੫ ਭਾਦਰੋਂ ੨੦੧੬ ਬਿਕ੍ਰਮੀ ਮੰਗਲ ਸਿਘ ਦੇ ਘਰ ਪਿੰਡ ਸਾਰਿੰਗੜਾ ਜ਼ਿਲਾ ਅੰਮ੍ਰਿਤਸਰ
ਆਦਿ ਜੁਗਾਦੀ ਏਕੰਕਾਰ, ਅਕਲ ਕਲਾ ਅਖਵਾਈਆ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰ, ਨੂਰੋ ਨੂਰ ਖ਼ੁਦਾਈਆ। ਆਦਿ ਨਿਰੰਜਣ ਜੋਤ ਉਜਿਆਰ, ਇਕ ਇਕੱਲਾ ਡਗਮਗਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪ ਆਪਣਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਏਕਾ ਏਕ ਏਕੰਕਾਰਿਆ। ਆਦਿ ਜੁਗਾਦੀ ਖੇਲੇ ਖੇਲ ਤਮਾਸ਼ਾ, ਜੁਗ ਜੁਗ ਮਾਤ ਲਏ ਅਵਤਾਰਿਆ। ਮੰਡਲ ਮੰਡਪ ਪਾਵੇ ਰਾਸਾ, ਗਗਨ ਗਗਨੰਤਰ ਆਪ ਸੁਹਾ ਰਿਹਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਜਲ ਥਲ ਮਹੀਅਲ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਮੇਟ ਮਿਟਾ ਰਿਹਾ। ਪਾਰਬ੍ਰਹਮ ਹਰਿ ਬੇਅੰਤ, ਆਦਿ ਜੁਗਾਦਿ ਸਮਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ ਮਹਿਮਾ ਅਗਣਤ, ਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਆਪੇ ਜਾਣੇ ਆਪਣੀ ਬਣਤ, ਘੜਣ ਭੰਨਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਵੇਸ ਅਵੱਲਾ, ਹਰਿ ਸਾਚਾ ਆਪ ਕਰਾਇੰਦਾ। ਵਸਣਹਾਰਾ ਨੇਹਚਲ ਧਾਮ ਅਟੱਲਾ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਮੱਲਾ, ਥਿਰ ਘਰ ਸਾਚੇ ਡੇਰਾ ਲਾਇੰਦਾ। ਨਿਰਗੁਣ ਦੀਪਕ ਬਾਤੀ ਆਪੇ ਬਲਾ, ਪ੍ਰਕਾਸ਼ ਪ੍ਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਆਪ ਅਖਵਾਇੰਦਾ। ਕਰਨੀ ਕਰਤਾ ਹਰਿ ਕਰਤਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਇਆ। ਨਿਰਗੁਣ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜੋਤ ਨੂਰ ਡਗਮਗਾਇਆ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਖੇਲ ਨਿਆਰ, ਆਪ ਆਪਣਾ ਲਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦੀਪਕ ਆਪ ਜਗਾਇਆ। ਆਪੇ ਦੀਪਕ ਆਪੇ ਜੋਤੀ, ਆਪੇ ਨੂਰੋ ਨੂਰ ਸਮਾਈਆ। ਆਪੇ ਸਚਖੰਡ ਦੁਵਾਰੇ ਚੜ੍ਹਿਆ ਚੋਟੀ, ਆਪ ਆਪਣਾ ਆਸਣ ਲਾਈਆ। ਆਪੇ ਫੜੇ ਆਪਣੀ ਸੋਟੀ, ਆਪਣਾ ਡੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਨਾਉਂ ਧਰਾਈਆ। ਦੀਨ ਦਿਆਲਾ ਦੀਨਾਂ ਨਾਥ, ਅਕਲ ਕਲਾ ਕਲ ਧਾਰੀਆ। ਆਪੇ ਆਪਣਾ ਰੱਖੇ ਸਾਥ, ਆਪ ਆਪਣਾ ਸੰਗ ਨਿਭਾ ਰਿਹਾ। ਜੁਗਾ ਜੁਗੰਤਰ ਚਲਾਏ ਰਾਥ, ਰਥ ਰਥਵਾਹੀ ਵੇਸ ਵਟਾ ਰਿਹਾ। ਆਪੇ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲਹਿਣਾ ਆਪ ਚੁਕਾ ਰਿਹਾ। ਆਪ ਚਲਾਏ ਆਪਣੀ ਗਾਥ, ਆਪਣਾ ਮੰਤਰ ਆਪ ਦ੍ਰਿੜਾ ਰਿਹਾ। ਆਪੇ ਪੂਜਾ ਆਪੇ ਪਾਠ, ਇਸ਼ਟ ਗੁਰਦੇਵ ਆਪ ਉਪਾ ਰਿਹਾ। ਆਪੇ ਸਰ ਸਰੋਵਰ ਮਾਰੇ ਠਾਠ, ਜਲਧਾਰਾ ਆਪ ਸਮਾ ਰਿਹਾ। ਆਪੇ ਵਿਕੇ ਆਪਣੇ ਹਾਟ, ਆਪਣੀ ਕੀਮਤ ਆਪੇ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਏਕ ਏਕੰਕਾਰ, ਖੇਲੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਆ ਰਿਹਾ। ਭੇਵ ਅਭੇਦ ਪੁਰਖ ਅਕਾਲ, ਹਰਿ ਵਡ ਵੱਡੀ ਵਡਿਆਈਆ। ਨਿਰਗੁਣ ਜੋਤੀ ਦੀਪਕ ਬਾਲ, ਆਪਣੀ ਆਪ ਕਰੇ ਰੁਸ਼ਨਾਈਆ। ਸਚਖੰਡ ਵਸਾਏ ਸਚੀ ਧਰਮਸਾਲ, ਨਿਰਗੁਣ ਦਾਤਾ ਬੇਪਰਵਾਹੀਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਆਪ ਸੁਹਾਈਆ। ਗਗਨ ਪਤਾਲ ਨਾ ਕੋਈ ਧਾਰ, ਪ੍ਰਿਥਮੀ ਅਕਾਸ਼ ਨਾ ਨਾਉਂ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਅਹਾਰ, ਤ੍ਰੈਗੁਣ ਨਾਤਾ ਨਾ ਜੋੜ ਜੁੜਾਈਆ। ਪੰਚਮ ਤੱਤ ਨਾ ਕੋਈ ਅਧਾਰ, ਲੱਖ ਚੁਰਾਸੀ ਨਾ ਰਚਨ ਰਚਾਈਆ। ਜੰਗਲ ਜੂਹ ਨਾ ਕੋਈ ਪਹਾੜ, ਡੂੰਘੀ ਗਾਰ ਨਾ ਕੋਈ ਵਖਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਦਿਸੇ ਕੋਈ ਸਿਕਦਾਰ, ਹੁਕਮੀ ਹੁਕਮ ਨਾ ਕੋਈ ਫਿਰਾਈਆ। ਸ਼ਸਤਰ ਬਸਤਰ ਨਾ ਦੀਸੇ ਕੋਈ ਸ਼ਾਹ ਅਸਵਾਰ, ਅਸਵ ਘੋੜਾ ਨਾ ਕੋਈ ਦੁੜਾਈਆ। ਸੋਲਾਂ ਕਲੀਆਂ ਨਾ ਕੋਈ ਸ਼ਿੰਗਾਰ, ਆਸਣ ਸਿੰਘਾਸਣ ਨਾ ਕੋਈ ਵਿਛਾਈਆ। ਗੁਰ ਪੀਰ ਸਾਧ ਸੰਤ ਨਾ ਕੋਈ ਅਵਤਾਰ, ਬ੍ਰਹਮਾ ਵੇਦ ਨਾ ਕੋਈ ਪੜ੍ਹਾਈਆ। ਇਕ ਇਕੱਲਾ ਏਕੰਕਾਰ, ਆਪ ਆਪਣੀ ਕਲ ਵਰਤਾਈਆ। ਥਿਰ ਘਰ ਬੈਠ ਸੱਚੇ ਦਰਬਾਰ, ਆਪ ਆਪਣੀ ਖੇਲ ਖਲਾਈਆ। ਸਚਖੰਡ ਸੋਹੇ ਬੰਕ ਸੱਚਾ ਘਰ ਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗ਼ਰੀਬ ਨਿਵਾਜ਼ਾ ਹੋ ਤਿਆਰ, ਆਪਣਾ ਮਤਾ ਆਪ ਪਕਾਈਆ। ਆਪੇ ਬੰਨ੍ਹੇ ਆਪਣੀ ਧਾਰ, ਆਪਣਾ ਮਾਰਗ ਲਾਈਆ। ਆਪੇ ਪੁਰਖ ਆਪੇ ਨਾਰ, ਆਪੇ ਸੇਜ ਹੰਢਾਈਆ। ਆਪੇ ਸੁੱਤ ਦੁਲਾਰਾ ਕਰ ਤਿਆਰ, ਸ਼ਬਦੀ ਨਾਉਂ ਧਰਾਈਆ। ਸ਼ਬਦ ਵਿਚੋਲਾ ਖੇਲ ਅਪਾਰ, ਪਾਰਬ੍ਰਹਮ ਆਪ ਕਰਾਈਆ। ਸਚ ਸੁਨੇਹੜਾ ਦੇਵੇ ਸਿਰਜਣਹਾਰ, ਸਾਚੀ ਸਿਖਿਆ ਇਕ ਸਮਝਾਈਆ। ਲੋਆਂ ਪੁਰੀਆਂ ਕਰ ਤਿਆਰ, ਬ੍ਰਹਿਮੰਡ ਖੰਡ ਬਣਤ ਬਣਾਈਆ। ਆਪਣਾ ਕੀਆ ਆਪ ਪਿਆਰ, ਆਪੇ ਵੇਖ ਵਖਾਈਆ। ਨਿਰਗੁਣ ਨਿਰਗੁਣ ਵਿਚੋਂ ਆਇਆ ਬਾਹਰ, ਦਿਸ ਕਿਸੇ ਨਾ ਆਈਆ। ਮਾਤ ਪਿਤ ਨਾ ਕੋਈ ਅਧਾਰ, ਰਕਤ ਬੂੰਦ ਨਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਲਾਈਆ। ਖੇਲ ਖਲੰਦੜਾ ਪੁਰਖ ਅਗੰਮ, ਪਾਰਬ੍ਰਹਮ ਬੇਅੰਤਿਆ। ਆਪੇ ਮੰਦਰ ਆਪੇ ਅੰਦਰ ਆਪਣੀ ਗੋਦੀ ਆਪਣੀ ਕੁੱਖ ਆਪੇ ਪਏ ਜੰਮ, ਮਾਤ ਪਿਤ ਨਾ ਕੋਈ ਰਖੰਤਿਆ। ਕਰਨੀ ਕਰਤਾ ਕਰਨੇਹਾਰਾ ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਕਾਰ ਕਰੰਤਿਆ। ਆਦਿ ਜੁਗਾਦੀ ਹਰਿ ਬ੍ਰਹਮਾਦੀ ਆਪਣਾ ਬੇੜਾ ਦੇਵੇ ਬੰਨ੍ਹ, ਆਪੇ ਭਾਰ ਉਠੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਬਣ ਮਲਾਹ, ਆਪ ਆਪਣਾ ਵੇਸ ਵਟੰਤਿਆ। ਵੇਸ ਵਟੰਦੜਾ ਪੁਰਖ ਕਰਤਾਰ, ਨਿਰਗੁਣ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਾਕਾਰ ਨਿਰਵੈਰ ਆਪਣੇ ਅੰਦਰੋਂ ਆਇਆ ਬਾਹਰ, ਆਪੇ ਵੇਖ ਵਖਾਈਆ। ਮੂਰਤ ਅਕਾਲ ਖੇਲ ਅਪਾਰ, ਅਜੂਨੀ ਰਹਿਤ ਵੱਡੀ ਵਡਿਆਈਆ। ਗੁਣਵੰਤਾ ਗੁਣ ਕਰੇ ਅਪਾਰ, ਮਹਿਮਾ ਅਗਣਤ ਗਣੀ ਨਾ ਜਾਈਆ। ਆਪਣਾ ਨਾਉਂ ਰੱਖ ਅਪਰ ਅਪਾਰ, ਵਿਸ਼ਨੂੰ ਰੂਪ ਆਪ ਹੋ ਜਾਈਆ। ਅੰਮ੍ਰਿਤ ਭਰ ਸਚ ਭੰਡਾਰ, ਨਾਭੀ ਕਵਲ ਫੁੱਲ ਖਲਾਈਆ। ਆਪੇ ਪਾਰਬ੍ਰਹਮ ਬ੍ਰਹਮ ਲਏ ਅਵਤਾਰ, ਆਪਣਾ ਅੰਗ ਆਪ ਕਟਾਈਆ। ਆਪੇ ਸ਼ੰਕਰ ਮੀਤਾ ਹੋ ਉਜਿਆਰ, ਆਪਣਾ ਸੰਗ ਨਿਭਾਈਆ। ਆਪੇ ਸ਼ਬਦ ਅਨਾਦੀ ਬੋਲ ਜੈਕਾਰ, ਆਪਣਾ ਨਾਅਰਾ ਆਪੇ ਲਾਈਆ। ਆਪੇ ਤ੍ਰੈਗੁਣ ਮਾਇਆ ਕਰ ਤਿਆਰ, ਤ੍ਰੈ ਤ੍ਰੈ ਝੋਲੀ ਪਾਈਆ। ਆਪੇ ਸ਼ਾਹੋ ਭੂਪ ਸਚ ਸਿਕਦਾਰ, ਸਚ ਸੁਲਤਾਨ ਆਪ ਅਖਵਾਈਆ। ਸਚਖੰਡ ਸੋਹੇ ਬੰਕ ਦੁਵਾਰ, ਹਰਿ ਸਾਚਾ ਆਪ ਸੁਹਾਈਆ। ਨਿਰਗੁਣ ਖੇਲ ਅਗੰਮ ਅਪਾਰ, ਨਰ ਨਰਾਇਣ ਵੱਡੀ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਸਾਚੀ ਸੇਵਾ ਆਪ ਲਗਾਈਆ। ਲੱਖ ਚੁਰਾਸੀ ਕਰ ਤਿਆਰ, ਆਪ ਆਪਣਾ ਮੇਲ ਮਿਲਾਈਆ। ਮਨ ਮਤ ਬੁੱਧ ਦਏ ਅਧਾਰ, ਆਪ ਆਪਣੇ ਰੰਗ ਰੰਗਾਈਆ। ਨੌ ਦਰ ਖੋਲ੍ਹ ਕਿਵਾੜ, ਕਾਇਆ ਗੜ੍ਹ ਸੁਹਾਈਆ। ਘਰ ਵਿਚ ਘਰ ਕਰ ਤਿਆਰ, ਅੰਦਰ ਬੈਠਾ ਮੁਖ ਛੁਪਾਈਆ। ਸ਼ਬਦ ਨਾਦ ਸੱਚੀ ਧੁਨਕਾਰ, ਅਨਹਦ ਸਾਚਾ ਰਾਗ ਅਲਾਈਆ। ਅੰਮ੍ਰਿਤ ਸਰ ਸਰੋਵਰ ਭਰਿਆ ਤਾਲ, ਆਪਣੀ ਨਾਭੀ ਮੁਖ ਭੁਵਾਈਆ। ਬਜ਼ਰ ਕਪਾਟੀ ਖੇਲ ਅਪਾਰ, ਆਪਣਾ ਪਰਦਾ ਆਪੇ ਪਾਈਆ। ਆਤਮ ਸੇਜਾ ਸੁੱਤਾ ਪੈਰ ਪਸਾਰ, ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂਆ। ਦਸਵਾਂ ਮੇਲਾ ਮੀਤ ਮੁਰਾਰ, ਮੇਲ ਮਿਲਾਵਾ ਸਹਿਜ ਸੁਭਾਈਆ। ਲੱਖ ਚੁਰਾਸੀ ਕਰ ਤਿਆਰ, ਜੂਨੀ ਜੂਨ ਆਪ ਭੁਵਾਈਆ। ਆਪਣੀ ਕਿਰਪਾ ਆਪੇ ਧਾਰ, ਆਪਣਾ ਵੇਸ ਆਪ ਵਟਾਈਆ। ਬ੍ਰਹਮੇ ਦੇਵੇ ਇਕ ਹੁਲਾਰ, ਏਕਾ ਸ਼ਬਦ ਸੁਣਾਈਆ। ਚਾਰੇ ਵੇਦਾਂ ਕਰ ਤਿਆਰ, ਚਾਰ ਯੁਗ ਕਰੇ ਕੁੜਮਾਈਆ। ਆਪਣਾ ਖੋਲ੍ਹ ਆਪ ਕਿਵਾੜ, ਆਪੇ ਵੇਖ ਵਖਾਈਆ। ਆਪੇ ਲੇਖਾ ਜਾਣੇ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਆਪੇ ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਸ਼ਬਦੀ ਸ਼ਬਦ ਸੱਚੀ ਧੁਨਕਾਰਾ, ਧੁਨਕਾਰਾ ਧੁਨ ਸਾਚਾ ਰਾਗ ਅਲਾਇੰਦਾ। ਪਵਣ ਪਾਣੀ ਦਏ ਸਹਾਰਾ, ਸਾਰਿੰਗ ਧਰ ਆਪ ਅਖਵਾਇੰਦਾ। ਜਲ ਥਲ ਮਹੀਅਲ ਖੇਲ ਨਿਆਰਾ, ਭੇਵ ਕੋਈ ਨਾ ਆਇੰਦਾ। ਆਪਣੀ ਪਾਵੇ ਆਪੇ ਸਾਰਾ, ਆਪ ਆਪਣਾ ਵੇਸ ਵਟਾਇੰਦਾ। ਸਾਧ ਸੰਤ ਭਗਤ ਭਗਵੰਤ ਕਰ ਪਿਆਰਾ, ਆਪ ਆਪਣੀ ਬੂਝ ਬੁਝਾਇੰਦਾ। ਏਕਾ ਵਣਜ ਕਰਾਏ ਸਚ ਵਣਜਾਰਾ, ਨਾਮ ਵਸਤ ਇਕ ਤੁਲਾਇੰਦਾ। ਚੌਦਾਂ ਹੱਟਾਂ ਵੇਖ ਕਿਵਾੜਾ, ਆਪੇ ਮੁਲ ਪੁਵਾਇੰਦਾ। ਲੋਆਂ ਪੁਰੀਆਂ ਵਸਿਆ ਬਾਹਰਾ, ਤ੍ਰੈਗੁਣ ਮਾਇਆ ਵਿਚ ਨਾ ਆਇੰਦਾ। ਪੰਚਮ ਮੀਤਾ ਪੰਚਮ ਸੰਗ ਹੋ ਉਜਿਆਰਾ, ਪੰਚਮ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਧਾਰਾ ਨਾਉਂ ਧਰਾਇੰਦਾ। ਆਪੇ ਨਿਰਗੁਣ ਧਾਰ, ਜੋਤ ਜਗਾਇੰਦਾ। ਆਪੇ ਸਰਗੁਣ ਪਸਰ ਪਸਾਰ, ਵੇਖ ਵਖਾਇੰਦਾ। ਆਪੇ ਸ਼ਬਦ ਸ਼ਬਦ ਜੈਕਾਰ, ਨਾਅਰਾ ਲਾਇੰਦਾ। ਆਪੇ ਜੁਗ ਜੁਗ ਲਏ ਅਵਤਾਰ, ਖੇਲ ਖਲਾਇੰਦਾ। ਆਪੇ ਭਗਤਾਂ ਕਰੇ ਪਿਆਰ, ਮੇਲ ਮਿਲਾਇੰਦਾ। ਆਪੇ ਸੰਤਾਂ ਲਾਏ ਪਾਰ, ਦਰਸ ਦਖਾਇੰਦਾ। ਆਪੇ ਮਨਮੁਖਾਂ ਕਰੇ ਖੁਵਾਰ, ਗੜ੍ਹ ਤੁੜਾਇੰਦਾ। ਆਪੇ ਖੰਡਾ ਤੇਜ ਕਟਾਰ, ਹੱਥ ਉਠਾਇੰਦਾ। ਆਪੇ ਆਦਿ ਸ਼ਕਤ ਹੋ ਤਿਆਰ, ਜੋਤ ਜਵਾਲਾ ਆਪ ਜਗਾਇੰਦਾ। ਆਪੇ ਹੋਏ ਸਿੰਘ ਅਸਵਾਰ, ਗਦਾ ਚੱਕਰ ਸੰਖ ਆਪ ਰਖਾਇੰਦਾ। ਆਪੇ ਰੱਖੇ ਆਪਣੀ ਤਿਖੀ ਧਾਰ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪਣੀ ਰਚਨ ਰਚਾਈਆ। ਆਦਿ ਜੁਗਾਦੀ ਹਰਿ ਹਰਿ ਮੀਤਾ, ਆਪਣੀ ਬਣਤ ਬਣਾਈਆ। ਆਪੇ ਜਾਣੇ ਆਪਣੀ ਰੀਤਾ, ਆਪੇ ਵੇਖ ਵਖਾਈਆ। ਆਪੇ ਵਸਿਆ ਹਸਤ ਕੀਟਾ, ਊਚਾਂ ਨੀਚਾਂ ਡੇਰਾ ਲਾਈਆ। ਆਪੇ ਵਸਿਆ ਧਾਮ ਅਨਡੀਠਾ, ਮਹੱਲ ਅਟੱਲ ਸੁਹਾਈਆ। ਆਪੇ ਕਰੇ ਮਿੱਠਾ ਕੌੜਾ ਰੀਠਾ, ਅੰਮ੍ਰਿਤ ਫਲ ਆਪ ਖਵਾਈਆ। ਆਪੇ ਗੁਰਮੁਖਾਂ ਵਸਿਆ ਹਰਿ ਹਰਿ ਚੀਤਾ, ਚਿਤਵਤ ਠਗੌਰੀ ਕੋਈ ਨਾ ਪਾਈਆ। ਆਪੇ ਪਤਿਤ ਆਪ ਪੁਨੀਤਾ, ਪਤਿਤ ਪਾਪੀ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਈਆ। ਆਦਿ ਜੁਗਾਦੀ ਹਰਿ ਨਿਰੰਕਾਰ, ਆਪਣੀ ਕਲ ਵਰਤਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰ, ਆਪ ਆਪਣਾ ਵੇਸ ਵਟਾਇੰਦਾ। ਹਰਿਜਨ ਸੱਜਣ ਲਏ ਉਭਾਰ, ਗੁਰਮੁਖ ਪਾਰ ਕਰਾਇੰਦਾ। ਸੰਤ ਸੁਹੇਲੇ ਕਰ ਪਿਆਰ, ਗੁਰ ਚੇਲੇ ਮੇਲ ਮਿਲਾਇੰਦਾ। ਘਰ ਮੰਦਰ ਸੋਹੇ ਬੰਕ ਦੁਵਾਰ, ਘਰ ਸਾਚਾ ਵੇਖ ਵਖਾਇੰਦਾ। ਕਾਇਆ ਗੜ ਤੋੜ ਹੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਸਤਿਜੁਗ ਉਤਰਿਆ ਆਪਣੇ ਘਾਟ, ਹਰਿ ਸਾਚਾ ਆਪ ਚੜ੍ਹਾਇੰਦਾ। ਆਪੇ ਸੁੱਤਾ ਆਪਣੀ ਖਾਟ, ਸੋਇਆ ਸੁੱਤ ਨਾ ਕੋਈ ਉਠਾਇੰਦਾ। ਆਪਣਾ ਰਸ ਆਪੇ ਗਿਆ ਚਾਟ, ਦੂਸਰ ਹੱਥ ਕਿਸੇ ਨਾ ਆਇੰਦਾ। ਸਚ ਸੁੱਚ ਨਾ ਵਿਕੇ ਕਿਸੇ ਹਾਟ, ਨਾ ਕੋਈ ਕੀਮਤ ਪਾਇੰਦਾ। ਅੱਗੇ ਨੇੜੇ ਆਈ ਵਾਟ, ਤ੍ਰੇਤਾ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਧਾਰ ਧਰਾਇੰਦਾ। ਤ੍ਰੇਤਾ ਤੇਰਾ ਤ੍ਰਿਆ ਵੇਸ, ਹਰਿ ਹਰਿ ਵੇਖ ਵਖਾਇੰਦਾ। ਆਦਿ ਜੁਗਾਦੀ ਰਹੇ ਹਮੇਸ਼, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਸੋ ਪੁਰਖ ਨਿਰੰਜਣ ਸਦਾ ਆਦੇਸ਼, ਥਿਰ ਘਰ ਬੈਠਾ ਰਾਹ ਤਕਾਇੰਦਾ। ਆਪੇ ਜੋਤੀ ਜੋਤ ਪ੍ਰਵੇਸ, ਆਪੇ ਪੰਜ ਤੱਤ ਮੇਲ ਮਿਲਾਇੰਦਾ। ਆਪੇ ਆਪਣੇ ਨੇਤਰ ਲਏ ਪੇਖ, ਨੈਣ ਲੋਚਣ ਬੰਦ ਕਰਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਦਿ ਜੁਗਾਦੀ ਏਕੰਕਾਰਾ ਆਪੇ ਹੋਏ ਨਰ ਨਰੇਸ਼, ਸ਼ਾਹ ਸੁਲਤਾਨ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਆਪੇ ਖੜਗ ਖੰਡਾ ਤੀਰ ਕਮਾਨ, ਆਪੇ ਚਿੱਲਾ ਹੱਥ ਉਠਾਈਆ। ਆਪੇ ਜੋਧਾ ਸੂਰ ਬਲੀ ਬਲਵਾਨ, ਬਲਧਾਰੀ ਆਪ ਹੋ ਜਾਈਆ। ਆਪੇ ਖੇਲੇ ਖੇਲ ਮਹਾਨ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਲੰਕਾ ਗੜ ਹੰਕਾਰ, ਆਪੇ ਬੰਕ ਸੁਹਾਈਆ। ਆਪੇ ਰਾਵਣ ਪੰਡਤ ਹੋ ਤਿਆਰ, ਆਪਣੀ ਵਿਦਿਆ ਕਰੇ ਪੜ੍ਹਾਈਆ। ਆਪੇ ਸਭ ਤੋਂ ਵਸਿਆ ਬਾਹਰ, ਭੇਵ ਕੋਈ ਨਾ ਪਾਈਆ। ਖੇਲੇ ਖੇਲ ਪੁਰਖ ਕਰਤਾਰ, ਆਪਣੀ ਰਚਨ ਆਪ ਰਚਾਈਆ। ਦੋ ਜਹਾਨਾਂ ਵਿਚੋਲਾ ਬਣ ਸੰਸਾਰ, ਅਛਲ ਛਲ ਧਾਰੀ ਵਲ ਛਲ ਆਪ ਵਖਾਈਆ। ਆਪੇ ਰਣ ਭੂਮੀ ਸੁੱਤਾ ਪੈਰ ਪਸਾਰ, ਤਿਖੀ ਧਾਰ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਪਾਰ ਕਿਨਾਰਾ, ਰਾਵਣ ਤੁੱਟਾ ਗੜ੍ਹ ਹੰਕਾਰਾ, ਆਪਣਾ ਨਾਉਂ ਧਰਾਇੰਦਾ। ਦੁਆਪਰ ਉਠਿਆ ਬਾਲ ਨਿਧਾਨ, ਹਰਿ ਸਾਚਾ ਆਪ ਉਠਾਇੰਦਾ। ਲੋਕਮਾਤ ਹੋ ਪ੍ਰਧਾਨ, ਆਪਣਾ ਬਲ ਧਰਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਕਾਹਨਾ ਕ੍ਰਿਸ਼ਨਾ ਰੂਪ ਵਟਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਨਿਮਾਣੇ ਗਲੇ ਲਗਾਇੰਦਾ। ਆਪੇ ਅੱਖਰ ਬਣ ਗਿਆਨ, ਆਪਣਾ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਦੁਆਪਰ ਤੇਰਾ ਸਚ ਦੁਵਾਰਾ, ਹਰਿ ਸਾਚਾ ਵੇਖ ਵਖਾਇੰਦਾ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਮੁਕੰਦ ਮਨੋਹਰ ਲਖ਼ਮੀ ਨਰਾਇਣ ਵੇਸ ਵਟਾਇੰਦਾ। ਰਥ ਰਥਵਾਹੀ ਕਰੇ ਆਪਣੀ ਕਾਰਾ ਆਪ ਕਰਾਇੰਦਾ। ਅੱਠ ਅਠਾਰਾਂ ਪਾਰ ਕਿਨਾਰਾ, ਨੌ ਧਾਰਾ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਵੇਖ ਘਰ, ਹਰਿ ਸਾਚਾ ਖੇਲ ਖਲਾਇੰਦਾ। ਕਲਜੁਗ ਬਾਲਾ ਕਰ ਤਿਆਰਾ, ਆਪਣਾ ਹੁਕਮ ਸੁਣਾਇੰਦਾ। ਦੇਵੇ ਵਰ ਸੱਚੀ ਸਰਕਾਰਾ, ਸਾਚੀ ਵਸਤ ਝੋਲੀ ਪਾਇੰਦਾ। ਕੂੜ ਕੂੜਾ ਤੇਰਾ ਪਸਾਰਾ, ਕੂੜ ਡੰਕ ਵਜਾਇੰਦਾ। ਨਾਲ ਰਲਾਏ ਹਉਮੇ ਹੰਗਤਾ ਪੰਚ ਵਿਕਾਰਾ, ਆਸਾ ਤ੍ਰਿਸ਼ਨਾ ਮੇਲ ਮਿਲਾਇੰਦਾ। ਅੰਤਮ ਮੇਲਾ ਹੋਏ ਵਿਚ ਸੰਸਾਰਾ, ਸੰਗ ਮੁਹੰਮਦ ਤੋੜ ਨਿਭਾਇੰਦਾ। ਈਸਾ ਮੂਸਾ ਬੰਨ੍ਹੇ ਧਾਰਾ, ਅੰਜੀਲ ਕੁਰਾਨਾ ਲੇਖ ਲਿਖਾਇੰਦਾ। ਅੱਲ੍ਹਾ ਰਾਣੀ ਲਾਏ ਨਾਅਰਾ, ਏਕਾ ਕਲਮਾ ਆਪ ਪੜ੍ਹਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਹੱਕ ਹਕੀਕਤ ਵੇਖ ਵਖਾਇੰਦਾ। ਮੁਕਾਮੇ ਹੱਕ ਸਾਂਝਾ ਯਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਕਲਜੁਗ ਕੂੜਾ ਕੂੜ ਹੋਏ ਅੰਧਿਆਰਾ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਚਾਰੋਂ ਕੁੰਟ ਹਾਹਾਕਾਰਾ, ਜੀਵ ਜੰਤ ਸਰਬ ਕੁਰਲਾਇੰਦਾ। ਕਲਜੁਗ ਰੋ ਰੋ ਕਰੇ ਨਿਮਸਕਾਰਾ, ਆਪਣਾ ਸੀਸ ਆਪ ਝੁਕਾਇੰਦਾ। ਸਾਚਾ ਵਣਜ ਕਰਾਂ ਕੌਣ ਵਪਾਰਾ, ਕਵਣ ਵਸਤ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਇਕ ਇਕੱਲਾ, ਅਕਲ ਕਲਾ ਕਲ ਧਾਰੀਆ। ਕਲਜੁਗ ਮੇਲਾ ਰਾਣੀ ਅੱਲਾ, ਹਰਿ ਸਾਚਾ ਮੇਲ ਮਿਲਾਈਆ। ਨੌ ਖੰਡ ਪ੍ਰਿਥਮੀ ਵੇਖੇ ਜਗਤ ਮਹੱਲਾ, ਆਪ ਆਪਣੀ ਬੰਨ੍ਹੇ ਧਾਰੀਆ। ਦੂਈ ਦਵੈਤੀ ਫੜਿਆ ਭੱਲਾ, ਨਾਲ ਰਲਾਇਆ ਗੜ੍ਹ ਹੰਕਾਰੀਆ। ਹਉਮੇ ਹੰਗਤਾ ਹੋਇਆ ਸਲਾ, ਸਾਚਾ ਰੰਗ ਨਾ ਰੰਗੇ ਕੋਈ ਲਲਾਰੀਆ। ਰਾਮ ਨਾਮ ਨਾ ਫੜੇ ਕੋਈ ਪੱਲਾ, ਐਨਲਹੱਕ ਏਕਾ ਨਾਅਰਾ ਲਾਈਆ। ਖ਼ਲਕ ਖ਼ੁਦਾਈ ਖ਼ਾਲਕ ਵੇਖੇ ਆਪੇ ਬੋਲੇ ਆਪਣਾ ਹੱਲਾ, ਆਪ ਆਪਣੀ ਆਪੇ ਵਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵਰਤੇ ਵਿਚ ਸੰਸਾਰੀਆ। ਵਰਤੇ ਵਰਤਾਵੇ ਵਿਚ ਸੰਸਾਰ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਕਲਜੁਗ ਮੇਲਾ ਮੁਹੰਮਦੀ ਯਾਰ, ਚਾਰ ਕੁੰਟ ਪਈ ਦੁਹਾਈਆ। ਜੀਵ ਜੰਤ ਕਰਨ ਪੁਕਾਰ, ਸਾਧ ਸੰਤ ਰਹੇ ਕੁਰਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਆਪ ਕਮਾਈਆ। ਪੰਜ ਤੱਤ ਕਰ ਪਿਆਰ, ਨਿਰਗੁਣ ਜੋਤੀ ਜੋਤ ਜਗਾਈਆ। ਨਾਨਕ ਰੱਖ ਨਾਮ ਸੰਸਾਰ, ਆਪ ਆਪਣਾ ਵੇਸ ਵਟਾਈਆ। ਨਾਮ ਸਤਿ ਸਤਿ ਭੰਡਾਰ, ਚਾਰ ਵਰਨ ਵਰਤਾਈਆ। ਊਚਾਂ ਨੀਚਾਂ ਕਰ ਪਿਆਰ, ਏਕਾ ਥਾਨ ਵਖਾਈਆ। ਤੇਰਾਂ ਤੇਰਾਂ ਤੋਲੇ ਧਾਰ, ਮੋਦੀਖ਼ਾਨਾ ਇਕ ਚਲਾਈਆ। ਚਾਰ ਕੁੰਟ ਮਾਰ ਉਡਾਰ, ਆਪਣੀ ਫੇਰੀ ਆਪੇ ਪਾਈਆ। ਗੜ੍ਹ ਹੰਕਾਰੀ ਦਏ ਸੰਘਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਅੰਤਮ ਬੋਲ ਇਕ ਜੈਕਾਰ, ਸਾਚੀ ਸਿਖਿਆ ਗਿਆ ਸਮਝਾਈਆ। ਪੁਰਖ ਅਕਾਲ ਸਰਬ ਜੀਆਂ ਦਾ ਸਾਂਝਾ ਯਾਰ, ਦੂਸਰ ਇਸ਼ਟ ਨਾ ਕੋਈ ਵਖਾਈਆ। ਕਲਜੁਗ ਪ੍ਰਗਟ ਹੋਏ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਅਰਜਨ ਭੇਵ ਖੁਲ੍ਹਾਈਆ। ਬੋਧ ਅਗਾਧੀ ਬਣ ਲਿਖਾਰ, ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਏਕਾ ਧਾਮ ਬਹਾਈਆ। ਗੁਰੂ ਗ੍ਰੰਥ ਗੁਰ ਕਰ ਤਿਆਰ, ਲੱਖ ਚੁਰਾਸੀ ਗਿਆ ਸਮਝਾਈਆ। ਹਰਿ ਕਾ ਭੇਵ ਅਚਰਜ ਖੇਲ ਅਗੰਮ ਅਪਾਰ, ਬਿਨ ਗੁਰ ਪੂਰੇ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨਾ ਆਪ ਰਚਾਈਆ। ਆਪੇ ਰਚਨਾ ਰਚ ਰਚ, ਸਚ ਸਚ ਸਚ ਵਿਚ ਟਿਕਾਇੰਦਾ। ਆਪੇ ਕਾਇਆ ਮਾਟੀ ਭਾਂਡਾ ਕੱਚ, ਆਪੇ ਕੰਚਨ ਗੜ੍ਹ ਵਖਾਇੰਦਾ। ਆਪੇ ਨੌ ਦੁਵਾਰੇ ਰਿਹਾ ਨੱਚ, ਆਪੇ ਦਸਵਾਂ ਆਸਣ ਲਾਇੰਦਾ। ਆਪੇ ਤ੍ਰੈਗੁਣ ਮਾਇਆ ਰਿਹਾ ਮੱਚ, ਆਪੇ ਅੰਮ੍ਰਿਤ ਜਲ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਕਲ ਵਰਤੰਤਾ ਹਰਿ ਭਗਵੰਤਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਨਾਮ ਧਰਾਇੰਦਾ। ਤੋੜੇ ਗੜ ਹਉਂਮੇ ਹੰਗਤਾ, ਸਾਚੇ ਸੰਤਾਂ ਮੇਲ ਮਿਲਾਇੰਦਾ। ਗੁਰ ਗੋਬਿੰਦ ਬਣਾਈ ਸਾਚੀ ਬਣਤਾ, ਸਾਚਾ ਮਾਰਗ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਕੋਟਨ ਕੋਟ ਜੀਵ ਤਰਾਇੰਦਾ। ਗੁਰ ਗੋਬਿੰਦ ਗੁਰ ਦੀਨ ਦਿਆਲਾ, ਗੁਰ ਨੇਤਰ ਨੈਣ ਰੂਪ ਸ਼ੰਗਾਰਿਆ। ਗੁਰ ਸੂਰਾ ਗੁਰ ਕਰੇ ਪ੍ਰਿਤਪਾਲਾ, ਗੁਰ ਦੇਵੇ ਨਾਮ ਸਹਾਰਿਆ। ਗੁਰ ਹਾਜ਼ਰ ਹਜ਼ੂਰ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਗੇੜ ਨਿਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਮੇਲ ਮਿਲਾ ਲਿਆ। ਗੋਬਿੰਦ ਸੂਰਾ ਸਰਬੰਗ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਗੁਰਮੁਖ ਲਗਾਏ ਅੰਗੀ ਅੰਗ, ਅੰਗੀਕਾਰ ਆਪ ਕਰਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਅੰਮ੍ਰਿਤ ਜਲ ਪਿਆਇੰਦਾ। ਦੇਵੇ ਦਾਨ ਮੰਗੀ ਮੰਗ, ਸਾਚੀ ਸਿਖਿਆ ਝੋਲੀ ਪਾਇੰਦਾ। ਗੁਰਸਿਖ ਤੇਰੀ ਨੰਗੀ ਨਾ ਹੋਵੇ ਕੰਡ, ਜੋ ਨਾਨਕ ਗੋਬਿੰਦ ਰਸਨਾ ਗਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਤੇਜ ਪ੍ਰਚੰਡ ਹੱਥ ਫੜਾਇੰਦਾ। ਅੰਮ੍ਰਿਤ ਧਾਰਾ ਆਪਣੀ ਵੰਡ, ਚਾਰ ਵਰਨਾਂ ਰੰਗ ਰੰਗਾਇੰਦਾ। ਊਚਾਂ ਨੀਚਾਂ ਦਿਤੀ ਗੰਢ, ਨਾ ਕੋਈ ਮਾਤ ਖੁਲ੍ਹਾਇੰਦਾ। ਮਨਮੁਖ ਜੀਵ ਸੁਰਤ ਸਵਾਣੀ ਹੋਏ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਮੇਟਣਹਾਰਾ ਭੇਖ ਪਖੰਡ, ਆਪਣਾ ਡੰਡਾ ਹੱਥ ਉਠਾਇੰਦਾ। ਪਾਵੇ ਸਾਰ ਵਿਚ ਬ੍ਰਹਿਮੰਡ, ਲੋਆਂ ਪੁਰੀਆਂ ਫੇਰੀ ਪਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਹਤਜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਨਾਉਂ ਹਰਿ ਬਨਵਾਰੀ, ਆਪਣਾ ਆਪ ਧਰਾਈਆ। ਗੋਬਿੰਦ ਮੇਲਾ ਵਡ ਸੰਸਾਰੀ, ਸਾਚਾ ਖੇਲ ਖਲਾਈਆ। ਸੂਲਾਂ ਸੇਜ ਕਰ ਪਿਆਰੀ, ਸੱਥਰ ਰਿਹਾ ਹੰਢਾਈਆ। ਮੰਗੇ ਮੰਗ ਬਣ ਭਿਖਾਰੀ, ਆਪਣੀ ਝੋਲੀ ਅੱਗੇ ਡਾਹੀਆ। ਪਾਰਬ੍ਰਹਮ ਪ੍ਰਭ ਪਾਏ ਸਾਰੀ, ਘਰ ਸਾਚਾ ਵੇਖ ਵਖਾਈਆ। ਦੋਹਾਂ ਵਿਚੋਲਾ ਜੋਤ ਨਿਰੰਕਾਰੀ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਪੁਰਖ ਅਕਾਲ ਦੀਨ ਦਿਆਲ, ਗੋਬਿੰਦ ਮੇਲ ਮਿਲਾਇੰਦਾ। ਆਪੇ ਜਾਣੇ ਆਪਣਾ ਲਾਲ, ਆਪੇ ਗੋਦ ਉਠਾਇੰਦਾ। ਆਪੇ ਬਣੇ ਲੋਕਮਾਤ ਦਲਾਲ, ਆਪੇ ਵਣਜ ਕਰਾਇੰਦਾ। ਆਪੇ ਜਾਣੇ ਹੱਕ ਹਲਾਲ, ਹੱਕ ਹਕੀਕਤ ਵੇਖ ਵਖਾਇੰਦਾ। ਆਪੇ ਸ਼ਰਅ ਸ਼ਰੀਅਤ ਤੋੜ ਜੰਜਾਲ, ਸਾਚਾ ਮਾਰਗ ਏਕਾ ਲਾਇੰਦਾ। ਪੰਚਮ ਮੀਤਾ ਕਰੇ ਪ੍ਰਿਤਪਾਲ, ਪੰਚਮ ਮਾਇਆ ਮੋਹ ਚੁਕਾਇੰਦਾ । ਪੰਚਮ ਦੇਵੇ ਮਾਲ ਸੱਚਾ ਧਨ ਮਾਲ, ਲੁੱਟ ਕੋਈ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਮਾਣਾ, ਏਕਾ ਏਕ ਸ੍ਰੀ ਭਗਵਾਨਾ, ਏਕਾ ਖੇਲ ਖਲਾਇੰਦਾ। ਧੁਰ ਫ਼ਰਮਾਣਾ ਪੁਰਖ ਕਰਤਾਰ, ਆਪਣਾ ਆਪ ਜਣਾਈਆ। ਗੋਬਿੰਦ ਮੀਤਾ ਮੀਤ ਮੁਰਾਰ, ਆਪੇ ਰਿਹਾ ਸਮਝਾਈਆ। ਤੇਰਾ ਰੂਪ ਅਨੂਪ ਸੱਚੀ ਸਰਕਾਰ, ਕਲਜੁਗ ਅੰਤਮ ਵੇਖ ਵਖਾਈਆ। ਫਤਿਹ ਡੰਕਾ ਬੋਲ ਜੈਕਾਰ, ਵਾਹ ਵਾਹ ਗੁਰੂ ਵਡਿਆਈਆ। ਚਾਰ ਵਰਨ ਕਰੇ ਪਿਆਰ, ਵਰਨ ਬਰਨ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਏਕਾ ਧਾਰ, ਸੱਤਾਂ ਦੀਪਾਂ ਜੋੜ ਜੁੜਾਈਆ। ਏਕਾ ਸ਼ਬਦ ਹੋਏ ਜੈਕਾਰ, ਪੁਰਖ ਅਕਾਲ ਇਕ ਮਨਾਈਆ। ਏਕਾ ਮਿਲਿਆ ਪਾਰ ਕਿਨਾਰ, ਲੋਕਮਾਤ ਰਹਿਣ ਨਾ ਪਾਈਆ। ਸੰਗ ਮੁਹੰਮਦ ਚਾਰ ਯਾਰੀ ਹੋਏ ਖਵਾਰ, ਅੱਲ੍ਹਾ ਰਾਣੀ ਮੁਖ ਸ਼ਰਮਾਈਆ। ਚੌਦਾਂ ਤਬਕਾਂ ਮਾਰੇ ਮਾਰ, ਜ਼ਿਮੀਂ ਅਸਮਾਨਾਂ ਪਏ ਦੁਹਾਈਆ। ਤੇਰਾ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਦਏ ਚਮਕਾਈਆ। ਪਾਵੇ ਵੰਡਾਂ ਸਿਰਜਣਹਾਰ, ਕਲਜੁਗ ਅੰਤਮ ਵੰਡ ਵੰਡਾਈਆ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਸੰਬਲ ਨਗਰੀ ਧਾਮ ਨਿਆਰ, ਬੈਠੇ ਮੁਖ ਛੁਪਾਈਆ। ਦਿਸ ਨਾ ਆਏ ਵਿਚ ਸੰਸਾਰ, ਗੁਰਮੁਖ ਵਿਰਲੇ ਲਏ ਜਗਾਈਆ। ਏਕਾ ਜੋਤ ਨੂਰ ਉਜਿਆਰ, ਸਵਛ ਸਰੂਪੀ ਰੂਪ ਵਟਾਈਆ। ਮੇਟ ਮਿਟਾਏ ਅੰਧ ਅੰਧਿਆਰ, ਕੂੜੀ ਕਿਰਿਆ ਦਏ ਗਵਾਈਆ। ਸਚ ਸੁੱਚ ਕਰਾਏ ਤਨ ਸ਼ਿੰਗਾਰ, ਬਸਤਰ ਚੋਲਾ ਏਕਾ ਪਾਈਆ। ਗਾਏ ਢੋਲਾ ਆਪਣੀ ਵਾਰ, ਨਾਨਕ ਨਿਰਗੁਣ ਗਿਆ ਸਮਝਾਈਆ। ਬਣੇ ਤੋਲਾ ਹਰਿ ਨਿਰੰਕਾਰ, ਲੱਖ ਚੁਰਾਸੀ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਆਪਣੇ ਹੱਥ ਰੱਖੇ ਵਡਿਆਈਆ। ਨਿਹਕਲੰਕ ਪੁਰਖ ਸੁਲਤਾਨਾ, ਏਕਾ ਏਕ ਏਕ ਅਖਵਾਇੰਦਾ। ਕਲਜੁਗ ਪ੍ਰਗਟ ਹੋਵੇ ਵਾਲੀ ਦੋ ਜਹਾਨਾਂ, ਆਪ ਆਪਣਾ ਨਾਉਂ ਧਰਾਇੰਦਾ। ਸਚ ਝੁਲਾਏ ਨਾਮ ਨਿਸ਼ਾਨਾ, ਲੋਆਂ ਪੁਰੀਆਂ ਆਪ ਵਖਾਇੰਦਾ। ਲੱਖ ਚੁਰਾਸੀ ਬੰਨ੍ਹੇ ਗਾਨਾ, ਰਾਏ ਧਰਮ ਸਗਨ ਮਨਾਇੰਦਾ। ਗੁਰਮੁਖਾਂ ਕਰੇ ਆਪ ਪਛਾਣਾ, ਕਲਜੁਗ ਸੋਏ ਮਾਤ ਉਠਾਇੰਦਾ। ਅੰਤਰ ਆਤਮ ਦੇਵੇ ਬ੍ਰਹਮ ਗਿਆਨਾ, ਆਪ ਆਪਣੀ ਬੂਝ ਬੁਝਾਇੰਦਾ। ਰਾਗ ਸੁਣਾਏ ਸਚ ਤਰਾਨਾ, ਅਨਹਦ ਤਾਲ ਵਜਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਗਵਾਇੰਦਾ। ਇਕ ਸੁਹਾਏ ਸਚ ਮਕਾਨਾ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਵਡ ਬਲਵਾਨ, ਸਤਿਗੁਰ ਪੂਰਾ ਹਰਿ ਅਖਵਾਇੰਦਾ। ਕਲਜੁਗ ਅੰਤਮ ਹੋ ਪ੍ਰਧਾਨ, ਆਪਣਾ ਡੰਕ ਵਜਾਇੰਦਾ। ਬਿਰਧ ਬਾਲ ਨਾ ਕੋਈ ਜਵਾਨ, ਏਕਾ ਰੰਗ ਸਮਾਇੰਦਾ। ਸ੍ਰਿਸ਼ਟ ਸਬਾਈ ਪਾਈ ਆਣ, ਆਪ ਆਪਣਾ ਹੁਕਮ ਚਲਾਇੰਦਾ। ਜੂਠ ਝੂਠ ਮੇਟੇ ਨਿਸ਼ਾਨ, ਸਚ ਸੁੱਚ ਵਰਤਾਇੰਦਾ। ਆਪੇ ਗੋਪੀ ਆਪੇ ਕਾਹਨ, ਆਪੇ ਮੰਡਲ ਰਾਸ ਰਖਾਇੰਦਾ। ਆਪੇ ਸੀਤਾ ਆਪੇ ਰਾਮ, ਆਪੇ ਦਰ ਸੁਹਾਇੰਦਾ। ਆਪੇ ਨਾਨਕ ਗੋਬਿੰਦ ਕਰ ਪ੍ਰਨਾਮ, ਆਪੇ ਸੀਸ ਝੁਕਾਇੰਦਾ। ਆਪੇ ਈਸਾ ਮੂਸਾ ਸੰਗ ਮੁਹੰਮਦ ਦਏ ਪੈਗ਼ਾਮ, ਅਜ਼ਰਾਈਲ ਮੇਕਾਈਲ ਜ਼ਬਰਾਈਲ ਅਸਰਾਫੀਲ ਸੇਵਾ ਲਾਇੰਦਾ। ਆਪੇ ਕਰੇ ਆਪਣਾ ਕਾਮ, ਕਰਨੀ ਕਰਤਾ ਨਾਉਂ ਧਰਾਇੰਦਾ। ਕਲਜੁਗ ਮੇਟੇ ਅੰਧੇਰੀ ਸ਼ਾਮ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਪਿਆਏ ਏਕਾ ਜਾਮ, ਸਾਚਾ ਸਾਕੀ ਨਾਮ ਪਿਆਲਾ ਇਕ ਉਠਾਇੰਦਾ। ਲੱਖ ਚੁਰਾਸੀ ਕਰੇ ਤਾਮ, ਏਕਾ ਸ਼ਬਦ ਬਾਜ ਉਡਾਇੰਦਾ। ਨਾ ਕੋਈ ਨਗਰ ਨਾ ਕੋਈ ਗਰਾਮ, ਨਾ ਕੋਈ ਖੇੜਾ ਘਰ ਵਸਾਇੰਦਾ। ਕਿਸੇ ਪੱਲੇ ਨਾ ਦਿਸੇ ਕੋਈ ਦਾਮ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਸ੍ਰੀ ਭਗਵਾਨਾ, ਏਕਾ ਏਕ ਅਖਵਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨ, ਲੋਕਮਾਤ ਵੱਜੀ ਵਧਾਈਆ। ਏਕਾ ਏਕ ਇਕ ਪ੍ਰਧਾਨ, ਦੂਜੀ ਕੁਦਰਤ ਵੇਖ ਵਖਾਈਆ। ਤੀਜੇ ਨੇਤਰ ਖੇਲ ਮਹਾਨ, ਚੌਥੇ ਪਦ ਸਮਾਈਆ। ਪੰਚਮ ਮੀਤਾ ਸ਼ਾਹ ਸੁਲਤਾਨ, ਛੇਵਾਂ ਛੱਪਰ ਛੰਨ ਨਾ ਕੋਈ ਛੁਹਾਈਆ। ਸਤਿ ਪੁਰਖ ਨੌਜਵਾਨ, ਨਾ ਮਰੇ ਨਾ ਜਾਈਆ। ਅੱਠਾਂ ਤੱਤਾਂ ਬਾਹਰ ਮਕਾਨ, ਨੌ ਦਰ ਨਾ ਡੇਰਾ ਲਾਈਆ। ਦਸਵਾਂ ਮੇਲ ਬ੍ਰਹਮ ਪਛਾਣ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਦਸ ਗੁਣ ਨਿਧਾਨ, ਸੁਨ ਸਮਾਧ ਸਮਾਈਆ। ਦੋ ਦਸ ਵੇਖ ਨਿਸ਼ਾਨ, ਰਵ ਸਸ ਮੁਖ ਸ਼ਰਮਾਨ, ਤ੍ਰੈ ਦਸ ਖੇਲ ਮਹਾਨ, ਆਪਣੀ ਧਾਰ ਆਪ ਚਲਾਈਆ। ਚਾਰ ਦਸ ਵਡ ਬਲਵਾਨ, ਆਪਣਾ ਡੰਕਾ ਆਪ ਵਜਾਈਆ। ਪੰਜ ਦਸ ਮੇਟ ਨਿਸ਼ਾਨ, ਘਰ ਸਾਚੇ ਸੋਭਾ ਪਾਈਆ। ਦਸ ਛੇ ਸੋਲਾਂ ਵਿਚ ਜਹਾਨ, ਵੀਹ ਸੌ ਬਿਕ੍ਰਮੀ ਨਾਲ ਰਲਾਈਆ। ਖੇਲੇ ਖੇਲ ਸ੍ਰੀ ਭਗਵਾਨ, ਨਾਮ ਡੰਕਾ ਇਕ ਵਜਾਈਆ। ਕਲਜੁਗ ਉਠ ਜੀਵ ਨਿਧਾਨ, ਵੇਲਾ ਅੰਤਮ ਆਈਆ। ਭਰਮੇ ਭੁੱਲਾ ਸਰਬ ਜਹਾਨ, ਭਰਮ ਗੜ੍ਹ ਨਾ ਕੋਈ ਤੁੜਾਈਆ। ਮਿਲਿਆ ਮੇਲ ਪੰਜ ਸ਼ੈਤਾਨ, ਪੰਚਮ ਧੁਨ ਸ਼ਬਦ ਨਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਦੇਵੇ ਵਰ, ਆਪ ਆਪਣੀ ਦਇਆ ਕਮਾਈਆ। ਵੀਹ ਸਦ ਸੋਲਾਂ ਸੰਮਤ ਚੜ੍ਹਿਆ, ਹਰਿ ਸਾਚਾ ਵੇਖ ਵਖਾਇੰਦਾ। ਮਨ ਮਤ ਬੁੱਧ ਆਪੇ ਲੜਿਆ, ਆਪੇ ਫੜ ਫੜਾਇੰਦਾ। ਮਨਮੁਖਾਂ ਦੇ ਅੰਦਰ ਵੜਿਆ, ਕਲਜੁਗ ਛੇੜ ਛਿੜਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜ੍ਹੀ ਗੋਰ ਨਾ ਕੋਈ ਦਬਾਇੰਦਾ। ਹੱਥੋ ਹੱਥੀ ਕਿਸੇ ਨਾ ਫੜਿਆ, ਹੱਥ ਕਿਸੇ ਨਾ ਆਇੰਦਾ। ਜਗਤ ਵਿਦਿਆ ਆਪੇ ਪੜ੍ਹਿਆ, ਕਲਜੁਗ ਜੀਆਂ ਆਪ ਪੜ੍ਹਾਇੰਦਾ। ਆਪੇ ਵੇਖੇ ਹੰਕਾਰੀ ਗੜਿਆ, ਆਪੇ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ। ਗੁਰ ਗੋਬਿੰਦ ਤੇਰਾ ਸਾਚਾ ਡੰਕ, ਹਰਿ ਸੱਜਣ ਆਪ ਵਜਾਈਆ। ਆਪ ਉਠਾਏ ਰਾਓ ਰੰਕ, ਸੋਇਆ ਕੋਈ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾ ਕੱਢੇ ਸ਼ੰਕ, ਸਤਿ ਸਾਗਰ ਨਾ ਕੋਈ ਰੁੜਾਈਆ। ਗੁਰਮੁਖਾਂ ਸੁਹਾਏ ਸਾਚਾ ਬੰਕ, ਆਪ ਆਪਣਾ ਦਰਸ ਦਿਖਾਈਆ। ਹਰਿਜਨ ਉਧਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਈਆ। ਖੇਲੇ ਖੇਲ ਬਾਰ ਅਨਕ, ਜੁਗ ਜੁਗ ਵੱਡੀ ਵਡਿਆਈਆ। ਆਪੇ ਸਨਕ ਸਨੰਦਨ ਸਨਾਤਨ ਕੁਮਾਰ ਸੰਤ, ਆਪੇ ਬਰਾਹ ਰੂਪ ਵਟਾਈਆ। ਆਪੇ ਯਗਯ ਪੁਰਸ਼ ਲਾਏ ਤਨਕ, ਹਾਵ ਗਰੀਵ ਰੂਪ ਵਟਾਈਆ। ਨਰਾਇਣ ਨਰ ਖੇਲੇ ਖੇਲ ਬਾਰ ਅਨਕ, ਦਤਾ ਤ੍ਰੈ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਸਮਰਥ, ਜੁਗ ਜੁਗ ਵੇਸ ਵਟਾਇਆ। ਸਤਿਜੁਗ ਤ੍ਰੇਤਾ ਚਲਾਇਆ ਰਥ, ਦੁਆਪਰ ਨਾਉਂ ਧਰਾਇੰਦਾ। ਕਲਜੁਗ ਮਹਿਮਾ ਅਕੱਥਨਾ ਅਕੱਥ, ਵੇਦ ਪੁਰਾਨ ਕੋਈ ਨਾ ਗਾਇੰਦਾ। ਵੇਦ ਵਿਆਸਾ ਗਿਆ ਦੱਸ, ਕਲਜੁਗ ਵੇਲਾ ਅੰਤਮ ਆਇੰਦਾ। ਅਬਿਨਾਸ਼ੀ ਕਰਤਾ ਆਪੇ ਨੱਸ, ਆਪਣਾ ਵੇਸ ਵਟਾਇੰਦਾ। ਨਾਨਕ ਗੋਬਿੰਦ ਲੇਖਾ ਲਿਖ, ਲਿਖ ਲਿਖ ਆਪ ਸਮਝਾਇੰਦਾ। ਭਰਮੇ ਭੁੱਲੇ ਨਾ ਕੋਈ ਸਿਖ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਨਾ ਕੋਈ ਜਾਣੇ ਵਾਕ ਭਵਿਖ, ਸਾਧ ਸੰਤ ਸਰਬ ਕੁਰਲਾਇੰਦਾ। ਕਲਜੁਗ ਅੰਤਮ ਹਰਿ ਕਾ ਰੂਪ ਨੇਤਰ ਸਕੇ ਨਾ ਕੋਈ ਪੇਖ, ਨੇਤਰ ਗਿਆਨ ਨਾ ਕੋਈ ਖੁਲ੍ਹਾਇੰਦਾ। ਚਾਰੋਂ ਕੁੰਟ ਧਰਿਆ ਭੇਖ, ਰੇਖ ਮੇਖ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਦੇਵੇ ਵਰ, ਸੋਲਾਂ ਸੋਲਾਂ ਪੂਰ ਕਰਾਇੰਦਾ। ਸੰਮਤ ਸੋਲਾਂ ਚੜ੍ਹਿਆ ਚਾ, ਹਰਿ ਸਾਚੇ ਜੋਤ ਜਗਾਈਆ। ਸਾਧਾਂ ਸੰਤਾਂ ਬਣੇ ਮਲਾਹ, ਭਿੰਨੜੀ ਰੈਣ ਨਾਲ ਰਲਾਈਆ। ਭਿੰਨੜੀ ਰੈਣ ਨੇਤਰ ਰਹੀ ਉਠਾ, ਗੁਰਮੁਖਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਈਆ। ਕਲਜੁਗ ਕਲ ਕਲ ਵਰਤਾਏ, ਅਕਲ ਕਲਾ ਕਲ ਧਾਰੀਆ। ਸੰਮਤ ਸੋਲਾਂ ਲੇਖ ਲਿਖਾਏ, ਵਡ ਦਾਤਾ ਖੇਲ ਅਪਾਰੀਆ। ਸੰਮਤ ਸਤਾਰਾਂ ਨੌ ਖੰਡ ਪ੍ਰਿਥਮੀ ਆਪ ਉਠਾਏ, ਨਾ ਕੋਈ ਸੁਹਾਏ ਬੰਕ ਦੁਵਾਰੀਆ। ਰਾਜ ਰਾਜਾਨਾਂ ਦਰ ਦਰ ਫਿਰਾਏ, ਨਾਤਾ ਤੁੱਟੇ ਸਰਬ ਪਿਤਾ ਪੂਤ ਮਾਤ ਪਿਤ, ਭਾਈ ਭੈਣ ਨਾ ਕਰੇ ਕੋਈ ਪਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਆਪਣੀ ਵਾਰੀਆ। ਸੰਮਤ ਸਤਾਰਾਂ ਸਾਚੀ ਧਾਰ, ਹਰਿ ਆਪਣੀ ਆਪ ਵਹਾਇੰਦਾ। ਨਰ ਨਾਰੀ ਹੋਏ ਖ਼ਵਾਰ, ਨਰ ਨਰਾਇਣ ਦਿਸ ਨਾ ਆਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੈਣ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਠ ਅਠਾਰਾਂ ਦੇਵੇ ਵਰ, ਜਲ ਧਾਰਾ ਆਪ ਰੁੜ੍ਹਾਇੰਦਾ। ਦਸ ਅੱਠ ਅਠਾਰਾਂ ਖੇਲ ਅਪਾਰਾ, ਹਰਿ ਸਾਚਾ ਰਚਨ ਰਚਾਇੰਦਾ। ਨੌ ਖੰਡ ਪ੍ਰਿਥਮੀ ਆਪ ਵਹਾਏ ਜਲ ਜਲ ਧਾਰਾ, ਮੇਘ ਮੇਘਣੀ ਆਪ ਬਰਸਾਇੰਦਾ। ਇੰਦਰ ਰੋਵੇ ਜ਼ਾਰੋ ਜ਼ਾਰਾ, fਖ਼ਜ਼ਰ ਖ਼ਵਾਜਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਖੇਲ ਖਲਾਇੰਦਾ। ਖੇਲ ਖਲੰਦੜਾ ਹਰਿ ਭਗਵੰਤ, ਭਗਤਨ ਭੇਵ ਕੋਈ ਨਾ ਆਇਆ। ਗੁਰਮੁਖ ਵੇਖੇ ਸਾਚੇ ਸੰਤ, ਹਰਿ ਸਤਿਗੁਰ ਸੱਜਣ ਮੇਲ ਮਿਲਾਇਆ। ਏਕਾ ਜੇਹਵਾ ਏਕਾ ਮਣੀਆ ਏਕਾ ਨਾਮ ਮੰਤ, ਏਕਾ ਰਸਨ ਹਰਿ ਗੁਣ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹਿਆ। ਦਸ ਨੌ ਉਨੀ ਉਨੀਸਾ, ਹਰਿ ਅਚਰਜ ਖੇਲ ਖਲਾਇੰਦਾ। ਸ਼ਾਹ ਸੁਲਤਾਨਾ ਖਾਲੀ ਖੀਸਾ, ਦਰ ਦਰਬਾਰ ਨਾ ਕੋਈ ਰਖਾਇੰਦਾ। ਲੇਖਾ ਚੁੱਕੇ ਮੂਸਾ ਈਸਾ, ਅੰਜੀਲ ਕੁਰਾਨਾ ਮੇਲ ਮਿਲਾਇੰਦਾ। ਨਾ ਕੋਈ ਪੜ੍ਹੇ ਜਗਤ ਹਦੀਸਾ, ਨਿਉਂ ਨਿਉਂ ਸੀਸ ਨਾ ਕੋਈ ਝੁਕਾਇੰਦਾ। ਸੰਗ ਮੁਹੰਮਦ ਪੀਸਨ ਪੀਸਾ, ਚਾਰ ਯਾਰੀ ਵੇਖ ਵਖਾਇੰਦਾ। ਨਾ ਕੋਈ ਪੜ੍ਹੇ ਤੀਸ ਬਤੀਸਾ, ਬੱਤੀ ਦੰਦ ਨਾ ਕੋਈ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਬੀਸ ਸਦ ਬੀਸ, ਹਰਿ ਸਾਚੇ ਖੇਲ ਖਲਾਵਣਾ। ਨੌ ਖੰਡ ਪ੍ਰਿਥਮੀ ਇਕ ਹਦੀਸ, ਸੱਤਾਂ ਦੀਪਾਂ ਆਪ ਸਮਝਾਵਣਾ। ਏਕਾ ਛਤਰ ਸੋਹੇ ਹਰਿ ਸਾਚੇ ਸੀਸ, ਰਾਜਾ ਰਾਣਾ ਦਿਸ ਨਾ ਆਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਦਰਾਂ ਕੱਤਕ ਦਿਵਸ ਸੁਹਾਵਣਾ। ਬੀਸ ਬੀਸਾ ਹੋ ਉਜਿਆਰ, ਹਰਿ ਸਾਚਾ ਡੰਕ ਵਜਾਈਆ। ਨੌ ਖੰਡ ਪ੍ਰਿਥਮੀ ਬੰਨ੍ਹੇ ਧਾਰ, ਸੱਤਾਂ ਦੀਪਾਂ ਆਪ ਸੁਹਾਈਆ। ਸਤ ਰੰਗ ਨਿਸ਼ਾਨਾ ਦੇਵੇ ਚਾੜ੍ਹ, ਉਪਰ ਲੇਖਾ ਲੇਖ ਲਿਖਾਈਆ। ਲੱਖਣ ਪੁਸ਼ਕਰ ਪਾਵੇ ਸਾਰ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸਤ ਰੰਗ ਨਿਸ਼ਾਨਾ ਆਪ ਚੜੌ੍ਹਣਾ, ਹਰਿ ਸਾਚਾ ਸ਼ਬਦ ਜਣਾਇੰਦਾ। ਰਾਓ ਰੰਕ ਰਾਜ ਰਾਜਾਨ ਊਚ ਨੀਚ ਗ਼ਰੀਬ ਨਿਮਾਣਾ ਏਕਾ ਧਾਮ ਬਹੌਣਾ, ਦੂਜਾ ਦਰ ਨਾ ਕੋਈ ਵਖਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਦੀਨ ਮਜ਼੍ਹਬ ਨਾ ਕੋਈ ਰਖੌਣਾ, ਏਕਾ ਕਲਮਾ ਨਾਮ ਪੜ੍ਹਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਟ ਮਿਟੌਣਾ, ਏਕਾ ਬ੍ਰਹਮ ਜਣਾਇੰਦਾ। ਚਾਰ ਵਰਨ ਏਕਾ ਰੰਗ ਰੰਗੌਣਾ, ਨਾਮ ਲਿਲਾਰੀ ਆਪ ਅਖਵਾਇੰਦਾ। ਸੀਸ ਤਾਜ ਇਕ ਟਿਕੌਣਾ, ਜਗਦੀਸ਼ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਨਾਤਾ ਦੇਵੇ ਤੋੜ, ਹਰਿ ਸਾਚੇ ਵਡ ਵਡਿਆਈਆ। ਸਤਿਜੁਗ ਸਾਚੇ ਚਾੜ੍ਹੇ ਪੌੜ, ਲੋਕਮਾਤ ਧਰਾਈਆ। ਧਰਤ ਮਾਤਾ ਜਾਏ ਬੌਹੜ, ਆਪ ਆਪਣੇ ਗਲੇ ਲਗਾਈਆ। ਫਲ ਨਾ ਦਿਸੇ ਕੋਈ ਕੌੜ, ਮਿੱਠਾ ਰਸ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਹਰਿ ਬ੍ਰਹਿਮਾਦੀ, ਆਦਿਨ ਅੰਤਾ ਹਰਿ ਭਗਵੰਤਾ, ਜੁਗਾ ਜੁਗੰਤਾ ਖੇਲ ਖਲੰਤਾ, ਸਾਧਾਂ ਸੰਤਾਂ ਮੇਲ ਮਿਲਾਈਆ। ਬੀਸ ਬੀਸਾ ਹਰਿ ਨਿਰੰਕਾਰ, ਏਕਾ ਡੰਕ ਵਜਾਇੰਦਾ। ਆਪ ਬਣਾਏ ਸੱਚੀ ਸਰਕਾਰ, ਸਾਚਾ ਮਾਰਗ ਏਕਾ ਲਾਇੰਦਾ। ਏਕਾ ਨਾਮ ਸ਼ਬਦ ਜੈਕਾਰ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਮੰਦਰ ਮਸਜਿਦ ਗੁਰੂਦੁਵਾਰ, ਸ਼ਿਵਦੁਵਾਲਾ ਮੱਠ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਇੰਦਾ। ਕਲਜੁਗ ਅੰਤਮ ਲਹਿਣਾ ਜਾਏ ਚੁੱਕ, ਹਰਿ ਸਾਚੇ ਆਪ ਚੁਕਾਵਣਾ। ਚੌਥਾ ਗੇੜਾ ਜਾਏ ਮੁੱਕ, ਸਾਚੀ ਗੋਦੀ ਫੇਰ ਸਵਾਵਨਾ। ਤਿੰਨ ਜੁਗ ਨਾ ਪਏ ਉਠ, ਫੜ ਬਾਹੋਂ ਨਾ ਕਿਸੇ ਮਨਾਵਣਾ। ਅਬਿਨਾਸ਼ੀ ਕਰਤਾ ਗਿਆ ਤੁਠ, ਸਤਿਜੁਗ ਸਾਚੇ ਮੇਲ ਮਿਲਾਵਣਾ। ਅੰਮ੍ਰਿਤ ਦੇਵੇ ਏਕਾ ਘੁੱਟ, ਏਕਾ ਜਾਮ ਪਿਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਵਣਾ। ਕਲਜੁਗ ਜਾਏ ਮੁਕ ਪੰਧ, ਹਰਿ ਸਾਚਾ ਆਪ ਮੁਕਾਈਆ। ਸਤਿਜੁਗ ਸਾਚਾ ਚੜ੍ਹੇ ਚੰਦ, ਲੋਕਮਾਤ ਵੱਜੇ ਵਧਾਈਆ। ਕੋਈ ਨਾ ਲਾਏ ਰਸਨਾ ਮੁਖ ਮਦਿਰਾ ਮਾਸ ਗੰਦ, ਬੀੜੀ ਸਿਰਗਟ ਪਾਨ ਨਾ ਕੋਈ ਮੁਖ ਛੁਹਾਈਆ। ਕੋਈ ਨਾ ਕਰੇ ਕਿਸੇ ਨਿੰਦ, ਮੁਖ ਨਾ ਥੁੱਕ ਭਰਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਆਪੇ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਈ ਜਲਾਈਆ। ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਮੇਲਾ ਸਾਚੇ ਘਰ, ਘਰ ਮੇਲੇ ਸਹਿਜ ਸੁਭਾਈਆ।
