨਾ, ਏਕਾ ਹੁਕਮ ਚਲਾਇੰਦਾ। ਏਕਾ ਖੇਲੇ ਖੇਲ ਦੋ ਜਹਾਨਾ, ਦਿਸ ਕਿਸੇ ਨਾ ਆਇੰਦਾ। ਏਕਾ ਰਸਨਾ ਚਿੱਲਾ ਤੀਰ ਕਮਾਨਾ, ਏਕਾ ਹੱਥ ਉਠਾਇੰਦਾ। ਏਕਾ ਲੱਖ ਚੁਰਾਸੀ ਬੰਨੇ ਗਾਨਾ, ਏਕਾ ਸਗਨ ਮਨਾਇੰਦਾ। ਏਕਾ ਜੇਰਜ ਅੰਡ ਭਵਾਨਾ, ਉਤਭੁਜ ਸੇਤਜ ਇਕ ਫਿਰਾਇੰਦਾ। ਏਕਾ ਵਰਨ ਬਰਨ ਬਨਾਣਾ, ਊਚ ਨੀਚ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਧਾਰ ਅਗੰਮੀ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਖੇਲੇ ਖੇਲ ਵਿਚ ਸੰਸਾਰ, ਜੁਗ ਜੁਗ ਵੇਸ ਵਟਾਈਆ। ਕਲਜੁਗ ਤੇਰਾ ਭੇਵ ਨਿਆਰ, ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਗਈ ਹਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਹਰਿ ਹਰਿ ਨੂਰ ਜੋਤ ਉਜਾਲਾ, ਹਰਿ ਹਰਿ ਆਪ ਕਰਾਇੰਦਾ। ਪਰਗਟ ਹੋਇਆ ਦੀਨ ਦਿਆਲਾ, ਦਇਆ ਨਿਧ ਆਪ ਅਖਵਾਇੰਦਾ। ਵਸਣਹਾਰਾ ਸੱਚੀ ਧਰਮਸਾਲਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਭਗਤਨ ਮੀਤਾ ਸਤਿ ਰਖਵਾਲਾ, ਨਿਤ ਨਵਿਤ ਵੇਸ ਵਟਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣਹਾਰਾ, ਏਕਾ ਏਕ ਅਵਤਾਰਿਆ। ਜੋਤੀ ਜਾਮਾ ਭੇਖ ਨਿਆਰਾ, ਦਿਸ ਕਿਸੇ ਨਾ ਆ ਰਿਹਾ। ਡੰਕ ਵਜਾਏ ਸ਼ਬਦ ਅਪਾਰਾ, ਸਚ ਨਗਾਰਾ, ਇਕ ਸੁਣਾ ਰਿਹਾ। ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰਾ, ਲੋਆਂ ਪੁਰੀਆਂ ਆਪ ਜਗਾ ਰਿਹਾ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਸੱਤਾਂ ਦੀਪਾਂ ਆਪ ਉਠਾ ਰਿਹਾ। ਸਾਧਾਂ ਸੰਤਾਂ ਕਰ ਪਿਆਰਾ, ਆਤਮ ਬ੍ਰਹਮ ਜਣਾ ਰਿਹਾ। ਮੇਟ ਮਿਟਾਏ ਧੁੰਧੂਕਾਰਾ, ਸਚ ਗਿਆਨ ਦ੍ਰਿੜਾ ਰਿਹਾ। ਦੀਪਕ ਜੋਤੀ ਕਰ ਉਜਿਆਰਾ, ਜੋਤ ਨਿਰੰਜਣ ਸੇਵਾ ਲਾ ਰਿਹਾ। ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਰਾ, ਕਾਇਆ ਮੰਦਰ ਤਾਲ ਵਜਾ ਰਿਹਾ। ਅੰਮ੍ਰਿਤ ਆਤਮ ਦੇਵੇ ਠੰਡੀ ਠਾਰਾ, ਨਾਮ ਪਿਆਲਾ ਭਰ ਪਿਆ ਰਿਹਾ। ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਸ਼ਬਦ ਖੰਡਾ ਆਪ ਉਠਾ ਰਿਹਾ। ਖੋਲ੍ਹਣਹਾਰਾ ਬੰਦ ਕਿਵਾੜਾ, ਬਜਰ ਕਪਾਟੀ ਆਪ ਤੁੜਾ ਰਿਹਾ। ਆਤਮ ਸੇਜਾ ਕਰ ਪਿਆਰਾ, ਹਰਿਜਨ ਸਾਚੇ ਆਪ ਜਗਾ ਰਿਹਾ। ਸਾਚੀ ਸੇਜਾ ਪੈਰ ਪਸਾਰਾ, ਨਿਰਗੁਣ ਨਿਰਗੁਣ ਡੇਰਾ ਲਾ ਰਿਹਾ। ਏਕਾ ਦਰ ਏਕਾ ਘਰ ਏਕਾ ਹਰਿ ਮਿਲੇ ਮੇਲ ਕੰਤ ਭਤਾਰਾ, ਘਰ ਸਾਚੇ ਮੰਗਲ ਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣਾ ਨਾਉਂ ਧਰਾ ਲਿਆ। ਨਾਉਂ ਅਵੱਲਾ ਹਰਿ ਨਿਰੰਕਾਰ, ਆਦਿ ਜੁਗਾਦਿ ਰਖਾਇੰਦਾ। ਵਲ ਛਲ ਸਰਬ ਸੰਸਾਰ, ਵੇਦ ਕਤੇਬ ਨਾ ਕੋਈ ਲਿਖਾਇੰਦਾ। ਇਕ ਅਕੱਲਾ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੋਲਾਇੰਦਾ। ਸਚ ਮਹੱਲਾ ਕਰ ਤਿਆਰ, ਨਿਰਗੁਣ ਦੀਵਾ ਬੱਤੀ ਇਕ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕਾ ਹਰਿ ਸਮਰਥ, ਅਕਲ ਕਲਾ ਅਖਵਾਈਆ। ਸ਼ਬਦ ਜਣਾਈ ਮਹਿਮਾ ਅਕੱਥ, ਭੇਵ ਕੋਈ ਨਾ ਪਾਈਆ। ਆਪ ਚਲਾਏ ਆਪਣਾ ਰਥ, ਵਡ ਦਾਤਾ ਬੇਪਰਵਾਹੀਆ। ਜਗਤ ਵਿਕਾਰਾ ਪਾਏ ਨੱਥ, ਮਾਇਆ ਮਮਤਾ ਮੋਹ ਤਜਾਈਆ। ਦੇਵਣਹਾਰਾ ਸਾਚੀ ਵੱਥ, ਸਚ ਭੰਡਾਰਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਕਰੇ ਜਣਾਈਆ। ਸਾਚਾ ਨਾਮ ਸ਼ਬਦ ਭੰਡਾਰਾ, ਹਰਿ ਸਤਿਗੁਰ ਆਪ ਵਰਤਾਇੰਦਾ। ਚਾਰੇ ਕੁੰਟਾਂ ਪਾਵੇ ਸਾਰਾ, ਦਹਿ ਦਿਸ਼ਾ ਵੇਖ ਵਖਾਇੰਦਾ। ਲੱਖ ਚੁਰਾਸੀ ਦਏ ਅਧਾਰਾ, ਏਕਾ ਨਾਮ ਧਰਾਇੰਦਾ। ਸਾਚੇ ਕੰਡੇ ਤੋਲੇ ਤੋਲਣਹਾਰਾ, ਤੇਰਾਂ ਤੇਰੀ ਧਾਰ ਚਲਾਇੰਦਾ। ਗੁਰ ਨਾਨਕ ਬੋਲੇ ਬੋਲਣਹਾਰਾ, ਏਕਾ ਬੋਲਾ ਰਸਨ ਅਲਾਇੰਦਾ। ਕਾਇਆ ਚੋਲਾ ਨਾ ਕੋਈ ਪਿਆਰਾ, ਜੋਤੀ ਸ਼ਬਦੀ ਮੇਲ ਮਿਲਾਇੰਦਾ। ਸੋਹੰ ਢੋਲਾ ਬੋਲ ਜੈਕਾਰਾ, ਨਿਰਗੁਣ ਨਿਰਗੁਣ ਦਰਸ਼ਨ ਪਾਇੰਦਾ । ਆਪੇ ਬੈਠਾ ਸਚ ਦਵਾਰਾ, ਅਬਿਨਾਸ਼ੀ ਕਰਤਾ ਪੁਰਖ ਮਨਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਅਲਖ ਅਲਖਨਾ ਦਰਸ ਦਿਖਾਇੰਦਾ। ਮੇਲ ਮਿਲਾਏ ਮੀਤ ਮੁਰਾਰਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਬੈਠ ਸੱਚੀ ਸਰਕਾਰਾ, ਸਾਚਾ ਧਾਮ ਸੁਹਾਇੰਦਾ। ਨਾਨਕ ਸਤਿਗੁਰ ਕਰ ਪਿਆਰਾ, ਏਕਾ ਵਸਤ ਝੋਲੀ ਪਾਇੰਦਾ। ਨਾਮ ਸਤਿ ਭਰ ਭੰਡਾਰਾ, ਆਪਣੀ ਦਇਆ ਕਮਾਇੰਦਾ। ਚਾਰ ਵਰਨ ਬਣ ਵਰਤਾਰਾ, ਊਚਾਂ ਨੀਚਾਂ ਝੋਲੀ ਪਾਇੰਦਾ। ਚਾੜ੍ਹੇ ਰੰਗ ਅਪਰ ਅਪਾਰਾ, ਜੋ ਜਨ ਰਸਨਾ ਗਾਇੰਦਾ। ਕਲਜੁਗ ਵੇਖੇ ਕੂੜ ਪਸਾਰਾ, ਅੰਤਮ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਬਣ ਭਿਖਾਰਾ, ਦਰ ਅੱਗੇ ਸੀਸ ਝੁਕਾਇੰਦਾ। ਚੌਥੇ ਜੁਗ ਹੋਇਆ ਜ਼ਾਹਿਰਾ, ਚੌਦਾਂ ਚੌਦਾਂ ਵੇਖ ਵਖਾਇੰਦਾ। ਚੌਦਾਂ ਤਬਕਾਂ ਇਕ ਪਿਆਰਾ, ਏਕਾ ਆਸਣ ਲਾਇੰਦਾ। ਚੌਦਾਂ ਸਦ ਮੇਲ ਭਤਾਰਾ, ਸਾਚਾ ਰਾਹ ਤਕਾਇੰਦਾ। ਅੰਤਮ ਛੱਡਣਾ ਪਏ ਸੰਸਾਰਾ, ਥਿਰ ਕੋਈ ਰਹਿਣ ਨਾ ਪਾਇੰਦਾ। ਆਪੇ ਡਿਗਾ ਚਰਨ ਦਵਾਰਾ, ਰੋ ਰੋ ਨੀਰ ਵਹਾਇੰਦਾ। ਸਤਿਗੁਰ ਨਾਨਕ ਕਰ ਪਿਆਰਾ, ਆਪਣੀ ਗੋਦ ਉਠਾਇੰਦਾ। ਏਕਾ ਜੋਤੀ ਦਸ ਅਵਤਾਰਾ, ਤੇਰਾ ਮੂਲ ਚੁਕਾਇੰਦਾ। ਰਾਣੀ ਅੱਲਾ ਲਾਏ ਨਾਅਰਾ, ਹੂ ਹੂ ਵੇਖ ਵਖਾਇੰਦਾ। ਐਨਲਹੱਕ ਹੋ ਖੁਵਾਰਾ, ਹੱਕ ਹਕੀਕਤ ਧੱਕਾ ਲਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਸ਼ਰਅ ਸ਼ਰੀਅਤ ਆਪ ਜਣਾਇੰਦਾ। ਲਾਸ਼ਰੀਕ ਵੇਖ ਸੰਸਾਰਾ, ਸਾਚਾ ਖੇਲ ਖਿਲਾਇੰਦਾ। ਨਬੀ ਰਸੂਲਾਂ ਪਾਰ ਕਿਨਾਰਾ, ਕੁਤਬ ਗੌਂਸ ਨਾ ਕੋਈ ਸਦਾਇੰਦਾ। ਮੁੱਲਾਂ ਸ਼ੇਖ਼ ਕਰਨ ਹਾਹਾਕਾਰਾ, ਬਗਲ ਕੁਰਾਨ ਉਠਾਇੰਦਾ। ਤੀਸ ਬਤੀਸ ਨਾ ਕਰੇ ਪਿਆਰਾ, ਸਚ ਮੁਸੱਲਾ ਨਾ ਕੋਈ ਵਿਛਾਇੰਦਾ। ਰੋਜ਼ਾ ਬਾਂਗ ਹਾਹਾਕਾਰਾ, ਘਰ ਘਰ ਆਪ ਕਰਾਇੰਦਾ। ਉਮਤ ਉਮਤੀ ਹੋਏ ਖੁਵਾਰਾ, ਨਾ ਕੋਈ ਧੀਰ ਧਰਾਇੰਦਾ। ਮੱਕਾ ਕਾਅਬਾ ਪਾਵੇ ਸਾਰਾ, ਦੋ ਦੋ ਆਬਾ ਵੇਖ ਵਖਾਇੰਦਾ। ਹੱਕ ਜਨਾਬਾ ਖੇਲ ਨਿਆਰਾ, ਆਪ ਆਪਣਾ ਖੇਲ ਖਿਲਾਇੰਦਾ। ਪੰਡਤ ਪਾਂਧੇ ਮਾਰੇ ਮਾਰਾ, ਜੂਠ ਝੂਠ ਰਹਿਣ ਨਾ ਪਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਹਰਿ ਕਾ ਭੇਵ ਖੁਲ੍ਹਾਇੰਦਾ । ਪਰਗਟ ਹੋਵੇ ਵਿਚ ਸੰਸਾਰਾ, ਪੂਤ ਸਪੂਤਾ ਨਾਉਂ ਰਖਾਇੰਦਾ। ਗੌੜ ਬ੍ਰਹਿਮਣ ਮੀਤ ਮੁਰਾਰਾ, ਉਚੇ ਟਿੱਲੇ ਨਾਅਰਾ ਲਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਏਕਾ ਜੋਤੀ ਡਗਮਗਾਇੰਦਾ। ਸਾਚੇ ਅਸਵ ਹੋ ਅਸਵਾਰਾ, ਸੋਲਾਂ ਕਲੀਆਂ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਸਚ ਸਿੰਘਾਸਣ ਡੇਰਾ ਲਾਇੰਦਾ। ਸਰਬ ਗੁਣ ਤਾਸ ਮੀਤ ਮੁਰਾਰਾ, ਆਦਿ ਪੁਰਖ ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਜੁਗ ਜੁਗ ਜਾਣੇ ਆਪਣੀ ਕਾਰਾ, ਆਪਣਾ ਕਰਮ ਕਮਾਇੰਦਾ। ਵੇਦ ਕਤੇਬ ਨਾ ਪਾਵਣ ਸਾਰਾ, ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ। ਕੋਟਨ ਕੋਟ ਮੰਗਣ ਦਰ ਦਵਾਰਾ, ਹਰਿ ਸਾਚਾ ਭਿਛਿਆ ਪਾਇੰਦਾ। ਆਪੇ ਸਤਿਗੁਰ ਗੁਰ ਅਵਤਾਰਾ, ਪਾਰਬ੍ਰਹਮ ਨਾ ਕੋਈ ਅਖਵਾਇੰਦਾ। ਆਪੇ ਨਰ ਨਰਾਇਣ ਹੋ ਉਜਿਆਰਾ, ਆਪ ਆਪਣੀ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਆਪ ਜਗਾ, ਆਪਣੀ ਦਇਆ ਕਮਾਈਆ। ਪੰਜ ਤੱਤ ਸਾਚਾ ਮੇਲ ਮਿਲਾ, ਨਾਨਕ ਨਿਰਗੁਣ ਵਿਚ ਸਮਾਈਆ। ਏਕਾ ਵਸਿਆ ਸਾਚੇ ਥਾਂ, ਥਾਨ ਥਨੰਤਰ ਡੇਰਾ ਲਾਈਆ। ਸ਼ਬਦ ਅਨਾਦੀ ਏਕਾ ਗਾ, ਇਕ ਸਤਾਰ ਹਿਲਾਈਆ। ਬੋਧ ਅਗਾਧੀ ਭੇਵ ਖੁਲ੍ਹਾ, ਲੱਖ ਚੁਰਾਸੀ ਰਿਹਾ ਸਮਝਾਈਆ। ਮੋਹਣ ਮਾਧਵ ਮਾਧੀ ਮੇਲ ਮਿਲਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖ ਵਖਾਈਆ। ਵੇਖਣਹਾਰਾ ਨਿਰਗੁਣ ਧਾਰ, ਏਕਾ ਪੁਰਖ ਅਕਾਲ। ਸਾਚੇ ਸੰਤਾਂ ਕਰੇ ਪਿਆਰ, ਦੀਨਾਂ ਬੰਧਪ ਦੀਨ ਦਿਆਲ। ਏਕਾ ਬਖ਼ਸ਼ੇ ਅੰਮ੍ਰਿਤ ਧਾਰ, ਨੇੜ ਨਾ ਆਏ ਕਾਲ ਮਹਾਂਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੋੜਨਹਾਰਾ ਜਗਤ ਜੰਜਾਲ। ਕਲਜੁਗ ਤੇਰਾ ਜਗਤ ਜੰਜਾਲਾ, ਤ੍ਰੈਗੁਣ ਬੰਧਨ ਪਾਇਆ। ਸ੍ਰਿਸ਼ਟ ਸਬਾਈ ਹੋਏ ਬੇਹਾਲਾ, ਪੰਜ ਤੱਤ ਵਿਕਾਰਾ ਛਾਇਆ। ਨਾ ਕੋਈ ਸ਼ਾਹ ਨਾ ਕੰਗਾਲਾ, ਧਰਮ ਹੱਟ ਨਾ ਕੋਈ ਖੁਲ੍ਹਾਇਆ। ਨਾ ਕੋਈ ਜੋਤੀ ਅਗਨੀ ਸ਼ਕਤ ਜਵਾਲਾ, ਨਾ ਕੋਈ ਰੂਪ ਵਟਾਇਆ। ਨਾ ਕੋਈ ਮੇਲ ਮਿਲਾਏ ਹਰਿ ਗੋਪਾਲਾ, ਹਰਿ ਹਰਿ ਦਰਸ਼ਨ ਕਿਸੇ ਨਾ ਪਾਇਆ। ਗਲ ਅਠੋਤਰੀ ਏਕਾ ਮਾਲਾ, ਅਠ ਤੱਤ ਨਾ ਕੋਈ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਤੇਰਾ ਵੇਖਣ ਆਇਆ। ਕਲਜੁਗ ਤੇਰਾ ਕੂੜ ਪਸਾਰਾ, ਚਾਰ ਕੁੰਟ ਦੁਹਾਈਆ। ਭਰਮੇ ਭੁੱਲਾ ਸਰਬ ਸੰਸਾਰਾ, ਭਰਮ ਗੜ੍ਹ ਨਾ ਕੋਈ ਤੁੜਾਈਆ। ਹਰਿ ਕਾ ਸ਼ਬਦ ਨਾ ਕਿਸੇ ਵਿਚਾਰਾ, ਫੋਕਟ ਸਭ ਪੜ੍ਹਾਈਆ। ਧੁਨੀ ਨਾਦ ਨਾ ਸੁਣੇ ਅਨਹਦ ਧਾਰਾ, ਢੋਲਕ ਛੈਣੇ ਰਹੇ ਵਜਾਈਆ। ਅੰਮ੍ਰਿਤ ਮਿਲਿਆ ਨਾ ਠੰਡੀ ਠਾਰਾ, ਸਰ ਸਰੋਵਰ ਰਿਹਾ ਨੁਹਾਈਆ। ਦੁਰਮਤ ਮੈਲ ਨਾ ਕੋਈ ਉਤਾਰਾ, ਮਨਮਤ ਹੋਈ ਹਲਕਾਈਆ। ਨੇਤਰ ਲੋਚਣ ਨੈਣ ਦਰਸ ਨਾ ਪਾਇਆ ਪੁਰਖ ਕਰਤਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਈਆ। ਆਪਣਾ ਰੰਗ ਆਪੇ ਰੰਗ, ਆਪੇ ਵੇਖ ਵਖਾਇਆ। ਗੁਰਮੁਖਾਂ ਹੋਏ ਸਦਾ ਸੰਗ, ਸਗਲਾ ਸੰਗ ਨਿਭਾਇੰਦਾ। ਦੋ ਜਹਾਨਾਂ ਚੁੱਕੇ ਪੰਧ, ਸਾਚੇ ਦਰ ਬਹਾਇੰਦਾ। ਮੀਤਨ ਮੀਤ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਦਇਆ ਕਮਾਇੰਦਾ। ਲੇਖੇ ਲਾਏ ਰਸਨਾ ਜਿਹਵਾ ਬੱਤੀ ਦੰਦ, ਜੋ ਜਨ ਹਰਿ ਹਰਿ ਰਸਨ ਧਿਆਇੰਦਾ। ਜਗਤ ਤਜਾਏ ਮਦਿਰਾ ਮਾਸ ਗੰਦ, ਘਰ ਸਾਚਾ ਸੋਭਾ ਪਾਇੰਦਾ। ਆਪ ਉਪਜਾਏ ਪਰਮਾਨੰਦ, ਨਿਜਾਨੰਦ ਸਮਾਇੰਦਾ। ਸਤਿਗੁਰ ਸਾਚਾ ਪ੍ਰਕਾਸ਼ ਕਰੇ ਏਕਾ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਪੰਜ ਤੱਤ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤੀ ਨੂਰੋ ਨੂਰ ਦਿਵਸ ਰੈਣ ਡਗਮਗਾਇਆ। ਜੋਤੀ ਸ਼ਬਦ ਕਰ ਉਜਾਗਰ, ਹਰਿ ਹਰਿ ਕਰਮ ਕਮਾਇਆ। ਗੁਰਮੁਖ ਵਿਰਲੇ ਬਣੇ ਸੌਦਾਗਰ, ਮਨਮੁਖ ਜੀਵਾਂ ਦਿਸ ਨਾ ਆਇਆ। ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਆਪਣਾ ਮੇਲ ਮਿਲਾਇਆ। ਦੇਵੇ ਨਾਮ ਰੱਤੀ ਰਤਨਾਗਰ, ਕਾਇਆ ਚੋਲੀ ਰੰਗ ਚੜ੍ਹਾਇਆ। ਕਰੇ ਪਰਕਾਸ਼ ਕਾਇਆ ਗਾਗਰ, ਮਹੱਲ ਅਟੱਲ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਉਠਾਇਆ। ਗੁਰਮੁਖ ਸਾਚੇ ਹਰਿ ਹਰਿ ਮੇਲਾ, ਗੁਰ ਸਤਿਗੁਰ ਆਪ ਕਰਾਇਆ। ਆਪੇ ਗੁਰ ਆਪੇ ਚੇਲਾ, ਸਾਚੇ ਧਾਮ ਆਪ ਸੁਹਾਇਆ। ਅਚਰਜ ਖੇਲ ਪਾਰਬ੍ਰਹਮ ਖੇਲਾ, ਭੇਵ ਕੋਈ ਨਾ ਪਾਇਆ। ਦੋ ਜਹਾਨਾਂ ਸੱਜਣ ਸੁਹੇਲਾ, ਲੋਕਮਾਤ ਵੇਖ ਵਖਾਇਆ। ਕੱਟਣਹਾਰਾ ਲੱਖ ਚੁਰਾਸੀ ਧਰਮ ਰਾਏ ਦੀ ਜੇਲਾ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇਆ। ਗੁਰਮੁਖ ਸਾਜਣ ਸਚ ਦਵਾਰ, ਏਕਾ ਮੰਗਲ ਗਾਈਆ। ਮਨਮੁਖ ਜੀਵ ਦੁਸ਼ਟ ਦੁਰਾਚਾਰ, ਜਿਹਵਾ ਕਾਗ ਵਾਂਗ ਕੁਰਲਾਈਆ। ਹਰਿਜਨ ਮੇਲਾ ਇਕ ਕਰਤਾਰ, ਏਕਾ ਵੇਖ ਵਖਾਈਆ। ਮਨਮੁਖ ਭੁੱਲੇ ਜੀਵ ਗਵਾਰ, ਹਉਮੇ ਹੰਗਤਾ ਰੋਗ ਸਤਾਈਆ। ਗੁਰਮੁਖ ਸਾਜਣ ਕਰ ਉਜਿਆਰ, ਜੁਗ ਜੁਗ ਦੇਵੇ ਮਾਣ ਵਡਿਆਈਆ। ਮਨਮੁਖ ਜੀਵਾਂ ਦੇਵੇ ਮਾਰ, ਰਾਏ ਧਰਮ ਦਏ ਸਜਾਈਆ। ਗੁਰਮੁਖ ਸਾਜਣ ਕਰਿਆ ਖ਼ਬਰਦਾਰ, ਸਵੱਛ ਸਰੂਪੀ ਦਰਸ ਦਿਖਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਗੁਰਮੁਖਾਂ ਮੇਲਾ ਸਚ ਦਰਬਾਰ, ਸੱਚਖੰਡ ਦਵਾਰਾ ਇਕ ਵਖਾਈਆ। ਮਨਮੁਖਾਂ ਧੱਕਾ ਦੇਵੇ ਮਾਰ, ਸ਼ੌਹ ਦਰਯਾਏ ਆਪ ਡੁਬਾਈਆ। ਨਿਰਗੁਣ ਸਰਗੁਣ ਕਰ ਪਿਆਰ, ਸਾਚਾ ਚਲਤ ਚਲਾਈਆ। ਨਾਨਕ ਗੋਬਿੰਦ ਬਣ ਲਿਖਾਰ, ਲੇਖਾ ਗਏ ਲਿਖਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੰਬਲ ਨਗਰੀ ਡੇਰਾ ਲਾਈਆ। ਹਰਿ ਮੰਦਰ ਜੋਤੀ ਕਰ ਉਜਿਆਰ, ਅੰਦਰੇ ਅੰਦਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਉਭਾਰ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਚਾਰ ਵਰਨਾਂ ਸਾਂਝਾ ਯਾਰ, ਏਕੰਕਾਰਾ ਰੂਪ ਵਟਾਈਆ । ਬੇਐਬ ਖ਼ੁਦਾ ਪਰਵਰਦਿਗਾਰ, ਨੂਰੋ ਨੂਰ ਨੂਰ ਉਪਜਾਈਆ। ਰਾਮ ਰੂਪ ਆਪ ਕਰਤਾਰ, ਕਾਹਨਾ ਕ੍ਰਿਸ਼ਨਾ ਆਪ ਅਖਵਾਈਆ। ਈਸਾ ਮੂਸਾ ਏਕਾ ਧਾਰ, ਏਕਾ ਅੰਕ ਜਣਾਈਆ। ਵੇਖਣਹਾਰਾ ਸੰਗ ਮੁਹੰਮਦ ਚਾਰ ਯਾਰ, ਸਾਚੀ ਯਾਰੀ ਪੂਰ ਕਰਾਈਆ। ਰਾਣੀ ਅੱਲਾ ਲਾਏ ਨਾਅਰ, ਮਹਿਬਾਨ ਬੀਦੋ ਨਾਮ ਖ਼ੁਦਾਈਆ। ਨਾਨਕ ਨਿਰਗੁਣ ਸ਼ਬਦ ਜੈਕਾਰ, ਇਕ ਸਤਾਰ ਹਿਲਾਈਆ। ਗੋਬਿੰਦ ਖੰਡਾ ਕਰ ਤਿਆਰ, ਲੋਕਮਾਤ ਗਿਆ ਚਮਕਾਈਆ। ਕਲਜੁਗ ਵੰਡਾ ਪਾਏ ਹਰਿ ਗਿਰਧਾਰ, ਚਾਰੇ ਕੁੰਟ ਫੇਰੀ ਪਾਈਆ। ਭੇਖ ਪਖੰਡਾ ਬਣੇ ਭਿਖਾਰ, ਘਰ ਘਰ ਅਲਖ ਜਗਾਈਆ। ਕਲਜੁਗ ਅੰਤਮ ਕੰਢਾ ਵੇਖ ਕਿਨਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਲੋਕਮਾਤ ਆਏ ਕਰ ਕਰ ਧਾਈਆ। ਜੇਰਜ ਅੰਡਾਂ ਵਸਿਆ ਬਾਹਰ, ਉਤਭੁਜ ਸੇਤਜ ਭੇਵ ਨਾ ਰਾਈਆ। ਅੰਦਰ ਮੰਦਰ ਗੁਪਤ ਜ਼ਾਹਰ, ਹਾਜ਼ਰ ਹਜ਼ੂਰ ਆਪ ਹੋ ਜਾਈਆ। ਸ਼ਬਦ ਅਨਾਦੀ ਏਕਾ ਕਾਰ, ਧੁਨ ਅਨਾਦਿ ਰਖਾਈਆ। ਬੋਧ ਅਗਾਧੀ ਤੇਰੀ ਧਾਰ, ਅਰਜਨ ਬੂਝ ਬੁਝਾਈਆ। ਗੁਰ ਕਾ ਰੂਪ ਸ਼ਬਦ ਅਪਾਰ, ਗੁਰੂ ਗ੍ਰੰਥ ਸਮਝਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਘਰ ਸਾਚੇ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੂਪ ਆਪ ਵਟਾਈਆ। ਰੂਪ ਵਟਾਇਆ ਪੁਰਖ ਅਬਿਨਾਸ਼ੀ, ਆਪਣੀ ਕਲ ਵਰਤਾਇੰਦਾ। ਖੇਲੇ ਖੇਲ ਘਨਕਪੁਰ ਵਾਸੀ, ਭੇਵ ਕੋਈ ਨਾ ਪਾਇੰਦਾ। ਪੰਜ ਤੱਤ ਕਰ ਉਦਾਸੀ, ਸ਼ਬਦ ਉਡਾਰੀ ਇਕ ਲਗਾਇੰਦਾ। ਸਚਖੰਡ ਸਾਚੇ ਕਰ ਨਿਵਾਸੀ, ਆਪ ਆਪਣਾ ਰਾਹ ਤਕਾਇੰਦਾ। ਆਪੇ ਪਾਰ ਪ੍ਰਿਥਮੀ ਅਕਾਸ਼ੀ, ਗਗਨ ਪਤਾਲਾ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਪਾਰਬ੍ਰਹਮ ਬੇਅੰਤਿਆ। ਕਲਜੁਗ ਅੰਤਮ ਲਏ ਅਵਤਾਰਾ, ਖੇਲੇ ਖੇਲ ਸ੍ਰੀ ਭਗਵੰਤਿਆ। ਨਾਮ ਡੰਕਾ ਇਕ ਨਗਾਰਾ, ਲੋਆਂ ਪੁਰੀਆਂ ਆਪ ਸੁਣੰਤਿਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹੰਤਿਆ। ਵਿਸ਼ਨੂੰ ਢਹਿ ਢਹਿ ਪਏ ਦਵਾਰਾ, ਪ੍ਰਭ ਸਾਚਾ ਖੇਲ ਖਿਲੰਤਿਆ। ਸ਼ਿਵ ਸ਼ੰਕਰ ਮੰਗੇ ਬਣ ਭਿਖਾਰਾ, ਬਾਸ਼ਕ ਤਸ਼ਕਾ ਗਲੋਂ ਲਹੰਤਿਆ। ਕਰੋੜ ਤੇਤੀਸਾ ਮੰਗੇ ਮੰਗ ਦਵਾਰਾ, ਰਾਜਾ ਇੰਦ ਵੇਸ ਵਟੰਤਿਆ। ਗਣ ਗੰਧਰਬ ਹੋਏ ਖਵਾਰਾ, ਸਾਚਾ ਰਾਗ ਨਾ ਕੋਈ ਸੁਣੰਤਿਆ। ਨਾ ਕੋਈ ਅਪੱਛਰਾਂ ਗਾਏ ਵਿਚ ਦਵਾਰਾ, ਨਾ ਕੋਈ ਧਾਮ ਸੁਹੰਤਿਆ। ਕਿੰਨਰ ਯਸ਼ਪ ਨਾ ਪਾਇਣ ਸਾਰਾ, ਅੰਤਮ ਮੁਖ ਛੁਪੰਤਿਆ। ਰਵ ਸਸ ਨਿਉਂ ਨਿਉਂ ਕਰਨ ਨਿਮਸਕਾਰਾ, ਦੋਏ ਜੋੜ ਸੀਸ ਝੁਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਤੇਜ਼ ਵਖੰਤਿਆ। ਜੋਤੀ ਤੇਜ਼ ਸ਼ਬਦ ਬਲਵਾਨ, ਹਰਿ ਸਾਚਾ ਆਪ ਉਠਾਈਆ। ਪਾਰਬ੍ਰਹਮ ਪ੍ਰਭ ਨੌਜਵਾਨ, ਜੋਧਾ ਸੂਰਬੀਰ ਆਪ ਅਖਵਾਈਆ। ਆਦਿ ਨਿਰੰਜਣ ਇਕ ਨਿਸ਼ਾਨ, ਏਕਾ ਇਸ਼ਟ ਵਖਾਈਆ। ਹਰੀ ਹਰਿ ਖੇਲ ਮਹਾਨ, ਖੇਲਣਹਾਰ ਭੇਵ ਨਾ ਰਾਈਆ। ਬੈਠਾ ਇਕ ਸਚ ਮਕਾਨ, ਥਿਰ ਘਰ ਬੰਕ ਸੁਹਾਈਆ। ਨਾ ਕੋਈ ਰੰਕ ਨਾ ਰਾਜਾਨ, ਸ਼ਾਹ ਸੁਲਤਾਨ ਬੇਪਰਵਾਹੀਆ। ਜੁਗ ਜੁਗ ਦੇਵਣਹਾਰਾ ਦਾਨ, ਜੁਗ ਜੁਗ ਝੋਲੀ ਰਿਹਾ ਭਰਾਈਆ। ਜੁਗ ਜੁਗ ਤੋੜੇ ਮਾਨ ਅਭਿਮਾਨ, ਦਇਆਵਾਨ ਜੁਗ ਜੁਗ ਅਖਵਾਈਆ। ਜੁਗ ਜੁਗ ਖੇਲੇ ਖੇਲ ਗੋਪੀ ਕਾਹਨ, ਜੁਗ ਜੁਗ ਮੰਡਲ ਮੰਡਪ ਰਾਸ ਰਚਾਈਆ। ਜੁਗ ਜੁਗ ਸੀਤਾ ਸੀਤਾ ਰਾਮ, ਸਾਚੇ ਘਰ ਵੱਜੇ ਵਧਾਈਆ। ਜੁਗ ਜੁਗ ਗੀਤਾ ਗਿਆਨ, ਜੁਗ ਜੁਗ ਬ੍ਰਹਮ ਬਣਾਈਆ। ਜੁਗ ਜੁਗ ਅੱਖਰ ਵੱਖਰ ਕਰ ਪਛਾਨ, ਜੁਗ ਜੁਗ ਨਿਸ਼ਅੱਖਰ ਆਪ ਸਮਾਈਆ। ਜੁਗ ਜੁਗ ਵੇਖੇ ਸੁੰਝ ਮਸਾਣ, ਜੁਗ ਜੁਗ ਲੱਖ ਚੁਰਾਸੀ ਆਪ ਉਪਾਈਆ। ਜੁਗ ਜੁਗ ਪਵਣ ਪਾਣੀ ਬੰਧ ਬੰਧਾਨ, ਜੁਗ ਜੁਗ ਧਰਨੀ ਧਵਲ ਆਪ ਟਿਕਾਈਆ। ਜੁਗ ਜੁਗ ਜਲ ਬਿੰਬ ਹੋ ਮਿਹਰਵਾਨ, ਆਪ ਆਪਣਾ ਬੰਧਨ ਪਾਈਆ। ਸ੍ਰਿਸ਼ਟ ਸਬਾਈ ਹਰਿ ਹਰਿ ਖੇਲਾ, ਹਰਿ ਹਰਿ ਖੇਲ ਖਿਲਾਇੰਦਾ। ਜੂਠਾ ਝੂਠਾ ਲੱਗਾ ਮੇਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਤਾਲ ਵਜਾਏ ਗੁਰੂ ਗੁਰੂ ਚੇਲਾ, ਆਸਾ ਤ੍ਰਿਸਨਾ ਮੇਲ ਮਿਲਾਇੰਦਾ। ਕੂੜ ਕੁੜਿਆਰਾ ਹੋਇਆ ਵੇਲਾ, ਅੰਧ ਅੰਧੇਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਕਲਜੁਗ ਕੂੜਾ ਕੂੜੀ ਧਾਰ, ਚਾਰ ਕੁੰਟ ਹਲਕਾਈਆ। ਜੂਠ ਝੂਠ ਹੋਏ ਸਿਕਦਾਰ, ਸਚ ਸੁੱਚ ਨਾ ਕੋਈ ਵਡਿਆਈਆ। ਸ੍ਰਿਸ਼ਟ ਸਬਾਈ ਨਾਰ ਵਿਭਚਾਰ, ਹਰਿ ਕੰਤ ਨਾ ਕੋਈ ਹੰਢਾਈਆ। ਮਾਇਆ ਮਮਤਾ ਕਰ ਪਿਆਰ, ਹਉਮੇ ਤਨ ਜਲਾਈਆ। ਸ੍ਰਿਸ਼ਟ ਸਬਾਈ ਦੱਬੀ ਭਾਰ, ਦਿਵਸ ਰੈਣ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਅੱਗੇ ਬਣੇ ਭਿਖਾਰ, ਝੋਲੀ ਆਪਣੀ ਡਾਹੀਆ। ਨੇਤਰ ਰੋਵੇ ਜ਼ਾਰੋ ਜ਼ਾਰ, ਖੁਲ੍ਹੜੇ ਕੇਸ ਵਖਾਈਆ। ਗੋਬਿੰਦ ਤੇਰੀ ਤੇਜ਼ ਕਟਾਰ, ਦਰ ਦਸਵਾਂ ਹਉਂ ਛੁਪਾਈਆ। ਤੇਰਾ ਤੇਰੀ ਕਰੇ ਖੁਵਾਰ, ਨਾ ਦੀਸੇ ਕੋਈ ਸਹਾਈਆ। ਮਨ ਮਤ ਹੋਈ ਮੁਟਿਆਰ, ਆਪਣਾ ਜੋਬਨ ਰਹੀ ਹੰਢਾਈਆ। ਗੁਰਮਤ ਭੁੱਲੇ ਜੀਵ ਗਵਾਰ, ਗੁਰ ਨਾਨਕ ਗਿਆ ਸਮਝਾਈਆ। ਫਲੇ ਫੁਲੇ ਅੰਤਮ ਹੋਏ ਉਜਾੜ, ਪੱਤ ਡਾਲ੍ਹੀ ਰਹਿਣ ਨਾ ਪਾਈਆ। ਲੱਗੀ ਅੱਗ ਤੱਤੀ ਹਾੜ, ਸੀਤਲ ਧਾਰ ਨਾ ਕੋਈ ਵਹਾਈਆ। ਲੱਗੀ ਅੱਗ ਬਹੱਤਰ ਨਾੜ, ਦਿਵਸ ਰੈਣ ਰਹੀ ਤਪਾਈਆ। ਕਲਜੁਗ ਤੇਰਾ ਵੇਖ ਅਖਾੜ, ਚਾਰੋਂ ਕੁੰਟ ਪਈ ਦੁਹਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਲੋਕਮਾਤ ਵੱਜੀ ਵਧਾਈਆ। ਸਾਧਾਂ ਸੰਤਾਂ ਕਰੇ ਪਿਆਰ, ਜੋ ਅੰਦਰ ਮੰਦਰ ਅੰਤਰ ਬੈਠੇ ਲਿਵ ਲਾਈਆ। ਮਨਮੁਖ ਜੀਵਾਂ ਕਰੇ ਖੁਵਾਰ, ਚਾਰੋਂ ਕੁੰਟ ਭਵਾਈਆ। ਵੇਖਣਹਾਰਾ ਨਾਰੀ ਨਾਰ, ਬਿਰਧ ਬਾਲ ਜਵਾਨਾ ਫੇਰੀ ਪਾਈਆ। ਸੁੱਤਾ ਰਹੇ ਨਾ ਕੋਈ ਜੀਵ ਗਵਾਰ, ਵੇਖਣਹਾਰਾ ਹਰਿ ਰਘੁਰਾਈਆ। ਲੇਖਾ ਮੰਗੇ ਦਰ ਦਵਾਰ, ਧਰਮ ਰਾਏ ਸੇਵ ਕਮਾਈਆ। ਚਿਤਰ ਗੁਪਤ ਲੇਖ ਲਿਖਾਰ, ਦਿਵਸ ਰੈਣ ਕਲਮ ਚਲਾਈਆ। ਲਾੜੀ ਮੌਤ ਕਰ ਸ਼ੰਗਾਰ, ਕਲਜੁਗ ਅੰਤਮ ਸਗਨ ਮਨਾਈਆ। ਹੱਥੀਂ ਮਹਿੰਦੀ ਕਜਲਾ ਧਾਰ, ਨੈਣ ਰਹੀ ਮਟਕਾਈਆ । ਦਹਿ ਦਿਸ਼ਾ ਉਠ ਉਠ ਵੇਖੇ ਕੰਤ ਭਤਾਰ, ਲੱਖ ਚੁਰਾਸੀ ਰਾਹ ਤਕਾਈਆ। ਸਾਚੀ ਸਖੀਆਂ ਕਰ ਤਿਆਰ, ਗੀਤ ਆਪਣਾ ਰਹੀ ਗਾਈਆ। ਮਨਮੁਖ ਜੀਵ ਦਿਸਨ ਕੁਵਾਰ, ਸਾਚੀ ਵੰਡ ਵੰਡਾਈਆ। ਦੋਹਾਂ ਮੇਲਾ ਧਰਮ ਦਵਾਰ, ਰਾਏ ਧਰਮ ਮੇਲ ਮਿਲਾਈਆ। ਝੂਠ ਜੂਠ ਪਾਣੀ ਉਤੋਂ ਦੇਵੇ ਵਾਰ, ਧਰਤ ਮਾਤ ਨਾ ਲਏ ਅੰਗੜਾਈਆ। ਅਠਾਰਾਂ ਕੁੰਡ ਸੇਜਾ ਸੁੱਤਾ ਬਣ ਕੰਤ ਭਤਾਰ, ਅਠਾਈ ਕੁੰਡਾਂ ਆਪ ਫਿਰਾਈਆ। ਛੈਲ ਛਬੀਲਾ ਮੁੰਡਾ ਜੀਵ ਗਵਾਰ, ਲੱਖ ਚੁਰਾਸੀ ਆਪ ਪਰਨਾਈਆ। ਲਾੜੀ ਮੌਤ ਕਰੇ ਪਿਆਰ, ਆਪਣੀਆਂ ਭੁਜਾਂ ਆਪ ਉਠਾਈਆ। ਪੁਰਖ ਅਬਿਨਾਸ਼ੀ ਵੇਖੇ ਖੇਲ ਖੇਲਣਹਾਰ, ਥਿਰ ਘਰ ਬੈਠਾ ਬੇਪਰਵਾਹੀਆ। ਗੁਰ ਗੁਰ ਚੇਲੇ ਪਾਵੇ ਸਾਰ, ਜੋ ਬੈਠੇ ਰਾਮ ਭੁਲਾਈਆ । ਸੰਤ ਸੁਹੇਲੇ ਸੁੱਤ ਦੁਲਾਰ, ਆਪ ਆਪਣੇ ਲਏ ਜਗਾਈਆ। ਏਕਾ ਦੇਵੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲਾ ਆਪੇ ਕਰ ਮੇਲ ਮਿਲਾਵਾ ਸਾਚੇ ਘਰ, ਘਰ ਸਾਚੇ ਵੱਜੇ ਵਧਾਈਆ। ਸਾਚਾ ਘਰ ਸਚਖੰਡ ਦਵਾਰਾ, ਹਰਿ ਹਰਿ ਆਪ ਸੁਹਾਇੰਦਾ। ਹਰਿਜਨ ਵਿਰਲਾ ਪਾਵੇ ਸਾਰਾ, ਜਿਸ ਜਨ ਬੂਝ ਬੁਝਾਇੰਦਾ। ਕੋਟਨ ਕੋਟੀ ਫਿਰਨ ਅਵਾਰਾ, ਸਾਚਾ ਰਾਹ ਨਾ ਕੋਈ ਚਲਾਇੰਦਾ। ਕੋਟਨ ਕੋਟੀ ਗੜ੍ਹ ਹੰਕਾਰਾ, ਮੰਡਲ ਮੰਡਪ ਵਖਾਇੰਦਾ। ਕੋਟਨ ਕੋਟੀ ਨਿਉਂ ਨਿਉਂ ਕਰਨ ਨਿਮਸਕਾਰਾ, ਕੋਟਨ ਕੋਟੀ ਰਸਨਾ ਜਿਹਵਾ ਗਾਇੰਦਾ। ਕੋਟਨ ਕੋਟੀ ਮਨ ਮਤ ਲੱਗਾ ਅਖਾੜਾ, ਦਿਵਸ ਰੈਣ ਨਚਾਇੰਦਾ। ਕੋਟਨ ਕੋਟੀ ਮੇਲਾ ਪੰਚਮ ਧਾੜਾ, ਕੋਟਨ ਕੋਟੀ ਮੁਖ ਸ਼ਰਮਾਇੰਦਾ। ਗੁਰਮੁਖ ਵਿਰਲਾ ਚੜ੍ਹਿਆ ਚੋਟੀ ਮਿਲਿਆ ਮੇਲ ਹਰਿ ਪੁਰਖ ਭਤਾਰਾ, ਸਾਚਾ ਲਾੜਾ ਆਪ ਅਖਵਾਇੰਦਾ। ਸਾਢੇ ਤਿੰਨ ਹੱਥ ਦਿਸੇ ਸਚ ਮੁਨਾਰਾ, ਜੋ ਜਨ ਦਰਸ਼ਨ ਪਾਇੰਦਾ। ਆਵਣ ਜਾਵਣ ਪਾਰ ਕਿਨਾਰਾ, ਮਾਤ ਗਰਭ ਫੰਦ ਕਟਾਇੰਦਾ। ਲਹਿਣਾ ਦੇਣਾ ਚੁੱਕੇ ਨੌ ਦਵਾਰਾ, ਦਸਮ ਦਵਾਰੀ ਮੇਲ ਮਿਲਾਇੰਦਾ। ਨਿਰਗੁਣ ਦੀਵਾ ਕਰ ਉਜਿਆਰਾ, ਨਾਮ ਬਾਤੀ ਵਿਚ ਰਖਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਸਾਚਾ ਸਗਨ ਮਨਾਇੰਦਾ। ਖੋਲ੍ਹੇ ਤਾਕੀ ਬੰਦ ਕਿਵਾੜਾ, ਆਪਣਾ ਮੁਖ ਵਖਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਸ਼ਬਦ ਜਣਾਇੰਦਾ। ਗਾਵਣਹਾਰਾ ਵਾਰੋ ਵਾਰਾ, ਸਾਚਾ ਤਾਲ ਵਜਾਇੰਦਾ। ਅਨਹਦ ਸੇਵਕ ਸੇਵਾਦਾਰਾ, ਸਾਚੀ ਸੇਵ ਕਮਾਇੰਦਾ। ਢੋਲ ਮਰਦੰਗਾ ਇਕ ਨਗਾਰਾ, ਬਹੱਤਰ ਨਾੜ ਤਲਵਾੜ ਰਖਾਇੰਦਾ। ਸਾਚਾ ਮੰਦਰ ਗੁਰੂਦਵਾਰਾ, ਘਰ ਘਰ ਵਿਚ ਬਣਾਇੰਦਾ। ਨਾਨਕ ਮੇਲਾ ਸਚ ਚੁਬਾਰਾ, ਗੁਰ ਅੰਗਦ ਵੇਖ ਵਖਾਇੰਦਾ। ਗੁਰ ਅਮਰਦਾਸ ਅੰਮ੍ਰਿਤ ਪੀਵੇ ਠੰਡੀ ਠਾਰਾ, ਕਾਇਆ ਅੰਮ੍ਰਿਤ ਤਾਲ ਸੁਹਾਇੰਦਾ। ਰਾਮਦਾਸ ਭਰ ਭੰਡਾਰਾ, ਲੋਕਮਾਤ ਆਪ ਟਿਕਾਇੰਦਾ। ਸਰ ਸਰੋਵਰ ਕਰ ਤਿਆਰਾ, ਹਰਿ ਮੰਦਰ ਵਿਚ ਸਮਾਇੰਦਾ। ਗੁਰੂ ਅਰਜਨ ਗੁਰ ਗੁਰ ਬਣ ਲਿਖਾਰਾ, ਬੋਧ ਅਗਾਧ ਜਣਾਇੰਦਾ। ਸੰਤਾਂ ਭਗਤਾਂ ਇਕ ਦਵਾਰਾ, ਗੁਰ ਮਤ ਗੁਰ ਮੇਲ ਮਿਲਾਇੰਦਾ। ਆਪੇ ਸ਼ਬਦ ਖੰਡਾਂ ਤੇਜ਼ ਕਟਾਰਾ, ਪਾਰਬ੍ਰਹਮ ਵੇਸ ਵਟਾਇੰਦਾ। ਨਿਰਗੁਣ ਸਰਗੁਣ ਦੋਵੇ ਧਾਰਾਂ, ਭੇਵ ਕੋਈ ਨਾ ਪਾਇੰਦਾ। ਸਰਗੁਣ ਗੁਰ ਗੁਰ ਗੋਬਿੰਦ ਹਰਿ ਗੋਬਿੰਦ ਉਜਿਆਰਾ, ਹਰਿ ਸਾਚਾ ਮਾਣ ਰਖਾਇੰਦਾ। ਨਿਰਗੁਣ ਗੁਰ ਗੁਰੂ ਗ੍ਰੰਥ ਉਜਿਆਰਾ, ਸ਼ਬਦੀ ਸ਼ਬਦ ਟਿਕਾਇੰਦਾ। ਦੋਵੇ ਰੱਖੇ ਤਿਖੀਆਂ ਧਾਰਾ, ਮੀਰੀ ਅਮੀਰੀ ਫਕੀਰੀ ਆਪ ਹੰਢਾਇੰਦਾ। ਜੀਵ ਜੰਤ ਨਾ ਪਾਏ ਸਾਰਾ, ਦੇਹ ਜੋਤ ਰੰਗ ਰੰਗਾਇੰਦਾ। ਸ਼ਬਦ ਗੁਰ ਕਰ ਤਿਆਰਾ, ਗੁਰੂ ਗ੍ਰੰਥ ਬਣਾਇੰਦਾ। ਦੋਹਾਂ ਦੇਵੇ ਆਪ ਸਹਾਰਾ, ਪੁਰਖ ਅਕਾਲ ਨਾਉਂ ਰਖਾਇੰਦਾ। ਜੁਗ ਜੁਗ ਬਣੇ ਮਾਤ ਵਣਜਾਰਾ, ਜਨ ਭਗਤਾਂ ਵਣਜ ਕਰਾਇੰਦਾ। ਸਾਚਾ ਖੋਲ੍ਹੇ ਹੱਟ ਪਸਾਰਾ, ਏਕਾ ਹੱਟ ਵਖਾਇੰਦਾ। ਚਾਰ ਵਰਨਾਂ ਕਰੇ ਪਿਆਰਾ, ਸਾਚਾ ਨਾਮ ਦ੍ਰਿੜਾਇੰਦਾ। ਜੋ ਜਨ ਆਏ ਚਲ ਦਵਾਰਾ, ਖਾਲੀ ਕੋਈ ਨਾ ਜਾਇੰਦਾ। ਸੁਲੱਖਣੀ ਲੇਖਾ ਲਿਖਣਹਾਰ, ਆਪਣਾ ਹੱਥ ਉਠਾਇੰਦਾ। ਗੁਰੂ ਗ੍ਰੰਥ ਸਚ ਜੈਕਾਰ, ਧੁਰ ਦਾ ਸ਼ਬਦ ਅਲਾਇੰਦਾ। ਬਿਨ ਸਤਿਗੁਰ ਕੋਈ ਨਾ ਪਾਏ ਸਾਰਾ, ਨਾ ਕੋਈ ਬੂਝ ਬੁਝਾਇੰਦਾ। ਦੇਹ ਜੋਤ ਇਕ ਪਿਆਰਾ, ਸ਼ਬਦੀ ਸੰਗ ਨਿਭਾਇੰਦਾ। ਹਰਿ ਗੋਬਿੰਦ ਨਾ ਰਸਨ ਸ਼ਬਦ ਉਚਾਰਾ, ਗੁਰੂ ਗ੍ਰੰਥ ਵਖਾਇੰਦਾ । ਹਰਿਰਾਏ ਕਰ ਪਿਆਰਾ, ਆਪਣੀ ਗੋਦ ਉਠਾਇੰਦਾ। ਬਾਲ ਅਵਸਥਾ ਖੇਲ ਨਿਆਰਾ, ਹਰਿ ਕ੍ਰਿਸ਼ਨਾ ਵੇਸ ਵਟਾਇੰਦਾ। ਤੇਗ ਬਹਾਦਰ ਤੇਰੀ ਧਾਰਾ, ਤੇਰਾ ਰੂਪ ਸਮਾਇੰਦਾ। ਤੇਰਾ ਤਨ ਕੀਤਾ ਬੰਦ ਕਿਵਾੜਾ, ਫੇਰ ਆਪਣਾ ਸ਼ਬਦ ਸੁਣਾਇੰਦਾ। ਸਿਖ ਗੁਰ ਨਾ ਕੋਈ ਸੁਹੇਲਾ ਸਖਾ ਯਾਰਾ, ਸਗਲਾ ਸੰਗ ਤਜਾਇੰਦਾ। ਦਿਲੀ ਬੈਠਾ ਕਰ ਪਸਾਰਾ, ਏਕਾ ਪੁਰਖ ਅਕਾਲ ਮਨਾਇੰਦਾ। ਮਨ ਪਾਏ ਤੈਨੂੰ ਧ੍ਰਿਗ ਧ੍ਰਿਗਕਾਰਾ, ਤੇਰਾ ਕੋਈ ਨਾ ਬੇਲੀ ਅੰਤ ਅਖਵਾਇੰਦਾ। ਬਿਨ ਹਰਿ ਕੋਈ ਨਾ ਪਾਵੇ ਸਾਰਾ, ਝੂਠਾ ਨਾਤਾ ਜਗਤ ਵਖਾਇੰਦਾ। ਗੁਰੂ ਗ੍ਰੰਥ ਤੇਰਾ ਵੇਖਿਆ ਪਾਰ ਕਿਨਾਰਾ, ਗੁਰ ਤੇਗ਼ ਬਹਾਦਰ ਆਪਣਾ ਸੀਸ ਤੇਰੀ ਸ਼ਬਦ ਭੇਟ ਚੜ੍ਹਾਇੰਦਾ। ਪਰਗਟ ਹੋਇਆ ਸਾਚਾ ਸੁੱਤ ਦੁਲਾਰਾ, ਪ੍ਰਭ ਆਪਣਾ ਵੇਸ ਵਟਾਇੰਦਾ। ਗੁਰ ਗੋਬਿੰਦ ਕਰ ਪਿਆਰਾ, ਸਿੰਘ ਰੂਪ ਆਪ ਵਖਾਇੰਦਾ। ਨਾਮ ਖੰਡਾ ਸਚ ਕਟਾਰਾ, ਤਨ ਗਾਤਰੇ ਆਪ ਲਟਕਾਇੰਦਾ । ਅੰਮ੍ਰਿਤ ਜਲ ਠੰਡੀ ਠਾਰਾ, ਘਰ ਸਾਚਾ ਆਪ ਪਿਆਇੰਦਾ। ਮੁੱਛ ਦਾੜ੍ਹੀ ਕੇਸ ਰੱਖ ਦਸਮੇਸ ਦਰਸ ਦਿਖਾਏ ਹਰਿ ਨਿਰੰਕਾਰਾ, ਆਪ ਆਪਣੇ ਰੰਗ ਰੰਗਾਇੰਦਾ। ਆਪਣੀ ਹੱਥੀਂ ਬੰਨ ਦਸਤਾਰਾ, ਕਲਗੀ ਤੋੜਾ ਸੀਸ ਟਿਕਾਇੰਦਾ। ਆਪੇ ਅੰਦਰ ਆਪੇ ਬਾਹਰਾ, ਆਪੇ ਗੁਪਤ ਆਪੇ ਜਾਹਰਾ, ਬਿਨ ਸਤਿਗੁਰ ਦਿਸ ਕਿਸੇ ਨਾ ਆਇੰਦਾ। ਆਪੇ ਵੇਖੇ ਸਚ ਦਿਹਾੜਾ, ਸਾਚਾ ਸਗਨ ਮਨਾਇੰਦਾ। ਸਤਿਗੁਰ ਪੂਰਾ ਸਾਚਾ ਲਾੜਾ, ਆਪ ਆਪਣਾ ਖੇਲ ਖਿਲਾਇੰਦਾ। ਆਪ ਲਗਾਇਆ ਧਰਮ ਅਖਾੜਾ, ਹਰਿ ਸੰਗਤ ਮੇਲ ਮਿਲਾਇੰਦਾ। ਬੋਲੇ ਸ਼ਬਦ ਸਚ ਜੈਕਾਰਾ, ਏਕਾ ਏਕ ਸੁਣਾਇੰਦਾ। ਕਵਣ ਸਿਖ ਗੁਰਸਿਖ ਪਿਆਰਾ, ਜੋ ਗੁਰ ਚਰਨੀ ਸੀਸ ਭੇਟ ਚੜ੍ਹਾਇੰਦਾ। ਹੱਥ ਖੰਡਾ ਤੇਜ ਕਟਾਰਾ, ਅਕਾਲ ਪੁਰਖ ਜੋ ਹੱਥ ਉਠਾਇੰਦਾ। ਉਠਿਆ ਸੁੱਤ ਸੁੱਤ ਦੁਲਾਰਾ, ਦਇਆ ਦਇਆ ਰੂਪ ਸਮਾਇੰਦਾ। ਮੇਲੀ ਜਾਏ ਵਾਰੋ ਵਾਰਾ, ਪੰਚਮ ਮੁਖ ਸਲਾਹਿੰਦਾ। ਗੁਰਮੁਖ ਤੇਰਾ ਪਿਆਰ ਤਿਖੀ ਧਾਰ, ਪ੍ਰੇਮ ਰੰਗਣ ਲਾਲ ਰੰਗਾਇੰਦਾ। ਮਨਮਤ ਦਿਤੀ ਮਾਰ, ਗੁਰਮਤ ਆਪ ਉਪਜਾਇੰਦਾ। ਜੀਵਤ ਮਰੇ ਵਿਚ ਸੰਸਾਰ, ਜੀਵਣ ਮੁਕਤ ਨਾਮ ਰਖਾਇੰਦਾ। ਸਾਚੀ ਸ਼ਕਤੀ ਭਰ ਅੰਮ੍ਰਿਤ ਭੰਡਾਰ, ਸਾਚਾ ਖੰਡਾ ਵਿਚ ਫਿਰਾਇੰਦਾ। ਚਾਰ ਵਰਨਾਂ ਮਿਠਾ ਕਰ ਤਿਆਰ, ਸਾਚੇ ਬਾਟੇ ਆਪੇ ਪਾਇੰਦਾ। ਅਰਜਨ ਸ਼ਬਦ ਬੰਨੇ ਧਾਰ, ਨਾਨਕ ਸੰਗ ਰਲਾਇੰਦਾ। ਗੁਰੂ ਗ੍ਰੰਥ ਹੋਇਆ ਸੇਵਾਦਾਰ, ਗੁਰਮੁਖਾਂ ਸੇਵ ਕਮਾਇੰਦਾ। ਆਪਣੇ ਮੁਖ ਸਲਾਹੇ ਵਾਰੋ ਵਾਰ, ਧੰਨ ਗੁਰ ਨਾਨਕ ਜੋ ਸਾਚਾ ਬੀਜ ਬਿਜਾਇੰਦਾ। ਸਚ ਕਿਆਰੀ ਆਪ ਕਰਤਾਰ, ਆਪਣਾ ਬੂਟਾ ਆਪ ਲਗਾਇੰਦਾ। ਪੰਚਮ ਮੀਤਾ ਪੰਚਮ ਕਰ ਤਿਆਰ, ਪੰਚਮ ਆਪਣਾ ਆਪ ਸੁਣਾਇੰਦਾ। ਪੰਚਮ ਤਨ ਕਰ ਸ਼ੰਗਾਰ, ਪੰਚਮ ਵੇਖ ਵਖਾਇੰਦਾ। ਪੰਚਮ ਸ਼ਬਦ ਸੱਚੀ ਧੁਨਕਾਰ, ਘਰ ਘਰ ਤਾਲ ਵਜਾਇੰਦਾ। ਗੁਰਮੁਖ ਸਾਚੇ ਕਰ ਪਿਆਰ, ਵਾਹਿਗੁਰੂ ਵਾਹ ਵਾਹ ਗੁਰੂ ਆਪ ਅਖਵਾਇੰਦਾ। ਹਰਿ ਕਾ ਪੰਥ ਕਰ ਤਿਆਰ, ਹਰਿ ਹਰਿ ਵਿਚ ਟਿਕਾਇੰਦਾ। ਗੁਰੂ ਗ੍ਰੰਥ ਸਾਚਾ ਯਾਰ, ਸ਼ਬਦੀ ਗੁਰ ਅਖਵਾਇੰਦਾ। ਨਾ ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਨਾ ਕੋਈ ਰਖਾਇੰਦਾ। ਰਾਗ ਰਾਗਨੀ ਰਹੇ ਉਚਾਰ, ਏਕਾ ਰਾਗ ਅਲਾਇੰਦਾ। ਇਕਵੰਜਾ ਬਵੰਜਾ ਏਕਾ ਧਾਰ, ਏਕਾ ਅੰਗ ਸਮਾਇੰਦਾ। ਇਕ ਚਾਰ ਖੇਲ ਅਪਾਰ, ਤੀਸ ਬਤੀਸ ਸਲਾਹਿੰਦਾ। ਚੌਦਾਂ ਸਦੀਆਂ ਹੋਣ ਖੁਵਾਰ, ਤੀਸ ਬਤੀਸ ਸਪਾਰਾ ਰਹਿਣ ਨਾ ਪਾਇੰਦਾ। ਉਪਰ ਮੋਹਰ ਲਾਈ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਗੁਰ ਅਖਵਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਦਿਸੇ ਨੌ ਦਵਾਰ, ਹੱਥ ਮੂੰਹ ਨੱਕ ਨਾ ਕੋਈ ਉਪਾਇੰਦਾ। ਨਿਰਗੁਣ ਆਪਣਾ ਖੇਲ ਖਿਲਾਰ, ਨਿਰਗੁਣ ਸ਼ਬਦ ਚਲਾਇੰਦਾ। ਬੀਸ ਦਸ ਪੰਜ ਕਰ ਤਿਆਰ, ਪੈਂਤੀਸ ਅੱਖਰ ਜੋੜ ਜੁੜਾਇੰਦਾ। ਦਸ ਪੰਜ ਕਰ ਤਿਆਰ, ਬੀਸ ਬੀਸਾ ਵੇਖ ਵਖਾਇੰਦਾ। ਲੇਖਾ ਗਿਣ ਨਾ ਸਕੇ ਵਿਚ ਕੋਈ ਸੰਸਾਰ, ਅਗਣਤ ਅਗਣਤ ਆਪ ਅਖਵਾਇੰਦਾ। ਮੇਟਣਹਾਰਾ ਕੂੜ ਪਸਾਰ, ਕੂੜ ਕੂੜਾ ਨਾਂਹ ਤੁੜਾਇੰਦਾ । ਨਾਨਕ ਗੋਬਿੰਦ ਸਚ ਪਿਆਰ, ਸਗਲਾ ਸੰਗ ਰਖਾਇੰਦਾ। ਨਾਨਕ ਸ਼ਬਦੀ ਵਾਜਾਂ ਰਿਹਾ ਮਾਰ, ਗੋਬਿੰਦ ਦਿਵਸ ਰੈਣ ਧਿਆਇੰਦਾ। ਪਾਰਬ੍ਰਹਮ ਪ੍ਰਭ ਲਏ ਅਵਤਾਰ, ਆਪਣਾ ਮੇਲ ਮਿਲਾਇੰਦਾ। ਸੰਬਲ ਨਗਰੀ ਧਾਮ ਨਿਆਰ, ਸਾਚਾ ਦਰ ਸੁਹਾਇੰਦਾ। ਨਿਰਗੁਣ ਨੂਰ ਨੂਰ ਉਜਿਆਰ, ਜੋਤੀ ਜੋਤ ਜੋਤ ਡਗਮਗਾਇੰਦਾ। ਖੜਗ ਖੰਡਾ ਤੇਜ ਕਟਾਰ, ਸ਼ਬਦੀ ਸ਼ਬਦ ਉਠਾਇੰਦਾ। ਬ੍ਰਹਿਮੰਡ ਬ੍ਰਹਿਮੰਡ ਪਾਵੇ ਸਾਰ, ਬ੍ਰਹਿਮੰਡੀ ਖੋਜ ਖੁਜਾਇੰਦਾ। ਸਤਿਜੁਗ ਸਾਚੀ ਬੰਨੇ ਧਾਰ, ਸਤਿ ਸਰੂਪ ਸਮਾਇੰਦਾ। ਏਕਾ ਬੋਲੇ ਸ਼ਬਦ ਜੈਕਾਰ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਹੰ ਹੰਗਤਾ ਦੇਵੇ ਮਾਰ, ਹਾਹਾਕਾਰ ਨਾ ਕੋਈ ਕਰਾਇੰਦਾ। ਮੰਗਤਾ ਦਰ ਬਣ ਭਿਖਾਰ, ਹਰਿਜਨ ਸਾਚੇ ਵੇਖ ਵਖਾਇੰਦਾ। ਭੁੱਖਾ ਨੰਗਤਾ ਨਰ ਨਿਰੰਕਾਰ, ਨਿਰਗੁਣ ਖਾਲੀ ਹੱਥ ਰਖਾਇੰਦਾ। ਕਾਇਆ ਚੋਲੀ ਲੋਕਮਾਤ ਜਨ ਭਗਤਾਂ ਰੰਗਦਾ, ਜਨ ਆਪਣੀ ਕਿਰਪਾ ਧਾਰ। ਸਾਚੇ ਮੰਦਰ ਅੰਦਰ ਆਪੇ ਲੰਘਦਾ, ਆਪੇ ਸੁੱਤਾ ਪੈਰ ਪਸਾਰ। ਔਦਾਂ ਜਾਂਦਾ ਮੂਲ ਨਾ ਸੰਗਦਾ, ਅਜੂਨੀ ਰਹਿਤ ਨਰ ਨਿਰੰਕਾਰ। ਜੁਗ ਜੁਗ ਖੇਲ ਸੂਰੇ ਸਰਬੰਗ ਦਾ, ਖੇਲੇ ਖੇਲ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਲਏ ਵਰ, ਆਪ ਬਹਾਏ ਆਪਣੇ ਦਰ, ਦੇਵੇ ਦਰਸ ਅਗੰਮ ਅਪਾਰ।