Granth 08 Likhat 021: 25 Magh 2015 Bikarmi Bachan Singh de Ghar Pind Kana Kota Jila Gurdaspur

੨੫ ਮਾਘ ੨੦੧੫ ਬਿਕ੍ਰਮੀ ਬਚਨ ਸਿੰਘ ਦੇ ਘਰ ਪਿੰਡ ਕਾਣਾ ਕੌਟਾ ਜ਼ਿਲਾ ਗੁਰਦਾਸ ਪੁਰ

ਨਿਰਗੁਣ ਧਾਰ ਸ਼ਬਦ ਭੰਡਾਰਾ, ਪੁਰਖ ਅਕਾਲ ਰਖਾਇੰਦਾ। ਰੂਪ ਅਨੂਪ ਹਰਿ ਕਰਤਾਰਾ, ਸ਼ਾਹੋ ਭੂਪ ਅਖਵਾਇੰਦਾ। ਸਾਚੇ ਤਖ਼ਤ ਸਚ ਸਿਕਦਾਰਾ, ਸਾਚਾ ਰਾਜ ਕਮਾਇੰਦਾ। ਏਕਾ ਏਕ ਏਕੰਕਾਰਾ, ਆਪਣੀ ਕਲ ਵਰਤਾਇੰਦਾ। ਨਾਮ ਅਗੰਮੀ ਸਤਿ ਸਤਾਰਾ, ਆਪਣੀ ਆਪ ਵਜਾਇੰਦਾ। ਦੀਪਕ ਦੀਪਕ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸ਼ਬਦ ਗੁਰ ਸਰਬ ਜੀਆ ਦਾਤਾ, ਹਰਿ ਸਾਚਾ ਆਪ ਉਪਾਇਆ। ਆਪੇ ਪਿਤਾ ਆਪੇ ਮਾਤਾ, ਬਾਲ ਬਾਲਾ ਰੂਪ ਵਟਾਇਆ। ਆਪੇ ਬੰਨੇ ਸਾਚੇ ਨਾਤਾ, ਆਪੇ ਵੇਖ ਵਖਾਇਆ। ਆਪੇ ਰਿਹਾ ਇਕ ਇਕਾਂਤਾ, ਹਰ ਘਟ ਆਪ ਸਮਾਇਆ । ਆਪ ਆਪਣੀ ਅੰਧੇਰੀ ਰਾਤਾ, ਆਪ ਆਪਣਾ ਪਰਕਾਸ਼ ਰਖਾਇਆ। ਆਪੇ ਜਾਣੇ ਆਪਣੀ ਗਾਥਾ, ਆਪੇ ਆਪਣਾ ਰਾਗ ਅਲਾਇਆ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਬੇਪਰਵਾਹਿਆ। ਆਪੇ ਹੋਏ ਤ੍ਰਿਲੋਕੀ ਨਾਥਾ, ਆਪ ਆਪਣਾ ਖੇਲ ਖਿਲਾਇਆ। ਆਪੇ ਖੋਲ੍ਹ ਚੌਦਾਂ ਹਾਟਾ, ਆਪਣਾ ਵਣਜ ਕਰਾਇਆ। ਆਪੇ ਸਰਬ ਕਲਾ ਪੁਰਖ ਸਮਰਾਥਾ, ਪਾਰਬ੍ਰਹਮ ਆਪ ਅਖਵਾਇਆ। ਆਪ ਸਹਾਈ ਨਾਥ ਅਨਾਥਾ, ਨਾਥ ਅਨਾਥਾ ਗਲੇ ਲਗਾਇਆ। ਆਪ ਨਿਭਾਏ ਸਗਲਾ ਸਾਥਾ, ਜੁਗ ਜੁਗ ਵੇਸ ਵਟਾਇਆ। ਆਪੇ ਜਾਣੇ ਲਹਿਣਾ ਦੇਣਾ ਮਸਤਕ ਮਾਥਾ, ਆਪੇ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਿਲਾਇਆ। ਸ਼ਬਦ ਗੁਰ ਹਰਿ ਮਿਹਰਵਾਨਾ, ਸ਼ਬਦੀ ਤੀਰ ਚਲਾਇੰਦਾ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਨਾਮ ਉਪਾਇੰਦਾ। ਏਕਾ ਸ਼ਸਤਰ ਤੀਰ ਕਮਾਨਾ, ਏਕਾ ਖੰਡਾ ਹੱਥ ਉਠਾਇੰਦਾ। ਏਕਾ ਵੇਖੇ ਮਾਰ ਧਿਆਨਾ, ਏਕਾ ਖੇਲ ਖਿਲਾਇੰਦਾ। ਏਕਾ ਲੋਆਂ ਪੁਰੀਆਂ ਦੇਵੇ ਦਾਨਾ, ਏਕਾ ਮੂਲ ਚੁੁਕਾਇੰਦਾ। ਏਕਾ ਲੱਖ ਚੁਰਾਸੀ ਬੰਨੇ ਗਾਨਾ, ਏਕਾ ਸਗਨ ਮਨਾਇੰਦਾ। ਏਕਾ ਹੋਏ ਜਾਣੀ ਜਾਣਾ, ਜਾਨਣਹਾਰ ਇਕ ਅਖਵਾਇੰਦਾ। ਏਕਾ ਤਨ ਦਰ ਰਹੇ ਨਿਮਾਣਾ, ਜੁਗ ਜੁਗ ਖੇਲ ਖਿਲਾਇੰਦਾ। ਏਕਾ ਤਖ਼ਤ ਏਕਾ ਰਾਜਾ ਏਕਾ ਰਾਣਾ, ਸ਼ਾਹੋ ਭੂਪ ਇਕ ਅਖਵਾਇੰਦਾ। ਏਕਾ ਹੁਕਮ ਇਕ ਫ਼ਰਮਾਣਾ, ਸਿਫ਼ਤ ਸਲਾਹ ਇਕ ਰਖਾਇੰਦਾ। ਏਕਾ ਰਾਗ ਏਕਾ ਗਾਣਾ, ਏਕਾ ਤਾਲ ਵਜਾਇੰਦਾ। ਏਕਾ ਪਦ ਵਖਾਏ ਨਿਰਬਾਨਾ, ਥਿਰ ਘਰ ਬੈਠਾ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗ ਜੁਗ ਖੇਲ ਮਹਾਨਾ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਧਾਰ ਚਲਾਇੰਦਾ। ਨਿਰਗੁਣ ਧਾਰ ਹਰਿ ਕਰਨੇਹਾਰਾ, ਕਰਤਾ ਪੁਰਖ ਅਖਵਾਇਆ । ਵਰਤੇ ਵਰਤਾਵੇ ਵਿਚ ਸੰਸਾਰਾ, ਲੋਆਂ ਪੁਰੀਆਂ ਮੇਲ ਮਿਲਾਇਆ। ਮੰਡਲ ਮੰਡਪ ਦਏ ਸਹਾਰਾ, ਸ਼ਬਦੀ ਸ਼ਬਦ ਟਿਕਾਇਆ। ਸ਼ਬਦੀ ਸ਼ਬਦ ਜੈ ਜੈ ਜੈਕਾਰਾ, ਸ਼ਬਦੀ ਸ਼ਬਦ ਉਪਾਇਆ। ਸ਼ਬਦੀ ਸ਼ਬਦ ਹਰਿ ਭੰਡਾਰਾ, ਸ਼ਬਦੀ ਆਪ ਵਰਤਾਇਆ। ਸ਼ਬਦੀ ਪੁਰਖ ਸ਼ਬਦੀ ਨਾਰਾ, ਨਰ ਨਰਾਇਣ ਸ਼ਬਦ ਅਖਵਾਇਆ। ਸ਼ਬਦ ਗੁਰ ਸ਼ਬਦ ਅਵਤਾਰਾ, ਸ਼ਬਦ ਪੰਜ ਤੱਤ ਉਪਜਾਇਆ। ਸ਼ਬਦ ਮੀਤ ਸ਼ਬਦ ਮੁਰਾਰਾ, ਸ਼ਬਦ ਵਿਛੋੜਾ ਵੇਖ ਵਖਾਇਆ। ਸ਼ਬਦ ਮਹੱਲ ਸ਼ਬਦ ਮੁਨਾਰਾ, ਸ਼ਬਦ ਬੈਠਾ ਆਸਣ ਲਾਇਆ। ਸ਼ਬਦੀ ਸ਼ਬਦ ਹਰਿ ਨਿਰੰਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਕਰ ਪਸਾਰਾ, ਸ਼ਬਦ ਸ਼ਬਦੀ ਜੋੜ ਜੁੜਾਇਆ। ਆਦਿ ਨਿਰੰਜਣ ਕਰ ਅਕਾਰਾ, ਜੋਤ ਨਿਰੰਜਣ ਮੂੰਡ ਮੁੰਡਾਇਆ। ਜੋਤ ਨਿਰੰਜਣ ਸੇਵਾਦਾਰਾ, ਘਟ ਘਟ ਦੀਪ ਵਖਾਇਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰਾ, ਘਰ ਮੰਦਰ ਆਪ ਸੁਹਾਇਆ। ਤਾਲ ਅਨਾਦੀ ਅਪਰ ਅਪਾਰਾ, ਗੁਰ ਸਤਿਗੁਰ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਘਰ, ਨੂਰੋ ਨੂਰ ਕਰੇ ਰੁਸ਼ਨਾਇਆ। ਨੂਰ ਰੁਸ਼ਨਾਈ ਲੋਕਮਾਤ, ਜੋਤੀ ਜੋਤ ਜਗਾਈਆ। ਜੁਗ ਜੁਗ ਵੇਖੇ ਮਾਰ ਝਾਤ, ਆਤਮ ਝੋਲੀ ਆਪ ਭਰਾਈਆ। ਅੰਤਮ ਵੇਲੇ ਪੁੱਛੇ ਵਾਤ, ਘਰ ਲੇਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਨਾਉਂ ਨਿਰੰਜਣ ਹਰਿ ਨਿਰੰਕਾਰ, ਅਗਾਧ ਬੋਧ ਅਖਵਾਇੰਦਾ। ਅਕਲ ਕਲਾ ਕਲ ਪਸਾਰ, ਆਪੇ ਵੇਖ ਵਖਾਇੰਦਾ। ਜਲ ਥਲ ਮਹੀਅਲ ਡੂੰਘੀ ਧਾਰ, ਨਿਝਰ ਧਾਰ ਆਪ ਚਲਾਇੰਦਾ। ਦੋ ਜਹਾਨਾਂ ਦਏ ਸਹਾਰ, ਆਪ ਆਪਣਾ ਰੰਗ ਰੰਗਾਇੰਦਾ। ਗੁਰ ਗੁਰ ਵੇਸ ਅਪਰ ਅਪਾਰ, ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਆਪਣਾ ਭੇਵ ਆਪੇ ਖੋਲ੍ਹ, ਆਪੇ ਸ਼ਬਦ ਜਣਾਈਆ। ਏਕਾ ਅੱਖਰ ਸ਼ਬਦ ਬੋਲ, ਹਉਮੇ ਬੂਝ ਬੁਝਾਈਆ। ਸਾਚੇ ਕੰਡੇ ਆਪੇ ਤੋਲ, ਆਪੇ ਵੰਡ ਵੰਡਾਈਆ। ਸਤਿਜੁਗ ਵਜਾ ਸਾਚਾ ਢੋਲ, ਲੋਕਮਾਤ ਕਰੇ ਜਣਾਈਆ। ਤ੍ਰੇਤਾ ਤ੍ਰੀਆ ਰਿਹਾ ਮੌਲ, ਤੇਰਾ ਮੇਰਾ ਰੂਪ ਵਟਾਈਆ। ਦੁਆਪਰ ਖੇਲੇ ਏਕਾ ਹੋਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਹਰਿ ਸਾਚੇ ਪਾਰ ਉਤਾਰਿਆ। ਕਲਜੁਗ ਲੋਕਮਾਤ ਲਏ ਅਵਤਾਰ, ਧਰਨੀ ਧਰਤ ਆਪ ਸੁਹਾ ਰਿਹਾ। ਦਰ ਦਰਵੇਸਾ ਮੰਗੇ ਮੰਗ ਭਿਖਾਰ, ਘਰ ਸਾਚੇ ਆਪ ਸੁਹਾ ਰਿਹਾ। ਕੂੜਾ ਕੂੜਾ ਕਰ ਪਸਾਰ, ਤੇਰਾ ਭਾਰ ਆਪ ਉਠਾ ਲਿਆ। ਜੂਠ ਝੂਠ ਨਾਲ ਪਿਆਰ, ਮਾਇਆ ਮਮਤਾ ਸੰਗ ਨਿਭਾ ਲਿਆ। ਹਉਮੇ ਹੰਗਤਾ ਗੜ੍ਹ ਹੰਕਾਰ, ਮਾਇਆ ਬੁਰਜ ਬਣਾ ਰਿਹਾ। ਭੁੱਖਾ ਨੰਗਤਾ ਦਰ ਭਿਖਾਰ, ਚਾਰੋਂ ਕੁੰਟ ਵੇਸ ਵਟਾ ਲਿਆ। ਤੇਰੀ ਮਦਦ ਚਾਰ ਯਾਰ, ਸੰਗ ਮੁਹੰਮਦ ਇਕ ਰਖਾ ਲਿਆ। ਬੇਐਬ ਖ਼ੁਦਾਈ ਪਰਵਰਦਿਗਾਰ, ਖ਼ੁਦੀ ਖ਼ੁਦਾਈ ਮੇਲ ਮਿਲਾ ਰਿਹਾ। ਅੱਲਾ ਰਾਣੀ ਕਰ ਤਿਆਰ, ਹੂ ਹੂ ਨਾਅਰਾ ਇਕ ਵਖਾ ਲਿਆ। ਬਿਸਮਲ ਤੇਰਾ ਰੂਪ ਅਪਾਰ, ਆਪ ਆਪਣੇ ਵਿਚ ਸਮਾ ਲਿਆ। ਏਕਾ ਕਲਮਾ ਕਰ ਤਿਆਰ, ਨਬੀ ਰਸੂਲਾਂ ਆਪ ਪੜ੍ਹਾ ਲਿਆ। ਸ਼ਰਅ ਸ਼ਰੀਅਤ ਖ਼ਬਰਦਾਰ, ਜਗਤ ਮਸੱਲਾ ਹੱਥ ਫੜਾ ਲਿਆ। ਵੁਜ਼ੂ ਬਾਂਗ ਕਰ ਉਜਿਆਰ, ਨਾਅਰਾ ਐਨਲਹੱਕ ਵਖਾ ਲਿਆ। ਖ਼ਲਕ ਖ਼ੁਦਾਈ ਵਸਿਆ ਬਾਹਰ, ਖ਼ਾਲਕ ਖ਼ਲਕ ਭੇਵ ਨਾ ਪਾ ਲਿਆ। ਦੋਹਾਂ ਮੇਲਾ ਵਿਚ ਸੰਸਾਰ, ਹਰਿ ਸਾਚੇ ਆਪ ਕਰਾ ਲਿਆ। ਸ਼ਰਅ ਸ਼ਰੀਅਤ ਆਪਣਾ ਡੰਕ ਵਜਾ ਲਿਆ। ਰਾਮ ਨਾਮ ਕਰ ਖੁਵਾਰ, ਚਾਰੋਂ ਕੁੰਟ ਫੇਰਾ ਪਾ ਲਿਆ। ਗਰੀਬ ਨਿਮਾਣੇ ਹਾਹਾਕਾਰ, ਜੀਵ ਜੰਤ ਸਰਬ ਕੁਰਲਾ ਰਿਹਾ। ਕਲਜੁਗ ਕੂੜਾ ਖ਼ਬਰਦਾਰ, ਆਪ ਆਪਣਾ ਡੰਕ ਵਜਾ ਰਿਹਾ। ਮੁਹੰਮਦ ਹੋਇਆ ਪਹਿਰੇਦਾਰ, ਆਪਣੀ ਸੇਵਾ ਆਪ ਕਮਾ ਰਿਹਾ। ਦੋ ਜਹਾਨਾਂ ਮੇਲਾ ਹਰਿ ਕਰਤਾਰ, ਹਰਿ ਸਾਚਾ ਇਹ ਸਮਝਾ ਰਿਹਾ। ਅੰਤਮ ਔਣਾ ਦਰ ਦਵਾਰ, ਆਪ ਆਪਣਾ ਹੁਕਮ ਸੁਣਾ ਲਿਆ। ਮੁਹੰਮਦ ਮੰਗੇ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹ ਰਿਹਾ। ਚੌਦਾਂ ਤਬਕਾਂ ਇਕ ਪਿਆਰ, ਏਕਾ ਘਰ ਵਸਾ ਲਿਆ। ਚੌਦਾਂ ਸਦ ਕਰ ਉਜਿਆਰ, ਲੋਕਮਾਤ ਰਾਜ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਖਿਲਾ ਰਿਹਾ। ਚੌਦਾਂ ਸਦ ਵਰ ਘਰ ਪਾ, ਮੁਹੰਮਦ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਬੇਪਰਵਾਹ, ਜੀਆਂ ਜੰਤਾਂ ਵੇਖੇ ਥਾਉਂ ਥਾਈਂਆ। ਗਰੀਬ ਨਿਮਾਣੇ ਰਹੇ ਕੁਰਲਾ, ਦਿਵਸ ਰੈਣ ਮਾਰੇ ਧਾਈਆ। ਨਿਰਗੁਣ ਜੋਤੀ ਨੂਰ ਆਪ ਜਗਾ, ਆਪਣੀ ਕਰੇ ਆਪ ਰੁਸ਼ਨਾਈਆ। ਨਾਨਕ ਸਤਿਗੁਰ ਲੋਕਮਾਤ ਉਪਾ, ਸ਼ਬਦ ਸੁਨੇਹੁੜਾ ਇਕ ਸੁਣਾਈਆ। ਸਤਿ ਨਾਮ ਦਏ ਦ੍ਰਿੜਾ, ਸਾਚੀ ਸਿਖਿਆ ਇਕ ਪੜ੍ਹਾਈਆ। ਹਿੰਦੂ ਮੁਸਲਮ ਨਾ ਕੋਈ ਵਖਾ, ਏਕਾ ਬ੍ਰਹਮ ਜਣਾਈਆ। ਦੂਈ ਦਵੈਤੀ ਪੜਦਾ ਲਾਹ, ਏਕਾ ਘਰ ਬਹਾਈਆ। ਮੁਲਾ ਸ਼ੇਖ਼ ਪੀਰ ਦਸਤਗੀਰ ਦਏ ਸਮਝਾ, ਸ਼ਾਹ ਸੁਲਤਾਨਾ ਹੁਕਮ ਜਣਾਈਆ। ਨੂਰੀ ਜਲਵਾ ਆਪ ਵਖਾ, ਜਲਵਾ ਜਲਾਲ ਆਪ ਖ਼ੁਦਾਈਆ। ਏਕਾ ਸਜਦਾ ਦਏ ਕਰਾ, ਸਾਚਾ ਕਾਅਬਾ ਵੇਖ ਵਖਾਈਆ। ਦੋ ਦੋ ਆਬ ਮੇਲ ਮਿਲਾ, ਹੱਕ ਜਨਾਬਾ ਵਡ ਵਡਿਆਈਆ। ਸਚ ਰਬਾਬਾ ਇਕ ਵਜਾ, ਨਿਰੰਕਾਰ ਨਿਰੰਕਾਰ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੋਤੀ ਨੂਰ ਕਰ, ਨਾਨਕ ਨਿਰਗੁਣ ਵੇਸ ਵਟਾਈਆ। ਨਾਨਕ ਸਤਿਗੁਰ ਏਕਾ ਆਇਆ, ਸ੍ਰਿਸ਼ਟ ਸਬਾਈ ਕਰੇ ਜਣਾਈਆ। ਏਕਾ ਜੋਤੀ ਪੂਤ ਸਪੂਤਾ ਹਰਿ ਆਪੇ ਜਾਇਆ, ਗੁਰ ਗੋਬਿੰਦ ਨਾਉਂ ਰਖਾਈਆ। ਸਿੰਘ ਰੂਪ ਹੋ ਸਿੰਘ ਸਜਾਇਆ, ਨਾਮ ਖੰਡਾ ਤਨ ਲਟਕਾਈਆ। ਕਲਗੀ ਤੋੜਾ ਸੀਸ ਟਿਕਾਇਆ, ਪੰਚਮ ਹੱਥ ਵਖਾਈਆ। ਪੰਚਮ ਮੇਲਾ ਆਪ ਕਰਾਇਆ, ਪੰਚਮ ਗਿਆ ਆਪ ਸਮਾਈਆ। ਅੰਤਮ ਆਪਣਾ ਖੇਲ ਖਿਲਾਇਆ, ਆਪਣੀ ਸੇਵਾ ਆਪ ਕਰਾਈਆ। ਬੰਸ ਸਰਬੰਸਾ ਲੇਖੇ ਲਾਇਆ, ਪੁਰਖ ਅਕਾਲ ਖ਼ੁਸ਼ੀ ਮਨਾਈਆ। ਦੀਨ ਦਿਆਲ ਦਇਆ ਕਮਾਇਆ, ਆਪੇ ਸਿਫ਼ਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਾਚਾ ਘਰ, ਹਰਿ ਸਾਚਾ ਵੇਖ ਵਖਾਈਆ। ਗੋਬਿੰਦ ਸਿੰਘ ਸਿੰਘ ਬਲਕਾਰਾ, ਹਰਿ ਹਰਿ ਆਪ ਉਪਾਇਆ। ਪੰਚਮ ਮੀਤਾ ਪੰਚਮ ਕਰ ਪਿਆਰਾ, ਪੰਚਮ ਏਕਾ ਰੰਗ ਰੰਗਾਇਆ। ਗੁਰੂ ਗ੍ਰੰਥ ਗੁਰੂਦਵਾਰਾ, ਗੁਰ ਗੁਰ ਆਪ ਸਮਝਾਇਆ। ਜੀਵ ਜੰਤ ਨਾ ਭੁੱਲੇ ਕੋਈ ਸੰਸਾਰਾ, ਸਾਚਾ ਮਾਰਗ ਇਕ ਵਖਾਇਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਸੰਬਲ ਨਗਰੀ ਧਾਮ ਨਿਆਰਾ, ਹਰਿ ਸਾਚਾ ਦਏ ਵਸਾਇਆ। ਉਚ ਅਟੱਲ ਅਟੱਲ ਮੁਨਾਰਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸੋਏ ਆਪ ਜਗਾਇਆ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਹੱਥ ਚਮਕਾਇਆ। ਰਾਜ ਰਾਜਾਨਾ ਕਰੇ ਖੁਵਾਰਾ, ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਇਆ। ਏਕਾ ਨਾਮ ਇਕ ਜੈਕਾਰਾ, ਏਕਾ ਫਤਿਹ ਡੰਕ ਵਜਾਇਆ। ਏਕਾ ਘਰ ਇਕ ਘਰ ਬਾਰਾ, ਧੁਰ ਦਰਬਾਰਾ ਇਕ ਸੁਹਾਇਆ। ਬੀਸ ਬੀਸਾ ਹੋਏ ਖ਼ਬਰਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਵੇਖ ਵਖਾਇਆ। ਕਲਜੁਗ ਤੇਰਾ ਅੰਤਮ ਲਹਿਣਾ, ਹਰਿ ਸਾਚਾ ਆਪ ਚੁਕਾਈਆ। ਚਾਰ ਯਾਰੀ ਬਸਤਰ ਗਹਿਣਾ, ਏਕਾ ਏਕ ਪਹਿਨਾਈਆ। ਅੱਲਾ ਰਾਣੀ ਨੇਤਰ ਰੋਵੇ ਨੈਣਾਂ, ਧੀਰ ਨਾ ਕੋਈ ਧਰਾਈਆ। ਨਬੀ ਰਸੂਲਾ ਮਿਲੇ ਨਾ ਬਹਿਣਾ, ਸ਼ਰਅ ਸ਼ਰੀਅਤ ਰਹੀ ਤਪਾਈਆ। ਸ਼ਾਹ ਸਿਕਦਾਰ ਝੂਠੇ ਵਹਿਣ ਵਹਿਣਾ, ਧੀਰਜ ਧੀਰ ਨਾ ਕੋਈ ਧਰਾਈਆ। ਅਮਾਮ ਅਮਾਮਾਂ ਨਾਲ ਖਹਿਣਾ, ਖਹਿ ਖਹਿ ਅਗਨ ਜਲਾਈਆ। ਪੁਰਖ ਅਬਿਨਾਸ਼ੀ ਚੁਕਾਏ ਲਹਿਣਾ ਦੇਣਾ, ਚੌਦਾਂ ਚੌਦਾਂ ਵੇਖ ਵਖਾਈਆ। ਨਾਤਾ ਤੁੱਟੇ ਭਾਈ ਭੈਣਾ, ਸਗਲਾ ਸੰਗ ਨਾ ਕੋਈ ਨਿਭਾਈਆ। ਵਰ ਮੰਗੇ ਲਾੜੀ ਮੌਤ ਡੈਣਾ, ਲਾਲ ਮਹਿੰਦੀ ਹੱਥੀਂ ਲਾਈਆ। ਧਰਮ ਰਾਏ ਅੱਗੇ ਹੋ ਹੋ ਬਹਿਣਾ, ਆਪ ਆਪਣਾ ਘਰ ਵਖਾਈਆ। ਚਿਤਰ ਗੁਪਤ ਉਚੀ ਕੂਕ ਕਹਿਣਾ, ਮੇਰਾ ਲੇਖਾ ਜਾਏ ਮੁਕਾਈਆ। ਹਰਿ ਕਾ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਨਕ ਗੁਰ ਵੇਖੇ ਆਪਣੇ ਨੈਣਾਂ, ਆਪਣੇ ਨੈਣਾਂ ਆਪੇ ਗਏ ਲਗਾਈਆ। ਗੁਰਮੁਖ ਵਿਰਲੇ ਮਾਤ ਰਹਿਣਾ, ਜਿਸ ਸਿਰ ਹੱਥ ਸਮਰਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਹਰਿ ਹਰਿ ਜਾਮਾ, ਹਰਿ ਹਰਿ ਖੇਲ ਖਿਲਾਇੰਦਾ। ਆਪੇ ਰਾਮ ਰਮਈਆ ਰਾਮਾ, ਕਾਹਨਾ ਕ੍ਰਿਸ਼ਨਾ ਨਾਮ ਧਰਾਇੰਦਾ । ਆਪੇ ਖੇਲੇ ਖੇਲ ਦੋ ਜਹਾਨਾਂ, ਜੁਗ ਜੁਗ ਧਾਰ ਚਲਾਇੰਦਾ। ਆਪੇ ਈਸਾ ਮੂਸਾ ਧੁਰ ਫ਼ਰਮਾਨਾ, ਆਪਣਾ ਆਪ ਸੁਣਾਇੰਦਾ। ਆਪੇ ਮਜ਼੍ਹਬ ਦੀਨ ਹੋਏ ਇਸਲਾਮਾ, ਆਪ ਆਪਣੀ ਵੰਡ ਵੰਡਾਇੰਦਾ। ਆਪੇ ਨਿਰਗੁਣ ਜੋਤੀ ਅੰਤਰਜਾਮਾ, ਆਪੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਖ ਵਟਾਇੰਦਾ। ਭੇਖ ਵਟਾਇਆ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਪੰਜ ਤੱਤ ਨਾ ਕੋਇ ਆਕਾਰ, ਹੱਡ ਮਾਸ ਨਾੜੀ ਰੱਤ ਨਾ ਕੋਇ ਦਸਾਈਆ। ਮਨ ਮਤ ਬੁਧ ਨਾ ਕੋਇ ਆਧਾਰ, ਬ੍ਰਹਮ ਬ੍ਰਹਮ ਨਾ ਨਜ਼ਰੀ ਆਈਆ। ਪਾਰਬ੍ਰਹਮ ਬੇਐਬ ਪਰਵਰਦਿਗਾਰ, ਏਕਾ ਏਕ ਨੂਰ ਇਲਾਹੀਆ। ਗੋਬਿੰਦ ਤੇਰੀ ਸਾਚੀ ਧਾਰ, ਸਿੰਘ ਰੂਪ ਆਪ ਸਮਾਈਆ। ਨਾਨਕ ਤੇਰਾ ਸਚ ਭੰਡਾਰ, ਸੋਹੰ ਸ਼ਬਦ ਦਏ ਵਰਤਾਈਆ। ਚਾਰ ਯਾਰੀ ਖੋਲ੍ਹ ਕਿਵਾੜ, ਲਹਿਣਾ ਦਏ ਮੁਕਾਈਆ। ਥਿਤ ਸੁਹਾਏ ਸਤਾਰਾਂ ਹਾੜ, ਪ੍ਰਭ ਸਾਚੇ ਵਡ ਵਡਿਆਈਆ। ਲੱਗੇ ਅੱਗ ਨਾੜ ਨਾੜ, ਨਾ ਸਕੇ ਕੋਇ ਬੁਝਾਈਆ। ਆਪੇ ਜਾਣੇ ਆਪਣੀ ਅਗੰਮੜੀ ਧਾੜ, ਆਪਣੇ ਹੱਥ ਰੱਖੇ ਵਡਿਆਈਆ। ਜ਼ਿਮੀ ਅਸਮਾਨਾ ਪੜਦਾ ਦੇਵੇ ਪਾੜ, ਪਾਰਬ੍ਰਹਮ ਭੇਵ ਨਾ ਰਾਈਆ। ਨੌ ਖੰਡ ਪ੍ਰਿਥਮੀ ਬਣਾਏ ਇਕ ਅਖਾੜ, ਸੱਤਾਂ ਦੀਪਾਂ ਨਾਲ ਰਲਾਈਆ। ਫਿਰੇ ਦੁਹਾਈ ਜੰਗਲ ਜੂਹ ਉਜਾੜ ਪਹਾੜ, ਰਾਜ ਮੰਦਰ ਨਾ ਕੋਇ ਸੁਹਾਈਆ। ਰਾਜੇ ਰਾਣੇ ਹੋਣ ਖੁਆਰ, ਤਖ਼ਤ ਤਾਜ ਨਾ ਕੋਇ ਹੰਢਾਈਆ। ਸਖੀਆ ਮੰਗਲ ਨਾ ਮੰਗਲਾਚਾਰ, ਘਰ ਘਰ ਸਗਨ ਨਾ ਕੋਇ ਮਨਾਈਆ। ਨਾ ਕੋਈ ਸਾਜਣ ਮੀਤ ਮੁਰਾਰ, ਸਖਾ ਸਹਾਈ ਨਾ ਕੋਈ ਅਖਵਾਈਆ। ਪਿਤਾ ਪੂਤ ਨਾ ਕੋਈ ਪਿਆਰ, ਭੱਜਣ ਵਾਹੋ ਦਾਹੀਆ। ਖੇਲੇ ਖੇਲ ਆਪ ਕਰਤਾਰ, ਕਲਜੁਗ ਵੇਖੇ ਝੂਠੀ ਸ਼ਾਹੀਆ। ਕੂੜਾ ਰੂਪ ਹੋਇਆ ਸਿਕਦਾਰ, ਕੂੜੀ ਕਿਰਿਆ ਨਾਲ ਰਲਾਈਆ। ਸਾਧ ਸੰਤ ਨਾ ਕੋਇ ਪਿਆਰ, ਸਾਚਾ ਘਰ ਨਾ ਕੋਇ ਸਹਾਈਆ। ਕਲਜੁਗ ਜੀਵ ਹੋਏ ਵਿਭਚਾਰ, ਹਰਿ ਕਾ ਰੂਪ ਦਿਸ ਨਾ ਆਈਆ। ਮਨਮਤ ਹੋਈ ਦੁਹਾਗਣ ਨਾਰ, ਪਤਤ ਪਾਪੀ ਲਏ ਪਰਨਾਈਆ। ਸੰਤ ਕੰਤ ਮੀਤ ਭਤਾਰ, ਗੁਰਮੁਖ ਵਿਰਲਾ ਨਜ਼ਰੀ ਆਈਆ। ਗੁਰ ਨਾਨਕ ਮੇਲਾ ਇਕ ਦਵਾਰ, ਗੁਰ ਗੋਬਿੰਦ ਵੇਖ ਵਖਾਈਆ। ਦੂਸਰ ਦਿਸੇ ਨਾ ਕੋਇ ਧਾਰ, ਸਾਚੀ ਧਾਰਾ ਆਪ ਬੰਧਾਈਆ। ਸਤਿਜੁਗ ਸਾਚਾ ਕਰੇ ਉਜਿਆਰ, ਸਚ ਸੁੱਚ ਵੱਡੀ ਵਡਿਆਈਆ। ਦਿਲੀ ਤਖ਼ਤ ਸੁਹਾਏ ਦਰ ਦਰਬਾਰ, ਸੀਸ ਗੰਜ ਨਾਮ ਰਖਾਈਆ। ਗੁਰ ਤੇਗ਼ ਬਹਾਦਰ ਤੇਰੀ ਧਾਰ, ਗ਼ਰੀਬ ਨਿਮਾਣੇ ਲਏ ਤਰਾਈਆ। ਕਲਜੁਗ ਅੰਤਮ ਹੋ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਵਡ ਦਾਤਾ ਬੇਪਰਵਾਹੀਆ। ਆਦਿ ਜੁਗਾਦੀ ਜਾਣੇ ਆਪਣੀ ਕਾਰ, ਬੀਸ ਬੀਸਾ ਨਾਉਂ ਧਰਾਈਆ। ਜਗਤ ਜਗਦੀਸਾ ਭੇਸ ਨਿਆਰ, ਭੇਖ ਅਵੱਲਾ ਇਕ ਵਖਾਈਆ। ਸ਼ਬਦੀ ਡੰਕ ਡੰਕ ਸੰਸਾਰ, ਆਪਣਾ ਆਪ ਸੁਣਾਈਆ। ਨਿਹਕਲੰਕ ਹਰਿ ਲੈ ਅਵਤਾਰ, ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਤੇਰੀ ਝੋਲੀ ਪਾਈਆ। ਕਲਜੁਗ ਲੇਖਾ ਰਿਹਾ ਚੁੱਕ, ਪ੍ਰਭ ਸਾਚਾ ਆਪ ਚੁਕਾਈਆ। ਸੰਮਤ ਸੰਮਤੀ ਪੈਂਡਾ ਰਿਹਾ ਮੁੱਕ, ਨੇੜੇ ਪੰਧ ਵਖਾਈਆ। ਸਾਲ ਬਸਾਲਾ ਰਿਹਾ ਢੁਕ, ਆਪਣਾ ਰਾਹ ਤਕਾਈਆ। ਪੁਰਖ ਅਕਾਲ ਦੀਨ ਦਿਆਲ ਸੰਤ ਸੁਹੇਲੇ ਵੇਖੇ ਝੁਕ, ਲੋਕਮਾਤ ਰਹੇ ਕੁਰਲਾਈਆ। ਕਲਜੁਗ ਸ਼ੇਰ ਰਿਹਾ ਬੁੱਕ, ਚਾਰੋਂ ਕੁੰਟ ਢਕ ਬਣਾਈਆ। ਹਰਿਆ ਬੂਟਾ ਰਿਹਾ ਸੁੱਕ, ਮਾਨਸ ਅੰਮ੍ਰਿਤ ਨਾ ਮੁੱਖ ਚਵਾਈਆ। ਘਰ ਘਰ ਬਣੀ ਅੰਤਮ ਫੁੱਟ, ਨਾ ਕੋਈ ਮੇਲ ਮਿਲਾਈਆ। ਭਾਈਆਂ ਭਾਈ ਰਹੇ ਲੁੱਟ, ਪਿਤਾ ਪੂਤ ਲੜਾਈਆ। ਮਦਿਰਾ ਜਾਮ ਪੀ ਪੀ ਘੁੱਟ, ਹਰਿ ਕਾ ਨਾਮ ਭੁਲਾਈਆ। ਨਾਨਕ ਗੋਬਿੰਦ ਤੇਰਾ ਲੜ ਨਾ ਜਾਏ ਛੁੱਟ, ਸ਼ਬਦ ਵਿਚੋਲਾ ਢੋਲਾ ਗਾਈਆ। ਹਰਿਜਨ ਵਿਰਲੇ ਲਾਹਾ ਰਹੇ ਲੁੱਟ, ਆਤਮ ਅੰਤਰ ਇਕ ਪ੍ਰੀਤ ਵਖਾਈਆ। ਅੰਮ੍ਰਿਤ ਪਿਆਏ ਸਾਚਾ ਘੁੱਟ, ਅਗਨੀ ਤੱਤ ਬੁਝਾਈਆ। ਲੱਖ ਚੁਰਾਸੀ ਜਾਏ ਛੁੱਟ, ਜਿਸ ਮਿਲਿਆ ਬੇਪਰਵਾਹੀਆ। ਕਲਜੁਗ ਅੰਤਮ ਕੂੜ ਕੁੜਿਆਰਾ ਜੜ ਦੇਵੇ ਪੁੱਟ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਧਰਤ ਮਾਤ ਆਪਣੀ ਗੋਦੀ ਲਏ ਚੁੱਕ, ਆਪ ਆਪਣੀ ਖ਼ੁਸ਼ੀ ਮਨਾਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਜੋਤੀ ਬੈਠਾ ਲੁਕ, ਸ਼ਬਦੀ ਰਿਹਾ ਜਗਾਈਆ। ਪਾਰਬ੍ਰਹਮ ਸਤਿਗੁਰ ਪੂਰਾ ਨਾ ਮਾਨਸ ਨਾ ਦਿਸੇ ਮਾਨੁਖ, ਨਿਰਗੁਣ ਸਰਗੁਣ ਵਿਚ ਸਮਾਈਆ। ਮਾਤ ਗਰਭ ਨਾ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਭੁੱਖ, ਆਸ ਨਿਰਾਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਦਏ ਚੁਕਾਈਆ। ਹਰਿ ਸੰਗਤ ਹਰਿ ਰੰਗ ਹੈ, ਹਰਿ ਦੇਵੇ ਨਾਮ ਭੰਡਾਰ। ਜੋ ਜਨ ਮੰਗੇ ਨਾਮ ਮੰਗ ਹੈ, ਆਤਮ ਅੰਤਰ ਦੇਵੇ ਧਾਰ। ਮੇਲ ਮਿਲਾਏ ਸੂਰੇ ਸਰਬੰਗ ਹੈ, ਦਰਸ ਦਿਖਾਏ ਨਾਨਕ ਗੁਰ ਅਵਤਾਰ। ਸਚ ਮਹੱਲਾ ਵਖਾਏ ਪਲੰਘ ਹੈ, ਨਿਰਗੁਣ ਜੋਤ ਨੂਰ ਉਜਿਆਰ। ਨਾਮ ਵਜਾਏ ਸੱਚਾ ਮਰਦੰਗ ਹੈ, ਕਾਇਆ ਮੰਦਰ ਸੱਚੀ ਧੁਨਕਾਰ। ਅੰਮ੍ਰਿਤ ਪਿਆਏ ਧਾਰਾ ਗੰਗ ਹੈ, ਸਰ ਸਰੋਵਰ ਇਕ ਵਖਾਲ। ਕੱਟਣਹਾਰਾ ਭੁੱਖ ਨੰਗ ਹੈ, ਲੋਕਮਾਤ ਗੁਰ ਸ਼ਬਦ ਦਲਾਲ। ਨਾਮ ਡੋਰੀ ਬੰਨ੍ਹੇ ਪਤੰਗ ਹੈ, ਸੁਰਤੀ ਸੁਰਤ ਕਰੇ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵਸੇ ਨਾਲ ਨਾਲ। ਹਰਿ ਸੰਗਤ ਹਰਿ ਵਸਿਆ, ਸਤਿਗੁਰ ਮੀਤ ਮੁਰਾਰ। ਰਾਹ ਏਕਾ ਸੱਚਾ ਦੱਸਿਆ, ਨਾਤਾ ਛੁੱਟੇ ਨੌ ਦਵਾਰ। ਮੇਟੇ ਰੈਣ ਅੰਧੇਰੀ ਮੱਸਿਆ, ਕੋਟਨ ਰਵ ਸਸ ਕਰੇ ਉਜਿਆਰ। ਦਰ ਘਰ ਸਾਚੇ ਆਏ ਨੱਸਿਆ, ਦੇਵੇ ਦਰਸ ਖੋਲ੍ਹ ਕਿਵਾੜ। ਤੀਰ ਨਿਰਾਲਾ ਏਕਾ ਕਸਿਆ, ਸੋਹੰ ਮੁੱਖੀ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਾਚੇ ਘਰ, ਸੁਹਾਏ ਬੰਕ ਦਵਾਰ। ਹਰਿ ਸੰਗਤ ਹਰਿ ਜਾਣਿਆ, ਪਰਮ ਪੁਰਖ ਕਰਤਾਰ। ਆਪ ਚਲਾਏ ਆਪਣੇ ਭਾਣਿਆ, ਦੇਵੇ ਨਾਮ ਆਧਾਰ। ਚਰਨ ਪ੍ਰੀਤੀ ਬਖ਼ਸ਼ੇ ਇਕ ਧਿਆਨਿਆ, ਏਕਾ ਪੈਜ ਸੁਆਰ। ਸ਼ਬਦ ਜਣਾਈ ਬ੍ਰਹਮ ਗਿਆਨਿਆ, ਭਾਂਡਾ ਭਰਮ ਨਿਵਾਰ। ਦਾਤਾ ਦਾਨੀ ਦੇਵੇ ਦਾਨਿਆ, ਦੇਵਣਹਾਰ ਸਰਬ ਸੰਸਾਰ। ਸਤਿ ਸੰਤੋਖੀ ਬੰਨ੍ਹੇ ਗਾਨਿਆ, ਗੁਰ ਮੂਰਤ ਕਰੇ ਸ਼ੰਗਾਰ। ਜੋਨੀ ਰਹਿਤ ਸ੍ਰੀ ਭਗਵਾਨਿਆ, ਏਕਉਂਕਾਰਾ ਅਕਲ ਪਸਾਰ। ਕਲਜੁਗ ਅੰਤਮ ਵੇਖ ਵਖਾਨਿਆ, ਜੋਤੀ ਜਾਮਾ ਭੇਖ ਅਪਾਰ। ਚਾਰ ਵਰਨਾਂ ਦੇਵੇ ਧੁਰ ਫ਼ਰਮਾਨਿਆ, ਸ਼ਬਦ ਸੁਨੇਹੜਾ ਮੀਤ ਮੁਰਾਰ। ਸਤਿਜੁਗ ਸਾਚੀ ਧਾਰ ਬੰਧਾਨਿਆ, ਬੀਸ ਬੀਸਾ ਖ਼ਬਰਦਾਰ। ਸਤ ਰੰਗ ਝੁਲਾਏ ਇਕ ਨਿਸ਼ਾਨਿਆ, ਸ਼ਾਹੋ ਭੂਪ ਸੱਚੀ ਸਰਕਾਰ। ਨੌ ਖੰਡ ਸਖੀ ਇਕ ਵਖਾਨਿਆ, ਸੱਤਾਂ ਦੀਪਾਂ ਇਕ ਪਿਆਰ। ਹਰਿ ਸੰਗਤ ਤੇਰਾ ਰੂਪ ਹਰਿ ਸਾਚਾ ਵੇਖ ਵਖਾਨਿਆ, ਜੋਤੀ ਨੂਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਜੋਤ ਧਰ, ਦੇਵਣਹਾਰਾ ਨਾਮ ਵਰ, ਜਗਤ ਭੰਡਾਰੇ ਦੇਵੇ ਭਰ, ਜੋ ਜਨ ਆਏ ਦਰ ਦਵਾਰ। ਦਰ ਦਵਾਰ ਗੁਰ ਦਰਸ਼ਨ ਪਾ, ਆਤਮ ਤ੍ਰਿਖਾ ਬੁਝਾਈਆ। ਸਤਿਗੁਰ ਪੂਰਾ ਹੋਏ ਸਹਾ, ਸਗਲੀ ਚਿੰਤ ਮਿਟਾਈਆ। ਨਿਥਾਵਿਆਂ ਦੇਵੇ ਏਕਾ ਥਾਂ, ਸਾਚੀ ਦਰਗਹਿ ਆਪ ਬਹਾਈਆ। ਲਾਡ ਲਡਾਏ ਜਿਉਂ ਪੁਤਰਾਂ ਮਾਂ, ਆਪਣੀ ਗੋਦ ਉਠਾਈਆ। ਫੜ ਫੜ ਹੰਸ ਬਣਾਏ ਕਾਂ, ਸਾਚੀ ਚੋਗ ਨਾਮ ਚੁਗਾਈਆ। ਸਿਰ ਰੱਖੇ ਹੱਥ ਦੇ ਕਰ ਠੰਡੀ ਛਾਂ, ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਘਰ ਘਰ ਵੱਜਦੀ ਰਹੇ ਵਧਾਈਆ।