Granth 08 Likhat 034: 3 Faggan 2015 Bikarmi Avtar Singh de Ghar Pind Kaunke Jila Amritsar

੩ ਫੱਗਣ ੨੦੧੫ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਏਕਉਂਕਾਰ ਹਰਿ ਸੁਲਤਾਨ, ਪਾਰਬ੍ਰਹਮ ਅਭੇਦਿਆ। ਅਲਖ ਨਿਰੰਜਣ ਵਾਲੀ ਦੋ ਜਹਾਨ, ਆਦਿ ਜੁਗਾਦਿ ਅਛਲ ਅਛੇਦਿਆ। ਜੋਤੀ ਨੂਰ ਸ੍ਰੀ ਭਗਵਾਨ, ਭੇਵ ਨਾ ਪਾਇਣ ਚਾਰੇ ਵੇਦਿਆ। ਆਦਿ ਜੁਗਾਦੀ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਵਿਦਿਆ। ਪੁਰਖ ਅਬਿਨਾਸ਼ ਸਰਬ ਜੀਅ ਦਾਤਾ, ਏਕਾ ਏਕਉਂਕਾਰਿਆ। ਖੇਲੇ ਖੇਲ ਪੁਰਖ ਬਿਧਾਤਾ, ਅਲਖ ਅਗੋਚਰ ਅਗੰਮ ਭੇਵ ਨਿਆਰਿਆ। ਜੁਗਾ ਜੁਗੰਤਰ ਬੰਨੇ ਨਾਤਾ, ਆਪ ਆਪਣਾ ਖੇਲ ਖਿਲਾ ਰਿਹਾ। ਲੱਖ ਚੁਰਾਸੀ ਪਿਤਾ ਮਾਤਾ, ਆਪ ਆਪਣੇ ਅੰਗ ਸਮਾ ਰਿਹਾ। ਬੈਠਾ ਰਹੇ ਇਕ ਅਕਾਂਤਾ, ਅਕਲ ਕਲਾ ਵਰਤਾ ਰਿਹਾ। ਜਗਤ ਖੇਲ ਦਿਵਸ ਰਾਤਾ, ਦੀਨ ਦਿਆਲ ਆਪ ਕਰਾ ਰਿਹਾ। ਆਪ ਜਣਾਏ ਆਪਣੀ ਗਾਥਾ, ਸ਼ਬਦੀ ਸ਼ਬਦ ਨਾਉਂ ਧਰਾ ਰਿਹਾ। ਸਤਿ ਸਤਿਵਾਦ ਚਲਾਏ ਰਾਥਾ, ਰਥ ਰਥਵਾਹੀ ਦਿਸ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾ ਰਿਹਾ। ਨਿਰਗੁਣ ਧਾਰ ਪੁਰਖ ਕਰਤਾਰਾ, ਕਰਤਾ ਕਰਤਾ ਆਪ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਸ਼ਬਦ ਡੰਕਾ ਅਪਰ ਅਪਾਰਾ, ਹਰਿ ਹਰਿ ਕਾ ਨਾਉਂ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਆਲਸ ਨਿੰਦਰਾ ਸਰਬ ਗਵਾਇੰਦਾ। ਰਵ ਸਸ ਸਤਾਰਾ, ਮੰਡਲ ਮੰਡਪ ਫੇਰਾ ਪਾਇੰਦਾ। ਗਗਨ ਪਾਤਾਲਾਂ ਇਕ ਹੁਲਾਰਾ, ਬ੍ਰਹਿਮੰਡ ਖੰਡ ਖੋਜ ਖੋਜਾਇੰਦਾ। ਜੋਤੀ ਨੂਰ ਕਰ ਉਜਿਆਰਾ, ਆਦਿ ਜੁਗਾਦਿ ਡਗਮਗਾਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਥਿਰ ਘਰ ਸਾਚੇ ਆਪ ਵਛਾਇੰਦਾ। ਸ਼ਾਹੋ ਭੂਪ ਸਚ ਸਿਕਦਾਰਾ, ਹਰਿ ਸਾਚਾ ਆਸਣ ਲਾਇੰਦਾ। ਤਖ਼ਤ ਤਾਜ ਸੁਹਾਏ ਇਕ ਦਵਾਰਾ, ਬੰਕ ਦਵਾਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਰੂਪ ਸਚ ਸਿਕਦਾਰ, ਏਕਾ ਏਕਉਂਕਾਰਿਆ। ਖੇਲੇ ਖੇਲ ਆਪ ਕਰਤਾਰ, ਆਪਣੀ ਕੀਮਤ ਕਰਤਾ ਆਪੇ ਪਾ ਰਿਹਾ। ਦਰ ਦਰਵਾਜਾ ਖੋਲ੍ਹ ਕਿਵਾੜ, ਆਪ ਆਪਣਾ ਰਾਹ ਚਲਾ ਰਿਹਾ। ਸਤਿ ਸਰੂਪੀ ਪਹਿਰੇਦਾਰ, ਬਿਨ ਰੰਗ ਰੂਪੀ ਸੇਵ ਕਮਾ ਰਿਹਾ। ਇਕ ਅਕੱਲਾ ਖ਼ਬਰਦਾਰ, ਸਚ ਮਹੱਲਾ ਆਪ ਸੁਹਾ ਰਿਹਾ। ਉਚ ਅਟੱਲ ਕਰ ਤਿਆਰ, ਨਿਜ ਘਰ ਆਪਣਾ ਆਪ ਉਪਾ ਲਿਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਇਕ ਅਖਵਾ ਰਿਹਾ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਪਾਰਬ੍ਰਹਮ ਅਖਵਾਇੰਦਾ। ਜੁਗਾ ਜੁਗੰਤਰ ਖੇਲ ਤਮਾਸ਼ਾ, ਜਾਗਰਤ ਜੋਤ ਇਕ ਵਖਾਇੰਦਾ। ਚੌਦਾਂ ਲੋਕ ਮੰਡਲ ਰਾਸਾ, ਆਪ ਆਪਣੀ ਰਾਸ ਵਖਾਇੰਦਾ। ਲੱਖ ਚੁਰਾਸੀ ਪਵਣ ਸਵਾਸਾ, ਪੰਜ ਤੱਤ ਡੇਰਾ ਲਾਇੰਦਾ। ਘਟ ਘਟ ਅੰਦਰ ਰੱਖੇ ਵਾਸਾ, ਦਿਸ ਕਿਸੇ ਨਾ ਆਇੰਦਾ। ਸ਼ਬਦ ਸੁਹਾਏ ਪ੍ਰਿਥਮੀ ਆਕਾਸਾ, ਨਾਮ ਡੋਰੀ ਤੰਦ ਬੰਧਾਇੰਦਾ। ਆਪਣੀ ਕਰੇ ਆਪੇ ਪੂਰੀ ਆਸਾ, ਆਪਣੀ ਭਿਛਿਆ ਝੋਲੀ ਪਾਇੰਦਾ। ਆਪਣਾ ਰੱਖ ਸਚ ਭਰਵਾਸਾ, ਆਪ ਆਪਣਾ ਤਾਲ ਵਜਾਇੰਦਾ। ਆਪਣਾ ਆਪ ਹੋਏ ਦਾਸ ਦਾਸਾ, ਸੇਵਕ ਸੇਵਾ ਆਪ ਕਮਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜਨਮ ਮਰਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਕਾਇਆ ਚੋਲਾ, ਤ੍ਰੈਗੁਣ ਬ੍ਰਹਮ ਕੁੜਮਾਈਆ। ਪੰਚਮ ਵੇਖੇ ਸਾਚਾ ਡੋਲਾ, ਵਿਸ਼ਨੂੰ ਸੇਵ ਕਮਾਈਆ। ਅੰਤਮ ਖੇਲੇ ਆਪਣਾ ਹੋਲਾ, ਸ਼ੰਕਰ ਹੱਥ ਵਡਿਆਈਆ । ਅਬਿਨਾਸ਼ੀ ਕਰਤਾ ਏਕਾ ਤੋਲਾ, ਸਾਚਾ ਕੰਡਾ ਹੱਥ ਉਠਾਈਆ। ਆਦਿ ਅੰਤ ਰਹੇ ਅਡੋਲਾ, ਡੋਲ ਕਦੇ ਨਾ ਜਾਈਆ। ਆਪਣਾ ਨਾਮ ਰਖਾਏ ਮੌਲਾ, ਪਰਵਰਦਿਗਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਦਾਤਾ ਹਰਿ ਭਗਵਾਨਾ, ਅਕਲ ਕਲਾ ਕਲ ਧਾਰੀਆ। ਖੇਲੇ ਖੇਲ ਦੋ ਜਹਾਨਾ, ਜੋਧਾ ਸੂਰਬੀਰ ਬਲੀ ਬਲਕਾਰੀਆ। ਲੱਖ ਚੁਰਾਸੀ ਦੇਵੇ ਦਾਨਾ, ਪਾਰਬ੍ਰਹਮ ਬ੍ਰਹਮ ਉਪਜਾ ਰਿਹਾ। ਸਤਿ ਸਰੂਪੀ ਬੱਧੇ ਗਾਨਾ, ਮਨ ਮਤ ਬੁਧ ਵਿਚ ਲਗਾ ਰਿਹਾ। ਸਚ ਵਖਾਏ ਸਚ ਮਕਾਨਾ, ਘਰ ਸਾਚਾ ਆਪ ਸੁਹਾ ਰਿਹਾ। ਨੌ ਦਰ ਵੇਖੇ ਆਪ ਦੁਕਾਨਾ, ਨੌ ਦਰ ਮੁਖ ਖੁਲ੍ਹਾ ਲਿਆ। ਦਸ ਦਸ ਮੇਲਾ ਗੁਣ ਨਿਧਾਨਾ, ਗਰਭਵਾਸ ਵੇਸ ਵਟਾ ਲਿਆ। ਰਕਤ ਬੂੰਦ ਲੇਖੇ ਲਾਣਾ, ਲੇਖਾ ਆਪਣਾ ਆਪ ਚੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾ ਲਿਆ। ਨਿਰਗੁਣ ਨਾਉਂ ਹਰਿ ਨਿਰੰਕਾਰ, ਆਪਣਾ ਆਪ ਉਪਾਇੰਦਾ। ਆਪੇ ਮੀਤਾ ਮੀਤ ਮੁਰਾਰ, ਮੀਤ ਮੁਰਾਰੀ ਆਪ ਅਖਵਾਇੰਦਾ। ਆਪੇ ਮੇਲ ਮਿਲਾਏ ਦਰ ਦਰਬਾਰ, ਦਰ ਘਰ ਸਾਚਾ ਇਕ ਸੁਹਾਇੰਦਾ। ਆਪੇ ਬੋਲੇ ਨਾਮ ਜੈਕਾਰ, ਸ਼ਬਦ ਜੈਕਾਰਾ ਇਕ ਅਲਾਇੰਦਾ। ਆਪੇ ਭਰੇ ਸਤਿ ਭੰਡਾਰ, ਨਾਮ ਸਤਿ ਆਪ ਅਖਵਾਇੰਦਾ। ਆਪੇ ਬਖ਼ਸ਼ੇ ਅੰਮ੍ਰਿਤ ਠੰਡੀ ਠਾਰ, ਸਰ ਸਰੋਵਰ ਆਪ ਅਖਵਾਇੰਦਾ। ਆਪੇ ਨਿਰਗੁਣ ਜੋਤ ਕਰੇ ਉਜਿਆਰ, ਜੋਤ ਨਿਰੰਜਣ ਰੂਪ ਵਟਾਇੰਦਾ। ਆਪੇ ਧੁਨ ਅਨਾਦੀ ਸੱਚੀ ਧੁਨਕਾਰ, ਅਨਹਦ ਰਾਗ ਅਲਾਇੰਦਾ। ਆਪੇ ਸੁੰਨ ਅਗੰਮ ਰਿਹਾ ਪਸਾਰ, ਅੰਧ ਅੰਧੇਰ ਆਪ ਵਖਾਇੰਦਾ। ਆਪੇ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਆਪੇ ਸਚਖੰਡ ਬੈਠਾ ਹੋ ਤਿਆਰ, ਸਚ ਸਮਗਰੀ ਇਕ ਰਖਾਇੰਦਾ। ਅਲੱਖ ਨਿਰੰਜਣ ਖੇਲ ਨਿਆਰ, ਅਲਖ ਅਲਖਣਾ ਭੇਵ ਨਾ ਆਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਆਪ ਆਪਣੀ ਆਪ ਕਰਾਇੰਦਾ। ਪਿਤਾ ਪੂਤ ਅੰਮੀ ਅੰਮੜਾ ਨਾ ਕੋਈ ਪਿਆਰ, ਭੈਣ ਭਾਈ ਨਾ ਕੋਈ ਵਖਾਇੰਦਾ। ਨਿਰਗੁਣ ਜੋਤੀ ਇਕ ਨਿਰੰਕਾਰ, ਨਿਰਗੁਣ ਰੂਪ ਆਪ ਅਖਵਾਇੰਦਾ। ਨਿਰਾਕਾਰ ਕਰ ਅਕਾਰ, ਸਾਕਾਰ ਰੂਪ ਵਟਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਪਰਮ ਪੁਰਖ ਅਖਵਾਇੰਦਾ। ਲੋਕਮਾਤ ਕਰ ਵਿਚਾਰ, ਜੀਵਾਂ ਜੰਤਾਂ ਵੇਖ ਵਖਾਇੰਦਾ। ਧਰਤ ਧਵਲ ਪਾਵੇ ਸਾਰ, ਜਲ ਬਿੰਬ ਫੋਲ ਫੋਲਾਇੰਦਾ। ਕਵਲ ਨਾਭ ਵੇਖ ਭੰਡਾਰ, ਘਰ ਘਰ ਅੰਮ੍ਰਿਤ ਮੁਖ ਚੁਆਇੰਦਾ। ਝੂਠੀ ਕਿਰਿਆ ਵੇਖੇ ਨੌ ਦਵਾਰ, ਨੌ ਖੰਡ ਪ੍ਰਿਥਮੀ ਫੋਲ ਫੋਲਾਇੰਦਾ। ਸੱਤਾਂ ਦੀਪਾਂ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਬੋਧ ਅਗਾਧੀ ਖੇਲ ਅਪਾਰ, ਸ਼ਬਦ ਅਨਾਦੀ ਇਕ ਰਖਾਇੰਦਾ। ਬ੍ਰਹਮ ਬ੍ਰਹਿਮਾਦੀ ਦਏ ਆਧਾਰ, ਆਪ ਆਪਣਾ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਇਕ ਚਲਾਇੰਦਾ। ਨਿਰਗੁਣ ਧਾਰ ਪਾਰਬ੍ਰਹਮ, ਆਪਣੀ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਫੇਰ ਨਾ ਆਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨੇਤਰ ਨੀਰ ਨਾ ਰੋਏ ਛੰਮ ਛੰਮ, ਬੱਤੀ ਦੰਦ ਨਾ ਕੋਇ ਗਣਾਈਆ। ਆਪੇ ਜਾਣੇ ਆਪਣਾ ਕੰਮ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਘੜੇ ਆਪੇ ਲਏ ਭੰਨ, ਸਮਰਥ ਪੁਰਖ ਹੱਥ ਵਡਿਆਈਆ। ਆਪੇ ਰਵ ਸਸ ਸੂਰਜ ਚਾੜ੍ਹੇ ਚੰਨ, ਆਪੇ ਲਏ ਛੁਪਾਈਆ। ਆਪੇ ਚੌਦਾਂ ਲੋਕਾਂ ਦੇਵੇ ਡੰਨ, ਆਪੇ ਚੌਦਾਂ ਹੱਟ ਖੁਲ੍ਹਾਈਆ। ਆਪੇ ਲੋਆਂ ਪੁਰੀਆਂ ਆਕਾਸ਼ ਪਰਕਾਸ਼ਾ ਬੇੜਾ ਦੇਵੇ ਬੰਨ, ਆਪੇ ਰਿਹਾ ਰੁੜ੍ਹਾਈਆ । ਆਪੇ ਲੱਖ ਚੁਰਾਸੀ ਜਨਣੀ ਜਣੇ ਜਨ, ਆਪੇ ਆਪਣੇ ਵਿਚ ਸਮਾਈਆ। ਆਪੇ ਰਾਗ ਅਨਾਦਿ ਸੁਣਾਏ ਕੰਨ, ਆਪੇ ਅੰਦਰ ਮੰਦਰ ਬੰਦ ਰਖਾਈਆ। ਆਪੇ ਤ੍ਰੈਗੁਣ ਮਾਇਆ ਪੰਜ ਤੱਤ, ਤ੍ਰੈ ਵਾਸ ਜਾਲ ਬੰਧਾਈਆ। ਆਪੇ ਵਸਿਆ ਛੱਪਰ ਛੰਨ, ਆਪੇ ਮਹੱਲ ਅਟੱਲ ਸੁਹਾਈਆ। ਆਪੇ ਵਸਿਆ ਜਲ ਥਲ, ਜੰਗਲ ਜੂਹ ਉਜਾੜ ਪਹਾੜ ਆਪੇ ਡੇਰਾ ਲਾਈਆ। ਆਪੇ ਵਸਿਆ ਡੂੰਘੀ ਡਲ, ਗਹਿਰ ਗੰਭੀਰ ਆਪ ਅਖਵਾਈਆ। ਆਪੇ ਥਿਰ ਘਰ ਸਚ ਸਿੰਘਾਸਣ ਬੈਠਾ ਮੱਲ, ਆਪੇ ਕੀਟਾਂ ਅੰਦਰ ਡੇਰਾ ਲਾਈਆ । ਆਪੇ ਆਪਣੀ ਜੋਤੀ ਦੀਪਕ ਗਿਆ ਬਲ, ਅੰਧ ਅੰਧੇਰ ਆਪ ਅਖਵਾਈਆ। ਆਪੇ ਸ਼ਬਦ ਸ਼ਬਦੀ ਗਿਆ ਰਲ, ਆਪੇ ਸ਼ਬਦੀ ਡੰਕ ਸੁਣਾਈਆ। ਆਪੇ ਹੋਏ ਅਛਲ ਅਛੱਲ, ਅਛਲ ਅਛੇਦਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਸ਼ਬਦ ਜੈਕਾਰ, ਏਕਾ ਨਾਅਰਾ ਲਾਈਆ। ਸ਼ਬਦ ਨਾਅਰਾ ਸਚ ਜੈਕਾਰ, ਆਦਿ ਜੁਗਾਦਿ ਲਗਾਇੰਦਾ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਲੋਕਮਾਤ ਲੈ ਅਵਤਾਰ, ਆਪ ਆਪਣਾ ਨਾਉਂ ਰਖਾਇੰਦਾ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਇੰਦਾ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਸੋਇਆ ਆਪ ਉਠਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਹਰ ਘਟ ਆਪੇ ਡੇਰਾ ਲਾਇੰਦਾ। ਆਪੇ ਕਰੇ ਪਾਰ ਕਿਨਾਰ, ਆਪੇ ਵਿਚ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਖ਼ਾਲਕ ਖ਼ਲਕ ਆਪ ਅਖਵਾਇੰਦਾ। ਖ਼ਾਲਕ ਖ਼ਲਕ ਹਰਿ ਮਖਲੂਕ, ਏਕਾ ਨਾਮ ਖ਼ੁਦਾਈਆ। ਸਦਾ ਬਾਂਗ ਸੁਣਾਏ ਆਪਣੀ ਕੂਕ, ਏਕਾ ਅੱਲਾ ਅਲਾਹੀਆ। ਆਪੇ ਮਾਰੇ ਆਪਣੀ ਫੂਕ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਪੁਰਖ ਸਮਰਾਥ, ਪਾਰਬ੍ਰਹਮ ਅਖਵਾਇਆ। ਆਪ ਚਲਾਏ ਆਪਣਾ ਰਾਥ, ਨਾ ਕੋਈ ਦੂਸਰ ਸੰਗ ਰਖਾਇਆ। ਆਦਿ ਜੁਗਾਦੀ ਸਾਚੀ ਗਾਥ, ਸਾਚਾ ਨਾਉਂ ਧਰਾਇਆ। ਆਪੇ ਜਾਣੇ ਪੂਜਾ ਪਾਠ, ਆਪੇ ਮਾਰਗ ਲਾਇਆ। ਆਪੇ ਲੇਖਾ ਲਾਏ ਤੀਰਥ ਤਾਟ, ਤਟ ਕਿਨਾਰਾ ਆਪ ਸੁਹਾਇਆ। ਆਪੇ ਵਸੇ ਕਾਇਆ ਘਾਟ, ਔਖੀ ਘਾਟੀ ਆਪ ਚੜ੍ਹਾਇਆ। ਆਪੇ ਵਿਕੇ ਹਾਟੋ ਹਾਟ, ਸਤਿਗੁਰ ਹੱਟ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਬਣਤ ਬਣਾਇਆ। ਬਣਤ ਬਣਾ ਹਰਿ ਬਨਵਾਰੀ, ਆਪਣੀ ਕਲ ਵਰਤਾਇੰਦਾ। ਪਾਰਬ੍ਰਹਮ ਗੁਰ ਬਣ ਅਵਤਾਰੀ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ ਮੀਤ ਮੁਰਾਰੀ, ਆਪ ਆਪਣਾ ਮੇਲ ਮਿਲਾਇੰਦਾ। ਸਾਧ ਸੰਤ ਸੋਹਿਣ ਦਵਾਰੀ, ਘਰ ਸਾਚਾ ਇਕ ਵਖਾਇੰਦਾ। ਦੇਵੇ ਦਾਤ ਸ਼ਬਦ ਭੰਡਾਰੀ, ਨਾਮ ਭੰਡਾਰਾ ਆਪ ਵਰਤਾਇੰਦਾ। ਹਉਮੇ ਹੰਗਤਾ ਕੱਟ ਬੀਮਾਰੀ, ਸਾਚਾ ਮਾਰਗ ਇਕ ਵਖਾਇੰਦਾ। ਦਿਵਸ ਰੈਣ ਰਹੇ ਖ਼ੁਮਾਰੀ, ਏਕਾ ਜਾਮ ਪਿਆਇੰਦਾ। ਬੈਠਾ ਰਹੇ ਦਰ ਦਵਾਰੀ, ਦਰ ਦਰਵੇਸ਼ ਆਪ ਅਖਵਾਇੰਦਾ। ਜੁਗ ਜੁਗ ਜਾਣੇ ਆਪਣੀ ਕਾਰੀ, ਸਤਿਜੁਗ ਤ੍ਰੇਤਾ ਪਾਰ ਕਰਾਇੰਦਾ। ਰਾਵਣ ਤੋੜੇ ਗੜ੍ਹ ਹੰਕਾਰੀ, ਲੰਕਾਸਾ ਕੋਟ ਵੇਖ ਵਖਾਇੰਦਾ। ਦੁਆਪਰ ਤੇਰੀ ਖੇਲ ਨਿਆਰੀ, ਮੋਰ ਮੁਕਟ ਸੀਸ ਟਿਕਾਇੰਦਾ। ਖਾਲੀ ਹੱਥੀਂ ਪਾਰ ਉਤਾਰੀ, ਤੀਰ ਕਮਾਨ ਨਾ ਕੋਇ ਰਖਾਇੰਦਾ। ਸ਼ਬਦ ਗਿਆਨ ਵੱਡਾ ਬਲਕਾਰੀ, ਅਰਜਨ ਹੱਥ ਫੜਾਇੰਦਾ। ਰਥ ਰਥਵਾਹੀ ਕਰ ਸਵਾਰੀ, ਮਹਾਂਸਾਰਥੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਇਕ ਅਕੱਲਾ, ਅਕਲ ਕਲਾ ਅਖਵਾਈਆ। ਲੋਕਮਾਤ ਵੇਖ ਮਹੱਲਾ, ਆਪਣਾ ਨੂਰ ਕਰੇ ਰੁਸ਼ਨਾਈਆ। ਆਪੇ ਜਾਣੇ ਆਪਣੀ ਚਾਲਾ, ਚਾਲ ਨਿਰਾਲੀ ਇਕ ਵਖਾਈਆ। ਲੱਖ ਚੁਰਾਸੀ ਬਣੇ ਦਲਾਲਾ, ਸਾਧਾਂ ਸੰਤਾਂ ਲਏ ਮਿਲਾਈਆ। ਭਗਤ ਵਛਲ ਸਦਾ ਕਿਰਪਾਲਾ, ਪ੍ਰਿਤਪਾਲਕ ਨਾਉਂ ਰਖਾਈਆ। ਗੁਰਮੁਖ ਫਲ ਲਗਾਏ ਡਾਲਾ, ਹਰਿਜਨ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਈਆ। ਖੇਲ ਖਿਲੰਤਾ ਹਰਿ ਕਰਤਾਰਾ, ਜੁਗਾਂ ਜੁਗੰਤ ਅਖਵਾਇੰਦਾ। ਭੇਖ ਵਟੰਤਾ ਵਿਚ ਸੰਸਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤੀ ਜੋਤ ਜੁਗੰਤਾ ਨੂਰ ਉਜਿਆਰਾ, ਦਿਵਸ ਰੈਣ ਡਗਮਗਾਇੰਦਾ। ਅਕਲ ਕਲ ਧਾਰਾ ਸ੍ਰੀ ਭਗਵੰਤਾ ਖੇਲ ਨਿਆਰਾ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਸ਼ਬਦ ਅਗੰਮੀ ਭਰ ਭੰਡਾਰਾ, ਹਰਿ ਵਰਤੰਤਾ ਨਿਰਾਕਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਅਪਰੰਪਰ ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਜਾਗਰਤ ਧਾਰ, ਜਗਤ ਜੋਗੀਸ਼ਰ ਆਪ ਰਖਾਈਆ। ਮੁਨੀ ਮੁਨੀਸ਼ਰ ਪਾਵੇ ਸਾਰ, ਸਾਧਕ ਬੁਧ ਵੇਖ ਵਖਾਈਆ । ਤਪੀ ਤਪੀਸ਼ਰ ਲਏ ਅਧਾਰ, ਤ੍ਰਿਖਾ ਤਿਪਤ ਕਰਾਈਆ। ਹਰੀ ਸਤੀ ਕਰ ਪਿਆਰ, ਸਾਚਾ ਸਤਿ ਇਕ ਬੁਝਾਈਆ। ਵਾ ਤੱਤੀ ਵੇਖੇ ਸੰਸਾਰ, ਜੁਗ ਜੁਗ ਬੇਪਰਵਾਹੀਆ । ਨਾਮ ਰੱਤੀ ਕਰ ਵਰਤਾਰ, ਰੱਤੀ ਰੱਤ ਦਏ ਸੁਕਾਈਆ। ਦੇਵੇ ਮਤੀ ਹਰਿ ਗਿਰਧਾਰ, ਮਤ ਮਤਵਾਲੀ ਆਪ ਸਮਝਾਈਆ। ਬੁਧ ਬਿਬੇਕੀ ਖ਼ਬਰਦਾਰ, ਆਪੇ ਰਿਹਾ ਉਠਾਈਆ । ਮਨੂਆ ਤੋੜੇ ਫੜ ਹੰਕਾਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦੀ ਦੇਵੇ ਸ਼ਬਦ ਪਿਆਰ, ਸ਼ਬਦ ਗੁਰ ਸ਼ਬਦ ਪੜ੍ਹਾਈਆ। ਸੁਰਤੀ ਮੇਲਾ ਸੁਰਤ ਦਵਾਰ, ਸੁਰਤ ਸੁਰਤ ਵਖਾਈਆ। ਜੂਨੀ ਰਹਿਤ ਕਿਰਪਾ ਧਾਰ, ਰਾਜ ਜੋਗ ਇਕ ਵਖਾਈਆ। ਅਕਾਲ ਮੂਰਤ ਹੋ ਤਿਆਰ, ਲੋਕਮਾਤ ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦਾਤਾ ਬੇਪਰਵਾਹੀਆ। ਜੁਗ ਦਾਤਾ ਹਰਿ ਭਗਵੰਤੜਾ, ਪਾਰਬ੍ਰਹਮ ਬੇਅੰਤ। ਘਰ ਆਪਣਾ ਆਪ ਸੁਹੰਦੜਾ, ਭੇਵ ਨਾ ਪਾਏ ਸਾਧ ਸੰਤ। ਜੁਗ ਜੁਗ ਆਪਣਾ ਵੇਸ ਵਟੰਦੜਾ, ਖੇਲੇ ਖੇਲ ਨਾਰੀ ਕੰਤ। ਗੁਰ ਪੀਰ ਆਪ ਅਖਵੰਦੜਾ, ਪੰਜ ਤੱਤ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਨਿਰਗੁਣ ਧਾਰਾ ਵਿਚ ਰਖੰਦੜਾ, ਆਪ ਬਣਾਏ ਬ੍ਰਹਮ ਪਾਰਬ੍ਰਹਮ ਬਣਤ। ਸਾਚਾ ਧਾਮ ਇਕ ਸੁਹੰਦੜਾ, ਦੀਪਕ ਜੋਤੀ ਜੋਤ ਜਗੰਤ। ਧੁਨ ਅਨਾਦੀ ਇਕ ਵਜੰਦੜਾ, ਸ਼ਬਦ ਸੁਹਾਗੀ ਸੁਣਾਏ ਛੰਤ। ਕਲਜੁਗ ਕੂੜਾ ਵੇਖ ਵਖੰਦੜਾ, ਮਹਿਮਾ ਗਣਤ ਅਗਣਤ। ਈਸਾ ਮੂਸਾ ਹੁਕਮ ਸੁਨੰਦੜਾ, ਕਾਲਾ ਸੂਸਾ ਰੰਗ ਰਗੰਤ। ਚਾਰ ਯਾਰੀ ਜੋੜ ਜੁੜੰਦੜਾ, ਸੰਗ ਮੁਹੰਮਦ ਵੇਖ ਵਖੰਤ। ਅੱਲਾ ਰਾਣੀ ਨਾਲ ਪਰਨੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਕਰ, ਖੇਲੇ ਖੇਲ ਆਦਿ ਅੰਤ। ਆਦਿ ਅੰਤ ਹਰਿ ਖੇਲ ਖਲੰਦੜਾ, ਭੇਵ ਅਭੇਦ ਛੁਪਾਇਓ। ਬ੍ਰਹਮਾ ਵੇਦ ਨਾ ਭੇਵ ਖੁਲੰਦੜਾ, ਚਾਰੇ ਮੁਖ ਰਿਹੋ ਗਾਇਓ। ਜੋਗੀ ਜਪੀ ਨਾ ਵੇਖ ਵਖੰਦੜਾ, ਥਿਰ ਘਰ ਬੈਠਾ ਡੇਰਾ ਲਾਇਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲਖ ਅਭੇਵ ਵਡ ਦੇਵੀ ਦੇਵ ਨਿਹਕੇਵ ਆਪ ਅਖਵਾਇਓ। ਭੇਵ ਅਭੇਦ ਅਕਲ ਕਲ ਧਾਰਾ, ਨਿਰਗੁਣ ਨੂਰ ਉਪਾਇੰਦਾ। ਆਦਿ ਪੁਰਖ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਪੇ ਰਚਨਹਾਰ ਸਰਬ ਸੰਸਾਰਾ, ਲੱਖ ਚੁਰਾਸੀ ਆਪ ਉਪਾਇੰਦਾ। ਆਪੇ ਬ੍ਰਹਮ ਪਾਰਬ੍ਰਹਮ ਕਰ ਉਜਿਆਰਾ, ਅੰਮ੍ਰਿਤ ਅੰਮ੍ਰਿਤ ਮੁਖ ਚਵਾਇੰਦਾ। ਆਪੇ ਚਾਰ ਵੇਦ ਬਣ ਲਿਖਾਰਾ, ਆਪਣੀ ਵੰਡ ਵੰਡਾਇੰਦਾ। ਆਪੇ ਗੁਰ ਪੀਰ ਅਵਤਾਰਾ, ਸਾਧ ਸੰਤ ਆਪ ਅਖਵਾਇੰਦਾ। ਆਪੇ ਭਗਤ ਭਗਤੀ ਹੋ ਉਜਿਆਰਾ, ਨਿਤ ਨਵਿਤ ਲੱਜਿਆ ਆਪ ਰਖਾਇੰਦਾ। ਆਪੇ ਨਾਮ ਸ਼ਬਦ ਤੇਜ਼ ਕਟਾਰਾ, ਸਾਚਾ ਖੰਡਾ ਹੱਥ ਚਮਕਾਇੰਦਾ। ਆਪੇ ਇਸ਼ਟ ਦੇਵ ਹੋ ਉਜਿਆਰਾ, ਆਪ ਆਪਣਾ ਇਸ਼ਟ ਕਮਾਇੰਦਾ। ਆਪੇ ਅਸ਼ਟਭੁਜ ਸਿੰਘ ਅਸਵਾਰਾ, ਖੜਗ ਖੰਡਾ ਕਟਾਰ ਆਪ ਚਮਕਾਇੰਦਾ। ਖੇਲੇ ਖੇਲ ਪੁਰਖ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪਣਾ ਕਰ, ਨਿਰਗੁਣ ਧਾਰੀ ਧਾਰ ਬੰਧਾਇੰਦਾ। ਧਾਰ ਅਵੱਲੀ ਜੋਤ ਅਕੱਲੀ, ਆਦਿ ਜੁਗਾਦਿ ਚਲਾਈਆ। ਸੂਰਾ ਬਲੀ ਵਲੀ ਛਲੀ, ਅਛਲ ਅਛੱਲ ਵਖਾਈਆ। ਨਿਹਚਲ ਧਾਮ ਅਟੱਲੀ ਸਾਚੀ ਗਲੀ, ਨਿਰਗੁਣ ਬੈਠਾ ਡੇਰਾ ਲਾਈਆ। ਦੀਪਕ ਜੋਤੀ ਬਲੀ ਜਲ ਥਲ ਮਹੀਅਲ ਰਲੀ, ਦਿਸ ਕਿਸੇ ਨਾ ਆਈਆ। ਸਚਖੰਡ ਦਵਾਰੇ ਪਲੀ, ਘਰ ਆਪਣੇ ਫਲੀ, ਲੋਕਮਾਤ ਫੁਲ ਫੁਲਵਾੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਕਲਜੁਗ ਵੇਸ ਵਟਾਈਆ। ਕਲਜੁਗ ਵੇਸ ਹਰਿ ਨਿਰੰਕਾਰ, ਨਾਨਕ ਨਿਰਗੁਣ ਜੋਤ ਜਗਾਈਆ। ਸਤਿ ਸਤਿ ਭਰ ਭੰਡਾਰ, ਸਤਿ ਸਤਿ ਵਿਚ ਟਿਕਾਈਆ। ਮੇਲ ਮਿਲਾਏ ਸਚ ਦਵਾਰ, ਸਚ ਦਵਾਰਾ ਇਕ ਸੁਹਾਈਆ। ਨਿਰਗੁਣ ਜੋਤ ਜੋਤ ਉਜਿਆਰ, ਨਾਨਕ ਨਿਰਗੁਣ ਵੇਖ ਵਖਾਈਆ। ਦੋਹਾਂ ਮੇਲਾ ਧਾਮ ਨਿਆਰ, ਦਿਸ ਕਿਸੇ ਨਾ ਆਈਆ। ਏਕਉਂਕਾਰਾ ਮੀਤ ਮੁਰਾਰ, ਨਾਨਕ ਮਿਲਿਆ ਬੇਪਰਵਾਹੀਆ। ਚਰਨ ਕਵਲ ਢਹਿ ਪਿਆ ਦਵਾਰ, ਏਕਾ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੋ ਪੁਰਖ ਨਿਰੰਜਣ ਬੂਝ ਬੁਝਾਈਆ। ਵਰ ਘਰ ਪਾਇਆ ਇਕ ਕਰਤਾਰ, ਨਾਰੀ ਕੰਤ ਰੂਪ ਵਟਾਈਆ। ਪੁਰਖ ਅਕਾਲ ਬਣਿਆ ਸਚ ਭਤਾਰ, ਨਾਨਕ ਨਾਰ ਰੂਪ ਅਖਵਾਈਆ। ਵੱਜੀ ਵਧਾਈ ਧੁਰ ਦਰਬਾਰ, ਨਾ ਵੇਖੇ ਜੀਵ ਲੋਕਾਈਆ। ਵੇਦ ਕਤੇਬ ਨਾ ਪਾਇਣ ਸਾਰ, ਉਚ ਅਥਾਹ ਬੇਪਰਵਾਹ ਹਰਿ ਮਲਾਹ, ਨਾਨਕ ਹਰਿ ਹੋਈ ਕੁੜਮਾਈਆ। ਸਚ ਦਵਾਰੇ ਚੜ੍ਹਿਆ ਚਾ, ਪਾਇਆ ਪੁਰਖ ਬੇਪਰਵਾਹੀਆ। ਏਕਾ ਢੋਲਾ ਲਿਆ ਗਾ, ਸੋਹੰ ਸ਼ਬਦ ਆਪ ਅਲਾਈਆ । ਨਾਨਕ ਨਿਰਗੁਣ ਨਿਰਗੁਣ ਵਿਚ ਰਿਹਾ ਸਮਾ, ਪਾਰਬ੍ਰਹਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਬੋਲਾ ਨਿਰਗੁਣ ਤੋਲਾ ਨਿਰਗੁਣ ਚੋਲਾ ਦਏ ਤਜਾਈਆ। ਸਾਚੇ ਘਰ ਬੋਲ ਜੈਕਾਰਾ, ਨਾਨਕ ਹਰਿ ਹਰਿ ਗਾਇਆ। ਸੋਹੰ ਸ਼ਬਦ ਅਪਰ ਅਪਾਰਾ, ਥਿਰ ਘਰ ਮੇਲਾ ਬੇਪਰਵਾਹਿਆ। ਏਕਾ ਦੂਜਾ ਪਾਰ ਕਿਨਾਰਾ, ਤੀਜਾ ਦਰ ਰਹਿਣ ਨਾ ਪਾਇਆ। ਚੌਥੇ ਪਦ ਪੁਰਖ ਅਪਾਰਾ, ਘਰ ਬੈਠਾ ਰਾਹ ਤਕਾਇਆ। ਪੰਚਮ ਮਿਲਿਆ ਮੀਤ ਮੁਰਾਰਾ, ਪੰਚਮ ਮੋਹ ਚੁਕਾਇਆ। ਛੇਵਾਂ ਛੱਪਰ ਛੰਨ ਨਾ ਕੋਇ ਸਹਾਰਾ, ਨਿਰਗੁਣ ਬੈਠਾ ਜੋਤ ਜਗਾਇਆ। ਸੱਤਵਾਂ ਸਤਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਨਿਰਗੁਣ ਨਿਰਗੁਣ ਆਪ ਅਖਵਾਇਆ। ਨਾਨਕ ਮਿਲਿਆ ਇਕ ਦਵਾਰਾ, ਦੂਸਰ ਹੱਥ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਆਪ ਆਪਣੀ ਬੂਝ ਬੁਝਾਇਆ। ਤਿੰਨਾਂ ਲੋਕਾਂ ਵਸਿਆ ਬਾਹਰਾ, ਚੌਦਾਂ ਚਰਨਾਂ ਹੇਠ ਦਬਾਇਆ। ਰਵ ਸਸ ਨਾ ਕੋਇ ਸਤਾਰਾ, ਮੰਡਲ ਮੰਡਪ ਨਾ ਕੋਇ ਵਖਾਇਆ। ਜ਼ਿਮੀ ਅਸਮਾਨ ਨਾ ਕੋਇ ਪਾੜਾ, ਬ੍ਰਹਮਾ ਵਿਸ਼ਨ ਸ਼ਿਵ ਨਾ ਸੇਵ ਕਮਾਇਆ। ਤ੍ਰੈਗੁਣ ਨਾ ਲੱਗਾ ਕੋਇ ਅਖਾੜਾ, ਅਵਣ ਗਵਣ ਨਾ ਡੇਰਾ ਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਤੇਰਾ ਮੇਰਾ ਮੇਰਾ ਤੇਰਾ ਏਕਾ ਰੂਪ ਸਮਾਇਆ। ਸੋਹੰ ਸ਼ਬਦ ਸਤਿਗੁਰ ਨਾਨਕ ਗਾ, ਸਚਖੰਡ ਸੁਣਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਦੇਵੇ ਵਡ ਵਡਿਆਈਆ। ਅੰਦਰ ਮੰਦਰ ਬੰਦ ਦਏ ਕਰਾ, ਆਪਣੀ ਹੱਥੀਂ ਕੁੰਡਾ ਲਾਈਆ। ਨਿਰਗੁਣ ਵਿਚੋਲਾ ਆਪ ਅਖਵਾ, ਸਾਚੀ ਸੇਵ ਕਮਾਈਆ। ਸਾਚਾ ਢੋਲਾ ਦਏ ਸੁਣਾ, ਨਾਨਕ ਸਤਿਗੁਰ ਤੇਰੀ ਵਡ ਵਡਿਆਈਆ। ਤੇਰਾ ਲਹਿਣਾ ਤੇਰੀ ਝੋਲੀ ਦੇਵੇ ਪਾ, ਵਾਰ ਥਿਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਬੋਲਾ ਨਿਰਗੁਣ ਤੋਲਾ ਨਾਨਕ ਢੋਲਾ, ਕਾਇਆ ਚੋਲਾ ਨਾ ਕੋਇ ਰਖਾਈਆ। ਸੋਹੰ ਸ਼ਬਦ ਬੰਦ ਭੰਡਾਰਾ, ਹਰਿ ਆਪਣੇ ਹੱਥ ਉਠਾਇਆ। ਨਾਨਕ ਦੇਵੇ ਇਕ ਸਹਾਰਾ, ਏਕਾ ਬੂਝ ਬੁਝਾਇਆ। ਸਤਿ ਨਾਮ ਮੰਤਰ ਅਪਾਰਾ, ਲੋਕਮਾਤ ਵੇਖ ਵਖਾਇਆ। ਚਾਰ ਵਰਨਾਂ ਬਣ ਵਣਜਾਰਾ, ਜੀਵਾਂ ਜੰਤਾਂ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰ, ਆਪ ਆਪਣਾ ਖੇਲ ਖਲਾਇਆ। ਸੋਹੰ ਸ਼ਬਦ ਸਚ ਭੰਡਾਰਾ, ਸਤਿ ਪੁਰਖ ਹੱਥ ਰਖਾਇੰਦਾ। ਨਾਨਕ ਦੇਵੇ ਇਕ ਆਧਾਰਾ, ਏਕਾ ਮੰਤਰ ਦ੍ਰਿੜਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਅੰਤਮ ਖੋਲ੍ਹੇ ਸਚ ਦਵਾਰਾ, ਸਤਿਜੁਗ ਸਾਚਾ ਰਾਹ ਚਲਾਇੰਦਾ । ਤੇਰਾ ਲਹਿਣਾ ਦਏ ਆਧਾਰਾ, ਪਿਛਲਾ ਲੇਖਾ ਆਪ ਮੁਕਾਇੰਦਾ। ਪੰਜ ਤੱਤ ਕਰੇ ਪਾਰ ਕਿਨਾਰਾ, ਕਾਇਆ ਤੱਤ ਨਾ ਕੋਇ ਵਖਾਇੰਦਾ। ਸਰਗੁਣ ਛੱਡ ਵਿਚ ਸੰਸਾਰਾ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਨਿਰਗੁਣ ਲਏ ਭੰਡਾਰਾ, ਨਿਰਗੁਣ ਸੇਵ ਕਮਾਇੰਦਾ। ਸੋਹੰ ਸ਼ਬਦ ਕਰੇ ਵਰਤਾਰਾ, ਆਪ ਆਪਣਾ ਰੰਗ ਰੰਗਾਇੰਦਾ। ਨਿਹਕਲੰਕ ਲੈ ਅਵਤਾਰਾ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਨਾਮ ਸਤਿ ਸਤਿ ਵਰਤਾਰਾ, ਨਾਨਕ ਨਾਮ ਜਣਾਇਆ। ਏਕਾ ਜੋਤੀ ਦਸ ਅਵਤਾਰਾ, ਲੇਖਾ ਲੇਖ ਲਖਾਇਆ। ਅਰਜਨ ਮੀਤਾ ਹਰਿ ਨਿਰੰਕਾਰਾ, ਬੋਧ ਗਿਆਨ ਵਰਤਾਇਆ। ਸ਼ਬਦੀ ਸ਼ਬਦ ਭਰ ਭੰਡਾਰਾ, ਗ੍ਰੰਥ ਗੁਰੂ ਉਪਾਇਆ। ਸਿਖਿਆ ਦੇਵੇ ਸਰਬ ਸੰਸਾਰਾ, ਵਰਨ ਬਰਨ ਨਾ ਕੋਇ ਰਖਾਇਆ। ਊਚਾਂ ਨੀਚਾਂ ਇਕ ਸਹਾਰਾ, ਜੋ ਜਨ ਸਰਨਾਈ ਆਇਆ। ਖੁਲ੍ਹੇ ਤਾਕ ਬੰਦ ਕਿਵਾੜਾ, ਜਿਸ ਜਨ ਸ਼ਬਦੀ ਸ਼ਬਦ ਗੁਰ ਗਾਇਆ। ਮਿਲੇ ਮੇਲ ਪ੍ਰਭ ਸਾਚੇ ਲਾੜਾ, ਦਰ ਘਰ ਸਾਚਾ ਵੇਖ ਵਖਾਇਆ। ਕਲਜੁਗ ਕਾਇਆ ਲੱਗੀ ਅੱਗ ਤੱਤੀ ਹਾੜਾ, ਨਾ ਕੋਈ ਸਕੇ ਮਾਤ ਬੁਝਾਇਆ। ਹਉਮੇ ਹੰਗਤਾ ਬਣ ਅਖਾੜਾ, ਜਗਤ ਸਿਆਸਤ ਵੇਸ ਵਟਾਇਆ। ਲੁੱਟੀ ਜਾਏ ਧਰਮ ਦਿਨ ਦਿਹਾੜਾ, ਜੀਵ ਜੰਤ ਨਾ ਸਕੇ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਆਪ ਆਪਣਾ ਲੇਖ ਚੁਕਾਇਆ। ਆਪਣਾ ਲੇਖਾ ਆਪ ਚੁਕਾਏ, ਹਰਿ ਸਤਿਗੁਰ ਵਡ ਵਡਿਆਈਆ। ਜੀਵ ਜੰਤ ਕੋਈ ਭੇਵ ਨਾ ਪਾਏ, ਸਾਧ ਸੰਤ ਰਹੇ ਸਭ ਗਾਈਆ। ਵੇਦ ਪੁਰਾਨ ਸਿਮਰਤ ਸ਼ਾਸਤਰ ਨਾ ਗਣਤ ਗਣਾਏ, ਅੰਜੀਲ ਕੁਰਾਨ ਨਾ ਤੋਲ ਤੁਲਾਈਆ। ਖਾਣੀ ਬਾਣੀ ਰਾਹ ਬਣਾਏ, ਅਭੇਵ ਅਭੇਦਾ ਭੇਵ ਨਾ ਰਾਈਆ। ਨਿਰਗੁਣ ਸਰਗੁਣ ਵੇਸ ਵਟਾਏ, ਪੰਜ ਤੱਤ ਕਰੇ ਰੁਸ਼ਨਾਈਆ। ਗੋਬਿੰਦ ਲੇਖਾ ਲੇਖ ਲਿਖਾਏ, ਲਿਖਿਆ ਲੇਖ ਨਾ ਕੋਇ ਮਿਟਾਈਆ। ਕਲਜੁਗ ਮੇਟੇ ਕੂੜੀ ਸ਼ਾਹੀ, ਸ਼ਾਹ ਸੁਲਤਾਨਾ ਦਏ ਸਜ਼ਾਈਆ। ਅੰਤਮ ਆਏ ਸਾਚਾ ਮਾਹੀ, ਬੇਪਰਵਾਹੀ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਨੂਰੋ ਨੂਰ ਡਗਮਗਾਈਆ। ਨੂਰ ਉਜਾਲਾ ਗੁਰ ਗੋਪਾਲਾ, ਦੀਨ ਦਿਆਲਾ ਆਪ ਅਖਵਾਇੰਦਾ। ਕਲਜੁਗ ਖੇਲੇ ਖੇਲ ਨਿਰਾਲਾ, ਅਵੱਲੜੀ ਚਾਲਾ ਦਿਸ ਕਿਸੇ ਨਾ ਆਇੰਦਾ। ਤੋੜਨਹਾਰਾ ਜਗਤ ਜੰਜਾਲਾ, ਸ਼ਬਦ ਵਜਾਏ ਸਾਚਾ ਤਾਲਾ, ਰਾਗ ਅਨਾਦੀ ਇਕ ਰਖਾਇੰਦਾ। ਨਾਮ ਧਨ ਸੱਚਾ ਧਨ ਮਾਲਾ, ਗੁਰਸਿਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਆਦਿ ਜੁਗਾਦੀ ਇਕ ਦਲਾਲਾ, ਏਕਾ ਕਰਮ ਕਮਾਇੰਦਾ। ਲੱਖ ਚੁਰਾਸੀ ਫਲ ਵੇਖੇ ਡਾਲ੍ਹਾ, ਥਿਰ ਘਰ ਬੈਠ ਸੱਚੀ ਧਰਮਸਾਲਾ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਜੋਤ ਜਗਾਏ, ਆਦਿ ਪੁਰਖ ਅਬਿਨਾਸ਼ਿਆ। ਲੋਆਂ ਪੁਰੀਆਂ ਫੇਰੀ ਪਾਏ, ਬ੍ਰਹਮਾ ਵਿਸ਼ਨ ਸ਼ਿਵ ਉਠਾਏ, ਖੇਲੇ ਖੇਲ ਪ੍ਰਿਥਮੀ ਅਕਾਸ਼ਿਆ। ਦੇਵਤ ਸੁਰ ਸੋਇਆ ਰਹਿਣ ਨਾ ਪਾਏ, ਗਣ ਗੰਧਰਬ ਅੱਖ ਖੁਲ੍ਹਾਏ, ਪਰਗਟ ਹੋਏ ਸ਼ਾਹੋ ਸ਼ਾਬਾਸਿਆ। ਰਵ ਸਸ ਆਪ ਚਮਕਾਏ, ਮੰਡਲ ਮੰਡਪ ਸਤਾਰ ਲਟਕਾਏ, ਲੱਖ ਚੁਰਾਸੀ ਘਟ ਘਟ ਰੱਖੇ ਵਾਸਿਆ। ਨਿਰਗੁਣ ਧਾਰਾ ਇਕ ਬੰਧਾਏ, ਭੇਵ ਨਾ ਆਏ ਪਾਰਬ੍ਰਹਮ ਖੇਲ ਤਮਾਸਿਆ। ਕਲਜੁਗ ਅੰਤਮ ਵੇਖ ਵਖਾਏ, ਪੜਦਾ ਲਾਹੇ ਬਲ ਧਾਰੇ ਆਦਿ ਪੁਰਖ ਅਬਿਨਾਸਿਆ। ਲਹਿਣਾ ਦੇਣਾ ਮੂਲ ਚੁਕਾਏ, ਪਿਛਲਾ ਲੇਖਾ ਝੋਲੀ ਪਾਏ, ਅਗਲਾ ਮਾਰਗ ਆਪ ਲਖਾਸਿਆ। ਸਤਿਜੁਗ ਸਾਚਾ ਆਪ ਉਠਾਏ, ਧਰਤ ਮਾਤ ਦੀ ਗੋਦ ਬਿਠਾਏ, ਦੇਵਣਹਾਰਾ ਨਾਮ ਦਲਾਸਿਆ। ਚਾਰ ਵਰਨਾਂ ਇਕ ਕਰਾਏ, ਊਚ ਨੀਚ ਕੋਈ ਰਹਿਣ ਨਾ ਪਾਏ, ਸਾਧਾਂ ਸੰਤਾਂ ਕਰੇ ਬੰਦ ਖਲਾਸੀਆ। ਏਕਾ ਮੰਤਰ ਨਾਮ ਦ੍ਰਿੜਾਏ, ਦਰ ਦਰਵਾਜ਼ਾ ਇਕ ਖੁਲ੍ਹਾਏ, ਜੋਧਾ ਸੂਰਬੀਰ ਆਪ ਅਖਵਾਸੀਆ। ਤਖ਼ਤ ਤਾਜ ਕੋਈ ਰਹਿਣ ਨਾ ਪਾਏ, ਸ਼ਾਹ ਸੁਲਤਾਨਾਂ ਖ਼ਾਕ ਮਿਲਾਏ, ਆਪੇ ਜਾਣੇ ਆਪਣੀ ਰਾਸੀਆ। ਨੌ ਖੰਡ ਫੇਰਾ ਆਪੇ ਪਾਏ, ਸੱਤਾਂ ਦੀਪਾਂ ਚਰਨਾਂ ਹੇਠ ਦਬਾਏ, ਸੱਤ ਰੰਗ ਨਿਸ਼ਾਨਾ ਇਕ ਵਖਾਸੀਆ। ਅਕਾਲ ਮੂਰਤ ਨਜ਼ਰੀ ਆਏ, ਨਿਰਗੁਣ ਜੋਤ ਕਰੇ ਰੁਸ਼ਨਾਏ, ਪੁਰਖ ਅਕਾਲ ਇਕ ਮਨਾਸੀਆ। ਨਾ ਕੋਈ ਕਾਸੀ ਪੰਡਤ ਜਾਏ, ਵੇਦ ਪੁਰਾਨ ਨਾ ਕੋਈ ਪੜ੍ਹਾਏ, ਅੰਜੀਲ ਕੁਰਾਨ ਨਾ ਕੋਈ ਅਲ੍ਹਾਏ, ਬਾਂਗ ਸਦਾ ਨਾ ਕੋਈ ਅਲ੍ਹਾਏ, ਰੋਜ਼ਾ ਬਾਂਗ ਨਾ ਕੋਈ ਅਲ੍ਹਾਏ, ਨਿਉਂ ਨਿਉਂ ਸਜਦਾ ਨਾ ਕੋਈ ਕਰਾਏ, ਸਾਚਾ ਵੁਜ਼ੂ ਨਾਮ ਕਰਾਸੀਆ। ਗ੍ਰੰਥੀ ਪੰਥੀ ਵੇਖ ਵਖਾਏ, ਧਰਤ ਮਾਤ ਸੱਥਰ ਵਛਾਏ, ਬ੍ਰਹਮਾ ਵਿਸ਼ਨ ਸ਼ਿਵ ਅੱਥਰ ਵਹਾਏ, ਧੀਰਜ ਧੀਰ ਨਾ ਕੋਇ ਧਰਾਸੀਆ। ਹਰਿਜਨ ਸਾਚੇ ਲਏ ਤਰਾਏ, ਏਕਾ ਬਖ਼ਸ਼ੇ ਚਰਨ ਸਰਨਾਏ, ਫੜ ਫੜ ਬਾਂਹੋਂ ਗਲੇ ਲਗਾਏ, ਮਾਤ ਪਿਤ ਆਪ ਅਖਵਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਜੋਤੀ ਜੋਤ ਡਗਮਗਾਏ। ਜੋਤੀ ਜੋਤ ਡਗਮਗਾਹਟ, ਚਾਰ ਕੁੰਟ ਰੁਸ਼ਨਾਈਆ। ਵਰਨਾਂ ਬਰਨਾਂ ਪਿਆ ਘਬਰਾਟ, ਘਰ ਘਰ ਪਈ ਲੜਾਈਆ। ਅੱਲਾ ਰਾਣੀ ਸੁੱਤੀ ਖਾਟ, ਕਾਲਾ ਸੂਸਾ ਤਨ ਛੁਹਾਈਆ। ਧਰਮ ਵਿਕਿਆ ਹਾਟੋ ਹਾਟ, ਧਰਤੀ ਧਵਲ ਕੁਰਲਾਈਆ। ਦਿਸ ਨਾ ਆਇਆ ਤੀਰਥ ਤਾਟ, ਲਜਪਤ ਰਹੀ ਸ਼ਰਮਾਈਆ। ਗੁਰਦਰ ਮੰਦਰ ਮਸਜਿਦ ਕੋਈ ਨਾ ਦਿਸੇ ਨੇੜੇ ਵਾਟ, ਸਾਚਾ ਇਸ਼ਟ ਨਾ ਕੋਇ ਵਖਾਈਆ। ਆਪੋ ਆਪਣੇ ਚੜ੍ਹੇ ਘਾਟ, ਮਨਮਤ ਨਾਲ ਰਲਾਈਆ। ਕੂੜ ਵਿਕਾਰਾ ਮਾਰੇ ਠਾਠ, ਠੌਰ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਦਏ ਮਿਟਾਈਆ।