੨੬ ਮਾਘ ੨੦੧੫ ਬਿਕ੍ਰਮੀ ਸੰਤ ਸਿੰਘ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਨਿਰਗੁਣ ਜੋਤ ਹਰਿ ਭਗਵਾਨ, ਪਾਰਬ੍ਰਹਮ ਅਵਤਾਰਿਆ। ਧਰਮ ਝੁਲਾਏ ਇਕ ਨਿਸ਼ਾਨ, ਲੋਆਂ ਪੁਰੀਆਂ ਅਗੰਮ ਅਪਾਰਿਆ। ਸ੍ਰਿਸ਼ਟ ਸਬਾਈ ਏਕਾ ਗਿਆਨ, ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਖ ਵਖਾ ਲਿਆ। ਦਾਤਾ ਜੋਧਾ ਸੂਰ ਬਲੀ ਬਲਵਾਨ, ਆਪ ਆਪਣਾ ਵੇਸ ਵਟਾ ਲਿਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਸਚ ਨਗਾਰਾ ਇਕ ਵਜਾ ਲਿਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਬਨ ਖੰਡ ਫੇਰਾ ਆਪੇ ਪਾ ਲਿਆ। ਮੰਦਰ ਮਸਜਿਦ ਵੇਖ ਜਗਤ ਮਕਾਨ, ਤੀਰਥ ਤਟ ਕਿਨਾਰਾ ਚਰਨ ਛੁਹਾ ਲਿਆ। ਪੂਜਾ ਪਾਠ ਜਗਤ ਗਿਆਨ, ਨੇਮ ਧਰਮ ਫੋਲ ਫੁਲਾ ਰਿਹਾ। ਸ਼ਬਦੀ ਸ਼ਬਦ ਹੋ ਪਰਧਾਨ, ਦਹਿ ਦਿਸ਼ਾ ਅਲਖ ਜਗਾ ਰਿਹਾ। ਹਰਿਜਨ ਵੇਖੇ ਚਤਰ ਸੁਜਾਨ, ਸਚ ਦਵਾਰੇ ਆਪ ਸੁਹਾ ਰਿਹਾ। ਭਗਤਨ ਭਗਤੀ ਕਰ ਪਰਵਾਨ, ਆਪਣੇ ਲੇਖੇ ਆਪੇ ਲਾ ਲਿਆ। ਸਾਧਾਂ ਸੰਤਾਂ ਹੋ ਮਿਹਰਵਾਨ, ਸਾਰੰਗ ਧਰ ਮੇਲ ਮਿਲਾ ਲਿਆ। ਸੀਤਾ ਸੁਰਤੀ ਸਾਚਾ ਕਾਹਨ, ਰਾਮਾ ਕ੍ਰਿਸ਼ਨਾ ਰੰਗ ਸਮਾ ਲਿਆ। ਨਾਨਕ ਨਿਰਗੁਣ ਪਦ ਨਿਰਬਾਨ, ਸਚਖੰਡ ਦਵਾਰਾ ਇਕ ਵਖਾ ਲਿਆ। ਗੋਬਿੰਦ ਅੰਮ੍ਰਿਤ ਪੀਣ ਖਾਣ, ਨਾਮ ਪਿਆਲਾ ਜਾਮ ਪਿਆ ਲਿਆ। ਪੁਰਖ ਅਕਾਲ ਘਟ ਘਟ ਜਾਣੀ ਜਾਣ, ਹਰ ਘਟ ਆਪੇ ਵੇਖ ਵਖਾ ਲਿਆ । ਰਾਗੀ ਨਾਦ ਸ਼ਬਦ ਧੁਨ ਕਾਨ, ਪਵਣ ਪਾਣੀ ਰੰਗ ਰੰਗਾ ਲਿਆ। ਤੇਜ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਮਿਟਾ ਲਿਆ। ਚੌਦਾਂ ਲੋਕ ਇਕ ਦੁਕਾਨ, ਏਕਾ ਹੱਟ ਵਖਾ ਲਿਆ। ਬ੍ਰਹਮਾ ਵੇਤਾ ਲੇਖ ਲਖਾਨ, ਚਾਰੇ ਜੋੜ ਜੁੜਾ ਰਿਹਾ। ਵੇਦ ਵਿਆਸਾ ਬਣ ਪਰਧਾਨ, ਅੱਠ ਅਠਾਰਾਂ ਅੰਕ ਸਮਾ ਲਿਆ। ਅਰਜਨ ਗੀਤਾ ਇਕ ਗਿਆਨ, ਏਕਾ ਘਰ ਸੁਹਾ ਲਿਆ। ਅੰਜੀਲ ਕੁਰਾਨਾਂ ਖੇਲ ਮਹਾਨ, ਸਾਚਾ ਨਾਅਰਾ ਇਕ ਵਖਾ ਲਿਆ। ਨਾਨਕ ਦੇਵੇ ਧੁਰ ਫ਼ਰਮਾਨ, ਸ਼ਬਦ ਜਣਾਈ ਹਰਿ ਜਣਾ ਰਿਹਾ। ਅਰਜਨ ਗੁਰ ਚੁਕਾਏ ਮਾਣ, ਬੋਧ ਅਗਾਧ ਟਿਕਾ ਲਿਆ। ਇਕ ਵਖਾਏ ਦਰ ਦਰਬਾਨ, ਦਰ ਦਰਵੇਸ਼ਾ ਇਕ ਬਹਾ ਲਿਆ। ਏਕਾ ਮੰਦਰ ਇਕ ਮਕਾਨ, ਏਕਾ ਥਾਨ ਸੁਹਾ ਲਿਆ। ਮਿਲਿਆ ਮੇਲ ਸ੍ਰੀ ਭਗਵਾਨ, ਸਰ ਸਰੋਵਰ ਸਾਚੇ ਨਹਾ ਲਿਆ। ਕਲਜੁਗ ਆਏ ਮੰਗੇ ਦਾਨ, ਦੋਏ ਜੋੜ ਸੀਸ ਝੁਕਾ ਲਿਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਇਕ ਨਿਸ਼ਾਨ, ਮੇਰਾ ਮੇਰਾ ਹੱਥ ਉਠਾ ਲਿਆ। ਅਰਜਨ ਮਾਰ ਨਿਰਾਲਾ ਬਾਣ, ਸ਼ਬਦੀ ਸ਼ਬਦ ਅਲਾ ਲਿਆ। ਤੇਰਾ ਅੰਤਮ ਮੇਲਾ ਹੋਏ ਵਿਚ ਜਹਾਨ, ਹਰਿ ਸਾਚਾ ਵੇਖ ਵਖਾ ਲਿਆ। ਅੰਤਮ ਪਰਗਟ ਹੋਏ ਨਿਹਕਲੰਕ ਬਲੀ ਬਲਵਾਨ, ਕੂੜੀ ਕਿਰਿਆ ਲੇਖੇ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਪਾਰਬ੍ਰਹਮ ਸਰਬ ਜੀਅ ਦਾਤਾ, ਜਾਗਰਤ ਜੋਤ ਜਗਾਇੰਦਾ। ਘਟ ਘਟ ਅੰਦਰ ਦੇ ਗਿਆਤਾ, ਆਪੇ ਵੇਖ ਵਖਾਇੰਦਾ। ਲੱਖ ਚੁਰਾਸੀ ਪਿਤਾ ਮਾਤਾ, ਬਾਲ ਬਾਲਾ ਗੋਦ ਉਠਾਇੰਦਾ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਵਰਤਾਇੰਦਾ। ਥਿਰ ਘਰ ਬੈਠਾ ਮਾਰੇ ਝਾਤਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਚਲਾਏ ਆਪਣਾ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਕੂੜੀ ਕਿਰਿਆ ਕੂੜੀ ਗਾਥਾ, ਕੂੜਾ ਕਰਮ ਕਮਾਇੰਦਾ। ਬਿਨ ਹਰਿ ਕੋਇ ਨਾ ਦਿਸੇ ਸਗਲਾ ਸਾਥਾ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਜੋਤੀ ਨੂਰ ਅਕਾਲ, ਅਕਲ ਕਲਾ ਸਮਾਈਆ। ਕਲਜੁਗ ਬਣ ਸ਼ਬਦ ਦਲਾਲ, ਨਾਮ ਵਣਜਾਰਾ ਇਕ ਵਖਾਈਆ। ਨਵ ਸਤ ਅਵੱਲੜੀ ਚਾਲ, ਬ੍ਰਹਮ ਮਤ ਇਕ ਪੜ੍ਹਾਈਆ। ਏਕਾ ਤੱਤ ਦਏ ਵਖਾਲ, ਰੰਗਣ ਰੰਗ ਰੰਗਾਈਆ। ਕਮਲਾਪਤ ਦੀਨ ਦਿਆਲ, ਹਰਿਜਨ ਸਾਚੇ ਲਏ ਉਠਾਈਆ। ਆਪ ਆਪਣਾ ਬਿਰਧ ਸੰਭਾਲ, ਲੋਕਮਾਤ ਲਏ ਅੰਗੜਾਈਆ। ਵੇਖ ਵਖਾਏ ਸ਼ਾਹ ਕੰਗਾਲ, ਗਰੀਬ ਨਿਮਾਣੇ ਅੰਕ ਸਮਾਈਆ। ਦਹਿ ਦਿਸ਼ਾ ਚਾਰੇ ਕੂਟਾਂ ਆਪੇ ਭਾਲ, ਡੋਰੀ ਨਾਮ ਤੰਦ ਬੰਧਾਈਆ। ਜੁਗ ਜੁਗ ਜਨਮ ਜਨਮ ਜੋ ਜਨ ਘਾਲਨਾ ਰਹੇ ਘਾਲ, ਅੰਤਮ ਲੇਖੇ ਲਾਈਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਮੇਵਾ ਇਕ ਖਵਾਈਆ। ਆਪੇ ਚਲੇ ਨਾਲ ਨਾਲ, ਸਗਲਾ ਸੰਗੀ ਸੰਗ ਰਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਆਪਣੇ ਲੜ ਬੰਧਾਈਆ। ਸਰ ਸਰੋਵਰ ਦਏ ਨੁਹਾਲ, ਚਰਨ ਧੂੜੀ ਮਜਨ ਮਾਘ ਆਪ ਕਰਾਈਆ। ਇਕ ਵਖਾਏ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਪਾਰਬ੍ਰਹਮ ਸੇਵ ਕਮਾਈਆ। ਲੋਕਮਾਤ ਮਾਰੇ ਇਕ ਉਛਾਲ, ਕਲਜੁਗ ਡੂੰਘਾ ਸਾਗਰ ਗੁਰਮੁਖ ਲਾਲ ਬਾਹਰ ਕਢਾਈਆ। ਵੇਖਣਹਾਰਾ ਹੱਕ ਹਲਾਲ, ਹੱਕ ਹਕੀਕਤ ਫੋਲ ਫੋਲਾਈਆ। ਜਲਵਾ ਨੂਰੀ ਨੂਰ ਜਲਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਲੋਆਂ ਪੁਰੀਆਂ ਆਪ ਵਜਾਏ ਆਪਣਾ ਤਾਲ, ਸੋਹੰ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣੀ ਖੇਲ ਖਿਲਾਈਆ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸਾਚਾ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਸੱਜਣ ਸੁਹੇਲਾ, ਮਨਮਤ ਗੁਰਮਤ ਵੇਖ ਵਖਾਇੰਦਾ। ਦੋ ਜਹਾਨਾਂ ਬਣਿਆ ਤੋਲਾ, ਸੋਹੰ ਕੰਡਾ ਹੱਥ ਉਠਾਇੰਦਾ। ਸਚ ਜੈਕਾਰਾ ਏਕਾ ਬੋਲਾ, ਬ੍ਰਹਮਾ ਆਪਣਾ ਨੇਤਰ ਸ਼ਰਮਾਇੰਦਾ। ਵਿਸ਼ਨੂੰ ਵੰਸੀ ਬਣੇ ਵਿਚੋਲਾ, ਆਪਣਾ ਰਾਗ ਅਲਾਇੰਦਾ। ਸ਼ਿਵ ਸ਼ੰਕਰ ਵੇਖੇ ਨਾਥ ਭੋਲਾ, ਭੋਲੇ ਨਾਥ ਆਪ ਉਠਾਇੰਦਾ। ਕਰੋੜ ਤੇਤੀਸਾ ਆਪੇ ਮੌਲਾ, ਸੁਰਪਤ ਰਾਜਾ ਨਾਲ ਰਲਾਇੰਦਾ। ਨੌ ਖੰਡ ਪ੍ਰਿਥਮੀ ਡਾਂਵਾਂ ਡੋਲਾ, ਨਾ ਕੋਈ ਧੀਰ ਧਰਾਇੰਦਾ। ਜੀਵਾਂ ਜੰਤਾਂ ਪਿਆ ਰੌਲਾ, ਦਿਵਸ ਰੈਣ ਸਰਬ ਕੁਰਲਾਇੰਦਾ। ਨੂਰ ਇਲਾਹੀ ਭੁੱਲਿਆ ਮੌਲਾ, ਮੌਲਾ ਰੂਪ ਨਾ ਕੋਇ ਦਸਾਇੰਦਾ। ਕੂੜ ਕੁੜਿਆਰਾ ਭਾਰ ਨਾ ਚੁੱਕੇ ਧਰਤੀ ਧੌਲਾ, ਧਰਤ ਮਾਤ ਦੁੱਖ ਨਾ ਕੋਇ ਵੰਡਾਇੰਦਾ। ਵੇਖ ਵਖਾਏ ਸਾਵਲ ਸਵਲਾ, ਸਾਵਲ ਸੁੰਦਰ ਰੂਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਖੇਲ ਖਿਲਾਇੰਦਾ। ਕਲਜੁਗ ਅੰਤਮ ਕੂੜਾ ਭਾਰ, ਧਰਤ ਰਹੀ ਕੁਰਲਾਈਆ। ਹਰਿ ਬਿਨ ਕੋਇ ਨਾ ਪਾਵੇ ਸਾਰ, ਸਾਧ ਸੰਤ ਬੈਠੇ ਮੁਖ ਛੁਪਾਈਆ। ਪੀਰ ਫ਼ਕੀਰ ਗਏ ਹਾਰ, ਸ਼ਾਹ ਹਕੀਰ ਨਾ ਕੋਇ ਜਣਾਈਆ। ਨੌ ਨੌ ਨਾਥ ਕਰਨ ਵਿਚਾਰ, ਸਿਧ ਚੁਰਾਸੀ ਦੇਣ ਦੁਹਾਈਆ। ਪੰਡਤ ਪਾਂਧੇ ਹਾਹਾਕਾਰ, ਵੇਦ ਕਤੇਬ ਨਾ ਕੋਇ ਛੁਡਾਈਆ। ਅੰਜੀਲ ਕੁਰਾਨ ਕਰਨ ਵਿਚਾਰ, ਬਹਿ ਬਹਿ ਮਤਾ ਪਕਾਈਆ। ਤੀਸ ਬਤੀਸਾ ਏਕਾ ਧਾਰ, ਛਤੀਸਾ ਘਰ ਰੁਸ਼ਨਾਈਆ। ਜਗਤ ਅੰਧੇਰਾ ਧੂੰਆਂਧਾਰ, ਸਾਚਾ ਚੰਦ ਨਾ ਕੋਇ ਵਖਾਈਆ। ਰਵ ਸਸ ਕਰਨ ਪੁਕਾਰ, ਨੇਤਰ ਆਪਣਾ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਰੇ ਰੁਸ਼ਨਾਈਆ। ਧਰਤ ਧਵਲ ਹਾਹਾਕਾਰ, ਨੇਤਰ ਨੀਰ ਵਹਾਇਆ। ਚੁੱਕਿਆ ਨਾ ਜਾਏ ਧਰਨੀ ਭਾਰ, ਜੂਠ ਝੂਠ ਸਿਰ ਟਿਕਾਇਆ। ਨਾਰ ਦੁਹਾਗਣ ਹੋਈ ਵਿਭਚਾਰ, ਸ੍ਰਿਸ਼ਟ ਸਬਾਈ ਸਤਿ ਗਵਾਇਆ। ਨਾਮ ਨਾ ਦੀਸੇ ਵਣਜ ਵਪਾਰ, ਨਾਨਕ ਗੁਰਮਤ ਗਏ ਭੁਲਾਇਆ। ਧੀਆਂ ਭੈਣਾਂ ਕਰਨ ਵਪਾਰ, ਗੁਰ ਗੁਰ ਹੱਟੋ ਹੱਟ ਵਿਕਾਇਆ। ਕਿਸੇ ਤਨ ਨਾ ਦੀਸੇ ਖੜਗ ਕਟਾਰ, ਧੀਰਜ ਜਤ ਨਾ ਕੋਇ ਸਹਾਇਆ। ਮੰਤਰ ਵੇਦ ਰਹੇ ਉਚਾਰ, ਮਨ ਕਾ ਮੰਤਰ ਦਿਸ ਨਾ ਆਇਆ। ਕਲਜੁਗ ਕੂੜਾ ਹੋ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਇਆ। ਧਰਤੀ ਦੱਬੀ ਪਾਪਾਂ ਭਾਰ, ਬਿਨ ਹਰਿ ਸਾਚੇ ਕੋਇ ਨਾ ਭਾਰ ਵੰਡਾਇਆ। ਨਾਨਕ ਸਤਿਗੁਰ ਪਾਵੇ ਸਾਰ, ਆਪਣਾ ਲੇਖਾ ਗਿਆ ਲਿਖਾਇਆ। ਗੋਬਿੰਦ ਕਰੇ ਇਕ ਪਿਆਰ, ਵੇਲਾ ਅੰਤ ਸੁਹਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੰਬਲ ਨਗਰੀ ਡੇਰਾ ਲਾਇਆ। ਕੂੜੀ ਕਿਰਿਆ ਦਏ ਨਵਾਰ, ਜੂਠ ਝੂਠ ਰਹਿਣ ਨਾ ਪਾਇਆ। ਸਚ ਸੁੱਚ ਕਰੇ ਵਰਤਾਰ, ਸਤਿਜੁਗ ਸਾਚਾ ਮਾਰਗ ਲਾਇਆ। ਬੀਸ ਬੀਸਾ ਹਰਿ ਨਿਰੰਕਾਰ, ਜਗਤ ਜਗਦੀਸਾ ਵੇਸ ਵਟਾਇਆ। ਚੌਦਾਂ ਚੌਦਾਂ ਖ਼ਬਰਦਾਰ, ਹਰਿਜਨ ਸਾਚੇ ਲਏ ਉਠਾਇਆ। ਪੰਦਰਾਂ ਪੰਦਰਾਂ ਅੰਦਰ ਮਾਰ, ਮਾਇਆ ਮਮਤਾ ਮੋਹ ਚੁਕਾਇਆ। ਨਿਰਗੁਣ ਸਰਗੁਣ ਕਰ ਪਿਆਰ, ਨਿਰਗੁਣ ਦਰਸ ਦਿਖਾਇਆ। ਹਉਮੇ ਹੰਗਤਾ ਤੋੜ ਹੰਕਾਰ, ਕਾਇਆ ਗੜ੍ਹ ਸੁਹਾਇਆ। ਕੰਤ ਮਿਲਾਵਾ ਸਾਚੀ ਨਾਰ, ਸੰਤ ਸੁਹਾਗੀ ਵੇਖ ਵਖਾਇਆ। ਨਾਮ ਭੰਡਾਰਾ ਬਣ ਵਰਤਾਰ, ਸ਼ਬਦ ਅਤੁੱਟ ਵਰਤਾਇਆ। ਅਸਵ ਘੋੜੇ ਹੋ ਸਵਾਰ, ਚਿੱਟੀ ਧਾਰੋਂ ਪਾਰ ਕਰਾਇਆ। ਮੇਲਾ ਮਿਲਿਆ ਮੀਤ ਮੁਰਾਰ, ਨਿਰਗੁਣ ਸਰਗੁਣ ਖੇਲ ਖਿਲਾਇਆ। ਸੋਲਾਂ ਕਲੀਆਂ ਤਨ ਸ਼ਿੰਗਾਰ, ਪੁਰਖ ਅਬਿਨਾਸ਼ੀ ਆਸਣ ਲਾਇਆ। ਨਾਮ ਖੰਡਾ ਫੜ ਕਟਾਰ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਕੀਆ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇਆ। ਵਿਸ਼ਨੂੰ ਲਛਮੀ ਦਏ ਆਧਾਰ, ਲਾਲ ਭੂਸ਼ਨ ਰੰਗ ਰੰਗਾਇਆ। ਆਦਿ ਸ਼ਕਤ ਰੂਪ ਅਪਾਰ, ਇਸ਼ਟ ਦੇਵ ਆਪ ਹੋ ਜਾਇਆ। ਅਲੱਖ ਅਭੇਵ ਹਰਿ ਨਿਰੰਕਾਰ, ਅਗਾਧ ਬੋਧ ਸੁਣਾਇਆ। ਸ਼ਿਵ ਸ਼ੰਕਰ ਅੰਤਮ ਦਏ ਆਧਾਰ, ਆਪ ਆਪਣੇ ਵਿਚ ਟਿਕਾਇਆ। ਸਾਚਾ ਤਖ਼ਤ ਸਚ ਸੁਲਤਾਨ, ਹਰਿ ਬੈਠ ਆਪ ਰਘੁਰਾਇਆ। ਆਪਣਾ ਸ਼ਬਦ ਧੁਰ ਫ਼ਰਮਾਣ, ਆਪੇ ਰਿਹਾ ਸੁਣਾਇਆ। ਸੋ ਪੁਰਖ ਨਿਰੰਜਣ ਵਡ ਬਲਵਾਨ, ਅਬਿਨਾਸ਼ੀ ਕਰਤਾ ਖੇਲ ਖਲਾਇਆ। ਹੰ ਬ੍ਰਹਮ ਏਕਾ ਦਾਨ, ਬ੍ਰਹਮੇ ਝੋਲੀ ਪਾਇਆ। ਲੱਖ ਚੁਰਾਸੀ ਕਰ ਪਰਵਾਨ, ਪੰਜ ਤੱਤ ਟਿਕਾਇਆ। ਮਨ ਮਤ ਬੁਧ ਜਗਤ ਗਿਆਨ, ਵਿਦਿਆ ਅੱਖਰ ਇਕ ਪੜ੍ਹਾਇਆ। ਪੰਜ ਰਲਾਏ ਨਾਲ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਵਸਾਇਆ। ਸੁਰਤੀ ਸੁਰਤ ਕਰ ਪਰਧਾਨ, ਨਿਝ ਆਤਮ ਡੇਰਾ ਲਾਇਆ। ਨਿਰਗੁਣ ਜੋਤ ਸ੍ਰੀ ਭਗਵਾਨ, ਸਚ ਸਿੰਘਾਸਣ ਵੇਖ ਵਖਾਇਆ। ਬ੍ਰਹਮੇ ਦੇਵੇ ਇਕ ਗਿਆਨ, ਮੇਰਾ ਤੇਰਾ ਤੇਰਾ ਮੇਰਾ ਤੇਰਾ ਰੂਪ ਵਟਾਇਆ। ਸੇਵਾ ਲਾਏ ਖੇਲ ਮਹਾਨ, ਭੇਵ ਅਭੇਦਾ ਭੇਵ ਛੁਪਾਇਆ। ਜੁਗਾ ਜੁਗੰਤਰ ਕਰ ਪਰਧਾਨ, ਜੁਗ ਜੁਗ ਨਾਮ ਧਰਾਇਆ। ਆਪ ਉਪਾਏ ਆਪੇ ਮੇਟੇ ਜੀਵ ਜਹਾਨ, ਨਾ ਕੋਈ ਦੂਸਰ ਸੰਗ ਰਖਾਇਆ। ਕਲਜੁਗ ਅੰਤਮ ਮਾਰ ਧਿਆਨ, ਧਰਤ ਮਾਤ ਵੇਖ ਵਖਾਇਆ। ਜੀਵ ਜੰਤ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇਆ। ਭਰਮੇ ਭੁੱਲੇ ਜੀਵ ਨਾਦਾਨ, ਮਾਇਆ ਪੜਦਾ ਏਕਾ ਪਾਇਆ। ਰਾਜ ਰਾਜਾਨ ਹੋਏ ਬੇਈਮਾਨ, ਗ਼ਰੀਬ ਨਿਮਾਣੇ ਨਾ ਗਲੇ ਲਗਾਇਆ। ਪਰਗਟ ਹੋਏ ਆਪ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਝੂਠੀ ਛਾਹੀ ਮੇਟੇ ਜਗਤ ਦੁਕਾਨ, ਕਲਜੁਗ ਕੂੜਾ ਰਹਿਣ ਨਾ ਪਾਇਆ। ਸੰਮਤ ਪੰਦਰਾਂ ਨੌਜਵਾਨ, ਅਠਸਠ ਤੀਰਥ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਇਆ। ਉਠਿਆ ਜੋਧਾ ਸੂਰ ਬਲੀ ਬਲਵਾਨਾ, ਏਕਾ ਏਕਉਂਕਾਰਿਆ। ਸ਼ਬਦ ਖੰਡਾ ਤੀਰ ਨਿਸ਼ਾਨਾ, ਲੋਆਂ ਪੁਰੀਆਂ ਆਪੇ ਮਾਰਿਆ। ਜਨ ਭਗਤਾਂ ਹੱਥੀਂ ਬੰਨ ਗਾਨਾ, ਸੰਮਤ ਪੰਦਰਾਂ ਰਾਹ ਵਿਚਾਰਿਆ। ਜੋਤੀ ਨੂਰ ਬਖ਼ਸ਼ੇ ਨੂਰ ਨੁਰਾਨਾ, ਕਾਇਆ ਮਹੱਲ ਅਟੱਲ ਉਚ ਮਨਾਰਿਆ। ਸ਼ਬਦੀ ਰਾਗ ਸੱਚੀ ਧੁਨਕਾਨਾ, ਸੋ ਪੁਰਖ ਨਿਰੰਜਣ ਆਪ ਸੁਣਾ ਰਿਹਾ। ਏਕਾ ਰਾਗ ਇਕ ਤਰਾਨਾ, ਏਕਾ ਰਸਨਾ ਗਾ ਰਿਹਾ। ਏਕਾ ਪੁਰਖ ਇਕ ਸੁਲਤਾਨਾ, ਏਕਾ ਮੇਲ ਮਿਲਾ ਰਿਹਾ। ਏਕਾ ਰਾਜ ਇਕ ਰਾਜਾਨਾ, ਏਕਾ ਰੱਯਤ ਵੇਖ ਵਖਾ ਰਿਹਾ। ਏਕ ਪੀਣਾ ਏਕਾ ਖਾਣਾ, ਏਕਾ ਜਾਮ ਪਿਆ ਰਿਹਾ। ਏਕਾ ਰਾਜਾ ਏਕਾ ਰਾਣਾ, ਗ਼ਰੀਬ ਨਿਮਾਣਾ ਏਕਾ ਧਾਮ ਬਹਾ ਰਿਹਾ। ਹਿੰਦੂ ਮੁਸਲਮ ਸਿੱਖ ਈਸਾਈ ਇਕ ਕਰਾਨਾ, ਸੰਮਤ ਸੋਲਾਂ ਨੀਂਹ ਰਖਾ ਲਿਆ। ਹਾੜ ਸਤਾਰਾਂ ਲੇਖ ਮਹਾਨਾ, ਆਪ ਆਪਣਾ ਸ਼ਬਦ ਲਿਖਾ ਲਿਆ। ਲਿਖੇ ਲੇਖ ਸ੍ਰੀ ਭਗਵਾਨਾ, ਲੇਖਾ ਲਿਖਤ ਵਿਚ ਨਾ ਆ ਰਿਹਾ। ਜਨ ਭਗਤਾਂ ਦੇਵੇ ਆਤਮ ਅੰਤਰ ਬ੍ਰਹਮ ਗਿਆਨਾ, ਏਕਾ ਜੋਤੀ ਦਰਸ਼ਨ ਪਾ ਰਿਹਾ। ਮਨਮੁਖ ਵੇਖੇ ਜੀਵ ਸ਼ੈਤਾਨਾ, ਕੂੜੀ ਕਿਰਿਆ ਫੋਲ ਫੁਲਾ ਰਿਹਾ। ਲਹਿਣਾ ਦੇਣ ਚੁਕਾਏ ਰਾਜ ਰਾਜਾਨਾ, ਪੂਰਬ ਪੂਰਬ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਜਾਮਾ ਭੇਖ ਵਟਾ ਲਿਆ। ਨਿਰਗੁਣ ਜਾਮਾ ਹਰਿ ਹਰਿ ਰਾਮਾ, ਰਾਮਾ ਰੂਪ ਅਖਵਾਇੰਦਾ। ਨਾਮ ਵਜਾਏ ਸਚ ਦਮਾਮਾ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਜਗਤ ਜਪਾਏ ਹਰਿ ਹਰਿ ਨਾਮਾ, ਰਸਨਾ ਜਿਹਵਾ ਆਪ ਹਲਾਇੰਦਾ। ਮੇਟਣਹਾਰ ਅੰਧੇਰੀ ਸ਼ਾਮਾ, ਜਗਤ ਅੰਧੇਰਾ ਆਪ ਚੁਕਾਇੰਦਾ। ਅੰਮ੍ਰਿਤ ਆਤਮ ਦੇਵੇ ਜਾਮਾ, ਸਾਂਤਕ ਸਤਿ ਵਰਤਾਇੰਦਾ। ਇਕ ਵਖਾਏ ਸਾਚਾ ਧਾਮਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਕਰੇ ਖੇਲ ਬਹੁ ਬਿਧ ਰੂਪ ਨਾਨਾ, ਨਿਰਗੁਣ ਆਪਣੀ ਕਲ ਵਰਤਾਇੰਦਾ। ਸਰਬ ਜੀਆਂ ਪ੍ਰਭ ਅੰਤਰ ਜਾਮਾ, ਘਟ ਘਟ ਵੇਖ ਵਖਾਇੰਦਾ। ਕਾਰਜ ਕਰਤਾ ਪੂਰਨ ਕਰੇ ਕਾਮਾ, ਕਰਤਾ ਪੁਰਖ ਆਪ ਅਖਵਾਇੰਦਾ। ਧਰਨੀ ਧਰਤਾ ਧਰਤ ਧਵਲ ਦਏ ਦਾਨਾ, ਆਪਣੀ ਭਿਛਿਆ ਝੋਲੀ ਪਾਇੰਦਾ। ਸਤਿਜੁਗ ਉਠਾਏ ਸੁੱਤ ਬਾਲ ਅੰਞਾਣਾ, ਆਪ ਆਪਣਾ ਕਰਮ ਕਮਾਇੰਦਾ। ਹੱਥੀਂ ਬੰਨ੍ਹੇ ਸਾਚਾ ਗਾਨਾ, ਗੁਰਮੁਖ ਸਾਚੇ ਸੰਗ ਵਖਾਇੰਦਾ। ਘਰ ਘਰ ਵੇਖੇ ਮਾਰ ਧਿਆਨਾ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਨਾਮ ਮਸਤੀ ਸ਼ਬਦ ਮਸਤਾਨਾ, ਮਦਿ ਪਿਆਲਾ ਇਕ ਵਖਾਇੰਦਾ। ਹੱਕ ਹਲਾਲ ਪੀਣਾ ਖਾਣਾ, ਜ਼ੋਰੂ ਜ਼ਰ ਨਾ ਕੋਇ ਚੁਰਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ, ਸ਼ਾਹ ਸੁਲਤਾਨਾ ਏਕਾ ਏਕ ਬਣਾਇੰਦਾ। ਸ੍ਰਿਸ਼ਟ ਸਬਾਈ ਇਕ ਗਿਆਨਾ, ਸਾਚਾ ਮਾਰਗ ਆਪੇ ਲਾਇੰਦਾ। ਇਕ ਵਖਾਏ ਹਰਿ ਨਿਸ਼ਾਨਾ, ਸੱਤ ਰੰਗਾ ਆਪ ਚੜ੍ਹਾਇੰਦਾ। ਸਤਿ ਪੁਰਖ ਨਿਰੰਜਣ ਖੇਲ ਮਹਾਨਾ, ਲਾਲ ਗੁਲਾਲਾ ਆਪ ਹੋ ਜਾਇੰਦਾ। ਕੰਚਨ ਖੇਲ ਦੋ ਜਹਾਨਾਂ, ਸੂਹਾ ਵੇਸ ਵਟਾਇੰਦਾ। ਚਿੱਟੀ ਧਾਰ ਗੁਣ ਨਿਧਾਨਾ, ਆਪਣਾ ਰੰਗ ਵਖਾਇੰਦਾ। ਪੀਲਾ ਬਸਤਰ ਲੋਕਮਾਤ ਨਿਸ਼ਾਨਾ, ਆਪ ਆਪਣਾ ਵੇਖ ਵਖਾਇੰਦਾ। ਨੀਲਾ ਨੀਲੀ ਧਾਰੋਂ ਪਾਰ ਕਰਾਨਾ, ਭੇਵ ਕੋਇ ਨਾ ਪਾਇੰਦਾ। ਕਾਲਾ ਵੇਸ ਦਰ ਦਰਵੇਸ ਵੇਖ ਵਖਾਨਾ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਈਸਾ ਮੂਸਾ ਚਲੇ ਨਾ ਪੇਸ਼, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਹਰਿ ਪਾਇਆ, ਹਰਿ ਸ਼ਬਦ ਵੱਜੀ ਵਧਾਈਆ। ਬ੍ਰਹਮਾ ਵੇਤਾ ਸਗਨ ਮਨਾਇਆ, ਚਾਰੇ ਮੁਖ ਸਲਾਹੀਆ। ਵਿਸ਼ਨੂੰ ਢੋਲਾ ਏਕਾ ਗਾਇਆ, ਮੈਂ ਤੇਰਾ ਤੂੰ ਮੇਰਾ ਮਾਹੀਆ। ਸ਼ੰਕਰ ਧੂੰਆਂਧਾਰ ਮਿਟਾਇਆ, ਬਾਸ਼ਕ ਤਸ਼ਕਾ ਗਲ ਸੁਹਾਈਆ। ਕਰੋੜ ਤੇਤੀਸਾ ਮੰਗਲ ਗਾਇਆ, ਬਰਖਾ ਫੂਲਨ ਲਾਈਆ। ਸੁਰਪਤ ਇੰਦ ਸੀਸ ਝੁਕਾਇਆ, ਦੋਏ ਜੋੜ ਰਹੇ ਸਰਨਾਈਆ। ਗਣ ਗੰਧਰਬ ਵੇਖ ਵਖਾਇਆ, ਆਪਣਾ ਤਾਣ ਸੁਣਾਈਆ। ਨਾਚ ਅਪੱਛਰਾਂ ਵੇਸ ਕਰਾਇਆ, ਏਕ ਡੌਰੂ ਵਾਈਆ। ਰਾਏ ਧਰਮ ਸੀਸ ਝੁਕਾਇਆ, ਨੇਤਰ ਦਰਸ਼ਨ ਪਾਈਆ। ਚਿਤਰ ਗੁਪਤ ਕਲਮ ਸਲਾਹਿਆ, ਲੇਖਾ ਲਿਖੇ ਵਡਿਆਈਆ। ਲਾੜੀ ਮੌਤ ਅੱਗੇ ਰੋ ਰੋ ਨੀਰ ਵਹਾਇਆ, ਬਿਨ ਤੇਰੇ ਨਾ ਕੋਇ ਸਹਾਈਆ। ਰਵ ਸਸ ਰਹੇ ਸ਼ਰਮਾਇਆ, ਆਪਣਾ ਮੁਖ ਛੁਪਾਈਆ। ਧਰਤ ਮਾਤ ਰਹੀ ਕੁਰਲਾਇਆ, ਖੁਲੜ੍ਹੇ ਕੇਸ ਦਏ ਦੁਹਾਈਆ । ਈਸਾ ਮੂਸਾ ਖੇਲ ਖਲਾਇਆ, ਚਾਰ ਯਾਰੀ ਵੰਡ ਵੰਡਾਈਆ। ਕਾਲਾ ਸੂਸਾ ਤਨ ਛੁਹਾਇਆ, ਕਾਲੀ ਨਗਰੀ ਇਕ ਵਸਾਈਆ। ਕਲਜੁਗ ਕੂੜੇ ਭਰਮ ਭੁਲਾਇਆ, ਭੁੱਲੀ ਭਰਮ ਸਰਬ ਲੋਕਾਈਆ। ਪਿਤਾ ਪੂਤ ਕੋਈ ਨਜ਼ਰ ਨਾ ਆਇਆ, ਭੈਣਾਂ ਭੱਯਾ ਸੰਗ ਨਿਭਾਈਆ। ਤ੍ਰੈਗੁਣ ਮਾਇਆ ਵੇਸ ਵਟਾਇਆ, ਘਰ ਘਰ ਨਾਚ ਵਖਾਈਆ। ਹੋਈ ਵਿਭਚਾਰ ਮੁਖ ਤੋਂ ਘੁੰਗਟ ਲਾਹਿਆ, ਲੋਕਲਾਜ ਤਜਾਈਆ। ਸਚ ਸੁੱਚ ਕਿਸੇ ਦਿਸ ਨਾ ਆਇਆ, ਕੂੜ ਅੰਧੇਰਾ ਛਾਈਆ। ਸਚ ਤਰਾਜ਼ੂ ਨਾ ਕੋਈ ਤੋਲ ਤੁਲਾਇਆ, ਨਾਮ ਕੰਡਾ ਨਾ ਕੋਇ ਉਠਾਈਆ। ਹਉਮੇ ਗੋਲਾ ਜਗਤ ਬਣਾਇਆ, ਝੂਠਾ ਬੋਲ ਕਰੀ ਕੁੜਮਾਈਆ। ਆਤਮ ਪੜਦਾ ਕਿਸੇ ਨਾ ਫੋਲ ਫੋਲਾਇਆ, ਗੁਰ ਨਾਨਕ ਨਾਮ ਗਏ ਭੁਲਾਈਆ। ਨਾਮ ਸਤਿ ਕਿਸੇ ਨਜ਼ਰ ਨਾ ਆਇਆ, ਰਸਨਾ ਗਾ ਗਾ ਹੋਏ ਹਲਕਾਈਆ। ਗੁਰ ਗੋਬਿੰਦ ਵਿਚੋਲਾ ਦਿਸ ਨਾ ਆਇਆ, ਦੋ ਜਹਾਨਾਂ ਸਾਚਾ ਮਾਹੀਆ। ਗੋਬਿੰਦ ਅੰਤਮ ਲੇਖ ਲਿਖਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਕਲਜੁਗ ਅੰਤਮ ਤੇਰਾ ਨਾ ਹੋਏ ਕੋਈ ਸਹਾਇਆ, ਵਰਨਾਂ ਬਰਨਾਂ ਪਏ ਲੜਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਘਟ ਘਟ ਅੰਦਰ ਜੁਗ ਜੁਗ ਵੇਖ ਵਖਾਇਆ, ਭੁੱਲ ਰਹੇ ਨਾ ਰਾਈਆ। ਸੰਬਲ ਨਗਰੀ ਦੇਵੇ ਧਾਮ ਸੁਹਾਇਆ, ਨੌ ਖੰਡ ਪ੍ਰਿਥਮੀ ਹੱਥ ਨਾ ਆਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਰਹਿਣ ਸਰਨਾਇਆ, ਦੋਏ ਜੋੜ ਸੀਸ ਝੁਕਾਈਆ। ਨਿਹਕਲੰਕ ਪ੍ਰਭ ਨਾਉਂ ਰਖਾਇਆ, ਪੰਜ ਤੱਤ ਨਾ ਕੋਇ ਵਖਾਈਆ। ਜਿਸ ਜਨ ਆਪਣਾ ਮੇਲ ਮਿਲਾਇਆ, ਸੋ ਬੂਝੇ ਹਰਿ ਰਘੁਰਾਈਆ। ਜਗਤ ਵਿਦਿਆ ਨਾ ਕਿਸੇ ਹੱਥ ਫੜਾਇਆ, ਹਰਿ ਕਾ ਰੂਪ ਦਿਸ ਨਾ ਆਈਆ। ਸਤਿਗੁਰ ਪੂਰੇ ਜਿਸ ਜਨ ਆਪਣੇ ਸ਼ਬਦ ਘੋੜੇ ਆਪ ਚੜ੍ਹਾਇਆ, ਵਾਗਾਂ ਆਪਣੇ ਹੱਥ ਉਠਾਈਆ। ਧੁਰ ਦਰਗਾਹੀ ਲੋਕਮਾਤ ਕਲਜੁਗ ਅੰਤਮ ਫੇਰਾ ਪਾਇਆ, ਘਰ ਘਰ ਪਈ ਦੁਹਾਈਆ। ਗੁਰਮੁਖਾਂ ਅੰਮ੍ਰਿਤ ਆਤਮ ਬੂੰਦ ਸਵਾਂਤ ਚੁਆਇਆ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਅਕਾਲ ਪੁਰਖ ਪ੍ਰਭ ਤੇਰੇ ਚਰਨ ਨਾਤਾ ਇਕ ਜੁੜਾਇਆ, ਨਾ ਕੋਈ ਤੋੜੇ ਤੋੜ ਤੁੜਾਈਆ। ਉਤਮ ਜ਼ਾਤਾ ਇਕ ਵਖਾਇਆ, ਚਾਰ ਵਰਨਾਂ ਭੈਣਾਂ ਭਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ ਆਪ ਰਘੁਰਾਇਆ, ਆਪ ਆਪਣੀ ਗੋਦ ਸੁਹਾਈਆ । ਸਾਚੀ ਗਾਥਾ ਰਿਹਾ ਅਲਾਇਆ, ਸਤਿਗੁਰ ਨਾਨਕ ਰਸਨਾ ਗਾਈਆ। ਸੋਹੰ ਸਾਚਾ ਸ਼ਬਦ ਚਲਾਇਆ, ਸਤਿਜੁਗ ਸਾਚੀ ਵੱਜੇ ਵਧਾਈਆ। ਜਿਸ ਜਨ ਰਸਨਾ ਜਿਹਵਾ ਗਾਇਆ, ਜਨਮ ਮਰਨ ਵਿਚ ਨਾ ਆਈਆ। ਸਤਿਗੁਰ ਪੂਰੇ ਕੌਸਤਕ ਮਣੀਆ ਮਸਤਕ ਥੇਵਾ ਆਪ ਲਗਾਇਆ, ਚੌਦਾਂ ਰਤਨ ਰਹੇ ਸ਼ਰਮਾਈਆ। ਆਦਿ ਨਿਰੰਜਣ ਅਲਖ ਅਭੇਵਾ ਘਰ ਘਰ ਹਰਿ ਹਰਿ ਨਰ ਨਰ ਦਰਸ਼ਨ ਪਾਇਆ, ਨਰ ਨਾਰੀ ਸਰਬ ਤਰਾਈਆ। ਕਾਲ ਫਾਸ ਦੇ ਵਿਚ ਨਾ ਆਇਆ, ਜੋ ਜਨ ਰਹੇ ਸਰਨਾਈਆ। ਰਸਨ ਸਵਾਸ ਲੇਖੇ ਲਾਇਆ, ਜੋ ਜਨ ਰਹੇ ਗਾਈਆ। ਮਦਿਰਾ ਮਾਸ ਜਿਸ ਰਸਨ ਤਜਾਇਆ, ਪ੍ਰਭ ਮਿਲਿਆ ਬੇਪਰਵਾਹੀਆ। ਜਗਤ ਸੰਸਾ ਰੋਗ ਮਿਟਾਇਆ, ਮੇਟੀ ਭਰਮ ਕੀ ਕਾਈਆ। ਏਕਾ ਗੁਰੂ ਗ੍ਰੰਥ ਗੁਰ ਇਸ਼ਟ ਦੇਵ ਵਖਾਇਆ, ਅਕਾਲ ਪੁਰਖ ਸੱਚੀ ਕੁੜਮਾਈਆ। ਕਲਜੁਗ ਅੰਤਮ ਗੁਰਸਿਖਾਂ ਆਪੇ ਲੈਣ ਆਇਆ, ਆਪਣਾ ਡੋਲਾ ਕੰਧ ਉਠਾਈਆ। ਭੋਲੇ ਭਾ ਲਏ ਜਗਾਇਆ, ਕੋਟਨ ਧੰਨੇ ਲਏ ਬਣਾਈਆ। ਕੱਖਾਂ ਕੁੱਲੀ ਚਰਨ ਛੁਹਾਇਆ, ਮਹੱਲ ਅਟੱਲ ਉਚੇ ਮੁਨਾਰੇ ਰਿਹਾ ਢਾਹੀਆ। ਹਰਿ ਸੰਗਤ ਤੇਰਾ ਮੇਲ ਮਿਲਾਇਆ, ਵਿਚ ਵਿਚੋਲਾ ਆਪ ਅਖਵਾਈਆ। ਤੇਰਾ ਪਿਆਰ ਅੰਮ੍ਰਿਤ ਨੇਤਰ ਨੀਰ ਵਹਾਇਆ, ਬ੍ਰਹਮੇ ਵੇਤੇ ਹੱਥ ਨਾ ਆਈਆ। ਕਰੋੜ ਤੇਤੀਸ ਹੋਇਆ ਹਲਕਾਇਆ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਕਲਜੁਗ ਅੰਤਮ ਫੇਰਾ ਪਾਇਆ, ਗ਼ਰੀਬ ਨਿਮਾਣੇ ਗਲੇ ਲਗਾਈਆ। ਗਿਆਨੀ ਧਿਆਨੀ ਕਿਸੇ ਦਿਸ ਨਾ ਆਇਆ, ਵਿਦਵਾਨੀ ਰਹੇ ਸ਼ਰਮਾਈਆ। ਜਿਸ ਜਨ ਆਪਣਾ ਭੇਵ ਖੁਲ੍ਹਾਇਆ, ਆਪਣਾ ਪੜਦਾ ਆਪੇ ਲਾਹੀਆ। ਸਾਚੀ ਡੋਰੀ ਤੰਦ ਬੰਨਾਇਆ, ਏਕਾ ਸਗਨ ਮਨਾਈਆ। ਛੱਬੀ ਪੋਹ ਦਿਵਸ ਸੁਹਾਇਆ, ਪੰਦਰਾਂ ਪੰਦਰਾਂ ਅੰਦਰੇ ਅੰਦਰ ਵੇਖ ਵਖਾਈਆ। ਕਿਸੇ ਹੱਥ ਨਾ ਆਇਆ ਡੂੰਘੀ ਕੰਦਰਾਂ, ਉਚੇ ਟਿੱਲੇ ਬੈਠੇ ਧੂਣੀਆਂ ਤਾਈਆ। ਗੋਰਖ ਨਾਥ ਵੇਖ ਮਛੰਦਰਾਂ, ਖ਼ਾਕੀ ਖ਼ਾਕ ਭਸਮ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਹਰਿਜਨ ਸਾਚੇ ਲਏ ਵਰ, ਦਰਸ ਦਿਖਾਏ ਅੱਗੇ ਖੜ, ਮੰਦਰ ਅੰਦਰ ਆਪੇ ਚੜ੍ਹ, ਚੜ੍ਹਨਹਾਰ ਹਰਿ ਨਿਰੰਕਾਰ ਜੋਤ ਨਿਰਾਕਾਰ ਸ਼ਬਦ ਧਾਰ ਅਸਵ ਅਸਵਾਰ, ਲੋਆਂ ਪੁਰੀਆਂ ਵਸਿਆ ਬਾਹਰ, ਅਗੰਮ ਅਗੋਚਰ ਬੇਐਬ ਪਰਵਰਦਿਗਾਰ, ਗ਼ਰੀਬ ਨਿਮਾਣਿਆਂ ਜਗਤ ਨਿਤਾਣਿਆਂ ਸਾਂਝਾ ਯਾਰ, ਖ਼ਲਕ ਖ਼ੁਦਾਈ ਨੂਰ ਇਲਾਹੀ ਰਾਮ ਰਮੱਯਾ ਮੀਤ ਮੁਰਾਰ, ਕਰ ਪਿਆਰ ਨਾਨਕ ਨਿਰੰਕਾਰ, ਗੋਬਿੰਦ ਅੰਮ੍ਰਿਤ ਠੰਡੀ ਠਾਰ, ਨਿਹਕਲੰਕ ਚਰਨ ਪਿਆਰ, ਗੁਰ ਸੰਗਤ ਹਰਿ ਹਰਿ ਹਰਿ ਰੂਪ ਜਾਏ ਤਾਰ, ਅਧਵਿਚਕਾਰ ਨਾ ਕੋਇ ਡੁਬਾਈਆ।
