੨੫ ਮਾਘ ੨੦੧੫ ਬਿਕ੍ਰਮੀ ਦਲੀਪ ਸਿੰਘ ਦੇ ਘਰ ਦੁਰਾਂਗਲਾ ਜ਼ਿਲਾ ਗੁਰਦਾਸਪੁਰ
ਨਿਰਗੁਣ ਜੋਤ ਹਰਿ ਨਿਰੰਕਾਰ, ਆਦਿ ਪੁਰਖ ਅਬਿਨਾਸ਼ਿਆ। ਅਗੰਮ ਅਗੰਮੜਾ ਅਗੰਮੜੀ ਕਾਰ, ਅਲਖ ਅਲਖਣਾ ਖੇਲ ਤਮਾਸ਼ਿਆ। ਥਿਰ ਘਰ ਬੈਠ ਸੱਚੇ ਦਰਬਾਰ, ਪੁਰਖ ਸੁਲਤਾਨ ਸ਼ਾਹੋ ਸ਼ਬਾਸਿਆ। ਕਰੇ ਕਰਾਏ ਆਪਣੀ ਕਾਰ, ਆਪਣੇ ਮੰਡਲ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਪ੍ਰਿਥਮੀ ਅਕਾਸਿਆ। ਨਿਰਗੁਣ ਰੂਪ ਸਰਬ ਗੁਣਵੰਤਾ, ਹਰਿ ਹਰਿ ਆਪ ਅਖਵਾਇੰਦਾ। ਪੂਰਨ ਜੋਤ ਸ੍ਰੀ ਭਗਵੰਤਾ, ਆਪ ਆਪਣੀ ਕਲ ਵਰਤਾਇੰਦਾ। ਆਦਿ ਜੁਗਾਦੀ ਵੇਸ ਵਟੰਤਾ, ਜੁਗ ਜੁਗ ਭੇਖ ਧਰਾਇੰਦਾ। ਲੱਖ ਚੁਰਾਸੀ ਭੇਵ ਖੁਲ੍ਹੰਤਾ, ਹਰ ਘਟ ਆਸਣ ਲਾਇੰਦਾ। ਗੁਰਮੁਖ ਸਾਜਣ ਆਪ ਉਠੰਤਾ, ਆਪਣੀ ਦਇਆ ਕਮਾਇੰਦਾ। ਮੇਲ ਮਿਲਾਏ ਸਾਚੇ ਸੰਤਾ, ਸ਼ਬਦ ਅਨਾਦੀ ਇਕ ਸੁਣਾਇੰਦਾ। ਸ਼ਬਦ ਅਨਾਦੀ ਬਣਾਏ ਬਣਤਾ, ਗੁਰ ਸਤਿਗੁਰ ਵੇਖ ਵਖਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਪੰਚ ਵਿਕਾਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਕਰਾਇੰਦਾ। ਖੇਲਣਹਾਰ ਪੁਰਖ ਸਮਰਥ, ਏਕਾ ਏਕ ਏਕੰਕਾਰਿਆ। ਹਰਿਜਨ ਰੱਖੇ ਦੇ ਕਰ ਹੱਥ, ਦੇਵੇ ਨਾਮ ਭੰਡਾਰਿਆ। ਧੁਰ ਦਰਗਾਹੀ ਸਾਚੀ ਵੱਥ, ਹਰਿਜਨ ਸਾਚੀ ਝੋਲੀ ਪਾ ਰਿਹਾ। ਆਪ ਚੜ੍ਹਾਏ ਆਪਣੇ ਰਥ, ਨੌ ਦਵਾਰੇ ਪਾਰ ਕਰਾ ਰਿਹਾ। ਪੰਚ ਵਿਕਾਰਾ ਦੇਵੇ ਮੱਥ, ਜਗਤ ਤ੍ਰਿਸਨਾ ਮੋਹ ਚੁਕਾ ਰਿਹਾ। ਮਾਇਆ ਮਮਤਾ ਪਾਏ ਨੱਥ, ਸਾਚਾ ਮਾਰਗ ਇਕ ਚਲਾ ਰਿਹਾ। ਦੂਈ ਦਵੈਤੀ ਕਰੇ ਭੱਠ, ਜੂਠ ਝੂਠ ਮੇਟ ਮਿਟਾ ਰਿਹਾ। ਸੰਤਨ ਮੇਲਾ ਨੱਠ ਨੱਠ, ਗੁਰਮਤ ਗੁਰ ਆਪ ਕਰਾ ਰਿਹਾ। ਕਾਇਆ ਮੰਦਰ ਸਚ ਅਕੱਠ, ਦਰ ਦਵਾਰ ਇਕ ਵਖਾ ਰਿਹਾ। ਅੰਮ੍ਰਿਤ ਸਰ ਸਰੋਵਰ ਨੁਹਾਏ ਤੀਰਥ ਅਠਸਠ, ਜਲ ਧਾਰਾ ਮੁਖ ਚੁਆ ਰਿਹਾ। ਅਨਹਦ ਸ਼ਬਦ ਨਗਾਰੇ ਲਾਏ ਸੱਟ, ਪੰਚਮ ਤਾਲ ਆਪ ਵਜਾ ਰਿਹਾ। ਸਚ ਕਿਵਾੜ ਖੋਲ੍ਹੇ ਹੱਟ, ਦਰ ਸਾਚਾ ਆਪ ਖੁਲਾ ਲਿਆ। ਬਜਰ ਕਪਾਟੀ ਜਾਏ ਢੱਠ, ਆਪ ਆਪਣਾ ਪੜਦਾ ਲਾਹ ਰਿਹਾ। ਆਤਮ ਸੇਜਾ ਸਾਚਾ ਸਤਿ, ਸਤਿ ਸਰੂਪੀ ਆਪ ਵਖਾ ਰਿਹਾ। ਮੇਲ ਮਿਲਾਏ ਕਮਲਾਪਤ, ਸੁਰਤੀ ਸ਼ਬਦੀ ਸ਼ਬਦ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਸੰਗ ਨਿਭਾ ਰਿਹਾ। ਭਗਤਨ ਮੀਤਾ ਇਕ ਅਕੱਲਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਸਚ ਮਹੱਲਾ, ਨੇਹਚਲ ਅਟੱਲ ਧਾਮ ਸੁਹਾਇਆ। ਵੇਖ ਵਖਾਏ ਜਲਾਂ ਥਲਾਂ, ਡੂੰਘੇ ਸਾਗਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਿਰਤ ਕਮਾਇਆ। ਕਰੇ ਕਰਾਏ ਕਰਨੇਹਾਰਾ, ਏਕਾ ਜੋਤ ਜਗਾਈਆ। ਜੁਗ ਜੁਗ ਖੇਲੇ ਖੇਲ ਅਪਾਰਾ, ਲੋਕਮਾਤ ਵੇਖ ਵਖਾਈਆ। ਧੁਰ ਦਰਗਾਹੀ ਸ਼ਬਦ ਅਪਾਰਾ, ਆਪ ਆਪਣਾ ਨਾਦ ਵਜਾਈਆ। ਅਲੱਖ ਅਗੋਚਰ ਖੇਲ ਨਿਆਰਾ, ਭੇਵ ਅਭੇਦ ਛੁਪਾਈਆ। ਹਰਿ ਸੰਤਨ ਖੋਲ੍ਹੇ ਬੰਦ ਕਿਵਾੜਾ, ਆਪ ਆਪਣਾ ਦਰਸ ਦਿਖਾਈਆ। ਕਰੇ ਪਰਕਾਸ਼ ਬਹੱਤਰ ਨਾੜਾ, ਅੰਧ ਅੰਧੇਰ ਮਿਟਾਈਆ। ਮੇਟ ਮਿਟਾਏ ਪੰਚਮ ਧਾੜਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਚ ਵਖਾਏ ਧਰਮ ਅਖਾੜਾ, ਸਾਚੀ ਸਿਖਿਆ ਮੰਗਲ ਗਾਈਆ। ਸ਼ਬਦ ਗੁਰੂ ਗੁਰ ਸਾਚਾ ਲਾੜਾ, ਹਰਿਜਨ ਸਾਚੇ ਲਏ ਪਰਨਾਈਆ। ਆਪਣੇ ਮੰਦਰ ਆਪੇ ਵਾੜਾ, ਆਪੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਦਰ, ਦਰ ਘਰ ਘਰ ਵਿਚ ਫੇਰਾ ਪਾਈਆ। ਘਰ ਘਰ ਗੁਰਮੁਖ ਮੇਲਿਆ, ਘਰ ਘਰ ਵੱਜੀ ਵਧਾਈਆ। ਗੁਰ ਸ਼ਬਦੀ ਗੁਰੂ ਗੁਰ ਚੇਲਿਆ, ਰੂਪ ਰੰਗ ਨਾ ਕੋਈ ਜਣਾਈਆ। ਸਾਜਣ ਮੀਤ ਸੱਜਣ ਸਹੇਲਿਆ, ਨਿਰਗੁਣ ਨੂਰੋ ਨੂਰ ਸਮਾਈਆ। ਜੋਤ ਨਿਰੰਜਣ ਚਾੜ੍ਹੇ ਤੇਲਿਆ, ਲੋਕਮਾਤ ਸਗਨ ਮਨਾਈਆ। ਅਚਰਜ ਖੇਲ ਅਬਿਨਾਸ਼ੀ ਕਰਤਾ ਆਪਣਾ ਆਪੇ ਖੇਲਿਆ, ਭੇਵ ਕੋਇ ਨਾ ਪਾਈਆ। ਗੁਰਸਿਖਾਂ ਧਰਮ ਰਾਏ ਦੀ ਕੱਟੇ ਜੇਲਿਆ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਕਰ, ਏਕਾ ਘਰ ਬਹਾਈਆ। ਸਾਚਾ ਘਰ ਸਚ ਮਕਾਨ, ਹਰਿ ਸਾਚਾ ਸਚ ਸੁਹਾਇੰਦਾ। ਗੁਰਮੁਖਾਂ ਦੇਵੇ ਧੁਰ ਫ਼ਰਮਾਣ, ਬੋਧ ਅਗਾਧੀ ਸ਼ਬਦ ਸੁਣਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਬੂਝ ਬੁਝਾਇੰਦਾ। ਧੁਨੀ ਨਾਦ ਸ਼ਬਦ ਧੁਨਕਾਨ, ਰਾਗ ਅਨਾਦੀ ਆਪ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਇਕ ਵਖਾਇੰਦਾ। ਕਾਗੀ ਕਾਗ ਹੰਸ ਬਣ ਜਾਣ, ਦੁਰਮਤ ਮੈਲ ਗਵਾਇੰਦਾ। ਦੇਵਣਹਾਰਾ ਨਾਮ ਨਿਧਾਨ, ਸੰਤਨ ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਜਣ ਵੇਖਿਆ, ਗੁਰ ਸਤਿਗੁਰ ਕਿਰਪਾ ਧਾਰ। ਪੂਰਬ ਲਹਿਣਾ ਜਾਣੇ ਲੇਖਿਆ, ਮਾਨਸ ਜਨਮਾ ਪਾਵੇ ਸਾਰ। ਵੇਖ ਵਖਾਣੇ ਧਾਰੀ ਕੇਸਿਆ, ਮੂੰਡ ਮੁੰਡਾਏ ਇਕ ਗਿਆਨ। ਨਿਰਗੁਣ ਜੋਤੀ ਹਰ ਘਟ ਪਰਵੇਸਿਆ, ਵਸਿਆ ਕਾਇਆ ਮੰਦਰ ਮਕਾਨ। ਆਪੇ ਜਾਣੇ ਆਪਣਾ ਭੇਖਿਆ, ਭੇਖਾਧਾਰੀ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਵਸਤ ਅੰਦਰ ਧਰ, ਮੂਰਖ ਮੂੜ੍ਹ ਬਣਾਏ ਚਤੁਰ ਸੁਜਾਨ। ਨਾਮ ਵਸਤ ਸਚ ਭੰਡਾਰਾ, ਗੁਰ ਸਤਿਗੁਰ ਆਪ ਵਰਤਾਈਆ। ਗੁਰਮੁਖਾਂ ਲੋਕਮਾਤ ਕਰ ਪਿਆਰਾ, ਆਤਮ ਝੋਲੀ ਰਿਹਾ ਭਰਾਈਆ। ਤਨ ਕਰਾਏ ਇਕ ਸ਼ਿੰਗਾਰਾ, ਬਸਤਰ ਗਹਿਣਾ ਸ਼ਬਦ ਵਖਾਈਆ। ਨੇਤਰ ਨੈਣਾਂ ਦਰਸ ਗਿਰਧਾਰਾ, ਲੋਚਣ ਏਕਾ ਏਕ ਖੁਲ੍ਹਾਈਆ। ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਸਗਨ ਮਨਾਈਆ। ਸੁਖਮਨ ਟੇਢੀ ਪਾਰ ਕਿਨਾਰਾ, ਹਰਿ ਸੱਜਣ ਆਪ ਕਰਾਈਆ। ਸਤਿਗੁਰ ਆਏ ਬੰਕ ਦਵਾਰਾ, ਸ਼ਬਦੀ ਲੜ ਫੜਾਈਆ। ਦਿਸ ਨਾ ਆਏ ਵਿਚ ਸੰਸਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਹਰਿਜਨ ਵਿਰਲਾ ਪਾਵੇ ਸਾਰਾ, ਜਿਸ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਨਰ ਨਰੇਸ਼, ਨਿਰਗੁਣ ਆਪ ਅਖਵਾਇੰਦਾ। ਸਤਿਗੁਰ ਗੁਰ ਸ਼ਬਦ ਸੰਦੇਸ਼, ਜਨ ਭਗਤਾਂ ਆਪ ਸੁਣਾਇੰਦਾ। ਆਪਣੇ ਨੇਤਰ ਆਪੇ ਵੇਖ, ਸੋਏ ਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਗੁਰ ਸਤਿਗੁਰ ਮੇਲਾ ਏਕਾ ਘਰ, ਸ਼ਬਦ ਸ਼ਬਦੀ ਆਪ ਕਰਾਇੰਦਾ। ਹਰਿ ਸ਼ਬਦ ਰੂਪ ਅਪਾਰ, ਹਰੀ ਹਰਿ ਆਪ ਚਲਾਇਆ। ਭਗਤਨ ਦੇਵੇ ਵਿਚ ਸੰਸਾਰ, ਜੁਗ ਜੁਗ ਵੇਸ ਵਟਾਇਆ। ਅੰਤਰ ਆਤਮ ਇਕ ਆਧਾਰ, ਏਕਾ ਬ੍ਰਹਮ ਜਣਾਇਆ। ਪਾਰਬ੍ਰਹਮ ਖੇਲ ਅਪਾਰ, ਨਿਰਗੁਣ ਸਰਗੁਣ ਲਏ ਜਗਾਇਆ। ਜੋਤ ਨਿਰੰਜਣ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਇਆ। ਸ਼ਬਦੀ ਸ਼ਬਦ ਧੁਰ ਫ਼ਰਮਾਨ, ਧੁਨੀ ਧੁਨ ਉਪਜਾਇਆ। ਰਾਗ ਨਾਦ ਸਾਰੇ ਗਾਨ, ਗੁਰ ਕਾ ਸ਼ਬਦ ਸ਼ਬਦ ਸਲਾਹਿਆ। ਆਪ ਵਸਾਏ ਸਚ ਮਕਾਨ, ਸਾਢੇ ਤਿੰਨ ਹੱਥ ਕਾਇਆ ਬਣਤ ਬਣਾਇਆ। ਅੰਮ੍ਰਿਤ ਸਰੋਵਰ ਪੀਣ ਖਾਣ, ਕਵਲ ਨਾਭੀ ਮੁਖ ਭਵਾਇਆ। ਦਰਸ ਦਿਖਾਏ ਜਨ ਪਛਾਣ, ਜਾਨਣਹਾਰ ਭੇਵ ਨਾ ਰਾਇਆ। ਘਟ ਘਟ ਅੰਦਰ ਖੇਲ ਮਹਾਨ, ਹਰ ਬੈਠਾ ਬੇਪਰਵਾਹਿਆ। ਜਿਸ ਜਨ ਦੇਵੇ ਭਗਤੀ ਦਾਨ, ਆਪਣੇ ਮਾਰਗ ਆਪੇ ਲਾਇਆ। ਚਰਨ ਧੂੜ ਸੱਚਾ ਅਸ਼ਨਾਨ, ਸਤਿਗੁਰ ਪੂਰਾ ਮੁਖ ਛੁਹਾਇਆ। ਜੋਤ ਲਲਾਟੀ ਸਚ ਨਿਸ਼ਾਨ, ਆਪ ਆਪਣਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਲਹਿਣਾ ਲਹਿਣਾ ਝੋਲੀ ਪਾਇਆ। ਆਤਮ ਅੰਤਰ ਨੇਤਰ ਖੋਲ੍ਹ, ਹਰਿਜਨ ਆਪ ਜਗਾਈਆ। ਸ਼ਬਦ ਅਗੰਮੀ ਆਪੇ ਬੋਲ, ਆਪ ਆਪਣਾ ਰਾਗ ਅਲਾਈਆ। ਅਨਹਦ ਵਜਾਏ ਸਾਚਾ ਢੋਲ, ਤਾਲ ਤਲਵਾੜਾ ਇਕ ਵਖਾਈਆ। ਪੰਚ ਵਿਕਾਰ ਨਾ ਕਰੇ ਘੋਲ, ਜਿਸ ਸਿਰ ਸਮਰਥ ਹੱਥ ਟਿਕਾਈਆ। ਆਪਣੇ ਸ਼ਬਦ ਆਪੇ ਜਾਏ ਮੌਲ, ਜੋਤੀ ਨੂਰ ਕਰੇ ਰੁਸ਼ਨਾਈਆ। ਉਲਟਾ ਕਰੇ ਨਾਭ ਕੌਲ, ਝਿਰਨਾ ਅੰਮ੍ਰਿਤ ਬੂੰਦ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਤਮ ਦਰਸੀ ਦਰਸ ਦਿਖਾਈਆ। ਆਤਮ ਦਰਸੀ ਸਚ ਮਕਾਨਾ, ਕਾਇਆ ਗੜ੍ਹ ਸੁਹਾਇਆ। ਹਰਿਜਨ ਮਾਰੇ ਤੀਰ ਨਿਸ਼ਾਨਾ, ਬਜਰ ਕਪਾਟੀ ਤੋੜ ਤੁੜਾਇਆ। ਦੂਈ ਦਵੈਤੀ ਮੇਟ ਮਿਟਾਨਾ, ਏਕਾ ਰੰਗ ਰੰਗਾਇਆ । ਦੇਵੇ ਨਾਮ ਇਕ ਗਿਆਨਾ, ਬ੍ਰਹਮ ਪਾਰਬ੍ਰਹਮ ਸਮਾਇਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਹਰਿਜਨ ਸਾਚੇ ਲਏ ਤਰਾਇਆ। ਹੱਥੀਂ ਬੰਨ੍ਹੇ ਏਕਾ ਗਾਨਾ, ਲੋਕਮਾਤੀ ਸਗਨ ਮਨਾਇਆ। ਲੱਖ ਚੁਰਾਸੀ ਫੰਦ ਕਟਾਨਾ, ਦਸ ਦਸ ਮਾਸਾ ਗੇੜ ਰਹੇ ਨਾ ਰਾਇਆ। ਦਰਗਹਿ ਸਾਚੀ ਮੇਲ ਮਿਲਾਨਾ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸ਼ਬਦ ਬਬਾਣੇ ਲਏ ਚੜ੍ਹਾਇਆ। ਕਿਰਪਾ ਕਰ ਕਰ ਮੇਲਿਆ, ਆਪ ਆਪਣੀ ਕਿਰਪਾ ਧਾਰ। ਸ਼ਬਦ ਗੁਰੂ ਗੁਰਸਿਖ ਚੇਲਿਆ, ਦੋਏ ਸੋਹਣ ਇਕ ਦਵਾਰ। ਏਥੇ ਓਥੇ ਸੱਜਣ ਸੁਹੇਲਿਆ, ਮੇਲ ਮਿਲਾਏ ਵਿਚ ਸੰਸਾਰ। ਸਦ ਵਸੇ ਰੰਗ ਨਵੇਲਿਆ, ਜਨ ਭਗਤਾਂ ਕਰੇ ਪਿਆਰ। ਅਚਰਜ ਖੇਲ ਨਿਤ ਨਵਿਤ ਖੇਲਿਆ, ਜੀਵ ਜੰਤ ਨਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਲਾਏ ਪਾਰ। ਕਰ ਕਿਰਪਾ ਹਰਿ ਜਾਣਿਆ, ਜੁਗ ਜੁਗ ਵਿਛੜਿਆ ਜਨ। ਆਪ ਆਪਣਾ ਮੂਲ ਪਛਾਨਿਆ, ਰਾਮ ਨਾਮ ਵੇਖਿਆ ਸਾਚਾ ਧਨ। ਏਕਾ ਰੀਤੀ ਇਕ ਗਿਆਨਿਆ, ਏਕਾ ਰਾਗ ਏਕਾ ਕੰਨ। ਏਕਾ ਦਰਸ ਸ੍ਰੀ ਭਗਵਾਨਿਆ, ਦੂਈ ਦਵੈਤੀ ਭਾਂਡਾ ਭੰਨ। ਸੁਣੇ ਸੁਣਾਏ ਧੁਰ ਫ਼ੁਰਮਾਨਿਆ, ਜੋਤੀ ਨੂਰ ਨਿਰਗੁਣ ਚੰਨ। ਜਾਨਣਹਾਰਾ ਅਨਹਦ ਬਾਣੀਆ, ਭਾਗ ਲਗਾਏ ਕਾਇਆ ਤਨ। ਅੰਮ੍ਰਿਤ ਦੇਵੇ ਠੰਡਾ ਪਾਣੀਆ, ਆਪ ਆਪਣਾ ਆਪੇ ਜਾਏ ਮੰਨ। ਵਡ ਦਾਤਾ ਗੁਣ ਨਿਧਾਨੀਆ, ਕਾਮ ਕਰੋਧ ਲੋਭ ਮੋਹ ਹੰਕਾਰ ਪੰਚਾਂ ਦੇਵੇ ਡੰਨ। ਜਗਤ ਤ੍ਰਿਸਨਾ ਵੇਖ ਵਖਾਨੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਣਹਾਰਾ ਸਾਚੇ ਦਰ, ਦਰ ਸਾਚਾ ਇਕ ਵਖਾਨੀਆ। ਦਰ ਘਰ ਸੱਚਾ ਹਰਿ ਦਵਾਰ, ਹਰਿ ਸਾਚੇ ਆਪ ਸੁਹਾਇਆ। ਕਾਇਆ ਮੰਦਰ ਖੇਲ ਅਪਾਰ, ਘਰ ਘਰ ਵਿਚ ਡੇਰਾ ਲਾਇਆ। ਨਿਰਗੁਣ ਜੋਤੀ ਕਰ ਉਜਿਆਰ, ਬੈਠਾ ਦੀਪ ਜਗਾਇਆ। ਆਤਮ ਸੇਜਾ ਹੋ ਤਿਆਰ, ਏਕਾ ਰਾਹ ਦਿਖਾਇਆ। ਸ਼ਬਦ ਗੁਰ ਵਡ ਬਲਕਾਰ, ਬਜਰ ਕਪਾਟੀ ਤੋੜ ਤੁੜਾਇਆ। ਸੁਖਮਨ ਨਾੜੀ ਡੂੰਘੀ ਗਾਰ, ਆਪ ਆਪਣਾ ਵੇਖ ਵਖਾਇਆ। ਪਿੰਗਲਾ ਈੜਾ ਕਰਨ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਪੰਚਮ ਵਿਕਾਰਾ ਮਾਰੇ ਮਾਰ, ਨਾਮ ਖੰਡਾ ਇਕ ਚਮਕਾਇਆ। ਸੁਰਤ ਸਵਾਣੀ ਕਰ ਪਿਆਰ, ਆਪਣੇ ਲੜ ਬੰਧਾਇਆ। ਨੌ ਦਵਾਰੇ ਕੱਢੇ ਬਾਹਰ, ਦਸਵਾਂ ਮੇਲ ਮਿਲਾਇਆ। ਅੰਦਰ ਬਾਹਰ ਗੁਪਤ ਜਾਹਰ, ਏਕਾ ਰੂਪ ਨਜ਼ਰੀ ਆਇਆ। ਜਨ ਭਗਤਾਂ ਭਰੇ ਨਾਮ ਭੰਡਾਰ, ਤੋਟ ਰਹੇ ਨਾ ਰਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਸਚ ਖ਼ਜ਼ਾਨਾ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇਆ।
