੨੫ ਵਿਸਾਖ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੀ ਮਾਤਾ ਤਾਬੋ ਦੇ ਅੰਤਮ ਸੰਸਕਾਰ ਸਮੇਂ ਵਿਹਾਰ ਹੋਇਆ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਜਗਤ ਨਾਤਾ ਤੱਜ, ਤੱਜ ਸੰਸਾਰਿਆ। ਹਰਿ ਮੰਦਰ ਬਹਿਣ ਭੱਜ, ਹੋਏ ਪਾਰ ਕਿਨਾਰਿਆ। ਪ੍ਰਭ ਚਰਨ ਦਵਾਰੇ ਜਾਣਾ ਸਜ, ਦਰ ਦਵਾਰਾ ਇਕ ਵਖਾ ਰਿਹਾ। ਲੋਕਮਾਤ ਪੜਦਾ ਲਿਆ ਕੱਜ, ਸਿੰਘ ਗੁਰਮੁਖ ਪੂਤ ਸਪੂਤਾ ਚਿੱਟੀ ਚਾਦਰ ਉਤੇ ਪਾ ਰਿਹਾ। ਬੰਸ ਸਰਬੰਸਾ ਰੱਖੀ ਲਜ, ਲਜ ਪਤ ਦਾਤਾ ਆਪ ਅਖਵਾ ਰਿਹਾ। ਕਾਲ ਨਗਾਰਾ ਲੱਖ ਚੁਰਾਸੀ ਸਿਰ ਤੇ ਰਿਹਾ ਵੱਜ, ਨਾ ਕੋਈ ਕਿਸੇ ਛੁਡਾ ਰਿਹਾ। ਜੋ ਘੜਿਆ ਸੋ ਗਿਆ ਭੱਜ, ਘੜਨ ਭੰਨਣਹਾਰ ਆਪ ਅਖਵਾ ਰਿਹਾ। ਨੇਤਰ ਦਰਸ ਅੰਮ੍ਰਿਤ ਆਤਮ ਪੀਆ ਰੱਜ, ਦੋ ਜਹਾਨੀ ਤ੍ਰਿਸ਼ਨ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਲਹਿਣਾ ਦੇਣਾ ਪ੍ਰਭ ਚਰਨ ਦਵਾਰ, ਆਦਿ ਅੰਤ ਰਖਾਇੰਦਾ। ਕੋਟਨ ਕੋਟੀ ਕੋਟ ਰਹੇ ਉਚਾਰ ਵਿਚਾਰ, ਪ੍ਰਭ ਦਰਸ਼ਨ ਕੋਇ ਨਾ ਪਾਇੰਦਾ। ਗੁਰਮੁਖ ਗੁਰਸਿਖ ਵਿਰਲਾ ਪਰਾਨੀ ਪਰਾਨ ਅਧਾਰ, ਪਰਮ ਪੁਰਖ ਪਦ ਸਾਚਾ ਪਾਇੰਦਾ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਜੁਗ ਜੁਗ ਭੇਖ ਵਟਾਇੰਦਾ। ਕਾਇਆ ਕੂੜ ਕੁੜਿਆਰਾ ਕਪੜ ਤਨ ਉਤਾਰ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਦੂਸਰ ਕੋਈ ਨਾ ਸਕੇ ਅੱਪੜ ਵਿਚ ਸੰਸਾਰ, ਗੁਰ ਗੋਬਿੰਦ ਹੱਥ ਨਾ ਆਇੰਦਾ। ਮਨਮੁਖ ਰੋਵਣ ਧਾਹਾਂ ਮਾਰ, ਨੇਤਰ ਨੀਰ ਵਹਾਇੰਦਾ। ਪ੍ਰਭ ਚਰਨ ਛੁਹਾਏ ਸੀਸ ਸ਼ਿੰਗਾਰ, ਜੋਤੀ ਲੰਬੂ ਏਕਾ ਲਾਇੰਦਾ। ਅਗਨ ਸਗਨ ਕਲ ਏਕਾ ਵਾਰ, ਇਕ ਇਕੱਲਾ ਆਪ ਮਨਾਇੰਦਾ। ਭੇਖਾਧਾਰੀ ਭੇਖ ਅਪਾਰ, ਭਗਤ ਵਛਲ ਸਦਾ ਅਖਵਾਇੰਦਾ। ਲੇਖਾ ਲਿਖੇ ਵਿਚ ਸੰਸਾਰ, ਲਿਖਤ ਲੇਖ ਆਪਣੇ ਹੱਥ ਰਖਾਇੰਦਾ। ਹਰਿਜਨ ਸਾਚੇ ਆਪੇ ਵੇਖ, ਆਪ ਆਪਣੇ ਦਰ ਬਹਾਇੰਦਾ। ਦਾਤਾ ਦਾਨੀ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਇੰਦਾ। ਥਿਰ ਘਰ ਬੈਠ ਨਰ ਨਰੇਸ਼, ਨਿਰਗੁਣ ਖੇਲ ਖਿਲਾਇੰਦਾ। ਸਰਗੁਣ ਮੇਲ ਸਦਾ ਹਮੇਸ਼, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਅੰਤ ਨਾਰੀ ਕੰਤ ਸਾਜਨ ਸੰਤ ਸਤਿ ਪੁਰਖ ਨਿਰੰਜਣ ਆਦਿ ਅਬਿਨਾਸ਼ੀ ਜੋਤ ਸਰੂਪ ਘਨਕਪੁਰ ਵਾਸੀ ਦਰ ਘਰ ਵਰ ਹਰਿ ਏਕਾ ਏਕ ਸੁਹਾਇੰਦਾ। ਸੁਲਖਣੀ ਮਾਤ ਪੂਤ ਸਪੂਤਾ ਜਾਇਆ, ਮਿਲੇ ਮੇਲ ਹਰਿ ਪੁਰਖ ਬਿਧਾਤ। ਚਾਰੇ ਕੁੰਟਾਂ ਵੇਖ ਵਖਾਇਆ, ਲੱਖ ਚੁਰਾਸੀ ਰੈਣ ਅੰਧੇਰੀ ਰਾਤ। ਹਰਿ ਦਰਸੀ ਦਰਸ ਦਿਖਾਇਆ, ਜਨ ਹਰਿ ਬਣਾਏ ਪਾਰਜ਼ਾਤ। ਮਾਨਸ ਮਾਨੁਖ ਲੇਖੇ ਲਾਇਆ, ਅੰਤਮ ਵੇਲੇ ਪੁੱਛੇ ਬਾਤ। ਉਲਟਾ ਬਿਰਖ ਗਰਭ ਟਿਕਾਇਆ, ਲੇਖੇ ਲਾਏ ਦਸ ਦਸ ਮਾਸ। ਸਾਸ ਗਰਾਸ ਜੋ ਪੀਆ ਖਾਇਆ, ਨਿਜ ਘਰ ਆਪਣੇ ਕੀਆ ਵਾਸ। ਨਾ ਮਰੇ ਨਾ ਆਇਆ ਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਾਨੀ ਪਰਾਨ ਪਤ ਅਧਾਰ, ਪਰਮ ਪੁਰਖ ਪਦ ਪਾਇਆ।