੪ ਭਾਦਰੋਂ ੨੦੧੬ ਬਿਕ੍ਰਮੀ ਤਾਰਾ ਸਿੰਘ ਦੇ ਘਰ ਪਿੰਡ ਮਾਨਾ ਵਾਲਾ ਜ਼ਿਲਾ ਅੰਮ੍ਰਿਤਸਰ
ਦੀਨ ਦਿਆਲ ਸਰਬ ਗੁਣਵੰਤਾ, ਘਟ ਘਟ ਰਿਹਾ ਸਮਾਈਆ। ਹਰਿਜਨ ਬਣਾਏ ਸਾਚੀ ਬਣਤਾ, ਜੁਗ ਜੁਗ ਵੱਡੀ ਵਡਿਆਈਆ। ਦੇਵੇ ਨਾਮ ਮਣੀਆ ਮੰਤਾ, ਰਸਨਾ ਜਿਹਵਾ ਆਪ ਧਿਆਈਆ। ਤੋੜੇ ਗੜ੍ਹ ਹਉਮੇ ਹੰਗਤਾ, ਭਰਮੀ ਭਰਮ ਮਿਟਾਈਆ। ਲੇਖੇ ਲਾਏ ਭੁੱਖੇ ਨੰਗਤਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖੇ ਲਏ ਲਗਾਈਆ। ਲੇਖਾ ਲਿਖਣਹਾਰ ਕਰਤਾਰਾ, ਆਦਿ ਜੁਗਾਦਿ ਸਮਾਇੰਦਾ। ਗੁਰਮੁਖਾਂ ਦੇਵੇ ਨਾਮ ਭੰਡਾਰਾ, ਗੁਰ ਸਤਿਗੁਰ ਰੂਪ ਵਟਾਇੰਦਾ। ਦਰ ਦਿਖਾਏ ਅਗੰਮ ਅਪਾਰਾ, ਆਪ ਆਪਣਾ ਪਰਦਾ ਲਾਹਿੰਦਾ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਕਾਲ ਫਾਸ ਕਲ ਕੱਟਣਹਾਰਾ, ਗੇੜਾ ਆਪਣੇ ਹੱਥ ਰਖਾਇੰਦਾ। ਦਾਸਨ ਦਾਸੀ ਹੋ ਉਜਿਆਰਾ, ਸੇਵਕ ਸੇਵਾ ਆਪ ਕਮਾਇੰਦਾ। ਖ਼ਾਲਕ ਖ਼ਲਕ ਮੀਤ ਮੁਰਾਰਾ, ਗਹਿਰ ਗੰਭੀਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਸਾਚਾ ਮੇਲ ਮਿਲਾਇਆ, ਮੇਲਣਹਾਰ ਗੁਰ ਕਰਤਾਰ। ਜਗਤ ਵਿਛੋੜਾ ਫੰਦ ਕਟਾਇਆ, ਨਾਤਾ ਤੋੜ ਜਗਤ ਸੰਸਾਰ। ਆਤਮ ਅੰਤਰ ਗਿਆਨ ਦ੍ਰਿੜਾਇਆ, ਹਉਮੇ ਹੰਗਤਾ ਰੋਗ ਨਿਵਾਰ। ਸਾਚਾ ਰਾਗ ਇਕ ਸੁਣਾਇਆ, ਧੁਨ ਅਨਾਦਿ ਸੱਚੀ ਧੁਨਕਾਰ। ਪੰਚਮ ਸਖੀਆਂ ਬਹਿ ਬਹਿ ਗਾਇਆ, ਵਰ ਪਾਇਆ ਪੁਰਖ ਕਰਤਾਰ। ਘਰ ਮੰਦਰ ਸਾਚੇ ਡੇਰਾ ਲਾਇਆ, ਦੀਵਾ ਬਾਤੀ ਨਿਰਗੁਣ ਜੋਤ ਕਰ ਉਜਿਆਰ। ਕਮਲਾਪਾਤੀ ਵੇਸ ਵਟਾਇਆ, ਦਿਸ ਨਾ ਆਏ ਜੀਵ ਗਵਾਰ। ਸੰਤ ਸਾਜਣ ਵੇਖ ਵਖਾਇਆ, ਆਪ ਆਪਣੀ ਕਿਰਪਾ ਧਾਰ। ਪੂਰਬ ਲਹਿਣਾ ਝੋਲੀ ਪਾਇਆ, ਨੇਤਰ ਨੈਣਾਂ ਦਰਸ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਜਾਏ ਤਾਰ। ਤਾਰਨਹਾਰ ਇਕ ਕਰਤਾਰਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਖੇਲੇ ਖੇਲ ਅਪਾਰਾ, ਲੋਕਮਾਤ ਵੇਸ ਵਟਾਇਆ। ਗੁਰਮੰਤਰ ਨਾਮ ਸ਼ਬਦ ਜੈਕਾਰਾ, ਏਕਾ ਨਾਅਰਾ ਲਾਇਆ। ਜਨ ਭਗਤਾਂ ਦੇਵੇ ਸਤਿ ਹੁਲਾਰਾ, ਸਤਿ ਸਤਿਵਾਦੀ ਆਪ ਦਵਾਇਆ। ਏਕਾ ਦਸੇ ਸਚ ਪਿਆਰਾ, ਘਰ ਸਾਚੇ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਵੇਖ ਵਖਾਇਆ। ਘਰ ਮੰਦਰ ਹਰਿ ਮੇਲਿਆ, ਗੁਰਮੁਖ ਸੱਜਣ ਮੀਤ। ਏਕਾ ਰੰਗ ਗੁਰੂ ਗੁਰ ਚੇਲਿਆ, ਗੁਰ ਨਾਮ ਅੰਮ੍ਰਿਤ ਬਾਣੀ ਠੰਡਾ ਸੀਤ। ਆਪੇ ਹੋਏ ਸੱਜਣ ਸੁਹੇਲਿਆ, ਧੁਰਦਰਗਾਹੀ ਸੱਚਾ ਮੀਤ। ਆਪੇ ਵਸੇ ਰੰਗ ਨਵੇਲਿਆ, ਆਪੇ ਹੋਇਆ ਹਸਤ ਕੀਟ। ਅਚਰਜ ਖੇਲ ਪਾਰਬ੍ਰਹਮ ਕਲ ਖੇਲਿਆ, ਕਿਸੇ ਹੱਥ ਨਾ ਆਏ ਦੇਹੁਰੇ ਮੰਦਰ ਮਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਆਦਿ ਜੁਗਾਦੀ ਪਰਖਣਹਾਰਾ ਨੀਤ। ਗੁਰਮੁਖ ਸੱਚਾ ਸੱਜਣ, ਹਰਿਜਨ ਵੇਖ ਵਖਾਇੰਦਾ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਗਵਾਇੰਦਾ। ਭਾਂਡੇ ਗੜ ਹੰਕਾਰੀ ਭੱਜਣ, ਹਉਮੇ ਹੰਗਤਾ ਰੋਗ ਮਿਟਾਇੰਦਾ। ਨੇਤਰ ਨੈਣ ਪਾਏ ਕੱਜਲ, ਨਾਮ ਨਾਮਾ ਇਕ ਰਖਾਇੰਦਾ। ਸਖਾ ਸਖਾਈ ਸਾਚਾ ਸੱਜਣ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਦੋ ਜਹਾਨੀ ਪਰਦੇ ਕੱਜਣ, ਸ਼ਬਦ ਦੋਸ਼ਾਲਾ ਉਪਰ ਪਾਇੰਦਾ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿਜਨ ਸਾਚੇ ਮੇਲ ਮਿਲਾਇੰਦਾ। ਜੁਗ ਜੁਗ ਮੇਲ ਮੇਲਣਹਾਰਾ, ਆਦਿ ਜੁਗਾਦਿ ਸਮਾਇਆ। ਗੁਰਮੁਖ ਸੋਹੇ ਸਚ ਦੁਵਾਰਾ, ਘਰ ਸਾਚਾ ਇਕ ਵਖਾਇਆ। ਏਕਾ ਰੂਪ ਸਤਿ ਸਰੂਪ ਮਹਿਮਾ ਅਨੂਪ ਲੇਖਾ ਲਿਖੇ ਨਾ ਕੋਈ ਸੰਸਾਰਾ, ਲੇਖਾ ਲਿਖਤ ਵਿਚ ਨਾ ਆਇਆ। ਜਨ ਭਗਤਾਂ ਦੇਵੇ ਭਗਤੀ ਭੰਡਾਰਾ, ਨਾਮ ਨਾਮਾ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਘਰ, ਘਰ ਮੇਲਾ ਸਹਿਜ ਸੁਭਾਇਆ। ਮੇਲਾ ਹਰਿ ਸ਼ਾਹ ਸੁਲਤਾਨ, ਪਾਇਆ ਪੁਰਖ ਅਗੰਮ। ਧਰਮ ਵਖਾਏ ਇਕ ਨਿਸ਼ਾਨ, ਨਿਹਕਰਮੀ ਕਰੇ ਕਰਮ। ਸਤਿ ਸਰੂਪੀ ਇਕ ਬਬਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਨਾ ਮਰੇ ਨਾ ਪਏ ਜੰਮ। ਸ਼ਬਦ ਬਿਬਾਣਾ ਹਰਿ ਭਗਵੰਤ, ਏਕਾ ਏਕ ਰਖਾਇੰਦਾ। ਗੁਰਮੁਖ ਚੜ੍ਹਾਏ ਸਾਚੇ ਸੰਤ, ਸਾਚੀ ਸੇਵਾ ਆਪ ਕਮਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਦਰ ਸਾਚਾ ਇਕ ਸੁਹਾਇੰਦਾ। ਦਰ ਸੱਚਾ ਦਰਬਾਰ, ਹਰਿ ਸੁਹਾਇੰਦਾ। ਸਚਖੰਡ ਦਵਾਰੇ ਖੋਲ੍ਹ ਕਿਵਾੜ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਗੁਰਮੁਖ ਸਾਜਣ ਸਾਚੇ ਲਾੜ, ਸਾਚੇ ਘੋੜੇ ਆਪ ਚੜ੍ਹਾਇੰਦਾ। ਸ਼ਬਦ ਸਰੂਪੀ ਪਕੜੇ ਵਾਗ, ਲੋਆਂ ਪੁਰੀਆਂ ਪਾਰ ਕਰਾਇੰਦਾ। ਜੂਠੀ ਝੂਠੀ ਕਿਰਿਆ ਧੋਵੇ ਦਾਗ਼, ਸਚ ਸੁੱਚ ਇਕ ਵਖਾਇੰਦਾ। ਸਰਨ ਸਰਨਾਈ ਜੋ ਜਨ ਜਾਏ ਸਤਿਗੁਰ ਪੂਰੇ ਲਾਗ, ਰਾਏ ਧਰਮ ਫੰਦ ਕਟਾਇੰਦਾ। ਤ੍ਰੈਗੁਣ ਮਾਇਆ ਬੁਝੇ ਆਗ, ਪੰਜ ਤੱਤ ਨਾਤਾ ਤੋੜ ਤੁੜਾਇੰਦਾ। ਮੇਲ ਮਿਲਾਏ ਕੰਤ ਸੁਹਾਗ, ਸੁਰਤ ਸਵਾਣੀ ਸ਼ਬਦ ਹਾਣੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਮੀਤ ਅਤੀਤ, ਆਪਣੇ ਆਪ ਜਗਾਇੰਦਾ। ਗੁਰਮੁਖ ਸੋਇਆ ਜਾਏ ਉਠ, ਗੁਰ ਸਤਿਗੁਰ ਆਪ ਜਗਾਈਆ। ਸਤਿਗੁਰ ਪੂਰਾ ਜਾਏ ਤੁਠ, ਦੇਵੇ ਦਰਸ ਬੇਪਰਵਾਹੀਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁਠ, ਨੌ ਖੰਡ ਪ੍ਰਿਥਮੀ ਫੇਰਾ ਪਾਈਆ। ਨਾਮ ਲਗਾਏ ਸਾਚੀ ਚੋਟ, ਸ਼ਬਦ ਨਗਾਰਾ ਇਕ ਵਜਾਈਆ। ਦੂਈ ਦਵੈਤੀ ਕੱਢੇ ਖੋਟ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਦਰ ਘਰ ਸਾਚੇ ਸੋਭਾ ਪਾਈਆ । ਸੋਭਾਵੰਤ ਪਾਇਆ ਭਗਵਾਨ, ਭਗਤੀ ਭਗਤ ਲੇਖੇ ਲਾਈਆ। ਉਤਮ ਹੋਇਆ ਵਿਚ ਜਹਾਨ, ਜਾਗਰਤ ਜੋਤ ਵੱਡੀ ਵਡਿਆਈਆ। ਸੁਣਿਆ ਰਾਗ ਸਾਚੇ ਕਾਨ, ਏਕਾ ਏਕ ਸਿਫ਼ਤ ਸਲਾਹੀਆ। ਅੰਮ੍ਰਿਤ ਮਿਲਿਆ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਹਰਿ ਨਰ ਗੁਰਮੁਖ ਲੇਖੇ ਲਾਏ ਜਨ, ਧੰਨ ਧੰਨ ਧੰਨ ਜਣੇਂਦੀ ਮਾਈਆ। ਪਾਰਬ੍ਰਹਮ ਪੁਰਖ ਸੁਲਤਾਨਾ, ਆਦਿ ਜੁਗਾਦੀ ਏੇਕ ਏਕੰਕਾਰਿਆ। ਖੇਲੇ ਖੇਲ ਦੋ ਜਹਾਨਾ, ਆਪ ਆਪਣੀ ਕਲ ਵਰਤਾ ਰਿਹਾ। ਨਿਰਗੁਣ ਜੋਤੀ ਜੋਤ ਮਹਾਨਾ, ਆਦਿ ਨਿਰੰਜਣ ਡਗਮਗਾ ਰਿਹਾ। ਏਕਾ ਵਸੇ ਸਚ ਮਕਾਨਾ, ਸਚਖੰਡ ਦੁਆਰ ਆਪ ਬਣਾ ਰਿਹਾ। ਲੋਆਂ ਪੁਰੀਆਂ ਖੇਲ ਮਹਾਨਾ, ਸ਼ਬਦ ਸ਼ਬਦੀ ਡੰਕ ਵਜਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਆਪਣੀ ਸੇਵਾ ਆਪ ਲਗਾ ਰਿਹਾ। ਲੱਖ ਚੁਰਾਸੀ ਹੋ ਪਰਧਾਨਾ, ਆਪ ਆਪਣਾ ਸੰਗ ਨਿਭਾ ਰਿਹਾ। ਪੰਜ ਤ੍ਰੈ ਵੇਸ ਵਟਾਨਾ, ਤੱਤਵ ਤੱਤ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰ, ਨਿਰਗੁਣ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪ ਕਰਾ ਰਿਹਾ। ਖੇਲ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਅਬਿਨਾਸ਼ੀ ਕਰਤਾ ਵਸਿਆ ਸਚ ਮਹੱਲਾ, ਬੰਕ ਦੁਵਾਰਾ ਇਕ ਸੁਹਾਇੰਦਾ। ਨੇਹਚਲ ਧਾਮ ਧਾਮ ਅਟੱਲਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਦੀਪਕ ਬਾਤੀ ਜਲਾ, ਜੋਤੀ ਨੂਰ ਡਗਮਗਾਇੰਦਾ। ਆਪਣੀ ਸ਼ਕਤੀ ਆਪੇ ਰਲਾ, ਆਪ ਆਪਣੇ ਰੰਗ ਸਮਾਇੰਦਾ। ਆਪਣਾ ਆਸਣ ਆਪੇ ਮੱਲਾ, ਆਪੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ ਆਪ ਅਖਵਾਇੰਦਾ। ਸਤਿ ਸਰੂਪ ਹਰਿ ਮਿਹਰਵਾਨ, ਏਕਾ ਰੰਗ ਸਮਾਈਆ। ਜੋਤੀ ਜੋਤ ਜੋਤ ਮਹਾਨ, ਨਿਰਗੁਣ ਦਾਤਾ ਬੇਪਰਵਾਹੀਆ। ਸਾਚੇ ਮੰਦਰ ਬੈਠ ਮਕਾਨ, ਆਪ ਆਪਣਾ ਖੇਲ ਖਲਾਈਆ। ਆਪਣਾ ਦੇਵੇ ਧੁਰ ਫ਼ਰਮਾਣ, ਆਪਣਾ ਸ਼ਬਦ ਜਣਾਈਆ। ਸ਼ਬਦ ਦਾਤਾ ਵਡ ਬਲਵਾਨ, ਨਿਰਭੌ ਆਪ ਹੋ ਜਾਈਆ। ਨਿਰਵੈਰ ਖੇਲੇ ਖੇਲ ਮਹਾਨ, ਮੂਰਤ ਅਕਾਲ ਵੱਡੀ ਵਡਿਆਈਆ। ਅਜੂਨੀ ਰਹਿਤ ਨੌਜਵਾਨ, ਨਾ ਮਰੇ ਨਾ ਜਾਈਆ। ਥਿਰ ਘਰ ਵਸੇ ਸ੍ਰੀ ਭਗਵਾਨ, ਬੀਠਲ ਬੀਠਲੋ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਉਂ ਨਿਰੰਕਾਰਾ ਆਪ ਅਖਵਾਈਆ। ਨਾਉਂ ਨਿਰੰਕਾਰ ਨਿਰਗੁਣ ਧਾਰ, ਹਰਿ ਆਪਣੀ ਆਪ ਉਪਾਇੰਦਾ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਇੰਦਾ। ਆਪੇ ਕਰੇ ਮੰਗਲਾ ਚਾਰ, ਰਾਗ ਅਨਾਦੀ ਆਪੇ ਗਾਇੰਦਾ। ਆਪੇ ਵਸੇ ਧੂਆਂਧਾਰ, ਸੁਨ ਸਮਾਧ ਆਪ ਹੋ ਜਾਇੰਦਾ। ਆਪੇ ਆਸਣ ਸਿੰਘਾਸਣ ਕਰ ਜੋਤ ਉਜਿਆਰ, ਸ਼ਾਹੋ ਸ਼ਾਬਾਸ਼ ਆਪ ਅਖਵਾਇੰਦਾ। ਆਪੇ ਪਾਵੇ ਰਾਸਣ ਆਪਣੇ ਦਵਾਰ, ਮੰਡਲ ਮੰਡਪ ਆਪ ਉਪਾਇੰਦਾ। ਆਪੇ ਰਵ ਸਸ ਕਰੇ ਉਜਿਆਰ, ਜੋਤੀ ਜੋਤ ਜਗਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਆਪਣੀ ਆਸ ਕਰਾਇੰਦਾ। ਆਪੇ ਤ੍ਰੈਗੁਣ ਮਾਇਆ ਭਰ ਭੰਡਾਰ, ਲੱਖ ਚੁਰਾਸੀ ਰਚਨ ਰਚਾਇੰਦਾ। ਆਪੇ ਪੰਜ ਤੱਤ ਕਰ ਪਿਆਰ, ਆਪ ਆਪਣੀ ਵੰਡ ਵੰਡਾਇੰਦਾ। ਆਪੇ ਸਰਗੁਣ ਮੇਲਾ ਅਪਰ ਅਪਾਰ, ਨਿਰਗੁਣ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਰ ਸਹਾਰਾ, ਆਪੇ ਵੇਖੇ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਵੇਖਣਹਾਰ ਪੁਰਖ ਸਮਰਥ, ਏਕਾ ਏਕ ਏਕੰਕਾਰਿਆ। ਆਦਿ ਜੁਗਾਦਿ ਚਲਾਏ ਰਥ, ਜੁਗ ਜੁਗ ਖੇਲ ਅਪਾਰਿਆ। ਸ਼ਬਦ ਡੋਰੀ ਪਾਏ ਨੱਥ, ਲੋਆਂ ਪੁਰੀਆਂ ਆਪ ਬੰਧਾ ਰਿਹਾ। ਬ੍ਰਹਿਮੰਡ ਖੰਡ ਦੇਵੇ ਵਥ, ਸ਼ਬਦ ਜੈਕਾਰਾ ਏਕਾ ਲਾ ਰਿਹਾ। ਵਸਣਹਾਰਾ ਘਟ ਘਟ, ਅੰਤਰ ਰੂਪ ਵਟਾ ਲਿਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਨਾਦ ਅਨਾਦੀ ਨਾਦ ਵਜਾ ਲਿਆ। ਸ਼ਬਦ ਅਨਾਦੀ ਸਾਚਾ ਨਾਦ, ਹਰਿ ਹਰਿ ਆਪ ਵਜਾਇੰਦਾ। ਆਪ ਸੁਣਾਏ ਬ੍ਰਹਮ ਬ੍ਰਹਿਮਾਦ, ਆਪਣਾ ਢੋਲਾ ਆਪੇ ਗਾਇੰਦਾ। ਆਪ ਆਪਣਾ ਰਖਿਆ ਯਾਦ, ਆਪੇ ਭੇਵ ਖੁਲ੍ਹਾਇੰਦਾ। ਆਪੇ ਰੂਪ ਮੋਹਣੀ ਮਾਧਵ ਮਾਧ, ਆਪ ਆਪਣਾ ਵੇਸ ਵਟਾਇੰਦਾ। ਆਪਣਾ ਘਰ ਆਪੇ ਲਾਧ, ਆਪੇ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਏਕਾ ਏਕ ਅਖਵਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਵਰਤਾਈਆ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਡੇਰਾ ਲਾਈਆ। ਮਾਨਸ ਮਾਨੁੱਖ ਕਰ ਤਿਆਰ, ਆਪਣੀ ਰਚਨ ਰਚਾਈਆ। ਨੌ ਦਰ ਖੋਲ੍ਹੇ ਜਗਤ ਕਿਵਾੜ, ਸਾਚੀ ਰਚਨ ਰਚਾਈਆ। ਘਰ ਵਿਚ ਘਰ ਕਰ ਤਿਆਰ, ਆਪੇ ਬੈਠਾ ਆਸਣ ਲਾਈਆ। ਜੋਤੀ ਨੂਰ ਨੂਰ ਉਜਿਆਰ, ਦਿਵਸ ਰੈਣ ਡਗਮਗਾਈਆ। ਨਾਦ ਨਾਦ ਸ਼ਬਦ ਧੁਨਕਾਰ, ਅਨਹਦ ਸਾਚਾ ਤਾਲ ਵਜਾਈਆ। ਸਰ ਸਰੋਵਰ ਅੰਮ੍ਰਿਤ ਧਾਰ, ਕਾਇਆ ਮੰਦਰ ਆਪ ਰਖਾਈਆ। ਆਤਮ ਸੇਜਾ ਮੀਤ ਮੁਰਾਰ, ਨਿਰਗੁਣ ਸਰਗੁਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲ ਖਲਾਈਆ। ਲੱਖ ਚੁਰਾਸੀ ਖੇਲ ਖਲਾਇਆ, ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ, ਆਪਣਾ ਹੁਕਮ ਸੁਣਾਇੰਦਾ। ਸੰਸਾਰੀ ਭੰਡਾਰੀ ਨਾਉਂ ਧਰਾਇਆ, ਲਾਏ ਦੀਬਾਣ ਆਪ ਜਣਾਇੰਦਾ। ਆਪਣਾ ਭੇਵ ਨਾ ਕਿਸੇ ਜਣਾਇਆ, ਭੇਵ ਅਭੇਦ ਭੇਵ ਛੁਪਾਇੰਦਾ। ਜੁਗਾ ਜੁਗੰਤਰ ਖੇਲ ਖਲਾਇਆ, ਜੁਗ ਕਰਤਾ ਆਪ ਅਖਵਾਇੰਦਾ। ਆਪਣਾ ਸ਼ਬਦ ਰਾਗ ਅਲਾਇਆ, ਚਾਰੇ ਵੇਦ ਉਪਜਾਇੰਦਾ। ਚਾਰੇ ਖਾਣੀ ਵੰਡ ਵੰਡਾਇਆ, ਉਤਭੁਜ ਸੇਹਤਜ ਜੇਰਜ ਅੰਡ ਆਪੇ ਡੇਰਾ ਲਾਇੰਦਾ। ਸ਼ਬਦ ਅਗੰਮੀ ਮੇਲ ਮਿਲਾਇਆ, ਬ੍ਰਹਿਮੰਡੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਪਰਵਰਦਿਗਾਰ, ਏਕਾ ਨੂਰ ਇਲਾਹੀਆ। ਏਕਾ ਵਸੇ ਧਾਮ ਨਿਆਰ, ਦਿਸ ਕਿਸੇ ਨਾ ਆਈਆ। ਮੁਕਾਮੇ ਹੱਕ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਏਕਾ ਰਾਮ ਰਾਮ ਰਹਿਮਾਨ ਏਕਾ ਏਕ ਏਕੰਕਾਰਿਆ। ਏਕਾ ਗੁਣੀ ਗੁਣ ਗ਼ੈਨ, ਗਾਵਤ ਗਾਵਤ ਭੇਵ ਕੋਈ ਨਾ ਪਾ ਰਿਹਾ। ਏਕਾ ਮੁਖ ਖੋਲ੍ਹੇ ਐਨ, ਅਲਫ਼ ਡੰਡਾ ਮੀਮ ਨੁਕਤਾ ਗ਼ੈਨ ਨਾ ਕੋਈ ਰਲਾ ਲਿਆ। ਆਪੇ ਜਾਣੇ ਆਪਣੀ ਕਲਿਆਣ, ਤਾਲਬ ਤਲਬ ਆਪ ਬਣਾ ਲਿਆ। ਆਪਣੇ ਮੰਦਰ ਆਪੇ ਬਹਿ ਬਹਿ ਚੀਨਾ, ਆਪਣਾ ਕਲਮਾ ਆਪ ਪੜ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾ ਲਿਆ। ਰਾਮ ਨਾਮਾ ਹੋ ਉਜਿਆਰ, ਆਪਣਾ ਡੰਕ ਵਜਾਈਆ। ਖੇਲੇ ਖੇਲ ਪੁਰਖ ਕਰਤਾਰ, ਕਰਨੀ ਕਰਤਾ ਕਿਰਤ ਕਮਾਈਆ। ਜੋਤ ਜਗਾਏ ਵਿਚ ਸੰਸਾਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਕਰੇ ਇਕ ਪਿਆਰ, ਆਤਮ ਬ੍ਰਹਮ ਜਣਾਈਆ। ਮੇਟ ਮਿਟਾਏ ਅੰਧ ਅੰਧਿਆਰ, ਸਵਛ ਸਰੂਪੀ ਦਰਸ ਦਖਾਈਆ। ਕਮਲਾਪਾਤੀ ਮੀਤ ਮੁਰਾਰ, ਦੀਵਾ ਬਾਤੀ ਇਕ ਰਖਾਈਆ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰਾ ਇਕ ਚਲਾਈਆ। ਖੁਲ੍ਹੇ ਕਵਲ ਹੋਏ ਉਜਿਆਰ, ਉਲਟੀ ਨਾਭੀ ਆਪ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਦਰਵੇਸ ਨਰੇਸ਼ ਆਪਣਾ ਆਪ ਵਟਾਈਆ। ਦਰ ਦਰਵੇਸ ਇਕ ਇਕੱਲਾ, ਆਦਿ ਜੁਗਾਦਿ ਸਮਾਇਆ। ਸਚ ਸਿੰਘਾਸਣ ਏਕਾ ਮੱਲਾ, ਥਿਰ ਘਰ ਡੇਰਾ ਲਾਇਆ। ਲੋਕਮਾਤ ਆਵੇ ਕਰ ਵਲ ਛਲਾ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਖੇਲੇ ਖੇਲ ਹਰਿ ਹਰਿ ਮੀਤ, ਅਚਰਜ ਰੀਤ ਚਲਾਈਆ। ਜੀਵਾਂ ਜੰਤਾਂ ਪਰਖੇ ਨੀਤ, ਨਿਝ ਘਰ ਬੈਠਾ ਆਸਣ ਲਾਈਆ। ਜਨ ਭਗਤਾਂ ਦੱਸੇ ਸਚ ਪ੍ਰੀਤ, ਆਤਮ ਅੰਤਰ ਇਕ ਲਿਵ ਲਾਈਆ। ਰਾਗ ਸੁਣਾਏ ਸੁਹਾਗੀ ਗੀਤ, ਅੱਖਰ ਵੱਖਰ ਕਰੇ ਪੜ੍ਹਾਈਆ। ਮਨ ਮਨੂਆ ਮਨ ਲਏ ਜੀਤ, ਮਤ ਮਤਵਾਲੀ ਨਾ ਦਏ ਦੁਹਾਈਆ । ਬੁੱਧ ਬਿਬੇਕ ਠੰਡੀ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਆਪੇ ਵਸੇ ਹਰਿਜਨ ਚੀਤ, ਆਪਣਾ ਨਾਮ ਆਪ ਜਪਾਈਆ। ਆਪ ਸੁਹਾਏ ਕਾਇਆ ਮੰਦਰ ਦੇਹੁਰਾ ਸਚ ਮਸੀਤ, ਘਰ ਸਾਚੇ ਆਸਣ ਲਾਈਆ। ਬੈਠਾ ਰਹੇ ਇਕ ਅਤੀਤ, ਨਿਰਗੁਣ ਵਡ ਵੱਡੀ ਵਡਿਆਈਆ। ਏਕਾ ਏਕ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਸਰਬ ਕਲ ਆਪੇ ਸਮਰਥ ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਇਕ ਅਖਵਾਈਆ। ਰਥ ਰਥਵਾਹੀ ਬੇਪਰਵਾਹ, ਆਪਣੀ ਸੇਵ ਕਮਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਵੇਸ ਵਟਾਇੰਦਾ। ਗੁਰ ਪੀਰ ਆਪ ਅਖਵਾ, ਅਵਤਾਰ ਆਪਣਾ ਨਾਉਂ ਧਰਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਸਾਚੇ ਮਾਰਗ ਲਾਇੰਦਾ। ਲੱਖ ਚੁਰਾਸੀ ਕੱਟੇ ਫਾਹ, ਆਵਣ ਜਾਵਣ ਫੰਦ ਕਟਾਇੰਦਾ। ਇਕ ਜਪਾਏ ਸਾਚਾ ਨਾਂ, ਨਾਮ ਨਾਮਾ ਆਪ ਉਪਜਾਇੰਦਾ। ਸਦਾ ਸੁਹੇਲਾ ਪਕੜੇ ਬਾਂਹ, ਸਿਰ ਆਪਣਾ ਹੱਥ ਰਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਸਾਚੀ ਚੋਗ ਨਾਮ ਚੁਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਵਟੰਦੜਾ, ਪਾਰਬ੍ਰਹਮ ਕਰਤਾਰ। ਲੋਕਮਾਤ ਜੋਤ ਜਗੰਦੜਾ, ਪੰਜ ਤੱਤ ਕਰੇ ਪਿਆਰ। ਨਿਰਗੁਣ ਸਰਗੁਣ ਨਾਉਂ ਰਖੰਦੜਾ, ਖੇਲੇ ਖੇਲ ਵਿਚ ਸੰਸਾਰ। ਗੁਰਮੁਖ ਸੱਜਣ ਮੀਤ ਆਪ ਅਖਵੰਦੜਾ, ਦੇਵੇ ਨਾਮ ਸ਼ਬਦ ਅਧਾਰ। ਦੀਵਾ ਬਾਤੀ ਇਕ ਵਖੰਦੜਾ, ਕਮਲਾਪਾਤੀ ਜੋਤ ਉਜਿਆਰ। ਅੰਧੇਰੀ ਰਾਤੀ ਮੇਟ ਮਿਟੰਦੜਾ, ਮੇਲ ਮਿਲਾਵਾ ਏਕੰਕਾਰ। ਲਹਿਣਾ ਦੇਣਾ ਮੂਲ ਚੁਕੰਦੜਾ, ਪੂਰਬ ਲੇਖਾ ਲਏ ਵਿਚਾਰ। ਹਰਿਜਨ ਸਾਚੇ ਪਾਰ ਕਰੰਦੜਾ, ਆਪੇ ਜਾਣੇ ਆਰ ਪਾਰ। ਮੰਝਧਾਰ ਨਾ ਕੋਈ ਰੁੜੰਦੜਾ, ਭਵ ਸਾਗਰ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲਏ ਮਾਤ ਅਵਤਾਰ। ਲੋਕਮਾਤ ਹਰਿ ਅਵਤਾਰਾ, ਹਰਿ ਹਰਿ ਰਚਨ ਰਚਾਈਆ। ਆਪੇ ਖੇਲੇ ਖੇਲ ਅਪਾਰਾ, ਨਿਰਗੁਣ ਵੱਡੀ ਵਡਿਆਈਆ। ਵੇਦ ਕਤੇਬ ਨਾ ਪਾਵਣ ਸਾਰਾ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਨਾਉਂ ਧਰਾਈਆ। ਜੁਗ ਜੁਗ ਆਪਣਾ ਨਾਉਂ ਰੱਖ, ਨਾਮ ਜੈਕਾਰਾ ਏਕਾ ਲਾਇੰਦਾ। ਸਤਿਜੁਗ ਹੋ ਪ੍ਰਤੱਖ, ਏਕਾ ਰੂਪ ਸਮਾਇੰਦਾ। ਤ੍ਰੇਤਾ ਆਪਣਾ ਆਪ ਕੀਆ ਵੱਖ, ਰਾਮ ਰਾਮਾ ਡੰਕ ਵਜਾਇੰਦਾ। ਦੁਆਪਰ ਕ੍ਰਿਸ਼ਨਾ ਅਲੱਖਣਾ ਅਲੱਖ, ਏਕਾ ਅਲਖ ਜਗਾਇੰਦਾ। ਕਾਹਨਾ ਕ੍ਰਿਸ਼ਨਾ ਏਕਾ ਪੱਖ, ਕਿਸਨਾ ਸੁਖਲਾ ਨਾ ਕੋਈ ਵਖਾਇੰਦਾ। ਵਸਣਹਾਰਾ ਘਟ ਘਟ, ਲੋਕਮਾਤ ਖੇਲ ਖਲਾਇੰਦਾ। ਕਲਜੁਗ ਅੰਤਮ ਲਾਏ ਸੱਟ, ਡੰਕ ਨਗਾਰਾ ਇਕ ਵਜਾਇੰਦਾ। ਆਪੇ ਪ੍ਰਗਟ ਹੋਏ ਖੇਲ ਬਾਜੀਗਰ ਨਟ, ਈਸਾ ਮੂਸਾ ਨਾਉਂ ਧਰਾਇੰਦਾ। ਆਪੇ ਆਪਣਾ ਕਲਮਾ ਰਿਹਾ ਰਟ, ਚਾਰ ਯਾਰ ਸੰਗ ਮੁਹੰਮਦ ਨਾਤਾ ਜੋੜ ਜੁੜਾਇੰਦਾ। ਆਪੇ ਜੋਤੀ ਨੂਰ ਲਟ ਲਟ, ਨਾਨਕ ਕਾਇਆ ਡੇਰਾ ਲਾਇੰਦਾ। ਆਪੇ ਖੋਲ੍ਹੇ ਚੌਦਾਂ ਹੱਟ, ਚੌਦਾਂ ਤਬਕਾਂ ਵੇਖ ਵਖਾਇੰਦਾ। ਆਪੇ ਬੋਲੇ ਨਾਮ ਸਤਿ, ਸਤਿ ਨਾਮ ਸਤਿ ਆਪ ਹੋ ਜਾਇੰਦਾ। ਆਪੇ ਪੰਚਮ ਬੀਜੇ ਆਪਣੇ ਵਤ, ਆਪੇ ਫਲ ਫੁੱਲ ਲਗਾਇੰਦਾ। ਆਪੇ ਪਾਣੀ ਦੇਵੇ ਝੱਟ, ਆਪਣੀ ਸੇਵਾ ਆਪ ਲਗਾਇੰਦਾ। ਆਪੇ ਗੋਬਿੰਦ ਜੋਧਾ ਸੂਰਾ ਹੋਏ ਸਮਰਥ, ਸਰਬ ਕਲ ਆਪ ਅਖਵਾਇੰਦਾ। ਆਪੇ ਆਪਣੀ ਹਾੜੀ ਲਏ ਕੱਟ, ਦੂਸਰ ਕੋਇ ਨਾ ਸੰਗ ਰਲਾਇੰਦਾ। ਕਲਜੁਗ ਖੇਲੇ ਖੇਲ ਬਾਜ਼ੀਗਰ ਨਟ, ਕੂੜੀ ਰਾਸ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਹਰਿ ਹਰਿ ਵੇਸ, ਆਪਣਾ ਆਪ ਵਟਾਈਆ। ਭੇਵ ਨਾ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕੋਟਨ ਕੋਟ ਦਰ ਬੈਠੇ ਸੀਸ ਝੁਕਾਈਆ। ਲਿਖ ਲਿਖ ਥੱਕਾ ਚਾਰੇ ਵੇਦ, ਵੇਦ ਵਿਆਸਾ ਭੇਵ ਨਾ ਰਾਈਆ। ਪੁਰਾਨ ਅਠਾਰਾਂ ਕਰਨ ਆਦੇਸ, ਸ਼ਾਸਤਰ ਸਿਮਰਤ ਰਹੇ ਗਾਈਆ। ਗੀਤਾ ਗਿਆਨ ਆਪੇ ਵੇਖ, ਆਪਣਾ ਗੁਣ ਆਪ ਜਣਾਈਆ। ਅੰਜੀਲ ਕੁਰਾਨਾ ਲਿਖੀ ਰੇਖ, ਹੰਸਾ ਬੰਸਾ ਕਰੇ ਪੜ੍ਹਾਈਆ। ਖਾਣੀ ਬਾਣੀ ਇਕ ਅਦੇਸ, ਨੀਚੋ ਨੀਚ ਸੀਸ ਝੁਕਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਿਸੇ ਦੀ ਚਲੇ ਨਾ ਕੋਈ ਪੇਸ਼, ਆਪ ਉਪਾਏ ਆਪੇ ਲਏ ਮਿਟਾਈਆ। ਜੁਗਾ ਜੁਗੰਤਰ ਖੇਲੇ ਖੇਲ ਹਮੇਸ਼, ਖੇਲਣਹਾਰਾ ਆਪ ਅਖਵਾਈਆ। ਸਚਖੰਡ ਦੁਵਾਰੇ ਵਸਿਆ ਨਰ ਨਰੇਸ਼, ਹੁਕਮੀ ਹੁਕਮ ਸਰਬ ਭੁਵਾਈਆ। ਆਪੇ ਨਾਨਕ ਨਿਰਗੁਣ ਮੋਢੇ ਧਰੇ ਖੂੰਡੀ ਭੂਰੀ ਖੇਸ, ਆਪਣਾ ਮੁਖ ਛੁਪਾਈਆ। ਆਪੇ ਦਾਤਾ ਜੋਧਾ ਦਸ ਦਸਮੇਸ਼, ਆਪ ਆਪਣਾ ਭੇਟ ਚੜਾਈਆ। ਪੁਰਖ ਅਕਾਲ ਰਿਹਾ ਵੇਖ, ਭੁੱਲ ਰਹੇ ਨਾ ਰਾਈਆ। ਜਾਨਣਹਾਰਾ ਰਿਖੀ ਕੇਸ, ਕਵਣ ਗਵਰਧਨ ਰਿਹਾ ਉਠਾਈਆ। ਏਕਾ ਜਾਣੇ ਮੁੱਛ ਦਾੜ੍ਹੀ ਕੇਸ, ਮੂੰਡ ਮੁੰਡਾਏ ਭੇਵ ਨਾ ਰਾਈਆ। ਲੱਖ ਚੁਰਾਸੀ ਲਿਖਿਆ ਲੇਖ, ਹਰਿ ਕਾ ਲੇਖਾ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਅਗੰਮੜੀ ਕਾਰ ਹਰਿ ਕਰਾਏ, ਕਰਨ ਕਰਾਵਣਹਾਰਾ। ਨਾ ਕੋਈ ਦੂਸਰ ਸੰਗ ਰਲਾਏ, ਖੇਲੇ ਖੇਲ ਪੁਰਖ ਨਿਰੰਕਾਰਾ। ਤਿੰਨਾਂ ਲੋਕਾਂ ਡੇਰਾ ਢਾਹੇ, ਚੌਥੇ ਘਰ ਵਸੇ ਸਚ ਘਰ ਬਾਰਾ। ਚੌਦਾਂ ਹੱਟਾਂ ਭੇਵ ਖੁਲ੍ਹਾਏ, ਚੌਦਾਂ ਤਬਕਾਂ ਮਾਰੇ ਮਾਰਾਂ। ਬ੍ਰਹਮਾ ਵੇਤਾ ਰੋ ਰੋ ਨੀਰ ਵਹਾਏ, ਕਲਜੁਗ ਅੰਤਮ ਰੋਵੇ ਜ਼ਾਰੋ ਜ਼ਾਰਾ। ਸ਼ੰਕਰ ਨਿਉਂ ਨਿਉਂ ਸੀਸ ਝੁਕਾਏ, ਗਲ ਪਾਈ ਕੰਠ ਮਾਲਾ। ਵਿਸ਼ਨੂੰ ਵੇਸ ਆਪ ਵਟਾਏ, ਆਪੇ ਖੇਲੇ ਖੇਲ ਨਿਰਾਲਾ। ਪਾਰਬ੍ਰਹਮ ਪ੍ਰਭ ਭੇਵ ਨਾ ਰਾਏ, ਜਗਤ ਵਿਦਿਆ ਹੋਏ ਬੇਹਾਲਾ। ਚੌਦਾਂ ਵਿਦਿਆ ਦਿਸ ਨਾ ਆਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬ੍ਰਹਿਮੰਡ, ਆਪਣੀ ਪਾਏ ਆਪੇ ਵੰਡ, ਵਰਭੰਡੀ ਖੋਜ ਖੁਜਾਈਆ। ਵਰਭੰਡੀ ਹਰਿ ਖੋਜਣਹਾਰਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਬ੍ਰਹਿਮੰਡੀ ਦੇਵਣਹਾਰ ਸਹਾਰਾ, ਜੇਰਜ ਅੰਡੀ ਡੇਰਾ ਲਾਇੰਦਾ। ਤੋੜੇ ਗੰਢਾਂ ਤੋੜਣਹਾਰਾ, ਗੜ੍ਹ ਹੰਕਾਰ ਰਹਿਣ ਨਾ ਪਾਇੰਦਾ। ਤੇਜ ਪ੍ਰਚੰਡੀ ਤੇਜ ਕਟਾਰਾ, ਨਾਮ ਖੰਡਾ ਹੱਥ ਉਠਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰਾ, ਗੁਰ ਸ਼ਬਦੀ ਨਾਉਂ ਧਰਾਇੰਦਾ। ਦਹਿ ਦਿਸ਼ਾ ਚਾਰ ਕੁੰਟ ਪਾਵੇ ਸਾਰਾ, ਗਗਨ ਗਗਨੰਤਰ ਵੇਖ ਵਖਾਇੰਦਾ। ਸੱਤਾਂ ਦੀਪਾਂ ਹੋ ਉਜਿਆਰਾ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਆਪਣਾ ਧੱਕਾ ਆਪੇ ਲਾਇੰਦਾ। ਧਰਤ ਮਾਤ ਕਰੇ ਪੁਕਾਰਾ, ਅੰਤਰ ਰੋ ਰੋ ਨੀਰ ਵਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ, ਕਲਜੁਗ ਅੰਤਮ ਲੈ ਅਵਤਾਰਾ, ਆਪ ਆਪਣਾ ਨਾਉਂ ਧਰਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਨਾਉਂ ਖ਼ੁਦਾਈ ਪਰਵਰਦਿਗਾਰ, ਅਕਲ ਕਲਾ ਅਖਵਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਬੇਐਬ ਰੂਪ ਵਟਾਈਆ। ਨਬੀ ਰਸੂਲਾਂ ਕਰੇ ਵਿਚਾਰ, ਕੁਤਬ ਗੌਂਸ ਸ਼ੇਖ਼ ਮੁਸਾਇਕ ਪੀਰ ਦਸਤਗੀਰ ਵੇਖ ਵਖਾਈਆ। ਖੇਲੇ ਖੇਲ ਗੁਪਤ ਜ਼ਾਹਿਰ, ਅੰਦਰ ਬਾਹਰ ਵੱਡੀ ਵਡਿਆਈਆ। ਧਰਤ ਧਵਲ ਨਾ ਚੁੱਕੇ ਭਾਰ, ਪਾਪਾਂ ਦੱਬੀ ਰਹੀ ਕੁਰਲਾਈਆ। ਸਾਧ ਸੰਤ ਰਹੇ ਪੁਕਾਰ, ਆਤਮ ਅੰਤਰ ਇਕ ਲਿਵ ਲਾਈਆ। ਕਲਜੁਗ ਜੀਵ ਹੋਏ ਵਿਭਚਾਰ, ਨਾਤਾ ਤੁਟਾ ਭੈਣਾਂ ਭਾਈਆ। ਨਾ ਕੋਈ ਨਾਰ ਕੰਤ ਭਤਾਰ, ਸੁਹਾਗ ਕੰਤ ਨਾ ਕੋਈ ਹੰਢਾਈਆ। ਮਾਤ ਪਿਤ ਨਾ ਕੋਈ ਪਿਆਰ, ਪਿਤਾ ਪੂਤ ਨਾ ਕੋਈ ਵਡਿਆਈਆ। ਸਾਕ ਸੱਜਣ ਨਾ ਮੀਤ ਮੁਰਾਰ, ਝੂਠੇ ਧੰਦੇ ਰਹੇ ਝੂਠੇ ਬੰਧਨ ਪਾਈਆ। ਕੋਈ ਨਾ ਗਾਵੇ ਹਰਿ ਨਿਰੰਕਾਰ, ਹਿਰਦੇ ਹਰਿ ਨਾ ਕੋਈ ਵਸਾਈਆ। ਸਾਧ ਸੰਤ ਕਰਨ ਪਰਚਾਰ, ਧੀਆਂ ਭੈਣਾਂ ਰਹੇ ਤਕਾਈਆ। ਤਟ ਤੀਰਥ ਹੋਏ ਖ਼ਵਾਰ, ਪੁਰਸ਼ ਨਾਰੀ ਨੰਗੇ ਰਹੇ ਤਾਰੀਆਂ ਲਾਈਆ। ਕਿਸੇ ਨਾ ਮਿਲਿਆ ਹਰਿ ਕਾ ਦੁਵਾਰ, ਹਰਿ ਕੀ ਪੌੜੀ ਨਾ ਕੋਈ ਚੜ੍ਹਾਈਆ। ਫਿਰ ਫਿਰ ਥੱਕੇ ਨੌ ਦੁਵਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮਿਲਿਆ ਮੇਲ ਨਾ ਮੀਤ ਮੁਰਾਰ, ਆਸਾ ਤ੍ਰਿਸ਼ਨਾ ਨਾ ਕੋਈ ਚੁਕਾਈਆ। ਕਾਇਆ ਤੁਟਾ ਨਾ ਗੜ੍ਹ ਹੰਕਾਰ, ਮਨ ਕਾ ਮਣਕਾ ਨਾ ਕੋਈ ਫਿਰਾਈਆ। ਸੁਰਤ ਸੁਵਾਣੀ ਨਾ ਕਰੇ ਪਿਆਰ, ਗੁਰ ਸ਼ਬਦ ਨਾ ਜੋੜ ਜੁੜਾਈਆ। ਸਾਚੇ ਮੰਦਰ ਅੰਧ ਅੰਧਿਆਰ, ਦੀਵਾ ਬੱਤੀ ਨਾ ਕੋਈ ਟਿਕਾਈਆ। ਭਰਮੇ ਭੁੱਲਾ ਭਰਮ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਕਲਜੁਗ ਜੋਧਾ ਵਡ ਬਲਕਾਰ, ਆਪਣੀ ਕਰਨੀ ਰਿਹਾ ਕਰਾਈਆ। ਚਾਰੋਂ ਕੁੰਟ ਕਰੇ ਖੁਵਾਰ, ਧੀਰਜ ਧੀਰ ਨਾ ਕੋਈ ਧਰਾਈਆ। ਸਤਿ ਸੰਤੋਖ ਗਏ ਹਾਰ, ਜਤ ਲੰਗੋਟ ਨਾ ਕੋਈ ਬੰਧਾਈਆ। ਖ਼ਾਕੀ ਖ਼ਾਕ ਹੋਇਆ ਸੰਸਾਰ, ਸਾਚੀ ਖ਼ਾਕ ਨਾ ਤਨ ਰਮਾਈਆ। ਜਟਾ ਜੂਟ ਵੇਖ ਪਸਾਰ, ਝੂਠਾ ਬੰਧਨ ਗਲ ਵਿਚ ਪਾਈਆ। ਗੁਰਮੁਖ ਵਿਰਲਾ ਕਰੇ ਵਿਚਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਦਰਸ ਦਖਾਏ ਅਗੰਮ ਅਪਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਨਾਤਾ ਤੁਟੇ ਸਰਬ ਸੰਸਾਰ, ਸਗਲਾ ਸੰਗ ਤਜਾਈਆ। ਪੁਰਖ ਅਬਿਨਾਸ਼ੀ ਕੰਤ ਭਤਾਰ, ਮਿਲੇ ਮੇਲ ਸਾਚੇ ਮਾਹੀਆ। ਨਾਰ ਸੁਹਾਗਣ ਸੋਹੇ ਬੰਕ ਦੁਵਾਰ, ਗੁਰਮੁਖ ਸਾਚੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਆਪਣਾ ਨਾਉਂ ਰਖਾਈਆ। ਨਿਹਕਲੰਕ ਪੁਰਖ ਸੁਲਤਾਨਾ, ਏਕਾ ਏਕ ਅਖਵਾਇੰਦਾ। ਜੁਗਾ ਜੁਗੰਤਰ ਖੇਲ ਮਹਾਨਾ, ਜੁਗ ਜੁਗ ਵੇਸ ਵਟਾਇੰਦਾ। ਸ਼ਬਦ ਅਨਾਦੀ ਰਾਗ ਤਰਾਨਾ, ਏਕਾ ਰਾਗ ਅਲਾਇੰਦਾ। ਜਨ ਭਗਤਾਂ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਸਤਿ ਸਰੂਪੀ ਬੱਧਾ ਗਾਨਾ, ਸਾਚਾ ਸਗਨ ਮਨਾਇੰਦਾ। ਚਰਨ ਧੂੜ ਕਰਾਏ ਸੱਚਾ ਇਸ਼ਨਾਨਾ, ਦੁਰਮਤ ਮੈਲ ਧੁਵਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਸਾਚਾ ਜਲ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲ ਕਲਕੀ ਆਪ ਅਖਵਾਇੰਦਾ। ਕਲ ਕਲਕੀ ਹਰਿ ਧਾਰ ਅਵੱਲੀ, ਆਪਣੀ ਆਪ ਚਲਾਈਆ। ਨਿਰਗੁਣ ਜੋਤ ਇਕ ਇਕੱਲੀ, ਅਕਾਲ ਪੁਰਖ ਵਡ ਵਡਿਆਈਆ। ਲੋਕਮਾਤ ਹੋਕਾ ਦੇਵੇ ਗਲੀਓ ਗਲੀ, ਮਨਮੁੱਖ ਕੋਇ ਉਠ ਨਾ ਜਾਈਆ। ਖੇਲੇ ਖੇਲ ਵਲ ਛਲੀ, ਅਛਲ ਅਛੱਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਅੰਮ੍ਰਿਤ ਫਲੀ, ਗੁਰਮੁਖਾਂ ਚੋਗ ਚੁਗਾਈਆ। ਗੁਰਮੁਖ ਚੁਗਾਏ ਸਾਚੀ ਚੋਗ, ਆਤਮ ਰਸ ਜਣਾਇੰਦਾ। ਆਤਮ ਸੇਜਾ ਸਾਚਾ ਭੋਗ, ਸਾਚਾ ਦਰ ਸੁਹਾਇੰਦਾ। ਜਗਤ ਵਿਛੋੜਾ ਕੱਟੇ ਵਿਜੋਗ, ਬਿ੍ਰਹੋਂ ਰੋਗ ਮਿਟਾਇੰਦਾ। ਦਰ ਘਰ ਮੇਲਾ ਸਤਿ ਸੰਜੋਗ, ਸਗਲਾ ਸੰਗ ਨਿਭਾਇੰਦਾ। ਦਰਸ ਦਿਖਾਏ ਹਰਿ ਅਮੋਘ, ਸਵੱਛ ਸਰੂਪ ਰੂਪ ਵਿਟਾਇੰਦਾ। ਚਰਨ ਪ੍ਰੀਤੀ ਸਾਚਾ ਜੋਗ, ਸਾਚਾ ਮਾਰਗ ਏਕਾ ਲਾਇੰਦਾ। ਸੋਹੰ ਸ਼ਬਦ ਸਚ ਸਲੋਕ, ਸਤਿਜੁਗ ਸਾਚਾ ਰਾਹ ਵਖਾਇੰਦਾ। ਕਲਜੁਗ ਲਹਿਣਾ ਦੇਣਾ ਚੁੱਕੇ ਚੌਦਾਂ ਲੋਕ, ਪੂਰਬ ਲਹਿਣਾ ਝੋਲੀ ਪਾਇੰਦਾ। ਲੱਖ ਚੁਰਾਸੀ ਦੇਵੇ ਝੋਕ, ਤ੍ਰੈਗੁਣ ਅਗਨੀ ਮੱਠ ਤਪਾਇੰਦਾ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੱਜਣ ਲਏ ਵਰ, ਆਪ ਆਪਣਾ ਜੋੜ ਜੁੜਾਇੰਦਾ। ਗੁਰਮੁਖਾਂ ਗੁਰ ਨਾਤਾ ਜੋੜ, ਗੁਰ ਸ਼ਬਦੀ ਸ਼ਬਦ ਸਮਾਈਆ। ਕਲਜੁਗ ਅੰਤਮ ਆਇਆ ਵਾਗਾਂ ਮੋੜ, ਗੁਰ ਗੋਬਿੰਦ ਵਡ ਵਡਿਆਈਆ। ਸਰਸੇ ਲੱਗੀ ਨਿਭੇ ਤੋੜ, ਨਾ ਕੋਈ ਤੋੜੇ ਤੋੜ ਤੁੜਾਈਆ। ਸ਼ਾਹ ਸਵਾਰਾ ਚੜ੍ਹਿਆ ਨੀਲੇ ਘੋੜ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਗੁਰਮੁਖਾਂ ਅੰਤਮ ਜਾਏ ਬੌਹੜ, ਆਪ ਆਪਣਾ ਰੂਪ ਵਟਾਈਆ। ਦੋ ਜਹਾਨਾਂ ਲਾਏ ਏਕਾ ਪੌੜ, ਅੱਧਵਿਚਕਾਰ ਡੰਡਾ ਨਾ ਕੋਈ ਲਗਾਈਆ। ਜਗਤ ਤ੍ਰਿਸ਼ਨਾ ਮੇਟੇ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਗੁਰਮੁਖ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਸ਼ਬਦ ਵਜਾਈਆ। ਡੰਕਾ ਸ਼ਬਦ ਨਿਸ਼ਾਨ, ਹਰਿ ਵਜਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਭੇਵ ਕੋਈ ਨਾ ਆਇੰਦਾ। ਦੋ ਜਹਾਨਾਂ ਪਾਵੇ ਆਣ, ਹੁਕਮ ਸੁਣਾਇੰਦਾ। ਸਤਿਗੁਰ ਪੂਰਾ ਹੋ ਮਿਹਰਵਾਨ, ਬਣਤ ਬਣਾਇੰਦਾ। ਲੋਕਮਾਤ ਵੇਖੇ ਮਾਰ ਧਿਆਨ, ਗੁਰਮੁਖ ਉਠਾਇੰਦਾ। ਮਨਮੁਖ ਨਾ ਸਕੇ ਕੋਈ ਪਛਾਣ, ਮਾਇਆ ਪਰਦਾ ਪਾਇੰਦਾ। ਸਰਬ ਜੀਆਂ ਦਾ ਜਾਣੀ ਜਾਣ, ਆਪ ਆਪਣਾ ਮੁਖ ਛੁਪਾਇੰਦਾ। ਕਲਜੁਗ ਮੇਟੇ ਝੂਠ ਮਕਾਨ, ਸਤਿਜੁਗ ਸਾਚਾ ਮਾਰਗ ਲਾਇੰਦਾ। ਸੰਤ ਸੁਹੇਲੇ ਕਰ ਪਰਵਾਨ, ਗੁਰ ਚੇਲੇ ਮੇਲ ਮਿਲਾਇੰਦਾ। ਵੇਦ ਪੁਰਾਨ ਅੰਜੀਲ ਕੁਰਾਨੀ ਖਾਣੀ ਬਾਣੀ ਸਾਰੇ ਗਾਣ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਭਗਤ ਵਛਲ ਗੁਣ ਨਿਧਾਨ, ਗੁਣਵੰਤਾ ਨਾਉਂ ਰਖਾਇੰਦਾ। ਗੁਰਸਿਖਾਂ ਵਖਾਏ ਪਦ ਨਿਰਬਾਨ, ਪਰਮਾਨੰਦ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤ ਸੰਦੇਸ਼, ਲੋਕਮਾਤ ਆਪ ਸੁਣਾਇੰਦਾ। ਅੰਤ ਸੰਦੇਸਾ ਕਲਜੁਗ ਧਾਰ, ਹਰਿ ਸਤਿਗੁਰ ਆਪ ਸੁਣਾਈਆ। ਕੂੜੀ ਕਿਰਿਆ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ। ਕਲਜੁਗ ਕਾਇਆ ਤੋੜੇ ਗੜ੍ਹ ਹੰਕਾਰ, ਹਉਮੇ ਗੜ੍ਹ ਰਹਿਣ ਨਾ ਪਾਈਆ। ਬੀਸ ਬੀਸਾ ਹਰਿ ਜਗਦੀਸ਼ਾ ਹੋਇਆ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਇਕ ਹਦੀਸ ਪੜ੍ਹਾਏ ਸਰਬ ਸੰਸਾਰ, ਕਲਮਾ ਕਾਇਨਾਤ ਆਪ ਜਣਾਈਆ। ਵਾਹਿਗੁਰੂ ਅੱਲਾ ਏਕਾ ਧਾਰ, ਰਾਮ ਕ੍ਰਿਸ਼ਨ ਕਰੇ ਪੜ੍ਹਾਈਆ। ਬਰਨਾਂ ਵਰਨਾਂ ਕਰ ਖ਼ਵਾਰ, ਸਾਚੀ ਸਰਨ ਇਕ ਤਕਾਈਆ। ਪੁਰਖ ਅਕਾਲ ਮੀਤ ਮੁਰਾਰ, ਦੂਸਰ ਹੋਏ ਨਾ ਕੋਈ ਸਹਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚੀ ਸਿਖਿਆ ਇਕ ਸਮਝਾਈਆ। ਚਾਰ ਵਰਨਾਂ ਇਕ ਪਿਆਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਏਕਾ ਨਾਮ ਸ਼ਬਦ ਜੈਕਾਰ, ਏਕਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਕ ਇਕ ਵਜਾਈਆ।
