Granth 08 Likhat 159: 7 Bhadron 2016 Bikarmi Baldev Singh de Ghar Pind Mahl Jila Amritsar

੭ ਭਾਦਰੋਂ ੨੦੧੬ ਬਿਕਰਮੀ ਬਲਦੇਵ ਸਿੰਘ ਦੇ ਘਰ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਗੁਰਮੁਖਾਂ ਦੇਵੇ ਅਨਮੋਲ, ਵਸਤ ਆਪਣੇ ਹੱਥ ਰਖਾਈਆ। ਗੁਰਮੁਖ ਸਾਚੇ ਕੰਡੇ ਦੇਵੇ ਤੋਲ, ਏਕਾ ਤੋਲਾ ਹਰਿ ਰਘੁਰਾਈਆ। ਸੰਤਾਂ ਵਸੇ ਸਦਾ ਕੋਲ, ਘਰ ਘਰ ਵਿਚ ਮੇਲ ਮਿਲਾਈਆ। ਭਗਤਾਂ ਅੰਦਰ ਆਪੇ ਬੋਲ, ਨਾਮ ਜੈਕਾਰਾ ਇਕ ਸੁਣਾਈਆ। ਸਚ ਦਰਵਾਜਾ ਸਾਚਾ ਖੋਲ੍ਹ, ਸਾਚੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਭਗਤੀ ਹਰਿ ਹਰਿ ਜਾਣਿਆ, ਏਕਾ ਏਕ ਏਕੰਕਾਰ। ਹਰਿ ਸੰਤ ਰੂਪ ਪਛਾਣਿਆ, ਨਿਰਗੁਣ ਨੂਰ ਜੋਤ ਨਿਰਾਧਾਰ। ਗੁਰਮੁਖ ਸਾਚੇ ਮਿਲੇ ਮਾਣਿਆ, ਮੇਲ ਮਿਲਾਵਾ ਕੰਤ ਭਤਾਰ। ਗੁਰਮੁਖ ਚਲੇ ਸਾਚੇ ਭਾਣਿਆ, ਸਾਚਾ ਹੁਕਮ ਸੱਚੀ ਸਰਕਾਰ। ਜਗਤ ਵਿਚੋਲਾ ਸ੍ਰੀ ਭਗਵਾਨਿਆ, ਆਦਿ ਜੁਗਾਦੀ ਕਰੇ ਕਾਰ। ਨਾਮ ਵਿਚੋਲਾ ਦੋ ਜਹਾਨਿਆ, ਆਪ ਬਣਾਏ ਸੱਚਾ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਕਰੇ ਵਿਚਾਰ। ਗੁਰਮੁਖ ਚਰਨ ਗੁਰ ਜੋੜਿਆ, ਕਰ ਕਿਰਪਾ ਦੇਵੇ ਦਾਤ। ਗੁਰਮੁਖ ਚੜ੍ਹੇ ਸਾਚੇ ਘੋੜਿਆ, ਮਿਟੇ ਰੈਣ ਅੰਧੇਰੀ ਰਾਤ। ਸਤਿ ਲਗਾਏ ਸਾਚਾ ਪੌੜਿਆ, ਉਚ ਮਹੱਲ ਮਾਰ ਝਾਤ। ਜਨ ਭਗਤਾਂ ਆਪੇ ਬੌਹੜਿਆ, ਲੇਖਾ ਲਿਖੇ ਬਿਨ ਕਲਮ ਦਵਾਤ। ਲੱਖ ਚੁਰਾਸੀ ਵੇਖਣਹਾਰਾ ਮਿੱਠਾ ਕੌੜਿਆ, ਜੁਗਾ ਜੁਗੰਤਰ ਲਹਿਣਾ ਦੇਣ ਚੁਕਾਏ ਮਸਤਕ ਮਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸਰਬ ਕਲਾ ਸਮਰਾਥ। ਭਗਤ ਵਛਲ ਹਰਿ ਹਰਿ ਮੀਤਾ, ਏਕਾ ਰੰਗ ਸਮਾਇਆ। ਸੰਤਨ ਮੇਲਾ ਧਾਮ ਅਨਡੀਠਾ, ਅੰਮ੍ਰਿਤ ਜਲ ਪਿਆਇਆ। ਗੁਰਸਿਖ ਕਾਇਆ ਠੰਡਾ ਸੀਤਾ, ਸਾਂਤਕ ਸਤਿ ਆਪ ਵਰਤਾਇਆ। ਜੁਗਾ ਜੁਗੰਤਰ ਆਪਣੀ ਰੀਤਾ, ਹਰਿ ਆਪੇ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਗੁਰਮੁਖ ਮੀਤ ਸਾਚਾ ਸੱਜਣ, ਗੁਰ ਸਤਿਗੁਰ ਆਪ ਤਰਾਇੰਦਾ। ਗੁਰਮੁਖਾਂ ਕਰਾਏ ਸਾਚਾ ਮਜਨ, ਚਰਨ ਧੂੜੀ ਮਸਤਕ ਟਿੱਕਾ ਆਪ ਲਗਾਇੰਦਾ। ਸੰਤ ਸੁਹੇਲਾ ਸੰਤਨ ਹੋਏ ਪਰਦੇ ਕੱਜਣ, ਨਾਮ ਦੋਸ਼ਾਲਾ ਉਪਰ ਪਾਇੰਦਾ। ਭਗਤ ਭਗਵੰਤ ਏਕਾ ਧਾਮ ਬਹਿ ਬਹਿ ਸਜਣ, ਘਰ ਸਾਚਾ ਇਕ ਸੁਹਾਇੰਦਾ। ਆਦਿ ਜੁਗਾਦੀ ਆਪੇ ਰੱਖਣਹਾਰਾ ਲੱਜਣ, ਆਪ ਆਪਣੀ ਸੇਵ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਆਪ ਅਖਵਾਇੰਦਾ। ਭਗਤ ਵਛਲ ਗਿਰਵਰ ਗਿਰਧਾਰਾ, ਕਵਲ ਨੈਣ ਅਖਵਾਈਆ। ਸੰਤਨ ਕਰੇ ਸਚ ਪਿਆਰਾ, ਸਾਖਯਾਤ ਦਰਸ ਵਖਾਈਆ। ਗੁਰਮੁਖਾਂ ਦੇਵੇ ਨਾਮ ਭੰਡਾਰਾ, ਰਾਮ ਨਾਮ ਆਪਣੇ ਹੱਟ ਵਿਕਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਪੰਚਮ ਧਾੜਾ ਮੇਟ ਮਿਟਾਈਆ। ਸਾਚੀ ਸਖੀਆਂ ਗਾਵਣ ਮੰਗਲਚਾਰਾ, ਘਰ ਸਾਚੇ ਵੱਜੇ ਵਧਾਈਆ। ਖੇਲੇ ਖੇਲ ਪੁਰਖ ਕਰਤਾਰਾ, ਏਕ ਏਕੰਕਾਰਾ ਆਪਣੀ ਕਲ ਵਰਤਾਈਆ। ਆਦਿ ਨਿਰੰਜਣ ਭੇਵ ਨਿਆਰਾ, ਆਦਿ ਸ਼ਕਤ ਵੱਡੀ ਵਡਿਆਈਆ। ਨਿਰਗੁਣ ਨੂਰ ਸਿਰਜਣਹਾਰਾ, ਪਾਰਬ੍ਰਹਮ ਅਖਵਾਈਆ। ਸਚਖੰਡ ਸੁਹਾਏ ਬੰਕ ਦੁਵਾਰਾ, ਥਿਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਭਗਤਨ ਹਰਿ ਰੰਗ ਰਤਿਆ, ਰੰਗੇ ਰੰਗ ਅਪਾਰ। ਸੰਤਨ ਦੇਵੇ ਸਾਚੀ ਸਤਿਆ, ਸਤਿਨਾਮ ਅਧਾਰ। ਗੁਰਮੁਖਾਂ ਪੰਚ ਵਿਕਾਰਾ ਕਰੇ ਹੱਤਿਆ, ਖੜਗ ਖੰਡਾ ਦੇਵੇ ਮਾਰ। ਗੁਰਮੁਖ ਚਰਨ ਬੰਧਾਏ ਨਤਿਆ, ਨਾਤਾ ਤੋੜ ਸਰਬ ਸੰਸਾਰ। ਆਪ ਸੁਣਾਏ ਸਾਚੀ ਗਾਥਿਆ, ਕਲਜੁਗ ਤੇਰੀ ਅੰਤਮ ਵਾਰ। ਸਰਬ ਕਲਾ ਆਪੇ ਸਮਰੱਥਿਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਜਨ ਭਗਤਾਂ ਮਾਰਗ ਸਾਚਾ ਦੱਸਿਆ, ਸੋਹੰ ਸ਼ਬਦ ਨਾਮ ਜੈਕਾਰ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥਿਆ, ਭਵ ਸਾਗਰ ਲਾਏ ਪਾਰ। ਜੋ ਜਨ ਸਰਨਾਈ ਆਏ ਢੱਠਿਆ, ਰਾਏ ਧਰਮ ਨਾ ਕਰੇ ਖੁਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵੰਤ ਸੰਤ ਕੰਤ ਗੁਰਮੁਖਾਂ ਬਣਾਏ ਬਣਤ, ਗੁਰਮੁਖ ਉਪਜਾਏ ਵਿਚ ਜੀਵ ਜੰਤ, ਜੀਆਂ ਦਾਤਾ ਆਪ ਅਖਵਾਈਆ। ਜੀ ਦਾਤਾ ਹਰਿ ਭਗਵਾਨ, ਗੁਰਮੁਖ ਮੇਲ ਮਿਲੰਨਿਆ। ਗੁਰਮੁਖਾਂ ਮਾਤ ਕਰੇ ਪਛਾਣ, ਦੇਵੇ ਨਾਮ ਸੱਚਾ ਧਨ ਧੰਨਿਆ। ਸੰਤਨ ਰਾਗ ਸੁਣਾਏ ਕਾਨ, ਧੁਨ ਅਨਾਦੀ ਇਕ ਵਖੰਨਿਆ। ਭਗਤਨ ਭਗਤੀ ਕਰ ਪਰਵਾਨ, ਆਪ ਚੜ੍ਹਾਏ ਸਾਚਾ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪਣਾ ਵੇਸ ਨਰ ਨਰੇਸ਼ ਦਰ ਦਰਵੇਸ, ਖੇਲੇ ਖੇਲ ਦੋ ਜਹਾਨਿਆ। ਦੋ ਜਹਾਨਾਂ ਖੇਲ ਅਗੰਮ, ਭੇਵ ਅਭੇਦ ਛੁਪਾਇਆ। ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਸਾਚੇ ਮਾਰਗ ਆਪੇ ਲਾਇਆ। ਗੁਰਮੁਖਾਂ ਲੇਖੇ ਲਾਏ ਤਨ, ਪੰਜ ਤੱਤ ਨਾਤਾ ਤੋੜ ਤੁੜਾਇਆ। ਸੰਤਨ ਕਹੇ ਧੰਨ ਧੰਨ, ਧੰਨ ਧੰਨ ਜਣੇਂਦੀ ਮਾਇਆ। ਜਗਤ ਦੁਵਾਰੇ ਜਾਏ ਮੰਨ, ਆਪ ਆਪਣਾ ਬਿਰਧ ਰਖਾਇਆ। ਕਲਜੁਗ ਅੰਤਮ ਸ੍ਰੀ ਭਗਵਾਨ, ਭਾਰਤ ਖੰਡ ਕਰਾਇਆ। ਲੱਖ ਚੁਰਾਸੀ ਦੇਵੇ ਡੰਨ, ਜੋ ਘੜਿਆ ਸੋ ਭੰਨ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਾਣ ਤਾਣ ਭਗਤ ਭਗਵਾਨ ਸੰਤ ਨਿਧਾਨ ਗੁਰਮੁਖ ਪਛਾਣ, ਗੁਰਸਿਖ ਵਖਾਣ ਕਰਮ ਧਰਮ ਜਨਮ ਮਰਨ ਹਰਨ ਫਰਨ ਨੇਤਰ ਫੋਰ ਅੰਧ ਘੋਰ ਪੰਚ ਚੋਰ ਸ਼ਬਦ ਡੋਰ ਚੜ੍ਹ ਘੋੜ ਦਏ ਹੋੜ, ਲੋਆਂ ਪੁਰੀਆਂ ਦੌੜ, ਸਚਖੰਡ ਲਾਇਆ ਏਕਾ ਪੌੜ, ਗੁਰਮੁਖਾਂ ਦਏ ਬਿਠਾਇਆ। ਗੁਰਸਿਖ ਗੁਰਮੁਖ ਆ, ਹਰਿ ਸਤਿਗੁਰ ਆਪ ਮਿਲਾਇੰਦਾ। ਸੰਤ ਭਗਵੰਤ ਗਲਵਕੜੀ ਪਾ, ਆਪਣਾ ਆਪ ਬੁਝਾਇੰਦਾ। ਨਾਮ ਤੱਕੜੀ ਤੋਲ ਤੁਲਾ, ਸੋ ਪੁਰਖ ਨਿਰੰਜਣ ਏਕੰਕਾਰਾ ਆਪਣੀ ਧਾਰ ਉਠਾਇੰਦਾ। ਆਪਣਾ ਵਾਕ ਆਪੇ ਦਏ ਸੁਣਾ, ਸੋਹੰ ਬੋਲਾ ਬੋਲ ਬੁਲਾਇੰਦਾ। ਸੋ ਪੁਰਖ ਨਿਰੰਜਣ ਤੋਲਾ ਆਪ ਅਖਵਾ, ਹੰ ਬ੍ਰਹਮ ਮੁਲ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਪਰਦਾ ਉਹਲਾ ਦਿਤਾ ਚੁਕਾ, ਰੂਪ ਅਨਮੁਲਾ ਆਪ ਦਰਸਾਇੰਦਾ। ਗੁਰਸਿਖ ਗੁਰਸਿਖ ਆ ਸੁੱਤ ਦੁਲਾਰੇ, ਸਤਿਗੁਰ ਪੂਰਾ ਰਾਹ ਤਕਾਈਆ। ਸੰਤਨ ਜਾਏ ਬਲ ਬਲਿਹਾਰੇ, ਬਲਿਹਾਰੀ ਬਲਿਹਾਰ ਆਪ ਹੋ ਜਾਈਆ। ਭਗਤਨ ਮੰਗੇ ਮੰਗ ਦੁਵਾਰੇ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਬਣ ਭਿਖਾਰੇ, ਘਰ ਘਰ ਅਲੱਖ ਜਗਾਈਆ। ਗੁਰਸਿਖਾਂ ਵਸਦੇ ਰਹਿਣ ਦੁਵਾਰੇ, ਜਗਤ ਨਿਸ਼ਾਨ ਆਪ ਝੁਲਾਈਆ। ਗੁਰਮੁਖ ਚੜ੍ਹੇ ਉਚ ਮੁਨਾਰੇ, ਸਚਖੰਡ ਦੁਵਾਰੇ ਸੋਭਾ ਪਾਈਆ। ਸੰਤਨ ਪਾਇਆ ਪੁਰਖ ਕਰਤਾਰੇ, ਨਿਹਕਲੰਕਾ ਮਿਲਿਆ ਸਾਚਾ ਮਾਹੀਆ। ਭਗਤਨ ਕਰਿਆ ਇਕ ਸ਼ਿੰਗਾਰੇ, ਨੇਤਰ ਨੈਣਾਂ ਨਾਮ ਕੱਜਲ ਧਾਰ ਬੰਧਾਈਆ। ਸੀਸ ਗੁੰਦਾਇਆ ਪਹਿਲੀ ਵਾਰੇ, ਆਪਣੀ ਮੇਂਢੀ ਆਪ ਵਖਾਈਆ। ਚਾਰ ਜੁਗ ਬਣੇ ਕਹਾਰੇ, ਰਹੇ ਭਾਰ ਉਠਾਈਆ। ਪੁਰਖ ਅਬਿਨਾਸ਼ੀ ਵਾਜਾਂ ਮਾਰੇ, ਘਰ ਬੈਠਾ ਬੇਪਰਵਾਹੀਆ। ਸੰਤ ਮੇਰੇ ਸੁੱਤ ਦੁਲਾਰੇ, ਜਿਉਂ ਗੋਬਿੰਦ ਮੇਲਾ ਚਾਈਂ ਚਾਈਂਆ। ਕਲਜੁਗ ਅੰਤਮ ਖੜਾ ਕਿਨਾਰੇ, ਪ੍ਰਭ ਦੇਵੇ ਧੱਕਾ ਲਾਈਆ। ਗੁਰਸਿਖਾਂ ਉਤੋਂ ਆਪਣਾ ਆਪ ਪਹਿਲਾ ਵਾਰੇ, ਹਰਿ ਸੰਗਤ ਫੇਰ ਬਣਾਈਆ। ਲੋਕਮਾਤ ਖਿੜੀ ਗੁਲਜ਼ਾਰੇ, ਜੁਗ ਜੁਗ ਰੱਖੇ ਬੂਟੇ ਕਲਜੁਗ ਅੰਤਮ ਧਰਤ ਧਵਲ ਦਏ ਟਿਕਾਈਆ। ਸਤਿਗੁਰ ਘਰ ਬਸੰਤ ਖਿੜੀ ਸੱਚੀ ਗੁਲਜ਼ਾਰੇ, ਹਰਿ ਸੰਗਤ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆਂ ਦਾਨ, ਗੁਰਮੁਖਾਂ ਸਗਲੀ ਚਿੰਤ ਆਪ ਨਿਵਾਰੇ। ਗੁਰਮੁਖਾਂ ਕੱਟੇ ਹਉਮੇ ਰੋਗ, ਹਰਿ ਸਤਿਗੁਰ ਦਇਆ ਕਮਾਈਆ। ਗੁਰਮੁਖਾਂ ਦੇਵੇ ਸਾਚਾ ਜੋਗ, ਏਕਾ ਰਸਨਾ ਨਾਮ ਜਣਾਈਆ। ਸੰਤਨ ਦੇਵੇ ਸਤਿ ਸੰਤੋਖ, ਸਤਿ ਸਤਿਵਾਦੀ ਵੱਡੀ ਵਡਿਆਈਆ। ਭਗਤਨ ਮੀਤਾ ਦਰਸ ਅਮੋਘ, ਆਪ ਆਪਣਾ ਆਪ ਦਰਸਾਈਆ। ਜੁਗਾ ਜੁਗੰਤਰ ਸਚ ਸਲੋਕ, ਧੁਰ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੇਅੰਤ ਬੇਅੰਤ ਆਪ ਅਖਵਾਈਆ। ਭਗਤਨ ਮੇਲਾ ਸਚ ਦੁਵਾਰ, ਹਰਿ ਸਾਚਾ ਆਪ ਕਰਾਇੰਦਾ। ਸੰਤਨ ਸੋਹੇ ਜਗਤ ਦੁਵਾਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਗੁਰਮੁਖਾਂ ਦੇਵੇ ਦਰਸ ਅਪਾਰ, ਨੇਤਰ ਨੈਣਾਂ ਦਰਸ ਦਖਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਵੇਖ ਵਖਾਇੰਦਾ। ਵੇਖਣਹਾਰ ਪੁਰਖ ਸਮਰਥ, ਗੁਣ ਅਵਗੁਣ ਨਾ ਕੋਈ ਜਣਾਇੰਦਾ। ਗੁਰਸਿਖ ਸਾਚੇ ਲਏ ਰੱਖ, ਰੱਖਣਹਾਰਾ ਦਇਆ ਕਮਾਇੰਦਾ। ਗੁਰਮੁਖਾਂ ਸਗਲ ਵਸੂਰੇ ਜਾਇਣ ਲੱਥ, ਨਿਝ ਨੇਤਰ ਦਰਸ ਵਖਾਇੰਦਾ। ਸੰਤਨ ਵਸੇ ਘਟ ਘਟ, ਘਟ ਮੰਦਰ ਡੇਰਾ ਲਾਇੰਦਾ। ਭਗਤਨ ਵਖਾਏ ਸਾਚਾ ਹੱਟ, ਨਾਮ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਅਗੰਮ ਬੇਪਰਵਾਹ ਆਪ ਅਖਵਾਇੰਦਾ। ਬੇਪਰਵਾਹ ਹਰਿ ਨਿਰੰਕਾਰ, ਭਗਤਨ ਸੰਗ ਨਿਭਾਈਆ। ਸੰਤਨ ਸੋਹੇ ਬੰਕ ਦੁਵਾਰ, ਘਰ ਸਾਚੇ ਵੱਜੀ ਵਧਾਈਆ। ਗੁਰਸਿਖ ਮੰਗਣ ਮੰਗ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਗੁਰਸਿਖਾਂ ਗੁਰ ਦੇਵਣਹਾਰ, ਗੁਰ ਸ਼ਬਦੀ ਵੰਡ ਵੰਡਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਘਰ ਸਾਚਾ ਵੇਖ ਵਖਾਈਆ। ਲੇਖਾ ਜਾਣੇ ਧੁਰ ਕਰਤਾਰ, ਧੁਰ ਦੀ ਬਾਣ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਣ ਨਿਧਾਨ ਵਡ ਵਡਿਆਈਆ। ਗੁਣਵੰਤਾ ਹਰਿ ਗੁਣ ਨਿਧਾਨ, ਗਹਿਰ ਗੰਭੀਰ ਸਮਾਇੰਦਾ। ਗੁਰਮੁਖਾਂ ਦੇਵੇ ਸਾਚਾ ਦਾਨ, ਗੁਰਮੁਖਾਂ ਚਰਨ ਧੂੜ ਅਸ਼ਨਾਨ ਕਰਾਇੰਦਾ। ਸੰਤ ਵਖਾਏ ਸਚ ਨਿਸ਼ਾਨ, ਘਰ ਸਾਚੇ ਆਸਣ ਲਾਇੰਦਾ। ਭਗਤਨ ਮੀਤਾ ਇਕ ਭਗਵਾਨ, ਨਿਤ ਨਵਿਤ ਵੇਸ ਵਟਾਇੰਦਾ। ਜਾਗਰਤ ਜੋਤ ਖੇਲ ਮਹਾਨ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਭੈ ਆਪਣਾ ਨਾਉਂ ਧਰਾਇੰਦਾ। ਨਿਰਭੈ ਰੂਪ ਸੱਚੀ ਸਰਕਾਰ, ਸਤਿ ਪੁਰਖ ਨਿਰੰਜਣ ਵੱਡੀ ਵਡਿਆਈਆ। ਭਗਤ ਵਛਲ ਜਗ ਪਾਵੇ ਸਾਰ, ਆਪ ਆਪਣਾ ਵੇਸ ਵਟਾਈਆ। ਸੰਤਨ ਘਰ ਬੋਲ ਜੈਕਾਰ, ਸ਼ਬਦ ਅਗੰਮੀ ਆਪ ਸੁਣਾਈਆ। ਗੁਰਮੁਖ ਸਾਚੇ ਦਏ ਹੁਲਾਰ, ਨਾਮ ਹੁਲਾਰਾ ਇਕ ਲਗਾਈਆ। ਗੁਰਮੁਖਾਂ ਨੇਤਰ ਦਏ ਉਘਾੜ, ਆਪ ਆਪਣੀ ਅੱਖ ਖੁਲ੍ਹਾਈਆ। ਦਰ ਘਰ ਸਾਚੇ ਦੇਵੇ ਵਾੜ, ਨਾਤਾ ਤੋੜੇ ਜਗਤ ਲੋਕਾਈਆ। ਘਾੜਣ ਘੜੇ ਗੁਰ ਕਰਤਾਰ, ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਕੁਲਵੰਤਾ ਹਰਿ ਭਗਵਾਨ, ਭਗਤਨ ਸੰਗ ਨਿਭਾਇੰਦਾ। ਜੁਗਾ ਜੁਗੰਤਾ ਖੇਲ ਮਹਾਨ, ਹਰਿ ਸੰਤਨ ਜੋਤ ਜਗਾਇੰਦਾ। ਆਦਿਨ ਅੰਤਾ ਗੋਪੀ ਕਾਹਨ, ਗੁਰਮੁਖ ਮੰਡਲ ਮਾਇਆ ਰਾਸ ਰਚਾਇੰਦਾ। ਗੁਰਸਿਖ ਵੇਖੇ ਕਰ ਧਿਆਨ, ਦਰ ਸਾਚਾ ਇਕ ਸੁਹਾਇੰਦਾ । ਪਾਰਬ੍ਰਹਮ ਬ੍ਰਹਮ ਕਰ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇੰਦਾ। ਖੇਲੇ ਖੇਲ ਹਰਿ ਭਗਵੰਤ, ਭਗਤ ਭਾਵਨੀ ਪੂਰ ਕਰਾਈਆ। ਲੇਖਾ ਜਾਣੇ ਸਾਚੇ ਸੰਤ, ਸਤਿ ਸਰੂਪੀ ਨਾਉਂ ਧਰਾਈਆ। ਗੁਰਮੁਖਾਂ ਬਣਾਏ ਸਾਚੀ ਬਣਤ, ਸਾਚੀ ਦੇਵੇ ਨਾਮ ਵਡਿਆਈਆ। ਗੁਰਸਿਖ ਮੇਲਾ ਹਰਿ ਹਰਿ ਕੰਤ, ਜਗਤ ਵਿਛੋੜਾ ਫੰਦ ਕਟਾਈਆ। ਸਚ ਸੁਹਾਵਨੀ ਰੁੱਤ ਬਸੰਤ, ਰੁੱਤ ਰੁਤੜੀ ਆਪ ਸੁਹਾਈਆ। ਘਰ ਮੰਦਰ ਹਰਿ ਸੋਭਾਵੰਤ, ਘਰ ਸਖੀਆਂ ਮੰਗਲ ਗਾਈਆ। ਘਰ ਮੇਲਾ ਘਰ ਚੇਲਾ ਘਰ ਗੁਰੂ ਭਗਵੰਤ, ਘਰ ਤਾਲ ਤਲਵਾੜਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਵਖਾਈਆ। ਸਾਚਾ ਦਰ ਗ਼ਰੀਬ ਨਿਵਾਜ਼, ਆਪਣਾ ਆਪ ਸੁਹਾਇੰਦਾ। ਗੁਰਮੁਖਾਂ ਮਾਰੇ ਇਕ ਅਵਾਜ਼, ਸੋਏ ਮਾਤ ਉਠਾਇੰਦਾ। ਗੁਰਮੁਖਾਂ ਦੇਵੇ ਸਾਚਾ ਤਾਜ, ਸੀਸ ਸੇਹਰਾ ਨਾਮ ਬੰਧਾਇੰਦਾ। ਸੰਤਨ ਰੱਖਣਹਾਰਾ ਲਾਜ, ਜੋਤੀ ਨੂਰ ਡਗਮਗਾਇੰਦਾ। ਭਗਤਨ ਪੂਰਾ ਕਰੇ ਕਾਜ, ਕਰਨੀ ਕਰਤਾ ਆਪ ਅਖਵਾਇੰਦਾ। ਕਲਜੁਗ ਅੰਤਮ ਪ੍ਰਗਟ ਹੋਇਆ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾਇੰਦਾ। ਜੁਗਾ ਜੁਗੰਤਰ ਰੱਖਣਹਾਰਾ ਲਾਜ, ਆਪ ਆਪਣਾ ਬਿਰਧ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰਾ ਆ ਗਿਆ, ਕਲ ਕਲਕੀ ਲੈ ਅਵਤਾਰ। ਗੁਰਮੁਖ ਸੋਏ ਆਪ ਉਠਾ ਗਿਆ, ਨਿਰਗੁਣ ਜੋਤ ਕਰ ਉਜਿਆਰ । ਗੁਰਮੁਖ ਸਾਜਣ ਮੇਲ ਮਿਲਾ ਗਿਆ, ਤਨ ਕਰ ਕਰ ਸ਼ਬਦ ਸ਼ਿੰਗਾਰ। ਸੰਤ ਸੁਹੇਲੇ ਰੰਗ ਰੰਗਾ ਗਿਆ, ਰੰਗ ਮਜੀਠੀ ਆਪਣਾ ਚਾੜ੍ਹ। ਭਗਤ ਭਗਵੰਤ ਕੋਲ ਬਹਾ ਗਿਆ, ਆਪ ਸੁਹਾਇਆ ਸਾਚਾ ਲਾੜ। ਆਪਣੀ ਸੇਵਾ ਆਪ ਕਮਾ ਗਿਆ, ਗੁਰਮੁਖਾਂ ਗਿਰਦ ਕਰੇ ਸਾਚੀ ਵਾੜ। ਕਲਜੁਗ ਰਾਖਾ ਹੋਕੇ ਦੇ ਸੁਣਾ ਰਿਹਾ, ਤ੍ਰੈਗੁਣ ਲੱਗੀ ਮਾਤ ਆਗ। ਹੰਸਾ ਕਾਗ ਬਣਾ ਗਿਆ, ਕਾਗੋਂ ਹੰਸ ਦੇਵੇ ਸਾਜ। ਜੋ ਜਨ ਸਰਨਾਈ ਆ ਗਿਆ, ਲੋਕਮਾਤ ਰੱਖੇ ਲਾਜ, ਏਕਾ ਅਲਫ਼ੀ ਗਲ ਵਿਚ ਪਾ ਗਿਆ, ਸੀਸ ਧਰਿਆ ਸੋਹੰ ਤਾਜ। ਦੋ ਜਹਾਨਾਂ ਪੰਧ ਮੁਕਾ ਗਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਾਜਣ ਸਾਜ। ਸੱਜਣ ਸੱਚਾ ਬੋਲਿਆ, ਘਰ ਘਰ ਸ਼ਬਦ ਜੈਕਾਰ। ਆਦਿ ਜੁਗਾਦਿ ਕਦੇ ਨਾ ਡੋਲਿਆ, ਪਾਰਬ੍ਰਹਮ ਹਰਿ ਕਰਤਾਰ। ਗੁਰਮੁਖ ਆਪਣੇ ਕੰਡੇ ਤੋਲਿਆ, ਫੜ ਹੱਥ ਸੱਚੀ ਸਰਕਾਰ। ਜੋ ਜਨ ਚਰਨ ਪ੍ਰੀਤੀ ਘੋਲ ਘੋਲਿਆ, ਲੇਖਾ ਲੇਖੇ ਲਾਏ ਵਿਚ ਸੰਸਾਰ। ਕਲਜੁਗ ਖੇਲਣ ਆਇਆ ਹੋਲਿਆ, ਸ੍ਰਿਸ਼ਟ ਸਬਾਈ ਹੌਲਾ ਕਰੇ ਭਾਰ। ਗੁਰਮੁਖਾਂ ਅੰਦਰ ਆਪੇ ਬੋਲਿਆ, ਦਿਵਸ ਰੈਣ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਅ ਜੰਤ ਜਗਤ ਜੁਗਤ ਕਰੇ ਕਰਾਏ ਸਚ ਵਿਹਾਰ।